You’re viewing a text-only version of this website that uses less data. View the main version of the website including all images and videos.
ਕੁਨਾਲ ਕਾਮਰਾ ’ਤੇ ਇੰਡੀਗੋ ਦੀ ਕਾਰਵਾਈ ਨਿਯਮਾਂ ’ਤੇ ਕਿੰਨੀ ਖਰੀ ਉਤਰਦੀ ਹੈ
ਕਮੇਡੀਅਨ ਕੁਨਾਲ ਕਾਮਰਾ ਨੂੰ ਭਾਰਤ ਦੀਆਂ ਦੋ ਏਅਰਲਾਈਨ ਕੰਪਨੀਆਂ ਵੱਲੋਂ ਉਡਾਣ 'ਤੇ ਪਾਬੰਦੀ ਲਾਏ ਜਾਣ ਦੀ ਚਰਚਾ ਸੋਸ਼ਲ ਮੀਡੀਆ 'ਤੇ ਗਰਮਾਈ ਹੋਈ ਹੈ। ਲੋਕ ਵੱਖ-ਵੱਖ ਧਿਰਾਂ ਵਿੱਚ ਵੰਡੇ ਗਏ ਹਨ।
ਦੋਵਾਂ ਕੰਪਨੀਆਂ ਨੇ ਕੁਨਾਲ ਕਾਮਰਾ ਉੱਪਰ ਰਿਪਬਲਿਕ ਚੈਨਲ ਦੇ ਮੁਖੀ ਅਰਨਬ ਗੋਸਵਾਮੀ ਨਾਲ ਕਹਾ ਸੁਣੀ ਤੋਂ ਬਾਅਦ ਇਹ ਬੰਦਿਸ਼ ਲਾਈ ਹੈ।
ਇਹ ਦੋਵੇਂ ਜਣੇ ਕੌਣ ਹਨ? ਜਹਾਜ਼ ਵਿੱਚ ਵਾਪਰੀ ਘਟਨਾ ਬਾਰੇ ਦੋਵੇਂ ਕੀ ਕਹਿ ਰਹੇ ਹਨ? ਏਅਰ ਲਾਈਨ ਕੰਪਨੀਆਂ ਨੇ ਕੀ ਕਾਰਵਾਈ ਕੀਤੀ ਹੈ? ਇਸ ਸੰਬੰਧੀ ਨਿਯਮ ਕੀ ਕਹਿੰਦੇ ਹਨ?
ਇਹ ਵੀ ਪੜ੍ਹੋ
ਇੱਕ ਪਾਸੇ ਗੋਸਵਾਮੀ ਨੂੰ ਇੱਕ ਅਜਿਹੀ ਸ਼ਖ਼ਸ਼ੀਅਤ ਵਜੋਂ ਦੇਖਿਆ ਜਾਂਦਾ ਹੈ ਜੋ ਆਪਣੇ ਚਲੰਤ ਮਾਮਲਿਆਂ ਦੇ ਪ੍ਰੋਗਰਾਮ ਵਿੱਚ ਸਰਕਾਰ ਪੱਖੀ ਸਟੈਂਡ ਲੈਂਦੇ ਹਨ।
ਉਹ ਅਕਸਰ ਆਪਣੇ ਸ਼ੋਅ ਵਿੱਚ ਆਏ ਲੋਕਾਂ ਨੂੰ ਸਰਕਾਰ ਪੱਖੀ ਤੇ ਵਿਰੋਧੀ ਖੇਮਿਆਂ ਵਿੱਚ ਵੰਡ ਕੇ ਬਹਿਸ ਕਰਦੇ ਹਨ। ਫਿਰ ਸਰਕਾਰ ਵਿਰੋਧੀਆਂ ਬਾਰੇ ਆਪਣੇ 'ਫ਼ੈਸਲੇ' ਸੁਣਾਉਂਦੇ ਹਨ। ਇਸ ਦੌਰਾਨ ਉਹ ਵਿਰੋਧੀਆਂ ਦਾ ਮਜ਼ਾਕ ਵੀ ਉਡਾਉਂਦੇ ਹਨ।
ਦੂਜੇ ਪਾਸੇ ਕਾਮਰਾ ਸੱਜੇ ਪੱਖੀ ਸੰਵਾਦ ਨੂੰ ਚੁਣੌਤੀ ਦਿੰਦੇ ਹਨ। ਉਹ ਸਰਕਾਰ ਵਿੱਚ ਸ਼ਾਮਲ ਲੋਕਾਂ ਤੇ ਉਨ੍ਹਾਂ ਦੇ ਬਿਆਨਾਂ 'ਤੇ ਕਾਰਜਾਂ ਤੇ ਵਿਅੰਗ ਕੱਸਦੇ ਹਨ।
ਜਦੋਂ ਪਿਛਲੇ ਦਿਨੀਂ ਦੋਵੇਂ ਜਣੇ ਇੰਡੀਗੋ ਏਅਲਾਈਨ ਦੀ ਮੁੰਬਈ ਤੋਂ ਲਖਨਊ ਦੀ ਇੱਕ ਉਡਾਣ ਦੌਰਾਨ ਮਿਲੇ ਤਾਂ ਕਾਮਰਾ ਨੇ ਗੋਸਵਾਮੀ ਨੂੰ ਕੁਝ ਸਵਾਲ ਕਰਨੇ ਚਾਹੇ। ਗੋਸਵਾਮੀ ਨੇ ਕਾਮਰਾ ਨੂੰ ਕੋਈ ਜਵਾਬ ਨਾ ਦਿੱਤਾ।
ਫਿਰ ਕਾਮਰਾ ਨੇ ਗੋਸਵਾਮੀ ਦੇ ਜਾਣੇ-ਪਛਾਣੇ ਅੰਦਾਜ਼ ਵਿੱਚ ਉਨ੍ਹਾਂ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ—ਜਿਵੇਂ ਗੋਸਵਾਮੀ ਆਪਣੇ ਸ਼ੋਅ ਤੇ ਆਏ ਮਹਿਮਾਨਾਂ ਨਾਲ ਕਰਦੇ ਹਨ। ਇਸ ਸਾਰੇ ਦੌਰਾਨ ਗੋਸਵਾਮੀ ਨੇ ਲਗਾਤਾਰ ਚੁੱਪੀ ਧਾਰ ਕੇ ਰੱਖੀ। ਕਾਮਰਾ ਨੇ ਇਸ ਦੀ ਘਟਨਾ ਦੀ ਇੱਕ ਵੀਡੀਓ ਆਪਣੇ ਟਵਿੱਟਰ 'ਤੇ ਸਾਂਝੀ ਕੀਤੀ।
ਕਾਮਰਾ ਦਾ ਦਾਅਵਾ ਹੈ ਕਿ ਉਨ੍ਹਾਂ ਨੇ, "ਨਿਮਰਤਾ ਨਾਲ ਉਨ੍ਹਾਂ ਨੂੰ (ਗੋਸਵਾਮੀ) ਨੂੰ ਗੱਲਬਾਤ ਕਰਨ ਲਈ ਪੁੱਛਿਆ" ਜਦਕਿ ਪੱਤਰਕਾਰ ਨੇ ਫੋਨ ਉੱਤੇ ਗੱਲਬਾਤ ਕਰਨ ਦਾ ਦਿਖਾਵਾ ਕੀਤਾ। ਗੋਸਵਾਮੀ ਨੂੰ ਪੱਤਰਕਾਰੀ ਬਾਰੇ ਸਵਾਲ ਕਰਨ ਤੋਂ ਬਾਅਦ ਕਾਮਰਾ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਕਾਮਰਾ ਨੇ ਗੋਸਵਾਮੀ ਦੇ ਪ੍ਰਸਿੱਧ ਸੰਵਾਦ ਬੋਲਣੇ ਸ਼ੁਰੂ ਕਰ ਦਿੱਤੇ— "ਦੇਸ਼ ਜਾਨਣਾ ਚਾਹੁੰਦਾ ਹੈ", "ਕੀ ਅਰਨਬ ਇੱਕ ਕਾਇਰ ਹੈ ਜਾਂ ਦੇਸ਼ ਭਗਤ"
ਗੋਸਵਾਮੀ ਇਸ ਸਾਰੀ ਵੀਡੀਓ ਵਿੱਚ ਚੁੱਪ ਬੈਠੇ ਦਿਖਾਈ ਦੇ ਰਹੇ ਹਨ। ਇਹ ਵੀਡੀਓ ਵਾਇਰਲ ਹੋ ਚੁੱਕੀ ਹੈ। ਅਰਨਬ ਨੇ ਇਸ ਵੀਡੀਓ ਅਤੇ ਘਟਨਾ ਬਾਰੇ ਹਾਲੇ ਤੱਕ ਆਪਣਾ ਰੁਖ ਸਪੱਸ਼ਟ ਨਹੀਂ ਕੀਤਾ ਹੈ।
ਦੇਰ ਸ਼ਾਮ ਇੰਡੀਗੋ ਏਅਰਲਾਈਨ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੂੰ ਟੈਗ ਕਰਕੇ ਇੱਕ ਬਿਆਨ ਟਵੀਟ ਕੀਤਾ। ਇਸ ਬਿਆਨ ਵਿੱਚ ਕੰਪਨੀ ਨੇ ਕਾਮਰਾ 'ਤੇ ਛੇ ਮਹੀਨਿਆਂ ਲਈ ਆਪਣੇ ਜਹਾਜ਼ ਰਾਹੀਂ ਉਡਾਣ ਭਰਨ ਉੱਤੇ ਪਾਬੰਦੀ ਲਾ ਦਿੱਤੀ।
ਜਲਦੀ ਹੀ ਮੰਤਰੀ ਨੇ ਟਵੀਟ ਦਾ ਜਵਾਬ ਦਿੱਤਾ ਤੇ ਬਾਕੀ ਏਅਰਲਾਈਨਾਂ ਨੂੰ ਵੀ ਕਾਮਰਾ ਤੇ ਪਾਬੰਦੀ ਲਾਉਣ ਨੂੰ ਕਿਹਾ। ਸਰਕਾਰੀ ਏਅਰਲਾਈਨ ਏਅਰਇੰਡੀਆ ਸਭ ਤੋਂ ਪਹਿਲਾਂ ਮੂਹਰੇ ਆਈ ਤੇ ਉਸ ਨੇ ਕਾਮਰਾ ਤੇ ਅਗਲੇ ਨੋਟਿਸ ਤੱਕ ਪਾਬੰਦੀ ਲਾ ਦਿੱਤੀ। ਹੁਣ ਸਪਾਈਸਜੈਟ ਨੇ ਵੀ ਕਾਮਰਾ 'ਤੇ 6 ਮਹੀਨਿਆਂ ਲਈ ਪਾਬੰਦੀ ਲਾ ਦਿੱਤੀ ਹੈ।
ਹੁਣ, ਕੀ ਏਅਰਲਾਈਨ ਕੰਪਨੀਆਂ ਅਜਿਹਾ ਕਰ ਸਕਦੀਆਂ ਹਨ, ਨਿਯਮ ਕੀ ਕਹਿੰਦੇ ਹਨ?
ਇਸ ਦਿਸ਼ਾ ਵਿੱਚ ਹਵਾਈ ਜਹਾਜ਼ ਦੇ ਯਾਤਰੀਆਂ ਦੇ ਵਿਹਾਰ ਨੂੰ ਏਅਰਕ੍ਰਾਫ਼ਟ ਰੂਲਜ਼ 1937 ਵਿੱਚ ਪ੍ਰਭਾਸ਼ਿਤ ਕੀਤਾ ਗਿਆ ਹੈ ਕਿ ਉਨ੍ਹਾਂ ਦਾ ਕਿਹੋ-ਜਿਹਾ ਵਿਹਾਰ ਜਹਾਜ਼ ਵਿੱਚ ਸਹਿਣ ਨਹੀਂ ਕੀਤਾ ਜਾ ਸਕਦਾ:
ਰੂਲ ਨੰਬਰ 23 ਕਹਿੰਦਾ ਹੈ:ਜਹਾਜ਼ ਵਿੱਚ ਸਵਾਰ ਕੋਈ ਵੀ ਵਿਅਕਤੀ (ਏ) ਕਿਸੇ ਹੋਰ ਵਿਅਕਤੀ ਤੇ ਸਰੀਰਕ ਜਾਂ ਸ਼ਬਦਾਂ ਰਾਹੀਂ ਹਮਲਾ ਨਹੀਂ ਕਰੇਗਾ, ਕੋਈ ਵੀ ਵਿਅਕਤੀ (ਬੀ ਜਾਣ-ਬੁੱਝ ਕੇ ਸੰਪਤੀ ਨੂੰ ਨੁਕਸਾਨ ਨਹੀਂ ਪਹੁੰਚਾਏਗਾ, (ਸੀ) ਸ਼ਰਾਬ ਜਾਂ ਨਸ਼ੀਨੇ ਪਦਾਰਥਾਂ ਦੀ ਵਰਤੋਂ ਨਹੀਂ ਕਰੇਗਾ, ਜਿਸ ਨਾਲ ਜਹਾਜ਼ ਦੀ ਸੁਰੱਖਿਆ ਨੂੰ ਖ਼ਤਰਾ ਖੜ੍ਹਾ ਹੁੰਦਾ ਹੋਵੇ ਜਾਂ ਜਹਾਜ਼ ਤੇ ਅਨੁਸ਼ਾਸ਼ਨ ਭੰਗ ਹੁੰਦਾ ਹੋਵੇ।
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ’ਤੇ
ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਡਾਇਰੈਕਟਰ ਜਨਰਲ ਆਫ਼ ਸਿਵਲ ਏਵੀਏਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾ ਸਕਦੀ ਹੈ। ਇਹ ਹਦਾਇਤਾਂ 2017 ਵਿੱਚ ਬਣਾਈਆਂ ਗਈਆਂ ਸਨ। ਜਦੋਂ ਸ਼ਿਵ ਸੈਨਾ ਦੇ ਤਤਕਾਲੀ ਐੱਮਪੀ ਦਵਿੰਦਰ ਗਾਇਕਵਾੜ ਨੇ ਏਅਰ ਇੰਡੀਆ ਦੇ ਇੱਕ ਮੁਲਾਜ਼ਮ ਨਾਲ ਦੁਰ ਵਿਹਾਰ ਕੀਤਾ ਸੀ। ਉਸ ਤੋਂ ਬਾਅਦ ਸਾਰੀਆਂ ਏਅਰਲਾਈਨਾਂ ਨੇ ਗਾਇਕਵਾੜ 'ਤੇ ਪਾਬੰਦੀ ਲਾ ਦਿੱਤੀ ਸੀ।
ਸੋਧੀਆਂ ਹੋਈਆਂ ਹਦਾਇਤਾਂ ਅਜਿਹੇ ਗੈਰ-ਕਾਬਲੇ-ਬਰਦਾਸ਼ਤ ਵਿਹਾਰ ਨੂੰ ਤਿੰਨ ਵਰਗਾਂ ਵਿੱਚ ਵੰਡਦੇ ਹਨ।
- ਸ਼ਬਦਿਕ ਵਿਹਾਰ
- ਸਰੀਰਕ ਤੌਰ 'ਤੇ ਹਮਲਾਵਰ ਵਿਹਾਰ
- ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾਉਣ ਵਾਲਾ ਵਿਹਾਰ
ਪਹਿਲੇ ਪੱਧਰ ਦੇ ਵਿਹਾਰ ਵਿੱਚ (ਸਰੀਰਕ ਇਸ਼ਾਰੇ, ਬੋਲ ਕੇ ਤੰਗ ਕਰਨਾ) ਇਸ ਕਾਰਨ ਯਾਤਰੀ ਤੇ ਤਿੰਨ ਮਹੀਨਿਆਂ ਤੱਕ ਦੀ ਪਾਬੰਦੀ ਲਾਈ ਜਾ ਸਕਦੀ ਹੈ।
ਦੂਜੇ ਪੱਧਰ ਦਾ ਵਿਹਾਰ ਕਰਨ ਵਾਲੇ ਉੱਪਰ ਛੇ ਮਹੀਨਿਆਂ ਤੱਕ ਦੀ ਪਾਬੰਦੀ ਲਾਈ ਜਾ ਸਕਦੀ ਹੈ।
ਤੀਜੇ ਪੱਧਰ ਦੇ ਵਿਹਾਰ ਵਿੱਚ ਯਾਤਰੀ ਤੇ ਘੱਟੋ-ਘੱਟ ਦੋ ਸਾਲ ਦੀ ਤੇ ਵੱਧ ਤੋਂ ਵੱਧ ਬੇ ਮਿਆਦ ਲਈ ਪਾਬੰਦੀ, ਲਾਈ ਜਾ ਸਕਦੀ ਹੈ।
ਪਾਬੰਦੀ ਬਾਰੇ ਫੈਸਲਾ ਏਅਲਆਈਨ ਦੀ ਇੱਕ ਤਿੰਨ ਮੈਂਬਰੀ ਖੁਦਮੁਖਤਿਆਰ ਕਮੇਟੀ ਲੈਂਦੀ ਹੈ। ਜਿਸ ਦੀ ਅਗਵਾਈ ਜਿਲ੍ਹੇ ਦਾ ਇੱਕ ਰਿਟਾਇਰਡ ਸੈਸ਼ਨ ਜੱਜ ਕਰਦਾ ਹੈ। ਇਸ ਵਿੱਚ ਯਾਤਰੀਆਂ ਦੀ ਐਸੋਸੀਏਸ਼ਨ ਦੇ ਨੁਮਾਇੰਦੇ ਵੀ ਹੋ ਸਕਦੇ ਹਨ। ਇਸ ਕਮੇਟੀ ਨੇ ਇੱਕ ਮਹੀਨੇ ਦੇ ਅੰਦਰ ਜਾਂਚ ਕਰਕੇ ਪਾਬੰਦੀ ਦੀ ਮਿਆਦ ਦੀ ਸਿਫ਼ਾਰਿਸ਼ ਕਰਨੀ ਹੁੰਦੀ ਹੈ।
ਹਾਲਾਂਕਿ ਜੇ ਇੱਕ ਏਅਰਾਲਾਈਨ ਕਿਸੇ ਯਾਤਰੀ ਤੇ ਅਜਿਹੀ ਪਾਬੰਦੀ ਲਾਉਂਦੀ ਹੈ ਤਾਂ ਜ਼ਰੂਰੀ ਨਹੀਂ ਬਾਕੀ ਵੀ ਅਜਿਹਾ ਕਰਨ।
ਕੀ ਏਅਰ ਲਾਈਨ ਨੇ ਹੱਦੋਂ ਵਧ ਕੇ ਕਾਰਵਾਈ ਕੀਤੀ?
ਕੁਨਾਲ ਕਾਮਰਾ ਦੇ ਮਾਮਲੇ ਵਿੱਚ ਕੁਝ ਮਾਹਰਾਂ ਦੀ ਰਾਇ ਹੈ ਕਿ ਸ਼ਾਇਦ ਏਅਰ ਲਾਈਨ ਨੇ ਹੱਦੋਂ ਵਧ ਕੇ ਕਾਰਵਾਈ ਕੀਤੀ ਹੈ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਮਰਾ, ਗੋਸਵਾਮੀ ਨੂੰ ਵਾਰ ਵਾਰ ਅਨਾਊਂਸਮੈਂਟ ਕਰਨ ਦੇ ਬਾਵਜੂਦ ਬੁਲਾਉਂਦੇ ਰਹਿੰਦੇ ਹਨ।
ਹਾਲਾਂਕਿ ਹਵਾਬਾਜ਼ੀ ਸੁਰੱਖਿਆ ਦੇ ਕਾਰਕੁਨ ਯਸ਼ਵੰਤ ਸ਼ਿਨੋਏ ਦਾ ਸਵਾਲ ਹੈ, " ਜੇ ਕਾਮਰਾ ਨੇ ਅਨਾਊਂਸਮੈਂਟ ਦੇ ਬਾਵਜੂਦ ਬੋਲਦੇ ਵੀ ਰਹੇ ਤਾਂ ਕੀ ਹੋਰ ਯਾਤਰੀਆਂ ਨੇ ਸ਼ਿਕਾਇਤ ਕੀਤੀ? ਨਿੱਜੀ ਤੌਰ 'ਤੇ ਮੈਂ ਨਹੀਂ ਮੰਨਦਾ ਕਿ ਅਰਨਬ ਨੂੰ ਕੁਝ ਸਵਾਲ ਪੁੱਛਣਾ ਕੁਰਖ਼ਤ ਸੀ ਜਾਂ ਧਮਕਾਉਣ ਵਾਲਾ ਸੀ। ਜੇ ਮੰਨ ਵੀ ਲਿਆ ਜਾਵੇ ਕਿ ਇਹ ਕੁਰਖ਼ਤ ਸੀ ਤਾਂ ਵੀ ਇਹ ਪਹਿਲੇ ਪੱਧਰ ਦਾ ਜੁਰਮ ਸੀ ਤੇ ਵੱਧੋ-ਵੱਧ ਪਾਬੰਦੀ ਤਿੰਨ ਮਹੀਨਿਆਂ ਦੀ ਲਾਈ ਜਾ ਸਕਦੀ ਸੀ।"
ਸ਼ਿਨੋਏ ਨੇ ਹਵਾਬਾਜ਼ੀ ਅਧਿਕਾਰੀਆਂ ਦੀ ਵੀ ਆਲੋਚਨਾ ਕੀਤੀ ਹੈ। ਡੀਜੀਸੀਏ ਜੋ ਯਾਤਰੀਆਂ ਦੇ ਵਿਹਾਰ ਨੂੰ ਸੁਰੱਖਿਆ ਲਈ ਖ਼ਤਰਾ ਸਮਝਦਾ ਹੈ। ਉਹੀ ਏਅਰਲਾਈਨਾਂ ਨੂੰ ਨੁਕਸਦਾਰ ਇੰਜਣਾਂ ਨਾਲ ਉਡਾਣਾਂ ਜਾਰੀ ਰੱਖਣ ਦਿੰਦਾ ਹੈ। ਕਾਮਰਾ ਖ਼ਿਲਾਫ਼ ਕਾਰਵਾਈ ਕਾਹਲੀ ਵਿੱਚ ਕੀਤੀ ਗਈ ਤੇ ਲਗਦਾ ਹੈ ਮੰਤਰੀ ਨੇ ਇਸ ਵਿੱਚ ਦਖ਼ਲ ਦਿੱਤਾ ਹੋਵੇ। ਇਹ ਏਅਰਲਾਈਨ ਦੀ ਪ੍ਰਤੀਕਿਰਿਆ ਨਹੀਂ ਹੈ ਸਗੋਂ ਬਸ ਦਬਾਅ ਅੱਗੇ ਝੁਕਣਾ ਹੈ।"
ਰਾਟੀਆਈ ਸਕੇਤ ਗੋਖਲੇ ਨੇ ਇਸ ਪ੍ਰਕਿਰਿਆ ਦੇ ਵੇਰਵੇ ਅਤੇ ਇਸ ਮਾਮਲੇ ਵਿੱਚ ਮੰਤਰੀ ਦਾ ਦਬਾਅ ਜਾਨਣ ਲਈ ਆਰਟੀਆਈ ਰਾਹੀਂ ਅਰਜੀ ਦਿੱਤੀ ਹੈ।
ਇਸ ਦੌਰਾਨ ਸੋਸ਼ਲ ਮੀਡੀਆ ਉੱਪਰ ਇਸ ਬਾਰੇ ਬਹਿਸ ਜਾਰੀ ਹੈ।
ਇਹ ਵੀ ਪੜ੍ਹੋ:
ਵੀਡੀਓ: ਚੰਡੀਗੜ੍ਹ ਦੇ ਲੰਗਰ ਬਾਬਾ ਨੂੰ ਮਿਲੋ
ਵੀਡੀਓ: ਕੋਰੋਨਾਵਾਇਰਸ ਦਾ ਕਿੰਨਾ ਡਰ
ਵੀਡੀਓ: ਮੰਜ ਮਿਊਜ਼ਕ ਦਾ ਸੰਗੀਤ ਵਿੱਚ ਸਫ਼ਰ ਕਿਵੇਂ ਸ਼ੁਰੂ ਹੋਇਆ