ਵੈਨੇਜ਼ੁਏਲਾ ਦੇ ਰਾਸ਼ਟਰਪਤੀ ਮਾਦੁਰੋ ਨੂੰ ਆਖ਼ਰ ਡੌਨਲਡ ਟਰੰਪ ਲਗਾਤਾਰ ਧਮਕੀਆਂ ਕਿਉਂ ਦੇ ਰਹੇ ਸਨ

    • ਲੇਖਕ, ਵੇਨੇਸਾ ਬੂਸ਼ਸ਼ੂਟਰ
    • ਰੋਲ, ਲੈਟਿਨ ਅਮਰੀਕਾ ਐਡੀਟਰ, ਬੀਬੀਸੀ ਨਿਊਜ਼ ਆਨਲਾਈਨ

ਅਮਰੀਕਾ ਨੇ ਕਿਹਾ ਹੈ ਕਿ ਉਸ ਨੇ ਵੈਨੇਜ਼ੁਏਲਾ ਦੀ ਰਾਜਧਾਨੀ ਕਰਾਕਸ ਵਿੱਚ ਵੱਡੇ ਪੱਧਰ 'ਤੇ ਹਮਲੇ ਕੀਤੇ ਹਨ। ਇਨ੍ਹਾਂ ਹਮਲਿਆਂ ਤੋਂ ਬਾਅਦ ਵੈਨੇਜ਼ੁਏਲਾ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ।

ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਹਮਲਿਆਂ ਤੋਂ ਬਾਅਦ ਉਸ ਨੇ ਦੇਸ਼ ਦੇ ਰਾਸ਼ਟਰਪਤੀ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਫੜ੍ਹ ਲਿਆ ਹੈ।

ਡੌਨਲਡ ਟਰੰਪ ਨੇ ਟਰੁੱਥ ਸੋਸ਼ਲ 'ਤੇ ਲਿਖਿਆ, "ਅਮਰੀਕਾ ਨੇ ਵੈਨੇਜ਼ੁਏਲਾ ਅਤੇ ਉਸ ਦੇ ਨੇਤਾ, ਰਾਸ਼ਟਰਪਤੀ ਨਿਕੋਲਸ ਮਾਦੁਰੋ ਦੇ ਖ਼ਿਲਾਫ਼ ਸਫ਼ਲਤਾਪੂਰਵਕ ਵੱਡੇ ਪੱਧਰ ਦਾ ਹਮਲਾ ਕੀਤਾ ਹੈ, ਜਿਨ੍ਹਾਂ ਨੂੰ ਉਨ੍ਹਾਂ ਦੀ ਪਤਨੀ ਸਣੇ ਫੜ੍ਹ ਲਿਆ ਗਿਆ ਹੈ ਅਤੇ ਦੇਸ਼ ਤੋਂ ਬਾਹਰ ਲਿਆਂਦਾ ਗਿਆ ਹੈ।"

ਉੱਧਰ ਵੈਨੇਜ਼ੁਏਲਾ ਦੇ ਰੱਖਿਆ ਮੰਤਰੀ ਵਲਾਦੀਮੀਰ ਪੈਡਰਿਨੋ ਨੇ ਕਿਹਾ ਹੈ ਕਿ ਸਰਕਾਰ ਮ੍ਰਿਤਕਾਂ ਅਤੇ ਜ਼ਖ਼ਮੀਆਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ। ਉਨ੍ਹਾਂ ਇਲਜ਼ਾਮ ਲਗਾਇਆ ਹੈ ਕਿ ਹਮਲੇ ਰਿਹਾਇਸ਼ੀ ਇਲਾਕਿਆਂ ਵਿੱਚ ਹੋਏ ਹਨ, ਜਿੱਥੇ ਆਮ ਲੋਕ ਰਹਿੰਦੇ ਹਨ।

ਵੈਨੇਜ਼ੁਏਲਾ ਦੀ ਉਪ-ਰਾਸ਼ਟਰਪਤੀ ਡੈਲਸੀ ਰੋਡਰੀਗੇਜ਼ ਨੇ ਕਿਹਾ ਹੈ ਕਿ ਸਰਕਾਰ ਨੂੰ ਰਾਸ਼ਟਰਪਤੀ ਮਾਦੁਰੋ ਜਾਂ ਫਰਸਟ ਲੇਡੀ ਸੀਲੀਆ ਫਲੋਰੇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਦੋਵਾਂ ਦੇ ਜ਼ਿੰਦਾ ਹੋਣ ਦਾ ਤੁਰੰਤ ਸਬੂਤ ਮੰਗਿਆ ਹੈ।

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਪਿਛਲੇ ਕੁਝ ਹਫ਼ਤਿਆਂ ਤੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ 'ਤੇ ਦਬਾਅ ਵਧਾ ਰਹੇ ਸਨ।

ਆਖ਼ਰ ਅਮਰੀਕਾ ਕਿਉਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਦੇ ਪਿੱਛੇ ਪਿਆ ਹੋਇਆ ਹੈ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਲਈ ਇਹ ਲੇਖ ਪੜ੍ਹੋ-

10 ਦਸੰਬਰ ਨੂੰ ਅਮਰੀਕਾ ਨੇ ਵੈਨੇਜ਼ੁਏਲਾ ਦੇ ਤਟ ਦੇ ਨੇੜੇ ਇੱਕ ਟੈਂਕਰ ਨੂੰ ਜ਼ਬਤ ਕਰ ਲਿਆ ਸੀ।

ਅਮਰੀਕਾ ਦਾ ਇਲਜ਼ਾਮ ਹੈ ਕਿ ਇਸ ਟੈਂਕਰ ਰਾਹੀਂ ਪਾਬੰਦੀਸ਼ੁਦਾ ਤੇਲ ਲੈ ਕੇ ਜਾ ਰਹੇ ਸੀ।

ਅਮਰੀਕੀ ਜੰਗੀ ਜਹਾਜ਼ ਇਸ ਦੱਖਣੀ ਅਮਰੀਕੀ ਦੇਸ਼ ਦੇ ਬਿਲਕੁਲ ਨੇੜੇ ਤੈਨਾਤ ਹਨ।

ਇੱਥੇ ਤੈਨਾਤ ਬੇੜੀਆਂ 'ਤੇ ਮੌਜੂਦ ਦਰਜਨਾਂ ਲੋਕ ਅਮਰੀਕੀ ਹਮਲਿਆਂ ਵਿੱਚ ਮਾਰੇ ਗਏ ਹਨ। ਉਨ੍ਹਾਂ 'ਤੇ ਇਲਜ਼ਾਮ ਸੀ ਕਿ ਉਹ ਕਥਿਤ ਤੌਰ 'ਤੇ ਡਰੱਗਸ ਲੈ ਜਾ ਰਹੇ ਸਨ।

ਇਸ ਦਰਮਿਆਨ ਟਰੰਪ ਪ੍ਰਸ਼ਾਸਨ ਨੇ ਮਾਦੁਰੋ ਦੀ ਗ੍ਰਿਫ਼ਤਾਰੀ ਵਿੱਚ ਮਦਦ ਕਰਨ ਵਾਲੀ ਜਾਣਕਾਰੀ 'ਤੇ ਐਲਾਨਿਆ ਇਨਾਮ ਨੂੰ ਵੀ ਦੋਗੁਣਾ ਕਰ ਦਿੱਤਾ ਹੈ।

ਨਿਕੋਲਸ ਮਾਦੁਰੋ ਕੌਣ ਹਨ?

ਨਿਕੋਲਸ ਮਾਦੁਰੋ ਖੱਬੇਪੱਖੀ ਰਾਸ਼ਟਰਪਤੀ ਹਿਊਗੋ ਚਾਵੇਜ਼ ਅਤੇ ਉਨ੍ਹਾਂ ਦੀ ਯੂਨਾਈਟਿਡ ਸੋਸ਼ਲਿਸਟ ਪਾਰਟੀ ਆਫ਼ ਵੈਨੇਜ਼ੁਏਲਾ ਦੇ ਅਗਵਾਈ ਹੇਠ ਉਭਰੇ।

ਮਾਦੁਰੋ ਪਹਿਲਾਂ ਬੱਸ ਡਰਾਈਵਰ ਅਤੇ ਯੂਨੀਅਨ ਆਗੂ ਰਹੇ ਹਨ। ਉਨ੍ਹਾਂ ਨੇ ਚਾਵੇਜ਼ ਦੀ ਥਾਂ ਲਈ ਅਤੇ 2013 ਤੋਂ ਰਾਸ਼ਟਰਪਤੀ ਹਨ।

ਚਾਵੇਜ਼ ਅਤੇ ਮਾਦੁਰੋ ਪਿਛਲੇ 26 ਸਾਲਾਂ ਤੋਂ ਸੱਤਾ ਵਿੱਚ ਰਹੇ ਹਨ। ਉਨ੍ਹਾਂ ਦੀ ਪਾਰਟੀ ਨੇ ਨੈਸ਼ਨਲ ਅਸੈਂਬਲੀ, ਨਿਆਂਪਾਲਿਕਾ ਦੇ ਵੱਡੇ ਹਿੱਸੇ ਅਤੇ ਚੋਣ ਕੌਂਸਲ ਸਮੇਤ ਕਈ ਮੁੱਖ ਸੰਸਥਾਵਾਂ 'ਤੇ ਕੰਟਰੋਲ ਹਾਸਲ ਕਰ ਲਿਆ ਹੈ।

2024 ਵਿੱਚ ਮਾਦੁਰੋ ਨੂੰ ਰਾਸ਼ਟਰਪਤੀ ਚੋਣ ਵਿੱਚ ਜੇਤੂ ਐਲਾਨਿਆ ਗਿਆ ਸੀ, ਜਦਕਿ ਵਿਰੋਧੀ ਧਿਰ ਵੱਲੋਂ ਮਿਲੇ ਵੋਟ ਇਹ ਦਰਸਾ ਰਹੇ ਸਨ ਕਿ ਉਨ੍ਹਾਂ ਦੇ ਉਮੀਦਵਾਰ ਐਡਮੁੰਡੋ ਗੋਂਜ਼ਾਲੇਜ਼ ਭਾਰੀ ਬਹੁਮਤ ਨਾਲ ਜਿੱਤ ਚੁੱਕੇ ਹਨ।

ਗੋਂਜ਼ਾਲੇਜ਼ ਨੇ ਮੁੱਖ ਵਿਰੋਧੀ ਆਗੂ ਮਾਰੀਆ ਕੋਰੀਨਾ ਮਚਾਡੋ ਦੀ ਥਾਂ ਲਈ ਸੀ, ਜਿਨ੍ਹਾਂ ਨੂੰ ਚੋਣ ਲੜਨ ਤੋਂ ਰੋਕ ਦਿੱਤਾ ਗਿਆ ਸੀ।

ਮਚਾਡੋ ਨੂੰ "ਤਾਨਾਸ਼ਾਹੀ ਤੋਂ ਲੋਕਤੰਤਰ ਵੱਲ ਨਿਆਂਸੰਗਤ ਅਤੇ ਸ਼ਾਂਤੀਪੂਰਨ ਬਦਲਾਅ ਦੇ ਸੰਘਰਸ਼" ਲਈ ਅਕਤੂਬਰ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਕਈ ਮਹੀਨਿਆਂ ਤੱਕ ਲੁਕੇ ਰਹਿਣ ਤੋਂ ਬਾਅਦ, ਯਾਤਰਾ ਪਾਬੰਦੀਆਂ ਦੀ ਪਰਵਾਹ ਨਾ ਕਰਦੇ ਹੋਏ, ਮਚਾਡੋ ਦਸੰਬਰ ਵਿੱਚ ਇਨਾਮ ਲੈਣ ਲਈ ਓਸਲੋ ਪਹੁੰਚੀ।

ਟਰੰਪ ਦਾ ਧਿਆਨ ਵੈਨੇਜ਼ੁਏਲਾ 'ਤੇ ਕਿਉਂ ਹੈ?

ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਵੈਨੇਜ਼ੁਏਲਾ ਦੇ ਲੱਖਾਂ ਲੋਕ ਦਾਖ਼ਲ ਹੋ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਉੱਥੋਂ ਗ਼ੈਰ-ਕਾਨੂੰਨੀ 'ਪਰਵਾਸੀਆਂ ਦੇ ਹੜ੍ਹ' ਲਈ ਮਾਦੁਰੋ ਜ਼ਿੰਮੇਵਾਰ ਹਨ।

ਇਹ ਪਰਵਾਸੀ ਉਨ੍ਹਾਂ ਲਗਭਗ 80 ਲੱਖ ਵੈਨੇਜ਼ੁਏਲਾ ਵਾਸੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਬਾਰੇ ਅੰਦਾਜ਼ਾ ਹੈ ਕਿ ਉਹ 2013 ਤੋਂ ਆਰਥਿਕ ਸੰਕਟ ਅਤੇ ਦਮਨ ਕਾਰਨ ਦੇਸ਼ ਛੱਡ ਚੁੱਕੇ ਹਨ।

ਹਾਲਾਂਕਿ ਟਰੰਪ ਨੇ ਕੋਈ ਸਬੂਤ ਨਹੀਂ ਦਿੱਤਾ, ਪਰ ਉਨ੍ਹਾਂ ਮਾਦੁਰੋ 'ਤੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੇ "ਆਪਣੀਆਂ ਜੇਲ੍ਹਾਂ ਅਤੇ ਪਾਗ਼ਲਖਾਨਿਆਂ ਨੂੰ ਖਾਲ੍ਹੀ ਕਰ ਦਿੱਤਾ" ਅਤੇ ਕੈਦੀਆਂ ਨੂੰ ਜ਼ਬਰਦਸਤੀ ਅਮਰੀਕਾ ਭੇਜ ਦਿੱਤਾ।

ਟਰੰਪ ਨੇ ਅਮਰੀਕਾ ਵਿੱਚ ਡਰੱਗਸ, ਖ਼ਾਸ ਕਰਕੇ ਫੈਂਟਾਨਿਲ ਅਤੇ ਕੋਕੀਨ ਦੀ ਵਧ ਰਹੀ ਸਪਲਾਈ ਨੂੰ ਰੋਕਣ 'ਤੇ ਵੀ ਧਿਆਨ ਕੇਂਦ੍ਰਿਤ ਕੀਤਾ ਹੈ।

ਉਨ੍ਹਾਂ ਵੈਨੇਜ਼ੁਏਲਾ ਦੇ ਦੋ ਗੈਂਗਾਂ, ਟ੍ਰੇਨ ਦੇ ਅਰਾਗੁਆ ਅਤੇ ਕਾਰਟੇਲ ਦੇ ਲੋਸ ਸੋਲੇਸ, ਨੂੰ 'ਵਿਦੇਸ਼ੀ ਅੱਤਵਾਦੀ ਸੰਗਠਨਾਂ' ਦੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਹੈ।

ਉਨ੍ਹਾਂ ਇਲਜ਼ਾਮ ਲਗਾਇਆ ਹੈ ਕਿ ਦੂਜੇ ਗਰੁੱਪ ਦੀ ਅਗਵਾਈ ਖ਼ੁਦ ਮਾਦੁਰੋ ਕਰਦੇ ਹਨ।

ਮਾਦੁਰੋ ਨੇ ਟਰੰਪ ਦੇ ਉਸ ਬਿਆਨ ਦੀ ਕੜੀ ਨਿੰਦਾ ਕੀਤੀ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਮਾਦੁਰੋ ਹੀ ਕਾਰਟੇਲ ਦੇ ਆਗੂ ਹਨ।

ਉਨ੍ਹਾਂ ਨੇ ਅਮਰੀਕਾ 'ਤੇ ਇਲਜ਼ਾਮ ਲਗਾਇਆ ਹੈ ਕਿ ਉਹ 'ਡਰੱਗਸ ਦੇ ਖ਼ਿਲਾਫ਼ ਜੰਗ' ਨੂੰ ਬਹਾਨਾ ਬਣਾ ਕੇ ਉਨ੍ਹਾਂ ਨੂੰ ਹਟਾਉਣ ਅਤੇ ਵੈਨੇਜ਼ੁਏਲਾ ਦੇ ਵਿਸ਼ਾਲ ਤੇਲ ਭੰਡਾਰਾਂ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕਾਰਟੇਲ ਦੇ ਲੋਸ ਸੋਲੇਸ ਕੋਈ ਸੰਗਠਿਤ ਅਪਰਾਧੀ ਗਿਰੋਹ ਨਹੀਂ ਹੈ, ਜਿਸ ਵਿੱਚ ਕੋਈ ਗੈਂਗ ਲੀਡਰ ਜਾਂ ਉਸ ਦੇ ਅਧੀਨ ਕੰਮ ਕਰਨ ਵਾਲੇ ਲੋਕ ਹੁੰਦੇ ਹਨ।

ਬਲਕਿ, ਇਹ ਇੱਕ ਸ਼ਬਦ ਹੈ ਜੋ ਉਨ੍ਹਾਂ ਭ੍ਰਿਸ਼ਟ ਅਧਿਕਾਰੀਆਂ ਲਈ ਵਰਤਿਆ ਜਾਂਦਾ ਹੈ ਜੋ ਕੋਕੀਨ ਨੂੰ ਵੈਨੇਜ਼ੁਏਲਾ ਰਾਹੀਂ ਲੰਘਣ ਦਿੰਦੇ ਹਨ।

ਅਮਰੀਕਾ ਨੇ ਜੰਗੀ ਜਹਾਜ਼ ਕਿਉਂ ਭੇਜੇ ਹਨ?

ਅਮਰੀਕਾ ਨੇ ਕੈਰੇਬੀਅਨ ਖੇਤਰ ਵਿੱਚ 15,000 ਸੈਨਿਕਾਂ ਦੇ ਨਾਲ ਹੀ ਕਈ ਕਿਸਮ ਦੇ ਜੰਗੀ ਜਹਾਜ਼ ਤੈਨਾਤ ਕੀਤੇ ਹਨ, ਜਿਨ੍ਹਾਂ ਵਿੱਚ ਏਅਰਕ੍ਰਾਫ਼ਟ ਕੈਰੀਅਰ, ਗਾਈਡਡ-ਮਿਸਾਈਲ ਡਿਸਟ੍ਰੋਅਰ ਅਤੇ ਐਂਫ਼ੀਬੀਅਸ ਅਸਾਲਟ ਸ਼ਿਪ ਸ਼ਾਮਲ ਹਨ।

1989 ਵਿੱਚ ਪਨਾਮਾ 'ਤੇ ਅਮਰੀਕੀ ਹਮਲੇ ਤੋਂ ਬਾਅਦ ਇਸ ਖੇਤਰ ਵਿੱਚ ਸਭ ਤੋਂ ਵੱਡੀ ਤੈਨਾਤੀ ਦੀ ਵਜ੍ਹਾ ਹੈ- ਅਮਰੀਕਾ ਵਿੱਚ ਫੈਂਟਾਨਿਲ ਅਤੇ ਕੋਕੀਨ ਦੀ ਤਸਕਰੀ ਨੂੰ ਰੋਕਣਾ।

ਤੈਨਾਤ ਜਹਾਜ਼ਾਂ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਏਅਰਕ੍ਰਾਫ਼ਟ ਕੈਰੀਅਰ ਯੂਐੱਸਐੱਸ ਜੈਰਾਲਡ ਫੋਰਡ ਵੀ ਸ਼ਾਮਲ ਹੈ।

ਦੱਸਿਆ ਜਾ ਰਿਹਾ ਹੈ ਕਿ ਵੈਨੇਜ਼ੁਏਲਾ ਦੇ ਤਟ ਤੋਂ ਦੂਰ ਸਮੁੰਦਰ ਵਿੱਚ ਤੇਲ ਟੈਂਕਰ ਨੂੰ ਜ਼ਬਤ ਕਰਨ ਤੋਂ ਪਹਿਲਾਂ ਅਮਰੀਕੀ ਹੈਲੀਕਾਪਟਰਾਂ ਨੇ ਇੱਥੋਂ ਹੀ ਉਡਾਣ ਭਰੀ ਸੀ।

ਅਮਰੀਕਾ ਦਾ ਕਹਿਣਾ ਹੈ ਕਿ ਇਹ ਟੈਂਕਰ ਵੈਨੇਜ਼ੁਏਲਾ ਅਤੇ ਇਰਾਨ ਤੋਂ ਪਾਬੰਦੀਸ਼ੁਦਾ ਤੇਲ ਲੈ ਕੇ ਜਾਣ ਲਈ ਵਰਤਿਆ ਜਾ ਰਿਹਾ ਸੀ। ਵੈਨੇਜ਼ੁਏਲਾ ਨੇ ਇਸ ਕਾਰਵਾਈ ਨੂੰ 'ਅੰਤਰਰਾਸ਼ਟਰੀ ਸਮੁੰਦਰੀ ਡਕੈਤੀ' ਕਰਾਰ ਦਿੱਤਾ ਹੈ।

ਪਿਛਲੇ ਕੁਝ ਮਹੀਨਿਆਂ ਵਿੱਚ ਅਮਰੀਕੀ ਸੁਰੱਖਿਆ ਬਲਾਂ ਨੇ ਅੰਤਰਰਾਸ਼ਟਰੀ ਜਲ ਖੇਤਰ ਵਿੱਚ ਕਥਿਤ ਤੌਰ 'ਤੇ ਡਰੱਗਸ ਲਿਜਾਣ ਵਾਲੀਆਂ ਬੇੜੀਆਂ 'ਤੇ 20 ਤੋਂ ਵੱਧ ਹਮਲੇ ਕੀਤੇ ਹਨ। ਇਨ੍ਹਾਂ ਵਿੱਚ 80 ਤੋਂ ਵੱਧ ਲੋਕ ਮਾਰੇ ਗਏ ਹਨ।

ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਕਥਿਤ ਡਰੱਗ ਤਸਕਰਾਂ ਨਾਲ ਇੱਕ ਗ਼ੈਰ-ਅੰਤਰਰਾਸ਼ਟਰੀ ਹਥਿਆਰਬੰਦ ਸੰਘਰਸ਼ ਕਰ ਰਿਹਾ ਹੈ। ਅਮਰੀਕਾ ਦਾ ਇਲਜ਼ਾਮ ਹੈ ਕਿ ਇਨ੍ਹਾਂ ਨੇ ਉਸ ਦੇ ਖ਼ਿਲਾਫ਼ ਜੰਗ ਛੇੜੀ ਹੋਈ ਹੈ।

ਅਮਰੀਕਾ ਨੇ ਜਹਾਜ਼ 'ਤੇ ਮੌਜੂਦ ਲੋਕਾਂ ਨੂੰ 'ਡਰੱਗ ਅੱਤਵਾਦੀ' ਜਾਂ ਨਾਰਕੋ ਟੇਰਰਿਸਟ ਕਿਹਾ ਹੈ, ਪਰ ਕਾਨੂੰਨ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਹਮਲੇ 'ਕਾਨੂੰਨੀ ਫੌਜੀ ਨਿਸ਼ਾਨਿਆਂ' 'ਤੇ ਨਹੀਂ ਹੋਏ।

2 ਸਤੰਬਰ ਨੂੰ ਹੋਇਆ ਪਹਿਲਾ ਹਮਲਾ ਖ਼ਾਸ ਤੌਰ 'ਤੇ ਜਾਂਚ ਦੇ ਘੇਰੇ ਵਿੱਚ ਹੈ ਕਿਉਂਕਿ ਇਸ ਵਿੱਚ ਇੱਕ ਨਹੀਂ ਸਗੋਂ ਦੋ ਹਮਲੇ ਹੋਏ ਸਨ ਅਤੇ ਪਹਿਲੇ ਹਮਲੇ ਤੋਂ ਬਚੇ ਲੋਕ ਦੂਜੇ ਹਮਲੇ ਵਿੱਚ ਮਾਰੇ ਗਏ ਸਨ।

ਅੰਤਰਰਾਸ਼ਟਰੀ ਅਪਰਾਧ ਅਦਾਲਤ ਦੇ ਇੱਕ ਸਾਬਕਾ ਮੁੱਖ ਵਕੀਲ ਨੇ ਬੀਬੀਸੀ ਨੂੰ ਕਿਹਾ ਕਿ ਕੁੱਲ ਮਿਲਾ ਕੇ ਅਮਰੀਕੀ ਫੌਜੀ ਕਾਰਵਾਈਆਂ ਸ਼ਾਂਤੀਕਾਲ ਦੌਰਾਨ ਨਾਗਰਿਕਾਂ 'ਤੇ ਯੋਜਨਾਬੱਧ ਅਤੇ ਪ੍ਰਣਾਲੀਬੱਧ ਹਮਲਿਆਂ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ।

ਇਸ ਦੇ ਜਵਾਬ ਵਿੱਚ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਉਸ ਨੇ ਹਥਿਆਰਬੰਦ ਸੰਘਰਸ਼ ਦੇ ਕਾਨੂੰਨਾਂ ਦੇ ਤਹਿਤ ਕੰਮ ਕੀਤਾ ਹੈ ਤਾਂ ਜੋ ਅਮਰੀਕਾ ਨੂੰ ਉਨ੍ਹਾਂ 'ਕਾਰਟੇਲਾਂ' ਤੋਂ ਬਚਾਇਆ ਜਾ ਸਕੇ ਜੋ "ਸਾਡੇ ਤੱਟਾਂ 'ਤੇ ਜ਼ਹਿਰ ਲਿਆਉਣ... ਅਤੇ ਅਮਰੀਕੀ ਜ਼ਿੰਦਗੀਆਂ ਤਬਾਹ ਕਰਨ" ਦੀ ਕੋਸ਼ਿਸ਼ ਕਰ ਰਹੇ ਹਨ।

ਕੀ ਵੈਨੇਜ਼ੁਏਲਾ ਅਮਰੀਕਾ ਵਿੱਚ ਡਰੱਗਸ ਦਾ ਹੜ੍ਹ ਲਿਆ ਰਿਹਾ ਹੈ?

ਕਾਊਂਟਰ-ਨਾਰਕੋਟਿਕ ਮਾਹਰਾਂ ਦਾ ਕਹਿਣਾ ਹੈ ਕਿ ਵੈਨੇਜ਼ੁਏਲਾ ਵਿਸ਼ਵ ਪੱਧਰੀ ਡਰੱਗ ਤਸਕਰੀ ਵਿੱਚ ਤੁਲਨਾਤਮਕ ਤੌਰ 'ਤੇ ਇੱਕ ਛੋਟਾ ਖਿਡਾਰੀ ਹੈ। ਇਹ ਇੱਕ ਟ੍ਰਾਂਜ਼ਿਟ ਦੇਸ਼ ਵਜੋਂ ਕੰਮ ਕਰਦਾ ਹੈ, ਜਿੱਥੋਂ ਹੋਰ ਦੇਸ਼ਾਂ ਵਿੱਚ ਤਿਆਰ ਕੀਤੀ ਗਈ ਡਰੱਗਸ ਦੀ ਤਸਕਰੀ ਕੀਤੀ ਜਾਂਦੀ ਹੈ।

ਇਸ ਦਾ ਗੁਆਂਢੀ ਦੇਸ਼ ਕੋਲੰਬੀਆ ਦੁਨੀਆ ਵਿੱਚ ਕੋਕੀਨ ਦਾ ਸਭ ਤੋਂ ਵੱਡਾ ਉਤਪਾਦਕ ਹੈ, ਪਰ ਇਸ ਦਾ ਵੱਡਾ ਹਿੱਸਾ ਅਮਰੀਕਾ ਤੱਕ ਹੋਰ ਰਸਤਿਆਂ ਰਾਹੀਂ ਪਹੁੰਚਦਾ ਹੈ, ਵੈਨੇਜ਼ੁਏਲਾ ਦੇ ਰਾਹੀਂ ਨਹੀਂ।

ਅਮਰੀਕੀ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦੀ 2020 ਦੀ ਇੱਕ ਰਿਪੋਰਟ ਮੁਤਾਬਕ, ਅੰਦਾਜ਼ਾ ਹੈ ਕਿ ਅਮਰੀਕਾ ਪਹੁੰਚਣ ਵਾਲੀ ਲਗਭਗ ਤਿੰਨ-ਚੌਥਾਈ ਕੋਕੀਨ ਦੀ ਤਸਕਰੀ ਪੈਸਿਫ਼ਿਕ ਰਸਤੇ ਰਾਹੀਂ ਕੀਤੀ ਜਾਂਦੀ ਹੈ, ਜਦਕਿ ਕੈਰੇਬੀਅਨ ਵਿੱਚ ਤੇਜ਼ ਬੇੜੀਆਂ ਰਾਹੀਂ ਸਿਰਫ਼ ਬਹੁਤ ਥੋੜ੍ਹਾ ਹਿੱਸਾ ਆਉਂਦਾ ਹੈ।

ਇਸ ਦੇ ਬਾਵਜੂਦ, ਅਮਰੀਕਾ ਨੇ ਪੈਸਿਫ਼ਿਕ ਵਿੱਚ ਘੱਟ ਅਤੇ ਕੈਰੇਬੀਅਨ ਵਿੱਚ ਜ਼ਿਆਦਾਤਰ ਹਮਲੇ ਕੀਤੇ ਹਨ।

ਸਤੰਬਰ ਵਿੱਚ ਟਰੰਪ ਨੇ ਅਮਰੀਕੀ ਫੌਜੀ ਅਧਿਕਾਰੀਆਂ ਨੂੰ ਕਿਹਾ ਸੀ ਕਿ ਜਿਨ੍ਹਾਂ ਬੇੜੀਆਂ ਨੂੰ ਨਿਸ਼ਾਨਾ ਬਣਾਇਆ ਗਿਆ, ਉਹ "ਚਿੱਟੇ ਪਾਊਡਰ ਨਾਲ ਭਰੀਆਂ ਹੋਈਆਂ ਹਨ, ਜੋ ਮੁੱਖ ਤੌਰ 'ਤੇ ਫੈਂਟਾਨਿਲ ਅਤੇ ਹੋਰ ਡਰੱਗਸ ਹਨ।"

ਫੈਂਟਾਨਿਲ ਇੱਕ ਸਿੰਥੇਟਿਕ ਡਰੱਗ ਹੈ, ਜੋ ਹੈਰੋਇਨ ਨਾਲੋਂ 50 ਗੁਣਾ ਵੱਧ ਤਾਕਤਵਰ ਹੈ। ਇਹ ਅਮਰੀਕਾ ਵਿੱਚ ਓਪੀਓਇਡ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦਾ ਮੁੱਖ ਕਾਰਨ ਬਣ ਚੁੱਕੀ ਹੈ।

ਹਾਲਾਂਕਿ ਫੈਂਟਾਨਿਲ ਜ਼ਿਆਦਾਤਰ ਮੈਕਸੀਕੋ ਵਿੱਚ ਬਣਾਈ ਜਾਂਦੀ ਹੈ ਅਤੇ ਲਗਭਗ ਪੂਰੀ ਤਰ੍ਹਾਂ ਜ਼ਮੀਨੀ ਰਸਤੇ ਰਾਹੀਂ ਅਮਰੀਕਾ ਵਿੱਚ ਇਸ ਦੀ ਦੱਖਣੀ ਸਰਹੱਦ ਤੋਂ ਪਹੁੰਚਦੀ ਹੈ।

ਅਮਰੀਕੀ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦੀ 2025 ਦੀ ਨੈਸ਼ਨਲ ਡਰੱਗ ਥ੍ਰੈਟ ਅਸੈਸਮੈਂਟ ਰਿਪੋਰਟ ਵਿੱਚ ਵੈਨੇਜ਼ੁਏਲਾ ਦਾ ਨਾਮ ਫੈਂਟਾਨਿਲ ਦੇ ਸਰੋਤ ਦੇਸ਼ ਵਜੋਂ ਸ਼ਾਮਲ ਨਹੀਂ ਹੈ।

ਵੈਨੇਜ਼ੁਏਲਾ ਕਿੰਨੇ ਤੇਲ ਦੀ ਬਰਾਮਦਗੀ ਕਰਦਾ ਹੈ, ਇਸ ਨੂੰ ਖਰੀਦਦਾ ਕੌਣ ਹੈ?

ਤੇਲ ਮਾਦੁਰੋ ਸਰਕਾਰ ਲਈ ਵਿਦੇਸ਼ੀ ਆਮਦਨ ਦਾ ਮੁੱਖ ਸਰੋਤ ਹੈ ਅਤੇ ਇਸ ਸੈਕਟਰ ਤੋਂ ਹੋਣ ਵਾਲਾ ਮੁਨਾਫ਼ਾ ਸਰਕਾਰੀ ਬਜਟ ਦੇ ਅੱਧ ਤੋਂ ਵੱਧ ਹੈ।

ਮੌਜੂਦਾ ਸਮੇਂ ਵਿੱਚ ਵੈਨੇਜ਼ੁਏਲਾ ਰੋਜ਼ਾਨਾ ਲਗਭਗ ਨੌਂ ਲੱਖ ਬੈਰਲ ਤੇਲ ਦੀ ਬਰਾਮਦਗੀ ਕਰਦਾ ਹੈ। ਚੀਨ ਇਸ ਦਾ ਸਭ ਤੋਂ ਵੱਡਾ ਖਰੀਦਦਾਰ ਹੈ।

ਹਾਲਾਂਕਿ ਅਮਰੀਕੀ ਅੰਦਾਜ਼ੇ ਮੁਤਾਬਕ ਵੈਨੇਜ਼ੁਏਲਾ ਕੋਲ ਦੁਨੀਆ ਦੇ ਸਭ ਤੋਂ ਵੱਡੇ ਪ੍ਰਮਾਣਿਤ ਕੱਚੇ ਤੇਲ ਦੇ ਭੰਡਾਰ ਹਨ, ਪਰ ਰਿਪੋਰਟ ਕਹਿੰਦੀ ਹੈ ਕਿ ਵੈਨੇਜ਼ੁਏਲਾ ਇਨ੍ਹਾਂ ਦਾ ਇਸਤੇਮਾਲ ਬਹੁਤ ਘੱਟ ਕਰਦਾ ਹੈ।

ਅਮਰੀਕੀ ਊਰਜਾ ਸੂਚਨਾ ਪ੍ਰਸ਼ਾਸਨ (ਈਆਈਏ) ਦੇ ਅਨੁਸਾਰ, ਤਕਨੀਕੀ ਅਤੇ ਬਜਟੀ ਸਬੰਧੀ ਚੁਣੌਤੀਆਂ ਕਾਰਨ 2023 ਵਿੱਚ ਵੈਨੇਜ਼ੁਏਲਾ ਨੇ ਦੁਨੀਆ ਦੇ ਕੁੱਲ ਕੱਚੇ ਤੇਲ ਦਾ ਸਿਰਫ਼ 0.8 ਫੀਸਦੀ ਉਤਪਾਦਨ ਕੀਤਾ।

ਟੈਂਕਰ ਜ਼ਬਤ ਕਰਨ ਦੇ ਐਲਾਨ ਤੋਂ ਬਾਅਦ ਟਰੰਪ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ, "ਮੈਨੂੰ ਲੱਗਦਾ ਹੈ ਕਿ ਅਸੀਂ ਇਹ ਤੇਲ ਰੱਖਣ ਵਾਲੇ ਹਾਂ।"

ਇਸ ਤੋਂ ਪਹਿਲਾਂ ਅਮਰੀਕਾ ਵੈਨੇਜ਼ੁਏਲਾ ਦੇ ਇਸ ਇਲਜ਼ਾਮ ਨੂੰ ਰੱਦ ਕਰ ਚੁੱਕਾ ਹੈ ਕਿ ਮਾਦੁਰੋ ਸਰਕਾਰ ਦੇ ਖ਼ਿਲਾਫ਼ ਚੁੱਕੇ ਗਏ ਕਦਮ ਦੇਸ਼ ਦੇ ਨਾ ਵਰਤੇ ਗਏ ਤੇਲ ਭੰਡਾਰਾਂ 'ਤੇ ਕਬਜ਼ੇ ਦੀ ਕੋਸ਼ਿਸ਼ ਹਨ।

ਟਰੰਪ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ 21 ਨਵੰਬਰ ਨੂੰ ਮਾਦੁਰੋ ਨਾਲ ਫ਼ੋਨ 'ਤੇ ਗੱਲ ਕੀਤੀ ਸੀ। ਹਾਲਾਂਕਿ ਉਨ੍ਹਾਂ ਨੇ ਕਾਲ ਦੌਰਾਨ ਕੀ ਕਿਹਾ, ਇਹ ਨਹੀਂ ਦੱਸਿਆ।

ਪਰ ਰਾਇਟਰਜ਼ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ, ਟਰੰਪ ਨੇ ਮਾਦੁਰੋ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਸੀ ਕਿ ਉਹ ਆਪਣੇ ਨਜ਼ਦੀਕੀ ਪਰਿਵਾਰ ਸਮੇਤ ਵੈਨੇਜ਼ੁਏਲਾ ਛੱਡ ਦੇਣ।

ਰਿਪੋਰਟ ਅਨੁਸਾਰ, ਮਾਦੁਰੋ ਨੇ ਸੁਰੱਖਿਅਤ ਰਸਤਾ ਦਿੱਤੇ ਜਾਣ ਦੀ ਪੇਸ਼ਕਸ਼ ਸਵੀਕਾਰ ਨਹੀਂ ਕੀਤੀ।

ਡੈੱਡਲਾਈਨ ਖ਼ਤਮ ਹੋਣ ਤੋਂ ਇੱਕ ਦਿਨ ਬਾਅਦ, ਟਰੰਪ ਨੇ ਵੈਨੇਜ਼ੁਏਲਾ ਦੇ ਆਸ-ਪਾਸ ਦੇ ਹਵਾਈ ਖੇਤਰ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ।

ਟਰੰਪ ਪਹਿਲਾਂ ਹੀ ਵੈਨੇਜ਼ੁਏਲਾ ਦੇ ਡਰੱਗ ਤਸਕਰਾਂ ਦੇ ਖ਼ਿਲਾਫ਼ 'ਜ਼ਮੀਨੀ ਕਾਰਵਾਈ' ਦੀ ਧਮਕੀ ਦੇ ਚੁੱਕੇ ਹਨ, ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਅਜਿਹਾ ਆਪਰੇਸ਼ਨ ਕਿਵੇਂ ਕੀਤਾ ਜਾਵੇਗਾ।

ਟਰੰਪ ਦੀ ਪ੍ਰੈੱਸ ਸਕੱਤਰ ਨੇ ਵੀ ਵੈਨੇਜ਼ੁਏਲਾ ਵਿੱਚ ਅਮਰੀਕੀ ਸੈਨਿਕਾਂ ਦੀ ਤੈਨਾਤੀ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਸੀ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ "ਰਾਸ਼ਟਰਪਤੀ ਕੋਲ ਕੋਈ ਬਦਲ ਹਨ, ਜੋ ਵਿਚਾਰ ਅਧੀਨ ਹਨ।"

ਹਾਲਾਂਕਿ, ਉਨ੍ਹਾਂ ਨੇ ਇਨ੍ਹਾਂ ਬਦਲਾਂ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ, ਪਰ ਫੌਜੀ ਵਿਸ਼ਲੇਸ਼ਕ ਹਫ਼ਤਿਆਂ ਤੋਂ ਕਹਿ ਰਹੇ ਸਨ ਕਿ ਕੈਰੇਬੀਅਨ ਖੇਤਰ ਵਿੱਚ ਅਮਰੀਕੀ ਤੈਨਾਤੀ ਡਰੱਗਸ ਵਿਰੋਧੀ ਮੁਹਿੰਮ ਲਈ ਲੋੜ ਨਾਲੋਂ ਕਾਫ਼ੀ ਵੱਡੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)