You’re viewing a text-only version of this website that uses less data. View the main version of the website including all images and videos.
ਕਾਮੇਡੀਅਨ ਕੁਨਾਲ ਕਾਮਰਾ ਨੇ ਮੁਆਫ਼ੀ ਮੰਗਣ ਤੋਂ ਕੀਤਾ ਇਨਕਾਰ, ਸ਼ਿਵ ਸੈਨਾ ਨੇ ਕਿਹਾ, 'ਆਪਣੇ ਸਟਾਈਲ 'ਚ ਜਵਾਬ ਦੇਵਾਂਗੇ'
ਕਾਮੇਡੀਅਨ ਕੁਨਾਲ ਕਾਮਰਾ ਨੇ ਆਪਣੇ ਇੱਕ ਸ਼ੋਅ ਦੀ ਵੀਡੀਓ ਐਤਵਾਰ ਨੂੰ ਆਪਣੇ ਯੂਟਿਊਬ ਚੈਨਲ ਉਪਰ ਪੋਸਟ ਕੀਤੀ ਸੀ। ਜਿਸ ਤੋਂ ਬਾਅਦ ਮਹਾਰਾਸ਼ਟਰ ਦੀ ਸਿਆਸਤ ਗਰਮਾ ਗਈ।
ਕਾਮਰਾ ਨੇ ਇਸ ਸ਼ੋਅ ਦੌਰਾਨ ਇੱਕ ਹਿੰਦੀ ਫਿਲਮ ਦੇ ਗੀਤ ਦੀ ਪੈਰੋਡੀ ਬਣਾ ਕੇ ਸ਼ਿੰਦੇ ਦੇ ਰਾਜਨੀਤਿਕ ਕਰੀਅਰ 'ਤੇ ਵਿਅੰਗ ਕੀਤਾ ਸੀ ਅਤੇ ਕਥਿਤ ਤੌਰ 'ਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ 'ਗੱਦਾਰ' ਕਿਹਾ।
ਇਸ ਘਟਨਾਕ੍ਰਮ ਤੋਂ ਬਾਅਦ ਜਿਸ ਹੋਟਲ ਵਿੱਚ ਕਾਮਰਾ ਦਾ ਸ਼ੋਅ ਹੋਇਆ ਸੀ, ਉਥੇ ਸ਼ਿਵ ਸੈਨਾ ਸ਼ਿੰਦੇ ਗੁੱਟ ਦੇ ਸਮਰਥਕਾਂ ਨੇ ਭੰਨਤੋੜ ਕੀਤੀ।
ਖਬਰ ਏਜੰਸੀ ਪੀਟੀਆਈ ਦੇ ਮੁਤਾਬਕ ਪੁਲਿਸ ਨੇ ਸੋਮਵਾਰ ਨੂੰ ਸ਼ਿਵ ਸੈਨਾ ਦੇ ਆਗੂ ਰਾਹੁਲ ਕਨਾਲ ਅਤੇ 11 ਹੋਰ ਨੂੰ ਸਟੂਡੀਓ ਵਿੱਚ ਭੰਨਤੋੜ ਕਰਨ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ।
ਕੁਨਾਲ ਕਾਮਰਾ ਨੇ ਸਟੈਂਡ ਅੱਪ ਐਕਟ ਉਪਰ ਉੱਠੇ ਵਿਵਾਦ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਲਈ ਕੀਤੀਆਂ ਗਈਆਂ ਟਿੱਪਣੀਆਂ 'ਤੇ ਮੁਆਫ਼ੀ ਨਹੀਂ ਮੰਗਣਗੇ।
ਕਾਮਰਾ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਜਿਸ ਥਾਂ ਉਪਰ ਕਾਮੇਡੀ ਸ਼ੋਅ ਨੂੰ ਰਿਕਾਰਡ ਕੀਤਾ ਗਿਆ ਸੀ, ਉਥੇ ਹੋਈ ਭੰਨਤੋੜ ਦੀ ਆਲੋਚਨਾ ਕੀਤੀ ਹੈ।
ਇਸ ਮਾਮਲੇ ਉਪਰ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ, ਮੁੱਖ ਮੰਤਰੀ ਦੇਵੇਂਦਰ ਫਡਨਵੀਸ ਤੇ ਹੋਰ ਸਿਆਸੀ ਆਗੂਆਂ ਦੀਆਂ ਪ੍ਰਤੀਕਿਰਿਆਵਾਂ ਵੀ ਆ ਚੁੱਕੀਆਂ ਹਨ।
ਕੁਨਾਲ ਕਾਮਰਾ ਨੇ ਕੀ ਕਿਹਾ
ਹੰਗਾਮਾ, ਭੰਨਤੋੜ ਅਤੇ ਧਮਕੀਆਂ ਦੇ 24 ਘੰਟੇ ਬਾਅਦ ਕੁਨਾਲ ਕਾਮਰਾ ਨੇ ਐਕਸ 'ਤੇ ਇੱਕ ਬਿਆਨ ਜਾਰੀ ਕੀਤਾ ਹੈ।
ਉਨ੍ਹਾਂ ਨੇ ਲਿਖਿਆ, "ਮੈਂ ਮੁਆਫ਼ੀ ਨਹੀਂ ਮੰਗਾਂਗਾ। ਮੈਂ ਉਹੀ ਕਿਹਾ ਜੋ ਅਜੀਤ ਪਵਾਰ ਨੇ ਏਕਨਾਥ ਸ਼ਿੰਦੇ ਬਾਰੇ ਕਿਹਾ ਸੀ। ਮੈਂ ਇਸ ਭੀੜ ਤੋਂ ਨਹੀਂ ਡਰਦਾ ਅਤੇ ਮੈਂ ਬਿਸਤਰੇ ਹੇਠਾਂ ਛੁਪ ਕੇ ਮਾਮਲਾ ਸ਼ਾਂਤ ਹੋਣ ਦਾ ਇੰਤਜ਼ਾਰ ਨਹੀਂ ਕਰਾਂਗਾ।"
ਉਨ੍ਹਾਂ ਲਿਖਿਆ, "ਐਂਟਰਟੇਨਮੈਂਟ ਵੇਨਿਊ ਮਹਿਜ਼ ਇਕ ਪਲੇਟਫਾਰਮ ਹੈ। ਇਹ ਹਰ ਕਿਸਮ ਦੇ ਸ਼ੋਅ ਦਾ ਮੰਚ ਹੈ। ਹੈਬਿਟੇਟ (ਜਾਂ ਕੋਈ ਵੀ ਜਗ੍ਹਾ), ਮੇਰੀ ਕਾਮੇਡੀ ਦੇ ਲਈ ਜ਼ਿੰਮੇਦਾਰ ਨਹੀਂ ਹੈ ਅਤੇ ਜੋ ਵੀ ਮੈਂ ਕਹਿੰਦਾ ਜਾਂ ਕਰਦਾ ਹਾਂ, ਉਸ 'ਤੇ ਉਸ ਦਾ ਕੋਈ ਅਧਿਕਾਰ ਜਾਂ ਕੰਟਰੋਲ ਨਹੀਂ ਹੈ। ਨਾ ਹੀ ਕਿਸੇ ਹੋਰ ਪਾਰਟੀ ਦਾ ਕੋਈ ਅਧਿਕਾਰ ਹੈ। ਇਕ ਕਮੇਡੀਅਨ ਦੇ ਕਹੇ ਸ਼ਬਦਾਂ ਦੇ ਲਈ ਕਿਸੇ ਜਗ੍ਹਾ ਨੂੰ ਨੁਕਸਾਨ ਪਹੁੰਚਾਉਣਾ, ਉਸੇ ਤਰ੍ਹਾਂ ਦੀ ਨਾਸਮਝੀ ਹੈ ਜਿਵੇਂ ਜੇ ਤੁਹਾਨੂੰ ਚਿਕਨ ਨਹੀਂ ਪਰੋਸਿਆ ਜਾਂਦਾ ਤਾਂ ਤੁਸੀਂ ਟਮਾਟਰ ਦੇ ਟਰੱਕ ਨੂੰ ਪਲਟ ਦਵੋ।"
ਸਬਕ ਸਿਖਾਉਣ ਦੀ ਧਮਕੀ ਦੇਣ ਵਾਲੇ ਆਗੂਆਂ ਨੂੰ ਸੰਬੋਧਨ ਕਰਦੇ ਹੋਏ ਕੁਨਾਲ ਕਾਮਰਾ ਨੇ ਲਿਖਿਆ, "ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਦੀ ਵਰਤੋਂ ਸਿਰਫ ਤਾਕਤਵਰ ਅਤੇ ਅਮੀਰਾਂ ਦੀ ਚਾਪਲੂਸੀ ਕਰਨ ਲਈ ਨਹੀਂ ਕੀਤੀ ਜਾਣੀ ਚਾਹੀਦੀ, ਭਾਵੇਂ ਅੱਜ ਦਾ ਮੀਡੀਆ ਸਾਨੂੰ ਅਜਿਹਾ ਹੀ ਦੱਸਦਾ ਹੈ।"
"ਇੱਕ ਸ਼ਕਤੀਸ਼ਾਲੀ ਸ਼ਖ਼ਸੀਅਤ ਦੀ ਕੀਮਤ 'ਤੇ ਇੱਕ ਮਜ਼ਾਕ ਨੂੰ ਬਰਦਾਸ਼ਤ ਕਰਨ ਦੀ ਤੁਹਾਡੀ ਅਸਮਰੱਥਾ ਮੇਰੇ ਅਧਿਕਾਰ ਦੇ ਸੁਭਾਅ ਨੂੰ ਨਹੀਂ ਬਦਲਦੀ। ਜਿੱਥੋਂ ਤੱਕ ਮੈਨੂੰ ਪਤਾ ਹੈ, ਸਾਡੇ ਨੇਤਾਵਾਂ ਅਤੇ ਰਾਜਨੀਤਿਕ ਪ੍ਰਣਾਲੀ ਦਾ ਮਜ਼ਾਕ ਉਡਾਉਣਾ ਕਾਨੂੰਨ ਦੇ ਵਿਰੁੱਧ ਨਹੀਂ ਹੈ।"
"ਹਾਲਾਂਕਿ ਮੇਰੇ ਖ਼ਿਲਾਫ਼ ਕਿਸੇ ਵੀ ਕਾਨੂੰਨੀ ਕਾਰਵਾਈ ਦੇ ਲ਼ਈ ਮੈਂ ਪੁਲਿਸ ਅਤੇ ਕੋਰਟ ਦਾ ਸਹਿਯੋਗ ਕਰਨ ਲਈ ਤਿਆਰ ਹਾਂ। ਪਰ ਕੀ ਉਨ੍ਹਾਂ ਲੋਕਾਂ 'ਤੇ ਵੀ ਨਿਰਪੱਖ ਅਤੇ ਬਰਾਬਰ ਕਾਨੂੰਨ ਲਾਗੂ ਹੋਵੇਗਾ, ਜਿਨ੍ਹਾਂ ਨੇ ਇਕ ਕਮੇਡੀ ਤੋਂ ਗੁੱਸੇ ਹੋ ਕੇ ਭੰਨਤੋੜ ਨੂੰ ਇੱਕ ਵਾਜਿਬ ਪ੍ਰਤੀਕਿਰਿਆ ਮੰਨ ਲਿਆ?"
"ਕੀ ਇਹ ਬਿਨਾਂ ਚੁਣੇ ਹੋਣ ਨਗਰ ਨਿਗਮ ਦੇ ਮੈਂਬਰਾਂ ਉਪਰ ਵੀ ਲਾਗੂ ਹੋਵੇਗਾ ਜੋ ਅੱਜ ਬਿਨਾ ਕਿਸੇ ਅਗਾਊਂ ਸੂਚਨਾ ਦੇ ਹੈਬੀਟੈਟ 'ਤੇ ਪਹੁੰਚੇ ਅਤੇ ਹਥੌੜਿਆਂ ਨਾਲ ਜਗ੍ਹਾ ਨੂੰ ਢਾਹ ਦਿੱਤਾ?"
"ਸ਼ਾਇਦ ਮੇਰਾ ਅਗਲਾ ਵੈਨਿਊ ਐਲਫਿੰਸਟਨ ਬ੍ਰਿਜ ਹੋਵੇਗਾ ਜਾਂ ਮੁੰਬਈ ਵਿੱਚ ਕੋਈ ਹੋਰ ਥਾਂ, ਜਿਸ ਨੂੰ ਢਾਹੁਣ ਦੀ ਸਖ਼ਤ ਜ਼ਰੂਰਤ ਹੈ।"
ਬਿਆਨ ਵਿੱਚ ਕਾਮਰਾ ਨੇ ਉਨ੍ਹਾਂ ਲੋਕਾਂ ਉਪਰ ਵੀ ਨਿਸ਼ਾਨਾ ਸਾਧਿਆ ਹੈ, ਜਿਨ੍ਹਾਂ ਨੇ ਉਨ੍ਹਾਂ ਦਾ ਨੰਬਰ ਲੀਕ ਕੀਤਾ, "ਜੋ ਮੇਰਾ ਨੰਬਰ ਲੀਕ ਕਰਨ ਵਿੱਚ ਰੁੱਝੇ ਹੋਏ ਹਨ ਜਾਂ ਮੈਨੂੰ ਲਗਾਤਾਰ ਕਾਲ ਕਰ ਰਹੇ ਹਨ, ਉਨ੍ਹਾਂ ਲਈ ਮੈਨੂੰ ਯਕੀਨ ਹੈ ਕਿ ਤੁਹਾਨੂੰ ਹੁਣ ਤੱਕ ਪਤਾ ਲੱਗ ਚੁੱਕਾ ਹੋਵੇਗਾ ਕਿ ਅਣਜਾਣ ਕਾਲਾਂ ਮੇਰੇ ਵੁਆਇਸਮੇਲ 'ਤੇ ਜਾ ਰਹੀਆਂ ਹਨ, ਜਿੱਥੇ ਤੁਸੀਂ ਉਸ ਗੀਤ ਨੂੰ ਸੁਣੋਗੇ, ਜਿਸ ਤੋਂ ਤੁਹਾਨੂੰ ਨਫ਼ਰਤ ਹੈ।"
ਅਤੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ, "ਇਸ ਤਮਾਸ਼ੇ ਦੀ ਇਮਾਨਦਾਰੀ ਨਾਲ ਰਿਪੋਰਟਿੰਗ ਕਰਨ। ਯਾਦ ਰੱਖੋ ਕੇ ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ ਵਿੱਚ ਭਾਰਤ 159ਵੇਂ ਸਥਾਨ 'ਤੇ ਆਉਂਦਾ ਹੈ।"
ਏਕਨਾਥ ਸ਼ਿੰਦੇ ਦੀ ਪ੍ਰਤੀਕਿਰਿਆ
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕੁਨਾਲ ਕਾਮਰਾ ਵਿਵਾਦ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਉਨ੍ਹਾਂ ਕਿਹਾ, "ਪ੍ਰਗਟਾਵੇ ਦੀ ਆਜ਼ਾਦੀ ਹੈ। ਅਸੀਂ ਵਿਅੰਗ ਸਮਝਦੇ ਹਾਂ। ਪਰ ਇਸ ਦੀ ਇੱਕ ਸੀਮਾ ਹੋਣੀ ਚਾਹੀਦੀ ਹੈ। ਇਹ ਕਿਸੇ ਦੇ ਖ਼ਿਲਾਫ਼ ਬੋਲਣ ਲਈ 'ਸੁਪਾਰੀ' ਲੈਣ ਵਾਂਗ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਇਸੇ ਵਿਅਕਤੀ (ਕੁਨਾਲ ਕਾਮਰਾ) ਨੇ ਭਾਰਤ ਦੀ ਸੁਪਰੀਮ ਕੋਰਟ, ਪ੍ਰਧਾਨ ਮੰਤਰੀ, ਅਰਨਬ ਗੋਸਵਾਮੀ ਅਤੇ ਕੁਝ ਉਦਯੋਗਪਤੀਆਂ 'ਤੇ ਟਿੱਪਣੀ ਕੀਤੀ ਸੀ। ਇਹ ਪ੍ਰਗਟਾਵੇ ਦੀ ਆਜ਼ਾਦੀ ਨਹੀਂ ਹੈ। ਇਹ ਕਿਸੇ ਲਈ ਕੰਮ ਕਰਨਾ ਹੈ।"
ਹਾਲਾਂਕਿ, ਏਕਨਾਥ ਸ਼ਿੰਦੇ ਦਾ ਕਹਿਣਾ ਹੈ ਕਿ ਉਹ ਭੰਨਤੋੜ ਨੂੰ ਸਹੀ ਨਹੀਂ ਮੰਨਦੇ।
ਸ਼ਿੰਦੇ ਕਹਿੰਦੇ ਹਨ, "ਮੈਂ ਇਸ 'ਤੇ ਜ਼ਿਆਦਾ ਨਹੀਂ ਬੋਲਾਂਗਾ। ਮੈਂ ਭੰਨਤੋੜ ਨੂੰ ਜਾਇਜ਼ ਨਹੀਂ ਠਹਿਰਾਉਂਦਾ। ਪਰ ਦੂਜੇ ਵਿਅਕਤੀ ਨੂੰ ਵੀ ਇੱਕ ਪੱਧਰ ਕਾਇਮ ਰੱਖਣਾ ਚਾਹੀਦਾ ਹੈ। ਨਹੀਂ ਤਾਂ, ਹਰ ਕਾਰਵਾਈ ਦਾ ਪ੍ਰਤੀਕਰਮ ਹੁੰਦਾ ਹੈ। ਮੈਂ ਕਿਸੇ ਵੀ ਚੀਜ਼ 'ਤੇ ਪ੍ਰਤੀਕਿਰਿਆ ਨਹੀਂ ਦਿੰਦਾ ਅਤੇ ਚੁੱਪ ਰਹਿ ਕੇ ਲੋਕਾਂ ਨੂੰ ਨਿਆਂ ਦਿਵਾਉਣ ਲਈ ਆਪਣਾ ਕੰਮ ਕਰਦਾ ਹਾਂ।"
ਕੁਨਾਲ ਦੀ ਗ੍ਰਿਫ਼ਤਾਰੀ ਦੀ ਮੰਗ
ਸ਼ਿਵ ਸੈਨਾ (ਏਕਨਾਥ ਸ਼ਿੰਦੇ) ਨੇ ਐਤਵਾਰ ਨੂੰ ਸਟੈਂਡ-ਅੱਪ ਕਾਮੇਡੀਅਨ ਕੁਨਾਲ ਕਾਮਰਾ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।
ਸ਼ਿਵ ਸੈਨਾ ਦੇ ਬੁਲਾਰੇ ਕ੍ਰਿਸ਼ਨਾ ਹੇਗੜੇ ਨੇ ਕਿਹਾ ਕਿ ਕਾਮੇਡੀਅਨ ਕੁਨਾਲ ਕਾਮਰਾ ਨੂੰ "ਸ਼ਿਵ ਸੈਨਾ ਵਾਲਾ ਇਲਾਜ" ਮਿਲੇਗਾ ਕਿਉਂਕਿ ਕੋਈ ਵੀ ਸ਼ਿਵ ਸੈਨਿਕ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ।
ਕ੍ਰਿਸ਼ਨਾ ਹੇਗੜੇ ਨੇ ਕਿਹਾ, "ਮੁੰਬਈ ਪੁਲਿਸ ਨੂੰ ਕੁਨਾਲ ਕਾਮਰਾ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ। ਉਸ ਨੂੰ ਜੇਲ੍ਹ ਵਿੱਚ ਬੰਦ ਕਰ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਕੁਨਾਲ ਕਾਮਰਾ ਨੇ ਜੋ ਗਾਲ੍ਹਾਂ ਕੱਢੀਆਂ ਹਨ, ਜੋ ਅਸ਼ਲੀਲ ਸ਼ਬਦ ਵਰਤੇ ਹਨ ਅਤੇ ਜੋ ਕੁਝ ਵੀ ਏਕਨਾਥ ਸ਼ਿੰਦੇ ਬਾਰੇ ਕਿਹਾ ਹੈ, ਉਹ ਮਹਾਰਾਸ਼ਟਰ ਦੇ ਲੋਕਾਂ ਦਾ ਅਪਮਾਨ ਹੈ।"
ਹੇਗੜੇ ਨੇ ਕਿਹਾ, "ਏਕਨਾਥ ਸ਼ਿੰਦੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਦੇ ਲੀਡਰ ਹਨ। ਕੋਈ ਵੀ ਸ਼ਿਵ ਸੈਨਿਕ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਕੁਨਾਲ ਕਾਮਰਾ ਨੂੰ ਉਹੀ ਇਲਾਜ ਮਿਲੇਗਾ ਜੋ ਸ਼ਿਵ ਸੈਨਾ ਦਿੰਦੀ ਹੈ।"
ਉਨ੍ਹਾਂ ਕਿਹਾ, "ਇਸ ਤੋਂ ਪਹਿਲਾਂ ਵੀ ਕੁਨਾਲ ਕਾਮਰਾ ਅਜਿਹੀਆਂ ਹਰਕਤਾਂ ਕਰ ਚੁੱਕਾ ਹੈ। ਉਸ ਨੂੰ ਛੇ ਮਹੀਨਿਆਂ ਲਈ ਹਵਾਈ ਉਡਾਣਾਂ ਲਈ ਏਅਰਲਾਈਨਜ਼ ਕੰਪਨੀਆਂ ਵੱਲੋਂ ਬੈਨ ਕੀਤਾ ਗਿਆ ਸੀ। ਉਸਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।"
ਐਤਵਾਰ ਦੇਰ ਸ਼ਾਮ ਸ਼ਿਵ ਸੈਨਾ ਵਰਕਰਾਂ ਨੇ ਮੁੰਬਈ ਦੇ ਖਾਰ ਇਲਾਕੇ ਵਿੱਚ ਇੱਕ ਹੋਟਲ ਵਿੱਚ ਭੰਨਤੋੜ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕੁਨਾਲ ਕਾਮਰਾ ਦੇ ਸ਼ੋਅ ਦੀ ਸ਼ੂਟਿੰਗ ਇਸੇ ਹੋਟਲ ਵਿੱਚ ਹੋਈ ਸੀ। ਸ਼ਰਾਰਤੀ ਅਨਸਰਾਂ ਨੇ ਹੋਟਲ ਯੂਨੀਕੌਂਟੀਨੈਂਟਲ ਵਿੱਚ ਭੰਨਤੋੜ ਕੀਤੀ ਹੈ।
ਸ਼ਿਵ ਸੈਨਾ ਦੇ ਵਿਧਾਇਕ ਮੁਰਜੀ ਪਟੇਲ ਨੇ ਕੁਨਾਲ ਕਾਮਰਾ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਹੈ।
ਮੁਰਜੀ ਪਟੇਲ ਨੇ ਐਤਵਾਰ ਨੂੰ ਮੀਡੀਆ ਨਾਲ ਗੱਲ ਕਰਦਿਆਂ ਕਿਹਾ, "ਕੁਨਾਲ ਕਾਮਰਾ ਦੋ ਦਿਨਾਂ ਦੇ ਅੰਦਰ ਮੁਆਫੀ ਮੰਗੇ, ਨਹੀਂ ਤਾਂ ਮੁੰਬਈ ਵਿੱਚ ਸ਼ਿਵ ਸੈਨਿਕ ਉਸਨੂੰ ਸੜਕ 'ਤੇ ਘੁੰਮਣ ਨਹੀਂ ਦੇਣਗੇ। ਜਿੱਥੇ ਵੀ ਵੇਖਾਂਗੇ, ਉਸਦੇ ਮੂੰਹ ਕਾਲਾ ਕਰਨ ਦੀ ਕੋਸ਼ਿਸ਼ ਕਰਾਂਗੇ।"
"ਅਸੀਂ ਇਸ ਮੁੱਦੇ ਨੂੰ ਵਿਧਾਨ ਸਭਾ ਵਿੱਚ ਵੀ ਉਠਾਵਾਂਗੇ। ਕੁਨਾਲ ਆਪਣੀ ਪ੍ਰਸਿੱਧੀ ਲਈ ਅਜਿਹਾ ਕਰ ਰਿਹਾ ਹੈ। ਅਸੀਂ ਸਾਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਪੁਲਿਸ ਨੇ ਸਾਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ।"
ਹੋਰ ਲੀਡਰਾਂ ਨੇ ਕੀ-ਕੀ ਕਿਹਾ
ਸ਼ਿਵ ਸੈਨਾ (ਯੂਬੀਟੀ) ਦੇ ਲੀਡਰ ਸੰਜੇ ਰਾਉਤ ਨੇ ਕੁਨਾਲ ਕਾਮਰਾ ਦਾ ਵਿਵਾਦਾਂ ਵਿੱਚ ਘਿਰਿਆ ਵੀਡੀਓ ਐਕਸ 'ਤੇ ਪੋਸਟ ਕਰਦਿਆਂ ਲਿਖਿਆ, 'ਕੁਨਾਲ ਕਾ ਕਮਾਲ'। ਸ਼ਿਵ ਸੈਨਾ ਦੇ ਸੰਸਦ ਮੈਂਬਰ ਨਰੇਸ਼ ਮਹਾਸਕੇ ਨੇ ਵੀ ਇੱਕ ਵੀਡੀਓ ਸੰਦੇਸ਼ ਰਾਹੀਂ ਕੁਨਾਲ ਕਾਮਰਾ ਨੂੰ ਧਮਕੀ ਦਿੱਤੀ ਹੈ।
ਨਰੇਸ਼ ਮਹਸਕੇ ਨੇ ਕਿਹਾ, "ਅਸੀਂ ਤੁਹਾਨੂੰ ਸਿਰਫ਼ ਮਹਾਰਾਸ਼ਟਰ ਵਿੱਚ ਹੀ ਨਹੀਂ ਸਗੋਂ ਭਾਰਤ ਵਿੱਚ ਵੀ ਘੁੰਮਣ ਨਹੀਂ ਦੇਵਾਂਗੇ। ਜਦੋਂ ਸ਼ਿਵ ਸੈਨਿਕ ਤੁਹਾਡਾ ਪਿੱਛਾ ਕਰਨਾ ਸ਼ੁਰੂ ਕਰ ਦੇਣਗੇ, ਤਾਂ ਤੁਹਾਨੂੰ ਭਾਰਤ ਤੋਂ ਭੱਜਣਾ ਪਵੇਗਾ।"
"ਸੰਜੇ ਰਾਉਤ, ਤੁਹਾਡੇ ਕੋਲ ਹੁਣ ਕੋਈ ਵਰਕਰ ਨਹੀਂ ਬਚਿਆ, ਇਸੇ ਲਈ ਤੁਸੀਂ ਕੁਨਾਲ ਕਾਮਰਾ ਨੂੰ ਪੈਸੇ ਦੇ ਕੇ ਟਿੱਪਣੀ ਕਰਵਾ ਰਹੇ ਹੋ। ਤੁਹਾਨੂੰ ਸ਼ਰਮ ਆਉਂਣੀ ਚਾਹੀਦੀ ਹੈ। ਯਾਦ ਰੱਖੋ ਕੁਨਾਲ ਕਾਮਰਾ ਤੁਹਾਨੂੰ ਭਾਰਤ ਵਿੱਚ ਵੀ ਘੁੰਮਣਾ ਮੁਸ਼ਕਲ ਬਣਾ ਦੇਵਾਂਗੇ।"
ਇਸੇ ਦੌਰਾਨ, ਸ਼ਿਵ ਸੈਨਾ (ਯੂਬੀਟੀ) ਦੇ ਲੀਡਰ ਅਤੇ ਵਿਧਾਇਕ ਆਦਿਤਿਆ ਠਾਕਰੇ ਨੇ ਸੋਮਵਾਰ ਰਾਤ ਨੂੰ ਸਟੂਡੀਓ 'ਤੇ ਹੋਏ ਹਮਲੇ ਨੂੰ ਕਾਇਰਤਾਪੂਰਨ ਦੱਸਿਆ ਹੈ।
ਆਦਿਤਿਆ ਠਾਕਰੇ ਨੇ ਆਪਣੀ ਪੋਸਟ ਵਿੱਚ ਲਿਖਿਆ, 'ਮਿੰਦੇ (ਸ਼ਿੰਦੇ) ਦੇ ਕਾਇਰ ਗਿਰੋਹ ਨੇ ਕਾਮੇਡੀ ਸਟੇਜ ਦੀ ਭੰਨਤੋੜ ਕੀਤੀ ਹੈ। ਇੱਥੇ ਹੀ ਕੁਨਾਲ ਕਾਮਰਾ ਨੇ ਏਕਨਾਥ ਸ਼ਿੰਦੇ 'ਤੇ ਇੱਕ ਗੀਤ ਗਾਇਆ ਸੀ, ਜੋ ਕਿ 100 ਪ੍ਰਤੀਸ਼ਤ ਸਹੀਂ ਸੀ।"
"ਇਸ ਤਰ੍ਹਾਂ ਦੇ ਗਾਣੇ 'ਤੇ ਸਿਰਫ਼ ਅਸੁਰੱਖਿਅਤ, ਡਰਪੋਕ ਹੀ ਪ੍ਰਤੀਕਿਰਿਆ ਦੇ ਸਕਦੇ ਹਨ। ਕੀ ਇਹ ਸੂਬੇ ਦੀ ਕਾਨੂੰਨ ਵਿਵਸਥਾ ਹੈ? ਇੱਕ ਵਾਰ ਫਿਰ ਏਕਨਾਥ ਸ਼ਿੰਦੇ ਨੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਘਟੀਆ ਸਾਬਤ ਕੀਤਾ ਹੈ।"
ਠਾਕਰੇ ਹਮੇਸ਼ਾ ਸ਼ਿੰਦੇ ਲਈ ਮਰਾਠੀ ਸ਼ਬਦ ਮਿੰਦੇ ਦੀ ਵਰਤੋਂ ਕਰਦੇ ਹਨ। ਮਿੰਦੇ ਦਾ ਅਰਥ ਵਫ਼ਾਦਾਰ ਹੈ।
ਦਰਅਸਲ, ਕੁਨਾਲ ਕਾਮਰਾ ਨੇ ਆਪਣੇ ਸ਼ੋਅ ਵਿੱਚ ਫਿਲਮ 'ਦਿਲ ਤੋ ਪਾਗਲ ਹੈ' ਦਾ ਇੱਕ ਪੈਰੋਡੀ ਗੀਤ ਗਾਇਆ ਸੀ। ਇਸ ਵਿੱਚ 2022 ਵਿੱਚ ਸ਼ਿਵ ਸੈਨਾ ਵਿੱਚ ਫੁੱਟ ਦਾ ਹਵਾਲਾ ਦਿੱਤਾ ਗਿਆ ਸੀ।
ਕਾਮਰਾ ਨੇ ਗਾਣੇ ਵਿੱਚ ਗੱਦਾਰ ਸ਼ਬਦ ਦੀ ਵਰਤੋਂ ਕੀਤੀ ਸੀ, ਜਿਸ ਨੂੰ ਏਕਨਾਥ ਸ਼ਿੰਦੇ ਵਿਰੁੱਧ ਗਾਲ੍ਹ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ ਕੁਨਾਲ ਕਾਮਰਾ ਨੇ ਏਕਨਾਥ ਸ਼ਿੰਦੇ ਦਾ ਨਾਮ ਨਹੀਂ ਲਿਆ ਸੀ।
ਮੁੱਖ ਮੰਤਰੀ ਫੜਨਵੀਸ ਨੇ ਕੀ ਕਿਹਾ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ, "ਕੁਨਾਲ ਕਾਮਰਾ ਨੂੰ ਪਤਾ ਹੋਣਾ ਚਾਹੀਦਾ ਕਿ 2024 ਦੀਆਂ ਚੋਣਾਂ ਨੇ ਤੈਅ ਕਰ ਦਿੱਤਾ ਹੈ ਕਿ ਕੌਣ ਗੱਦਾਰ ਹੈ ਅਤੇ ਕੌਣ ਸਵਾਰਥੀ ਹੈ। ਹਿੰਦੂ ਦਿਲ ਸਮਰਾਟ ਬਾਲਾ ਸਾਹਿਬ ਠਾਕਰੇ ਦੀ ਵਿਰਾਸਤ ਸ਼ਿੰਦੇ ਜੀ ਕੋਲ ਹੈ, ਜਨਤਾ ਨੇ ਇਸ ਨੂੰ ਪ੍ਰਵਾਨ ਕੀਤਾ ਹੈ।"
ਉਨ੍ਹਾਂ ਨੇ ਕਿਹਾ, "ਮੈਂ ਮੰਨਦਾ ਹਾਂ ਕਿ ਕਾਮੇਡੀ ਕਰਨ ਅਤੇ ਵਿਅੰਗ ਕੱਸਣ ਦਾ ਵੀ ਅਧਿਕਾਰ ਹੈ, ਸਾਡੇ ਉਪਰ ਜਿੰਨੇ ਮਰਜ਼ੀ ਵਿਅੰਗ ਕਰੋ ਉਸ ਦਾ ਦਰਦ ਨਹੀਂ ਹੈ ਪਰ ਜਾਣਬੁੱਝ ਕੇ ਬੇਇਜ਼ਤ ਕਰਨ ਜਾਂ ਇੰਨੇ ਵੱਡੇ ਨੇਤਾਵਾਂ ਨੂੰ ਬੇਇੱਜ਼ਤ ਕਰਨ ਦਾ ਕੰਮ ਕਰੋਗੇ ਤਾਂ ਮੈਨੂੰ ਲੱਗਦਾ ਹੈ ਕਿ ਉਸ ਨੂੰ ਸਹਿਨ ਨਹੀਂ ਕੀਤਾ ਜਾਵੇਗਾ। ਜੋ ਵੀ ਕਾਨੂੰਨ ਕਾਰਵਾਈ ਹੈ ਕੀਤੀ ਜਾਵੇਗੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ