ਪਰਵਾਸੀਆਂ ਖ਼ਿਲਾਫ਼ ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਸਣੇ ਵੱਖ-ਵੱਖ ਦੇਸ਼ਾਂ 'ਚ ਮੁਜ਼ਾਹਰੇ ਕਿਉਂ ਹੋ ਰਹੇ ਹਨ, ਜਾਣੋ ਇਨ੍ਹਾਂ ਦੇ 5 ਸਾਂਝੇ ਨੁਕਤੇ

    • ਲੇਖਕ, ਜਸਪਾਲ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਬ੍ਰਿਟੇਨ ਤੇ ਯੂਰਪ ਦੇ ਹੋਰ ਦੇਸ਼ਾਂ ਵਿੱਚ ਪਰਵਾਸੀਆਂ ਖਿਲਾਫ਼ ਵੱਡੇ ਪੱਧਰ ਉੱਤੇ ਰੋਸ ਪ੍ਰਦਰਸ਼ਨ ਹੋਏ ਅਤੇ ਸ਼ਾਇਦ ਇਸ ਸੂਚੀ ਵਿੱਚ ਹੋਰ ਦੇਸ਼ਾਂ ਦੇ ਨਾਮ ਵੀ ਜੁੜ ਜਾਣ।

ਇਨ੍ਹਾਂ ਰੋਸ ਮੁਜ਼ਾਹਰਿਆਂ ਵਿੱਚ ਹਿੱਸਾ ਲੈ ਰਹੇ ਲੋਕਾਂ ਦੀ ਮੰਗ ਹੈ ਕਿ ਪਰਵਾਸ ਤੇ ਪਰਵਾਸੀਆਂ ਨੂੰ ਰੋਕਿਆ ਜਾਵੇ।

ਇਹ ਉਹੀ ਦੇਸ਼ ਨੇ ਜਿਨ੍ਹਾਂ ਨੇ ਪਿਛਲੇ ਕੁਝ ਦਹਾਕਿਆਂ ਵਿੱਚ ਮੁੱਖ ਤੌਰ ਉੱਤੇ ਪਰਵਾਸੀਆਂ ਲਈ ਉਦਾਰਵਾਦੀ ਨੀਤੀਆਂ ਅਪਣਾਈਆਂ ਤੇ ਵੱਡੀ ਗਿਣਤੀ ਵਿੱਚ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਆਪਣੇ ਦੇਸ਼ ਦੀ ਨਾਗਰਿਕਤਾ ਦਿੱਤੀ।

ਇਹੀ ਨਹੀਂ ਕਿ ਸਿਰਫ਼ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਸਭ ਕੁਝ ਦਿੱਤਾ ਗਿਆ। ਪਰਵਾਸੀਆਂ ਨੇ ਵੀ ਇਨ੍ਹਾਂ ਵਿਕਸਿਤ ਦੇਸ਼ਾਂ ਦੇ ਅਰਥਚਾਰੇ ਦੀ ਮਜ਼ਬੂਤੀ ਵਿੱਚ ਅਹਿਮ ਭੂਮਿਕਾ ਨਿਭਾਈ।

ਇਨ੍ਹਾਂ ਦੇਸ਼ਾਂ ਵਿੱਚ ਅਜਿਹੇ ਲੋਕ ਵੀ ਹਨ ਜੋ ਪਰਵਾਸੀਆਂ ਦੀ ਹਮਾਇਤ ਵਿੱਚ ਵੀ ਹਨ ਪਰ ਹੁਣ ਦੁਨੀਆਂ ਦੇ ਇਨ੍ਹਾਂ ਵੱਡੇ ਤੇ ਵਿਕਸਿਤ ਦੇਸ਼ਾਂ ਵਿੱਚ ਪਰਵਾਸੀਆਂ ਖ਼ਿਲਾਫ਼ ਅਵਾਜ਼ ਬੁਲੰਦ ਹੋਣ ਲੱਗੀ ਹੈ।

ਇਸ ਰਿਪੋਰਟ ਵਿੱਚ ਅਸੀਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਪਰਵਾਸੀਆਂ ਖ਼ਿਲਾਫ਼ ਹੁੰਦੇ ਮੁਜ਼ਾਹਰਿਆਂ ਦੇ ਉਹ ਤਾਰ ਸਮਝਣ ਦੀ ਕੋਸ਼ਿਸ਼ ਕਰਾਂਗੇ ਜੋ ਇਨ੍ਹਾਂ ਨੂੰ ਆਪਸ ਵਿੱਚ ਜੋੜਦੇ ਹਨ। ਪਹਿਲਾਂ ਸੰਖੇਪ ਵਿੱਚ ਜਾਣਦੇ ਹਾਂ ਕਿ ਰੋਸ ਪ੍ਰਦਰਸ਼ਨ ਦਾ ਸਰੂਪ ਕਿਹੜੇ ਦੇਸ਼ ਵਿੱਚ ਕਿਹੋ ਜਿਹਾ ਰਿਹਾ ਹੈ।

ਕਿਹੜੇ ਦੇਸ਼ਾਂ ਵਿੱਚ ਹੋਏ ਵੱਡੇ ਮੁਜ਼ਾਹਰੇ

31 ਅਗਸਤ ਨੂੰ ਆਸਟ੍ਰੇਲੀਆ ਵਿੱਚ ਦੇਸ਼ ਭਰ ਵਿੱਚ ਪਰਵਾਸ ਵਿਰੋਧੀ ਰੈਲੀਆਂ ਦੌਰਾਨ ਸੜਕਾਂ 'ਤੇ ਉੱਤਰੇ।

'ਮਾਰਚ ਫ਼ਾਰ ਆਸਟ੍ਰੇਲੀਆ' ਨਾਮ ਹੇਠ ਸਿਡਨੀ, ਮੈਲਬਰਨ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਹੋਈਆਂ ਰੈਲੀਆਂ 'ਚ ਪ੍ਰਦਰਸ਼ਨਕਾਰੀਆਂ ਨੇ ਆਸਟ੍ਰੇਲੀਆ ਦੇ ਝੰਡੇ ਅਤੇ ਹੱਥਾਂ ਵਿੱਚ ਪਰਵਾਸ ਵਿਰੋਧੀ ਬੈਨਰ ਫੜੇ ਹੋਏ ਸਨ।

ਹਾਲਾਂਕਿ, ਆਸਟ੍ਰੇਲੀਆ ਦੀ ਸਰਕਾਰ ਨੇ ਇਨ੍ਹਾਂ ਮੁਜ਼ਾਹਰਿਆਂ ਦੀ ਇਹ ਕਹਿੰਦਿਆਂ ਨਿੰਦਾ ਕੀਤੀ ਕਿ ਇਹ ਮੁਜ਼ਾਹਰਾਕਾਰੀ 'ਨਫ਼ਰਤ ਫੈਲਾਉਣਾ ਚਾਹੁੰਦੇ' ਹਨ ਅਤੇ ਇਨ੍ਹਾਂ ਦੇ 'ਨੀਓ ਨਾਜ਼ੀ ਗਰੁੱਪਾਂ' ਨਾਲ ਸਬੰਧ ਹਨ।

ਜੂਨ 2025 ਵਿੱਚ ਨਿਊਜ਼ੀਲੈਂਡ ਵਿੱਚ ਵੀ ਅਜਿਹੇ ਮੁਜ਼ਾਹਰੇ ਹੋਏ। ਨਿਊਜ਼ੀਲੈਂਡ ਵਿੱਚ ਕੱਟੜਪੰਥੀ ਧਾਰਮਿਕ ਆਗੂ ਬ੍ਰਾਇਨ ਤਾਮਾਕੀ ਦੀ ਅਗਵਾਈ ਵਿੱਚ ਪਰਵਾਸੀਆਂ ਖ਼ਿਲਾਫ਼ ਇੱਕ ਵਿਰੋਧ ਪ੍ਰਦਰਸ਼ਨ ਵਿੱਚ ਹਿੰਦੂ ਧਰਮ ਅਤੇ ਬੁੱਧ ਧਰਮ ਸਮੇਤ ਕਈ ਧਰਮਾਂ ਦੇ ਝੰਡੇ ਸਾੜੇ ਗਏ।

ਹਾਕਾ ਕਰਦੇ ਹੋਏ, ਪ੍ਰਦਰਸ਼ਨਕਾਰੀਆਂ ਨੇ ਪਰਵਾਸੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਇਆ। ਨਿਊਜ਼ੀਲੈਂਡ ਦੇ ਨੇਤਾਵਾਂ ਨੇ ਹਮਲੇ ਦੀ ਨਿੰਦਾ ਕੀਤੀ ਹੈ।

13 ਸਤੰਬਰ ਨੂੰ ਕੈਨੇਡਾ ਦੇ ਟੋਰੰਟੋ ਵਿੱਚ ਬਲੂਰ ਸਟਰੀਟ ਡਬਲਯੂ ਅਤੇ ਕ੍ਰਿਸਟੀ ਸਟਰੀਟ ਦੇ ਕੋਨੇ 'ਤੇ ਪਾਰਕ ਵਿੱਚ ਭੀੜ ਇਕੱਠੀ ਹੋਈ, ਜਿਸ ਨੂੰ 'ਕੈਨੇਡਾ ਫਸਟ ਪੈਟ੍ਰਿਅਟ ਰੈਲੀ' ਕਿਹਾ ਜਾਂਦਾ ਹੈ। ਇੱਕ ਇੰਸਟਾਗ੍ਰਾਮ ਪੋਸਟ ਵਿੱਚ ਇਸਦੇ ਪ੍ਰਬੰਧਕਾਂ ਨੇ ਕਿਹਾ ਕਿ ਉਹ "ਵੱਡੇ ਪੱਧਰ 'ਤੇ ਇਮੀਗ੍ਰੇਸ਼ਨ" ਨੂੰ ਰੋਕਣ ਦੀ ਮੰਗ ਕਰ ਰਹੇ ਹਨ।

ਪਰਵਾਸੀ ਭਾਈਚਾਰਿਆਂ ਲਈ ਸਮਰਥਨ ਦਿਖਾਉਣ ਦੇ ਉਦੇਸ਼ ਨਾਲ ਖੇਤਰ ਵਿੱਚ ਇੱਕ ਜਵਾਬੀ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਉਸ ਵੇਲੇ ਹਜ਼ਾਰਾਂ ਲੋਕ ਪਾਰਕ ਵਿੱਚ ਸਨ।

ਇਸ ਕਰਕੇ ਉਸ ਸਮੇਂ ਤਣਾਅ ਦੇ ਹਾਲਾਤ ਬਣੇ ਸਨ।

ਅਮਰੀਕਾ ਵਿੱਚ ਤਾਂ ਸਮੇਂ-ਸਮੇਂ ਉੱਤੇ ਪਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢੇ ਜਾਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਹੁੰਦੇ ਰਹੇ ਹਨ। ਰਾਸ਼ਟਰਪਤੀ ਡੌਨਲਡ ਟਰੰਪ ਤਾਂ ਗ਼ੈਰ-ਕਾਨੂੰਨੀ ਪਰਵਾਸੀਆਂ ਖ਼ਿਲਾਫ਼ ਕਾਫੀ ਖੁੱਲ੍ਹ ਕੇ ਬੋਲਦੇ ਰਹੇ ਹਨ।

ਲੰਡਨ ਵਿੱਚ 13 ਸਤੰਬਰ ਨੂੰ ਪਰਵਾਸੀਆਂ ਖ਼ਿਲਾਫ਼ ਹੋਏ ਮੁਜ਼ਾਹਰਿਆਂ ਨੇ ਤਾਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਨੂੰ ਯੂਕੇ ਦਾ ਸਭ ਤੋਂ ਵੱਡਾ ਪਰਵਾਸੀਆਂ ਖ਼ਿਲਾਫ਼ ਮੁਜ਼ਾਹਰਾ ਕਰਾਰ ਦਿੱਤਾ ਗਿਆ।

ਸੱਜੇ-ਪੱਖੀ ਕਾਰਕੁਨ ਟੌਮੀ ਰੌਬਿਨਸਨ ਵੱਲੋਂ ਪ੍ਰਬੰਧਿਤ 'ਯੂਨਾਈਟ ਦਿ ਕਿੰਗਡਮ' ਮਾਰਚ ਲਈ 1,10,000 ਤੋਂ ਵੱਧ ਲੋਕ ਕੇਂਦਰੀ ਲੰਡਨ ਵਿੱਚ ਇਕੱਠੇ ਹੋਏ।

ਦੁਨੀਆਂ ਦੇ ਵੱਡੇ ਮੁਲਕਾਂ ਵਿੱਚ ਇੱਕੋ ਮੁੱਦੇ 'ਤੇ ਹੀ ਇੰਨੇ ਵੱਡੇ ਪੱਧਰ ਉੱਤੇ ਰੋਸ ਮੁਜ਼ਾਹਰੇ ਹੋ ਰਹੇ ਹਨ। ਇਨ੍ਹਾਂ ਵਿੱਚ ਕੁਝ ਗੱਲਾਂ ਸਾਂਝੀਆਂ ਹਨ ਜੋ ਇਸ ਪੂਰੇ ਮਸਲੇ ਨੂੰ ਹੋਰ ਦਿਲਚਸਪ ਬਣਾਉਂਦੀਆਂ ਹਨ।

1. ਪਰਵਾਸੀਆਂ ਨੂੰ ਆਰਥਿਕ ਦਿੱਕਤਾਂ ਤੇ ਨੌਕਰੀਆਂ ਦੀ ਘਾਟ ਦਾ ਕਾਰਨ ਦੱਸਣਾ

ਪਰਵਾਸੀ ਵਿਰੋਧੀ ਇਕੱਠ ਹੋਣ ਪਿੱਛੇ ਅਸਥਿਰਤਾ ਨੂੰ ਸਭ ਤੋਂ ਮੁੱਖ ਅਧਾਰ ਬਣਾਇਆ ਜਾਂਦਾ ਹੈ।

ਜਦੋਂ ਮੰਦੀ ਦਾ ਦੌਰ ਚੱਲਦਾ ਹੈ ਤਾਂ ਬੇਰੁਜ਼ਗਾਰੀ, ਘਰਾਂ ਦੀ ਘਾਟ ਲਈ ਪਰਵਾਸੀਆਂ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਸਥਾਨਕ ਲੋਕਾਂ ਨੂੰ ਮੁਕਾਬਲਾ ਦਿੰਦਿਆਂ ਦਰਸਾਇਆ ਜਾਂਦਾ ਹੈ।

ਇਨ੍ਹਾਂ ਮੁਲਕਾਂ ਦੇ ਮੁਜ਼ਾਹਰਿਆਂ ਵਿੱਚ ਅਜਿਹੇ ਨਾਅਰੇ ਲਗਾਏ ਗਏ ਜਿਵੇਂ 'ਪਰਵਾਸੀ ਸਥਾਨਕ ਲੋਕਾਂ ਦੀਆਂ ਨੌਕਰੀਆਂ ਲੈ ਰਹੇ ਹਨ', 'ਭਲਾਈ ਕਾਰਜਾਂ ਉੱਤੇ ਦਬਾਅ ਪਾ ਰਹੇ ਹਨ' ਜਾਂ 'ਪਰਵਾਸੀ ਸਥਾਨਕ ਲੋਕਾਂ ਲਈ ਘਰਾਂ ਦੀ ਦਿੱਕਤ ਪੈਦਾ ਕਰਦੇ ਹਨ।'

ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਸਕੂਲ ਆਫ ਸੋਸ਼ਲ ਸਾਇੰਸਿਸ ਦੇ ਸੈਂਟਰ ਫਾਰ ਪੌਲੀਟਿਕਲ ਸਟੱਡੀਜ਼ ਵਿੱਚ ਸੁਧੀਰ ਕੁਮਾਰ ਸੁਥਾਰ ਅਸਿਸਟੈਂਟ ਪ੍ਰੋਫੈਸਰ ਹਨ। ਸੁਧੀਰ ਇੰਟਰਨੈਸ਼ਨਲ ਪੌਲਿਟਿਕਸ ਤੇ ਕਿਸਾਨੀ ਮੁਹਿੰਮ ਤੇ ਪੌਲਿਟਿਕਸ ਵਰਗੇ ਵਿਸ਼ੇ ਪੜ੍ਹਾਉਂਦੇ ਹਨ।

ਸੁਧੀਰ ਕੁਮਾਰ ਨੂੰ ਜਦੋਂ ਪੁੱਛਿਆ ਕਿ, ਕੀ ਇਹ ਮੁਜ਼ਾਹਰੇ ਦੇਸ਼ਾਂ ਦੀਆਂ ਸਥਾਨਕ ਸਮੱਸਿਆਵਾਂ ਕਾਰਨ ਹਨ ਜਾਂ ਇਹ ਗਲੋਬਰ ਪੱਧਰ ਉੱਤੇ ਫੈਲੀ ਸੱਜੇਪੱਖੀ ਸੋਚ ਕਰਕੇ ਹਨ ਤਾਂ ਉਹ ਕਹਿੰਦੇ, "ਇਹ ਦੋਵਾਂ ਦਾ ਮਿਸ਼ਰਨ ਹੈ। ਦਰਅਸਲ 1970-80 ਤੋਂ ਬਾਅਦ ਇੱਕ ਸੋਚ ਬਣੀ ਕਿ ਸਮਾਜਿਕ ਭਲਾਈ ਵੱਲ ਧਿਆਨ ਦੇਣਾ ਚਾਹੀਦਾ ਹੈ। 1990ਵਿਆਂ ਦੀ ਸ਼ੁਰੂਆਤ ਵਿੱਚ ਇਹ ਟਰੈਂਡ ਉਲਟਾ ਹੋਣ ਲੱਗਿਆ।"

"ਜਦੋਂ ਡਬਲਿਊਟੀਓ ਦਾ ਗਠਨ ਹੋਇਆ, ਫ੍ਰੀ ਟ੍ਰੇਡ ਦੀ ਗੱਲ ਹੋਈ ਤਾਂ ਸਾਰੇ ਦੇਸ਼ਾਂ ਨੇ ਇਸ ਬਾਰੇ ਸਹਿਮਤੀ ਜਤਾਈ ਕਿ ਹੌਲੀ-ਹੌਲੀ ਫ੍ਰੀ ਟਰੇਡ ਨੂੰ ਪ੍ਰਮੋਟ ਕੀਤਾ ਜਾਵੇ। ਇਸ ਦੇ ਨਾਲ ਹੀ ਇਹ ਵੀ ਤੈਅ ਹੋਇਆ ਕਿ ਕਿਸਾਨੀ ਜਾਂ ਸਨਅਤਾਂ ਨੂੰ ਜੋ ਸਰਕਾਰੀ ਮਦਦ ਹੈ ਉਸ ਨੂੰ ਹੌਲੀ-ਹੌਲੀ ਘੱਟ ਕੀਤਾ ਜਾਵੇ।"

ਉਨ੍ਹਾਂ ਨੇ ਕਿਹਾ, "1990 ਦੇ ਦਹਾਕੇ ਵਿੱਚ ਇਹ ਵੀ ਦੇਖਿਆ ਗਿਆ ਕਿ ਭਾਰਤ, ਅਫਰੀਕਾ, ਏਸ਼ੀਆ ਤੇ ਹੋਰ ਦੇਸ਼ਾਂ ਤੋਂ ਲੋਕਾਂ ਦੇ ਪਰਵਾਸ ਦਾ ਟਰੈਂਡ ਸ਼ੁਰੂ ਹੋਇਆ। ਇਨ੍ਹਾਂ ਦੇਸ਼ਾਂ ਦੀ ਸਿੱਖਿਆ ਹਾਸਲ ਕਰ ਚੁੱਕੀ ਅਬਾਦੀ ਵਿਕਸਿਤ ਦੇਸ਼ਾਂ ਵੱਲ ਜਾਣਾ ਸ਼ੁਰੂ ਹੋ ਗਈ। ਉਨ੍ਹਾਂ ਦੇਸ਼ਾਂ ਵਿੱਚ ਵੀ ਕਾਮਿਆਂ ਦੀ ਕਾਫੀ ਮੰਗ ਸੀ।"

"ਹੁਣ ਜਦੋਂ ਇੱਕ ਵੱਡੇ ਤਬਕੇ ਦੀਆਂ ਸਮਾਜਿਕ ਭਲਾਈ ਦੀਆਂ ਸਕੀਮਾਂ ਘੱਟ ਹੋਣੀਆਂ ਸ਼ੁਰੂ ਹੋਈਆਂ, ਸਨਅਤ ਦਾ ਵਿਸਥਾਰ ਹੋਇਆ ਤੇ ਪਰਵਾਸੀਆਂ ਦੀ ਅਬਾਦੀ ਵਧੀ ਤਾਂ ਸੱਜੇਪੱਖੀ ਵਰਗ ਵੱਲੋਂ ਇਹ ਸਿਆਸੀ ਤੌਰ ਉੱਤੇ ਦਰਸਾਇਆ ਗਿਆ ਕਿ ਇਹ ਸਭ ਇਸ ਲਈ ਹੋ ਰਿਹਾ ਹੈ ਕਿਉਂਕਿ ਪਰਵਾਸੀਆਂ ਕਾਰਨ ਸਰੋਤਾਂ ਉੱਤੇ ਦਬਾਅ ਪੈ ਰਿਹਾ ਹੈ ਤੇ ਸਰਕਾਰ ਸਮਾਜਿਕ ਭਲਾਈ ਦੇ ਕਾਰਜ ਨਹੀਂ ਕਰ ਰਹੀ।"

ਡਾਕਟਰ ਸਹਾਨਾ ਊਦੁਪਾ ਜਰਮਨੀ ਦੇ ਮਿਊਨਿਕ ਵਿੱਚ ਸਥਿਤ ਯੂਨੀਵਰਸਿਟੀ, ਐੱਲਐੱਮਯੂ ਵਿੱਚ ਮੀਡੀਆ ਐਂਥਰੋਪੌਲਜੀ ਦੀ ਪ੍ਰੋਫੈਸਰ ਹਨ।

ਉਹ ਕਹਿੰਦੇ ਹਨ, "ਪਰਵਾਸ ਦੀਆਂ ਨੀਤੀਆਂ ਅਤੇ ਪਰਵਾਸੀਆਂ ਵਿਰੁੱਧ ਹੋਣ ਵਾਲੇ ਪ੍ਰਦਰਸ਼ਨ ਪੱਛਮੀ ਦੇਸ਼ਾਂ ਵਿੱਚ ਵਧ ਰਹੀਆਂ ਸੱਜੇਪੱਖੀ ਚਰਚਾਵਾਂ ਤੋਂ ਬਹੁਤ ਹੱਦ ਤੱਕ ਪ੍ਰਭਾਵਿਤ ਹੁੰਦੇ ਹਨ।"

"ਪਰਵਾਸੀ ਵਿਰੋਧੀ ਭਾਵਨਾਵਾਂ ਦਾ ਜਨਮ ਅਕਸਰ ਇੱਕ ਪੀੜਤ ਹੋਣ ਦੇ ਅਹਿਸਾਸ ਤੋਂ ਹੁੰਦਾ ਹੈ ਕਿ ਇਹ ਪਰਵਾਸੀ ਬਿਨਾਂ ਹੱਕ ਦੇ ਉਨ੍ਹਾਂ ਭਲਾਈ ਕਾਰਜਾਂ ਦਾ ਲਾਹਾ ਅਤੇ ਆਰਥਿਕ ਲਾਭ ਲੈ ਰਹੇ ਹਨ, ਜਿਨ੍ਹਾਂ ਉੱਤੇ "ਸਥਾਨਕ ਲੋਕਾਂ" ਦਾ ਹੱਕ ਬਣਦਾ ਹੈ ਤੇ ਇੱਕ ਡਰ ਦੇ ਅਹਿਸਾਸ ਤੋਂ ਕਿ ਪਰਵਾਸੀ ਰਾਸ਼ਟਰੀ ਸੱਭਿਆਚਾਰ ਅਤੇ ਸੁਰੱਖਿਆ ਲਈ ਖ਼ਤਰਾ ਬਣਦੇ ਹਨ।"

2. ਪਰਵਾਸੀਆਂ ਤੋਂ ਪਛਾਣ ਖ਼ਤਮ ਹੋਣ ਦਾ ਡਰ

ਅਰਥਚਾਰੇ ਤੋਂ ਇਲਾਵਾ ਇਨ੍ਹਾਂ ਪਰਵਾਸੀਆਂ ਖ਼ਿਲਾਫ਼ ਹੁੰਦੇ ਮੁਜ਼ਾਹਰਿਆਂ ਪਿੱਛੇ ਇੱਕ ਹੋਰ ਡਰ ਹੈ, ਉਹ ਹੈ ਕਿ ਇਨ੍ਹਾਂ ਕਰਕੇ ਸੱਭਿਆਚਾਰ ਅਤੇ ਦੇਸ਼ ਦੀ ਅਸਲ ਪਛਾਣ ਦਾ ਘਾਣ ਹੋ ਰਿਹਾ ਹੈ।

ਮੁਜ਼ਾਹਰਾ ਕਰਨ ਵਾਲੇ ਲੋਕ ਅਕਸਰ ਪਰਵਾਸ ਨੂੰ ਦੇਸ਼ ਦੇ ਸੱਭਿਆਚਾਰ, ਧਰਮ, ਭਾਸ਼ਾ ਅਤੇ ਰਿਵਾਇਤਾਂ ਲਈ ਖ਼ਤਰਾ ਮੰਨਦੇ ਹਨ।

ਪਰਵਾਸੀਆਂ ਖ਼ਿਲਾਫ਼ ਅਜਿਹੇ ਮੁਜ਼ਾਹਰੇ ਕਿਸੇ ਮੁਲਕ ਦੇ ਸੱਭਿਆਚਾਰ ਜਾਂ ਪਛਾਣ ਦੀ ਰੱਖਿਆ ਕਰਨ ਦੇ ਇਰਾਦਿਆਂ ਉੱਤੇ ਕੇਂਦਰਿਤ ਕਿਉਂ ਹੁੰਦੇ ਹਨ, ਇਸ ਬਾਰੇ ਸੁਧੀਰ ਕੁਮਾਰ ਕਹਿੰਦੇ ਹਨ, "ਗਲੋਬਲ ਪੱਧਰ ਉੱਤੇ ਸੱਭਿਆਚਾਰ ਅਤੇ ਪਛਾਣ ਉੱਤੇ ਆਧਾਰਿਤ ਰਾਸ਼ਟਰਵਾਦ ਨੇ ਬਾਕੀ ਸਿਆਸੀ ਮੁੱਦਿਆਂ ਉੱਤੇ ਹੁੰਦੀ ਸਿਆਸਤ ਨੂੰ ਪਿੱਛੇ ਧੱਕ ਦਿੱਤਾ ਹੈ।"

"ਨਸਲ ਤੇ ਰਾਸ਼ਟਰਵਾਦ ਦੀ ਸਿਆਸਤ ਦੇ ਨਾਲ-ਨਾਲ ਇੱਕ ਹੋਰ ਸਿਆਸਤ ਵੀ ਨਾਲ ਜੁੜ ਜਾਂਦੀ ਹੈ ਉਹ ਹੈ ਮਹਾਨਤਾ ਦੀ ਸਿਆਸਤ।

ਸੁਧੀਰ ਕੁਮਾਰ ਸੁਥਾਰ ਹਾਲ ਹੀ ਵਿੱਚ ਲੰਡਨ ਵਿੱਚ ਹੋਏ ਮੁਜ਼ਾਹਰਿਆਂ ਵੇਲੇ ਉੱਥੇ ਮੌਜੂਦ ਸਨ।

ਉਸ ਤਜਰਬੇ ਬਾਰੇ ਉਹ ਦੱਸਦੇ ਹਨ, "ਮੈਂ ਵੇਖਿਆ ਕਿ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਵਾਲੇ ਕਈ ਲੋਕ ਇਹ ਕਹਿ ਰਹੇ ਸਨ ਕਿ ਬ੍ਰਿਟੇਨ ਕਿਸੇ ਵੇਲੇ ਮਹਾਨ ਹੋਇਆ ਕਰਦਾ ਸੀ ਤੇ ਇੱਕ ਵਾਰ ਮੁੜ ਇਸ ਨੂੰ ਮਹਾਨ ਬਣਾਉਣਾ ਹੈ।"

"ਇਹ ਭਾਵਨਾ ਤੁਹਾਨੂੰ ਹਰ ਸਮਾਜ ਤੇ ਹਰ ਦੇਸ਼ ਵਿੱਚ ਦਿਖਾਈ ਦੇਵੇਗੀ। ਇਹ ਮਹਾਨਤਾ ਨੂੰ ਪ੍ਰਭਾਸ਼ਿਤ ਕਰਨ ਦਾ ਵਿਗੜਿਆ ਰੂਪ ਹੈ ਅਤੇ ਜਦੋਂ ਇਹ ਰਾਸ਼ਟਰਵਾਦ ਨਾਲ ਮਿਲ ਜਾਂਦਾ ਹੈ ਤਾਂ ਕਾਫੀ ਖ਼ਤਰਨਾਕ ਹੋ ਜਾਂਦਾ ਹੈ।"

ਡਾਕਟਰ ਸਹਾਨਾ ਊਦੁਪਾ ਇਸ ਬਾਰੇ ਕਹਿੰਦੇ ਹਨ, "ਸੱਜੇਪੱਖੀ ਚਰਚਾਵਾਂ ਦਾਅਵਾ ਕਰਦੀਆਂ ਹਨ ਕਿ ਉਹ ਰਾਸ਼ਟਰੀ ਸੱਭਿਆਚਾਰ ਅਤੇ ਪਛਾਣ ਦੀ ਰੱਖਿਆ ਕਰਨ ਦੇ ਮਿਸ਼ਨ ਨਾਲ ਪ੍ਰੇਰਿਤ ਹਨ। ਇਸਨੂੰ ਅਸੀਂ "ਸੱਭਿਆਚਾਰਕ ਨਸਲਵਾਦ" ਵਜੋਂ ਵੇਖ ਸਕਦੇ ਹਾਂ ਜੋ ਸੱਭਿਆਚਾਰਕ ਇਕਸਾਰਤਾ ਦੇ ਵਿਚਾਰਾਂ ਅਤੇ ਇਨ੍ਹਾਂ ਧਾਰਨਾਵਾਂ ਦੇ ਆਧਾਰ 'ਤੇ ਪਰਵਾਸੀਆਂ ਨੂੰ ਬਾਹਰ ਕੱਢਣ ਨੂੰ ਜਾਇਜ਼ ਠਹਿਰਾਉਂਦਾ ਹੈ ਕਿ ਪਰਵਾਸੀ ਸੱਭਿਆਚਾਰਕ ਤੌਰ 'ਤੇ ਕਾਬਿਲ ਨਹੀਂ ਹਨ। ਪਰ ਇਸ ਤਰ੍ਹਾਂ ਦਾ ਸੱਭਿਆਚਾਰਕ ਨਸਲਵਾਦ ਅਕਸਰ ਜੈਵਿਕ ਨਸਲਵਾਦ ਨਾਲ ਵੀ ਜੁੜਿਆ ਹੁੰਦਾ ਹੈ, ਭਾਵੇਂ ਇਹ ਖੁੱਲ੍ਹ ਕੇ ਪ੍ਰਗਟ ਨਾ ਕੀਤਾ ਗਿਆ ਹੋਵੇ।"

3. ਮੀਡੀਆ ਅਤੇ ਸਿਆਸੀ ਆਗੂਆਂ ਵੱਲੋਂ ਹਵਾ ਦੇਣਾ

ਪਰਵਾਸੀਆਂ ਖਿਲਾਫ਼ ਵਿਰੋਧ ਪ੍ਰਦਰਸ਼ਨਾਂ ਵਿੱਚ ਮੀਡੀਆ ਤੇ ਸਿਆਸਤਦਾਨਾਂ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਇਹ ਤਕਰੀਬਨ ਅਜਿਹੇ ਹਰ ਰੋਸ ਮੁਜ਼ਾਹਰੇ ਵਿੱਚ ਦੇਖਿਆ ਗਿਆ ਹੈ ਕਿ ਮੀਡੀਆ ਰਾਹੀਂ ਤੇ ਰਾਜਨੀਤਿਕ ਆਗੂਆਂ ਦੇ ਇੱਕ ਵਰਗ ਵੱਲੋਂ ਪਰਵਾਸੀਆਂ ਖਿਲਾਫ਼ ਮੌਜੂਦ ਭਾਵਨਾ ਨੂੰ ਹਵਾ ਦਿੱਤੀ ਗਈ ਹੈ।

ਕਈ ਸਿਆਸੀ ਆਗੂ ਜਾਂ ਪਾਰਟੀਆਂ ਦਾ ਉਭਾਰ ਕਈ ਵਾਰ ਅਜਿਹੇ ਮੁਜ਼ਾਹਰਿਆਂ ਦੇ ਸਿਰ ਉੱਤੇ ਹੁੰਦਾ ਹੈ।

ਸੁਧੀਰ ਕੁਮਾਰ ਕਹਿੰਦੇ ਹਨ, "ਮੀਡੀਆ ਦਾ ਰੋਲ ਅਜਿਹੇ ਮੁਜ਼ਾਹਰਿਆਂ ਨੂੰ ਹੁੰਗਾਰਾ ਦੇਣ ਵਿੱਚ ਕਾਫੀ ਅਹਿਮ ਹੁੰਦਾ ਹੈ। ਇਸ ਦੇ ਵਿੱਚ ਕਈ ਵਾਰ ਮੀਡੀਆ ਤੇ ਸਨਅਤਕਾਰਾਂ ਵਿਚਾਲੇ ਗਠਜੋੜ ਵੀ ਦੇਖਿਆ ਗਿਆ ਹੈ।"

"ਜਦੋਂ ਵੀ ਮੁਫਤ ਵਪਾਰ ਨੂੰ ਹੁੰਗਾਰਾ ਮਿਲਦਾ ਹੈ ਤਾਂ ਸਥਾਨਕ ਸਨਅਤ ਨੂੰ ਮਿਲਣ ਵਾਲੀ ਮਦਦ ਵੀ ਘੱਟ ਹੋ ਜਾਂਦੀ ਹੈ। ਇਸ ਸੂਰਤੇਹਾਲ ਵਿੱਚ ਸਥਾਨਕ ਸਨਅਤਕਾਰ ਚਾਹੁੰਦੇ ਹਨ ਕਿ ਨਵੀਂ ਨੀਤੀ ਲੈ ਕੇ ਆਈ ਜਾਵੇ ਅਤੇ ਉਨ੍ਹਾਂ ਨੂੰ ਰਿਆਇਤਾਂ ਮਿਲਦੀਆਂ ਰਹਿਣ।"

"ਅਜਿਹਾ ਉਦੋਂ ਹੋਵੇਗਾ ਜਦੋਂ ਇੱਕ ਨਵਾਂ ਬਿਰਤਾਂਤ ਸਿਰਜਿਆ ਜਾਵੇ, ਜਿਵੇਂ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਕਿ ਸਥਾਨਕ ਵਪਾਰੀਆਂ ਨੂੰ ਮਦਦ ਇਸ ਲਈ ਨਹੀਂ ਮਿਲ ਰਹੀ ਕਿਉਂਕਿ ਪਰਵਾਸੀਆਂ ਨੂੰ ਵਸਾਉਣ ਕਾਰਨ ਸਰਕਾਰ ਉੱਤੇ ਵਾਧੂ ਬੋਝ ਪੈ ਰਿਹਾ ਹੈ। ਦੁਨੀਆਂ ਦੇ ਕਈ ਹਿੱਸਿਆਂ ਵਿੱਚ ਇਸ ਬਿਰਤਾਂਤ ਦੇ ਪੁਰਜ਼ੋਰ ਤਰੀਕੇ ਨਾਲ ਮੀਡੀਆ ਫੈਲਾਉਂਦਾ ਹੈ।"

4. ਪਰਵਾਸੀਆਂ ਨੂੰ ਸੁਰੱਖਿਆ ਤੇ ਜੁਰਮ ਲਈ ਜ਼ਿੰਮੇਵਾਰ ਮੰਨਣਾ

ਪਰਵਾਸੀਆਂ ਬਾਰੇ ਇੱਕ ਹੋਰ ਪੈਟਰਨ ਵੇਖਿਆ ਗਿਆ ਹੈ ਕਿ ਉਨ੍ਹਾਂ ਨੂੰ ਮੁਜਰਮਾਂ ਵਜੋਂ ਪੇਸ਼ ਕੀਤਾ ਜਾਂਦਾ ਹੈ ਤੇ ਇਹ ਦਿਖਾਇਆ ਜਾਂਦਾ ਹੈ ਕਿ ਸਮਾਜ ਵਿੱਚ ਵਧ ਰਹੇ ਜੁਰਮ ਲਈ ਉਹ ਜ਼ਿੰਮੇਵਾਰ ਹਨ।

ਡਾਕਟਰ ਸਹਾਨਾ ਊਦੁਪਾ ਕਹਿੰਦੇ ਹਨ, "ਪਰਵਾਸੀ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਸੰਬੰਧੀ ਚਿੰਤਾਵਾਂ ਲਈ ਇੱਕ ਆਸਾਨ ਹਵਾਲਾ ਬਣ ਜਾਂਦੇ ਹਨ।"

"ਪਰਵਾਸੀ ਪਿਛੋਕੜ ਵਾਲੇ ਲੋਕਾਂ ਨਾਲ ਸੰਬੰਧਿਤ ਅਪਰਾਧ ਦੀਆਂ ਘਟਨਾਵਾਂ ਨੂੰ ਇੰਝ ਪੇਸ਼ ਕੀਤਾ ਜਾਂਦਾ ਹੈ ਕਿ ਜਿਵੇਂ ਉਹ ਆਮ ਹੀ ਹੋਣ ਅਤੇ ਉਨ੍ਹਾਂ ਨੂੰ ਪਰਵਾਸੀ-ਹਮਾਇਤੀ ਨੀਤੀਆਂ ਦਾ ਅਟੱਲ ਨਤੀਜਾ ਦਰਸਾਇਆ ਜਾਂਦਾ ਹੈ।"

ਉਹ ਕਹਿੰਦੇ ਹਨ, "ਜੰਗ, ਪੈਸਿਆਂ ਦੀ ਕਮੀ ਅਤੇ ਕੋਵਿਡ ਕਾਰਨ ਲੋਕ ਹੋਰ ਜ਼ਿਆਦਾ ਤਣਾਅ ਅਤੇ ਡਰ ਵਿੱਚ ਆ ਗਏ। ਇਸ ਕਰਕੇ ਸਮਾਜ ਵਿੱਚ ਉਨ੍ਹਾਂ ਲਈ ਕਿਸੇ ਹੋਰ (ਖ਼ਾਸ ਕਰਕੇ ਪਰਵਾਸੀਆਂ) ਨੂੰ ਦੋਸ਼ ਦੇਣਾ ਹੋਰ ਵੀ ਆਸਾਨ ਹੋ ਗਿਆ ਹੈ।"

"ਦੂਜੇ ਪਾਸੇ ਦੁਨੀਆਂ ਵਿੱਚ ਕਈ ਕਿਸਮਾਂ ਦੇ ਅਪਰਾਧੀ ਹਨ ਜੋ ਵੱਡੇ ਅਪਰਾਧ ਕਰਦੇ ਹਨ ਅਤੇ ਜ਼ਿਆਦਾ ਨੁਕਸਾਨ ਕਰਦੇ ਹਨ। ਪਰ ਫਿਰ ਵੀ ਪਰਵਾਸੀਆਂ ਨੂੰ ਹੀ ਮੁੱਖ ਦੋਸ਼ੀ ਦਿਖਾਇਆ ਜਾਂਦਾ ਹੈ, ਜੋ ਹਕੀਕਤ ਨਾਲ ਮੇਲ ਨਹੀਂ ਖਾਂਦਾ।"

5. ਸੋਸ਼ਲ ਮੀਡੀਆ ਉੱਤੇ ਜ਼ੋਰਦਾਰ ਪ੍ਰੋਪੇਗੰਡਾ

ਸੋਸ਼ਲ ਮੀਡੀਆ ਅੱਜਕਲ੍ਹ ਪਰਵਾਸੀ ਵਿਰੋਧੀ ਪ੍ਰਦਰਸ਼ਨਾਂ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਰਿਹਾ ਹੈ। ਫੇਸਬੁੱਕ, ਟਵਿੱਟਰ, ਯੂਟਿਊਬ ਵਰਗੇ ਪਲੇਟਫਾਰਮਾਂ 'ਤੇ ਝੂਠੀਆਂ ਖ਼ਬਰਾਂ, ਅਫ਼ਵਾਹਾਂ ਅਤੇ ਡਰ ਪੈਦਾ ਕਰਨ ਵਾਲੇ ਸੁਨੇਹੇ ਤੇਜ਼ੀ ਨਾਲ ਫੈਲਾਏ ਜਾਂਦੇ ਹਨ। ਇਨ੍ਹਾਂ ਰਾਹੀਂ ਛੋਟੇ-ਛੋਟੇ ਗਰੁੱਪ ਇਕੱਠੇ ਹੋ ਕੇ ਵੱਡੇ ਪ੍ਰਦਰਸ਼ਨਾਂ ਦਾ ਰੂਪ ਧਾਰ ਲੈਂਦੇ ਹਨ।

ਡਾਕਟਰ ਸਹਾਨਾ ਊਦੁਪਾ ਕਹਿੰਦੇ ਹਨ, "ਸੋਸ਼ਲ ਮੀਡੀਆ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਵੱਖ-ਵੱਖ ਕਿਸਮ ਦੀਆਂ ਸ਼ਿਕਾਇਤਾਂ ਜਾਂ ਸ਼ਿਕਵਿਆਂ ਨੂੰ ਇਕੱਠਾ ਕਰਦਾ ਹੈ ਅਤੇ ਉਨ੍ਹਾਂ ਨੂੰ ਇਕੱਠਾ ਕਰਕੇ ਇਹੋ ਜਿਹਾ ਪ੍ਰਭਾਵ ਪੈਦਾ ਕਰਦਾ ਹੈ ਕਿ ਪਰਵਾਸੀਆਂ ਦੇ ਖ਼ਤਰੇ ਦੁਨੀਆਂ ਭਰ ਦੇ ਸਾਂਝੇ ਮਸਲੇ ਹਨ।"

ਡਾ. ਸੁਧੀਰ ਕੁਮਾਰ ਕਹਿੰਦੇ ਹਨ, "ਕਿਸੇ ਵੀ ਦੇਸ਼ ਦੇ ਜਿਹੜੇ ਮੂਲ ਨਿਵਾਸੀ ਹੁੰਦੇ ਹਨ ਉਨ੍ਹਾਂ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਉਹ ਵਧਦੀਆਂ ਜੁਰਮ ਦੀਆਂ ਵਾਰਦਾਤਾਂ ਲਈ ਪਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।"

"ਇਸ ਦੇ ਨਾਲ ਇਹ ਵੀ ਸਮਝਣਾ ਪਵੇਗਾ ਕਿ ਲੰਬੇ ਸਮੇਂ ਤੋਂ ਰਹਿ ਰਹੇ ਪਰਵਾਸੀ ਲੋਕ ਮੂਲ ਨਿਵਾਸੀਆਂ ਦੀ ਨੇੜਤਾ ਹਾਸਲ ਕਰਨ ਲਈ ਉਨ੍ਹਾਂ ਦੇ ਬਿਰਤਾਂਤ ਦੀ ਹਮਾਇਤ ਕਰਦੇ ਹਨ। ਉਹ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਉਨ੍ਹਾਂ ਦੀ ਪੀੜੀ ਤਾਂ ਬਹੁਤ ਹੀ ਸਮਝਦਾਰ, ਕਾਬਿਲ ਤੇ ਸਾਫ਼ ਅਕਸ ਵਾਲੀ ਸੀ, ਇਹ ਤਾਂ ਨਵੇਂ ਪਰਵਾਸੀ ਹਨ ਜੋ ਮਾਹੌਲ ਨੂੰ ਖ਼ਰਾਬ ਕਰ ਰਹੇ ਹਨ ਤੇ ਉਨ੍ਹਾਂ ਕਰਕੇ ਹੀ ਸਮੱਸਿਆਵਾਂ ਵਧ ਰਹੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)