ਕੁਨਾਲ ਕਾਮਰਾ ਕੌਣ ਹਨ ਜਿਨ੍ਹਾਂ ਨੇ ਸੁਪਰੀਮ ਕੋਰਟ ਨਾਲ ਮੱਥਾ ਲਾਇਆ

ਪੱਤਰਕਾਰ ਅਰਨਬ ਗੋਸਵਾਮੀ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੇ ਜਾਣ ਦੀ ਆਲੋਚਨਾ ਕਰਨ ਵਾਲੇ ਕਾਮੇਡੀਅਨ ਕੁਨਾਲ ਕਾਮਰਾ ਖਿਲਾਫ਼ ਅਦਾਲਤੀ ਕਾਰਵਾਈ ਦੀ ਤਿਆਰੀ ਹੋ ਰਹੀ ਹੈ।

ਅਟਾਰਨੀ ਜਨਰਲ ਕੇਕੇ ਵੇਣੂਗੋਪਾਲ ਨੇ ਕਾਮਰਾ ਦੇ ਭਾਰਤ ਦੀ ਸੁਪਰੀਮ ਕੋਰਟ ਬਾਰੇ ਟਵੀਟ ਨੂੰ "ਬਹੁਤ ਇਤਰਾਜ਼ਯੋਗ" ਅਤੇ "ਅਦਾਲਤ ਦੀ ਆਪਰਾਧਿਕ ਮਾਣਹਾਨੀ ਵਰਗਾ" ਕਹਿੰਦਿਆਂ ਕਾਮਰਾ ਖ਼ਿਲਾਫ਼ ਅਦਾਲਤੀ ਕਾਰਵਾਈ ਲਈ ਸਹਿਮਤੀ ਦਿੱਤੀ ਹੈ।

ਉਨ੍ਹਾਂ ਨਿਊਜ਼ ਐਂਕਰ ਅਰਨਬ ਗੋਸਵਾਮੀ ਦੀ ਜ਼ਮਾਨਤ ਬਾਰੇ ਸੁਪਰੀਮ ਕੋਰਟ ਵੱਲੋਂ ਛੇਤੀ ਕਾਰਵਾਈ ਕਰਨ 'ਤੇ ਇਤਰਾਜ਼ ਜਤਾਇਆ ਸੀ।

ਇਹ ਵੀ ਪੜ੍ਹੋ:

ਕਾਮਰਾ ਨੇ ਲਿਖਿਆ ਹੈ ਕਿ ਮੁਲਕ ਵਿੱਚ ਕਈ ਮਾਮਲੇ ਅਜਿਹੇ ਹਨ ਜਿਨ੍ਹਾਂ ਦੀ ਸੁਣਵਾਈ ਕਰਨ ਦੀ ਵਧੇਰੇ ਲੋੜ ਸੀ।

ਉਨ੍ਹਾਂ ਨੇ ਕਿਹਾ, "ਨੋਟਬੰਦੀ ਪਟੀਸ਼ਨ, ਜੰਮੂ-ਕਸ਼ਮੀਰ ਦੇ ਵਿਸ਼ੇਸ਼ ਅਧਿਕਾਰ ਨੂੰ ਰੱਦ ਕਰਨ ਵਾਲੇ ਫ਼ੈਸਲੇ ਖ਼ਿਲਾਫ਼ ਪਟੀਸ਼ਨ, ਇਲੈਕਟੋਰਲ ਬੌਂਡਸ ਦੀ ਕਾਨੂੰਨੀ ਮਾਨਤਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਅਤੇ ਹੋਰ ਕਈ ਅਜਿਹੇ ਮਾਮਲਿਆਂ ਵਿੱਚ ਸੁਣਵਾਈ ਦੀ ਵਧੇਰੇ ਲੋੜ ਹੈ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਕੁਨਾਲ ਕਾਮਰਾ ਕੌਣ ਹਨ?

ਕਮੇਡੀਅਨ ਕੁਨਾਲ ਕਾਮਰਾ ਦਾ ਮਨੋਰੰਜਨ ਜਗਤ ਵਿੱਚ ਸਫ਼ਰ ਇੱਕ ਐਡਵਰਟਾਈਜ਼ਿੰਗ ਏਜੰਸੀ ਨਾਲ ਪ੍ਰੋਡਕਸ਼ਨ ਅਸਿਸਟੈਂਟ ਵਜੋਂ ਸ਼ੁਰੂ ਹੋਇਆ।

ਮਸ਼ਹੂਰੀਆਂ ਦੇ ਖੇਤਰ ਵਿੱਚ ਗਿਆਰਾਂ ਸਾਲ ਕੰਮ ਕਰਨ ਤੋਂ ਬਾਅਦ ਕੁਨਾਲ ਨੇ ਹਾਸਰਸ ਕਲਾਕਾਰ ਵਜੋਂ ਇੱਕ ਨਵੇਂ ਖੇਤਰ ਵਿੱਚ ਪੈਰ ਰੱਖਿਆ। ਸਾਲ 2013 ਵਿੱਚ ਉਨ੍ਹਾਂ ਨੇ ਆਪਣਾ ਪਹਿਲਾ ਸ਼ੋਅ ਕੀਤਾ।

ਸਾਲ 2017 ਵਿੱਚ ਰਮੀਤ ਵਰਮਾ ਨਾਲ ਮਿਲ ਕੇ ਉਨ੍ਹਾਂ ਨੇ ਇੱਕ ਪੌਡਕਾਸਟ 'ਸ਼ੱਟ ਅਪ ਯਾ ਕੁਨਾਲ' (ਕੁਨਾਲ ਯਾਰ ਚੁੱਪ ਕਰ) ਸ਼ੁਰੂ ਕੀਤਾ। ਇਸ ਸ਼ੋਅ ਵਿੱਚ ਉਹ ਇੱਕ ਗੈਰ-ਰਸਮੀ ਮਾਹੌਲ ਵਿੱਚ ਸਿਆਸੀ, ਸਮਾਜਿਕ ਅਤੇ ਹੋਰ ਖੇਤਰਾਂ ਦੀਆਂ ਉੱਘੀਆਂ ਹਸਤੀਆਂ ਨਾਲ ਗੱਲਬਾਤ ਕਰਦੇ ਹਨ।

'ਸ਼ੱਟ ਅਪ ਯਾ ਕੁਨਾਲ' ਦਾ ਪਹਿਲਾ ਸੀਜ਼ਨ ਭਾਜਪਾ ਦੇ ਯੂਥ ਵਿੰਗ ਦੇ ਮੀਤ ਪ੍ਰਧਾਨ ਮਧੂਕੇਸ਼ਵਰ ਦੇਸਾਈ ਨਾਲ ਗੱਲਬਾਤ ਤੋਂ ਸ਼ੁਰੂ ਹੋਇਆ।

ਹੁਣ ਤੱਕ ਇਸ ਸ਼ੋਅ ਦੇ ਪਹਿਲੇ ਸੀਜ਼ਨ ਵਿੱਚ ਪੱਤਰਕਾਰ ਰਵੀਸ਼ ਕੁਮਾਰ, ਲੇਖਕ ਜਾਵੇਦ ਅਖ਼ਤਰ, ਅਸਦੁਦੀਨ ਓਵੈਸੀ, ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਮਿਲਿੰਦ ਦੇਓਰਾ ਅਤੇ ਸਚਿਨ ਪਾਇਲਟ, ਪ੍ਰਿਅੰਕਾ ਚਤੁਰਵੇਦੀ, ਕਨ੍ਹਈਆ ਕੁਮਾਰ ਅਤੇ ਉਮਰ ਖ਼ਾਲਿਦ ਆਪਣੀ ਹਾਜ਼ਰੀ ਲਗਵਾ ਚੁੱਕੇ ਹਨ।

ਸੰਜੇ ਰਾਊਤ ਨੂੰ ਸ਼ੋਅ ਲਈ ਸੱਦਾ ਦੇਣ ਤੋਂ ਪਹਿਲਾਂ ਕੁਨਾਲ ਕਾਮਰਾ ਨੇ ਰਾਜ ਠਾਕਰੇ ਨੂੰ ਵੀ ਬੁਲਾਇਆ ਸੀ।

ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਇਸ ਸੰਬੰਧ ਵਿੱਚ ਇੱਕ ਟਵੀਟ ਕੀਤਾ, 'ਜਿਵੇਂ ਕਿ ਮੈਂ ਪਤਾ ਕੀਤਾ ਹੈ ਕਿ ਤੁਸੀਂ ਕੀਰਤੀ ਕਾਲਜ ਵਡਾ ਪਾਓ ਦੇ ਬਹੁਤ ਸ਼ੁਕੀਨ ਹੋ ਮੈਂ ਤੁਹਾਨੂੰ ਤੁਹਾਡੀ ਇੱਕ ਮਨਪਸੰਦ ਡਿਸ਼ ਨਾਲ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਜੋ ਤੁਸੀਂ ਮੇਰੇ ਪੌਡਕਾਸਟ 'ਸ਼ੱਟ ਅਪ ਯਾ ਕੁਨਾਲ' ਲਈ ਕੁਝ ਸਮਾਂ ਕੱਢ ਸਕੋ।'

ਸਿਆਸੀ ਸਟੈਂਡ ਲਈ ਮਸ਼ਹੂਰ

ਕਾਮਰਾ ਆਪਣੇ ਵਿਅੰਗਾਂ ਤੋਂ ਇਲਾਵਾ ਵੱਖ-ਵੱਖ ਮੁੱਦਿਆਂ ਬਾਰੇ ਆਪਣੇ ਸਿਆਸੀ ਸਟੈਂਡ ਕਾਰਨ ਵੀ ਚਰਚਾ ਵਿੱਚ ਰਹਿੰਦੇ ਹਨ। ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੀਆਂ ਕੁਝ ਟਿੱਪਣੀਆਂ ਨੇ ਵਿਵਾਦਾਂ ਨੂੰ ਜਨਮ ਦਿੱਤਾ।

ਸਾਲ 2018 ਵਿੱਚ ਹਿੰਦੂ, ਸਿੱਖਾਂ ਅਤੇ ਮਦਰ ਟੈਰੀਸਾ ਬਾਬਤ ਕੀਤੇ ਕੁਝ ਟਵੀਟ ਵਾਇਰਲ ਹੋ ਜਾਣ ਮਗਰੋਂ ਉਨ੍ਹਾਂ ਨੇ ਆਪਣਾ ਟਵਿੱਟਰ ਅਕਾਊਂਟ ਡਿਲੀਟ ਕਰ ਦਿੱਤਾ। ਇਸ ਅਰਸੇ ਦੌਰਾਨ ਉਨ੍ਹਾਂ ਨੂੰ ਕੁਝ ਸਮੇਂ ਲਈ ਮੰਬਈ ਵਿੱਚ ਆਪਣੇ ਘਰ ਤੋਂ ਵੀ ਦੂਰ ਰਹਿਣਾ ਪਿਆ।

ਸਾਲ 2019 ਵਿੱਚ ਉਨ੍ਹਾਂ ਨੂੰ ਆਪਣੇ ਦੋ ਸ਼ੋਅ ਵੀ ਰੱਦ ਕਰਨੇ ਪਏ। ਕੁਝ ਲੋਕਾਂ ਨੇ ਉਨ੍ਹਾਂ ਨੂੰ ਪ੍ਰੋਗਰਾਮ ਵਾਲੀ ਥਾਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਵੀ ਦਿੱਤੀ।

ਕੁਨਾਲ ਅਤੇ ਅਰਨਬ ਗੋਸਵਾਮੀ ਦਾ ਵਿਵਾਦ

ਘਟਨਾਕ੍ਰਮ ਇਸ ਸਾਲ ਜਨਵਰੀ ਤੋਂ ਸ਼ੁਰੂ ਹੋਇਆ, ਜਦੋਂ ਕੁਨਾਲ ਕਾਮਰਾ ਅਤੇ ਅਰਨਬ ਗੋਸਵਾਮੀ ਇੱਕ ਹਵਾਈ ਜਹਾਜ਼ ਵਿੱਚ ਸਫ਼ਰ ਕਰ ਰਹੇ ਸਨ।

ਕੁਨਾਲ ਕਾਮਰਾ ਨੇ ਅਰਨਬ ਗੋਸਵਾਮੀ ਨੂੰ ਉਡਾਣ ਦੌਰਾਨ ਕੁਝ ਸਵਾਲ ਪੁੱਛੇ ਜਿਨ੍ਹਾਂ ਦਾ ਅਰਨਬ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਅਤੇ ਚੁੱਪ ਵੱਟੀ ਰੱਖੀ। ਕੁਨਾਲ ਵੱਲੋਂ ਇਸ ਸਾਰੇ ਘਟਨਾ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਉੱਪਰ ਸਾਂਝੀ ਕੀਤੀ ਗਈ ਜੋ ਕਿ ਵਾਇਰਲ ਹੋ ਗਈ।

ਵੀਡੀਓ ਵਿੱਚ ਕੁਨਾਲ ਨੇ ਅਰਨਬ ਨੂੰ "ਡਰਪੋਕ" ਤੱਕ ਵੀ ਕਿਹਾ ਪਰ ਅਰਨਬ ਨੇ ਸਾਰਾ ਸਮਾਂ ਇੱਕ ਸ਼ਬਦ ਨਹੀਂ ਬੋਲਿਆ।

"ਮੈਂ ਅਰਨਬ ਗੋਸਵਾਮੀ ਨੂੰ ਉਨ੍ਹਾਂ ਦੀ ਪੱਤਰਕਾਰੀ ਬਾਰੇ ਸਵਾਲ ਕਰ ਰਿਹਾ ਹਾਂ। ਉਨ੍ਹਾਂ ਨੇ ਜੋ ਕੀਤਾ ਅਤੇ ਜਿਸ ਦੀ ਮੈਨੂੰ ਉਮੀਦ ਸੀ। ਉਹ ਮੇਰੇ ਸਵਾਲਾਂ ਦਾ ਜਵਾਬ ਨਹੀਂ ਦੇਣਾ ਚਾਹੁੰਦੇ। ਦਰਸ਼ਕ ਜਾਨਣਾ ਚਾਹੁੰਦੇ ਹਨ ਕਿ ਅਰਨਬ ਇੱਕ ਪੱਤਰਕਾਰ ਹਨ ਜਾਂ ਕਿ ਡਰਪੋਕ।"

ਕੁਨਾਲ ਨੇ ਇਹ ਵੀਡੀਓ ਆਪਣੇ ਸੋਸ਼ਲ ਹੈਂਡਲ ਤੋਂ ਸਾਂਝੀ ਕਰਦਿਆਂ ਲਿਖਿਆ ਕਿ ਉਹ ਅਜਿਹਾ ਆਪਣੇ ਨਾਇਕ ਰੋਹਿਤ ਵਿਮੁਲਾ ਖਾਤਰ ਕਰ ਰਹੇ ਹਨ।

ਵੀਡੀਓ ਉੱਪਰ ਵਾਵਰੋਲਾ

ਇਸ ਘਟਨਾ ਤੋਂ ਬਾਅਦ ਇੰਡੀਗੋ ਏਅਰਲਾਈਨਜ਼ ਨੇ ਕੁਨਾਲ ਉੱਪਰ ਛੇ ਮਹੀਨਿਆਂ ਲਈ ਪਾਬੰਦੀ ਲਗਾ ਦਿੱਤੀ। ਜਿਸ ਤੋਂ ਬਾਅਦ ਸਰਕਾਰ ਹਵਾਈ ਸੇਵਾ ਕੰਪਨੀ ਏਅਰਇੰਡੀਆ ਅਤੇ ਇੱਕ ਹੋਰ ਨਿੱਜੀ ਕੰਪਨੀ ਸਪਾਈਸਜੈਟ ਨੇ ਵੀ ਅਜਿਹਾ ਹੀ ਕੀਤਾ।

ਸ਼ਸ਼ੀ ਥਰੂਰ ਨੂੰ ਕਮੇਡੀ ਸਿਖਾਉਣਾ

ਸਾਲ 2019 ਵਿੱਚ ਕੁਨਾਲ ਕਾਮਰਾ ਨੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੂੰ ਸੇਟਜ ਉੱਪਰ ਕਾਮੇਡੀ ਕਰਨ ਦੇ ਗੁਰ ਸਿਖਾਏ। ਉਨ੍ਹਾਂ ਨੇ ਸ਼ਸ਼ੀ ਨੂੰ ਇਹ ਕਾਮੇਡੀ ਦੇ ਇਹ ਨੁਕਤੇ ਐਮੇਜ਼ੌਨ ਪ੍ਰਾਈਮ ਉੱਪਰ ਉਨ੍ਹਾਂ ਦੀ ਇੱਕ ਪੇਸ਼ਕਾਰੀ ਵਨ ਮਾਈਕ ਸਟੈਂਡ ਲਈ ਦਿੱਤੇ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)