ਇੱਕ ਫ਼ੋਨ ਕਾਲ ਨੇ ਖੋਹ ਲਈ ਸਾਲਾਂ ਦੀ ਜਮਾ ਪੂੰਜੀ, ਮਹਿਲਾ ਨੇ ਘੇਰਿਆ ਬੈਂਕ ਨੂੰ, 'ਇੰਨੀਂ ਵੱਡੀ ਰਕਮ ਕਢਵਾਉਣ 'ਤੇ ਬੈਂਕ ਸੁਚੇਤ ਕਿਉਂ ਨਹੀਂ ਹੋਇਆ'

    • ਲੇਖਕ, ਨਿਖਿਲ ਇਨਾਮਦਾਰ ਅਤੇ ਗੀਤਾ ਪਾਂਡੇ
    • ਰੋਲ, ਬੀਬੀਸੀ ਨਿਊਜ਼, ਮੁੰਬਈ ਅਤੇ ਦਿੱਲੀ

ਇੱਕ ਫੋਨ ਕਾਲ ਨਾਲ ਜੋ ਸ਼ੁਰੂ ਹੋਇਆ ਉਹ ਅੰਜਲੀ (ਬਦਲਿਆ ਹੋਇਆ ਨਾਮ) ਲਈ ਇੱਕ ਭਿਆਨਕ ਸੁਪਨੇ ਵਰਗਾ ਬਣ ਗਿਆ, ਜਿਸਦੀ ਕੀਮਤ ਉਨ੍ਹਾਂ ਨੂੰ 58 ਮਿਲੀਅਨ ਰੁਪਏ ਚੁਕਾਉਣੀ ਪਈ।

ਕਾਲ ਕਰਨ ਵਾਲੇ ਨੇ ਇੱਕ ਕੋਰੀਅਰ ਕੰਪਨੀ ਤੋਂ ਹੋਣ ਦਾ ਦਾਅਵਾ ਕੀਤਾ ਅਤੇ ਇਲਜ਼ਾਮ ਲਗਾਇਆ ਕਿ ਮੁੰਬਈ ਕਸਟਮ ਨੇ ਇੱਕ ਡਰੱਗ ਪਾਰਸਲ ਜ਼ਬਤ ਕੀਤਾ ਹੈ ਜੋ ਅੰਜਲੀ ਬੀਜਿੰਗ ਭੇਜ ਰਹੀ ਸੀ।

ਭਾਰਤ ਦੀ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ ਦੀ ਰਹਿਣ ਵਾਲੀ ਅੰਜਲੀ ਇੱਕ "ਡਿਜੀਟਲ ਅਰੈਸਟ" ਘੁਟਾਲੇ ਦਾ ਸ਼ਿਕਾਰ ਹੋਈ - ਧੋਖੇਬਾਜ਼ ਨੇ ਵੀਡੀਓ ਕਾਲਾਂ 'ਤੇ ਆਪਣੇ ਆਪ ਨੂੰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਵਜੋਂ ਪੇਸ਼ ਕੀਤਾ ਅਤੇ ਕਿਹਾ ਕਿ ਜੇਕਰ ਉਹ ਨਹੀਂ ਮੰਨੀ ਤਾਂ ਅੰਜਲੀ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਪੁੱਤਰ ਨੂੰ ਨੁਕਸਾਨ ਪਹੁੰਚਾਇਆ ਜਾਵੇਗਾ।

ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਪੰਜ ਦਿਨਾਂ ਤੋਂ ਵੀ ਵੱਧ ਸਮੇਂ ਲਈ ਉਨ੍ਹਾਂ ਨੇ ਅੰਜਲੀ ਨੂੰ ਸਕਾਈਪ 'ਤੇ 24 ਘੰਟੇ ਨਿਗਰਾਨੀ ਹੇਠ ਰੱਖਿਆ, ਉਨ੍ਹਾਂ ਨੂੰ ਧਮਕਾਇਆ, ਡਰਾਇਆ ਅਤੇ ਆਪਣੀ ਬੱਚਤ ਦੇ ਪੈਸੇ ਟ੍ਰਾਂਸਫਰ ਕਰਨ ਲਈ ਮਜਬੂਰ ਕੀਤਾ। ਇਸ ਸਮਾਂ ਉਨ੍ਹਾਂ ਲਈ ਬਹੁਤ ਡਰਾਉਣਾ ਸੀ।

ਅੰਜਲੀ ਕਹਿੰਦੇ ਹਨ, "ਉਸ ਤੋਂ ਬਾਅਦ ਮੇਰਾ ਦਿਮਾਗ ਕੰਮ ਕਰਨਾ ਬੰਦ ਕਰ ਗਿਆ। ਮੇਰਾ ਦਿਮਾਗ ਬੰਦ ਹੋ ਗਿਆ।"

ਜਦੋਂ ਤੱਕ ਉਹ ਕਾਲਾਂ ਬੰਦ ਹੋਈਆਂ ਅੰਜਲੀ ਟੁੱਟ ਚੁੱਕੇ ਸਨ, ਉਨ੍ਹਾਂ ਦਾ ਵਿਸ਼ਵਾਸ ਖਤਮ ਹੋ ਚੁੱਕਿਆ ਸੀ ਅਤੇ ਉਨ੍ਹਾਂ ਦਾ ਪੈਸਾ ਵੀ ਚਲਾ ਗਿਆ ਸੀ।

ਅੰਜਲੀ ਦਾ ਮਾਮਲਾ ਕੋਈ ਇਕਲੌਤਾ ਮਾਮਲਾ ਨਹੀਂ

ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਸਾਲ 2022 ਅਤੇ 2024 ਦੇ ਵਿਚਕਾਰ ਰਿਪੋਰਟ ਕੀਤੇ ਗਏ ਅਜਿਹੇ ਮਾਮਲਿਆਂ ਦੀ ਗਿਣਤੀ ਲਗਭਗ ਤਿੰਨ ਗੁਣਾ ਵਧ ਕੇ 1, 23,000 ਹੋ ਗਈ, ਜਿਸ ਵਿੱਚ ਭਾਰਤੀਆਂ ਨੇ "ਡਿਜੀਟਲ ਅਰੈਸਟ" ਵਿੱਚ ਕਰੋੜਾਂ ਰੁਪਏ ਗੁਆਏ।

ਇਹ ਘੁਟਾਲਾ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਸਰਕਾਰ ਨੇ ਲੋਕਾਂ 'ਚ ਜਾਗਰੂਕਤਾ ਲਈ ਪੂਰੇ-ਪੂਰੇ ਪੰਨਿਆਂ ਦੇ ਇਸ਼ਤਿਹਾਰ ਛਾਪੇ ਹਨ, ਰੇਡੀਓ ਅਤੇ ਟੀਵੀ ਕੈਂਪੇਨ ਚਲਾਏ ਹਨ ਅਤੇ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨੂੰ ਖੁਦ ਚੇਤਾਵਨੀ ਜਾਰੀ ਕਰਨੀ ਪਈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਧੋਖਾਧੜੀ ਨਾਲ ਜੁੜੇ ਲਗਭਗ 4,000 ਸਕਾਈਪ ਆਈਡੀ ਅਤੇ 83,000 ਤੋਂ ਵੱਧ ਵਟਸਐਪ ਅਕਾਊਂਟਸ ਨੂੰ ਬਲੌਕ ਕਰ ਦਿੱਤਾ ਹੈ।

ਬੈਕਾਂ 'ਤੇ ਅਣਗਹਿਲੀ ਦਾ ਇਲਜ਼ਾਮ

ਅੰਜਲੀ ਦਾ ਪਿਛਲੇ ਸਾਲ ਪੁਲਿਸ ਸਟੇਸ਼ਨਾਂ ਅਤੇ ਅਦਾਲਤਾਂ ਦੇ ਚੱਕਰ ਕੱਟਣ 'ਚ ਲੰਘਿਆ। ਆਪਣੇ ਗਾਇਬ ਹੋਏ ਪੈਸੇ ਦਾ ਪਤਾ ਲਗਾਉਣ ਲਈ ਉਨ੍ਹਾਂ ਨੇ ਅਧਿਕਾਰੀਆਂ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਨੂੰ ਮਦਦ ਲਈ ਬੇਨਤੀ ਕੀਤੀ ਹੈ।

ਪੀੜਤਾਂ ਦਾ ਕਹਿਣਾ ਹੈ ਕਿ ਵਧ ਰਹੇ ਘੁਟਾਲੇ, ਕਮਜ਼ੋਰ ਬੈਂਕ ਸੁਰੱਖਿਆ ਉਪਾਅ ਅਤੇ ਵਸੂਲੀ ਦੀ ਮਾੜੀ ਵਿਵਸਥਾ ਇੱਕ ਅਜਿਹੇ ਦੇਸ਼ ਵਿੱਚ ਰੈਗੂਲੇਟਰੀ ਕਮੀਆਂ ਨੂੰ ਉਜਾਗਰ ਕਰਦੇ ਹਨ ਜਿੱਥੇ ਡਿਜੀਟਲ ਬੈਂਕਿੰਗ, ਸਾਈਬਰ ਕ੍ਰਾਈਮ ਜਾਂਚਾਂ ਤੋਂ ਅੱਗੇ ਵਧ ਗਈ ਹੈ ਅਤੇ ਹਰ ਖੇਤਰ ਦੇ ਲੋਕਾਂ ਨੂੰ ਫਸਾ ਰਹੀ ਹੈ।

ਅੰਜਲੀ ਕਹਿੰਦੇ ਹਨ ਕਿ ਉਨ੍ਹਾਂ ਦੇ ਪੈਸੇ ਦੇ ਲੈਣ-ਦੇਣ ਦਾ ਪਤਾ ਲਗਾਉਣ ਦੇ ਸਿਲਸਿਲੇ 'ਚ ਭਾਰਤ ਦੇ ਚੋਟੀ ਦੇ ਬੈਂਕਾਂ ਦੁਆਰਾ ਹਰ ਪੱਧਰ 'ਤੇ ਨਾਕਾਮੀ ਦਾ ਪਰਦਾਫਾਸ਼ ਹੋਇਆ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ 4 ਸਤੰਬਰ 2024 ਨੂੰ ਭਾਰਤ ਦੇ ਸਭ ਤੋਂ ਵੱਡੇ ਨਿੱਜੀ ਕਰਜ਼ਾਦਾਤਾ - ਐਚਡੀਐਫਸੀ ਬੈਂਕ ਦੀ ਆਪਣੀ ਸ਼ਾਖਾ ਪਹੁੰਚੇ, ਉਹ ਘਬਰਾਏ ਹੋਏ ਸਨ ਅਤੇ ਘੁਟਾਲੇਬਾਜ਼ਾਂ ਦੀ ਵੀਡੀਓ ਨਿਗਰਾਨੀ ਹੇਠ ਸਨ। ਉਨ੍ਹਾਂ ਨੇ ਉਸ ਦਿਨ 2.8 ਕਰੋੜ ਰੁਪਏ ਅਤੇ ਅਗਲੇ ਦਿਨ 3 ਕਰੋੜ ਰੁਪਏ ਟ੍ਰਾਂਸਫਰ ਕੀਤੇ।

ਉਹ ਇਲਜ਼ਾਮ ਲਗਾਉਂਦੇ ਹਨ ਕਿ ਬੈਂਕ ਇਸ ਅਸਾਧਾਰਨ ਲੈਣ-ਦੇਣ ਦਾ ਪਤਾ ਨਹੀਂ ਲਗਾ ਸਕਿਆ ਜਾਂ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ, ਜਦਕਿ ਜੋ ਰਕਮ ਉਹ ਟ੍ਰਾਂਸਫਰ ਕਰ ਰਹੇ ਸਨ ਉਹ ਉਨ੍ਹਾਂ ਵੱਲੋਂ ਆਮ ਤੌਰ 'ਤੇ ਕਢਵਾਏ ਜਾਂਦੇ ਪੈਸਿਆਂ ਤੋਂ 200 ਗੁਣਾ ਵੱਧ ਸੀ।

ਉਹ ਹੈਰਾਨ ਹਨ ਕਿ ਉਨ੍ਹਾਂ ਦੇ ਪ੍ਰੀਮੀਅਮ ਖਾਤੇ 'ਤੇ ਉਨ੍ਹਾਂ ਦੇ ਰਿਲੇਸ਼ਨਸ਼ਿਪ ਮੈਨੇਜਰ ਵੱਲੋਂ ਕੋਈ ਕਾਲ ਕਿਉਂ ਨਹੀਂ ਆਈ ਅਤੇ ਬੈਂਕ ਦਾ ਇੰਨੇ ਵੱਡੇ ਡੈਬਿਟ 'ਤੇ ਧਿਆਨ ਕਿਉਂ ਨਹੀਂ ਗਿਆ।

ਅੰਜਲੀ ਪੁੱਛਦੇ ਹਨ, "ਕੀ ਤਿੰਨ ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਮੇਰੇ ਦੁਆਰਾ ਕੀਤਾ ਗਿਆ ਇੰਨਾ ਵੱਡਾ ਟ੍ਰਾਂਸਫਰ ਸ਼ੱਕ ਪੈਦਾ ਕਰਨ ਅਤੇ ਅਪਰਾਧ ਨੂੰ ਰੋਕਣ ਲਈ ਕਾਫ਼ੀ ਨਹੀਂ ਹੋਣਾ ਚਾਹੀਦਾ ਸੀ?"

ਉਨ੍ਹਾਂ ਕਿਹਾ ਕਿ ਜੇਕਰ ਕ੍ਰੈਡਿਟ ਕਾਰਡ ਤੋਂ 50,000 ਰੁਪਏ ਖਰਚ ਕਰਨ 'ਤੇ ਤਸਦੀਕ ਦੀ ਮੰਗ ਕੀਤੀ ਜਾਂਦੀ ਹੈ, ਤਾਂ ਉਦੋਂ ਕਿਉਂ ਨਹੀਂ ਜਦੋਂ ਬਚਤ ਖਾਤਿਆਂ ਤੋਂ ਕਰੋੜਾਂ ਰੁਪਏ ਕਢਵਾਏ ਜਾਂਦੇ ਹਨ?

ਬੈਂਕਾਂ ਵੱਲੋਂ ਕੀ ਜਵਾਬ ਆਇਆ

ਅੰਜਲੀ ਨੂੰ ਭੇਜੀ ਗਈ ਇੱਕ ਈਮੇਲ ਵਿੱਚ, ਜਿਸਨੂੰ ਬੀਬੀਸੀ ਨੇ ਦੇਖਿਆ ਹੈ, ਐਚਡੀਐਫਸੀ ਨੇ ਉਨ੍ਹਾਂ ਦੇ ਇਲਜ਼ਾਮਾਂ ਨੂੰ "ਨਿਰ-ਆਧਾਰ" ਕਿਹਾ ਅਤੇ ਕਿਹਾ ਕਿ ਧੋਖਾਧੜੀ ਦੀ ਘਟਨਾ ਬੈਂਕ ਨੂੰ ਦੋ-ਤਿੰਨ ਦਿਨਾਂ ਦੀ ਦੇਰੀ ਨਾਲ ਦੱਸੀ ਗਈ ਸੀ।

ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਬੈਂਕ ਨੇ ਅੰਜਲੀ ਦੇ ਨਿਰਦੇਸ਼ਾਂ 'ਤੇ ਹੀ ਲੈਣ-ਦੇਣ ਨੂੰ ਅਧਿਕਾਰਤ ਕੀਤਾ ਸੀ, ਇਸ ਲਈ ਬੈਂਕ ਦੇ ਅਧਿਕਾਰੀਆਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।

ਭਾਰਤ ਦੇ ਬੈਂਕਿੰਗ ਓਬਡਸਮੈਨ (ਆਮ ਲੋਕਾਂ ਦੀਆਂ ਸ਼ਿਕਾਇਤਾਂ ਸਬੰਧੀ ਅਧਿਕਾਰੀ) ਨੇ ਐਚਡੀਐਫਸੀ ਵਿਰੁੱਧ ਆਪਣੀ ਸ਼ਿਕਾਇਤ ਨੂੰ 2017 ਦੇ ਨਿਯਮ ਦਾ ਹਵਾਲਾ ਦਿੰਦੇ ਹੋਏ ਬੰਦ ਕਰ ਦਿੱਤਾ, ਜਿਸ ਅਨੁਸਾਰ ਜੇਕਰ ਧੋਖਾਧੜੀ ਅੰਜਲੀ ਵਰਗੇ ਗਾਹਕਾਂ ਦੀ ਗਲਤੀ ਕਾਰਨ ਹੋਈ ਪਾਈ ਜਾਂਦੀ ਹੈ, ਤਾਂ ਉਨ੍ਹਾਂ ਨੂੰ ਹੀ ਸਾਰਾ ਨੁਕਸਾਨ ਝੱਲਣਾ ਪੈਂਦਾ ਹੈ।

ਇਸ ਮਾਮਲੇ ਵਿੱਚ ਐਚਡੀਐਫਸੀ ਬੈਂਕ ਨੇ ਬੀਬੀਸੀ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ।

ਬੈਂਕ ਕੀ ਕਹਿ ਰਹੇ?

ਜਦੋਂ ਅਸੀਂ ਅੰਜਲੀ ਨੂੰ ਮਿਲੇ ਤਾਂ ਉਨ੍ਹਾਂ ਨੇ ਸਾਨੂੰ ਇੱਕ ਵੱਡਾ ਚਾਰਟ ਦਿਖਾਇਆ, ਜਿਸ ਵਿੱਚ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਪੈਸੇ ਇੱਕ ਬੈਂਕ ਤੋਂ ਦੂਜੇ ਬੈਂਕ ਵਿੱਚ ਕਿਵੇਂ ਗਏ।

ਇਸ ਵਿੱਚ ਦਿਖਾਇਆ ਗਿਆ ਹੈ ਕਿ ਪੈਸਾ ਪਹਿਲਾਂ ਐਚਡੀਐਫਸੀ ਤੋਂ ਆਈਸੀਆਈਸੀਆਈ ਬੈਂਕ (ਜੋ ਕਿ ਭਾਰਤ ਦੇ ਸਭ ਤੋਂ ਵੱਡੇ ਨਿੱਜੀ ਕਰਜ਼ਦਾਤਾ ਬੈਂਕਾਂ ਵਿੱਚੋਂ ਇੱਕ ਹੈ) ਵਿੱਚ "ਮਿਸਟਰ ਪਿਊਸ਼" ਦੇ ਖਾਤੇ ਵਿੱਚ ਗਿਆ ਸੀ।

ਪੈਸੇ ਦੇ ਟ੍ਰੇਲ ਦੀ ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਟਰਾਂਸਫਰ ਤੋਂ ਪਹਿਲਾਂ ਪੀਯੂਸ਼ ਦੇ ਖਾਤੇ ਵਿੱਚ ਸਿਰਫ਼ ਕੁਝ ਹਜ਼ਾਰ ਰੁਪਏ ਸਨ।

ਅੰਜਲੀ ਸਵਾਲ ਕਰਕੇ ਹਨ ਕਿ ਆਈਸੀਆਈਸੀਆਈ ਨੇ ਖਾਤੇ ਵਿੱਚ ਕਈ ਵਾਰ ਪੈਸੇ ਟ੍ਰਾਂਸਫਰ ਕਰਨ ਦੀ ਇਜਾਜ਼ਤ ਕਿਉਂ ਦਿੱਤੀ "ਜਦੋਂ ਇੰਨੀ ਵੱਡੀ ਅਚਾਨਕ ਜਮ੍ਹਾਂ ਹੋਈ ਰਕਮ ਲਈ ਕਿਸੇ ਵੀ ਬੈਂਕ ਦੇ ਮਨੀ ਲਾਂਡਰਿੰਗ ਵਿਰੋਧੀ ਜ਼ਿੰਮੇਵਾਰੀਆਂ ਦੇ ਤਹਿਤ ਆਟੋਮੇਟਿਡ ਟ੍ਰਾਂਜੈਕਸ਼ਨ ਨਿਗਰਾਨੀ ਪ੍ਰਣਾਲੀ ਨੂੰ ਐਕਟੀਵੇਟ ਹੋ ਜਾਣਾ ਚਾਹੀਦਾ ਸੀ"।

ਨਾਲ ਵੀ ਉਹ ਇਸ ਗੱਲ ਬਾਰੇ ਵੀ ਹੈਰਾਨ ਹਨ ਕਿ ਬੈਂਕ ਨੇ ਮਿਸਟਰ ਪੀਯੂਸ਼ ਦੇ ਖਾਤੇ ਵਿੱਚੋਂ ਇੰਨੇ ਸਾਰੇ ਪੈਸੇ, ਉਹ ਵੀ ਅਸਥਾਈ ਤੌਰ 'ਤੇ ਉਸਦੇ ਖਾਤੇ ਨੂੰ ਫ੍ਰੀਜ਼ ਕੀਤੇ ਬਿਨਾਂ ਜਾਂ ਕੇਵਾਈਸੀ ਕੀਤੇ ਬਿਨਾਂ ਇੰਨੀ ਜਲਦੀ ਕਢਵਾਉਣ ਦੀ ਇਜਾਜ਼ਤ ਕਿਵੇਂ ਦਿੱਤੀ।

ਹਾਲਾਂਕਿ ਆਈਸੀਆਈਸੀਆਈ ਨੇ ਮਿਸਟਰ ਪੀਯੂਸ਼ ਨਾਮ ਦੇ ਇਸ ਵਿਅਕਤੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ - ਜਿਸਨੂੰ ਥੋੜ੍ਹੇ ਸਮੇਂ ਲਈ ਗ੍ਰਿਫਤਾਰ ਵੀ ਕੀਤਾ ਗਿਆ ਅਤੇ ਫਿਰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਅੰਜਲੀ ਕਹਿੰਦੇ ਹਨ ਕਿ ਉਸਦੇ ਖਾਤੇ ਨੂੰ ਫ੍ਰੀਜ਼ ਕਰਨ ਵਿੱਚ ਦੇਰੀ ਉਨ੍ਹਾਂ (ਅੰਜਲੀ) ਲਈ ਬਹੁਤ ਮਹਿੰਗੀ ਸਾਬਤ ਹੋਈ।

ਬੀਬੀਸੀ ਨੂੰ ਦਿੱਤੇ ਇੱਕ ਬਿਆਨ ਵਿੱਚ ਆਈਸੀਆਈਸੀਆਈ ਨੇ ਕਿਹਾ ਕਿ ਉਸਨੇ ਖਾਤਾ ਖੋਲ੍ਹਣ ਵੇਲੇ ਸਾਰੀਆਂ "ਕੇਵਾਈਸੀ" ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਸੀ ਅਤੇ ਵਿਵਾਦਿਤ ਲੈਣ-ਦੇਣ ਤੱਕ ਕੋਈ ਸ਼ੱਕੀ ਗਤੀਵਿਧੀ ਨਹੀਂ ਦੇਖੀ ਗਈ ਸੀ।

ਬਿਆਨ ਵਿੱਚ ਕਿਹਾ ਗਿਆ ਕਿ, "ਇਹ ਇਲਜ਼ਾਮ ਕਿ ਬੈਂਕ ਆਪਣੀ ਬਣਦੀ ਮਿਹਨਤ ਕਰਨ ਵਿੱਚ ਅਸਫਲ ਰਿਹਾ, ਪੂਰੀ ਤਰ੍ਹਾਂ ਬੇਬੁਨਿਆਦ ਹੈ।''

ਬੈਂਕ ਨੇ ਕਿਹਾ ਕਿ ਉਸਨੇ ਅੰਜਲੀ ਦੀ ਸ਼ਿਕਾਇਤ ਤੋਂ ਤੁਰੰਤ ਬਾਅਦ ਖਾਤਾ ਫ੍ਰੀਜ਼ ਕਰ ਦਿੱਤਾ ਅਤੇ ਉਨ੍ਹਾਂ ਨੂੰ ਪੁਲਿਸ ਸ਼ਿਕਾਇਤ ਦਰਜ ਕਰਨ ਅਤੇ ਖਾਤਾ ਧਾਰਕ ਦਾ ਪਤਾ ਲਗਾਉਣ ਵਿੱਚ ਮਦਦ ਕੀਤੀ।

ਬੈਂਕ ਦੇ ਸ਼ਿਕਾਇਤ ਅਧਿਕਾਰੀ ਨੇ ਆਈਸੀਆਈਸੀਆਈ ਵਿਰੁੱਧ ਵੀ ਆਪਣੀ ਸ਼ਿਕਾਇਤ ਵੀ ਬੰਦ ਕਰ ਦਿੱਤੀ ਹੈ, ਅਤੇ ਕਿਹਾ ਕਿ ਬੈਂਕ ਨੇ ਮਿਸਟਰ ਪੀਯੂਸ਼ ਦਾ ਖਾਤਾ ਖੋਲ੍ਹਦੇ ਸਮੇਂ ਕੇਵਾਈਸੀ ਨਿਯਮਾਂ ਦੀ ਪਾਲਣਾ ਕੀਤੀ ਸੀ ਅਤੇ ਉਸਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਇਸਦੀ ਵਰਤੋਂ ਧੋਖਾਧੜੀ ਵਾਲੀਆਂ ਗਤੀਵਿਧੀਆਂ ਲਈ ਕੀਤੀ ਜਾਵੇਗੀ।

11 ਖਾਤਿਆਂ ਵਿੱਚੋਂ ਅੱਠ ਲਈ ਜਾਅਲੀ ਪਤੇ ਦਰਜ

ਪੁਲਿਸ ਨੇ ਪਾਇਆ ਕਿ ਆਈਸੀਆਈਸੀਆਈ ਪਹੁੰਚਣ ਦੇ ਚਾਰ ਮਿੰਟਾਂ ਦੇ ਅੰਦਰ ਹੀ ਉਨ੍ਹਾਂ ਦੇ ਜ਼ਿਆਦਾਤਰ ਪੈਸੇ ਹੈਦਰਾਬਾਦ ਸ਼ਹਿਰ ਵਿੱਚ ਫੈਡਰਲ ਬੈਂਕ ਨਾਲ ਸਬੰਧਤ ਸ਼੍ਰੀ ਪਦਮਾਵਤੀ ਸਹਿਕਾਰੀ ਬੈਂਕ ਦੇ 11 ਖਾਤਿਆਂ ਵਿੱਚ ਜਮ੍ਹਾਂ ਹੋ ਗਏ ਸਨ।

ਪੁਲਿਸ ਨੇ ਪਾਇਆ ਕਿ 11 ਖਾਤਿਆਂ ਵਿੱਚ ਅੱਠ ਲਈ ਜਾਅਲੀ ਪਤੇ ਦਰਜ ਕਰਵਾਏ ਗਏ ਸਨ ਅਤੇ ਖਾਤਾ ਧਾਰਕਾਂ ਦਾ ਵੀ ਪਤਾ ਨਹੀਂ ਲੱਗ ਸਕਿਆ।

ਉਨ੍ਹਾਂ ਦੇ ਕੇਵਾਈਸੀ ਦਸਤਾਵੇਜ਼ ਵੀ ਬੈਂਕ ਕੋਲ ਉਪਲੱਬਧ ਨਹੀਂ ਸਨ। ਬਾਕੀ ਤਿੰਨ ਖਾਤਾ ਧਾਰਕ ਇੱਕ ਰਿਕਸ਼ਾ ਚਾਲਕ, ਇੱਕ ਛੋਟੀ ਜਿਹੀ ਝੁੱਗੀ ਵਿੱਚ ਦਰਜ਼ੀ ਵਜੋਂ ਕੰਮ ਕਰਨ ਵਾਲੀ ਇੱਕ ਵਿਧਵਾ ਅਤੇ ਇੱਕ ਤਰਖਾਣ ਸਨ।

ਪੁਲਿਸ ਨੇ ਪਾਇਆ ਕਿ ਇੱਕ ਨੂੰ ਛੱਡ ਕੇ, ਬਾਕੀ ਦੋ ਖਾਤਾ ਧਾਰਕ ਆਪਣੇ ਖਾਤਿਆਂ ਵਿੱਚ ਆਉਣ ਵਾਲੀ ਇਸ ਵੱਡੀ ਰਕਮ ਤੋਂ ਅਣਜਾਣ ਸਨ।

ਮਈ ਮਹੀਨੇ ਵਿੱਚ ਪੁਲਿਸ ਨੇ ਸਹਿਕਾਰੀ ਬੈਂਕ ਦੇ ਸਾਬਕਾ ਡਾਇਰੈਕਟਰ, ਸਮੁਦਰਾਲਾ ਵੈਂਕਟੇਸ਼ਵਰਲੂ ਨੂੰ ਗ੍ਰਿਫਤਾਰ ਕੀਤਾ - ਉਹ ਅਜੇ ਵੀ ਜੇਲ੍ਹ ਵਿੱਚ ਹਨ ਅਤੇ ਅਦਾਲਤ ਨੇ "ਸਾਈਬਰ ਧੋਖਾਧੜੀ ਦੀ ਗੰਭੀਰਤਾ ਅਤੇ ਦੂਰਗਾਮੀ ਪ੍ਰਭਾਵ ਨੂੰ ਦੇਖਦੇ ਹੋਏ" ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਨੂੰ ਤਿੰਨ ਵਾਰ ਰੱਦ ਕਰ ਦਿੱਤਾ ਹੈ।

ਪੁਲਿਸ ਰਿਪੋਰਟ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਖਾਤੇ ਵੈਂਕਟੇਸ਼ਵਰਲੂ ਦੇ ਕਹਿਣ 'ਤੇ ਖੋਲ੍ਹੇ ਗਏ ਸਨ ਅਤੇ ਅਸਲ ਵਿੱਚ ਮੂਲ ਖਾਤੇ ਸਨ, ਭਾਵ ਦੂਜਿਆਂ ਦੇ ਨਾਮ 'ਤੇ ਖੋਲ੍ਹੇ ਗਏ ਸਨ ਅਤੇ ਅਪਰਾਧੀਆਂ ਨੂੰ ਵੇਚੇ ਗਏ ਸਨ। ਜੋ ਇਨ੍ਹਾਂ ਦਾ ਇਸਤੇਮਾਲ ਮਨੀ ਲਾਂਡਰਿੰਗ ਲਈ ਕਰਦੇ ਸਨ।

ਨਾ ਤਾਂ ਫੈਡਰਲ ਬੈਂਕ ਅਤੇ ਨਾ ਹੀ ਸ਼੍ਰੀ ਪਦਮਾਵਤੀ ਬੈਂਕ ਨੇ ਬੀਬੀਸੀ ਦੀ ਵਿਸਤ੍ਰਿਤ ਸਵਾਲਾਂ ਦੇ ਜਵਾਬ ਦਿੱਤੇ।

'ਗਾਹਕਾਂ ਪ੍ਰਤੀ ਧਿਆਨ ਰੱਖਣਾ ਬੈਂਕਾਂ ਦਾ ਫਰਜ਼ ਹੈ'

ਆਪਣੇ ਪੈਸੇ ਗੁਆਉਣ ਤੋਂ ਇੱਕ ਸਾਲ ਤੋਂ ਵੱਧ ਸਮੇਂ ਬਾਅਦ ਅੰਜਲੀ ਅਤੇ ਹੋਰਾਂ ਨੇ ਜਨਵਰੀ ਵਿੱਚ ਭਾਰਤ ਦੀ ਸਿਖਰਲੀ ਖਪਤਕਾਰ ਅਦਾਲਤ (ਟਾਪ ਕੰਜ਼ਿਊਮਰ ਕੋਰਟ) ਵਿੱਚ ਪਟੀਸ਼ਨ ਦਾਇਰ ਕੀਤੀ, ਜਿਸਨੇ ਬੈਂਕਾਂ ਦੁਆਰਾ "ਸੇਵਾਵਾਂ ਵਿੱਚ ਕਮੀ" ਦੀ ਉਨ੍ਹਾਂ ਦੀ ਸ਼ਿਕਾਇਤ ਨੂੰ ਸਵੀਕਾਰ ਕਰ ਲਿਆ। ਹੁਣ ਬੈਂਕਾਂ ਨੂੰ ਜਵਾਬ ਦੇਣਾ ਪਵੇਗਾ, ਜਿਸਦੀ ਸੁਣਵਾਈ ਆਉਂਦੇ ਨਵੰਬਰ ਮਹੀਨੇ ਵਿੱਚ ਹੋਣੀ ਹੈ।

ਜਿਵੇਂ-ਜਿਵੇਂ ਅਜਿਹੇ ਘੁਟਾਲੇ ਹੋਰ ਗੁੰਝਲਦਾਰ ਹੁੰਦੇ ਜਾਂਦੇ ਹਨ, ਦੁਨੀਆਂ ਭਰ ਵਿੱਚ ਇਸ ਬਾਰੇ ਬਹਿਸ ਵਧ ਰਹੀ ਹੈ ਕਿ ਆਖਰਕਾਰ ਵਿੱਤੀ ਧੋਖਾਧੜੀ ਲਈ ਕੌਣ ਭੁਗਤਾਨ ਕਰਦਾ ਹੈ - ਅਤੇ ਬੈਂਕਾਂ, ਵਿੱਤੀ ਸੰਸਥਾਵਾਂ ਅਤੇ ਰੈਗੂਲੇਟਰਾਂ ਦੀ ਕੀ ਜ਼ਿੰਮੇਵਾਰੀ ਹੈ।

ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਯੂਕੇ ਨੇ ਭੁਗਤਾਨ ਸੇਵਾ ਪ੍ਰਦਾਤਾਵਾਂ ਦੀ ਜ਼ਿੰਮੇਵਾਰੀ 'ਤੇ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੂੰ ਗਾਹਕਾਂ ਨੂੰ ਪੈਸੇ ਵਾਪਸ ਕਰਨ ਲਈ ਵੀ ਕਿਹਾ ਗਿਆ, ਸਿਵਾਏ ਉਨ੍ਹਾਂ ਮਾਮਲਿਆਂ ਦੇ ਜਿੱਥੇ ਉਹ ਕੁਝ ਖਾਸ ਕਿਸਮ ਦੀ ਵਿੱਤੀ ਧੋਖਾਧੜੀ ਦੇ ਸ਼ਿਕਾਰ ਹਨ।

ਅੰਜਲੀ ਸਣੇ ਇੱਕ ਦਰਜਨ ਡਿਜੀਟਲ ਅਰੈਸਟ ਪੀੜਤਾਂ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਮਹਿੰਦਰ ਲਿਮਾਯੇ ਨੇ ਬੀਬੀਸੀ ਨੂੰ ਦੱਸਿਆ, "ਗਾਹਕਾਂ ਪ੍ਰਤੀ ਧਿਆਨ ਰੱਖਣਾ ਬੈਂਕਾਂ ਦਾ ਫਰਜ਼ ਹੈ। ਜੇਕਰ ਕੋਈ ਬੈਂਕ ਕਿਸੇ ਖਾਤੇ ਵਿੱਚ ਕੋਈ ਅਜਿਹੀ ਗਤੀਵਿਧੀ ਦੇਖਦਾ ਹੈ ਜੋ ਇਸਦੇ ਸਮੁੱਚੇ ਲੈਣ-ਦੇਣ ਦੇ ਪੈਟਰਨ ਦੇ ਅਨੁਕੂਲ ਨਹੀਂ ਹੈ, ਤਾਂ ਉਸਨੂੰ ਉਸ ਲੈਣ-ਦੇਣ ਨੂੰ ਰੋਕਣਾ ਪੈਂਦਾ ਹੈ।''

ਉਨ੍ਹਾਂ ਨੇ ਬੈਂਕਾਂ 'ਤੇ ਇਲਜ਼ਾਮ ਲਗਾਇਆ ਕਿ ਉਹ ਮਨੀ ਮੂਲ ਅਕਾਊਂਟ ਖੋਲ੍ਹ ਕੇ ਸ਼ਿਕਾਇਤਕਰਤਾਵਾਂ ਨੂੰ "ਵਿੱਤੀ ਖੁਦਕੁਸ਼ੀ ਲਈ ਉਤਸ਼ਾਹਿਤ" ਕਰ ਰਹੇ ਹਨ ਅਤੇ ਗਾਹਕਾਂ ਦੀ ਸਰਗਰਮੀ ਨਾਲ ਜਾਂਚ ਕਰਨ ਅਤੇ ਉਨ੍ਹਾਂ ਦੇ ਪੈਸੇ ਦੀ ਸੁਰੱਖਿਆ ਕਰਨ ਦੇ ਆਪਣੇ ਫਰਜ਼ ਵਿੱਚ ਅਸਫਲ ਰਹੇ ਹਨ।

ਪਰ ਹੁਣ ਤੱਕ ਅੰਜਲੀ ਨੂੰ ਰਾਹਤ ਨਹੀਂ ਮਿਲੀ ਹੈ - ਉਨ੍ਹਾਂ ਨੇ ਧੋਖਾਧੜੀ ਵਿੱਚ ਗੁਆਏ 5.8 ਕਰੋੜ ਰੁਪਏ ਵਿੱਚੋਂ ਮੁਸ਼ਕਿਲ ਨਾਲ 1 ਕਰੋੜ ਰੁਪਏ ਵਾਪਸ ਪ੍ਰਾਪਤ ਕੀਤੇ ਹਨ। ਲਿਮਾਯੇ ਮਾਏ ਕਹਿੰਦੇ ਹਨ ਕਿ ਇਹ ਅੱਗੇ ਇੱਕ ਲੰਬੀ ਲੜਾਈ ਹੋਣ ਦੀ ਸੰਭਾਵਨਾ ਹੈ।

ਅੰਜਲੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਚੋਰੀ ਕੀਤੇ ਗਏ ਪੈਸੇ 'ਤੇ ਟੈਕਸ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜੋ ਕਿ ਉਨ੍ਹਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਵਾਲੀ ਗੱਲ ਹੈ।

ਕੈਪੀਟਲ ਗੇਨ 'ਤੇ ਟੈਕਸ ਲੱਗਦਾ ਹੈ ਫਿਰ ਭਾਵੇਂ ਉਹ ਪੈਸੇ ਧੋਖਾਧੜੀ ਵਿੱਚ ਹੀ ਗੁਆ ਦਿੱਤੇ ਜਾਣ। ਉਹ ਹੁਣ ਅਜਿਹੇ ਟੈਕਸ ਤੋਂ ਛੋਟ ਦੀ ਬੇਨਤੀ ਕਰ ਰਹੇ ਹਨ।

ਅੰਜਲੀ ਕਹਿੰਦੇ ਹਨ, "ਹੁਣ ਤੱਕ ਆਮਦਨ ਕਰ ਵਿਭਾਗ ਅਜਿਹੇ ਅਪਰਾਧਾਂ ਨੂੰ ਮਾਨਤਾ ਨਹੀਂ ਦਿੰਦਾ ਹੈ। ਇਹ ਪੀੜਤਾਂ ਦੀ ਵਿੱਤੀ ਮੁਸ਼ਕਲ ਨੂੰ ਵਧਾਉਂਦਾ ਹੈ।" ਉਹ ਕਹਿੰਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)