You’re viewing a text-only version of this website that uses less data. View the main version of the website including all images and videos.
ਲੰਡਨ ਦੀਆਂ ਸੜਕਾਂ 'ਤੇ ਕਿਉਂ ਉਤਰੇ 1.5 ਲੱਖ ਲੋਕ, ਪਰਵਾਸੀਆਂ ਨਾਲ ਜੁੜਿਆ ਕੀ ਹੈ ਮਾਮਲਾ
- ਲੇਖਕ, ਥੌਮਸ ਮੈਕਿਨਟੋਸ਼
- ਰੋਲ, ਬੀਬੀਸੀ ਨਿਊਜ਼
ਸੈਂਟਰਲ ਲੰਡਨ ਵਿੱਚ ਰੋਸ-ਮੁਜ਼ਾਹਰੇ ਦੌਰਾਨ ਹੋਈ ਹਿੰਸਾ ਵਿੱਚ 26 ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਹਨ। ਇਹ ਮੁਜ਼ਾਹਰਾ ਸੱਜੇ-ਪੱਖੀ ਕਾਰਕੁਨ ਟੌਮੀ ਰੌਬਿਨਸਨ ਦੁਆਰਾ ਆਯੋਜਿਤ ਕੀਤਾ ਗਿਆ ਸੀ। ਇਸ ਵਿੱਚ ਲਗਭਗ 1.5 ਲੱਖ ਲੋਕਾਂ ਨੇ ਹਿੱਸਾ ਲਿਆ।
'ਯੂਨਾਈਟ ਦਿ ਕਿੰਗਡਮ' ਰੈਲੀ ਵਿੱਚ ਤਣਾਅ ਉਸ ਵੇਲੇ ਵਧ ਗਿਆ ਜਦੋਂ ਪ੍ਰਦਰਸ਼ਨਕਾਰੀਆਂ ਨੇ ਪੁਲਿਸ 'ਤੇ ਬੋਤਲਾਂ ਅਤੇ ਹੋਰ ਚੀਜ਼ਾਂ ਸੁੱਟੀਆਂ। ਮੈਟ੍ਰੋਪੋਲੀਟਨ ਪੁਲਿਸ ਦੇ ਅਨੁਸਾਰ, ਚਾਰ ਪੁਲਿਸ ਕਰਮਚਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਇਸ ਦੌਰਾਨ ਟੈਸਲਾ ਦੇ ਮਾਲਕ ਅਰਬਪਤੀ ਈਲੋਨ ਮਸਕ ਨੇ ਵੀਡੀਓ ਲਿੰਕ ਰਾਹੀਂ ਵ੍ਹਾਈਟਹਾਲ ਵਿੱਚ ਮੌਜੂਦ ਮੁਜ਼ਾਹਰਾਕਾਰੀਆਂ ਨੂੰ ਸੰਬੋਧਿਤ ਕੀਤਾ।
ਇਸੇ ਸਮੇਂ ਇਸ ਰੈਲੀ ਦੇ ਵਿਰੋਧ ਵਿੱਚ 'ਸਟੈਂਡ ਅੱਪ ਟੂ ਰੇਸਿਜ਼ਮ' (ਨਸਲਵਾਦ ਦਾ ਵਿਰੋਧ ਕਰੋ) ਦੁਆਰਾ ਆਯੋਜਿਤ ਇੱਕ ਹੋਰ ਮੁਜ਼ਾਹਰਾ ਹੋ ਰਿਹਾ ਸੀ, ਜਿਸ ਵਿੱਚ ਲਗਭਗ ਪੰਜ ਹਜ਼ਾਰ ਲੋਕ ਹਿੱਸਾ ਲੈ ਰਹੇ ਸਨ।
ਹਾਲ ਹੀ ਦੇ ਸਮੇਂ ਵਿੱਚ ਬ੍ਰਿਟੇਨ ਵਿੱਚ ਪਰਵਾਸੀਆਂ ਵਿਰੁੱਧ ਰੋਸ-ਮੁਜ਼ਾਹਰੇ ਵਧੇ ਹਨ।
ਯੂਨਾਈਟ ਦਿ ਕਿੰਗਡਮ ਨੇ ਉਨ੍ਹਾਂ ਹੋਟਲਾਂ ਦੇ ਸਾਹਮਣੇ ਵੀ ਰੋਸ-ਮੁਜ਼ਾਹਰੇ ਕੀਤੇ ਹਨ ਜੋ ਸ਼ਰਨਾਰਥੀਆਂ ਨੂੰ ਸ਼ਰਨ ਦਿੰਦੇ ਹਨ।
ਜਿੱਥੇ ਇਹ ਰੋਸ-ਮੁਜ਼ਾਹਰੇ ਹੋ ਰਹੇ ਸਨ, ਉੱਥੇ ਹੀ ਮੁਜ਼ਾਹਰਾਕਾਰੀਆਂ ਖ਼ਿਲਾਫ਼ 'ਸਟੈਂਡ ਅੱਪ ਟੂ ਰੇਸਿਜ਼ਮ' ਦੇ ਸਮਰਥਕ ਇਨ੍ਹਾਂ ਰੋਸ-ਮੁਜ਼ਾਹਰਿਆਂ ਵਿਰੁੱਧ ਰੈਲੀ ਦਾ ਪ੍ਰਬੰਧ ਕਰ ਰਹੇ ਹਨ।
'ਸਟੈਂਡ ਅੱਪ ਟੂ ਰੇਸਿਜ਼ਮ' ਦੇ ਸਮਰਥਕ ਪਰਵਾਸੀਆਂ ਦੇ ਅਧਿਕਾਰਾਂ ਬਾਰੇ ਗੱਲ ਕਰਦੇ ਹਨ। ਇਸ ਦੇ ਸਮਰਥਕਾਂ ਦਾ ਮੰਨਣਾ ਹੈ ਕਿ ਵਿਰੋਧੀ ਧਿਰ "ਝੂਠੀਆਂ ਗੱਲਾਂ ʼਤੇ ਵਿਸ਼ਵਾਸ਼ ਕਰ ਰਹੀ ਹੈ।"
ਪੁਲਿਸ ਨੇ ਕੀ ਕਿਹਾ?
ਮੈਟ੍ਰੋਪੋਲੀਟਨ ਪੁਲਿਸ ਨੇ ਇਸ ਸਮੇਂ ਦੌਰਾਨ ਹੋਈ ਹਿੰਸਾ ਨੂੰ "ਪੂਰੀ ਤਰ੍ਹਾਂ ਅਸਵੀਕਾਰਨਯੋਗ" ਦੱਸਿਆ ਹੈ ਅਤੇ ਕਿਹਾ ਹੈ ਕਿ 25 ਲੋਕਾਂ ਨੂੰ ਵੱਖ-ਵੱਖ ਅਪਰਾਧਾਂ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।
ਰੈਲੀ ਦੇ ਮੱਦੇਨਜ਼ਰ ਸੈਂਟ੍ਰਲ ਲੰਡਨ ਵਿੱਚ ਵੱਡੇ ਪੱਧਰ 'ਤੇ ਪੁਲਿਸ ਤੈਨਾਤ ਕੀਤੀ ਗਈ ਸੀ।
ਮੈਟ੍ਰੋਪੋਲੀਟਨ ਪੁਲਿਸ ਵੱਲੋਂ ਇੱਥੇ ਇੱਕ ਹਜ਼ਾਰ ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਸਨ। ਇਸ ਦੇ ਨਾਲ, ਲੈਸਟਰਸ਼ਾਇਰ, ਨੌਟਿੰਘਮਸ਼ਾਇਰ, ਡੇਵੋਨ ਅਤੇ ਕੌਰਨਵਾਲ ਤੋਂ 500 ਵਾਧੂ ਪੁਲਿਸ ਬਲਾਂ ਨੂੰ ਲਗਾਇਆ ਗਿਆ ਸੀ।
ਅਸਿਸਟੈਂਟ ਕਮਿਸ਼ਨਰ ਮੈਟ ਟਵਿਸਟ ਨੇ ਕਿਹਾ ਕਿ ਇਹ ਜਾਣਦੇ ਹੋਏ ਕਿ ਸਥਿਤੀ ਚੁਣੌਤੀਪੂਰਨ ਹੋਵੇਗੀ, ਪੁਲਿਸ ਵਾਲਿਆਂ ਨੇ "ਨਿਡਰਤਾ ਅਤੇ ਨਿਰਪੱਖਤਾ ਨਾਲ ਪੁਲਿਸਿੰਗ ਕੀਤੀ।"
ਉਨ੍ਹਾਂ ਕਿਹਾ, "ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰੇ ਲੋਕ ਇੱਥੇ ਰੋਸ-ਮੁਜ਼ਾਹਰੇ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਨ ਲਈ ਆਏ ਸਨ। ਪਰ ਬਹੁਤ ਸਾਰੇ ਅਜਿਹੇ ਸਨ ਜਿਨ੍ਹਾਂ ਦਾ ਇਰਾਦਾ ਹਿੰਸਾ ਫੈਲਾਉਣਾ ਸੀ।"
ਮੈਟ ਟਵਿਸਟ ਨੇ ਕਿਹਾ ਕਿ ਕੁਝ ਪੁਲਿਸ ਵਾਲਿਆਂ ਵਿੱਚ ਕਿਸੇ ਦੇ ਦੰਦ ਟੁੱਟ ਗਏ ਹਨ, ਕੁਝ ਦੇ ਸਿਰ ਵਿੱਚ ਸੱਟ ਲੱਗੀ ਹੈ, ਕਿਸੇ ਦੀ ਰੀੜ੍ਹ ਦੀ ਹੱਡੀ ਵਿੱਚ ਸੱਟ ਲੱਗੀ ਹੈ ਅਤੇ ਕੁਝ ਨੱਕ ਟੁੱਟਣ ਵਰਗੀਆਂ ਗੰਭੀਰ ਸੱਟਾਂ ਦਾ ਸਾਹਮਣਾ ਕਰ ਰਹੇ ਹਨ।
ਅਸਿਸਟੈਂਟ ਕਮਿਸ਼ਨਰ ਮੈਟ ਨੇ ਕਿਹਾ ਕਿ ਪੁਲਿਸ ਉਨ੍ਹਾਂ ਲੋਕਾਂ ਦੀ ਪਛਾਣ ਕਰੇਗੀ ਜੋ ਹਿੰਸਾ ਫੈਲਾਉਣ ਲਈ ਜ਼ਿੰਮੇਵਾਰ ਹਨ।
ਉਨ੍ਹਾਂ ਕਿਹਾ, "ਹੁਣ ਤੱਕ ਅਸੀਂ 25 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਇਹ ਸਿਰਫ਼ ਸ਼ੁਰੂਆਤ ਹੈ।"
ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਉਨ੍ਹਾਂ ਲੋਕਾਂ ਦੀ ਸਖ਼ਤ ਆਲੋਚਨਾ ਕੀਤੀ ਜਿਨ੍ਹਾਂ ਨੇ "ਪੁਲਿਸ ਵਾਲਿਆਂ 'ਤੇ ਹਮਲਾ ਕੀਤਾ ਅਤੇ ਜ਼ਖ਼ਮੀ ਕੀਤਾ।"
ਉਨ੍ਹਾਂ ਕਿਹਾ, "ਜੋ ਲੋਕ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਹਨ, ਉਨ੍ਹਾਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ।"
ਦੋ ਸਮੂਹਾਂ ਵਿੱਚ ਇਕੱਠੇ ਹੋਏ ਮੁਜ਼ਾਹਰਾਕਾਰੀ
ਦੁਪਹਿਰ ਤੋਂ ਬਾਅਦ, ਪੁਲਿਸ ਅਧਿਕਾਰੀਆਂ ਦੀਆਂ ਕਤਾਰਾਂ ਨੇ ਵ੍ਹਾਈਟਹਾਲ 'ਤੇ ਦੋਵਾਂ ਮੁਜ਼ਹਰਾਕਾਰੀਆਂ ਨੂੰ ਵੱਖ-ਵੱਖ ਕਰ ਦਿੱਤਾ।
ਮੈਟ੍ਰੋਪੋਲੀਟਨ ਪੁਲਿਸ ਨੇ ਕਿਹਾ ਕਿ ਯੂਨਾਈਟ ਦਿ ਕਿੰਗਡਮ ਰੈਲੀ ਸ਼ਾਂਤੀਪੂਰਨ ਢੰਗ ਨਾਲ ਸ਼ੁਰੂ ਹੋਈ ਪਰ ਜਦੋਂ ਪੁਲਿਸ ਨੇ ਮੁਜ਼ਹਰਾਕਾਰੀਆਂ ਦੇ ਦੋ ਸਮੂਹਾਂ ਨੂੰ ਵੱਖ ਰੱਖਣ ਦੀ ਕੋਸ਼ਿਸ਼ ਕੀਤੀ, ਤਾਂ ਕੁਝ ਪੁਲਿਸ ਵਾਲਿਆਂ 'ਤੇ ਹਮਲਾ ਕੀਤਾ ਗਿਆ।
ਪੁਲਿਸ ਨੇ ਕਿਹਾ ਕਿ "ਯੂਨਾਈਟ ਦਿ ਕਿੰਗਡਮ" ਰੈਲੀ ਲਈ ਭੀੜ, ਪ੍ਰਬੰਧਕਾਂ ਦੀ ਉਮੀਦ ਤੋਂ ਕਿਤੇ ਜ਼ਿਆਦਾ ਸੀ, ਜਿਸ ਦਾ ਮਤਲਬ ਹੈ ਕਿ ਵ੍ਹਾਈਟਹਾਲ ਅਤੇ ਪਾਰਲੀਮੈਂਟ ਸਕੁਏਅਰ ਵਿੱਚ ਉਨ੍ਹਾਂ ਲਈ ਕਾਫ਼ੀ ਜਗ੍ਹਾ ਨਹੀਂ ਸੀ।
ਭੀੜ ਨੇ ਪੁਲਿਸ ਨਿਰਦੇਸ਼ਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਉਨ੍ਹਾਂ ਇਲਾਕਿਆਂ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਜਿੱਥੇ ʼਸਟੈਂਡ ਅੱਪ ਟੂ ਰੇਸਿਜ਼ਮʼ ਵਿੱਚ ਸ਼ਾਮਲ ਮੁਜ਼ਹਰਾਕਾਰੀਆਂ ਮੌਜੂਦ ਸਨ।
ਮੈਟ੍ਰੋਪੋਲੀਟਨ ਪੁਲਿਸ ਨੇ ਕਿਹਾ, "ਜਦੋਂ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ʼਤੇ ਲੱਤਾਂ ਅਤੇ ਮੁੱਕਿਆਂ ਨਾਲ ਹਮਲਾ ਕਰ ਦਿੱਤਾ।"
ਪੁਲਿਸ ਨੇ ਦੱਸਿਆ ਕਿ ਦੂਜੇ ਸਮੂਹ ਵਿੱਚ ਸ਼ਾਮਲ ਮੁਜ਼ਾਹਰਾਕਾਰੀਆਂ ਨੂੰ ਪਹਿਲੇ ਸਮੂਹ ਤੋਂ ਦੂਰ ਰੱਖਣ ਲਈ ਦੰਗਾ ਵਿਰੋਧੀ ਪੁਲਿਸ, ਘੋੜੇ ਅਤੇ ਕੁੱਤੇ ਤੈਨਾਤ ਕੀਤੇ ਗਏ।
ਲੋਕ ਵ੍ਹਾਈਟਹਾਲ ਦੇ ਆਲੇ-ਦੁਆਲੇ ਲਗਾਏ ਗਏ ਬੈਰੀਕੇਡਾਂ ਅਤੇ ਸਕੈਫੋਲਡਿੰਗ 'ਤੇ ਚੜ੍ਹ ਗਏ, ਜਿਸ ਨਾਲ ਉਨ੍ਹਾਂ ਨੇ "ਆਪਣੀਆਂ ਜਾਨਾਂ ਅਤੇ ਦੂਜਿਆਂ ਦੀਆਂ ਜਾਨਾਂ ਨੂੰ ਜੋਖ਼ਮ ਵਿੱਚ ਪਾਇਆ।"
ਇਸ ਮੌਕੇ ʼਤੇ ਕੱਚ ਦੀ ਇੱਕ ਬੋਤਲ ਪੁਲਿਸ ਦੇ ਘੋੜੇ ਨੂੰ ਟਕਰਾਉਂਦੀ ਦਿਖਾਈ ਦਿੱਤੀ, ਜਿਸ ਕਾਰਨ ਘੋੜਾ ਅਤੇ ਉਸ 'ਤੇ ਸਵਾਰ ਅਧਿਕਾਰੀ ਪਿੱਛੇ ਵੱਲ ਲੜਖੜਾ ਗਏ।
ਕਿਸ ਨੇ ਕੀ ਕਿਹਾ?
ਵ੍ਹਾਈਟਹਾਲ ਅਤੇ ਟ੍ਰਾਫਲਗਰ ਸਕੁਏਅਰ ਵਿੱਚ ਮੌਜੂਦ ਟੌਮੀ ਰੌਬਿਨਸਨ ਦੇ ਸਮਰਥਕਾਂ ਨੂੰ ਪਿੱਛੇ ਧੱਕਣ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ।
ਟੌਮੀ ਰੌਬਿਨਸਨ ਦਾ ਅਸਲੀ ਨਾਮ ਸਟੀਵਨ ਯੈਕਸਲੇ-ਲੈਨਨ ਹੈ। ਇਸ ਮੌਕੇ 'ਤੇ ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਸਿਆਸਤਦਾਨਾਂ 'ਤੇ ਉਨ੍ਹਾਂ ਦੇ ਵਿਚਾਰਾਂ ਦੀ "ਨਕਲ" ਕਰਨ ਦਾ ਇਲਜ਼ਾਮ ਲਗਾਇਆ ਅਤੇ ਉਨ੍ਹਾਂ ਦੀ ਆਲੋਚਨਾ ਕੀਤੀ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਬ੍ਰਿਟਿਸ਼ ਅਦਾਲਤਾਂ ਨੇ ਗ਼ੈਰ-ਦਸਤਾਵੇਜ਼ੀ ਪਰਵਾਸੀਆਂ ਦੇ ਅਧਿਕਾਰਾਂ ਨੂੰ "ਸਥਾਨਕ ਭਾਈਚਾਰੇ" ਦੇ ਅਧਿਕਾਰਾਂ ਤੋਂ ਉੱਪਰ ਰੱਖਿਆ ਹੈ।
ਕੋਰਟ ਆਫ ਅਪੀਲ ਨੇ ਪਿਛਲੇ ਮਹੀਨੇ ਏਸੈਕਸ ਦੇ ਐਪਿੰਗ ਵਿੱਚ ਬੈੱਲ ਹੋਟਲ ਵਿੱਚ ਸ਼ਰਨਾਰਥੀਆਂ ਦੇ ਰਹਿਣ 'ਤੇ ਪਾਬੰਦੀ ਹਟਾ ਦਿੱਤੀ ਸੀ।
ਈਲੋਨ ਮਸਕ ਸ਼ਨੀਵਾਰ ਨੂੰ ਵੀਡੀਓ ਲਿੰਕ ਰਾਹੀਂ ਰੋਸ-ਮੁਜ਼ਾਹਰੇ ਵਿੱਚ ਸ਼ਾਮਲ ਹੋਏ ਅਤੇ "ਵੱਡੇ ਪੱਧਰ 'ਤੇ ਬੇਕਾਬੂ ਪਰਵਾਸ" 'ਤੇ ਚਿੰਤਾ ਜ਼ਾਹਿਰ ਕੀਤੀ ਅਤੇ ਬ੍ਰਿਟੇਨ ਵਿੱਚ "ਸਰਕਾਰ ਬਦਲਣ" ਦੀ ਮੰਗ ਕੀਤੀ।
ਮਸਕ ਨੇ ਕਿਹਾ, "ਕੁਝ ਕੀਤਾ ਜਾਣਾ ਚਾਹੀਦਾ ਹੈ। ਸੰਸਦ ਨੂੰ ਭੰਗ ਕਰ ਦੇਣਾ ਚਾਹੀਦਾ ਹੈ ਅਤੇ ਦੁਬਾਰਾ ਚੋਣਾਂ ਕਰਵਾਉਣੀਆਂ ਜ਼ਰੂਰੀ ਹਨ।"
ਵਾਟਰਲੂ ਸਟੇਸ਼ਨ ਦੇ ਨੇੜੇ ਮਾਰਚ ਵਿੱਚ ਟੌਮੀ ਰੌਬਿਨਸਨ, ਲਾਰੈਂਸ ਫੌਕਸ ਅਤੇ ਐਂਟ ਮਿਡਲਟਨ ਨਾਲ ਟੀਵੀ ਪ੍ਰੇਜ਼ੈਂਟਰ ਕੇਟੀ ਹੌਪਕਿੰਸ ਵੀ ਨਜ਼ਰ ਆਈ। ਬਾਅਦ ਵਿੱਚ ਉਨ੍ਹਾਂ ਨੇ ਸਟੇਜ ਤੋਂ ਭਾਸ਼ਣ ਦਿੱਤਾ।
ਉਸੇ ਸਮੇਂ, ਆਜ਼ਾਦ ਸੰਸਦ ਮੈਂਬਰ ਡਾਇਨ ਐਬੋਟ ਨੇ 'ਯੂਨਾਈਟ ਦਿ ਕਿੰਗਡਮ' ਰੈਲੀ ਦੇ ਸਥਾਨ ਦੇ ਨੇੜੇ ਆਯੋਜਿਤ 'ਸਟੈਂਡ ਅੱਪ ਟੂ ਰੇਸਿਜ਼ਮ' ਰੈਲੀ ਵਿੱਚ ਮੁਜ਼ਹਰਾਕਾਰੀਆਂ ਨੂੰ ਸੰਬੋਧਨ ਕੀਤਾ।
ਉਨ੍ਹਾਂ ਨੇ ਕਿਹਾ, "ਅਸੀਂ ਜਾਣਦੇ ਹਾਂ ਕਿ ਨਸਲਵਾਦ, ਹਿੰਸਾ ਅਤੇ ਫਾਸੀਵਾਦ ਕੋਈ ਨਵੀਂ ਗੱਲ ਨਹੀਂ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਅਸੀਂ ਹਮੇਸ਼ਾ ਇਸ ਨਸਲਵਾਦ ਅਤੇ ਹਿੰਸਾ ਨੂੰ ਹਰਾਇਆ ਹੈ।"
ਸ਼ਾਮ ਨੂੰ ਸਾਢੇ ਛੇ ਵਜੇ ਤੋਂ ਬਾਅਦ ਰੌਬਿਨਸਨ ਨੇ ਆਪਣੇ ਪ੍ਰੋਗਰਾਮ ਨੂੰ ਖ਼ਤਮ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸੇ ਤਰ੍ਹਾਂ ਅਗਲੇ ਪ੍ਰੋਗਰਾਮ ਦਾ ਵਾਅਦਾ ਕੀਤਾ।
42 ਸਾਲਾ ਰੌਬਿਨਸਨ ਨੂੰ ਇਸੇ ਸਾਲ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ।
ਅਕਤੂਬਰ ਵਿੱਚ ਉਨ੍ਹਾਂ ਨੂੰ ਇੱਕ ਸੀਰੀਆਈ ਸ਼ਰਨਾਰਥੀ ਬਾਰੇ ਝੂਠੇ ਦਾਅਵੇ ਕਰਨ ਤੋਂ ਰੋਕਣ ਵਾਲੇ ਹੁਕਮ ਦੀ ਉਲੰਘਣਾ ਕਰਨ ਲਈ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਸ਼ਰਨਾਰਥੀ ਨੇ ਉਨ੍ਹਾਂ ਖ਼ਿਲਾਫ਼ ਮਾਣਹਾਨੀ ਦਾ ਕੇਸ ਜਿੱਤਿਆ ਸੀ।
ਵਾਧੂ ਰਿਪੋਰਟਿੰਗ: ਡੈਨੀਅਲ ਸੈਂਡਫੋਰਡ, ਨਿਕ ਜੌਹਨਸਨ ਅਤੇ ਮਾਇਆ ਡੇਵਿਸ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ