You’re viewing a text-only version of this website that uses less data. View the main version of the website including all images and videos.
ਅਮਰੀਕਾ ਜਾਣ ਦੇ ਓ-1, ਐੱਲ-1 ਤੇ ਈਬੀ-5 ਵੀਜ਼ਾ ਕਿਵੇਂ ਹਾਸਲ ਕੀਤੇ ਜਾ ਸਕਦੇ ਹਨ, ਕੀ ਇਹ ਵੀਜ਼ਾ ਐੱਚ1ਬੀ ਦਾ ਬਦਲ ਹੋ ਸਕਦੇ ਹਨ
- ਲੇਖਕ, ਤਨੀਸ਼ਾ ਚੌਹਾਨ
- ਰੋਲ, ਬੀਬੀਸੀ ਪੱਤਰਕਾਰ
"ਮੈਨੂੰ ਓ-1 ਵੀਜ਼ਾ ਮਿਲ ਗਿਆ ਹੈ। ਹੁਣ ਵਕਤ ਆ ਗਿਆ ਹੈ ਆਪਣੀ ਹਕੀਕਤ ਨੂੰ ਸਿਰਜਨ ਦਾ। ਮੇਰੀ ਮਾਂ ਤੋਂ ਬਾਅਦ ਅਮਰੀਕਾ ਹੈ ਜਿਸ ਨੂੰ ਲੱਗਦਾ ਹੈ ਕਿ ਮੈਂ ਉਹ ਸ਼ਖ਼ਸ ਹਾਂ ਜਿਸ ਵਿੱਚ ਕੁਝ ਵੱਖਰਾ ਕਰਨ ਦਾ ਹੁਨਰ ਹੈ।"
ਇਹ ਸ਼ਬਦ ਹਨ ਪਿਯੂਸ਼ ਦੇ, ਜੋ ਉਨ੍ਹਾਂ ਨੇ ਆਪਣੇ ਐਕਸ ਅਕਾਉਂਟ 'ਤੇ ਅਮਰੀਕਾ ਦਾ ਓ-1 ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਲਿਖੇ।
ਇਸੇ ਤਰ੍ਹਾਂ ਤਾਨੁਸ਼ ਸ਼ਰਨਾਰਥੀ ਨਾਮ ਦੇ 26 ਸਾਲਾ ਇੰਜੀਨੀਅਰ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ, "3 ਸਾਲ ਐੱਚ-1ਬੀ ਵੀਜ਼ਾ ਦੀ ਲੌਟਰੀ ਵਿੱਚ ਆਪਣਾ ਨਾਮ ਨਾ ਆਉਣ ਤੋਂ ਬਾਅਦ ਆਖ਼ਰਕਾਰ ਮੈਨੂੰ ਏਆਈ (ਆਰਟੀਫਿਸ਼ੀਅਲ ਇੰਟੈਲੀਜੈਂਸ) ਦੇ ਖੇਤਰ ਵਿੱਚ ਓ-1 (ਆਈਨਸਟਾਈਨ) ਵੀਜ਼ਾ ਮਿਲ ਗਿਆ ਹੈ।"
ਜਦੋਂ ਤੋਂ ਅਮਰੀਕਾ ਨੇ ਐੱਚ-1ਬੀ ਵੀਜ਼ਾ ਦੀ ਫ਼ੀਸ ਵਧਾ ਕੇ ਇੱਕ ਲੱਖ ਡਾਲਰ ਯਾਨਿ ਤਕਰੀਬਨ 88 ਲੱਖ ਰੁਪਏ ਕਰਨ ਦਾ ਐਲਾਨ ਕੀਤਾ ਹੈ ਤਾਂ ਓ-1 ਵੀਜ਼ਾ ਹੀ ਨਹੀਂ ਬਲਕਿ ਹੋਰ ਵੀ ਕਈ ਤਰ੍ਹਾਂ ਦੇ ਵੀਜ਼ਾ ਦੀਆਂ ਚਰਚਾਵਾਂ ਵੱਧ ਗਈਆਂ ਹਨ ਜਿਸ ਨਾਲ ਅਮਰੀਕਾ ਜਾਣ ਦਾ ਸੁਫ਼ਨਾ ਪੂਰਾ ਹੋ ਸਕਦਾ ਹੈ।
ਅਮਰੀਕਾ ਵਿੱਚ H-1B ਵੀਜ਼ਾ ਵਿਦੇਸ਼ੀ ਕਰਮੀਆਂ ਨੂੰ ਆਰਜ਼ੀ ਤੌਰ 'ਤੇ ਅਮਰੀਕਾ ਵਿਚ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਇਹ ਵੀਜ਼ੇ ਸਿਰਫ਼ ਹੁਨਰਮੰਦ ਪੇਸ਼ਾਵਰਾਂ ਨੂੰ ਦਿੱਤੇ ਜਾਂਦੇ ਹਨ।
90 ਦੇ ਦਹਾਕੇ ਵਿੱਚ ਅਮਰੀਕਾ ਵਿੱਚ ਕਈ ਆਈਟੀ ਅਤੇ ਸਾਫ਼ਟਵੇਅਰ ਕੰਪਨੀਆਂ ਦੀ ਸ਼ੁਰੂਆਤ ਹੋਈ। ਆਪਣੇ ਦੇਸ ਵਿੱਚ ਇਸ ਤਰ੍ਹਾਂ ਦੇ ਪੇਸ਼ਾਵਰਾਂ ਦੀ ਕਮੀ ਦੇ ਕਾਰਨ, ਅਮਰੀਕੀ ਸਰਕਾਰ ਨੇ ਇਸ ਪੇਸ਼ੇ ਦੇ ਵਿਦੇਸ਼ੀ ਹੁਨਰਮੰਦਾਂ ਨੂੰ H-1B ਵੀਜ਼ਾ ਪ੍ਰਦਾਨ ਕਰ ਕੇ ਅਸਥਾਈ ਸਮੇਂ ਲਈ ਨੌਕਰੀ ਦੇਣ ਦੀ ਆਗਿਆ ਦਿੱਤੀ।
ਪਰ ਹਾਲ ਹੀ ਵਿੱਚ, ਟਰੰਪ ਦੀ ਪਰਵਾਸ ਨੀਤੀ ਵਿੱਚ ਬਦਲਾਅ ਕਾਰਨ ਇਹ ਵੀਜ਼ਾ ਹਾਸਲ ਕਰਨਾ ਕਾਫੀ ਔਖਾ ਹੋ ਗਿਆ ਹੈ।
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਉਹ ਕਿਹੜੇ ਵੀਜ਼ਾ ਹਨ ਜੋ ਅਮਰੀਕੀ ਸਰਕਾਰ ਦਿੰਦੀ ਹੈ ਜੋ ਤੁਹਾਡਾ ਅਮਰੀਕਾ ਵੱਸਣ ਦਾ ਸੁਫ਼ਨਾ ਸਾਕਾਰ ਕਰ ਸਕਦਾ ਹੈ।
ਇਸ ਕਤਾਰ ਵਿੱਚ ਓ-1 ਵੀਜ਼ਾ ਦੇ ਨਾਲ-ਨਾਲ ਐੱਲ-1 ਵੀਜ਼ਾ ਅਤੇ ਈਬੀ-5 ਵੀਜ਼ਾ ਵੀ ਚਰਚਾ ਵਿੱਚ ਹੈ।
ਓ-1 ਵੀਜ਼ਾ, ਐੱਚ-1ਬੀ ਜਾਂ ਈਬੀ-5 ਵੀਜ਼ਾ ਤੋਂ ਕਿਵੇਂ ਵਖ਼ਰਾ ਵੀਜ਼ਾ ਹੈ, ਐੱਲ-1 ਵੀਜ਼ਾ ਕਿੰਨਾ ਮਦਦਗਾਰ ਹੋ ਸਕਦਾ ਹੈ, ਕੀ ਪਰਵਾਸ ਦੇ ਮੌਜੂਦਾ ਸਿਆਸੀ ਹਾਲਾਤ ਵਿੱਚ ਅਜਿਹੇ ਵੀਜ਼ਾ ਤੁਹਾਡੇ ਲਈ ਲਾਹੇਵੰਦ ਸਾਬਤ ਹੋ ਸਕਦੇ ਹਨ।
ਅੱਜ ਇਸ ਰਿਪੋਰਟ ਵਿੱਚ ਗੱਲ ਇਨ੍ਹਾਂ ਵੀਜ਼ਾ ਬਾਰੇ ਹੀ ਕਰਾਂਗੇ ਅਤੇ ਜਾਣਾਂਗੇ ਕਿ ਇਸ ਨੂੰ ਕਿਵੇਂ ਅਪਲਾਈ ਕੀਤਾ ਜਾਂਦਾ ਹੈ ਅਤੇ ਇਹ ਕਿਹੜੇ ਲੋਕਾਂ ਨੂੰ ਮਿਲਦੇ ਹਨ।
ਓ-1 ਵੀਜ਼ਾ ਕੀ ਹੈ
ਯੂਐੱਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਸਿਜ਼ ਦੀ ਵੈੱਬਸਾਈਟ ਦੇ ਮੁਤਾਬਕ, ਓ-1 ਇੱਕ ਨੌਨ ਇਮੀਗ੍ਰੈਂਟ ਵੀਜ਼ਾ ਹੈ। ਨੌਨ ਇਮੀਗ੍ਰੈਂਟ ਵੀਜ਼ਾ ਯਾਨਿ ਇਸ ਵੀਜ਼ਾ ਰਾਹੀਂ ਤੁਸੀਂ ਅਮਰੀਕਾ ਦੇ ਵਿੱਚ ਕਿਸੇ ਖ਼ਾਸ ਪ੍ਰੋਜੈਕਟ ਅਤੇ ਵਕਤ ਲਈ ਦਾਖ਼ਲ ਹੋ ਸਕਦੇ ਹੋ, ਪਰ ਇਹ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਸ ਦੇਵੇ, ਇਹ ਜ਼ਰੂਰੀ ਨਹੀਂ।
ਇਹ ਵੀਜ਼ਾ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਵਿਗਿਆਨ, ਆਰਟਸ, ਐਜੂਕੇਸ਼ਨ, ਬਿਜ਼ਨਸ ਜਾਂ ਅਥਲੈਟਿਕਸ ਵਿੱਚ ਵੱਖਰਾ ਮੁਕਾਮ ਹਾਸਲ ਕੀਤਾ ਹੋਵੇ। ਇਹ ਵੀਜ਼ਾ ਉਨ੍ਹਾਂ ਲੋਕਾਂ ਨੂੰ ਵੀ ਮਿਲ ਸਕਦਾ ਹੈ ਜਿਨ੍ਹਾਂ ਨੇ ਮੋਸ਼ਨ ਪਿਕਚਰਜ਼ ਜਾਂ ਟੈਲੀਵਿਜ਼ਨ ਇੰਡਸਟਰੀ ਵਿੱਚ ਕੌਮੀ ਜਾਂ ਕੌਮਾਂਤਰੀ ਪੱਧਰ ਉੱਤੇ ਵੱਖਰਾ ਮੁਕਾਮ ਹਾਸਲ ਕੀਤਾ ਹੋਵੇ।
ਯਾਨਿ ਓ-1 ਵੀਜ਼ਾ ਨੂੰ ਹਾਸਲ ਕਰਨ ਲਈ ਤੁਹਾਡੇ ਕੋਲ ਵਿਲੱਖਣ ਉਪਲਬਧੀ ਜਾਂ ਯੋਜਨਾ ਹੋਣਾ ਜ਼ਰੂਰੀ ਹੈ। ਅੰਗਰੇਜ਼ੀ ਵਿੱਚ ਕਹੀਏ ਤਾਂ ਤੁਹਾਨੂੰ 'ਐਕਸਟਰਾਓਰਡਨਰੀ ਐਬੀਲਿਟੀ' ਸਾਬਤ ਕਰਨੀ ਪਵੇਗੀ।
ਪਰ ਤੁਸੀਂ ਇਸ ਵੀਜ਼ਾ ਲਈ ਖ਼ੁਦ ਪਟੀਸ਼ਨ ਨਹੀਂ ਦੇ ਸਕਦੇ। ਇਸ ਦੇ ਲਈ ਏਜੰਟ (ਇਮੀਗ੍ਰੇਸ਼ਨ ਲਾਇਰ) ਜਾਂ ਇੰਪਲੋਇਰ ਦੀ ਲੋੜ ਰਹਿੰਦੀ ਹੈ।
ਦਰਅਸਲ ਓ-1 ਵੀਜ਼ਾ ਦੋ ਤਰ੍ਹਾਂ ਦੇ ਹੁੰਦੇ ਹਨ – ਓ-1ਏ ਅਤੇ ਓ-1ਬੀ।
ਓ-1 ਏ - ਇਹ ਵੀਜ਼ਾ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਵਿਗਿਆਨ, ਆਰਟਸ, ਐਜੂਕੇਸ਼ਨ, ਬਿਜ਼ਨਸ ਜਾਂ ਅਥਲੈਟਿਕਸ ਵਿੱਚ ਕੁਝ ਵੱਖਰਾ ਕੀਤਾ ਹੋਵੇ।
ਓ-1 ਬੀ - ਇਹ ਵੀਜ਼ਾ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਮੋਸ਼ਨ ਪਿਕਚਰਜ਼ ਜਾਂ ਟੈਲੀਵੀਜ਼ਨ ਇੰਡਸਟ੍ਰੀ ਵਿੱਚ ਕੌਮੀ ਜਾਂ ਕੌਮਾਂਤਰੀ ਪੱਧਰ ਉੱਤੇ ਵੱਖਰਾ ਮੁਕਾਮ ਹਾਸਲ ਕੀਤਾ ਹੋਵੇ। ਇਸ ਤੋਂ ਇਲਾਵਾ ਵੀ ਓ ਕੈਟੇਗਰੀ ਵਿੱਚ ਦੋ ਹੋਰ ਤਰ੍ਹਾਂ ਦੇ ਵੀਜ਼ਾ ਹੁੰਦੇ ਹਨ।
ਓ-2 - ਇਹ ਵੀਜ਼ਾ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦਾ ਕਿਸੇ ਓ-1 ਵੀਜ਼ਾ ਹਾਸਲ ਕਰਨ ਵਾਲੇ ਆਰਟਿਸਟ ਜਾਂ ਐਥਲੀਟ ਦੀ ਮਦਦ ਲਈ ਆਉਣਾ ਜ਼ਰੂਰੀ ਹੁੰਦਾ ਹੈ।
ਓ-3 - ਇਹ ਵੀਜ਼ਾ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜੋ ਓ-1 ਜਾਂ ਓ-2 ਵੀਜ਼ਾ ਹੋਲਡਰਜ਼ ਦੇ ਸਪਾਊਸ ਜਾਂ ਬੱਚੇ ਹੋਣ।
ਹੁਣ ਜਾਣਦੇ ਹਾਂ ਕਿ ਕੌਣ-ਕੌਣ ਹਾਸਲ ਕਰ ਸਕਦਾ ਹੈ?
ਓ-1 ਵੀਜ਼ਾ ਲੈਣ ਲਈ ਤੁਹਾਨੂੰ ਕੌਮੀ ਜਾਂ ਕੌਮਾਂਤਰੀ ਪੱਧਰ ਉੱਤ ਕਿਸੇ ਖ਼ਾਸ ਫ਼ੀਲਡ ਵਿੱਚ ਹਾਸਲ ਕੀਤੀ ਵਿਲੱਖਣ ਯੋਗਤਾ ਨੂੰ ਪੇਸ਼ ਕਰਨਾ ਪਵੇਗਾ।
ਇਸ ਦੇ ਲਈ ਵਿਗਿਆਨ, ਸਿੱਖਿਆ, ਵਪਾਰ ਜਾਂ ਐਥਲੈਟਿਕਸ ਦੀ ਫੀਲਡ ਵਿੱਚ ਤੁਹਾਨੂੰ ਆਪਣੇ ਵਿਲੱਖਣ ਹੁਨਰ ਨੂੰ ਸਾਬਤ ਕਰਨਾ ਪਵੇਗਾ। ਤੁਹਾਨੂੰ ਇਹ ਸਾਬਤ ਕਰਨਾ ਪਵੇਗਾ ਕਿ ਤੁਸੀਂ ਇਸ ਖੇਤਰ ਵਿੱਚ ਉਨ੍ਹਾਂ ਕੁਝ ਲੋਕਾਂ ਵਿੱਚ ਸ਼ਾਮਲ ਹੋ, ਜਿਨ੍ਹਾਂ ਨੇ ਵਿਲੱਖਣ ਉਪਲਬਧੀਆਂ ਨੂੰ ਹਾਸਲ ਕੀਤਾ ਹੈ।
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਕੁਝ ਵੱਖਰਾ ਹਾਸਲ ਕਰਨ ਦਾ ਕੀ ਮਤਲਬ ਹੈ।
ਯੂਐੱਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਸਿਜ਼ ਦੀ ਵੈੱਬਸਾਈਟ ਦੇ ਮੁਤਾਬਕ, ਕਲਾ ਦੇ ਖੇਤਰ ਵਿੱਚ ਐਕਸਟਰਾ ਆਰਡੇਨਿਰੀ ਦਾ ਮਤਲਬ ਹੈ ਵਿਲੱਖਣਤਾ। ਯਾਨਿ ਕਲਾ ਦੇ ਖੇਤਰ ਵਿੱਚ ਵੱਡੇ ਪੱਧਰ ਦੀ ਉਪਲਬਧੀ ਨੂੰ ਹਾਸਲ ਕਰਨਾ। ਇਸ ਦਾ ਪੈਮਾਨਾ ਇਸ ਤਰ੍ਹਾਂ ਮਾਪਿਆ ਜਾ ਸਕਦਾ ਹੈ ਕਿ ਤੁਸੀਂ ਕਲਾ ਦੇ ਖੇਤਰ ਵਿੱਚ ਕਿੰਨੇ ਪ੍ਰਮੁੱਖ, ਪ੍ਰਸਿੱਧ ਅਤੇ ਮੋਹਰੀ ਹੋ। ਤੁਸੀਂ ਉਸ ਖੇਤਰ ਦਾ ਕਿੰਨਾ ਵੱਡਾ ਚਿਹਰਾ ਹੋ।
ਇਸੇ ਤਰ੍ਹਾਂ ਓ-2 ਵੀਜ਼ਾ ਹਾਸਲ ਕਰਨ ਲਈ ਤੁਹਾਨੂੰ ਇਹ ਸਾਬਤ ਕਰਨਾ ਪਵੇਗਾ ਕਿ ਇਹ ਸ਼ਖ਼ਸ ਓ-1 ਵੀਜ਼ਾ ਧਾਰਕ ਦੀ ਪਰਫਾਰਮੈਂਸ ਅਤੇ ਉਪਲਬਧੀ ਲਈ ਕਿੰਨਾ ਜ਼ਰੂਰੀ ਹੈ
ਕਿਵੇਂ ਕਰੀਏ ਅਪਲਾਈ
ਯੂਐੱਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਸਿਜ਼ ਦੀ ਵੈੱਬਸਾਈਟ ਦੇ ਮੁਤਾਬਕ, ਤੁਹਾਨੂੰ ਸਭ ਤੋਂ ਪਹਿਲਾਂ ਫਾਰਮ ਆਈ-129, ਪਟੀਸ਼ਨ ਫੌਰ ਅ ਨੌਨ-ਇਮੀਗ੍ਰੈਂਟ ਵਰਕਰ ਭਰਨਾ ਪਵੇਗਾ ਅਤੇ ਉਸ ਵਿੱਚ ਤੁਹਾਡੀ ਯੋਗਤਾਵਾਂ ਦੇ ਸਾਰੇ ਦਸਤਾਵੇਜ਼ ਨਾਲ ਲਗਾਉਣੇ ਪੈਣਗੇ। ਐਪਲੀਕੇਸ਼ਨ ਸਮੇਂ ਸਿਰ ਪ੍ਰੋਸੈੱਸ ਹੋ ਪਾਵੇ, ਇਸ ਲਈ ਕੋਸ਼ਿਸ਼ ਕਰੋ ਕਿ ਤੁਹਾਡਾ ਕੰਮ ਸ਼ੁਰੂ ਹੋਣ ਤੋਂ ਘੱਟੋ-ਘੱਟ 45 ਦਿਨ ਪਹਿਲਾਂ ਤੁਸੀਂ ਵੀਜ਼ਾ ਲਈ ਅਪਲਾਈ ਕਰ ਦਿਓ।
ਇੱਕ ਵਾਰ ਪਟੀਸ਼ਨ ਮਨਜ਼ੂਰ ਹੋਣ ਤੋਂ ਬਾਅਦ, ਤੁਸੀਂ ਯੂਐੱਸ ਅਬੈਂਸੀ ਜਾਂ ਕੰਸੂਲੇਟ ਵਿੱਚ ਵੀਜ਼ਾ ਲਈ ਅਪਲਾਈ ਕਰ ਸਕਦੇ ਹੋ। ਡਿਪਾਰਟਮੇਂਟ ਆਫ਼ ਸਟੇਟਸ ਵੱਲੋਂ ਤੁਹਾਡੀ ਐਪਲੀਕੇਸ਼ਨ ਨੂੰ ਪ੍ਰੋਸੈੱਸ ਕੀਤਾ ਜਾਂਦਾ ਹੈ।
ਇਮੀਗ੍ਰੇਸ਼ਨ ਫਰਮ ਜੀਆਈਈਸੀ ਦੇ ਕੰਟਰੀ ਹੈੱਡ ਸ਼ੁਭਮ ਸਿੰਘ ਦੱਸਦੇ ਹਨ, “ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਪਟੀਸ਼ਨ ਉੱਤੇ ਸੋਚ-ਸਮਝ ਕੇ ਕੰਮ ਕਰੀਏ। ਤੁਹਾਨੂੰ ਅਜਿਹੇ ਸਾਰੇ ਦਸਤਾਵੇਜ਼ ਜਾਂ ਸਬੂਤ ਦੇਣੇ ਪੈਣਗੇ ਜੋ ਇਹ ਸਾਬਿਤ ਕਰ ਸਕਣ ਕਿ ਤੁਹਾਡੀ ਉਪਲਬਧੀ ਅਸਲ ਵਿੱਚ ਵਿਲੱਖਣ ਹੈ।”
ਇਸ ਤੋਂ ਇਲਾਵਾ ਪਟੀਸ਼ਨ ਵਿੱਚ ਭਾਸ਼ਾ, ਦਸਤਾਵੇਜ਼ਾਂ ਅਤੇ ਪ੍ਰੇਜ਼ੇਨਟੇਸ਼ਨ ਦਾ ਖ਼ਾਸ ਧਿਆਨ ਰੱਖਣਾ ਪਵੇਗਾ। ਤੁਹਾਡੇ ਵੱਲੋਂ ਕੀਤੇ ਗਏ ਸਾਰੇ ਕੰਮ ਦਾ ਬਿਓਰਾ ਵਿਸਥਾਰ ਵਿੱਚ ਦੇਣਾ ਪਵੇਗਾ।
ਇਸ ਪੂਰੇ ਪ੍ਰੋਸੈੱਸ ਵਿੱਚ ਢਾਈ ਤੋਂ ਤਿੰਨ ਮਹੀਨੇ ਲੱਗ ਸਕਦੇ ਹਨ।
ਜੇਕਰ ਗੱਲ ਵੀਜ਼ਾ ਫੀਸ ਦੀ ਕਰੀਏ ਤਾਂ ਉਹ ਤੁਹਾਡੇ ਕੇਸ ਉੱਤੇ ਅਧਾਰਿਤ ਹੁੰਦੀ ਹੈ।
ਕਿਹੜੇ ਦਸਤਾਵੇਜ਼ ਤੁਹਾਡੀ ਪਟੀਸ਼ਨ ਨੂੰ ਮਜ਼ਬੂਤ ਕਰ ਸਕਦੇ ਹਨ
ਹੁਣ ਤੁਹਾਡੀ ਉਪਲਬਧੀ ਕਿੰਨੀ ਵਿਲੱਖਣ ਅਤੇ ਫਾਇਦੇਮੰਦ ਸਾਬਤ ਹੋ ਸਕਦੀ ਹੈ, ਇਸ ਲਈ ਤੁਹਾਨੂੰ ਕਈ ਤਰ੍ਹਾਂ ਦੇ ਦਸਤਾਵੇਜ਼ ਦੇਣੇ ਪੈਣਗੇ –
ਕੌਮੀ ਜਾਂ ਕੌਮਾਂਤਰੀ ਪੱਧਰ ਉੱਤੇ ਹਾਸਲ ਕੀਤੇ ਗਏ ਐਵਾਰਡਜ਼
ਕਈ ਤਰ੍ਹਾਂ ਦੇ ਡਾਕਟਰੇਟ ਖੋਜ ਨਿਬੰਧ ਪੁਰਸਕਾਰ (Certain doctoral dissertation awards) ਅਤੇ ਸਕਾਲਰਸ਼ਿਪ
ਰਾਸ਼ਟਰੀ ਜਾਂ ਕੌਮਾਂਤਰੀ ਪੱਧਰ 'ਤੇ ਮਾਨਤਾ ਪ੍ਰਾਪਤ ਕਾਨਫਰੰਸਾਂ ਵਿੱਚ ਪੇਸ਼ਕਾਰੀਆਂ ਨੂੰ ਮਾਨਤਾ ਦੇਣ ਵਾਲੇ ਕੁਝ ਪੁਰਸਕਾਰ ਜਾਂ ਸਰਟੀਫਿਕੇਟਸ
ਕੌਮੀ ਜਾਂ ਕੌਮਾਂਤਰੀ ਪੱਧਰ ਉੱਤੇ ਹਾਸਲ ਮੈਂਬਰਸ਼ਿਪਜ਼
ਮੀਡੀਆ ਪਬਲੀਕੇਸ਼ਨਜ਼
ਓ-1 ਵੀਜ਼ਾ ਦੀ ਮਿਆਦ
ਅਕਸਰ ਅਮਰੀਕਾ ਓ-1 ਵੀਜ਼ਾ 3 ਸਾਲ ਤੱਕ ਦੀ ਸਮੇਂ ਸੀਮਾ ਲਈ ਜਾਰੀ ਕਰਦਾ ਹੈ। ਇਹ ਸਮੇਂ-ਸੀਮਾ 3 ਸਾਲ ਤੋਂ ਘੱਟ ਵੀ ਹੋ ਸਕਦੀ ਹੈ, ਇਸ ਸਭ ਅਧਾਰਿਤ ਹੈ ਕਿ ਤੁਸੀਂ ਉਸ ਖ਼ਾਸ ਖੇਤਰ ਵਿੱਚ ਉਸ ਸਮੇਂ ਅਜਿਹਾ ਕੀ ਕਰ ਰਹੇ ਹੋ।
ਪਰ ਇਹ ਮਿਆਦ 3 ਸਾਲਾਂ ਤੋਂ ਵਧਾਈ ਵੀ ਜਾ ਸਕਦੀ ਹੈ। ਤੁਹਾਨੂੰ ਇਸ ਦੇ ਲਈ USCIS ਵਿੱਚ ਹੇਠਾਂ ਲਿਖੇ ਦਸਤਾਵੇਜ਼ ਦੇਣੇ ਪੈਣਗੇ –
ਫਾਰਮ ਆਈ-129, ਪਟੀਸ਼ਨ ਫੌਰ ਅ ਨੌਨ-ਇਮੀਗ੍ਰੈਂਟ ਵਰਕਰ
ਫਾਰਮ ਆਈ-94, ਦੇਸ਼ ਵਿੱਚ ਦਾਖ਼ਲ ਹੋਣ ਅਤੇ ਜਾਣ ਦੇ ਰਿਕਾਰਡ
ਤੁਹਾਡੀ ਮਿਆਦ ਕਿਉਂ ਵਧਾਈ ਜਾਵੇ, ਇਸ ਬਾਰੇ ਸਟੇਟਮੈਂਟ
ਤੁਹਾਡੇ ਸਪਾਊਸ ਅਤੇ ਬੱਚਿਆਂ ਲਈ ਵੀ ਫਾਰਮ ਆਈ-539 ਭਰਨਾ ਪਵੇਗਾ।
ਐੱਲ-1 ਵੀਜ਼ਾ ਕੀ ਹੈ
ਦਹਾਕਿਆਂ ਤੋਂ ਮਲਟੀਨੈਸ਼ਨਲ ਫਰਮਾਂ ਐੱਲ-1 ਵੀਜ਼ਾ ਰਾਹੀਂ ਆਪਣੇ ਸਟਾਫ ਨੂੰ ਓਵਰਸੀਜ਼ ਜਾਂ ਅਮਰੀਕਾ ਦੇ ਦਫ਼ਤਰਾਂ ਵਿੱਚ ਭੇਜਦੀ ਹੈ।
ਐੱਲ-1 ਵੀਜ਼ਾ ਵੀ ਇੱਕ ਨੌਨ ਇਮੀਗ੍ਰੈਂਟ ਵੀਜ਼ਾ ਹੈ ਜੋ ਕਿ ਕੰਪਨੀਆਂ ਆਪਣੇ ਸਟਾਫ ਨੂੰ ਵੱਖ-ਵੱਖ ਦੇਸ਼ਾਂ ਦੀਆਂ ਬ੍ਰਾਂਚਾਂ ਵਿੱਚ ਟ੍ਰਾਂਸਫਰ ਕਰਨ ਲਈ ਵਰਤਦੀਆਂ ਹਨ। ਇਸ ਤਹਿਤ ਇਹ ਜ਼ਰੂਰੀ ਹੈ ਕਿ ਵਰਕਰ ਉਸ ਮਲਟੀਨੈਸ਼ਨਲ ਕੰਪਨੀ ਦੀ ਪੇਰੇਂਟ ਬ੍ਰਾਂਚ, ਸਬਸੀਡਰੀ ਜਾਂ ਉਸ ਨਾਲ ਸਬੰਧਤ ਕੰਪਨੀ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਘੱਟੋ-ਘੱਟ ਇੱਕ ਸਾਲ ਤੋਂ ਲਗਾਤਾਰ ਕੰਮ ਕਰਦਾ ਹੋਵੇ। ਉਸ ਦਾ ਉਸ ਕੰਪਨੀ ਵਿੱਚ ਐਗਜ਼ੈਕਟਿਵ ਜਾਂ ਮੈਨੀਜੇਰੀਅਲ ਰੋਲ (ਐੱਲ-1 ਏ) ਜਾਂ ਸਪੈਸ਼ਲਾਈਜ਼ਡ ਰੋਲ (ਐੱਲ-1ਬੀ) ਹੋਣਾ ਜ਼ਰੂਰੀ ਹੈ। ਇਸ ਵਿੱਚ ਪਟੀਸ਼ਨ ਸਿਰਫ਼ ਕੰਪਨੀ ਵੱਲੋਂ ਪਾਈ ਜਾ ਸਕਦੀ ਹੈ, ਨਾ ਕਿ ਉਸ ਸ਼ਖ਼ਸ ਵੱਲੋਂ।
ਇਸ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਜੇਕਰ ਤੁਸੀਂ ਭਾਰਤ ਵਿੱਚ ਕਿਸੇ X ਕੰਪਨੀ ਨਾਲ ਇੱਕ ਸਾਲ ਤੋਂ ਕੰਮ ਕਰ ਰਹੇ ਹੋ ਤਾਂ ਤੁਸੀਂ ਅਮਰੀਕਾ ਦੀ ਉਸੇ X ਕੰਪਨੀ ਵਿੱਚ ਸਵਿੱਚ ਕਰ ਸਕਦੇ ਹੋ ਪਰ ਤੁਸੀਂ Y ਜਾਂ Z ਕੰਪਨੀ ਵਿੱਚ ਨਹੀਂ ਜਾ ਸਕਦੇ।
ਇਸ ਵੀਜ਼ਾ ਦੀ ਮਿਆਦ 1 ਸਾਲ ਤੋਂ 3 ਸਾਲ ਹੋ ਸਕਦੀ ਹੈ ਅਤੇ ਜ਼ਰੂਰਤ ਅਨੁਸਾਰ 2 ਸਾਲਾਂ ਦੀ ਐਕਸਟੈਨਸ਼ਨ ਮਿਲ ਸਕਦੀ ਹੈ।
ਅਮਰੀਕਾ ਦਾ ਮੌਜੂਦਾ ਈਬੀ-5 ਵੀਜ਼ਾ ਪ੍ਰੋਗਰਾਮ ਕੀ ਹੈ?
ਮੌਜੂਦਾ ਸਮੇਂ ਵਿੱਚ ਜੇਕਰ ਵਿਦੇਸ਼ੀ ਨਿਵੇਸ਼ਕ ਅਮਰੀਕੀ ਗ੍ਰੀਨ ਕਾਰਡ ਚਾਹੁੰਦੇ ਹਨ, ਤਾਂ ਉਨ੍ਹਾਂ ਲਈ ਈਬੀ-5 ਪਰਵਾਸੀ ਨਿਵੇਸ਼ਕ ਵੀਜ਼ਾ ਪ੍ਰੋਗਰਾਮ ਮੌਜੂਦ ਹੈ।
1990 ਵਿੱਚ ਅਮਰੀਕੀ ਕਾਂਗਰਸ ਨੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਈਬੀ-5 ਵੀਜ਼ਾ ਪ੍ਰੋਗਰਾਮ ਸ਼ੁਰੂ ਕੀਤਾ ਸੀ।
ਈਬੀ-5 ਵੀਜ਼ਾ ਪ੍ਰੋਗਰਾਮ ਉਨ੍ਹਾਂ ਲੋਕਾਂ ਲਈ ਹੈ ਜੋ ਅਮਰੀਕਾ ਵਿੱਚ ਘੱਟੋ-ਘੱਟ 10 ਲੋਕਾਂ ਲਈ ਨੌਕਰੀਆਂ ਪੈਦਾ ਕਰਨ ਲਈ ਤਕਰੀਬਨ 10 ਲੱਖ ਡਾਲਰ ਦਾ ਨਿਵੇਸ਼ ਕਰਦੇ ਹਨ।
ਇਸ ਪ੍ਰੋਗਰਾਮ ਦੇ ਤਹਿਤ, ਨਿਵੇਸ਼ਕਾਂ ਨੂੰ ਉਨ੍ਹਾਂ ਦੇ ਨਿਵੇਸ਼ ਬਦਲੇ ਤੁਰੰਤ ਗ੍ਰੀਨ ਕਾਰਡ ਪ੍ਰਾਪਤ ਹੁੰਦੇ ਹਨ। ਜਦਕਿ ਜ਼ਿਆਦਾਤਰ ਗ੍ਰੀਨ ਕਾਰਡ ਬਿਨੈਕਾਰਾਂ ਨੂੰ ਸਥਾਈ ਨਿਵਾਸ ਲਈ ਕਈ ਮਹੀਨਿਆਂ ਤੋਂ ਕਈ ਸਾਲਾਂ ਤੱਕ ਉਡੀਕ ਕਰਨੀ ਪੈਂਦੀ ਹੈ।
ਅਮਰੀਕੀ ਵਿਦੇਸ਼ ਵਿਭਾਗ ਮੁਤਾਬਕ ਈਬੀ-5 ਪ੍ਰੋਗਰਾਮ ਪ੍ਰਤੀ ਸਾਲ 10,000 ਵੀਜ਼ਾ ਤੱਕ ਹੀ ਦਿੱਤੇ ਜਾਂਦੇ ਹਨ, ਜਿਸ ਵਿੱਚ 3,000 ਵੀਜ਼ਾ ਉਨ੍ਹਾਂ ਨਿਵੇਸ਼ਕਾਂ ਲਈ ਰਾਖਵੇਂ ਹਨ ਜੋ ਉੱਚ-ਬੇਰੁਜ਼ਗਾਰੀ ਵਾਲੇ ਖੇਤਰਾਂ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ।
ਭਾਰਤੀਆਂ ਵਿੱਚ ਈਬੀ-5 ਵੀਜ਼ਾ ਦਾ ਰੁਝਾਨ
ਅਮਰੀਕਾ ਦੇ ਈਬੀ-5 ਵੀਜ਼ਾ ਦੀ ਮੰਗ ਸਭ ਤੋਂ ਜ਼ਿਆਦਾ ਚੀਨ ਅਤੇ ਦੂਜੇ ਨੰਬਰ ਉੱਤੇ ਭਾਰਤ ਤੋਂ ਆਉਂਦੀ ਹੈ।
ਆਈਆਈਯੂਐੱਸਏ (ਇਨਵੈੱਸਟ ਇਨ ਯੂਨਾਈਟਿਡ ਸਟੇਟਸ ਆਫ਼ ਅਮੇਰਿਕਾ) ਵੱਲੋਂ ਸਾਂਝੇ ਕੀਤੇ ਗਏ ਡਾਟਾ ਦੇ ਮੁਤਾਬਕ, ਭਾਰਤੀ ਨਾਗਰਿਕਾਂ ਵਿੱਚ ਈਬੀ-5 ਵੀਜ਼ਾ ਦੀ ਮੰਗ ਲਗਾਤਾਰ ਵੱਧ ਰਹੀ ਹੈ।
ਜੇਕਰ ਸਾਲ 2014 ਤੋਂ ਸਾਲ 2024 ਦੇ ਅੰਕੜਿਆਂ ਵੱਲ ਦੇਖੀਏ ਤਾਂ ਸਭ ਤੋਂ ਜ਼ਿਆਦਾ ਸਾਲ 2024 ਵਿੱਚ ਇਸ ਦੀ ਮੰਗ ਵਿੱਚ ਵਾਧਾ ਦੇਖਿਆ ਗਿਆ ਹੈ।
ਸਾਲ 2024 ਵਿੱਚ 1428 ਭਾਰਤੀ ਨਾਗਰਿਕਾਂ ਨੂੰ ਈਬੀ-5 ਵੀਜ਼ਾ ਜਾਰੀ ਕੀਤੇ ਗਏ ਸਨ ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ।
ਇਸ ਤੋਂ ਪਹਿਲਾਂ ਇੱਕ ਵਾਰ ਸਾਲ 2022 ਵਿੱਚ ਵੀ ਇੱਕ ਉਛਾਲ ਦੇਖਿਆ ਗਿਆ ਸੀ ਜਦੋਂ 1381 ਈਬੀ-5 ਵੀਜ਼ਾ ਭਾਰਤੀ ਨਾਗਰਿਕਾਂ ਨੂੰ ਮਿਲੇ। ਸਾਲ 2023 ਵਿੱਚ ਕੁੱਲ 815 ਈਬੀ-5 ਵੀਜ਼ਾ ਜਾਰੀ ਕੀਤੇ ਗਏ।
ਇਸ ਤੋਂ ਪਿਛਲੇ ਸਾਲਾਂ ਵਿੱਚ ਇਹ ਗਿਣਤੀ ਕਾਫੀ ਘੱਟ ਸੀ।
ਸਾਲ 2014 ਵਿੱਚ 96, ਸਾਲ 2015 ਵਿੱਚ 111, ਸਾਲ 2016 ਵਿੱਚ 149, ਸਾਲ 2017 ਵਿੱਚ 174, ਸਾਲ 2018 ਵਿੱਚ 585, ਸਾਲ 2019 ਵਿੱਚ 760, ਸਾਲ 2020 ਵਿੱਚ 613, ਸਾਲ 2021 ਵਿੱਚ 211 ਈਬੀ-5 ਵੀਜ਼ਾ ਭਾਰਤੀ ਨਾਗਰਿਕਾਂ ਨੂੰ ਦਿੱਤੇ ਗਏ।
ਯੂਐੱਸਸੀਆਈਐੱਸ ਵੱਲੋਂ ਜਾਰੀ ਕੀਤਾ ਗਿਆ ਤਾਜ਼ਾ ਅੰਕੜਾ ਦਿਖਾਉਂਦਾ ਹੈ ਕਿ ਇਹ ਮੰਗ ਲਗਾਤਾਰ ਵੱਧ ਰਹੀ ਹੈ।
ਆਈਆਈਯੂਐੱਸਏ ਦੇ ਡਾਇਰੈਕਟਰ ਆਫ਼ ਪਾਲਿਸੀ ਰਿਸਰਚ ਅਤੇ ਡਾਟਾ ਐਨਾਲਿਸਟ ਲੀ ਲਾਏ ਦੇ ਮੁਤਾਬਕ, ਈਬੀ-5 ਵੀਜ਼ਾ ਪੀਆਰ ਹਾਸਲ ਕਰਨ ਦਾ ਈਬੀ-2 ਅਤੇ ਈਬੀ-3 ਵੀਜ਼ਾ ਦੀ ਤੁਲਨਾ ਵਿੱਚ ਸਭ ਤੋਂ ਤੇਜ਼ ਰਸਤਾ ਹੈ। ਈਬੀ-2 ਅਤੇ ਈਬੀ-3 ਵੀਜ਼ਾ ਲਈ ਭਾਰਤੀ ਨਾਗਰਿਕਾਂ ਦਾ ਵੱਡਾ ਬੈਕਲੌਗ ਪਹਿਲਾਂ ਹੀ ਖੜ੍ਹਾ ਹੈ।
ਕੀ ਇਹ ਵੀਜ਼ਾ ਬਿਹਤਰ ਬਦਲ ਹੋ ਸਕਦਾ ਹੈ
ਇਮੀਗ੍ਰੇਸ਼ਨ ਫਰਮ ਜੀਆਈਈਸੀ ਦੇ ਕੰਟਰੀ ਹੈੱਡ ਸ਼ੁਭਮ ਸਿੰਘ ਦੱਸਦੇ ਹਨ ਕਿ ਓ-1 ਵੀਜ਼ਾ ਤੁਹਾਡੇ ਪਰਮਾਨੈਂਟ ਵੀਜ਼ਾ ਦਾ ਰਾਹ ਪੱਧਰਾ ਕਰ ਸਕਦਾ ਹੈ।
ਉਹ ਦੱਸਦੇ ਹਨ ਕਿ ਐੱਚ-1ਬੀ ਜਾਂ ਈਬੀ-5 ਵਰਗੇ ਵੀਜ਼ਾ ਦੇ ਮੁਕਾਬਲੇ ਇਹ ਜਲਦੀ ਮਿਲ ਜਾਂਦਾ ਹੈ।
ਇਸ ਤੋਂ ਇਲਾਵਾ ਇਹ ਇੱਕ ਨੌਨ ਕੈਪਡ-ਵੀਜ਼ਾ ਹੁੰਦਾ ਹੈ ਯਾਨਿ ਵੀਜ਼ਾ ਉੱਤੇ ਕੋਈ ਕੈਪ ਨਹੀਂ ਹੁੰਦੀ ਕਿ ਹਰ ਸਾਲ ਕਿੰਨੇ ਵੀਜ਼ਾ ਜਾਰੀ ਕੀਤੇ ਜਾਣਗੇ। ਇਹ ਸਾਲ ਵਿੱਚ ਕਿਸੇ ਵੀ ਵਕਤ ਅਪਲਾਈ ਕੀਤੇ ਜਾ ਸਕਦੇ ਹਨ ਅਤੇ ਇਸ ਲਈ ਕੋਈ ਲਾਟਰੀ ਸਿਸਟਮ ਨਹੀਂ ਹੁੰਦਾ।
ਇਮੀਗ੍ਰੇਸ਼ਨ ਮਾਹਰ ਕਹਿੰਦੇ ਹਨ ਕਿ ਓ-1 ਵੀਜ਼ਾ ਇੱਕ ਚੰਗਾ ਬਦਲ ਹੋ ਸਕਦਾ ਹੈ। ਇਸ ਨੂੰ ਹਾਸਲ ਕਰਨਾ ਬਹੁਤ ਸੌਖਾ ਨਹੀਂ ਹੈ ਪਰ ਔਖਾ ਵੀ ਨਹੀਂ ਹੈ। ਤੁਸੀਂ ਆਪਣੀ ਪ੍ਰੋਫਾਈਲ ਨੂੰ ਹੌਲੀ-ਹੌਲੀ ਕਰਕੇ ਕਾਫੀ ਮਜ਼ਬੂਤ ਕਰ ਸਕਦੇ ਹੋ। ਮਾਹਰਾਂ ਨਾਲ ਗੱਲ ਕਰਕੇ ਤੁਸੀਂ ਬਿਹਤਰ ਦਸਤਾਵੇਜ਼ ਹਾਸਲ ਕਰ ਸਕਦੇ ਹੋ ਬਸ਼ਰਤੇ ਤੁਹਾਡੀਆਂ ਉਪਲਬਧੀਆਂ ਵਿਲੱਖਣ ਹੋਣ।
ਇੰਡੀਅਨ ਐਕਸਪ੍ਰੈਸ ਨਾਲ ਗੱਲਬਾਤ ਕਰਦਿਆਂ ਟੈਕਸਾਸ ਦੇ ਅਟੌਰਨੀ ਚੰਦ ਪਰਵਾਥਨੇਨੀ ਕਹਿੰਦੇ ਹਨ, "ਐੱਲ-1 ਵੀਜ਼ਾ ਦਾ ਰਿਜੈਕਸ਼ਨ ਰੇਟ ਹਾਲਾਂਕਿ ਐੱਚ-1ਬੀ ਵੀਜ਼ਾ ਤੋਂ ਜ਼ਿਆਦਾ ਹੈ ਤਾਂ ਜੋ ਕੋਈ ਇਸ ਦਾ ਗਲਤ ਫਾਇਦਾ ਨਾ ਚੁੱਕ ਸਕੇ। ਇਸ ਲਈ ਖ਼ਾਸ ਤਰ੍ਹਾਂ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ। ਸਪੈਸ਼ਲਾਈਜ਼ਡ ਵਰਕਰਜ਼ ਨੂੰ ਹੀ ਇਹ ਵੀਜ਼ਾ ਮਿਲਦੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ