ਟਰੰਪ ਦਾ ਦਾਅਵਾ - ਵੈਨੇਜ਼ੁਏਲਾ ਵਿੱਚ ਵੱਡੇ ਪੱਧਰ 'ਤੇ ਅਮਰੀਕਾ ਦਾ ਹਮਲਾ, ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ 'ਫੜਿਆ'

ਵੈਨੇਜ਼ੁਏਲਾ ਦੀ ਰਾਜਧਾਨੀ ਕਰਾਕਸ ਵਿੱਚ ਧਮਾਕਿਆਂ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਇਹ ਹਮਲੇ ਅਮਰੀਕਾ ਵੱਲੋਂ ਕੀਤੇ ਗਏ ਹਨ।

ਉਨ੍ਹਾਂ ਦਾਅਵਾ ਕੀਤਾ ਹੈ ਕਿ ਅਮਰੀਕਾ ਨੇ "ਵੈਨੇਜ਼ੁਏਲਾ ਦੇ ਖ਼ਿਲਾਫ਼ ਵੱਡੇ ਪੱਧਰ 'ਤੇ ਹਮਲੇ" ਕੀਤੇ ਹਨ ਅਤੇ "ਉਸ ਦੇ ਨੇਤਾ, ਰਾਸ਼ਟਰਪਤੀ ਨਿਕੋਲਸ ਮਾਦੁਰੋ" ਅਤੇ ਉਨ੍ਹਾਂ ਦੀ ਪਤਨੀ ਨੂੰ ਫੜ੍ਹ ਲਿਆ ਹੈ।

ਇਸ ਦੇ ਨਾਲ ਹੀ ਅਮਰੀਕਾ ਦੀ ਅਟਾਰਨੀ ਜਨਰਲ ਨੇ ਦੱਸਿਆ ਹੈ ਕਿ ਨਿਊਯਾਰਕ ਦੇ ਸਾਊਦਰਨ ਡਿਸਟ੍ਰਿਕਟ ਵਿੱਚ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਦੇ ਖ਼ਿਲਾਫ਼ ਕਾਨੂੰਨੀ ਮਾਮਲਾ ਚਲਾਇਆ ਜਾਵੇਗਾ।

ਇਨ੍ਹਾਂ ਹਮਲਿਆਂ ਤੋਂ ਬਾਅਦ ਰਾਸ਼ਟਰਪਤੀ ਮਾਦੁਰੋ ਨੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਬਿਆਨ ਵਿੱਚ ਅਮਰੀਕੀ ਫੌਜੀ ਹਮਲੇ ਦੀ ਨਿੰਦਾ ਕੀਤੀ ਹੈ।

ਉੱਧਰ, ਰੂਸ ਅਤੇ ਕੋਲੰਬੀਆ ਨੇ ਇਨ੍ਹਾਂ ਹਮਲਿਆਂ ਦੀ ਨਿੰਦਾ ਕੀਤੀ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ "ਅਮਰੀਕਾ ਨੇ ਵੈਨੇਜ਼ੁਏਲਾ ਦੇ ਖ਼ਿਲਾਫ਼ ਹਥਿਆਰਬੰਦ ਹਮਲਾ ਕੀਤਾ ਹੈ, ਜੋ ਗੰਭੀਰ ਚਿੰਤਾ ਦੀ ਗੱਲ ਹੈ ਅਤੇ ਜਿਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ।"

ਟਰੁੱਥ ਸੋਸ਼ਲ 'ਤੇ ਜਾਰੀ ਬਿਆਨ ਮੁਤਾਬਕ, "ਸੰਯੁਕਤ ਰਾਜ ਅਮਰੀਕਾ ਨੇ ਵੈਨੇਜ਼ੁਏਲਾ ਅਤੇ ਉਸ ਦੇ ਨੇਤਾ, ਰਾਸ਼ਟਰਪਤੀ ਨਿਕੋਲਸ ਮਾਦੁਰੋ ਖ਼ਿਲਾਫ਼ ਸਫ਼ਲਤਾਪੂਰਵਕ ਵੱਡੇ ਪੱਧਰ ਦਾ ਹਮਲਾ ਕੀਤਾ ਹੈ, ਜਿਨ੍ਹਾਂ ਨੂੰ ਉਨ੍ਹਾਂ ਦੀ ਪਤਨੀ ਸਮੇਤ ਫੜ੍ਹ ਲਿਆ ਗਿਆ ਹੈ ਅਤੇ ਦੇਸ਼ ਤੋਂ ਬਾਹਰ ਲਿਆਂਦਾ ਗਿਆ ਹੈ।"

"ਇਹ ਕਾਰਵਾਈ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮਿਲ ਕੇ ਕੀਤੀ ਗਈ ਸੀ। ਹੋਰ ਵੇਰਵੇ ਬਾਅਦ ਵਿੱਚ ਦਿੱਤੇ ਜਾਣਗੇ। ਅੱਜ ਸਵੇਰੇ 11 ਵਜੇ ਮਾਰ-ਏ-ਲਾਗੋ ਵਿੱਚ ਇੱਕ ਨਿਊਜ਼ ਕਾਨਫ਼ਰੰਸ ਕੀਤੀ ਜਾਵੇਗੀ।"

ਚਸ਼ਮਦੀਦਾਂ ਦੇ ਮੁਤਾਬਕ, ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਫੌਜੀ ਹਵਾਈ ਅੱਡਾ ਲਾ ਕਾਰਲੋਟਾ ਅਤੇ ਮੁੱਖ ਫੌਜੀ ਅੱਡਾ ਫੁਏਰਤੇ ਤਿਉਨਾ ਵੀ ਇਸ ਨਾਲ ਪ੍ਰਭਾਵਿਤ ਹੋਏ ਹਨ। ਦੋਵੇਂ ਥਾਵਾਂ ਉੱਤੇ ਹੋਏ ਕਥਿਤ ਧਮਾਕਿਆਂ ਦੇ ਵੀਡੀਓ ਵੀ ਸਾਹਮਣੇ ਆਏ ਹਨ।

ਉੱਧਰ, ਬੀਬੀਸੀ ਦੇ ਅਮਰੀਕਾ ਸਥਿਤ ਨਿਊਜ਼ ਪਾਰਟਨਰ ਸੀਬੀਐੱਸ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸ਼ਨੀਵਾਰ ਤੜਕੇ ਵੇਨੇਜ਼ੂਏਲਾ ਦੀ ਰਾਜਧਾਨੀ ਕਰਾਕਸ ਦੇ ਉੱਪਰ ਧਮਾਕਿਆਂ ਅਤੇ ਜਹਾਜ਼ਾਂ ਦੇ ਉੱਡਣ ਦੀ ਜਾਣਕਾਰੀ ਹੈ।

ਇਹ ਘਟਨਾਕ੍ਰਮ ਟਰੰਪ ਪ੍ਰਸ਼ਾਸਨ ਵੱਲੋਂ ਵੇਨੇਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਉੱਤੇ ਕਈ ਹਫ਼ਤਿਆਂ ਤੋਂ ਬਣਾਏ ਜਾ ਰਹੇ ਦਬਾਅ ਤੋਂ ਬਾਅਦ ਸਾਹਮਣੇ ਆਇਆ ਹੈ।

ਅਮਰੀਕੀ ਰਾਸ਼ਟਰਪਤੀ ਦਾ ਇਲਜ਼ਾਮ ਹੈ ਕਿ ਵੇਨੇਜ਼ੂਏਲਾ ਦੇ ਰਾਸ਼ਟਰਪਤੀ ਅਮਰੀਕਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਅਪਰਾਧ ਫੈਲਾਉਣ ਵਿੱਚ ਸ਼ਾਮਲ ਹਨ।

ਇਸ ਦਰਮਿਆਨ ਵੈਨੇਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਇਨ੍ਹਾਂ ਹਮਲਿਆਂ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਇਹ ਅਮਰੀਕਾ ਵੱਲੋਂ ਉਨ੍ਹਾਂ ਦੇ ਦੇਸ਼ ਦੇ ਤੇਲ ਅਤੇ ਖਣਿਜ ਸੰਸਾਧਨਾਂ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ।

ਇਸ ਤੋਂ ਪਹਿਲਾਂ ਵੈਨੇਜ਼ੂਏਲਾ ਦੀ ਰਾਜਧਾਨੀ ਕਰਾਕਸ ਦੇ ਕਈ ਇਲਾਕਿਆਂ ਵਿੱਚ ਲਗਭਗ ਇੱਕੋ ਸਮੇਂ ਕਈ ਧਮਾਕਿਆਂ ਦੀ ਆਵਾਜ਼ ਸੁਣੀ ਗਈ ਸੀ। ਉੱਧਰ, ਵੇਨੇਜ਼ੂਏਲਾ ਨੇ ਅਮਰੀਕੀ ਫੌਜੀ ਕਾਰਵਾਈ ਦੀ ਨਿੰਦਾ ਕੀਤੀ ਹੈ।

ਵੈਨੇਜ਼ੂਏਲਾ ਸਰਕਾਰ ਨੇ ਬਿਆਨ ਵਿੱਚ ਕਿਹਾ ਹੈ, "ਵੈਨੇਜ਼ੂਏਲਾ ਕੌਮਾਂਤਰੀ ਭਾਈਚਾਰੇ ਦੇ ਸਾਹਮਣੇ ਅਮਰੀਕਾ ਦੀ ਮੌਜੂਦਾ ਸਰਕਾਰ ਵੱਲੋਂ ਵੈਨੇਜ਼ੂਏਲਾ ਦੇ ਖ਼ਿਲਾਫ਼ ਕੀਤੀ ਗਈ ਬਹੁਤ ਗੰਭੀਰ ਫੌਜੀ ਕਾਰਵਾਈ ਨੂੰ ਖ਼ਾਰਜ ਕਰਦਾ ਹੈ, ਉਸਦਾ ਵਿਰੋਧ ਕਰਦਾ ਹੈ ਅਤੇ ਉਸਦੀ ਨਿੰਦਾ ਕਰਦਾ ਹੈ।"

ਵੈਨੇਜ਼ੁਏਲਾ ਦੇ ਉੱਪ-ਰਾਸ਼ਟਰਪਤੀ ਨੇ ਮਾਦੁਰੋ ਦੇ ਜ਼ਿੰਦਾ ਹੋਣ ਦੇ ਮੰਗੇ ਸਬੂਤ

ਵੈਨੇਜ਼ੁਏਲਾ ਦੀ ਉਪ-ਰਾਸ਼ਟਰਪਤੀ ਨੇ ਮਾਦੁਰੋ ਦੇ ਜ਼ਿੰਦਾ ਹੋਣ ਦੇ ਸਬੂਤ ਮੰਗੇ ਹਨ ਕਿਉਂਕਿ ਉਨ੍ਹਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ ਹੈ।

ਵੈਨੇਜ਼ੁਏਲਾ ਦੀ ਉਪ-ਰਾਸ਼ਟਰਪਤੀ ਡੈਲਸੀ ਰੋਡਰੀਗੇਜ਼ ਵੱਲੋਂ ਇਹ ਬਿਆਨ ਸਾਹਮਣੇ ਆਇਆ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਰਾਸ਼ਟਰਪਤੀ ਨਿਕੋਲਸ ਮਾਦੁਰੋ ਜਾਂ ਫਰਸਟ ਲੇਡੀ ਸਿਲੀਆ ਫਲੋਰੇਸ ਦੀ ਮੌਜੂਦਾ ਟਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਦੋਵਾਂ ਲਈ "ਤੁਰੰਤ ਜੀਵਿਤ ਹੋਣ ਦਾ ਸਬੂਤ" ਮੰਗਿਆ ਹੈ।

ਵੈਨੇਜ਼ੁਏਲਾ ਦੇ ਰੱਖਿਆ ਮੰਤਰੀ ਨੇ ਦੇਸ਼ ਭਰ ਵਿੱਚ ਫੌਜੀ ਬਲਾਂ ਦੀ ਤੁਰੰਤ ਤੈਨਾਤੀ ਦਾ ਐਲਾਨ ਕੀਤਾ ਹੈ।

ਵੀਡੀਓ ਸੰਬੋਧਨ ਵਿੱਚ ਸਪੇਨੀ ਭਾਸ਼ਾ ਵਿੱਚ ਗੱਲ ਕਰਦੇ ਹੋਏ ਵਲਾਦੀਮੀਰ ਪਾਦਰੀਨੋ ਲੋਪੇਜ਼ ਨੇ ਵੈਨੇਜ਼ੁਏਲਾ ਖ਼ਿਲਾਫ਼ ਹੁਣ ਤੱਕ ਦੀ "ਸਭ ਤੋਂ ਭਿਆਨਕ ਹਮਲਾਵਰ ਕਾਰਵਾਈ" ਦੇ ਸਾਹਮਣੇ ਇਕਜੁੱਟ ਵਿਰੋਧ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵੈਨੇਜ਼ੁਏਲਾ "ਮਾਦੁਰੋ ਦੇ ਹੁਕਮਾਂ" ਅਨੁਸਾਰ ਸਾਰੇ ਹਥਿਆਰਬੰਦ ਦਸਤੇ ਤੈਨਾਤ ਕੀਤਾ ਜਾ ਰਹੇ ਹਨ।

ਰੱਖਿਆ ਮੰਤਰੀ ਨੇ ਕਿਹਾ, "ਉਨ੍ਹਾਂ ਸਾਡੇ ਉੱਤੇ ਹਮਲਾ ਕੀਤਾ ਹੈ ਪਰ ਉਹ ਸਾਨੂੰ ਝੁਕਾ ਨਹੀਂ ਸਕਣਗੇ।"

ਉਧਰ ਬੀਬੀਸੀ ਪੱਤਰਕਾਰ ਆਇਓਨ ਵੇਲਜ਼ ਮੁਤਾਬਕ, ਅੱਜ ਸਵੇਰੇ ਹੋਏ ਹਮਲਿਆਂ ਬਾਰੇ ਹਾਲੇ ਵੀ ਕਈ ਗੱਲਾਂ ਅਸਪੱਸ਼ਟ ਹਨ।

ਹਮਲੇ ਦਾ ਸ਼ਿਕਾਰ ਹੋਈ ਫੌਜ ਦੀ ਢਾਂਚਾਗਤ ਸਹੂਲਤ ਨੂੰ ਕਿੰਨਾ ਨੁਕਸਾਨ ਪਹੁੰਚਿਆ ਹੈ? ਅਤੇ ਜਾਨ-ਮਾਲ ਦਾ ਕਿੰਨਾ ਨੁਕਸਾਨ ਹੋਇਆ ਹੈ।

ਵੈਨੇਜ਼ੁਏਲਾ ਦੇ ਰੱਖਿਆ ਮੰਤਰੀ ਵਲਾਦੀਮੀਰ ਪਾਦਰੀਨੋ ਨੇ ਕਿਹਾ ਹੈ ਕਿ ਸਰਕਾਰ ਮ੍ਰਿਤਕਾਂ ਅਤੇ ਜ਼ਖ਼ਮੀ ਲੋਕਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ ਅਤੇ ਦਾਅਵਾ ਕੀਤਾ ਹੈ ਕਿ ਹਮਲੇ ਨਾਗਰਿਕ ਇਲਾਕਿਆਂ 'ਤੇ ਹੋਏ ਹਨ।

ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਵੈਨੇਜ਼ੁਏਲਾ ਵਿਦੇਸ਼ੀ ਫੌਜਾਂ ਦੀ ਮੌਜੂਦਗੀ ਦਾ "ਵਿਰੋਧ" ਕਰੇਗਾ।

ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨੇ ਕੀ ਕਿਹਾ

ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨੇ ਬਿਆਨ ਵਿੱਚ ਕਿਹਾ ਕਿ ਰਾਜਧਾਨੀ ਕਰਾਕਸ ਵਿੱਚ ਕੀਤੇ ਗਏ ਹਮਲਿਆਂ ਦਾ ਮਕਸਦ "ਵੈਨੇਜ਼ੁਏਲਾ ਦੇ ਰਣਨੀਤਕ ਸੰਸਾਧਨਾਂ, ਖ਼ਾਸ ਕਰਕੇ ਤੇਲ ਅਤੇ ਖਣਿਜਾਂ ਉੱਤੇ ਕਬਜ਼ਾ ਕਰਨਾ" ਅਤੇ "ਦੇਸ਼ ਦੀ ਰਾਜਨੀਤਕ ਖੁਦਮੁਖ਼ਤਿਆਰੀ ਨੂੰ ਜ਼ਬਰਦਸਤੀ ਖ਼ਤਮ ਕਰਨਾ" ਹੈ।

ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ "ਪੂਰੇ ਦੇਸ਼ ਵਿੱਚ ਬਾਹਰੀ ਉਥਲ-ਪੁਥਲ ਦੀ ਸਥਿਤੀ ਐਲਾਨ ਕਰਨ ਵਾਲੇ ਹੁਕਮ ਉੱਤੇ ਦਸਤਖ਼ਤ ਕੀਤੇ ਹਨ ਅਤੇ ਉਸ ਨੂੰ ਲਾਗੂ ਕਰਨ ਦੇ ਹੁਕਮ ਦਿੱਤੇ ਹਨ।"

ਉਨ੍ਹਾਂ ਨੇ ਇਹ ਵੀ ਹਦਾਇਤ ਦਿੱਤੀ ਹੈ ਕਿ ਸਾਰੇ ਨੈਸ਼ਨਲ ਡਿਫ਼ੈਂਸ ਪਲਾਨ "ਸਹੀ ਸਮੇਂ ਅਤੇ ਢੁੱਕਵੇਂ ਹਾਲਾਤਾਂ ਵਿੱਚ" ਲਾਗੂ ਕੀਤੇ ਜਾਣ।

ਸਰਕਾਰ ਨੇ "ਦੇਸ਼ ਦੀਆਂ ਸਾਰੀਆਂ ਸਮਾਜਿਕ ਅਤੇ ਰਾਜਨੀਤਕ ਤਾਕਤਾਂ ਨੂੰ ਇਸ ਹਮਲੇ ਦੀ ਨਿੰਦਾ ਕਰਨ" ਦੀ ਅਪੀਲ ਕੀਤੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ "ਦੇਸ਼ ਦੀਆਂ ਸਾਰੀਆਂ ਸਮਾਜਿਕ ਅਤੇ ਰਾਜਨੀਤਿਕ ਤਾਕਤਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਇਕਜੁੱਟ ਹੋ ਜਾਣ ਅਤੇ ਇਸ ਸਮਰਾਜਵਾਦੀ ਹਮਲੇ ਦੀ ਨਿੰਦਾ ਕਰਨ।"

ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ "ਪੂਰੇ ਦੇਸ਼ ਵਿੱਚ ਬਾਹਰੀ ਉਥਲ-ਪੁਥਲ ਦੀ ਸਥਿਤੀ ਦਾ ਐਲਾਨ ਕਰਨ ਵਾਲੇ ਇੱਕ ਹੁਕਮ 'ਤੇ ਦਸਤਖ਼ਤ ਕੀਤੇ ਹਨ ਅਤੇ ਉਸਨੂੰ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ।"

ਉਨ੍ਹਾਂ ਨੇ ਇਹ ਵੀ ਹੁਕਮ ਦਿੱਤਾ ਹੈ ਕਿ ਸਾਰੇ ਨੇਸ਼ਨਲ ਡਿਫ਼ੈਂਸ ਪਲਾਨ "ਉਚਿਤ ਸਮੇਂ 'ਤੇ ਅਤੇ ਢੁੱਕਵੇਂ ਹਾਲਾਤਾਂ ਵਿੱਚ" ਲਾਗੂ ਕੀਤੇ ਜਾਣ।

ਸਰਕਾਰ ਨੇ "ਦੇਸ਼ ਦੀਆਂ ਸਾਰੀਆਂ ਸਮਾਜਿਕ ਅਤੇ ਰਾਜਨੀਤਿਕ ਤਾਕਤਾਂ ਨੂੰ ਲਾਮਬੰਦੀ ਯੋਜਨਾਵਾਂ ਸਰਗਰਮ ਕਰਨ ਅਤੇ ਇਸ ਸਮਰਾਜਵਾਦੀ ਹਮਲੇ ਦੀ ਨਿੰਦਾ ਕਰਨ" ਦੀ ਅਪੀਲ ਕੀਤੀ ਹੈ।

ਬੀਬੀਸੀ ਦੀ ਪੱਤਰਕਾਰ ਨੇ ਕੀ ਵੇਖਿਆ

ਕਰਾਕਸ ਵਿੱਚ ਰਹਿਣ ਵਾਲੀ ਬੀਬੀਸੀ ਦੀ ਪੱਤਰਕਾਰ ਵੇਨੇਸਾ ਸਿਲਵਾ ਨੇ ਆਪਣੀ ਖਿੜਕੀ ਤੋਂ ਇੱਕ ਧਮਾਕਾ ਵੇਖਿਆ।

ਉਨ੍ਹਾਂ ਦੱਸਿਆ ਕਿ ਧਮਾਕੇ ਦੀ ਆਵਾਜ਼ ਬਹੁਤ ਤੇਜ਼ ਸੀ। ਇਹ "ਬਿਜਲੀ ਦੇ ਕੜਕਣ ਤੋਂ ਵੀ ਜ਼ਿਆਦਾ ਤੇਜ਼" ਸੀ, ਜਿਸ ਨਾਲ ਉਨ੍ਹਾਂ ਦਾ ਘਰ ਹਿੱਲਣ ਲੱਗਾ।

ਰਾਜਧਾਨੀ ਕਰਾਕਸ ਇੱਕ ਘਾਟੀ ਵਿੱਚ ਸਥਿਤ ਹੈ, ਇਸ ਲਈ ਧਮਾਕਿਆਂ ਦੀ ਆਵਾਜ਼ ਪੂਰੇ ਸ਼ਹਿਰ ਵਿੱਚ ਗੂੰਜ ਗਈ।

ਉਨ੍ਹਾਂ ਕਿਹਾ, "ਮੇਰਾ ਦਿਲ ਜ਼ੋਰ ਨਾਲ ਧੜਕ ਰਿਹਾ ਸੀ ਅਤੇ ਪੈਰ ਕੰਬ ਰਹੇ ਸਨ।"

ਉਨ੍ਹਾਂ ਦੱਸਿਆ ਕਿ ਧਮਾਕੇ ਇੰਨੇ ਨੇੜੇ ਹੋਏ ਸਨ ਕਿ ਉਹ ਡਰ ਗਈ ਸੀ, ਪਰ ਉਹ ਬਹੁਤ ਸਟੀਕ ਲੱਗ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਹੁਣ ਸ਼ਹਿਰ ਵਿੱਚ ਸ਼ਾਂਤੀ ਹੈ, ਪਰ ਹਰ ਕੋਈ ਅਜੇ ਵੀ ਇੱਕ ਦੂਜੇ ਨੂੰ ਮੈਸੇਜ ਕਰਕੇ ਪੁੱਛ ਰਿਹਾ ਹੈ ਕਿ ਸਭ ਠੀਕ ਹਨ ਜਾਂ ਨਹੀਂ।

ਵੇਨੇਸਾ ਸਿਲਵਾ ਦੇ ਇੱਕ ਰਿਸ਼ਤੇਦਾਰ ਨੇ ਆਸਮਾਨ ਤੋਂ ਕੁਝ ਡਿੱਗਦੇ ਹੋਏ ਵੇਖਿਆ ਅਤੇ ਦਸ ਸਕਿੰਟ ਬਾਅਦ ਇੱਕ ਜ਼ੋਰਦਾਰ ਧਮਾਕਾ ਸੁਣਿਆ।

ਕੋਲੰਬੀਆ ਨੇ ਦਿੱਤੀ ਇਹ ਪ੍ਰਤੀਕਿਰਿਆ

ਇਸ ਦਰਮਿਆਨ ਵੈਨੇਜ਼ੁਏਲਾ ਦੇ ਗਆਂਢੀ ਦੇਸ਼ ਕੋਲੰਬੀਆ ਨੇ ਮੌਜੂਦਾ ਘਟਨਾਕ੍ਰਮ 'ਤੇ ਚਿੰਤਾ ਜਤਾਈ ਹੈ।

ਕੋਲੰਬੀਆ ਦੇ ਰਾਸ਼ਟਰਪਤੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ, "ਕੋਲੰਬੀਆ ਦੀ ਸਰਕਾਰ ਵੈਨੇਜ਼ੁਏਲਾ ਵਿੱਚ ਪਿਛਲੇ ਕੁਝ ਘੰਟਿਆਂ ਦੌਰਾਨ ਹੋਏ ਧਮਾਕਿਆਂ ਅਤੇ ਅਸਧਾਰਣ ਹਵਾਈ ਗਤੀਵਿਧੀਆਂ ਦੀਆਂ ਰਿਪੋਰਟਾਂ ਦੇ ਨਤੀਜੇ ਵਜੋਂ ਖੇਤਰ ਵਿੱਚ ਵਧ ਰਹੇ ਤਣਾਅ 'ਤੇ ਗਹਿਰੀ ਚਿੰਤਾ ਜ਼ਾਹਿਰ ਕਰਦੀ ਹੈ।"

ਰਾਸ਼ਟਰਪਤੀ ਗੁਸਤਾਵੋ ਪੇਤ੍ਰੋ ਨੇ ਕਿਹਾ, "ਕੋਲੰਬੀਆ ਸੰਯੁਕਤ ਰਾਸ਼ਟਰ ਚਾਰਟਰ ਵਿੱਚ ਮੌਜੂਦ ਸਿਧਾਂਤਾਂ ਪ੍ਰਤੀ ਆਪਣੀ ਅਟੁੱਟ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ, ਖ਼ਾਸ ਤੌਰ 'ਤੇ ਸੂਬਿਆਂ ਦੀ ਸੰਪ੍ਰਭੁਤਾ ਅਤੇ ਖੇਤਰੀ ਅਖੰਡਤਾ ਦਾ ਸਤਿਕਾਰ, ਬਲ ਦੇ ਪ੍ਰਯੋਗ ਜਾਂ ਧਮਕੀ 'ਤੇ ਰੋਕ ਅਤੇ ਅੰਤਰਰਾਸ਼ਟਰੀ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਦੇ ਮਾਮਲੇ ਵਿੱਚ।"

"ਇਸ ਸਬੰਧ ਵਿੱਚ ਕੋਲੰਬੀਆ ਸਰਕਾਰ ਕਿਸੇ ਵੀ ਇੱਕਪਾਸੜ ਸੈਨਿਕ ਕਾਰਵਾਈ ਨੂੰ ਅਸਵੀਕਾਰ ਕਰਦੀ ਹੈ ਜੋ ਹਾਲਾਤ ਨੂੰ ਹੋਰ ਵਿਗਾੜ ਸਕਦੀ ਹੈ ਜਾਂ ਆਮ ਲੋਕਾਂ ਨੂੰ ਖ਼ਤਰੇ ਵਿੱਚ ਪਾ ਸਕਦੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)