ਮਨੂ ਭਾਕਰ ਨੂੰ ਖੇਲ ਰਤਨ ਨਾ ਮਿਲਣ ਦੀਆਂ ਚਰਚਾਵਾਂ 'ਤੇ ਵਿਵਾਦ, ਪਿਤਾ ਨੇ ਕਿਹੜੇ ਚੁੱਕੇ ਸਵਾਲ

ਤਸਵੀਰ ਸਰੋਤ, Getty Images
- ਲੇਖਕ, ਹਰਪਿੰਦਰ ਸਿੰਘ ਟੌਹੜਾ
- ਰੋਲ, ਬੀਬੀਸੀ ਪੱਤਰਕਾਰ
"ਜੋ ਚੀਜ਼ ਸਮੇਂ ਮੁਤਾਬਕ ਹੋ ਜਾਵੇ ਓਹੀ ਚੰਗੀ ਲੱਗਦੀ ਹੈ। ਸਮੇਂ ਨਾਲ ਨਾ ਮਿਲੀ ਚੀਜ਼ ਦਾ ਮਤਲਬ ਨਹੀਂ ਰਹਿ ਜਾਂਦਾ।"
ਇਹ ਸ਼ਬਦ ਪੈਰਿਸ ਓਲੰਪਿਕ ਵਿਚ ਦੋ ਮੈਡਲ ਜਿੱਤਣ ਵਾਲੇ ਨਿਸ਼ਾਨੇਬਾਜ਼ ਮਨੂ ਭਾਕਰ ਦੇ ਪਿਤਾ ਰਾਮਕਿਸ਼ਨ ਦੇ ਹਨ।
ਮਨੂ ਭਾਕਰ ਦੇ ਪਿਤਾ ਨੇ ਇਹ ਇਸ ਲਈ ਕਿਹਾ ਕਿਉਂ ਕਿ ਚਰਚਾਵਾਂ ਨੇ ਕਿ ਮਨੂ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਲਈ ਨਹੀਂ ਚੁਣਿਆ ਗਿਆ।
ਚਰਚਾਵਾਂ ਹਨ ਕਿ ਖੇਲ ਰਤਨ ਤੈਅ ਕਰਨ ਵਾਲੀ ਕਮੇਟੀ ਨੇ ਜੋ ਸੂਚੀ ਤਿਆਰ ਕੀਤੀ ਹੈ ਉਸ ਵਿਚ ਮਨੂ ਭਾਕਰ ਦਾ ਨਾਮ ਨਹੀਂ ਹੈ।
ਸ਼ੂਟਰ ਮਨੂ ਭਾਕਰ ਨੇ ਪੈਰਿਸ ਓਲੰਪਿਕ ਵਿਚ ਦੋ ਕਾਂਸੇ ਦੇ ਤਗਮੇ ਜਿੱਤੇ ਸਨ।
ਸਾਲ 2021 ਵਿੱਚ ਮਨੂ ਭਾਕਰ ਨੇ ਬੀਬੀਸੀ ਇਮਜਰਿੰਗ ਇੰਡੀਅਨ ਸਪੋਰਟਸਵੂਮੈਨ ਆਫ ਦਿ ਈਅਰ 2020 ਐਵਾਰਡ ਜਿੱਤਿਆ ਸੀ।
'ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ ਦਿ ਈਅਰ' ਦੇ ਤਹਿਤ 'ਬੀਬੀਸੀ ਇਮਜਰਿੰਗ ਇੰਡੀਅਨ ਸਪੋਰਟਸਵੂਮੈਨ ਆਫ ਦਿ ਈਅਰ 2020' ਕੈਟੇਗਰੀ ਵਿੱਚ ਉਭਰਤੀ ਮਹਿਲਾ ਖਿਡਾਰੀ ਦਾ ਸਨਮਾਨ ਕੀਤਾ ਜਾਂਦਾ ਹੈ।
'ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ ਦਿ ਈਅਰ' ਦਾ ਮਕਸਦ ਹੈ ਭਾਰਤੀ ਮਹਿਲਾ ਖਿਡਾਰੀਆਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਸਨਮਾਨਿਤ ਕਰਨਾ, ਮਹਿਲਾ ਖਿਡਾਰੀਆਂ ਦੀਆਂ ਚੁਣੌਤੀਆਂ 'ਤੇ ਚਰਚਾ ਕਰਨਾ ਅਤੇ ਉਨ੍ਹਾਂ ਦੀਆਂ ਸੁਣੀਆਂ-ਅਣਸੁਣੀਆਂ ਕਹਾਣੀਆਂ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਉਣਾ ਹੈ।

ਨਾਮ ਨਾ ਆਉਣ ਦੀਆਂ ਚਰਚਾਵਾਂ 'ਤੇ ਕੀ ਬੋਲੀ ਮਨੂ
ਮਨੂ ਭਾਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਲਿਖਿਆ, "ਸਭ ਤੋਂ ਵੱਡੇ ਖੇਲ ਰਤਨ ਪੁਰਸਕਾਰ ਲਈ ਮੇਰੀ ਨਾਮਜ਼ਗਦੀ ਦੇ ਮੁੱਦੇ 'ਤੇ ਜਾਰੀ ਵਿਵਾਦ ਦੇ ਵਿਚ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਐਥਲੀਟ ਦੇ ਤੌਰ 'ਤੇ ਮੇਰਾ ਕੰਮ ਦੇਸ਼ ਦੇ ਲਈ ਖੇਡਣਾ ਅਤੇ ਚੰਗਾ ਪ੍ਰਦਰਸ਼ਨ ਕਰਨਾ ਹੈ। ਪੁਰਸਕਾਰ ਤੇ ਸਨਮਾਨ ਮੈਨੂੰ ਉਤਸ਼ਾਹਿਤ ਕਰਦੇ ਹਨ ਪਰ ਇਹ ਮੇਰਾ ਟੀਚਾ ਨਹੀਂ ਹੈ,"
"ਮੇਰਾ ਮੰਨਣਾ ਹੈ ਕਿ ਨਾਮਜ਼ਦਗੀ ਭਰਦੇ ਸਮੇਂ ਮੇਰੇ ਵੱਲੋਂ ਕੋਈ ਕਮੀ ਰਹੀ, ਜਿਸ ਨੂੰ ਹੁਣ ਠੀਕ ਕਰ ਲਿਆ ਗਿਆ ਹੈ।
ਪੁਰਸਕਾਰ ਮਿਲੇ ਜਾਂ ਨਾ ਮਿਲੇ, ਮੈਨੂੰ ਦੇਸ਼ ਲਈ ਅਤੇ ਮੈਡਲ ਜਿੱਤਣ ਦੇ ਲਈ ਉਤਸ਼ਾਹਿਤ ਰਹਿਣਾ ਚਾਹੀਦਾ। ਮੇਰੀ ਸਭ ਨੂੰ ਬੇਨਤੀ ਹੈ ਕਿ ਇਸ ਮਾਮਲੇ 'ਤੇ ਕਿਆਸ ਨਾ ਲਾਉਣ।"
ਮਨੂ ਭਾਕਰ ਦੇ ਪਿਤਾ ਰਾਮਕਿਸ਼ਨ ਨੇ ਕੀ ਕਿਹਾ ?

ਤਸਵੀਰ ਸਰੋਤ, Ramkishan/FB
ਮਨੂ ਭਾਕਰ ਦੇ ਪਿਤਾ ਨੇ ਖੇਡਾਂ ਦਾ ਸਭ ਤੋਂ ਵੱਡਾ ਐਵਾਰਡ ਆਪਣੀ ਧੀ ਨੂੰ ਨਾ ਮਿਲਣ ਦੀਆਂ ਚਰਚਾਵਾਂ ਦਰਮਿਆਨ ਬੀਬੀਸੀ ਨਾਲ ਖ਼ਾਸ ਗੱਲਬਾਤ ਦੌਰਾਨ ਨਿਰਾਸ਼ਾ ਪ੍ਰਗਟਾਈ।
ਮਨੂ ਭਾਕਰ ਦੇ ਪਿਤਾ ਰਾਮਕਿਸ਼ਨ ਨੇ ਗੁੱਸਾ ਅਫ਼ਸਰਾਂ ਖਿਲਾਫ਼ ਕੱਢਿਆ।
ਮਨੂ ਦੇ ਪਿਤਾ ਰਾਮਕਿਸ਼ਨ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਕ ਛੋਟਾ ਜਿਹਾ ਅਫ਼ਸਰ ਲੱਖਾਂ ਖਿਡਾਰੀਆਂ ਦੀ ਜ਼ਿੰਦਗੀ ਖਰਾਬ ਕਰ ਦਿੰਦਾ ਹੈ।
ਕੀ ਮਨੂ ਭਾਕਰ ਨੇ ਖੇਲ ਰਤਨ ਲਈ ਅਪਲਾਈ ਕੀਤਾ ਸੀ ?

ਤਸਵੀਰ ਸਰੋਤ, Getty Images
ਮਨੂ ਭਾਕਰ ਦੇ ਪਿਤਾ ਨੇ ਕਿਹਾ ਕਿ ਇਹ ਸਵਾਲ ਹੀ ਨਹੀਂ ਬਣਦਾ ਕਿ ਐਵਾਰਡ ਲਈ ਅਪਲਾਈ ਕੀਤਾ ਜਾ ਨਹੀਂ।
ਉਨ੍ਹਾਂ ਕਿਹਾ, "ਮਨੂ ਨੇ ਕੋਈ ਨੌਕਰੀ ਨਹੀਂ ਲੈਣੀ ਸੀ ਕਿ ਉਸਦੇ ਲਈ ਅਪਲਾਈ ਕੀਤਾ ਜਾਵੇ।
ਐਵਾਰਡ ਸਰਕਾਰ ਵਲੋਂ ਖਿਡਾਰੀ ਦੇ ਮਾਣ ਸਨਮਾਨ ਲਈ ਦਿੱਤੇ ਜਾਂਦੇ ਹਨ। ਮੈਂ ਪਿਛਲੇ 5 ਸਾਲਾਂ ਤੋਂ ਦੇਖ ਰਿਹਾਂ ਹਾਂ ਕਿ ਬਹੁਤ ਸਾਰੇ ਖਿਡਾਰੀ ਅਜਿਹੇ ਹਨ ਜਿਨ੍ਹਾਂ ਨੇ ਅਪਲਾਈ ਹੀ ਨਹੀਂ ਕੀਤਾ।
ਰਾਮਕਿਸ਼ਨ ਨੇ ਕਿਹਾ ਅਸੀਂ ਪਿਛਲੇ 3-4 ਸਾਲ ਤੋਂ ਅਪਲਾਈ ਕਰਦੇ ਆ ਰਹੇ ਸੀ ਪਰ ਬਾਵਜੂਦ ਇਸਦੇ ਕੋਈ ਐਵਾਰਡ ਨਹੀਂ ਮਿਲਿਆ। ਉਨ੍ਹਾਂ ਕਿਹਾ ਅਸੀਂ ਖੇਲ ਰਤਨ, ਪਦਮ ਭੂਸ਼ਣ ਤੇ ਪਦਮ ਵਿਭੂਸ਼ਣ ਲਈ ਅਪਲਾਈ ਕਰ ਚੁੱਕੇ ਹਾਂ।"
ਉਨ੍ਹਾਂ ਕਿਹਾ ਐਵਾਰਡ ਲਈ ਅਪਲਾਈ ਕਰਨਾ ਤਾਂ ਇਕ ਬਹਾਨਾ ਹੈ ਵਿਵਾਦ ਬਣਾਉਣ ਲਈ।
ਉਨ੍ਹਾਂ ਕਿਹਾ ਅਪਲਾਈ ਕਰਨ ਵਾਲਿਆਂ ਨੂੰ ਕਦੇ ਵੀ ਐਵਾਰਡ ਨਹੀਂ ਦਿੱਤੇ ਜਾਂਦੇ, ਜਿਸ ਨੂੰ ਐਵਾਰਡ ਦੇਣਾ ਹੁੰਦਾ ਹੈ ਉਸਦੀ ਲਿਸਟ ਪਹਿਲਾਂ ਹੀ ਤਿਆਰ ਹੁੰਦੀ ਹੈ, ਕਮੇਟੀ ਸਿਰਫ਼ ਉਸ 'ਤੇ ਮੋਹਰ ਲਾਉਂਦੀ ਹੈ।
ਕੀ ਤੁਸੀਂ ਖੇਡ ਮੰਤਰਾਲੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ?
ਇਸ ਸਵਾਲ ਦੇ ਜਵਾਬ ਵਿਚ ਮਨੂ ਭਾਕਰ ਦੇ ਪਿਤਾ ਰਾਮਕਿਸ਼ਨ ਨੇ ਕਿਹਾ ਕਿ ਆਜ਼ਾਦ ਭਾਰਤ ਦੇ ਇਤਿਹਾਸ ਵਿਚ ਲਿਖਿਆ ਗਿਆ ਹੈ ਕਿ ਮਨੂ ਪਹਿਲੀ ਮਹਿਲਾ ਸ਼ੂਟਰ ਹੈ ਜਿਸਨੇ ਇਕ ਓਲੰਪਿਕ 'ਚੋਂ ਦੋ ਮੈਡਲ ਜਿੱਤੇ ਹੋਣ। ਫਿਰ ਵੀ ਸਾਨੂੰ ਅਪੀਲ ਕਰਨੀ ਪਵੇਗੀ ਕਿ ਐਵਾਰਡ ਦਿੱਤਾ ਜਾਵੇ ਇਹ ਮੈਂ ਨਹੀਂ ਮੰਨਦਾ।
ਰਾਮਕਿਸ਼ਨ ਨੇ ਕਿਹਾ ਕਿ ਹੁਣ ਚੰਗਾ ਹੋਵੇਗਾ ਖੇਡ ਮੰਤਰਾਲਾ ਆਪਣੀ ਗਲਤੀ ਵਿਚ ਸੁਧਾਰ ਕਰੇ ਤੇ ਮਨੂ ਨੂੰ ਖੇਲ ਰਤਨ ਦੇ ਦਵੇ।

ਤਸਵੀਰ ਸਰੋਤ, ramkishan/FB
ਕੀ ਕੋਈ ਅਪੀਲ ਵੀ ਕਰੋਗੇ ?
ਰਾਮਕਿਸ਼ਨ ਨੇ ਕਿਹਾ ਜੇਕਰ ਮਨੂ ਭਾਕਰ ਨੂੰ ਖੇਲ ਰਤਨ ਨਹੀਂ ਦਿੱਤਾ ਜਾਂਦਾ ਤਾਂ ਉਹ ਕਦੇ ਵੀ ਕਿਸੇ ਅੱਗੇ ਅਪੀਲ ਨਹੀਂ ਕਰਨਗੇ। ਅਪੀਲ ਕਰਨਾ ਇਕ ਖਿਡਾਰੀ ਦੀ ਆਪਣੇ ਆਪ ਵਿਚ ਬੇਇੱਜ਼ਤੀ ਹੈ। ਇਹ ਸਰਕਾਰ ਦਾ ਫੈਸਲਾ ਹੈ ਕਿ ਐਵਾਰਡ ਦੇਣਾ ਹੈ ਜਾਂ ਨਹੀਂ,ਅਸੀਂ ਅਪੀਲ ਕਿਉਂ ਕਰਾਂਗੇ ?
ਮਨੂ ਦੇ ਮਨ ਅੰਦਰ ਕਿੰਨੀ ਨਿਰਾਸ਼ਾ ਹੋਈ ?
ਰਾਮਕਿਸ਼ਨ ਨੇ ਦੱਸਿਆ ਕਿ ਜਦੋਂ ਮਨੂ ਨੂੰ ਪਤਾ ਲੱਗਿਆ ਕਿ ਉਸ ਨੂੰ ਖੇਲ ਰਤਨ ਨਾ ਮਿਲਣ ਦੀਆਂ ਚਰਚਾਵਾਂ ਹੋ ਰਹੀਆਂ ਹਨ ਤਾਂ ਉਸਨੇ ਕਿਹਾ "ਪਾਪਾ, ਜੋ ਕੰਮ ਮੈਂ ਕਰਨਾ ਸੀ ਉਹ ਕਰ ਦਿੱਤਾ, ਐਵਾਰਡ ਨਹੀਂ ਮਿਲ ਰਿਹਾ ਇਹ ਖੇਡ ਮੰਤਰਾਲਾ ਸੋਚੇ ਜਾਂ ਦੇਸ਼ ਵਾਸੀ ਸੋਚਣ, ਮੈਂ ਚੰਗਾ ਕੰਮ ਕੀਤਾ ਹੈ ਮੈਂ ਇਸ ਲਈ ਡਿਜ਼ਰਵ ਕਰਦੀ ਸੀ"
ਮਨੂ ਨੇ ਕਿਹਾ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਸਮੇਂ ਸਿਰ ਐਵਾਰਡ ਮਿਲਣੇ ਚਾਹੀਦੇ ਹਨ।
ਕੀ ਲੱਗਦਾ ਨਹੀਂ ਐਵਾਰਡ ਲਈ ਮਨੂ ਕੋਲ ਬਹੁਤ ਸਮਾਂ ਪਿਆ ਹੈ ?
ਮਨੂ ਭਾਕਰ ਦੇ ਪਿਤਾ ਰਾਮਕਿਸ਼ਨ ਨੇ ਕਿਹਾ ਜੋ ਚੀਜ਼ ਸਮੇਂ ਮੁਤਾਬਕ ਹੋ ਜਾਵੇ ਓਹੀ ਚੰਗੀ ਲੱਗਦੀ ਹੈ।
"ਸਮੇਂ ਨਾਲ ਨਾ ਮਿਲੀ ਚੀਜ਼ ਦਾ ਮਤਲਬ ਨਹੀਂ ਰਹਿ ਜਾਂਦਾ। ਸਮੇਂ ਸਿਰ ਜਦੋਂ ਐਵਾਰਡ ਮਿਲਦਾ ਹੈ ਤਾਂ ਭਵਿੱਖ ਵਿਚ ਚੰਗਾ ਖੇਡਣ ਲਈ ਪ੍ਰੇਰਣਾ ਵੀ ਮਿਲਦੀ ਹੈ, ਖਿਡਾਰੀ ਨੂੰ ਖੁਸ਼ੀ ਵੀ ਹੁੰਦੀ ਹੈ ਕਿ ਉਸਨੇ ਕੋਈ ਪ੍ਰਾਪਤੀ ਕੀਤੀ ਹੈ।"
ਮਨੂ ਭਾਕਰ ਦੇ ਪਿਤਾ ਰਾਮਕਿਸ਼ਨ ਨੇ ਉਨ੍ਹਾਂ ਚਰਚਾਵਾਂ ਦਾ ਖੰਡਨ ਕੀਤਾ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਐਵਾਰਡ ਇਸ ਲਈ ਨਹੀਂ ਮਿਲਿਆ ਕਿਉਂ ਕਿ ਉਨ੍ਹਾਂ ਰਾਹੁਲ ਗਾਂਧੀ ਨਾਲ ਮੈਡਲ ਜਿੱਤਣ ਬਾਅਦ ਮੁਲਾਕਾਤ ਕੀਤੀ ਸੀ।
ਰਾਮ ਕਿਸ਼ਨ ਨੇ ਕਿਹਾ ਅਜਿਹਾ ਕੋਈ ਕਾਰਨ ਨਹੀਂ ਹੈ, ਮਨੂ ਉਨ੍ਹਾਂ ਸਭ ਨਾਲ ਮਿਲੀ ਸੀ ਜਿਨ੍ਹਾਂ ਨੇ ਇਨਵੀਟੇਸ਼ਨ ਭੇਜੇ ਸਨ।
ਰਾਮ ਕਿਸ਼ਨ ਨੇ ਕਿਹਾ ਸਾਨੂੰ ਉਮੀਦ ਹੈ ਕਿ ਖੇਡ ਮੰਤਰਾਲੇ ਵੱਲੋਂ ਜਦੋਂ ਆਖਰੀ ਸੂਚੀ ਤੈਅ ਹੋਵੇਗੀ ਤਾਂ ਉਸ ਵਿਚ ਮਨੂ ਦਾ ਨਾਮ ਜ਼ਰੂਰ ਸ਼ਾਮਿਲ ਹੋਵੇਗਾ।
"ਕਿਉਂ ਕਿ ਅਜੇ ਸਿਰਫ਼ ਕਮੇਟੀ ਵਲੋਂ ਆਪਣੀ ਰਿਪੋਰਟ ਦਿੱਤੀ ਗਈ ਹੈ ਖੇਡ ਮੰਤਰਾਲਾ ਵੀ ਸੂਚੀ ਵਿਚ ਸੋਧ ਕਰ ਸਕਦਾ ਹੈ ਤੇ ਸਾਨੂੰ ਉਮੀਦ ਵੀ ਹੈ ਕਿ ਮਨੂੰ ਦਾ ਨਾਮ ਸੂਚੀ ਵਿਚ ਜ਼ਰੂਰ ਪਾਇਆ ਜਾਵੇਗਾ।"
ਮਨੂ ਭਾਕਰ ਦੇ ਕੋਚ ਕੀ ਬੋਲੇ ?

ਤਸਵੀਰ ਸਰੋਤ, Getty Images
ਕੋਚ ਜਸਪਾਲ ਰਾਣਾ ਨੇ ਵੀ ਮਨੂ ਭਾਕਰ ਨੂੰ ਖੇਲ ਰਤਨ ਨਾ ਦਿੱਤੇ ਜਾਣ ਦੀਆਂ ਚਰਚਾਵਾਂ 'ਤੇ ਸਵਾਲ ਚੁੱਕੇ।
ਜਸਪਾਲ ਰਾਣਾ ਵੱਲੋਂ ਖ਼ਬਰ ਏਜੰਸੀ ਪੀਟੀਆਈ ਨੂੰ ਦਿੱਤੇ ਬਿਆਨ ਵਿਚ ਕਿਹਾ ਗਿਆ ਕਿ ਕੋਈ ਇਹ ਕਿਵੇਂ ਕਹਿ ਸਕਦਾ ਹੈ ਮਨੂ ਨੇ ਅਪਲਾਈ ਨਹੀਂ ਕੀਤਾ?
"ਉਸਨੇ ਇਕ ਓਲੰਪਿਕ ਵਿਚ ਦੋ ਮੈਡਲ ਜਿੱਤ ਕੇ ਪਹਿਲੀ ਭਾਰਤੀ ਬਣਨ ਦਾ ਇਤਿਹਾਸ ਰਚਿਆ ਹੈ। ਉਸਦਾ ਨਾਮ ਆਪਣੇ ਆਪ ਹੀ ਉਥੇ ਹੋਣਾ ਚਾਹੀਦਾ ਸੀ।
ਕੀ ਸਿਖਰਲੇ ਪੱਧਰ ਤੇ ਬੈਠੇ ਲੋਕਾਂ ਨੂੰ ਨਹੀਂ ਪਤਾ ਕਿ ਮਨੂ ਭਾਕਰ ਕੌਣ ਹੈ ਅਤੇ ਉਸਦੀ ਉਪਲਬਧੀ ਕੀ ਹੈ? ਉਹ ਅਪਮਾਨ ਉਸਦੀ ਤਰੱਕੀ ਨੂੰ ਪ੍ਰਭਾਵਿਤ ਕਰ ਸਕਦਾ ਹੈ।"
ਸ਼ੂਟਰ ਮਨੂੰ ਭਾਕਰ ਨੂੰ ਖੇਲ ਰਤਨ ਲਈ ਨਾ ਚੁਣੇ ਜਾਣ 'ਤੇ ਕੁੱਝ ਖ਼ਬਰਾਂ ਮੁਤਾਬਕ ਖੇਡ ਮੰਤਰਾਲੇ ਵੱਲੋਂ ਕਿਹਾ ਗਿਆ ਕਿ ਅਜੇ ਅੰਤਿਮ ਸੂਚੀ ਤੈਅ ਨਹੀਂ ਹੋਈ ਹੈ।
ਅੰਤਿਮ ਸੂਚੀ ਵਿਚ ਮਨੂ ਦਾ ਨਾਮ ਹੋਣ ਦੀ ਪੂਰੀ ਸੰਭਾਵਨਾ ਹੈ। ਹਾਲਾਂਕਿ ਇਸਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












