ਵੈਨੇਜ਼ੁਏਲਾ ਤੋਂ ਬਾਅਦ ਹੋਰ ਕਿਹੜੇ ਦੇਸ਼ਾਂ 'ਤੇ ਹੋ ਸਕਦੀ ਹੈ ਟਰੰਪ ਦੀ ਨਜ਼ਰ?

    • ਲੇਖਕ,  ਟੌਮ ਬੇਨੇਟ
    • ਰੋਲ, ਬੀਬੀਸੀ ਪੱਤਰਕਾਰ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਦੂਜਾ ਕਾਰਜਕਾਲ ਉਨ੍ਹਾਂ ਦੀ ਵਿਦੇਸ਼ ਨੀਤੀ ਸਬੰਧੀ ਇੱਛਾਵਾਂ ਮੁਤਾਬਕ ਚੱਲ ਰਿਹਾ ਹੈ।

ਉਹ ਵੈਨੇਜ਼ੁਏਲਾ ਨੂੰ ਦਿੱਤੀਆਂ ਧਮਕੀਆਂ 'ਤੇ ਅਮਲ ਕਰ ਚੁੱਕੇ ਹਨI ਰਾਤੋ-ਰਾਤ ਕੀਤੀ ਕਾਰਵਾਈ ਦੌਰਾਨ ਮਜ਼ਬੂਤ ਇੰਤਜ਼ਾਮਾਂ ਦੇ ਬਾਵਜੂਦ ਵੀ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਅਤੇ ਉਸ ਦੀ ਪਤਨੀ ਨੂੰ ਕਾਬੂ ਕਰ ਲਿਆ ਗਿਆI

ਇਸ ਆਪਰੇਸ਼ਨ ਬਾਰੇ ਦੱਸਦਿਆਂ, ਟਰੰਪ ਨੇ 1823 ਦਾ ਮੋਨਰੋ ਡਾਕਟ੍ਰਿਨ ਮੁੜ ਯਾਦ ਕਰਵਾਇਆ, ਜੋ ਪੱਛਮੀ ਜਗਤ ਵਿੱਚ ਅਮਰੀਕਾ ਦੀ ਸਰਵਉੱਚਤਾ ਨੂੰ ਦਰਸਾਉਂਦਾ ਹੈI ਉਨ੍ਹਾਂ ਨੇ ਇਸ ਨੂੰ ਨਵਾਂ ਨਾਮ ਦਿੰਦਿਆਂ "ਡੋਨਰੋ ਡਾਕਟ੍ਰਿਨ" ਕਿਹਾI

ਹਾਲ ਹੀ ਦੇ ਦਿਨਾਂ 'ਚ ਵਾਸ਼ਿੰਗਟਨ ਦੇ ਪ੍ਰਭਾਵ ਖੇਤਰ ਵਿੱਚ ਆਉਣ ਵਾਲੇ ਹੋਰ ਦੇਸ਼ਾਂ ਖਿਲਾਫ਼ ਉਨ੍ਹਾਂ ਨੇ ਕੁਝ ਚੇਤਾਵਨੀਆਂ ਦਿੱਤੀਆਂI

ਗ੍ਰੀਨਲੈਂਡ

ਗ੍ਰੀਨਲੈਂਡ 'ਤੇ ਅਮਰੀਕਾ ਦਾ ਪਹਿਲਾਂ ਤੋਂ ਹੀ ਇੱਕ ਫ਼ੌਜੀ ਕੈਂਪ "ਪਿਟੁਫ਼ਿਕ ਸਪੇਸ ਬੇਸ" ਮੌਜੂਦ ਹੈI ਪਰ ਟਰੰਪ ਪੂਰੇ ਟਾਪੂ 'ਤੇ ਕਬਜ਼ਾ ਕਰਨਾ ਚਾਹੁੰਦੇ ਹਨI

ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ, "ਰਾਸ਼ਟਰੀ ਸੁਰੱਖਿਆ ਦੇ ਨਜ਼ਰੀਏ ਤੋਂ ਸਾਨੂੰ ਗ੍ਰੀਨਲੈਂਡ ਦੀ ਲੋੜ ਹੈ", ਅਤੇ ਦਾਅਵਾ ਕੀਤਾ ਕਿ ਇਹ ਇਲਾਕਾ "ਹਰ ਪਾਸੇ ਰੂਸੀ ਅਤੇ ਚੀਨੀ ਜਹਾਜ਼ਾਂ ਨਾਲ ਭਰਿਆ ਹੋਇਆ ਹੈI"

ਡੈਨਮਾਰਕ ਦੇ ਰਾਜ ਦਾ ਹਿੱਸਾ, ਇਹ ਵਿਸ਼ਾਲ ਆਰਕਟਿਕ ਟਾਪੂ ਅਮਰੀਕਾ ਤੋਂ ਲਗਭਗ 2,000 ਮੀਲ (3,200 ਕਿਲੋਮੀਟਰ) ਉੱਤਰ ਪੂਰਬ ਵੱਲ ਸਥਿਤ ਹੈI

ਇਹ ਕੁਝ ਦੁਰਲੱਭ ਧਾਤਾਂ (ਰੇਅਰ ਅਰਥ ਮਿਨਰਲਜ਼) ਨਾਲ ਭਰਪੂਰ ਹੈ, ਜੋ ਸਮਾਰਟਫੋਨਾਂ, ਬਿਜਲੀ ਵਾਲੀਆਂ ਗੱਡੀਆਂ ਅਤੇ ਫ਼ੌਜੀ ਹਾਰਡਵੇਅਰ ਦੇ ਉਤਪਾਦਨ ਲਈ ਮਹੱਤਵਪੂਰਨ ਹਨI ਇਸ ਸਮੇਂ ਚੀਨ, ਦੁਰਲੱਭ ਧਾਤਾਂ ਦੇ ਉਤਪਾਦਨ ਵਿਚ ਅਮਰੀਕਾ ਤੋਂ ਕਈ ਗੁਣਾਂ ਵੱਧ ਹੈI

ਗ੍ਰੀਨਲੈਂਡ, ਉੱਤਰ ਅਟਲਾਂਟਿਕ ਮਹਾਂਸਾਗਰ ਵਿੱਚ ਇੱਕ ਅਹਿਮ ਰਣਨੀਤਿਕ ਥਾਂ 'ਤੇ ਸਥਿਤ ਹੈI ਇਹ ਆਰਕਟਿਕ ਸਰਕਲ ਤੱਕ ਪਹੁੰਚ ਦਿੰਦਾ ਹੈI ਆਉਣ ਵਾਲੇ ਸਾਲਾਂ ਵਿੱਚ ਜਿਵੇਂ-ਜਿਵੇਂ ਧਰੁਵੀ ਬਰਫ਼ ਪਿਘਲੇਗੀ, ਨਵੇਂ ਸਮੁੰਦਰੀ ਵਪਾਰਕ ਰਾਹ ਖੁੱਲਣ ਦੀ ਸੰਭਾਵਨਾ ਹੈI

ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਜੇਨਸ ਫ੍ਰੇਡਰਿਕ ਨੀਲਸਨ ਨੇ ਟਰੰਪ ਦੀ ਗੱਲ ਦਾ ਜਵਾਬ ਦਿੰਦਿਆਂ, ਟਾਪੂ 'ਤੇ ਅਮਰੀਕੀ ਕਬਜ਼ੇ ਦੇ ਵਿਚਾਰ ਨੂੰ "ਇੱਕ ਕਲਪਨਾ" ਕਰਾਰ ਦਿੱਤਾI

ਉਨ੍ਹਾਂ ਕਿਹਾ ਕਿ, "ਹੋਰ ਕੋਈ ਦਬਾਅ ਨਹੀਂI ਹੋਰ ਕੋਈ ਇਸ਼ਾਰਾ ਨਹੀਂI ਹੋਰ ਕੋਈ ਵਿਲੀਨ ਕਰਨ ਦੀਆਂ ਕਲਪਨਾਵਾਂ ਨਹੀਂI ਅਸੀਂ ਸੰਵਾਦ ਲਈ ਤਿਆਰ ਹਾਂI ਅਸੀਂ ਗੱਲਬਾਤ ਲਈ ਉਪਲੱਭਧ ਹਾਂI ਪਰ ਇਹ ਸਭ ਕੁਝ ਸਹੀ ਰਾਹਾਂ ਰਾਹੀਂ ਅਤੇ ਅੰਤਰਰਾਸ਼ਟਰੀ ਕਾਨੂੰਨ ਦਾ ਆਦਰ ਕਰਦਿਆਂ ਹੀ ਹੋਣਾ ਚਾਹੀਦਾ ਹੈI

ਕੋਲੰਬੀਆ

ਵੈਨੇਜ਼ੁਏਲਾ ਵਿਚ ਕੀਤੀ ਗਈ ਕਾਰਵਾਈ ਤੋਂ ਕੁਝ ਘੰਟਿਆਂ ਬਾਅਦ ਹੀ ਡੌਨਲਡ ਟਰੰਪ ਨੇ ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟ੍ਰੋ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ "ਆਪਣੀ ਹਿਫਾਜ਼ਤ ਦਾ ਧਿਆਨ ਰੱਖੇ"I

ਵੈਨੇਜ਼ੁਏਲਾ ਦੇ ਪੱਛਮ ਵੱਲ ਸਥਿਤ ਗੁਆਂਢੀ ਦੇਸ਼ ਕੋਲੰਬੀਆ ਵਿੱਚ ਤੇਲ ਦੇ ਭੰਡਾਰ ਮੌਜੂਦ ਹਨ ਅਤੇ ਇਹ ਸੋਨਾ, ਚਾਂਦੀ, ਐਮਰਲਡ, ਪਲੈਟੀਨਮ ਅਤੇ ਕੋਲੇ ਦਾ ਵੱਡਾ ਉਤਪਾਦਕ ਦੇਸ਼ ਹੈI

ਇਸ ਇਲਾਕੇ ਵਿੱਚ ਨਸ਼ਿਆਂ, ਖ਼ਾਸ ਤੌਰ ਤੇ ਕੋਕੀਨ ਦੇ ਵਪਾਰ ਦਾ ਇੱਕ ਮੁੱਖ ਕੇਂਦਰ ਵੀ ਹੈI

ਸਤੰਬਰ ਤੋਂ ਅਮਰੀਕਾ ਨੇ ਕੈਰੀਬੀਅਨ ਅਤੇ ਪੂਰਬੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਬਿਨ੍ਹਾਂ ਕਿਸੇ ਸਬੂਤ ਦੇ ਇਹ ਕਹਿ ਕੇ ਕਿਸ਼ਤੀਆਂ 'ਤੇ ਹਮਲੇ ਸ਼ੁਰੂ ਕਰ ਦਿੱਤੇ ਕਿ ਉਹਨ੍ਹਾਂ ਰਾਹੀਂ ਨਸ਼ਾ ਲਿਜਾਇਆ ਜਾ ਰਿਹਾ ਸੀI

ਅਕਤੂਬਰ ਵਿੱਚ ਅਮਰੀਕਾ ਨੇ ਗੁਸਤਾਵੋ ਪੈਟ੍ਰੋ 'ਤੇ ਇਹ ਕਹਿੰਦਿਆਂ ਪਾਬੰਦੀਆਂ ਲਗਾਈਆਂ ਕਿ ਉਹ ਨਸ਼ਾ ਕਾਰਟੇਲਾਂ ਨੂੰ ਹੋਰ ਵੱਧਣ ਦੀ ਆਗਿਆ ਦੇ ਰਹੇ ਹਨ।

ਐਤਵਾਰ ਨੂੰ ਏਅਰ ਫੋਰਸ ਵਨ ਵਿੱਚ ਗੱਲ ਕਰਦਿਆਂ ਟਰੰਪ ਨੇ ਕਿਹਾ ਕਿ ਕੋਲੰਬੀਆ ਨੂੰ "ਇੱਕ ਬੀਮਾਰ ਆਦਮੀ ਚਲਾ ਰਿਹਾ ਹੈ, ਜਿਸਨੂੰ ਕੋਕੀਨ ਬਣਾ ਕੇ ਅਮਰੀਕਾ 'ਚ ਵੇਚਣ ਦਾ ਸ਼ੌਂਕ ਹੈ।"

ਜਦੋਂ ਪੁੱਛਿਆ ਗਿਆ ਕਿ ਕੀ ਅਮਰੀਕਾ ਕੋਲੰਬੀਆ ਨੂੰ ਨਿਸ਼ਾਨਾ ਬਣਾਉਂਦੀ ਕੋਈ ਕਾਰਵਾਈ ਕਰੇਗਾ, ਤਾਂ ਟਰੰਪ ਨੇ ਜਵਾਬ ਦਿੱਤਾ, "ਇਹ ਮੈਨੂੰ ਚੰਗਾ ਲੱਗਦਾ ਹੈ।"

ਇਤਿਹਾਸਕ ਤੌਰ 'ਤੇ ਕੋਲੰਬੀਆ ਨਸ਼ਿਆਂ ਖ਼ਿਲਾਫ਼ ਅਮਰੀਕਾ ਦੀ ਲੜਾਈ ਵਿੱਚ ਵਾਸ਼ਿੰਗਟਨ ਦਾ ਨੇੜਲਾ ਸਾਥੀ ਰਿਹਾ ਹੈ ਅਤੇ ਜਿਸਨੂੰ ਨਸ਼ਾ ਕਾਰਟੇਲਾਂ ਦਾ ਮੁਕਾਬਲਾ ਕਰਨ ਲਈ ਹਰ ਸਾਲ ਕਰੋੜਾਂ ਡਾਲਰ ਦੀ ਫੌਜੀ ਸਹਾਇਤਾ ਮਿਲਦੀ ਹੈ।

ਇਰਾਨ

ਇਸ ਸਮੇਂ ਇਰਾਨ ਵਿੱਚ ਸਰਕਾਰ ਵਿਰੋਧੀ ਵੱਡੇ ਪੱਧਰ ਦੇ ਪ੍ਰਦਰਸ਼ਨ ਹੋ ਰਹੇ ਹਨ। ਟਰੰਪ ਨੇ ਰਾਤੋਂ-ਰਾਤ ਚੇਤਾਵਨੀ ਦਿੱਤੀ ਕਿ ਜੇਕਰ ਹੋਰ ਪ੍ਰਦਰਸ਼ਨਕਾਰੀਆਂ ਦੀ ਮੌਤ ਹੋਈ ਤਾਂ ਉੱਥੇ ਦੇ ਅਧਿਕਾਰੀਆਂ ਨੂੰ "ਬਹੁਤ ਸਖ਼ਤ ਮਾਰ" ਦਾ ਸਾਹਮਣਾ ਕਰਨਾ ਪਵੇਗਾI

ਏਅਰ ਫੋਰਸ ਵਨ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, "ਅਸੀਂ ਇਸ 'ਤੇ ਬਹੁਤ ਨੇੜਲੀ ਨਜ਼ਰ ਰੱਖ ਰਹੇ ਹਾਂ। ਜੇਕਰ ਉਹ ਉਹ ਪਹਿਲਾਂ ਵਾਂਗ ਲੋਕਾਂ ਨੂੰ ਮਾਰਨਾ ਸ਼ੁਰੂ ਕਰਦੇ ਹਨ, ਤਾਂ ਅਮਰੀਕਾ ਵੱਲੋਂ ਉਨ੍ਹਾਂ 'ਤੇ ਬਹੁਤ ਸਖ਼ਤ ਕਾਰਵਾਈ ਹੋਵੇਗੀ।"

ਸਿਧਾਂਤਕ ਤੌਰ 'ਤੇ ਇਰਾਨ "ਡੋਨਰੋ ਡਾਕਟ੍ਰਿਨ" ਦੇ ਦਾਇਰੇ ਵਿੱਚ ਨਹੀਂ ਆਉਂਦਾ, ਪਰ ਇਸ ਦੇ ਬਾਵਜੂਦ ਟਰੰਪ ਪਹਿਲਾਂ ਵੀ ਇਰਾਨੀ ਸ਼ਾਸਨ ਨੂੰ ਅਗਲੀ ਕਾਰਵਾਈ ਦੀਆਂ ਧਮਕੀਆਂ ਦੇ ਚੁੱਕੇ ਹਨ। ਇਹ ਧਮਕੀਆਂ ਉਸ ਤੋਂ ਬਾਅਦ ਆਈਆਂ ਸਨ, ਜਦੋਂ ਪਿਛਲੇ ਸਾਲ ਅਮਰੀਕਾ ਨੇ ਇਰਾਨ ਦੀਆਂ ਪਰਮਾਣੂ ਸਹੂਲਤਾਂ 'ਤੇ ਹਮਲੇ ਕੀਤੇ ਸਨ।

ਇਹ ਹਮਲੇ ਉਦੋਂ ਹੋਏ, ਜਦੋਂ ਇਜ਼ਰਾਈਲ ਨੇ ਇਰਾਨ ਦੀ ਪਰਮਾਣੂ ਹਥਿਆਰ ਬਣਾਉਣ ਦੀ ਸਮਰੱਥਾ ਨੂੰ ਖ਼ਤਮ ਕਰਨ ਲਈ ਵੱਡੇ ਪੱਧਰ 'ਤੇ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ। ਇਸ ਕਾਰਵਾਈ ਦਾ ਅੰਤ 12 ਦਿਨਾਂ ਤੱਕ ਚੱਲੇ ਇਜ਼ਰਾਈਲ–ਇਰਾਨ ਸੰਘਰਸ਼ 'ਚ ਹੋਇਆ।

ਪਿਛਲੇ ਹਫ਼ਤੇ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿਨਯਾਮਿਨ ਨੇਤਨਯਾਹੂ ਦਰਮਿਆਨ ਮਾਰ-ਏ-ਲਾਗੋ ਵਿੱਚ ਹੋਈ ਮੀਟਿੰਗ ਦੌਰਾਨ ਵੀ ਇਰਾਨ ਮੁੱਖ ਏਜੰਡੇ 'ਤੇ ਸੀ। ਅਮਰੀਕੀ ਮੀਡੀਆ ਨੇ ਇਹ ਵੀ ਰਿਪੋਰਟ ਕੀਤਾ ਕਿ ਨੇਤਨਯਾਹੂ ਨੇ 2026 ਵਿੱਚ ਇਰਾਨ ਖ਼ਿਲਾਫ਼ ਨਵੇਂ ਹਮਲਿਆਂ ਦੀ ਸੰਭਾਵਨਾ ਬਾਰੇ ਗੱਲ ਛੇੜੀ ਸੀ।

ਮੈਕਸੀਕੋ

2016 ਵਿੱਚ ਡੌਨਲਡ ਟਰੰਪ ਦੀ ਸੱਤਾ ਤੱਕ ਪਹੁੰਚ ਉਸ ਦੀ ਉਸ ਮੁਹਿੰਮ ਨਾਲ ਜੁੜੀ ਰਹੀ, ਜਿਸ ਵਿੱਚ ਉਨ੍ਹਾਂ ਨੇ ਮੈਕਸੀਕੋ ਨਾਲ ਲੱਗਦੀ ਦੱਖਣੀ ਸਰਹੱਦ 'ਤੇ "ਕੰਧ ਬਣਾਉਣ" ਦੇ ਨਾਅਰੇ ਦਿੱਤੇ ਸਨ।

2025 ਵਿੱਚ ਦੁਬਾਰਾ ਅਹੁਦਾ ਸੰਭਾਲਣ ਦੇ ਪਹਿਲੇ ਹੀ ਦਿਨ ਟਰੰਪ ਨੇ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕਰਕੇ ਗਲਫ਼ ਆਫ਼ ਮੈਕਸੀਕੋ ਦਾ ਨਾਮ ਬਦਲ ਕੇ "ਗਲਫ਼ ਆਫ਼ ਅਮਰੀਕਾ" ਰੱਖਣ ਦਾ ਐਲਾਨ ਕੀਤਾ।

ਟਰੰਪ ਅਕਸਰ ਦਾਅਵਾ ਕਰਦੇ ਹਨ ਕਿ ਮੈਕਸੀਕਨ ਅਧਿਕਾਰੀ ਅਮਰੀਕਾ ਵਿੱਚ ਨਸ਼ਿਆਂ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਪ੍ਰਵਾਹ ਨੂੰ ਰੋਕਣ ਲਈ ਕਾਫ਼ੀ ਕੁਝ ਨਹੀਂ ਕਰ ਰਹੇ।

ਐਤਵਾਰ ਨੂੰ ਗੱਲ ਕਰਦਿਆਂ ਟਰੰਪ ਨੇ ਕਿਹਾ ਕਿ ਮੈਕਸੀਕੋ ਰਾਹੀਂ ਨਸ਼ੇ "ਲਗਾਤਾਰ ਆ ਰਹੇ ਹਨ" ਅਤੇ "ਸਾਨੂੰ ਹੁਣ ਕੁਝ ਕਰਨਾ ਹੀ ਪਵੇਗਾ"I ਉਨ੍ਹਾਂ ਇਹ ਵੀ ਕਿਹਾ ਕਿ ਉੱਥੋਂ ਦੇ ਨਸ਼ਾ ਕਾਰਟੇਲ "ਬਹੁਤ ਮਜ਼ਬੂਤ" ਹਨ।

ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੀਨਬੌਮ ਨੇ ਮੈਕਸੀਕੋ ਦੀ ਧਰਤੀ 'ਤੇ ਕਿਸੇ ਵੀ ਅਮਰੀਕੀ ਫੌਜੀ ਕਾਰਵਾਈ ਨੂੰ ਜਨਤਕ ਤੌਰ 'ਤੇ ਰੱਦ ਕਰ ਦਿੱਤਾ ਹੈ।

ਕਿਊਬਾ

ਫਲੋਰੀਡਾ ਤੋਂ ਸਿਰਫ਼ 90 ਮੀਲ (145 ਕਿਲੋਮੀਟਰ) ਦੱਖਣ ਵੱਲ ਸਥਿਤ ਇਹ ਟਾਪੂ ਦੇਸ਼ 1960 ਦੇ ਦਹਾਕੇ ਦੀ ਸ਼ੁਰੂਆਤ ਤੋਂ ਹੀ ਅਮਰੀਕੀ ਪਾਬੰਦੀਆਂ ਹੇਠ ਹੈ। ਕਿਊਬਾ ਦੇ ਨਿਕੋਲਸ ਮਾਦੁਰੋ ਦੇ ਵੈਨੇਜ਼ੂਏਲਾ ਨਾਲ ਨੇੜਲੇ ਸੰਬੰਧ ਰਹੇ ਹਨ।

ਐਤਵਾਰ ਨੂੰ ਟਰੰਪ ਨੇ ਸੁਝਾਅ ਦਿੱਤਾ ਕਿ ਕਿਊਬਾ ਵਿੱਚ ਅਮਰੀਕੀ ਫੌਜੀ ਦਖ਼ਲ ਦੀ ਲੋੜ ਨਹੀਂ ਹੈ, ਕਿਉਂਕਿ ਕਿਊਬਾ "ਡਿੱਗਣ ਲਈ ਤਿਆਰ" ਦਿੱਖ ਰਿਹਾ ਹੈI ਉਨ੍ਹਾਂ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕੋਈ ਕਾਰਵਾਈ ਕਰਨ ਦੀ ਲੋੜ ਹੈ। ਇਹ ਤਾਂ ਪਹਿਲਾਂ ਹੀ ਹੇਠਾਂ ਜਾਂਦਾ ਲੱਗਦਾ ਹੈ"I

ਉਨ੍ਹਾਂ ਇਹ ਵੀ ਕਿਹਾ ਕਿ, "ਮੈਨੂੰ ਨਹੀਂ ਪਤਾ ਕਿ ਉਹ ਕਿੰਨਾ ਸਮਾਂ ਟਿੱਕ ਸਕਣਗੇ, ਪਰ ਹੁਣ ਕਿਊਬਾ ਕੋਲ ਕੋਈ ਆਮਦਨ ਨਹੀਂ ਰਹੀ"I

"ਉਨ੍ਹਾਂ ਦੀ ਸਾਰੀ ਆਮਦਨ ਵੈਨੇਜ਼ੁਏਲਾ ਤੋਂ ਆਉਂਦੀ ਸੀ, ਵੈਨੇਜ਼ੁਏਲਾ ਦੇ ਤੇਲ ਤੋਂ"I

ਰਿਪੋਰਟਾਂ ਮੁਤਾਬਕ, ਕਿਊਬਾ ਨੂੰ ਲਗਭਗ 30 ਫ਼ੀਸਦੀ ਤੇਲ ਦੀ ਸਪਲਾਈ ਵੈਨੇਜ਼ੂਏਲਾ ਕਰਦਾ ਹੈ, ਜਿਸ ਕਾਰਨ ਮਾਦੁਰੋ ਦੇ ਹਟਣ ਨਾਲ ਸਪਲਾਈ ਡਿੱਗਣ 'ਤੇ ਹਵਾਨਾ ਲਈ ਹਾਲਾਤ ਹੋਰ ਵੀ ਨਾਜ਼ੁਕ ਹੋ ਸਕਦੇ ਹਨ।

ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬਿਓ, ਜੋ ਆਪ ਕਿਊਬਨ ਪ੍ਰਵਾਸੀਆਂ ਦੀ ਔਲਾਦ ਹਨI ਉਹ ਲੰਬੇ ਸਮੇਂ ਤੋਂ ਕਿਊਬਾ ਵਿੱਚ ਸ਼ਾਸਨ ਬਦਲਾਅ ਦੀ ਮੰਗ ਕਰਦੇ ਆ ਰਹੇ ਹਨ। ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, "ਜੇ ਮੈਂ ਹਵਾਨਾ ਵਿੱਚ ਰਹਿੰਦਾ ਅਤੇ ਸਰਕਾਰ ਦਾ ਹਿੱਸਾ ਹੁੰਦਾ ਤਾਂ ਮੈਂ ਚਿੰਤਤ ਹੁੰਦਾ, ਘੱਟੋ-ਘੱਟ ਥੋੜ੍ਹਾ ਤਾਂ ਜ਼ਰੂਰ"I

ਨਾਲ ਹੀ ਉਨ੍ਹਾਂ ਨੇ ਕਿਹਾ ਕਿ, "ਜਦੋਂ ਰਾਸ਼ਟਰਪਤੀ ਬੋਲਦਾ ਹੈ, ਤਾਂ ਉਸਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)