ਗੁਇਲੇਨ ਬੈਰੇ ਸਿੰਡਰੋਮ: ਜਾਣੋ ਇਹ ਦੁਰਲੱਭ ਬਿਮਾਰੀ ਕਿਵੇਂ ਹੁੰਦੀ ਹੈ ਅਤੇ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ

ਗੁਇਲੇਨ ਬੈਰੇ ਸਿੰਡਰੋਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੁਇਲੇਨ ਬੈਰੇ ਸਿੰਡਰੋਮ ਇੱਕ ਅਜਿਹੀ ਦੁਰਲੱਭ ਬਿਮਾਰੀ ਹੈ, ਜਿਸ ਵਿੱਚ ਇਮਿਊਨ ਸਿਸਟਮ ਸਰੀਰ 'ਤੇ ਹੀ ਹਮਲਾ ਕਰਨ ਲੱਗਦਾ ਹੈ

ਮਹਾਰਾਸ਼ਟਰ ਵਿੱਚ ਇੱਕ ਦੁਰਲੱਭ ਬਿਮਾਰੀ ਗੁਇਲੇਨ ਬੈਰੇ ਸਿੰਡਰੋਮ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।

ਸੂਬੇ 'ਚ ਹੁਣ ਤੱਕ ਇਸ ਨਾਲ ਪੀੜਿਤ ਕੁੱਲ 73 ਮਰੀਜ਼ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 70 ਇਕੱਲੇ ਪੁਣੇ ਜ਼ਿਲ੍ਹੇ ਵਿੱਚ ਹਨ, ਜਦਕਿ 3 ਮਰੀਜ਼ ਹੋਰ ਜ਼ਿਲ੍ਹਿਆਂ ਵਿੱਚ ਹਨ। ਇਹ ਜਾਣਕਾਰੀ ਮਹਾਰਾਸ਼ਟਰ ਦੇ ਜਨ ਸਿਹਤ ਵਿਭਾਗ ਨੇ ਦਿੱਤੀ ਹੈ।

ਸਿਹਤ ਵਿਭਾਗ ਨੇ ਇਹ ਵੀ ਦੱਸਿਆ ਹੈ ਕਿ ਇਨ੍ਹਾਂ ਵਿੱਚੋਂ 14 ਮਰੀਜ਼ ਵੈਂਟੀਲੇਟਰਾਂ 'ਤੇ ਹਨ।

ਸਿਹਤ ਵਿਭਾਗ ਨੇ ਸਿੰਡਰੋਮ ਦੇ ਲੱਛਣਾਂ ਅਤੇ ਦੇਖਭਾਲ ਬਾਰੇ ਕੀ ਦੱਸਿਆ?

ਮਹਾਰਾਸ਼ਟਰ ਦੇ ਜਨ ਸਿਹਤ ਵਿਭਾਗ ਨੇ ਇਸ ਬਾਰੇ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਬਿਮਾਰੀ ਦੇ ਕੀ ਲੱਛਣ ਹਨ ਅਤੇ ਲੋਕਾਂ ਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।

ਇਸ ਦੇ ਦੱਸੇ ਗਏ ਤਿੰਨ ਲੱਛਣ ਹਨ -

  • ਲੱਤਾਂ ਜਾਂ ਬਾਹਾਂ ਵਿੱਚ ਅਚਾਨਕ ਕਮਜ਼ੋਰੀ/ਅਧਰੰਗ
  • ਅਚਾਨਕ ਤੁਰਨ ਵਿੱਚ ਮੁਸ਼ਕਲ/ਕਮਜ਼ੋਰੀ
  • ਦਸਤ (ਕਈ ਦਿਨਾਂ ਤੱਕ ਰਹਿਣ ਵਾਲੇ)
ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸਿਹਤ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਲੋਕਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪੀਣ ਵਾਲਾ ਪਾਣੀ ਦੂਸ਼ਿਤ ਨਾ ਹੋਵੇ, ਅਤੇ ਇਸ ਲਈ ਪਾਣੀ ਨੂੰ ਉਬਾਲ ਕੇ ਪੀਣਾ ਚਾਹੀਦਾ ਹੈ।

ਇਸ ਤੋਂ ਇਲਾਵਾ, ਭੋਜਨ ਨੂੰ ਸਾਫ਼ ਅਤੇ ਤਾਜ਼ਾ ਰੱਖਣਾ, ਨਿੱਜੀ ਸਫਾਈ 'ਤੇ ਧਿਆਨ ਦੇਣਾ ਅਤੇ ਪੱਕੇ ਤੇ ਕੱਚੇ ਭੋਜਨ ਨੂੰ ਇਕੱਠੇ ਨਾ ਰੱਖਣਾ ਵੀ ਇਨਫੈਕਸ਼ਨ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ।

ਆਓ, ਹੁਣ ਆਪਾਂ ਗੁਇਲੇਨ ਬੈਰੇ ਸਿੰਡਰੋਮ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਸਮਝਦੇ ਹਾਂ ਕਿ ਅਸਲ ਵਿੱਚ ਇਹ ਸਿੰਡਰੋਮ ਹੈ ਕੀ...

ਜਦੋਂ ਕੋਈ ਬਿਮਾਰੀ ਸਾਡੇ ਸਰੀਰ 'ਤੇ ਹਮਲਾ ਕਰਦੀ ਹੈ, ਤਾਂ ਸਾਡਾ ਇਮਿਊਨ ਸਿਸਟਮ (ਸਰੀਰਕ ਰੱਖਿਆ ਤੰਤਰ) ਸਰੀਰ ਦਾ ਬਚਾਅ ਕਰਦਾ ਹੈ। ਪਰ ਗੁਇਲੇਨ ਬੈਰੇ ਸਿੰਡਰੋਮ ਇੱਕ ਅਜਿਹੀ ਦੁਰਲੱਭ ਬਿਮਾਰੀ ਹੈ, ਜਿਸ ਵਿੱਚ ਇਮਿਊਨ ਸਿਸਟਮ ਸਰੀਰ 'ਤੇ ਹੀ ਹਮਲਾ ਕਰਨ ਲੱਗਦਾ ਹੈ।

ਗੁਇਲੇਨ ਬੈਰੇ ਸਿੰਡਰੋਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਬਿਮਾਰੀ ਬਹੁਤ ਦੁਰਲੱਭ ਹੈ ਅਤੇ ਲਗਭਗ 78,000 ਲੋਕਾਂ ਵਿੱਚੋਂ ਇੱਕ ਨੂੰ ਇਹ ਸਿੰਡਰੋਮ ਹੁੰਦਾ ਹੈ

ਗੁਇਲੇਨ ਬੈਰੇ ਸਿੰਡਰੋਮ ਦਾ ਨਾਮ ਕਿਵੇਂ ਪਿਆ

1961 ਵਿੱਚ, ਯੂਰਪ ਵਿੱਚ ਸੋਮੇ ਦੀ ਲੜਾਈ ਦੌਰਾਨ ਦੋ ਸਿਪਾਹੀ ਅਧਰੰਗ ਦਾ ਸ਼ਿਕਾਰ ਹੋ ਗਏ ਸਨ।

ਉਸ ਸਮੇਂ ਦੇ ਤਿੰਨ ਫਰਾਂਸੀਸੀ ਫੌਜੀ ਨਿਊਰੋਲੋਜਿਸਟਾਂ, ਗਯੋਨ, ਬੈਰੇ ਅਤੇ ਸਟ੍ਰੋਹਲ, ਨੇ ਸਿੱਟਾ ਕੱਢਿਆ ਕਿ ਅਜਿਹਾ ਇੱਕ ਖਾਸ ਕਾਰਨ ਕਰਕੇ ਹੋਇਆ ਸੀ।

ਇਸ ਬਿਮਾਰੀ ਨੂੰ ਹੁਣ ਗੁਇਲੇਨ ਬੈਰੇ ਸਿੰਡਰੋਮ (ਜੀਬੀਐਸ) ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ-

ਗੁਇਲੇਨ ਬੈਰੇ ਸਿੰਡਰੋਮ ਦਾ ਕਾਰਨ ਕੀ ਹੈ?

ਇਹ ਬਿਮਾਰੀ ਬਹੁਤ ਦੁਰਲੱਭ ਹੈ। ਲਗਭਗ 78,000 ਲੋਕਾਂ ਵਿੱਚੋਂ ਇੱਕ ਨੂੰ ਇਹ ਸਿੰਡਰੋਮ ਹੁੰਦਾ ਹੈ। ਅਤੇ ਇਹ ਕਿਉਂ ਵਾਪਰਦਾ ਹੈ, ਇਸ ਦੇ ਸਾਰੇ ਕਾਰਨ ਅਜੇ ਪੂਰੀ ਤਰ੍ਹਾਂ ਲੱਭੇ ਨਹੀਂ ਗਏ ਸਨ।

ਪਰ ਜ਼ਿਆਦਾਤਰ ਮਾਮਲਿਆਂ ਵਿੱਚ, ਇਹ ਵਾਇਰਲ ਜਾਂ ਬੈਕਟੀਰੀਆ ਦੀ ਲਾਗ ਤੋਂ ਬਾਅਦ ਹੁੰਦਾ ਹੈ ਅਤੇ ਇਮਿਊਨ ਸਿਸਟਮ ਸਰੀਰ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦਾ ਹੈ।

ਕੈਂਪੀਲੋਬੈਕਟਰ ਜੇਜੂਨੀ ਵਰਗੇ ਬੈਕਟੀਰੀਆ ਦੀ ਲਾਗ ਗੈਸਟਰੋਐਂਟਰਾਈਟਿਸ ਦਾ ਕਾਰਨ ਬਣਦੀ ਹੈ। ਇਸ ਨਾਲ ਮਤਲੀ, ਉਲਟੀਆਂ ਅਤੇ ਦਸਤ ਲੱਗਦੇ ਹਨ। ਇਹ ਉਹੀ ਲੱਛਣ ਹਨ ਜੋ ਗੁਇਲੇਨ-ਬੈਰੇ ਸਿੰਡਰੋਮ ਵਿੱਚ ਹੁੰਦੇ ਹਨ। ਗੁਇਲੇਨ ਬੈਰੇ ਸਿੰਡਰੋਮ ਕਿਸੇ ਫਲੂ ਜਾਂ ਵਾਇਰਲ ਇਨਫੈਕਸ਼ਨ ਤੋਂ ਬਾਅਦ ਵੀ ਹੋ ਸਕਦਾ ਹੈ।

ਬਹੁਤ ਘੱਟ ਮਾਮਲਿਆਂ ਵਿੱਚ, ਇਹ ਜ਼ੀਕਾ-ਚਿਕਨਗੁਨੀਆ ਤੋਂ ਬਾਅਦ, ਟੀਕਾਕਰਨ ਤੋਂ ਬਾਅਦ, ਸਰਜਰੀ ਜਾਂ ਡਾਕਟਰੀ ਪ੍ਰਕਿਰਿਆ ਤੋਂ ਬਾਅਦ, ਜਾਂ ਸੱਟ ਲੱਗਣ ਤੋਂ ਬਾਅਦ ਵੀ ਹੋ ਸਕਦਾ ਹੈ।

ਗੁਇਲੇਨ ਬੈਰੇ ਸਿੰਡਰੋਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸਦੇ ਮੁੱਖ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਹੈ ਪਰ ਡਾਕਟਰ ਕਹਿੰਦੇ ਹਨ ਕਿ ਲੱਛਣਾਂ ਨੂੰ ਜਲਦੀ ਪਛਾਣਨਾ ਅਤੇ ਜਲਦੀ ਇਲਾਜ ਕਰਵਾਉਣਾ ਸਭ ਤੋਂ ਵਧੀਆ ਰਹਿੰਦਾ ਹੈ

ਸਾਡੇ ਸਰੀਰ ਦਾ ਇਮਿਊਨ ਸਿਸਟਮ, ਆਮ ਤੌਰ 'ਤੇ ਬਾਹਰੀ ਵਾਇਰਸਾਂ ਜਾਂ ਬੈਕਟੀਰੀਆ 'ਤੇ ਹਮਲਾ ਕਰਦਾ ਹੈ। ਪਰ ਗੁਇਲੇਨ-ਬੈਰੇ ਸਿੰਡਰੋਮ ਵਿੱਚ, ਇਹ ਸਾਡੀ ਦਿਮਾਗੀ ਪ੍ਰਣਾਲੀ 'ਤੇ ਹਮਲਾ ਕਰਨ ਲੱਗਦਾ ਹੈ।

ਨਤੀਜੇ ਵਜੋਂ, ਨਾੜੀਆਂ ਪ੍ਰਭਾਵਸ਼ਾਲੀ ਢੰਗ ਨਾਲ ਸੰਕੇਤ ਨਹੀਂ ਭੇਜ ਪਾਉਂਦੀਆਂ। ਅਤੇ ਕਿਉਂਕਿ ਮਾਸਪੇਸ਼ੀਆਂ ਦਿਮਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਵਿੱਚ ਅਸਮਰੱਥ ਹੁੰਦੀਆਂ ਹਨ, ਇਸ ਲਈ ਦਿਮਾਗ ਨੂੰ ਸਰੀਰ ਦੇ ਬਾਕੀ ਹਿੱਸੇ ਤੋਂ ਪ੍ਰਾਪਤ ਹੋਣ ਵਾਲੇ ਸੰਕੇਤ ਘੱਟ ਜਾਂਦੇ ਹਨ।

ਇਹ ਉਨ੍ਹਾਂ ਨਾੜੀਆਂ ਨੂੰ ਪ੍ਰਭਾਵਿਤ ਕਰਦਾ ਹੈ ਜੋ ਕਿਸੇ ਵਿਅਕਤੀ ਦੀਆਂ ਮਾਸਪੇਸ਼ੀਆਂ ਦੀਆਂ ਹਰਕਤਾਂ ਨੂੰ ਨਿਯੰਤਰਿਤ ਕਰਦੀਆਂ ਹਨ ਅਤੇ ਦਰਦ, ਤਾਪਮਾਨ ਅਤੇ ਛੋਹ ਨੂੰ ਮਹਿਸੂਸ ਕਰਦੀਆਂ ਹਨ।

ਇਸ ਦੇ ਲੱਛਣਾਂ ਵਿੱਚ ਥਕਾਵਟ, ਹੱਥਾਂ ਅਤੇ ਪੈਰਾਂ ਵਿੱਚ ਝਰਨਾਹਟ ਅਤੇ ਸੁੰਨ ਹੋਣਾ ਸ਼ਾਮਲ ਹੋ ਸਕਦੇ ਹਨ। ਇਹ ਪੈਰਾਂ ਤੋਂ ਸ਼ੁਰੂ ਹੁੰਦਾ ਹੈ ਅਤੇ ਫਿਰ ਲੱਛਣ ਹੱਥਾਂ ਅਤੇ ਚਿਹਰੇ ਤੱਕ ਫੈਲ ਜਾਂਦੇ ਹਨ। ਮਰੀਜ਼ਾਂ ਵਿੱਚੋਂ ਕੁਝ ਨੂੰ ਪਿੱਠ ਵਿੱਚ ਦਰਦ ਦੀ ਵੀ ਸ਼ਿਕਾਇਤ ਸੀ।

ਇਸ ਨਾਲ ਮਾਸਪੇਸ਼ੀਆਂ ਦੀ ਕਮਜ਼ੋਰੀ, ਬਾਹਾਂ ਅਤੇ ਲੱਤਾਂ ਦਾ ਸੁੰਨ ਹੋਣਾ ਜਾਨ ਕੁਝ ਮਹਿਸੂਸ ਨਾ ਹੋਣਾ, ਅਤੇ ਸਾਹ ਲੈਣ ਅਤੇ ਨਿਗਲਣ ਵਿੱਚ ਮੁਸ਼ਕਲ ਆਉਂਦੀ ਹੈ।

ਕਿਸੇ ਵੀ ਉਮਰ ਦੇ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹਨ। ਪਰ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਇਹ ਬਾਲਗਾਂ, ਖਾਸ ਕਰਕੇ ਮਰਦਾਂ ਵਿੱਚ ਫੈਲਣ ਦੀ ਜ਼ਿਆਦਾ ਸੰਭਾਵਨਾ ਰੱਖਦਾ ਹੈ।

ਕੁਝ ਮਰੀਜ਼ਾਂ ਵਿੱਚ, ਗੁਇਲੇਨ ਬੈਰੇ ਸਿੰਡਰੋਮ ਬਹੁਤ ਗੰਭੀਰ ਹੋ ਸਕਦਾ ਹੈ, ਜਿਸ ਨਾਲ ਅਧਰੰਗ ਜਾਂ ਸਾਹ ਲੈਣ ਵਿੱਚ ਮੁਸ਼ਕਲ ਆ ਸਕਦੀ ਹੈ, ਪਰ ਉਹ ਮਰੀਜ਼ ਵੀ ਜੋ ਸਭ ਤੋਂ ਗੰਭੀਰ ਪੜਾਅ 'ਤੇ ਪਹੁੰਚ ਚੁੱਕੇ ਹਨ, ਪੂਰੀ ਤਰ੍ਹਾਂ ਠੀਕ ਹੋ ਗਏ ਹਨ।

ਨਿਊਰੋਲੋਜਿਸਟ ਕੀ ਕਹਿੰਦੇ ਹਨ?

ਨਿਊਰੋਲੋਜਿਸਟ ਡਾਕਟਰ ਕੌਸਤੁਭ ਮਹਾਜਨ
ਤਸਵੀਰ ਕੈਪਸ਼ਨ, ਡਾਕਟਰ ਕੌਸਤੁਭ ਮਹਾਜਨ ਕਹਿੰਦੇ ਹਨ ਕਿ ਇਹ ਕਹਿਣਾ ਸੰਭਵ ਨਹੀਂ ਹੈ ਕਿ ਇਸ ਤੋਂ ਬਚਣ ਲਈ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ

ਬੀਬੀਸੀ ਮਰਾਠੀ ਨੇ ਇਸ ਬਾਰੇ ਨਿਊਰੋਲੋਜਿਸਟ ਡਾਕਟਰ ਕੌਸਤੁਭ ਮਹਾਜਨ ਨਾਲ ਗੱਲ ਕੀਤੀ।

ਡਾਕਟਰ ਕੌਸਤਭ ਮਹਾਜਨ ਨੇ ਕਿਹਾ, "ਇਹ ਬਿਮਾਰੀ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ, ਇਹ ਕਿਸੇ ਨੂੰ ਵੀ ਕਿਸੇ ਵੀ ਸਮੇਂ ਹੋ ਸਕਦੀ ਹੈ। ਇਸ ਲਈ, ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਇਹ ਕਿਉਂ ਹੁੰਦਾ ਹੈ ਅਤੇ ਕਿਸਨੂੰ ਹੁੰਦਾ ਹੈ।''

''ਇਹ ਕਹਿਣਾ ਸੰਭਵ ਨਹੀਂ ਹੈ ਕਿ ਇਸ ਤੋਂ ਬਚਣ ਲਈ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਹਾਲਾਂਕਿ, ਲੱਛਣਾਂ ਨੂੰ ਜਲਦੀ ਪਛਾਣਨਾ ਅਤੇ ਜਲਦੀ ਇਲਾਜ ਕਰਵਾਉਣਾ ਸਭ ਤੋਂ ਵਧੀਆ ਰਹਿੰਦਾ ਹੈ। ਇਹ ਤਰੀਕਾ ਕੰਮ ਕਰਦਾ ਹੈ ਅਤੇ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ।"

ਉਨ੍ਹਾਂ ਕਿਹਾ ਕਿ "ਡਾਕਟਰੀ ਖੇਤਰ ਵਿੱਚ ਤਕਨੀਕ ਦੀ ਵਰਤੋਂ ਕਰਕੇ, ਸਰੀਰ ਲਈ ਨੁਕਸਾਨਦੇਹ ਐਂਟੀਬਾਡੀਜ਼ ਦਾ ਪਤਾ ਲਗਾਇਆ ਜਾ ਸਕਦਾ ਹੈ। ਨਾਲ ਹੀ, ਉਨ੍ਹਾਂ ਦੇ ਲਈ ਦਵਾਈਆਂ ਦਿੱਤੀਆਂ ਜਾ ਸਕਦੀਆਂ ਹਨ। ਇੱਕ ਕਿਸਮ ਦਾ ਇਲਾਜ ਹੈ ਜਿਸਨੂੰ ਪਲਾਜ਼ਮਾ ਐਕਸਚੇਂਜ ਕਿਹਾ ਜਾਂਦਾ ਹੈ। ਇਹ ਡਾਇਲਸਿਸ ਦੇ ਸਮਾਨ ਹੈ। ਖੂਨ ਨੂੰ ਫਿਲਟਰ ਕੀਤਾ ਜਾਂਦਾ ਹੈ ਸਰੀਰ 'ਤੇ ਹਮਲਾ ਕਰਨ ਵਾਲੇ ਐਂਟੀਬਾਡੀਜ਼ ਨੂੰ ਹਟਾ ਦਿੱਤਾ ਜਾਂਦਾ ਹੈ।''

ਗੁਇਲੇਨ ਬੈਰੇ ਸਿੰਡਰੋਮ

ਇੰਟੈਂਸਿਵ ਕੇਅਰ ਸਪੈਸ਼ਲਿਸਟ ਡਾਕਟਰ ਅਜੀਤ ਤੰਬੋਲਕਰ ਨੇ ਬੀਬੀਸੀ ਮਰਾਠੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਹੈ।

ਉਨ੍ਹਾਂ ਕਿਹਾ, "ਸਾਡੇ ਕੋਲ ਆਏ ਮਰੀਜ਼ ਨੂੰ 5 ਦਿਨਾਂ ਤੋਂ ਦਸਤ ਅਤੇ ਉਲਟੀਆਂ ਹੁੰਦੀਆਂ ਰਹੀਆਂ। ਉਸਨੇ ਆਪਣੇ ਹੱਥਾਂ ਅਤੇ ਪੈਰਾਂ ਵਿੱਚ ਸੁੰਨ ਹੋਣ ਦੀ ਸ਼ਿਕਾਇਤ ਕੀਤੀ। ਉਸਨੇ ਇਹ ਵੀ ਕਿਹਾ ਕਿ ਉਹ ਕਮਜ਼ੋਰੀ ਕਾਰਨ ਖੜ੍ਹਾ ਨਹੀਂ ਹੋ ਸਕਦਾ। ਇਸ ਵਿੱਚ ਕਮਜ਼ੋਰੀ ਬਹੁਤ ਵਧ ਜਾਂਦੀ ਹੈ।"

''30 ਫੀਸਦੀ ਲੋਕਾਂ ਵਿੱਚ ਬਿਮਾਰੀ ਦੀ ਵਧੇਰੇ ਗੰਭੀਰ ਹੁੰਦੀ ਹੈ ਪਰ ਚੰਗੀ ਗੱਲ ਇਹ ਹੈ ਕਿ ਉਹ ਠੀਕ ਹੋ ਜਾਂਦੇ ਹਨ।''

ਉਹ ਦੱਸਦੇ ਹਨ ਕਿ "ਜਦੋਂ ਇਹ ਬਿਮਾਰੀ ਅਮਰੀਕਾ ਆਈ, ਤਾਂ ਇਸਦਾ ਕਾਰਨ ਦੂਸ਼ਿਤ ਪਾਣੀ ਹੀ ਸੀ। ਆਮ ਤੌਰ 'ਤੇ, ਅਸ਼ੁੱਧਤਾ ਅਤੇ ਦੂਸ਼ਿਤ ਪਾਣੀ ਇਸ ਬਿਮਾਰੀ ਦਾ ਕਾਰਨ ਹੋ ਸਕਦਾ ਹੈ। ਜੇਕਰ ਸਮੇਂ ਸਿਰ ਇਲਾਜ ਕੀਤਾ ਜਾਵੇ, ਤਾਂ ਇਸਦੀ ਗੰਭੀਰਤਾ ਨੂੰ ਘਟਾਇਆ ਜਾ ਸਕਦਾ ਹੈ।''

''ਜੇਕਰ ਤੁਹਾਨੂੰ ਕੋਈ ਲੱਛਣ ਦਿਖਾਈ ਦਿੰਦੇ ਹਨ, ਤਾਂ ਡਾਕਟਰ ਕੋਲ ਜਾਓ। ਜਿੰਨੀ ਜਲਦੀ ਹੋ ਸਕੇ ਡਾਕਟਰ ਨੂੰ ਮਿਲੋ। ਨਾਲੇ, ਘਬਰਾਉਣ ਦੀ ਕੋਈ ਲੋੜ ਨਹੀਂ।''

ਨੀਲੇਸ਼ ਅਭੰਗ ਦਾ ਤਜਰਬਾ

ਨੀਲੇਸ਼ ਅਭੰਗ

ਤਸਵੀਰ ਸਰੋਤ, Nilesh Abhang

ਤਸਵੀਰ ਕੈਪਸ਼ਨ, ਨੀਲੇਸ਼ ਅਭੰਗ ਮੁਤਾਬਕ, ਉਨ੍ਹਾਂ ਨੇ ਪਿਛਲੇ ਪੰਜ ਸਾਲਾਂ ਵਿੱਚ ਇਸ ਬਿਮਾਰੀ ਕਾਰਨ ਵੈਂਟੀਲੇਟਰਾਂ 'ਤੇ ਰੱਖੇ ਗਏ ਬਹੁਤ ਸਾਰੇ ਮਰੀਜ਼ਾਂ ਨੂੰ ਠੀਕ ਹੁੰਦੇ ਦੇਖਿਆ ਹੈ

ਨੀਲੇਸ਼ ਅਭੰਗ ਨੇ ਇਸ ਬਿਮਾਰੀ ਨੂੰ ਮਾਤ ਦਿੱਤੀ ਹੈ। ਉਨ੍ਹਾਂ ਨੇ ਬੀਬੀਸੀ ਮਰਾਠੀ ਨਾਲ ਆਪਣਾ ਅਨੁਭਵ ਸਾਂਝਾ ਕੀਤਾ।

ਨੀਲੇਸ਼ ਅਭੰਗ ਨੇ ਕਿਹਾ, "ਮੈਨੂੰ 19 ਜਨਵਰੀ, 2019 ਨੂੰ ਗੁਇਲੇਨ-ਬੈਰੀ ਸਿੰਡਰੋਮ ਦਾ ਪਤਾ ਲੱਗਿਆ। ਮੈਂ 19 ਜਨਵਰੀ ਦੇ ਸ਼ੁਰੂਆਤੀ ਘੰਟਿਆਂ ਵਿੱਚ ਵੈਂਟੀਲੇਟਰ 'ਤੇ ਸੀ, ਅਤੇ 30 ਮਈ, 2019 ਨੂੰ ਵੈਂਟੀਲੇਟਰ ਹਟਾ ਲਿਆ ਗਿਆ ਸੀ। ਮੈਂ ਸਾਢੇ ਚਾਰ ਮਹੀਨੇ ਆਈ.ਸੀ.ਯੂ. ਵਿੱਚ ਦਾਖਲ ਰਿਹਾ ਸੀ।''

''ਮੇਰਾ ਪੂਰਾ ਸਰੀਰ ਗਰਦਨ ਤੋਂ ਲੈ ਕੇ ਪੈਰਾਂ ਦੇ ਤਲਿਆਂ ਤੱਕ ਅਧਰੰਗ ਦਾ ਸ਼ਿਕਾਰ ਹੋ ਗਿਆ ਸੀ। ਇਸ ਤੋਂ ਇਲਾਵਾ, ਮੇਰੇ ਫੇਫੜੇ ਪੂਰੀ ਤਰ੍ਹਾਂ ਕਮਜ਼ੋਰ ਹੋ ਗਏ ਸਨ, ਇਸ ਲਈ ਮੈਨੂੰ ਵੈਂਟੀਲੇਟਰ 'ਤੇ ਰੱਖਣ ਦੀ ਜ਼ਰੂਰਤ ਸੀ।''

''ਹਾਲਾਂਕਿ, ਅੱਜ ਮੈਂ ਪੂਰੀ ਤਰ੍ਹਾਂ ਠੀਕ ਹੋ ਗਿਆ ਹਾਂ ਅਤੇ ਮੇਰੇ ਸਰੀਰ ਵਿੱਚ ਇੱਕ ਵੀ ਨੁਕਸ ਨਹੀਂ ਬਚਿਆ ਹੈ। ਮੇਰਾ ਪੂਰਾ ਸਰੀਰ, ਜੋ ਕਿ ਅਧਰੰਗ ਦਾ ਸ਼ਿਕਾਰ ਸੀ, ਫਿਜ਼ੀਓਥੈਰੇਪੀ ਕਾਰਨ ਠੀਕ ਹੋ ਗਿਆ ਹੈ।

ਨੀਲੇਸ਼ ਕਹਿੰਦੇ ਹਨ, "ਇਸ ਦੌਰਾਨ, ਮਰੀਜ਼ ਖੁਦ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਬਹੁਤ ਜ਼ਿਆਦਾ ਮਾਨਸਿਕ ਤਣਾਅ ਵਿੱਚੋਂ ਗੁਜ਼ਰਦੇ ਹਨ। ਇਸ ਅਚਾਨਕ ਆਏ ਸੰਕਟ ਕਾਰਨ ਮਰੀਜ਼ ਅਤੇ ਰਿਸ਼ਤੇਦਾਰ ਬਹੁਤ ਡਰ ਜਾਂਦੇ ਹਨ, ਹਾਲਾਂਕਿ, ਜੇਕਰ ਮਰੀਜ਼ ਨੂੰ ਸਹੀ ਇਲਾਜ ਮਿਲ ਜਾਵੇ ਅਤੇ ਆਪਣੀ ਮਾਨਸਿਕ ਸਥਿਤੀ ਨੂੰ ਮਜ਼ਬੂਤ ਰੱਖਿਆ ਜਾਵੇ ਤਾਂ ਮੈਨੂੰ ਯਕੀਨ ਹੈ ਕਿ ਉਹ ਬਿਲਕੁਲ ਠੀਕ ਹੋ ਜਾਣਗੇ। ਇਹ ਗੱਲ ਮੈਂ ਨਿੱਜੀ ਤਜਰਬੇ ਤੋਂ ਕਹਿ ਸਕਦਾ ਹਾਂ।''

''ਇਸ ਤੋਂ ਇਲਾਵਾ, ਮੈਂ ਬਹੁਤ ਸਾਰੇ ਜੀਬੀਐਸ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਆਪ ਠੀਕ ਹੋਣ ਤੋਂ ਬਾਅਦ ਸਲਾਹ ਦਿੱਤੀ ਹੈ, ਅਤੇ ਮੈਂ ਜਿਨ੍ਹਾਂ ਮਰੀਜ਼ਾਂ ਨੂੰ ਸਲਾਹ ਦਿੱਤੀ ਹੈ ਉਨ੍ਹਾਂ ਨੂੰ ਠੀਕ ਹੁੰਦੇ ਅਤੇ ਸਿਹਤਮੰਦ ਜ਼ਿੰਦਗੀ ਜੀਉਂਦੇ ਦੇਖਿਆ ਹੈ।

ਨੀਲੇਸ਼ ਕਹਿੰਦੇ ਹਨ ਕਿ "ਇਸ ਵੇਲੇ, ਪੁਣੇ ਵਿੱਚ 22 ਤੋਂ ਵੱਧ ਜੀਬੀਐਸ ਮਰੀਜ਼ ਪਾਏ ਗਏ ਹਨ। ਮੇਰੀ ਸਲਾਹ ਹੈ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਘਬਰਾਉਣਾ ਨਹੀਂ ਚਾਹੀਦਾ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿੰਨਾ ਚਿਰ ਮਰੀਜ਼ ਵੈਂਟੀਲੇਟਰ 'ਤੇ ਹੈ, ਓਨਾ ਚਿਰ ਚਿੰਤਾ ਅਤੇ ਖ਼ਤਰੇ ਦੀ ਤਲਵਾਰ ਲਟਕਦੀ ਰਹਿੰਦੀ ਹੈ।"

''ਹਾਲਾਂਕਿ, ਪਿਛਲੇ ਪੰਜ ਸਾਲਾਂ ਵਿੱਚ, ਮੈਂ ਜੀਬੀਐਸ ਬਿਮਾਰੀ ਕਾਰਨ ਵੈਂਟੀਲੇਟਰਾਂ 'ਤੇ ਰੱਖੇ ਗਏ ਬਹੁਤ ਸਾਰੇ ਮਰੀਜ਼ਾਂ ਨੂੰ ਠੀਕ ਹੁੰਦੇ ਦੇਖਿਆ ਹੈ।''

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)