You’re viewing a text-only version of this website that uses less data. View the main version of the website including all images and videos.
'ਐਗਰੋ ਟੈਰੇਰਿਜ਼ਮ' ਕੀ ਹੈ, ਜਿਸ ਦੇ ਇਲਜ਼ਾਮ 'ਚ ਅਮਰੀਕਾ ਨੇ ਇੱਕ ਚੀਨੀ ਨਾਗਰਿਕ ਗ੍ਰਿਫ਼ਤਾਰ ਕੀਤਾ, ਭਾਰਤ ਇਸ ਦੇ ਖ਼ਤਰੇ ਤੋਂ ਕਿਵੇਂ ਬਚ ਸਕਦਾ ਹੈ
- ਲੇਖਕ, ਪ੍ਰਿਯੰਕਾ
- ਰੋਲ, ਬੀਬੀਸੀ ਪੱਤਰਕਾਰ
ਅਮਰੀਕੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ਼ਬੀਆਈ) ਦੇ ਡਾਇਰੈਕਟਰ ਕਾਸ਼ ਪਟੇਲ ਨੇ ਦਾਅਵਾ ਕੀਤਾ ਕਿ ਇੱਕ ਚੀਨੀ ਔਰਤ ਨੂੰ ਅਮਰੀਕਾ ਵਿੱਚ ਇੱਕ ਖਤਰਨਾਕ ਫ਼ੰਗਸ (ਉੱਲੀ) ਦੀ ਤਸਕਰੀ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਸੋਸ਼ਲ ਮੀਡੀਆ ਸਾਈਟ ਐਕਸ 'ਤੇ ਇੱਕ ਪੋਸਟ ਵਿੱਚ, ਕਾਸ਼ ਪਟੇਲ ਨੇ ਕਿਹਾ ਕਿ ਇਸ ਚੀਨੀ ਨਾਗਰਿਕ ਦਾ ਨਾਮ ਯੂਨਕਿੰਗ ਜ਼ਿਆਨ ਹੈ। ਉਨ੍ਹਾਂ ਨੇ ਦੱਸਿਆ ਕਿ ਯੂਨਕਿੰਗ ਮਿਸ਼ੀਗਨ ਯੂਨੀਵਰਸਿਟੀ ਵਿੱਚ ਕੰਮ ਕਰਦੀ ਹੈ ਅਤੇ ਇੱਥੇ ਖੋਜ ਲਈ ਖਤਰਨਾਕ ਉੱਲੀ 'ਫਿਊਜ਼ੇਰੀਅਮ ਗ੍ਰਾਮਿਨੀਅਰਮ' ਦੀ ਤਸਕਰੀ ਕਰ ਕੇ ਲਿਆਈ।
ਅਮਰੀਕੀ ਨਿਆਂ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਉੱਲੀ ਸੰਭਾਵੀ ਤੌਰ 'ਤੇ 'ਐਗਰੋ ਟੈਰੇਰਿਜ਼ਮ ਦਾ ਹਥਿਆਰ' ਹੈ। ਇਹ ਉੱਲੀ 'ਹੈੱਡ ਬਲਾਈਟ' ਨਾਮਕ ਬਿਮਾਰੀ ਦਾ ਕਾਰਨ ਬਣਦੀ ਹੈ। ਇਹ ਉੱਲੀ ਕਣਕ, ਜੌਂ, ਮੱਕੀ ਅਤੇ ਚੌਲਾਂ ਵਿੱਚ ਪਾਈ ਜਾਂਦੀ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਉੱਲੀ ਹਰ ਸਾਲ ਦੁਨੀਆ ਭਰ ਵਿੱਚ ਅਰਬਾਂ ਡਾਲਰ ਦੇ ਆਰਥਿਕ ਨੁਕਸਾਨ ਦਾ ਕਾਰਨ ਵੀ ਬਣਦੀ ਹੈ।
ਕਾਸ਼ ਪਟੇਲ ਨੇ ਕੀ ਕਿਹਾ?
ਐੱਫ਼ਬੀਆਈ ਡਾਇਰੈਕਟਰ ਨੇ ਕਿਹਾ ਕਿ ਜ਼ਿਆਨ ਦੇ ਬੁਆਏਫ੍ਰੈਂਡ, ਜੂਨਯੋਂਗ ਲਿਊ, 'ਤੇ ਵੀ ਇਸ ਮਾਮਲੇ ਵਿੱਚ ਇਲਜ਼ਾਮ ਤੈਅ ਕੀਤੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਲਿਊ ਨੇ ਸ਼ੁਰੂ ਵਿੱਚ ਝੂਠ ਬੋਲਿਆ ਪਰ ਬਾਅਦ ਵਿੱਚ ਮੰਨਿਆ ਕਿ ਉਸਨੇ ਡੇਟ੍ਰੋਇਟ ਮੈਟਰੋਪਾਲੀਟਨ ਹਵਾਈ ਅੱਡੇ ਰਾਹੀਂ ਫਿਊਜ਼ੇਰੀਅਮ ਗ੍ਰਾਮਿਨੀਅਰਮ ਦੀ ਅਮਰੀਕਾ ਵਿੱਚ ਤਸਕਰੀ ਕੀਤੀ ਸੀ ਤਾਂ ਜੋ ਉਹ ਮਿਸ਼ੀਗਨ ਯੂਨੀਵਰਸਿਟੀ ਵਿੱਚ ਖੋਜ ਵੀ ਕਰ ਸਕੇ।
ਇਸ ਤੋਂ ਬਾਅਦ ਦੋਵਾਂ ਚੀਨੀ ਨਾਗਰਿਕਾਂ ਖ਼ਿਲਾਫ਼ ਸਾਜ਼ਿਸ਼, ਅਮਰੀਕਾ ਵਿੱਚ ਤਸਕਰੀ, ਝੂਠੇ ਬਿਆਨ ਦੇਣ ਅਤੇ ਵੀਜ਼ਾ ਧੋਖਾਧੜੀ ਨਾਲ ਸਬੰਧਤ ਇਲਜ਼ਾਮ ਦਰਜ ਕੀਤੇ ਗਏ ਹਨ।
ਇਸ ਦੇ ਨਾਲ ਹੀ, ਅਮਰੀਕੀ ਨਿਆਂ ਮੰਤਰਾਲੇ ਦੇ ਮੁਤਾਬਕ, ਇਨ੍ਹਾਂ ਦੋਵਾਂ ਮੁਲਜ਼ਮਾਂ ਵਿਰੁੱਧ ਪ੍ਰਾਪਤ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਜ਼ਿਆਨ ਨੂੰ ਚੀਨ ਵਿੱਚ ਆਪਣੇ ਰੋਗਾਣੂ 'ਤੇ ਕੰਮ ਕਰਨ ਲਈ ਚੀਨੀ ਸਰਕਾਰ ਤੋਂ ਫੰਡ ਪ੍ਰਾਪਤ ਹੋਇਆ ਸੀ।
ਐਗਰੋ ਟੈਰੇਰਿਜ਼ਮ ਕੀ ਹੈ?
ਆਪਣੀ ਐਕਸ ਪੋਸਟ ਵਿੱਚ, ਕਾਸ਼ ਪਟੇਲ ਨੇ ਫੁਸਾਰੀਅਮ ਗ੍ਰਾਮਿਨੀਅਰਮ ਨੂੰ 'ਐਗਰੋਟੈਰੇਰਿਜ਼ਮ ਏਜੰਟ', ਯਾਨੀ ‘ਖੇਤੀਬਾੜੀ ਰਾਹੀਂ ਦਹਿਸ਼ਤਗਦੀ’ ਦਾ ਇੱਕ ਹਥਿਆਰ ਦੱਸਿਆ ਹੈ।
ਐਗਰੋਟੈਰੇਰਿਜ਼ਮ ਖੇਤੀਬਾੜੀ ਨਾਲ ਸਬੰਧਤ ਅਪਰਾਧਾਂ ਦਾ ਇੱਕ ਹਿੱਸਾ ਹੈ, ਹਾਲਾਂਕਿ ਦੋਵਾਂ ਵਿੱਚ ਬਹੁਤ ਅੰਤਰ ਹੈ।
ਇਸਨੂੰ ਕਿਸੇ ਆਬਾਦੀ ਦੀਆਂ ਫ਼ਸਲਾਂ ਜਾਂ ਪਸ਼ੂਆਂ 'ਤੇ 'ਹਮਲੇ' ਵਜੋਂ ਸਮਝਿਆ ਜਾ ਸਕਦਾ ਹੈ ਜਿਸਦਾ ਮਕਸਦ ਉਸਦੀ ਆਰਥਿਕਤਾ ਅਤੇ ਭੋਜਨ ਸਪਲਾਈ ਵਿੱਚ ਵਿਘਨ ਪਾਉਣਾ ਹੈ।
2020 ਵਿੱਚ, ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਲਈ ਸ਼ਿਵਨਾਰਾਇਣ ਦੱਤਾ, ਵਨਲਾਲਮੂਆਕਾ ਅਤੇ ਸੰਜੇ ਕੁਮਾਰ ਦਿਵੇਦੀ ਨੇ ਇਕੱਠਿਆਂ ਮਿਲ ਕੇ ਇੱਕ ਅਧਿਐਨ ਕੀਤਾ ਸੀ।
ਇਸ ਮੁਤਾਬਕ, "ਖੇਤੀਬਾੜੀ ਨੂੰ ਤਬਾਹ ਕਰਨ ਦੇ ਇਰਾਦੇ ਨਾਲ ਜੈਵਿਕ ਏਜੰਟਾਂ ਦੀ ਜਾਣ-ਬੁੱਝ ਕੇ ਵਰਤੋਂ ਨੂੰ ਐਗਰੋਟੈਰੇਰਿਜ਼ਮ ਕਿਹਾ ਜਾਂਦਾ ਹੈ। ਇਸਦੀ ਵਰਤੋਂ ਖੇਤੀਬਾੜੀ-ਅਧਾਰਿਤ ਅਰਥਵਿਵਸਥਾ ਦੇ ਸਮਾਜਿਕ-ਆਰਥਿਕ ਢਾਂਚੇ ਨੂੰ ਗੰਭੀਰਤਾ ਨਾਲ ਅਸਥਿਰ ਕਰਨ ਲਈ ਕੀਤੀ ਜਾ ਸਕਦੀ ਹੈ।"
"ਖ਼ਾਸ ਕਰਕੇ ਅਨਾਜ ਫ਼ਸਲਾਂ, ਖੇਤੀਬਾੜੀ-ਅਧਾਰਤ ਉਦਯੋਗਾਂ ਨੂੰ ਨਿਸ਼ਾਨਾ ਬਣਾ ਕੇ। ਅਜਿਹੇ ਹਮਲੇ ਲੁੱਕਵੇਂ ਹਨ ਪਰ ਇਹ ਉਨ੍ਹਾਂ ਦੇਸ਼ਾਂ ਲਈ ਬਹੁਤ ਵਿਨਾਸ਼ਕਾਰੀ ਸਾਬਤ ਹੋ ਸਕਦੇ ਹਨ ਜਿਨ੍ਹਾਂ ਦੀ ਆਰਥਿਕਤਾ ਸਿੱਧੇ ਤੌਰ 'ਤੇ ਖੇਤੀਬਾੜੀ ਖੇਤਰ 'ਤੇ ਨਿਰਭਰ ਹੈ।"
ਇਸ ਤਰ੍ਹਾਂ ਦੇ ਹਮਲੇ ਵਿੱਚ, ਖੇਤੀਬਾੜੀ ਖੇਤਰ 'ਤੇ ਹਾਨੀਕਾਰਕ ਬੈਕਟੀਰੀਆ ਜਾਂ ਵਾਇਰਸਾਂ ਰਾਹੀਂ ਹਮਲਾ ਕੀਤਾ ਜਾਂਦਾ ਹੈ, ਜਿਸਦੇ ਨਤੀਜੇ ਵਜੋਂ ਖੇਤੀਬਾੜੀ ਉਤਪਾਦਨ ਤਬਾਹ ਹੋ ਜਾਂਦਾ ਹੈ ਅਤੇ ਵਾਤਾਵਰਣ ਨੂੰ ਵੀ ਨੁਕਸਾਨ ਪਹੁੰਚਦਾ ਹੈ।
ਐਗਰੋਟੈਰੇਰਿਜ਼ਮ ਦਾ ਇਤਿਹਾਸ ਕੀ ਹੈ?
ਜੈਵਿਕ ਹਥਿਆਰਾਂ ਨਾਲ ਜੰਗ ਕੋਈ ਨਵੀਂ ਗੱਲ ਨਹੀਂ ਹੈ।
ਅਲਜੀਰੀਆ ਦੀ ਮੋਸਟੇਜ਼ਨਮ ਯੂਨੀਵਰਸਿਟੀ ਵਿੱਚ ਖੇਤੀਬਾੜੀ ਅਪਰਾਧਾਂ 'ਤੇ ਇੱਕ ਅਧਿਐਨ ਕੀਤਾ ਗਿਆ ਸੀ। ਇਸ ਮੁਤਾਬਕ, 19ਵੀਂ ਸਦੀ ਵਿੱਚ ਪੱਛਮੀ ਦੇਸ਼ਾਂ ਵਿੱਚ 'ਬਾਇਓਲਾਜੀਕਲ ਟੈਰੇਰਿਜ਼ਮ' (ਜੈਵਿਕ ਅੱਤਵਾਦ) ਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ।
ਇਸੇ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਦੂਜੇ ਵਿਸ਼ਵ ਯੁੱਧ ਦੌਰਾਨ, ਜਰਮਨੀ ਨੇ ਕੋਲੋਰਾਡੋ ਪਟੈਟੋ ਬੀਟਲ ਜ਼ਰੀਏ ਬ੍ਰਿਟੇਨ ਦੀ ਆਲੂ ਦੀ ਫ਼ਸਲ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਗਈ ਸੀ। ਕੁਝ ਮਾਹਰਾਂ ਦੇ ਮੁਤਾਬਕ, ਇੰਗਲੈਂਡ ਵਿੱਚ ਇਨ੍ਹਾਂ ਕੀੜਿਆਂ ਦੀ ਮੌਜੂਦਗੀ ਤੋਂ ਪਤਾ ਲੱਗਦਾ ਹੈ ਕਿ ਸ਼ਾਇਦ ਇਹ ਹਮਲਾ 1943 ਵਿੱਚ ਛੋਟੇ ਪੱਧਰ 'ਤੇ ਕੀਤਾ ਗਿਆ ਸੀ।
ਖੇਤੀਬਾੜੀ ਨਾਲ ਸਬੰਧਿਤ ਮਾਮਲਿਆਂ ਦੇ ਮਾਹਰ ਦੇਵੇਂਦਰ ਸ਼ਰਮਾ ਕਹਿੰਦੇ ਹਨ ਕਿ ਦੁਨੀਆ ਭਰ ਵਿੱਚ ਹੁਣ ਤੱਕ ਦਰਜ ਕੀਤੇ ਗਏ ਮਾਮਲਿਆਂ ਵਿੱਚ ਜਾਨਵਰਾਂ 'ਤੇ ਅਜਿਹੇ ਹਮਲੇ ਜ਼ਿਆਦਾ ਦੇਖੇ ਗਏ ਹਨ।
ਉਹ ਕਹਿੰਦੇ ਹਨ, "ਅਜਿਹੇ ਹਮਲਿਆਂ ਤੋਂ ਬਾਅਦ, ਜਾਨਵਰਾਂ ਦੀ ਉਤਪਾਦਨ ਸਮਰੱਥਾ ਬਿਲਕੁਲ ਜ਼ੀਰੋ ਹੋ ਜਾਂਦੀ ਹੈ।"
ਇਹ ਕਿੰਨਾ ਖ਼ਤਰਨਾਕ ਹੈ?
ਕਾਸ਼ ਪਟੇਲ ਅਤੇ ਅਮਰੀਕੀ ਨਿਆਂ ਵਿਭਾਗ ਦੇ ਬਿਆਨਾਂ ਵਿੱਚ ਕਿਹਾ ਗਿਆ ਹੈ ਕਿ ਜਿਸ ਫ਼ੰਗਸ ਦੀ ਤਸਕਰੀ ਦੇ ਇਲਜ਼ਾਮਾਂ ਲਈ ਚੀਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਨਾ ਸਿਰਫ਼ ਜਾਨਵਰਾਂ ਵਿੱਚ ਸਗੋਂ ਮਨੁੱਖਾਂ ਵਿੱਚ ਵੀ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
ਇਸ ਤੋਂ ਇਲਾਵਾ, ਇਹ ਦੁਨੀਆ ਭਰ ਵਿੱਚ ਹਰ ਸਾਲ ਅਰਬਾਂ ਡਾਲਰ ਦੇ ਆਰਥਿਕ ਨੁਕਸਾਨ ਦਾ ਕਾਰਨ ਵੀ ਹੈ।
ਖੇਤੀਬਾੜੀ ਨਾਲ ਸਬੰਧਿਤ ਮੁੱਦਿਆਂ ਦੇ ਮਾਹਰ ਦੇਵੇਂਦਰ ਸ਼ਰਮਾ ਕਹਿੰਦੇ ਹਨ ਕਿ ਭਾਵੇਂ ਇਹ ਹਮਲਾ ਬਹੁਤੇ ਵੱਡੇ ਪੈਮਾਨੇ ਦਾ ਨਹੀਂ ਜਾਪਦਾ ਹੈ, ਪਰ ਇਸਦਾ ਅਸਰ ਬਹੁਤ ਵੱਡਾ ਹੈ।
ਉਹ ਕਹਿੰਦੇ ਹਨ, "ਇਹ ਖੁਰਾਕ ਸੁਰੱਖਿਆ 'ਤੇ ਹਮਲਾ ਕਰਨ ਦਾ ਇੱਕ ਸੌਖਾ ਤਰੀਕਾ ਹੈ, ਜਿਸਦਾ ਦੇਸ਼ ਦੀ ਉਤਪਾਦਨ ਸਮਰੱਥਾ 'ਤੇ ਬਹੁਤ ਗੰਭੀਰ ਅਸਰ ਪੈ ਸਕਦਾ ਹੈ।"
ਕੀ ਭਾਰਤ ਨੂੰ ਵੀ ਖ਼ਤਰਾ ਹੈ?
ਭਾਰਤ ਇੱਕ ਖੇਤੀਬਾੜੀ ਆਧਾਰਿਤ ਦੇਸ਼ ਹੈ, ਜਿੱਥੇ ਵੱਡੀ ਆਬਾਦੀ ਖੇਤੀ ਅਤੇ ਇਸ ਨਾਲ ਜੁੜੇ ਧੰਦਿਆਂ 'ਤੇ ਨਿਰਭਰ ਹੈ। ਇੱਥੇ ਕਣਕ, ਚੌਲ, ਸੁੱਕੇ ਮੇਵੇ, ਦਾਲਾਂ, ਗੰਨਾ ਅਤੇ ਹੋਰ ਬਹੁਤ ਸਾਰੇ ਅਨਾਜ ਅਤੇ ਸਬਜ਼ੀਆਂ ਵੱਡੀ ਮਾਤਰਾ ਵਿੱਚ ਪੈਦਾ ਹੁੰਦੀਆਂ ਹਨ, ਜਿਨ੍ਹਾਂ ਨੂੰ ਵਿਦੇਸ਼ਾਂ ਵਿੱਚ ਬਰਾਮਦ ਕੀਤਾ ਜਾਂਦਾ ਹੈ।
ਸਰਕਾਰੀ ਅੰਕੜਿਆਂ ਮੁਤਾਬਕ, ਭਾਰਤੀ ਖੇਤੀਬਾੜੀ ਖੇਤਰ ਤਕਰੀਬਨ 42.3 ਫ਼ੀਸਦ ਆਬਾਦੀ ਨੂੰ ਰੋਜ਼ੀ-ਰੋਟੀ ਪ੍ਰਦਾਨ ਕਰਦਾ ਹੈ ਅਤੇ ਦੇਸ਼ ਦੇ ਜੀਡੀਪੀ ਦੇ ਤਕਰੀਬਨ 20 ਫ਼ੀਸਦ ਵਿੱਚ ਯੋਗਦਾਨ ਪਾਉਂਦਾ ਹੈ।
ਅਜਿਹੀ ਸਥਿਤੀ ਵਿੱਚ, ਭਾਰਤ ਲਈ ਫ਼ਸਲਾਂ ਜਾਂ ਜਾਨਵਰਾਂ 'ਤੇ ਉੱਲੀ, ਵਾਇਰਸ ਜਾਂ ਬੈਕਟੀਰੀਆ ਦੇ ਇਹ ਹਮਲੇ ਕਿੰਨੇ ਖਤਰਨਾਕ ਹੋ ਸਕਦੇ ਹਨ? ਇਸ ਬਾਰੇ ਦੇਵੇਂਦਰ ਸ਼ਰਮਾ ਕਹਿੰਦੇ ਹਨ, "ਭਾਰਤ ਵਿੱਚ ਇਸ ਵੇਲੇ 173 ਏਲੀਅਨ ਇਨਵੇਸਿਵ ਸਪੀਸ਼ਿਜ਼ (ਪਰਦੇਸੀ ਹਮਲਾਵਰ ਪ੍ਰਜਾਤੀਆਂ) ਹਨ।"
"ਹਮਲਾਵਰ ਪ੍ਰਜਾਤੀਆਂ ਉਹ ਹਨ ਜੋ ਕਿਸੇ ਦੇਸ਼ ਵਿੱਚ ਭਰਪੂਰ ਮਾਤਰਾ ਵਿੱਚ ਪਾਈਆਂ ਜਾਂਦੀਆਂ ਹਨ ਪਰ ਜੇਕਰ ਉਨ੍ਹਾਂ ਨੂੰ ਸਾਡੇ ਦੇਸ਼ ਵਿੱਚ ਲਿਆਂਦਾ ਜਾਂਦਾ ਹੈ, ਤਾਂ ਉਹ ਖ਼ਤਰਾ ਪੈਦਾ ਕਰਨਗੀਆਂ। ਇਹ ਇੰਨੀ ਤੇਜ਼ੀ ਨਾਲ ਫੈਲਦੀਆਂ ਹਨ ਕਿ ਇਨ੍ਹਾਂ ਨੂੰ ਕਾਬੂ ਕਰਨਾ ਔਖਾ ਹੁੰਦਾ ਹੈ।"
ਇਸਦੀ ਉਦਾਹਰਣ ਦਿੰਦੇ ਹੋਏ ਉਹ ਕਹਿੰਦੇ ਹਨ, "ਅਮਰੀਕਾ ਤੋਂ ਕਣਕ ਦਰਾਮਦ ਕਰਦੇ ਸਮੇਂ, ਲੈਂਟਾਨਾ ਕੈਮਰਾ ਵੀ ਇਸਦੇ ਨਾਲ ਆਇਆ। ਅੱਜ ਦੇਖੋ ਕਿ ਇਹ ਪੂਰੇ ਦੇਸ਼ ਵਿੱਚ ਫ਼ੈਲ ਗਿਆ ਹੈ।"
"ਭਾਰਤ ਇਸ ਕਾਰਨ ਨੁਕਸਾਨ ਝੱਲ ਰਿਹਾ ਹੈ। ਇਸਨੂੰ ਕੰਟਰੋਲ ਕਰਨ 'ਤੇ ਵੀ ਪੈਸਾ ਖਰਚ ਕੀਤਾ ਜਾ ਰਿਹਾ ਹੈ।"
ਲੈਂਟਾਨਾ ਕੈਮਰਾ ਇੱਕ ਝਾੜੀਦਾਰ ਪੌਦਾ ਹੈ ਜੋ ਭਾਰਤੀ ਜੰਗਲਾਂ ਲਈ ਖ਼ਤਰਾ ਬਣ ਗਿਆ ਹੈ।
ਦੇਵੇਂਦਰ ਸ਼ਰਮਾ ਕਹਿੰਦੇ ਹਨ ਕਿ ਇਹ ਬੈਕਟੀਰੀਆ ਜਾਂ ਫ਼ੰਗਸ ਦੁਨੀਆ ਦੇ ਕਿਸੇ ਵੀ ਦੇਸ਼ ਤੋਂ ਸਾਡੇ ਦੇਸ਼ ਵਿੱਚ ਦਾਖਲ ਹੋ ਸਕਦੇ ਹਨ। ਸਿਰਫ਼ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਇਹ ਸਾਡੇ ਸਿਸਟਮ ਵਿੱਚ ਦਾਖਲ ਨਾ ਹੋਣ।
ਬਚਾਅ ਕਿਵੇਂ ਹੋ ਸਕਦਾ ਹੈ?
ਹਾਲ ਹੀ ਵਿੱਚ, ਭਾਰਤ ਤੋਂ ਅਮਰੀਕਾ ਭੇਜੇ ਗਏ ਤਕਰੀਬਨ ਪੰਜ ਲੱਖ ਡਾਲਰ ਦੇ ਅੰਬਾਂ ਨੂੰ ਨਸ਼ਟ ਕਰਨਾ ਪਿਆ ਸੀ। ਇਸ ਦੇ ਪਿੱਛੇ ਦਾ ਉਨ੍ਹਾਂ ਦਸਤਾਵੇਜ਼ਾਂ ਦੀ ਕਮੀ ਨੂੰ ਦੱਸਿਆ ਗਿਆ ਜੋ ਕਿ ਅੰਬਾਂ ਵਿੱਚ ਕੀੜਿਆਂ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਤੋਂ ਬਾਅਦ ਜਾਰੀ ਕੀਤੇ ਜਾਂਦੇ ਹਨ।
ਇਸੇ ਘਟਨਾ ਦੀ ਉਦਾਹਰਣ ਦਿੰਦੇ ਹੋਏ, ਦੇਵੇਂਦਰ ਸ਼ਰਮਾ ਕਹਿੰਦੇ ਹਨ, "ਸਾਡੀ ਆਬਾਦੀ 140 ਕਰੋੜ ਤੋਂ ਵੱਧ ਹੈ। ਇਸ ਲਈ, ਦੇਸ਼ ਦੀ ਖੁਰਾਕ ਸੁਰੱਖਿਆ ਬਹੁਤ ਅਹਿਮ ਹੈ।"
"ਸਾਡੇ ਦੇਸ਼ ਵਿੱਚ, ਇਹ ਮੰਨਿਆਂ ਕਿ ਅੰਬ ਵਿੱਚ ਕੀੜਾ ਲੱਗਣ ਨਾਲ ਕੋਈ ਫ਼ਰਕ ਨਹੀਂ ਪੈਂਦਾ। ਅਮਰੀਕਾ, ਭਾਵੇਂ ਅੰਬ ਵਿੱਚ ਕੀੜਾ ਹੋਵੇ, ਉਸਨੂੰ ਦੇਸ਼ ਵਿੱਚ ਦਾਖਲ ਨਹੀਂ ਹੋਣ ਦਿੰਦਾ।"
ਡੀਆਰਡੀਓ ਦੇ ਅਧਿਐਨ ਨੇ ਇਹ ਸਿੱਟਾ ਕੱਢਿਆ ਹੈ ਕਿ ਜਿਨ੍ਹਾਂ ਦੇਸ਼ਾਂ ਕੋਲ ਮਜ਼ਬੂਤ ਨਿਗਰਾਨੀ ਪ੍ਰਣਾਲੀਆਂ ਹਨ ਅਤੇ ਜੋ ਰੋਗਾਣੂਆਂ ਦਾ ਤੇਜ਼ੀ ਨਾਲ ਪਤਾ ਲਗਾਉਣ ਅਤੇ ਘਟਾਉਣ ਦੇ ਯੋਗ ਹਨ, ਉਨ੍ਹਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਸੰਭਾਵਨਾ ਘੱਟ ਹੈ।
ਦੇਵੇਂਦਰ ਸ਼ਰਮਾ ਕਹਿੰਦੇ ਹਨ ਕਿ ਇਸ ਲਈ ਸੈਨੇਟਰੀ ਅਤੇ ਸਾਇਟੋਸੈਨੀਟਰੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨਾ ਜ਼ਰੂਰੀ ਹੈ। ਇਨ੍ਹਾਂ ਨੂੰ ਐੱਸਪੀਐੱਸ ਕਿਹਾ ਜਾਂਦਾ ਹੈ।
ਵਿਸ਼ਵ ਵਪਾਰ ਸੰਗਠਨ ( ਡਬਲਯੂਟੀਓ) ਨੇ ਇਹ ਨਿਯਮ ਕਿਸੇ ਦੇਸ਼ ਵਿੱਚ ਸੁਰੱਖਿਅਤ ਭੋਜਨ ਉਤਪਾਦਾਂ ਅਤੇ ਜਾਨਵਰਾਂ ਅਤੇ ਪੌਦਿਆਂ ਨੂੰ ਕੀੜਿਆਂ ਤੋਂ ਸੁਰੱਖਿਆ ਯਕੀਨੀ ਬਣਾਉਣ ਲਈ ਬਣਾਏ ਹਨ।
ਦੇਵੇਂਦਰ ਸ਼ਰਮਾ ਦਾ ਕਹਿਣਾ ਹੈ ਕਿ ਭਾਰਤ ਨੂੰ ਹਵਾਈ ਅੱਡਿਆਂ 'ਤੇ ਵੀ ਨਿਗਰਾਨੀ ਵਧਾਉਣੀ ਪਵੇਗੀ ਤਾਂ ਜੋ ਕੋਈ ਵੀ ਬੈਕਟੀਰੀਆ ਜਾਂ ਵਾਇਰਸ ਦੇਸ਼ ਵਿੱਚ ਦਾਖ਼ਲ ਨਾ ਹੋ ਸਕੇ ਅਤੇ ਕੋਈ ਵੱਡਾ ਖ਼ਤਰਾ ਨਾ ਬਣ ਸਕੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ