You’re viewing a text-only version of this website that uses less data. View the main version of the website including all images and videos.
ਜਾਸੂਸੀ, ਡਰੋਨ ਅਤੇ ਡੁਪਲੀਕੇਟ ਘਰ ਵਿੱਚ ਅਭਿਆਸ: ਅਮਰੀਕਾ ਨੇ ਮਾਦੁਰੋ ਨੂੰ ਇਸ ਤਰ੍ਹਾਂ ਫੜਿਆ
- ਲੇਖਕ, ਗੈਰੇਥ ਇਵਾਨਸ
- ਰੋਲ, ਬੀਬੀਸੀ ਨਿਊਜ਼, ਵਾਸ਼ਿੰਗਟਨ
ਕਈ ਮਹੀਨਿਆਂ ਤੱਕ ਅਮਰੀਕੀ ਜਾਸੂਸ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਹਰ ਗਤੀਵਿਧੀ ਉੱਤੇ ਨਜ਼ਰ ਰੱਖ ਰਹੇ ਸਨ।
ਇਹ ਇੱਕ ਛੋਟੀ ਟੀਮ ਸੀ, ਜਿਸ ਵਿੱਚ ਵੈਨੇਜ਼ੁਏਲਾ ਸਰਕਾਰ ਦੇ ਅੰਦਰੋਂ ਇੱਕ ਸੂਤਰ ਵੀ ਸ਼ਾਮਲ ਸੀ। ਉੱਚ ਫੌਜੀ ਅਧਿਕਾਰੀਆਂ ਮੁਤਾਬਕ, 63 ਸਾਲਾਂ ਦੇ ਮਾਦੁਰੋ ਕਿੱਥੇ ਸੌਂਦੇ ਸਨ, ਕੀ ਖਾਂਦੇ ਸਨ, ਕੀ ਪਹਿਨਦੇ ਸਨ ਅਤੇ ਇੱਥੋਂ ਤੱਕ ਕਿ "ਉਨ੍ਹਾਂ ਦੇ ਪਾਲਤੂ ਜਾਨਵਰਾਂ" ਤੱਕ ਉੱਤੇ ਵੀ ਇਹ ਟੀਮ ਨਿਗਰਾਨੀ ਕਰ ਰਹੀ ਸੀ।
ਇਸ ਤੋਂ ਬਾਅਦ ਦਸੰਬਰ ਦੀ ਸ਼ੁਰੂਆਤ ਵਿੱਚ "ਆਪਰੇਸ਼ਨ ਐਬਸੋਲਿਊਟ ਰਿਜ਼ੋਲਵ" ਨਾਮ ਦੇ ਇੱਕ ਮਿਸ਼ਨ ਨੂੰ ਅੰਤਿਮ ਰੂਪ ਦਿੱਤਾ ਗਿਆ।
ਇਹ ਮਹੀਨਿਆਂ ਤੱਕ ਕੀਤੀ ਗਈ ਬਾਰੀਕੀ ਨਾਲ ਬਣਾਈ ਗਈ ਯੋਜਨਾ ਅਤੇ ਅਭਿਆਸ ਦਾ ਨਤੀਜਾ ਸੀ, ਜਿਸ ਦੇ ਤਹਿਤ ਅਮਰੀਕਾ ਦੇ ਐਲੀਟ ਸੈਨਿਕਾਂ ਨੇ ਮਾਦੁਰੋ ਦੇ ਕਰਾਕਸ ਸਥਿੱਤ ਸੁਰੱਖਿਅਤ ਟਿਕਾਣੇ ਦਾ ਡੁਪਲੀਕੇਟ ਤਿਆਰ ਕਰਕੇ ਦਾਖ਼ਲੇ ਦੇ ਰਸਤਿਆਂ ਰਾਹੀਂ ਅੰਦਰ ਜਾਣ ਦਾ ਅਭਿਆਸ ਕੀਤਾ।
ਇਹ ਯੋਜਨਾ ਪੂਰੀ ਤਰ੍ਹਾਂ ਗੁਪਤ ਰੱਖੀ ਗਈ। ਕਾਂਗਰਸ ਨੂੰ ਪਹਿਲਾਂ ਤੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਉਸ ਨਾਲ ਕੋਈ ਸਲਾਹ ਕੀਤੀ ਗਈ। ਸਾਰੇ ਸਟੀਕ ਵੇਰਵੇ ਤੈਅ ਹੋ ਜਾਣ ਤੋਂ ਬਾਅਦ, ਉੱਚ ਫੌਜੀ ਅਧਿਕਾਰੀਆਂ ਨੂੰ ਸਿਰਫ਼ ਸਹੀ ਸਮੇਂ ਦੀ ਉਡੀਕ ਕਰਨੀ ਸੀ।
ਇਹ ਆਪਰੇਸ਼ਨ ਸ਼ੀਤ ਯੁੱਧ ਤੋਂ ਬਾਅਦ ਲਾਤੀਨੀ ਅਮਰੀਕਾ ਵਿੱਚ ਅਮਰੀਕਾ ਦਾ ਇੱਕ ਅਸਾਧਾਰਣ ਫੌਜੀ ਦਖ਼ਲ ਸੀ।
ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਉਹ ਅਚਾਨਕ ਹਮਲਾ ਕਰਨਾ ਚਾਹੁੰਦੇ ਸਨ। ਚਾਰ ਦਿਨ ਪਹਿਲਾਂ, ਜਦੋਂ ਟਰੰਪ ਨੇ ਇਸ ਆਪਰੇਸ਼ਨ ਨੂੰ ਮਨਜ਼ੂਰੀ ਦਿੱਤੀ, ਉਸੇ ਵੇਲੇ ਇਸ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਬਾਅਦ ਵਿੱਚ ਬਿਹਤਰ ਮੌਸਮ ਅਤੇ ਘੱਟ ਬੱਦਲਾਂ ਦੇ ਛਾਏ ਰਹਿਣ ਦੀ ਉਡੀਕ ਕਰਨ ਦਾ ਫ਼ੈਸਲਾ ਕੀਤਾ ਗਿਆ।
ਅਮਰੀਕਾ ਦੇ ਸਭ ਤੋਂ ਵੱਡੇ ਫੌਜੀ ਅਧਿਕਾਰੀ ਜਨਰਲ ਡੈਨ ਕੇਨ ਨੇ ਸ਼ਨੀਵਾਰ ਸਵੇਰੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ, "ਕ੍ਰਿਸਮਸ ਅਤੇ ਨਵੇਂ ਸਾਲ ਦੇ ਦੌਰਾਨ ਅਮਰੀਕੀ ਫੌਜ ਦੀਆਂ ਔਰਤਾਂ ਅਤੇ ਪੁਰਸ਼ ਹਫ਼ਤਿਆਂ ਤੱਕ ਪੂਰੀ ਤਿਆਰੀ ਨਾਲ ਤੈਨਾਤ ਰਹੇ। ਉਹ ਧੀਰਜ ਨਾਲ ਸਹੀ ਸੰਕੇਤਾਂ ਅਤੇ ਰਾਸ਼ਟਰਪਤੀ ਦੇ ਹੁਕਮ ਦੀ ਉਡੀਕ ਕਰਦੇ ਰਹੇ।"
'ਸ਼ੁਭਕਾਮਨਾਵਾਂ, ਤੁਹਾਨੂੰ ਕਾਮਯਾਬੀ ਮਿਲੇ'
ਆਖ਼ਰਕਾਰ ਮਿਸ਼ਨ ਸ਼ੁਰੂ ਕਰਨ ਦਾ ਹੁਕਮ ਰਾਸ਼ਟਰਪਤੀ ਵੱਲੋਂ ਸ਼ੁੱਕਰਵਾਰ ਰਾਤ 10 ਵੱਜ ਕੇ 46 ਮਿੰਟ (ਸਥਾਨਕ ਸਮੇਂ ਅਨੁਸਾਰ) 'ਤੇ ਆਇਆ। ਟਰੰਪ ਨੇ ਸ਼ਨੀਵਾਰ ਨੂੰ ਰਾਤੋਂ-ਰਾਤ ਹੋਈ ਕਾਰਵਾਈ ਤੋਂ ਕੁਝ ਘੰਟਿਆਂ ਬਾਅਦ 'ਫੌਕਸ ਐਂਡ ਫ੍ਰੈਂਡਜ਼' ਨਾਲ ਗੱਲ ਕਰਦਿਆਂ ਕਿਹਾ, "ਅਸੀਂ ਇਹ ਚਾਰ ਦਿਨ ਪਹਿਲਾਂ, ਤਿੰਨ ਦਿਨ ਪਹਿਲਾਂ ਜਾਂ ਦੋ ਦਿਨ ਪਹਿਲਾਂ ਕਰਨ ਵਾਲੇ ਸੀ ਅਤੇ ਫਿਰ ਅਚਾਨਕ ਹਾਲਾਤ ਠੀਕ ਹੋ ਗਏ ਅਤੇ ਅਸੀਂ ਕਿਹਾ, ਜਾਓ, ਕਰ ਦਿਓ।"
ਜਨਰਲ ਕੇਨ ਨੇ ਦੱਸਿਆ, "ਉਨ੍ਹਾਂ ਨੇ ਸਾਨੂੰ ਕਿਹਾ ਕਿ ਅਸੀਂ ਇਸ ਦੀ ਸ਼ਲਾਘਾ ਕਰਦੇ ਹਾਂ… ਸ਼ੁਭਕਾਮਨਾਵਾਂ, ਤੁਹਾਨੂੰ ਕਾਮਯਾਬੀ ਮਿਲੇ।"
ਟਰੰਪ ਦਾ ਆਦੇਸ਼ ਕਰਾਕਸ ਵਿੱਚ ਅੱਧੀ ਰਾਤ ਤੋਂ ਕੁਝ ਪਹਿਲਾਂ ਆਇਆ, ਜਿਸ ਨਾਲ ਫੌਜ ਨੂੰ ਹਨੇਰੇ ਵਿੱਚ ਕੰਮ ਕਰਨ ਲਈ ਲਗਭਗ ਪੂਰੀ ਰਾਤ ਦਾ ਸਮਾਂ ਮਿਲ ਗਿਆ।
ਇਸ ਤੋਂ ਬਾਅਦ ਜੋ ਕੁਝ ਹੋਇਆ, ਉਸ ਨੇ ਵਾਸ਼ਿੰਗਟਨ ਅਤੇ ਦੁਨੀਆ ਭਰ ਦੇ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇਹ ਹਵਾ, ਜ਼ਮੀਨ ਅਤੇ ਸਮੁੰਦਰ ਵਿੱਚ ਚਲਾਇਆ ਗਿਆ ਆਪਰੇਸ਼ਨ ਸੀ, ਜੋ ਦੋ ਘੰਟੇ 20 ਮਿੰਟ ਵਿੱਚ ਪੂਰਾ ਹੋ ਗਿਆ। ਪੈਮਾਨੇ ਅਤੇ ਸਟੀਕਤਾ ਦੇ ਲਿਹਾਜ਼ ਨਾਲ ਇਹ ਮਿਸ਼ਨ ਲਗਭਗ ਬੇਮਿਸਾਲ ਸੀ।
ਇਸ ਤੋਂ ਤੁਰੰਤ ਬਾਅਦ ਕਈ ਖੇਤਰੀ ਤਾਕਤਾਂ ਨੇ ਇਸ ਦੀ ਨਿੰਦਾ ਕੀਤੀ। ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡਾ ਸਿਲਵਾ ਨੇ ਕਿਹਾ ਕਿ ਵੈਨੇਜ਼ੁਏਲਾ ਦੇ ਨੇਤਾ ਨੂੰ ਹਿੰਸਕ ਤਰੀਕੇ ਨਾਲ ਫੜ੍ਹਨਾ "ਪੂਰੇ ਕੌਮਾਂਤਰੀ ਭਾਈਚਾਰੇ ਲਈ ਬੇਹੱਦ ਖ਼ਤਰਨਾਕ ਮਿਸਾਲ" ਹੈ।
ਟਰੰਪ ਦੇ ਵ੍ਹਾਈਟ ਹਾਊਸ ਦੇ ਸਿਚੂਏਸ਼ਨ ਰੂਮ ਤੋਂ ਇਸ ਮਿਸ਼ਨ ਦੀ ਨਿਗਰਾਨੀ ਨਹੀਂ ਕੀਤੀ ਗਈ। ਇਸ ਦੀ ਬਜਾਇ ਉਹ ਫਲੋਰਿਡਾ ਦੇ ਪਾਮ ਬੀਚ 'ਤੇ ਸਥਿਤ ਆਪਣੇ ਮਾਰ-ਏ-ਲਾਗੋ ਕਲੱਬ ਵਿੱਚ ਆਪਣੇ ਸਲਾਹਕਾਰਾਂ ਨਾਲ ਮੌਜੂਦ ਸਨ, ਜਿੱਥੇ ਉਨ੍ਹਾਂ ਨੇ ਸੀਆਈਏ ਡਾਇਰੈਕਟਰ ਜੌਨ ਰੈਟਕਲਿਫ਼ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨਾਲ ਬੈਠ ਕੇ ਆਪਰੇਸ਼ਨ ਦਾ ਲਾਈਵ ਪ੍ਰਸਾਰਣ ਦੇਖਿਆ।
ਟਰੰਪ ਨੇ ਸ਼ਨੀਵਾਰ ਨੂੰ ਕਿਹਾ, "ਇਹ ਦੇਖਣਾ ਯਕੀਨ ਤੋਂ ਪਰੇ ਸੀ। ਜੇ ਤੁਸੀਂ ਵੇਖਿਆ ਹੁੰਦਾ ਕਿ ਕੀ ਹੋਇਆ, ਮੇਰਾ ਮਤਲਬ ਹੈ ਕਿ ਮੈਂ ਇਹ ਸੱਚਮੁੱਚ ਇੱਕ ਟੀਵੀ ਸ਼ੋਅ ਵਾਂਗ ਦਿਖ ਰਿਹਾ ਸੀ। ਅਤੇ ਜੇ ਤੁਸੀਂ ਉਨ੍ਹਾਂ ਦੀ ਰਫ਼ਤਾਰ ਅਤੇ ਹਿੰਸਾ ਵੇਖੀ ਹੁੰਦੀ... ਤਾਂ ਇਹ ਵਾਕਈ ਹੈਰਾਨ ਕਰਨ ਵਾਲੀ ਸੀ। ਇਨ੍ਹਾਂ ਲੋਕਾਂ ਨੇ ਕਮਾਲ ਦਾ ਕੰਮ ਕੀਤਾ।"
ਪਿਛਲੇ ਕੁਝ ਮਹੀਨਿਆਂ ਦੌਰਾਨ ਹਜ਼ਾਰਾਂ ਅਮਰੀਕੀ ਫੌਜੀ ਇਸ ਖੇਤਰ ਵਿੱਚ ਤੈਨਾਤ ਕੀਤੇ ਗਏ ਸਨ। ਇੱਕ ਏਅਰਕ੍ਰਾਫਟ ਕੈਰੀਅਰ ਅਤੇ ਦਰਜਨਾਂ ਜੰਗੀ ਜਹਾਜ਼ਾਂ ਦੇ ਨਾਲ ਇਹ ਦਹਾਕਿਆਂ ਵਿੱਚ ਸਭ ਤੋਂ ਵੱਡਾ ਫੌਜੀ ਇਕੱਠ ਸੀ, ਕਿਉਂਕਿ ਰਾਸ਼ਟਰਪਤੀ ਟਰੰਪ ਨੇ ਮਾਦੁਰੋ ਉੱਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ 'ਨਾਰਕੋ ਟੇਰਰਿਜ਼ਮ' ਦੇ ਇਲਜ਼ਾਮ ਲਗਾਏ ਸਨ ਅਤੇ ਖੇਤਰ ਵਿੱਚ ਕਥਿਤ ਤੌਰ 'ਤੇ ਨਸ਼ਾ ਲੈ ਕੇ ਜਾਣ ਵਾਲੀਆਂ ਦਰਜਨਾਂ ਕਿਸ਼ਤੀਆਂ ਨੂੰ ਤਬਾਹ ਕੀਤਾ ਸੀ।
ਪਰ 'ਆਪਰੇਸ਼ਨ ਐਬਸੋਲਿਊਟ ਰਿਜ਼ੋਲਵ' ਦੇ ਸ਼ੁਰੂਆਤੀ ਸੰਕੇਤ ਆਸਮਾਨ ਵਿੱਚ ਨਜ਼ਰ ਆਏ। ਅਮਰੀਕੀ ਅਧਿਕਾਰੀਆਂ ਮੁਤਾਬਕ, ਬੰਬਾਰੀ ਕਰਨ ਵਾਲੇ, ਲੜਾਕੂ ਜਹਾਜ਼ ਅਤੇ ਨਿਗਰਾਨੀ ਜਹਾਜ਼ਾਂ ਸਮੇਤ 150 ਤੋਂ ਵੱਧ ਜਹਾਜ਼ ਰਾਤ ਭਰ ਵਿੱਚ ਤੈਨਾਤ ਕੀਤੇ ਗਏ।
ਟਰੰਪ ਨੇ ਫੌਕਸ ਨਿਊਜ਼ ਨਾਲ ਗੱਲ ਕਰਦਿਆਂ ਕਿਹਾ, "ਇਹ ਬਹੁਤ ਜਟਿਲ ਸੀ, ਬੇਹੱਦ ਜਟਿਲ। ਪੂਰਾ ਜੰਗੀ ਅਭਿਆਸ, ਲੈਂਡਿੰਗ, ਜਹਾਜ਼ਾਂ ਦੀ ਗਿਣਤੀ। ਹਰ ਸੰਭਾਵਿਤ ਸਥਿਤੀ ਲਈ ਸਾਡੇ ਕੋਲ ਇੱਕ ਲੜਾਕੂ ਜਹਾਜ਼ ਸੀ।"
ਸਥਾਨਕ ਸਮੇਂ ਮੁਤਾਬਕ ਲਗਭਗ 02:00 ਵਜੇ ਕਰਾਕਸ ਵਿੱਚ ਜ਼ੋਰਦਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਅਤੇ ਸ਼ਹਿਰ ਦੇ ਉੱਪਰ ਧੂੰਏਂ ਦੇ ਗੁਬਾਰ ਉੱਠਦੇ ਵੇਖੇ ਗਏ।
ਰਿਪੋਰਟਰ ਆਨਾ ਵੈਨੇਸਾ ਹਰੇਰੋ ਨੇ ਬੀਬੀਸੀ ਨੂੰ ਦੱਸਿਆ, "ਮੈਂ ਇੱਕ ਬਹੁਤ ਤੇਜ਼ ਆਵਾਜ਼ ਸੁਣੀ, ਜ਼ੋਰਦਾਰ ਧਮਾਕਾ। ਇਸ ਨਾਲ ਸਾਰੀਆਂ ਖਿੜਕੀਆਂ ਹਿੱਲ ਗਈਆਂ। ਉਸ ਤੋਂ ਤੁਰੰਤ ਬਾਅਦ ਮੈਂ ਧੂੰਏਂ ਦਾ ਇੱਕ ਬਹੁਤ ਵੱਡਾ ਬੱਦਲ ਵੇਖਿਆ, ਜਿਸ ਨੇ ਲਗਭਗ ਪੂਰਾ ਨਜ਼ਾਰਾ ਢੱਕ ਲਿਆ।"
ਉਨ੍ਹਾਂ ਕਿਹਾ, "ਪੂਰੇ ਸ਼ਹਿਰ ਵਿੱਚ ਜਹਾਜ਼ ਅਤੇ ਹੈਲੀਕਾਪਟਰ ਉੱਡ ਰਹੇ ਸਨ।"
ਥੋੜ੍ਹੀ ਦੇਰ ਵਿੱਚ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਕਈ ਵੀਡੀਓਜ਼ ਫੈਲਣ ਲੱਗੇ, ਜਿਨ੍ਹਾਂ ਵਿੱਚ ਆਸਮਾਨ ਵਿੱਚ ਕਈ ਜਹਾਜ਼ ਅਤੇ ਧਮਾਕਿਆਂ ਤੋਂ ਬਾਅਦ ਦੇ ਹਾਲਾਤ ਵਿਖਾਏ ਗਏ। ਇੱਕ ਵੀਡੀਓ ਵਿੱਚ ਹੈਲੀਕਾਪਟਰਾਂ ਦਾ ਕਾਫ਼ਲਾ ਕਰਾਕਸ ਦੇ ਉੱਪਰ ਘੱਟ ਉੱਚਾਈ 'ਤੇ ਉੱਡਦਾ ਨਜ਼ਰ ਆਇਆ, ਜਦਕਿ ਹੇਠਾਂ ਧਮਾਕਿਆਂ ਨਾਲ ਉੱਠਦਾ ਧੂੰਆ ਦਿਖਾਈ ਦੇ ਰਿਹਾ ਸੀ।
ਇੱਕ ਚਸ਼ਮਦੀਦ ਡੈਨੀਏਲਾ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਲਗਭਗ 01:55 ਵਜੇ ਧਮਾਕਿਆਂ ਦੀ ਗੂੰਜ ਅਤੇ ਕਰਾਕਸ ਦੇ ਉੱਪਰ ਉੱਡਦੇ ਜਹਾਜ਼ਾਂ ਦੀਆਂ ਆਵਾਜ਼ਾਂ ਨਾਲ ਜਾਗ ਸਕੇ। ਸਭ ਕੁਝ ਪੂਰੀ ਤਰ੍ਹਾਂ ਹਨੇਰੇ ਵਿੱਚ ਡੁੱਬ ਗਿਆ ਸੀ, ਸਿਰਫ਼ ਨੇੜੇ ਹੋ ਰਹੇ ਧਮਾਕਿਆਂ ਦੀ ਚਮਕ ਦਿਖਾਈ ਦੇ ਰਹੀ ਸੀ।"
ਉਨ੍ਹਾਂ ਨੇ ਕਿਹਾ, "ਗੁਆਂਢੀ ਗਰੁੱਪ ਚੈਟ ਵਿੱਚ ਇੱਕ ਦੂਜੇ ਨੂੰ ਸੁਨੇਹੇ ਭੇਜ ਰਹੇ ਸਨ। ਸਭ ਉਲਝਣ ਵਿੱਚ ਸਨ, ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਹੈ ਅਤੇ ਧਮਾਕਿਆਂ ਕਾਰਨ ਸਭ ਡਰੇ ਹੋਏ ਸਨ।"
ਬੀਬੀਸੀ ਵੈਰੀਫਾਈ ਨੇ ਕਰਾਕਸ ਦੇ ਵੱਖ-ਵੱਖ ਇਲਾਕਿਆਂ ਵਿੱਚ ਧਮਾਕਿਆਂ, ਅੱਗ ਅਤੇ ਧੂੰਏਂ ਨੂੰ ਵਿਖਾਉਣ ਵਾਲੀਆਂ ਕਈ ਵੀਡੀਓਜ਼ ਦੀ ਜਾਂਚ ਕੀਤੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਮਰੀਕੀ ਆਪਰੇਸ਼ਨ ਦੌਰਾਨ ਕਿਹੜੀਆਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਹੁਣ ਤੱਕ ਬੀਬੀਸੀ ਵੈਰੀਫਾਈ ਨੇ ਪੰਜ ਥਾਵਾਂ ਦੀ ਪੁਸ਼ਟੀ ਕੀਤੀ ਹੈ, ਜਿਨ੍ਹਾਂ ਵਿੱਚ ਜਨਰਲਿਸਿਮੋ ਫ੍ਰਾਂਸਿਸਕੋ ਦੇ ਮਿਰਾਂਡਾ ਏਅਰ ਬੇਸ, ਲਾ ਕਾਰਲੋਟਾ ਨਾਮ ਦਾ ਹਵਾਈ ਖੇਤਰ ਅਤੇ ਕਰਾਕਸ ਨੂੰ ਕੈਰੇਬੀਆਈ ਸਮੁੰਦਰ ਨਾਲ ਜੋੜਨ ਵਾਲਾ ਪੋਰਟ ਲਾ ਗੁਆਇਰਾ ਸ਼ਾਮਲ ਹੈ।
ਅਧਿਕਾਰੀਆਂ ਮੁਤਾਬਕ, ਕੁਝ ਹਵਾਈ ਹਮਲਿਆਂ ਵਿੱਚ ਏਅਰ ਡਿਫ਼ੈਂਸ ਸਿਸਟਮਾਂ ਅਤੇ ਹੋਰ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਟਰੰਪ ਨੇ ਇਹ ਵੀ ਸੰਕੇਤ ਦਿੱਤਾ ਕਿ ਮਿਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਅਮਰੀਕਾ ਨੇ ਕਰਾਕਸ ਦੀ ਬਿਜਲੀ ਕੱਟ ਦਿੱਤੀ ਸੀ, ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਹ ਕਿਵੇਂ ਕੀਤਾ ਗਿਆ।
ਉਨ੍ਹਾਂ ਨੇ ਕਿਹਾ, "ਸਾਡੀ ਇੱਕ ਖ਼ਾਸ ਮਹਾਰਤ ਕਾਰਨ ਕਰਾਕਸ ਦੀ ਬਿਜਲੀ ਵੱਡੇ ਪੱਧਰ 'ਤੇ ਬੰਦ ਕਰ ਦਿੱਤੀ ਗਈ ਸੀ। ਉੱਥੇ ਹਨੇਰਾ ਸੀ ਅਤੇ ਹਾਲਾਤ ਘਾਤਕ ਸਨ।"
'ਉਨ੍ਹਾਂ ਨੂੰ ਪਤਾ ਸੀ ਅਸੀਂ ਆ ਰਹੇ ਹਾਂ'
ਜਦੋਂ ਕਰਾਕਸ ਦੇ ਆਲੇ-ਦੁਆਲੇ ਹਮਲਿਆਂ ਦੀਆਂ ਆਵਾਜ਼ਾਂ ਗੂੰਜ ਰਹੀਆਂ ਸਨ, ਉਸੇ ਸਮੇਂ ਅਮਰੀਕੀ ਫੌਜੀ ਸ਼ਹਿਰ ਵਿੱਚ ਦਾਖ਼ਲ ਹੋ ਰਹੇ ਸਨ। ਬੀਬੀਸੀ ਦੇ ਅਮਰੀਕੀ ਸਹਿਯੋਗੀ ਸੀਬੀਐੱਸ ਨਾਲ ਜੁੜੇ ਸੂਤਰਾਂ ਮੁਤਾਬਕ, ਇਨ੍ਹਾਂ ਵਿੱਚ ਐਲੀਟ ਡੈਲਟਾ ਫੋਰਸ ਦੇ ਮੈਂਬਰ ਵੀ ਸ਼ਾਮਲ ਸਨ, ਜੋ ਅਮਰੀਕੀ ਫੌਜ ਦੀ ਸਭ ਤੋਂ ਉੱਚੀ ਵਿਸ਼ੇਸ਼ ਮਿਸ਼ਨ ਯੂਨਿਟ ਹੈ।
ਉਹ ਭਾਰੀ ਹਥਿਆਰਾਂ ਨਾਲ ਲੈਸ ਸਨ ਅਤੇ ਨਾਲ ਇੱਕ ਬਲੋਟਾਰਚ ਵੀ ਲੈ ਕੇ ਗਏ ਸਨ, ਤਾਂ ਜੋ ਲੋੜ ਪੈਣ 'ਤੇ ਮਾਦੁਰੋ ਦੇ ਸੇਫ਼ ਹਾਊਸ ਦੇ ਧਾਤੂ ਦਰਵਾਜ਼ੇ ਕੱਟੇ ਜਾ ਸਕਣ।
ਜਨਰਲ ਕੇਨ ਮੁਤਾਬਕ, ਸਥਾਨਕ ਸਮੇਂ ਅਨੁਸਾਰ 02:01 ਵਜੇ ਹਮਲੇ ਸ਼ੁਰੂ ਹੋਣ ਤੋਂ ਕੁਝ ਹੀ ਦੇਰ ਬਾਅਦ ਫੌਜੀ ਮਾਦੁਰੋ ਦੇ ਟਿਕਾਣੇ 'ਤੇ ਪਹੁੰਚ ਗਏ। ਟਰੰਪ ਨੇ ਉਸ ਸੁਰੱਖਿਅਤ ਟਿਕਾਣੇ ਨੂੰ ਕਰਾਕਸ ਦੇ ਦਰਮਿਆਨ ਸਥਿਤ ਇੱਕ ਭਾਰੀ ਸੁਰੱਖਿਆ ਵਾਲਾ ਫੌਜੀ "ਕਿਲਾ" ਦੱਸਿਆ।
ਉਨ੍ਹਾਂ ਨੇ ਕਿਹਾ, "ਉਹ ਪੂਰੀ ਤਿਆਰੀ ਨਾਲ ਬੈਠੇ ਸਨ ਅਤੇ ਸਾਡਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਨੂੰ ਪਤਾ ਸੀ ਅਸੀਂ ਆ ਰਹੇ ਹਾਂ।"
ਫੌਜੀਆਂ ਦੇ ਪਹੁੰਚਦੇ ਹੀ ਉਨ੍ਹਾਂ 'ਤੇ ਗੋਲੀਬਾਰੀ ਸ਼ੁਰੂ ਹੋ ਗਈ ਅਤੇ ਇੱਕ ਅਮਰੀਕੀ ਹੈਲੀਕਾਪਟਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ ਉਹ ਉਡਾਣ ਭਰਨ ਵਿੱਚ ਕਾਮਯਾਬ ਰਹਿਆ।
ਜਨਰਲ ਕੇਨ ਨੇ ਕਿਹਾ, "ਮਾਦੁਰੋ ਨੂੰ ਫੜ੍ਹਨ ਵਾਲੀ ਟੀਮ ਉਨ੍ਹਾਂ ਦੇ ਕੈਂਪਸ ਵਿੱਚ ਉਤਰੀ ਅਤੇ ਤੇਜ਼ੀ, ਸਟੀਕਤਾ ਅਤੇ ਅਨੁਸ਼ਾਸਨ ਨਾਲ ਅੱਗੇ ਵਧੀ।"
ਟਰੰਪ ਨੇ ਕਿਹਾ, "ਉਹ ਸਿੱਧੇ ਅੰਦਰ ਵੜ੍ਹ ਗਏ ਅਤੇ ਉਨ੍ਹਾਂ ਥਾਵਾਂ ਵਿੱਚ ਵੀ ਦਾਖ਼ਲ ਹੋਏ, ਜਿੱਥੇ ਦਾਖ਼ਲ ਹੋਣਾ ਆਸਾਨ ਨਹੀਂ ਸੀ, ਜਿਵੇਂ ਸਟੀਲ ਦੇ ਦਰਵਾਜ਼ੇ, ਜੋ ਖ਼ਾਸ ਤੌਰ 'ਤੇ ਇਸੇ ਮਕਸਦ ਲਈ ਲਗਾਏ ਗਏ ਸਨ।"
ਇਸ ਆਪਰੇਸ਼ਨ ਦੌਰਾਨ ਮਾਦੁਰੋ ਦੀ ਪਤਨੀ ਸਿਲੀਆ ਫ਼ਲੋਰੇਸ ਨੂੰ ਵੀ ਫੜਿਆ ਗਿਆ।
ਆਪਰੇਸ਼ਨ ਦੇ ਦੌਰਾਨ ਵਿਦੇਸ਼ ਮੰਤਰੀ ਰੂਬਿਓ ਨੇ ਸੰਸਦ ਮੈਂਬਰਾਂ ਨੂੰ ਇਸ ਕਾਰਵਾਈ ਬਾਰੇ ਜਾਣਕਾਰੀ ਦੇਣੀ ਸ਼ੁਰੂ ਕੀਤੀ। ਇਸ ਫ਼ੈਸਲੇ ਨੂੰ ਲੈ ਕੇ ਬਾਅਦ ਵਿੱਚ ਕਾਂਗਰਸ ਦੇ ਕੁਝ ਮੈਂਬਰਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ।
ਸੀਨੇਟ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਚਕ ਸ਼ੂਮਰ ਨੇ ਕਿਹਾ, "ਮੈਂ ਸਾਫ਼ ਕਹਿਣਾ ਚਾਹੁੰਦਾ ਹਾਂ। ਨਿਕੋਲਸ ਮਾਦੁਰੋ ਇੱਕ ਗ਼ੈਰ-ਕਾਨੂੰਨੀ ਤਾਨਾਸ਼ਾਹ ਹਨ। ਪਰ ਕਾਂਗਰਸ ਦੀ ਮਨਜ਼ੂਰੀ ਤੋਂ ਬਿਨ੍ਹਾਂ ਅਤੇ ਅੱਗੇ ਕੀ ਹੋਵੇਗਾ, ਇਸ ਦੀ ਕੋਈ ਭਰੋਸੇਯੋਗ ਯੋਜਨਾ ਬਣਾਏ ਬਿਨ੍ਹਾਂ ਫੌਜੀ ਕਾਰਵਾਈ ਸ਼ੁਰੂ ਕਰਨਾ ਲਾਪਰਵਾਹੀ ਹੈ।"
ਸ਼ਨੀਵਾਰ ਨੂੰ ਹੋਈ ਪ੍ਰੈੱਸ ਕਾਨਫਰੰਸ ਵਿੱਚ ਰੂਬਿਓ ਨੇ ਕਿਹਾ ਕਿ ਜੇ ਕਾਂਗਰਸ ਨੂੰ ਪਹਿਲਾਂ ਜਾਣਕਾਰੀ ਦਿੱਤੀ ਜਾਂਦੀ, ਤਾਂ ਮਿਸ਼ਨ ਖ਼ਤਰੇ ਵਿੱਚ ਪੈ ਸਕਦਾ ਸੀ। ਟਰੰਪ ਨੇ ਜੋੜਿਆ, "ਕਾਂਗਰਸ ਵਿੱਚ ਜਾਣਕਾਰੀ ਲੀਕ ਹੋਣ ਦਾ ਖ਼ਤਰਾ ਰਹਿੰਦਾ ਹੈ। ਇਹ ਚੰਗਾ ਨਹੀਂ ਹੁੰਦਾ।"
ਨਿਕੋਲਸ ਮਾਦੁਰੋ ਨੇ ਹਾਲ ਦੇ ਮਹੀਨਿਆਂ ਵਿੱਚ ਕਥਿਤ ਤੌਰ 'ਤੇ ਕਿਊਬਾ ਦੇ ਅੰਗ-ਰੱਖਿਅਕਾਂ 'ਤੇ ਆਪਣੀ ਨਿਰਭਰਤਾ ਵਧਾ ਲਈ ਸੀ।
ਟਰੰਪ ਦੇ ਮੁਤਾਬਕ, ਜਦੋਂ ਐਲੀਟ ਅਮਰੀਕੀ ਫੌਜੀ ਮਾਦੁਰੋ ਦੇ ਕੈਂਪਸ ਵਿੱਚ ਦਾਖ਼ਲ ਹੋ ਰਹੇ ਸਨ, ਉਸ ਸਮੇਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਇੱਕ ਸੁਰੱਖਿਅਤ ਕਮਰੇ ਵੱਲ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ, "ਉਹ ਇੱਕ ਸੁਰੱਖਿਅਤ ਥਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ, ਜੋ ਅਸਲ ਵਿੱਚ ਸੁਰੱਖਿਅਤ ਨਹੀਂ ਸੀ, ਕਿਉਂਕਿ ਅਸੀਂ ਲਗਭਗ 47 ਸਕਿੰਟਾਂ ਵਿੱਚ ਉਸ ਦਰਵਾਜ਼ੇ ਨੂੰ ਉਡਾ ਦਿੰਦੇ।"
ਉਨ੍ਹਾਂ ਕਿਹਾ, "ਉਹ ਦਰਵਾਜ਼ੇ ਤੱਕ ਪਹੁੰਚ ਗਏ ਸਨ, ਪਰ ਉਸ ਨੂੰ ਬੰਦ ਨਹੀਂ ਕਰ ਸਕੇ। ਉਨ੍ਹਾਂ ਨੂੰ ਇੰਨੀ ਤੇਜ਼ੀ ਨਾਲ ਘੇਰ ਲਿਆ ਗਿਆ ਕਿ ਉਹ ਉਸ ਕਮਰੇ ਵਿੱਚ ਦਾਖ਼ਲ ਹੀ ਨਹੀਂ ਹੋ ਸਕੇ।"
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੇ ਗ੍ਰਿਫ਼ਤਾਰੀ ਦਾ ਵਿਰੋਧ ਹੁੰਦਾ, ਤਾਂ ਕੀ ਅਮਰੀਕਾ ਮਾਦੁਰੋ ਨੂੰ ਮਾਰ ਸਕਦਾ ਸੀ, ਟਰੰਪ ਨੇ ਕਿਹਾ, "ਅਜਿਹਾ ਹੋ ਸਕਦਾ ਸੀ।"
ਉਨ੍ਹਾਂ ਨੇ ਦੱਸਿਆ ਕਿ ਅਮਰੀਕੀ ਪੱਖ ਦੇ "ਇੱਕ-ਦੋ ਲੋਕ ਜ਼ਖ਼ਮੀ ਹੋਏ" ਹਨ, ਪਰ ਕਿਸੇ ਵੀ ਫੌਜੀ ਦੀ ਮੌਤ ਨਹੀਂ ਹੋਈ। ਉੱਧਰ, ਵੈਨੇਜ਼ੁਏਲਾ ਦੇ ਅਧਿਕਾਰੀਆਂ ਨੇ ਕਿਸੇ ਵੀ ਮੌਤ ਦੀ ਪੁਸ਼ਟੀ ਨਹੀਂ ਕੀਤੀ।
ਇਸ ਤੋਂ ਪਹਿਲਾਂ ਅਮਰੀਕਾ ਨੇ ਮਾਦੁਰੋ ਦੀ ਗ੍ਰਿਫ਼ਤਾਰੀ ਵਿੱਚ ਮਦਦ ਕਰਨ ਵਾਲੀ ਜਾਣਕਾਰੀ ਦੇਣ ਵਾਲੇ ਲਈ ਪੰਜ ਕਰੋੜ ਡਾਲਰ ਦਾ ਇਨਾਮ ਐਲਾਨਿਆ ਸੀ।
ਪਰ ਸ਼ਨੀਵਾਰ ਸਵੇਰੇ ਸਥਾਨਕ ਸਮੇਂ ਮੁਤਾਬਕ 04:20 ਵਜੇ ਤੱਕ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਅਮਰੀਕੀ ਨਿਆਂ ਮੰਤਰਾਲੇ ਦੀ ਹਿਰਾਸਤ ਵਿੱਚ ਸਨ ਅਤੇ ਉਨ੍ਹਾਂ ਨੂੰ ਲੈ ਕੇ ਹੈਲੀਕਾਪਟਰ ਵੈਨੇਜ਼ੁਏਲਾ ਦੀ ਸਰਹੱਦ ਤੋਂ ਬਾਹਰ ਨਿਕਲ ਰਹੇ ਸਨ।
ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਨਿਊਯਾਰਕ ਲਿਆਂਦਾ ਜਾ ਰਿਹਾ ਸੀ, ਜਿੱਥੇ ਉਨ੍ਹਾਂ ਖ਼ਿਲਾਫ਼ ਅਪਰਾਧਿਕ ਮੁਕੱਦਮੇ ਚਲਣ ਦੀ ਉਮੀਦ ਹੈ।
ਲਗਭਗ ਇੱਕ ਘੰਟੇ ਬਾਅਦ ਟਰੰਪ ਨੇ ਦੁਨੀਆ ਨੂੰ ਉਨ੍ਹਾਂ ਦੇ ਫੜ੍ਹੇ ਜਾਣ ਦੀ ਖ਼ਬਰ ਦਿੱਤੀ। ਉਨ੍ਹਾਂ ਕਿਹਾ, "ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਜਲਦੀ ਹੀ ਅਮਰੀਕੀ ਨਿਆਂ ਪ੍ਰਣਾਲੀ ਦੀ ਪੂਰੀ ਤਾਕਤ ਦਾ ਸਾਹਮਣਾ ਕਰਨਾ ਪਵੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ