ਤਾਈਵਾਨ ਦੁਆਲੇ ਚੀਨੀ ਏਅਰਕਰਾਫ਼ਟ ਕਰੀਅਰ ਤੇ ਜੰਗੀ ਬੇੜਿਆਂ ਦਾ ਘੇਰਾ, ਜਾਣੋ ਕੀ ਹੈ ਵਿਵਾਦ ਦੀ ਜੜ੍ਹ

ਚੀਨ ਤਾਇਵਾਨ
    • ਲੇਖਕ, ਡੇਵਿਡ ਬਰਾਊਨ
    • ਰੋਲ, ਬੀਬੀਸੀ ਨਿਊਜ਼ ਵਿਜ਼ੂਅਲ ਜਰਨਲਿਜ਼ਮ ਟੀਮ

ਚੀਨ ਨੇ ਤਾਇਵਾਨ ਦੇ ਆਲੇ-ਦੁਆਲੇ ਦੇ ਸਮੁੰਦਰੀ ਖੇਤਰ ’ਚ ਇੱਕ ਏਅਰਕ੍ਰਾਫਟ ਕਰੀਅਰ ਸਮੇਤ ਜੰਗੀ ਜਹਾਜ਼ ਭੇਜੇ ਹਨ।

ਤਾਇਵਾਨ ਦੇ ਰਾਸ਼ਟਰਪਤੀ ਤਸਾਈ ਇੰਗ-ਵੇਨ ਅਤੇ ਯੂਐਸ ਹਾਊਸ ਦੇ ਸਪੀਕਰ ਕੇਵਿਨ ਮੈਕਾਰਥੀ ਵਿਚਾਲੇ ਬੁੱਧਵਾਰ ਨੂੰ ਕੈਲੀਫੋਰਨੀਆ ਵਿਖੇ ਇੱਕ ਬੈਠਕ ਤੋਂ ਬਾਅਦ ਬੀਜਿੰਗ ਦੀ ਫੌਜੀ ਤਾਕਤ ਦਾ ਤਾਜ਼ਾ ਪ੍ਰਦਰਸ਼ਨ ਵੇਖਣ ਨੂੰ ਮਿਲਿਆ ।

ਚੀਨ ਸਵੈ-ਸ਼ਾਸਿਤ ਤਾਇਵਾਨ ਨੂੰ ਇੱਕ ਵੱਖਰੇ ਸੂਬੇ ਵੱਜੋਂ ਵੇਖਦਾ ਹੈ ਜੋ ਕਿ ਅਖਿਰਕਾਰ ਬੀਜਿੰਗ ਦੇ ਕੰਟਰੋਲ ਹੇਠ ਹੋਵੇਗਾ।

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਤਾਇਵਾਨ ਦੇ ਨਾਲ ‘ਪੁਨਰਮਿਲਨ’ ‘ਪੂਰਾ ਹੋਣਾ ਚਾਹੀਦਾ ਹੈ’ ਅਤੇ ਇਸ ਲਈ ਸ਼ਕਤੀ ਦੀ ਸੰਭਾਵਿਤ ਵਰਤੋਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਹੈ।

ਪਰ ਦੂਜੇ ਪਾਸੇ ਤਾਇਵਾਨ ਆਪਣੇ ਸੰਵਿਧਾਨ ਅਤੇ ਲੋਕਤੰਤਰੀ ਤੌਰ ’ਤੇ ਚੁਣੇ ਗਏ ਨੇਤਾਵਾਂ ਦੇ ਨਾਲ ਆਪਣੇ ਆਪ ਨੂੰ ਚੀਨੀ ਮੁੱਖ ਭੂਮੀ ਤੋਂ ਵੱਖਰਾ ਸਮਝਦਾ ਹੈ।

ਚੀਨ ਤਾਇਵਾਨ

ਤਾਇਵਾਨ ਕਿੱਥੇ ਸਥਿਤ ਹੈ?

ਤਾਇਵਾਨ ਇੱਕ ਟਾਪੂ ਹੈ ਜੋ ਕਿ ਦੱਖਣ-ਪੂਰਬੀ ਚੀਨ ਦੇ ਤੱਟ ਤੋਂ ਤਕਰੀਬਨ 100 ਮੀਲ ਦੂਰ ਸਥਿਤ ਹੈ।

ਇਹ ਅਖੌਤੀ ‘ਫਰਸਟ ਚੇਨ ਆਇਲੈਂਡ' ’ਚ ਸ਼ਾਮਲ ਹੈ, ਜਿਸ ’ਚ ਯੂਐੱਸ ਅਨੁਕੂਲ ਰਾਜਾਂ ਦੀ ਸੂਚੀ ਸ਼ਾਮਲ ਹੈ ਅਤੇ ਉਹ ਅਮਰੀਕੀ ਵਿਦੇਸ਼ ਨੀਤੀ ਲਈ ਬਹੁਤ ਹੀ ਮਹੱਤਵਪੂਰਨ ਹਨ।

ਕੁਝ ਪੱਛਮੀ ਮਾਹਰਾਂ ਦਾ ਸੁਝਾਅ ਹੈ ਕਿ ਜੇਕਰ ਚੀਨ ਨੇ ਤਾਇਵਾਨ ਨੂੰ ਆਪਣੇ ਕਬਜ਼ੇ ਹੇਠ ਲਿਆ ਤਾਂ ਇਹ ਪੱਛਮੀ ਪ੍ਰਸ਼ਾਂਤ ਖੇਤਰ ’ਚ ਆਪਣਾ ਦਬਦਬਾ ਕਾਇਮ ਕਰਨ ਲਈ ਸੁਤੰਤਰ ਹੋ ਸਕਦਾ ਹੈ ਅਤੇ ਸੰਭਾਵਤ ਤੌਰ ’ਤੇ ਗੁਆਮ ਅਤੇ ਹਵਾਈ ਤੱਕ ਅਮਰੀਕੀ ਫੌਜੀ ਠਿਕਾਣਿਆਂ ਨੂੰ ਚੁਣੌਤੀ ਦੇ ਸਕਦਾ ਹੈ।

ਪਰ ਚੀਨ ਦਾ ਕਹਿਣਾ ਹੈ ਕਿ ਉਸ ਦੇ ਇਰਾਦੇ ਪੂਰੀ ਤਰ੍ਹਾਂ ਨਾਲ ਸ਼ਾਂਤੀਪੂਰਨ ਹਨ।

ਕੀ ਤਾਇਵਾਨ ਸ਼ੁਰੂ ਤੋਂ ਹੀ ਚੀਨ ਤੋਂ ਵੱਖ ਰਿਹਾ ਹੈ?

ਇਤਿਹਾਸਕ ਸਰੋਤਾਂ ਤੋਂ ਪਤਾ ਲੱਗਦਾ ਹੈ ਕਿ ਇਹ ਟਾਪੂ ਪਹਿਲੀ ਵਾਰ 17ਵੀਂ ਸਦੀ ’ਚ ਪੂਰੀ ਤਰ੍ਹਾਂ ਨਾਲ ਚੀਨ ਦੇ ਕੰਟਰੋਲ ਹੇਠ ਆਇਆ ਸੀ, ਜਦੋਂ ਕਿੰਗ ਰਾਜਵੰਸ਼ ਨੇ ਇਸ ਦਾ ਪ੍ਰਬੰਧ ਕਰਨਾ ਸ਼ੁਰੂ ਕੀਤਾ ਸੀ।

ਫਿਰ 1895 ’ਚ ਉਨ੍ਹਾਂ ਨੇ ਪਹਿਲੀ ਚੀਨ-ਜਾਪਾਨ ਜੰਗ ਹਾਰਨ ਤੋਂ ਬਾਅਦ ਇਸ ਟਾਪੂ ਨੂੰ ਜਾਪਾਨ ਦੇ ਹਵਾਲੇ ਕਰ ਦਿੱਤਾ ਸੀ।

ਦੂਜੇ ਵਿਸ਼ਵ ਯੁੱਧ ’ਚ ਜਾਪਾਨ ਦੀ ਹਾਰ ਤੋਂ ਬਾਅਦ ਚੀਨ ਨੇ 1945 ’ਚ ਮੁੜ ਇਸ ਟਾਪੂ ਨੂੰ ਆਪਣੇ ਕਬਜ਼ੇ ਹੇਠ ਲੈ ਲਿਆ ਸੀ।

ਪਰ ਮੁੱਖ ਭੂਮੀ ਚੀਨ ’ਚ ਚਿਆਂਗ ਕਾਈ-ਸ਼ੇਕ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਸਰਕਾਰ ਦੀਆਂ ਤਾਕਤਾਂ ਅਤੇ ਮਾਓ ਜ਼ੇ-ਤੁੰਗ ਦੀ ਕਮਿਊਨਿਸਟ ਪਾਰਟੀ ਵਿਚਾਲੇ ਘਰੇਲੂ ਯੁੱਧ ਸ਼ੁਰੂ ਹੋ ਗਿਆ ਸੀ।

ਚੀਨ ਤਾਇਵਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚਿਆਂਗ ਕਾਈ-ਸ਼ੇਕ ਅਤੇ ਰਾਸ਼ਟਰਵਾਦੀ ਪਾਰਟੀ ਦੇ ਹੋਰ ਆਗੂ, ਜਿੰਨ੍ਹਾਂ ਨੂੰ ਕੁਓਮਿਨਤਾਂਗ ਵੱਜੋਂ ਜਾਣਿਆ ਜਾਂਦਾ ਹੈ

1949 ’ਚ ਕਮਿਊਨਿਸਟਾਂ ਨੇ ਜਿੱਤ ਹਾਸਲ ਕੀਤੀ ਅਤੇ ਬੀਜਿੰਗ ’ਤੇ ਕਬਜ਼ਾ ਕੀਤਾ।

ਚਿਆਂਗ ਕਾਈ-ਸ਼ੇਕ ਅਤੇ ਰਾਸ਼ਟਰਵਾਦੀ ਪਾਰਟੀ ਦੇ ਹੋਰ ਆਗੂ, ਜਿੰਨ੍ਹਾਂ ਨੂੰ ਕੁਓਮਿਨਤਾਂਗ ਵੱਜੋਂ ਜਾਣਿਆ ਜਾਂਦਾ ਹੈ, ਉਹ ਸਾਰੇ ਤਾਇਵਾਨ ਵੱਲ ਭੱਜ ਗਏ ਅਤੇ ਉੱਥੇ ਹੀ ਅਗਲੇ ਕਈ ਦਹਾਕਿਆਂ ਤੱਕ ਰਾਜ ਕੀਤਾ।

ਚੀਨ ਇਸ ਇਤਿਹਾਸ ਵੱਲ ਇਸ਼ਾਰਾ ਕਰਦਿਆਂ ਕਹਿੰਦਾ ਹੈ ਕਿ ਤਾਇਵਾਨ ਮੂਲ ਰੂਪ ’ਚ ਇੱਕ ਚੀਨੀ ਸੂਬਾ ਸੀ।

ਪਰ ਦੂਜੇ ਪਾਸੇ ਤਾਇਵਾਨੀ ਉਸੇ ਇਤਿਹਾਸ ਦਾ ਹਵਾਲਾ ਦਿੰਦਿਆਂ ਦਲੀਲ ਦਿੰਦੇ ਹਨ ਕਿ ਉਹ ਕਦੇ ਵੀ ਆਧੁਨਿਕ ਚੀਨੀ ਰਾਜ ਦਾ ਹਿੱਸਾ ਨਹੀਂ ਸਨ ਜੋ ਕਿ ਪਹਿਲੀ ਵਾਰ 1911 ’ਚ ਕ੍ਰਾਂਤੀ ਤੋਂ ਬਾਅਦ ਬਣਿਆ ਸੀ ਜਾਂ ਫਿਰ ਪੀਪਲਜ਼ ਰੀਪਬਲਿਕ ਆਫ਼ ਚੀਨ, ਜੋ ਕਿ 1949 ’ਚ ਮਾਓ ਦੇ ਅਧੀਨ ਸਥਾਪਿਤ ਕੀਤਾ ਗਿਆ ਸੀ।

ਕੁਓਮਿਨਤਾਂਗ ਤਾਇਵਾਨ ਦੇ ਹੁਣ ਤੱਕ ਦੇ ਸਭ ਤੋਂ ਪ੍ਰਮੁੱਖ ਸਿਆਸੀ ਦਲਾਂ ’ਚੋਂ ਇੱਕ ਰਿਹਾ ਹੈ ਅਤੇ ਆਪਣੇ ਇਤਿਹਾਸ ਦੇ ਇੱਕ ਮਹੱਤਵਪੂਰਨ ਹਿੱਸੇ ਵੱਜੋਂ ਇਸ ਟਾਪੂ ’ਤੇ ਰਾਜ ਕਰ ਰਿਹਾ ਹੈ।

ਮੌਜੂਦਾ ਸਮੇਂ ਸਿਰਫ 13 ਮੁਲਕਾਂ (ਵੈਟੀਕਨ ਸਮੇਤ) ਨੇ ਤਾਇਵਾਨ ਨੂੰ ਇੱਕ ਪ੍ਰਭੂਸੱਤਾ ਸੰਪੰਨ ਦੇਸ਼ ਵੱਜੋਂ ਮਾਨਤਾ ਦਿੱਤੀ ਹੈ।

ਚੀਨ ਹੋਰ ਦੇਸ਼ਾਂ ’ਤੇ ਤਾਇਵਾਨ ਨੂੰ ਮਾਨਤਾ ਨਾ ਦੇਣ ਜਾਂ ਫਿਰ ਮਾਨਤਾ ਨਾਲ ਸਬੰਧਤ ਕਿਸੇ ਵੀ ਕਾਰਜ ਨੂੰ ਨਾ ਕਰਨ ਲਈ ਕੂਟਨੀਤਕ ਦਬਾਅ ਪਾਉਂਦਾ ਹੈ।

ਚੀਨ ਤਾਇਵਾਨ
ਬੀਬੀਸੀ

ਤਾਇਵਾਨ ਬਾਰੇ ਮੁੱਖ ਬਿੰਦੂ

  • ਤਾਇਵਾਨ ਦੱਖਣ-ਪੂਰਬੀ ਚੀਨ ਸਾਗਰ ਵਿੱਚ ਸਥਿਤ ਇੱਕ ਟਾਪੂ ਦੇਸ ਹੈ।
  • ਚੀਨ ਦਾ ਕਹਿਣਾ ਹੈ ਕਿ ਤਾਇਵਾਨ ਇਤਿਹਾਸਕ ਪੱਖ ਤੋਂ ਉਸ ਦਾ ਹਿੱਸਾ ਰਿਹਾ ਹੈ ਜੋ ਉਸ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।
  • ਤਾਇਵਾਨ ਹੁਣ ਇੱਕ ਲੋਕਤੰਤਰਿਕ ਦੇਸ ਹੈ ਜਿੱਥੇ ਪ੍ਰੈੱਸ ਨੂੰ ਆਜ਼ਾਦੀ ਹੈ ਅਤੇ 13 ਦੇਸ ਉਸ ਨੂੰ ਆਜ਼ਾਦ ਮੁਲਕ ਵਜੋਂ ਮਾਨਤਾ ਦਿੰਦੇ ਹਨ।
  • ਜੇ ਚੀਨ ਤਾਇਵਾਨ ਉੱਪਰ ਅਧਿਕਾਰ ਕਰ ਲੈਂਦਾ ਹੈ ਤਾਂ ਇਹ ਪੈਸਿਫਿਕ ਖੇਤਰ ਵਿੱਚ ਅਮਰੀਕੀ ਦਬਦਬੇ ਲਈ ਚੁਣੌਤੀ ਸਾਬਤ ਹੋ ਸਕਦਾ ਹੈ।
  • ਤਾਇਵਾਨ ਕੰਪਿਊਟਰ ਚਿਪਾਂ ਦੇ ਨਿਰਮਾਣ ਵਿੱਚ ਦੁਨੀਆਂ ਦਾ ਮੋਹਰੀ ਦੇਸ ਹੈ। ਦੁਨੀਆਂ ਦੇ 67% ਸੈਮੀ ਕੰਡਕਟਰ ਇੱਥੇ ਹੀ ਬਣਦੇ ਹਨ।
  • ਹਾਲਾਂਕਿ ਤਾਇਵਾਨ ਦੇ ਲੋਕ ਚੀਨ ਨਾਲ ਲੜਾਈ ਦੀ ਸੰਭਾਵਨਾ ਵਿੱਚ ਯਕੀਨ ਨਹੀਂ ਕਰਦੇ ਹਨ। ਇਸ ਦੇ ਨਾਲ ਹੀ ਦੇਸ ਵਿੱਚ ਆਪਣੇ ਆਪ ਨੂੰ ਚੀਨੀ ਕਹਿਣ ਵਾਲਿਆਂ ਨਾਲੋਂ ਤਾਇਵਾਨੀ ਕਹਿਣ ਵਾਲਿਆਂ ਦੀ ਗਿਣਤੀ ਵੀ ਵਧੀ ਹੈ।
ਬੀਬੀਸੀ

ਕੀ ਤਾਇਵਾਨ ਆਪਣਾ ਬਚਾਅ ਕਰਨ ਦੇ ਸਮਰੱਥ ਹੈ?

ਚੀਨ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਵਰਗੇ ਗ਼ੈਰ-ਫੌਜੀ ਤਰੀਕਿਆਂ ਨਾਲ ‘ਪੁਨਰ-ਏਕੀਕਰਨ’ ਦੀ ਸਥਿਤੀ ਨੂੰ ਲਿਆਉਣ ਲਈ ਯਤਨ ਕਰ ਸਕਦਾ ਹੈ।

ਪਰ ਕਿਸੇ ਵੀ ਫੌਜੀ ਟਕਰਾਅ ਦੀ ਸੂਰਤ ’ਚ ਚੀਨ ਦੀਆਂ ਹਥਿਆਰਬੰਦ ਫੌਜਾਂ ਅੱਗੇ ਤਾਇਵਾਨ ਦੇ ਲੋਕ ਟਿਕ ਨਹੀਂ ਸਕਣਗੇ।

ਚੀਨ ਰੱਖਿਆ ਦੇ ਖੇਤਰ ’ਚ ਅਮਰੀਕਾ ਨੂੰ ਛੱਡ ਕੇ ਹੋਰ ਕਿਸੇ ਵੀ ਦੇਸ਼ ਨਾਲੋਂ ਵਧੇਰੇ ਖਰਚ ਕਰਦਾ ਹੈ ਅਤੇ ਸਮੁੰਦਰੀ ਸ਼ਕਤੀ ਤੋਂ ਲੈ ਕੇ ਮਿਜ਼ਾਈਲ ਤਕਨਾਲੋਜੀ, ਹਵਾਈ ਜਹਾਜ਼ ਅਤੇ ਸਾਈਬਰ ਹਮਲਿਆਂ ਤੱਕ, ਸਮਰੱਥਾ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਚੀਨ ਦੀ ਜ਼ਿਆਦਾਤਰ ਫੌਜੀ ਸ਼ਕਤੀ ਕਿਤੇ ਹੋਰ ਕੇਂਦਰਿਤ ਹੈ, ਪਰ ਮਿਸਾਲ ਵਜੋਂ ਸਰਗਰਮ ਡਿਊਟੀ ’ਤੇ ਮੁਲਾਜ਼ਮਾਂ ਦੇ ਸਮੁੱਚੇ ਰੂਪ ’ਚ ਦੋਵਾਂ ਧਿਰਾਂ ਦਰਮਿਆਨ ਇੱਕ ਬਹੁਤ ਹੀ ਵੱਡਾ ਅਸੰਤੁਲਨ ਹੈ।

ਕੁਝ ਪੱਛਮੀ ਮਾਹਰਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਇੱਕ ਖੁੱਲ੍ਹੇ ਟਕਰਾਅ ਦੀ ਸਥਿਤੀ ਦੌਰਾਨ ਤਾਇਵਾਨ ਚੀਨੀ ਹਮਲਿਆਂ ਨੂੰ ਹੌਲੀ ਕਰਨ ਦਾ ਹੌਂਸਲਾ ਰੱਖ ਸਕਦਾ ਹੈ।

ਚੀਨ ਤਾਇਵਾਨ

ਚੀਨ ਦੀ ਜਲ ਸੈਨਾ ਨੂੰ ਆਪਣੇ ਸਮੁੰਦਰੀ ਕਿਨਾਰਿਆਂ ’ਤੇ ਉਤਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਸਕਦਾ ਹੈ ਅਤੇ ਬਾਹਰੀ ਮਦਦ ਦੀ ਉਡੀਕ ’ਚ ਗੁਰੀਲਾ ਹਮਲੇ ਕਰ ਸਕਦਾ ਹੈ।

ਇਹ ਮਦਦ ਅਮਰੀਕਾ ਤੋਂ ਆ ਸਕਦੀ ਹੈ, ਜੋ ਕਿ ਤਾਇਵਾਨ ਨੂੰ ਹਥਿਆਰ ਵੇਚਦਾ ਹੈ।

ਹੁਣ ਤੱਕ ਵਾਸ਼ਿੰਗਟਨ ਦੀ ‘ਰਣਨੀਤਕ ਅਸਪਸ਼ਟਤਾ’ ਦੀ ਨੀਤੀ ਦਾ ਮਤਲਬ ਹੈ ਕਿ ਅਮਰੀਕਾ ਇਸ ਬਾਰੇ ਜਾਣਬੁਝ ਕੇ ਅਸਪਸ਼ਟ ਰਿਹਾ ਹੈ ਕਿ ਉਹ ਹਮਲੇ ਦੀ ਸੂਰਤ ’ਚ ਤਾਇਵਾਨ ਦੀ ਰੱਖਿਆ ਜਾਂ ਮਦਦ ਕਰੇਗਾ ਜਾਂ ਫਿਰ ਨਹੀਂ।

ਕੂਟਨੀਤਕ ਤੌਰ ’ਤੇ ਯੂਐੱਸ ਵਰਤਮਾਨ ਸਮੇਂ ‘ਇੱਕ ਚੀਨ’ ਨੀਤੀ ’ਤੇ ਕਾਇਮ ਹੈ, ਜੋ ਕਿ ਬੀਜਿੰਗ ’ਚ ਸਿਰਫ਼ ਇੱਕ ਚੀਨੀ ਸਰਕਾਰ ਨੂੰ ਹੀ ਮਾਨਤਾ ਦਿੰਦੀ ਹੈ ਅਤੇ ਅਮਰੀਕਾ ਦੇ ਤਾਇਵਾਨ ਦੀ ਬਜਾਏ ਚੀਨ ਨਾਲ ਰਸਮੀ ਸਬੰਧ ਹਨ।

ਪਰ ਪਿਛਲੇ ਸਾਲ ਮਈ ਮਹੀਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵਾਸ਼ਿੰਗਟਨ ਦੇ ਰੁੱਖ ਨੂੰ ਸਖ਼ਤ ਕਰਦੇ ਨਜ਼ਰ ਆਏ ਸਨ।

ਅਮਰੀਕੀ ਰਾਸ਼ਟਰਪਤੀ ਬਾਇਡਨ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਅਮਰੀਕਾ ਤਾਇਵਾਨ ਦੀ ਫੌਜੀ ਤੌਰ ’ਤੇ ਮਦਦ ਕਰੇਗਾ ਤਾਂ ਉਨ੍ਹਾਂ ਨੇ ਜਵਾਬ ਦਿੱਤਾ- “ਹਾਂ”।

ਵ੍ਹਾਈਟ ਹਾਊਸ ਨੇ ਜ਼ੋਰ ਦੇ ਕੇ ਕਿਹਾ ਕਿ ਵਾਸ਼ਿੰਗਟਨ ਨੇ ਆਪਣੀ ਸਥਿਤੀ ਨਹੀਂ ਬਦਲੀ ਹੈ।

ਕੀ ਸਥਿਤੀ ਬਦਤਰ ਹੋ ਰਹੀ ਹੈ?

ਅਗਸਤ 2022 ’ਚ ਤਤਕਾਲੀ ਅਮਰੀਕੀ ਹਾਊਸ ਸਪੀਕਰ, ਨੈਂਸੀ ਪੇਲੋਸੀ ਵੱਲੋਂ ਟਾਪੂ ਦਾ ਦੌਰਾ ਕਰਨ ਤੋਂ ਬਾਅਦ ਤਾਇਵਾਨ ਅਤੇ ਚੀਨ ਵਿਚਾਲੇ ਆਪਸੀ ਸਬੰਧਾਂ ’ਚ ਤੇਜ਼ੀ ਨਾਲ ਵਿਗਾੜ ਆਉਣਾ ਸ਼ੁਰੂ ਹੋਇਆ।

ਬੀਜਿੰਗ ਨੇ ਨੈਂਸੀ ਪੇਲੋਸੀ ਦੇ ਇਸ ਦੌਰੇ ਨੂੰ “ਬਹੁਤ ਖ਼ਤਰਨਾਕ” ਕਰਾਰ ਦਿੰਦਿਆਂ ਇਸ ਦੀ ਨਿੰਦਾ ਕੀਤੀ।

ਚੀਨ ਨੇ ਫੌਜੀ ਕਵਾਇਦ ਦੀ ਇੱਕ ਲੜੀ ਦਾ ਆਗਾਜ਼ ਕੀਤਾ, ਜਿਸ ’ਚ ਬੈਲਿਸਟਿਕ ਮਿਜ਼ਾਈਲਾਂ ਰਾਹੀਂ ਗੋਲੀਬਾਰੀ ਸ਼ਾਮਲ ਸੀ ਅਤੇ ਇਹ ਤਾਇਵਾਨ ਦੇ ਨਜ਼ਦੀਕੀ 6 ਖ਼ਤਰੇ ਵਾਲੇ ਖੇਤਰਾਂ ’ਤੇ ਕੇਂਦਰਿਤ ਸੀ। ਇੰਨ੍ਹਾਂ ’ਚੋਂ ਤਿੰਨ ਨੇ ਟਾਪੂ ਦੇ ਖੇਤਰੀ ਪਾਣੀਆਂ ਨੂੰ ਓਵਰਲੈਪ ਕੀਤਾ।

ਤਾਇਵਾਨ ਨੇ ਕਿਹਾ ਕਿ ਇਸ ਕਦਮ, ਜਿਸ ਨੇ ਸਮੁੰਦਰੀ ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਨੂੰ ਉਨ੍ਹਾਂ ਦੇ ਖੇਤਰ 'ਚ ਆਉਣ ਲਈ ਮਜ਼ਬੂਰ ਕੀਤਾ ਸੀ, ਨੇ ਉਸ ਦੀ ਪ੍ਰਭੂਸੱਤਾ ਦੀ ਉਲੰਘਣਾ ਕੀਤੀ ਹੈ।

ਤਾਇਵਾਨ ਅਤੇ ਚੀਨ ਦਰਮਿਆਨ ਤਣਾਅ ਪਹਿਲਾਂ ਹੀ ਵੱਧ ਚੁੱਕਾ ਸੀ।

ਚੀਨ ਤਾਇਵਾਨ

2021 ’ਚ ਚੀਨ ਨੇ ਤਾਇਵਾਨ ਦੇ ਹਵਾਈ ਰੱਖਿਆ ਖੇਤਰ ’ਚ ਫੌਜੀ ਜਹਾਜ਼ ਭੇਜ ਕੇ ਦਬਾਅ ਵਧਾਇਆ।

ਇਹ ਖੇਤਰ ਇੱਕ ਸਵੈ-ਘੋਸ਼ਿਤ ਖੇਤਰ ਹੈ ਜਿੱਥੇ ਰਾਸ਼ਟਰੀ ਸੁਰੱਖਿਆ ਦੇ ਹਿੱਤਾਂ ’ਚ ਵਿਦੇਸ਼ੀ ਜਹਾਜ਼ਾਂ ਦੀ ਪਛਾਣ, ਨਿਗਰਾਨੀ ਅਤੇ ਨਿਯੰਤਰਣ ਕੀਤਾ ਜਾਂਦਾ ਹੈ।

ਅਕਤੂਬਰ 2021 ’ਚ ਇੱਕ ਹੀ ਦਿਨ ’ਚ 56 ਹਵਾਈ ਜਹਾਜ਼ਾਂ ਨੇ ਘੁਸਪੈਠ ਕੀਤੀ ਜੋ ਕਿ ਸਭ ਤੋਂ ਵੱਧ ਘੁਸਪੈਠ ਸੀ। ਤਾਇਵਾਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਸਬੰਧ 40 ਸਾਲਾਂ ਤੋਂ ਸਭ ਤੋਂ ਖਰਾਬ ਸਨ।

ਉਦੋਂ ਤੋਂ ਲੈ ਕੇ ਹੁਣ ਤੱਕ 22 ਦਿਨ ਹੋ ਚੁੱਕੇ ਹਨ ਅਤੇ 20 ਤੋਂ ਵੱਧ ਵਾਰ ਘੁਸਪੈਠ ਦੀ ਜਾਣਕਾਰੀ ਦਿੱਤੀ ਗਈ ਹੈ।

ਤਾਇਵਾਨ ਨੇ ਸਾਲ 2020 ’ਚ ਹਵਾਈ ਘੁਸਪੈਠ ਦੇ ਅੰਕੜੇ ਜਨਤਕ ਕੀਤੇ ਸਨ।

ਚੀਨ ਦੇ ਤੱਟ ਰੱਖਿਅਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਤਾਇਵਾਨ ਦੇ ਆਲੇ-ਦੁਆਲੇ ਦੇ ਖੇਤਰ ’ਚ ਸ਼ਿਪਿੰਗ ਨੂੰ ਰੋਕਣ ਅਤੇ ਨਿਰੀਖਣ ਕਰਨ ਦਾ ਕਾਨੂੰਨੀ ਅਧਿਕਾਰ ਹੈ।

ਬੁੱਧਵਾਰ (5 ਅਪ੍ਰੈਲ, 2023) ਨੂੰ ਉਨ੍ਹਾਂ ਕਿਹਾ ਕਿ ਕੁਝ ਸਮੁੰਦਰੀ ਜਹਾਜ਼ਾਂ ’ਤੇ “ਆਨ ਸਾਈਟ ਜਾਂਚ” ਸ਼ੁਰੂ ਹੋ ਜਾਵੇਗੀ।

ਤਾਇਵਾਨ ਨੇ ਇਸ ਕਦਮ ’ਤੇ ਇਤਰਾਜ਼ ਜਤਾਇਆ ਹੈ ਅਤੇ ਤਾਈਵਾਨੀ ਸਮੁੰਦਰੀ ਬੇੜਿਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਚੀਨੀ ਤੱਟ ਰੱਖਿਅਕਾਂ ਨੂੰ ਆਪਣੇ ਜਹਾਜ਼ ’ਤੇ ਨਾ ਹੀ ਚੜ੍ਹਣ ਦੇਣ ਅਤੇ ਨਾ ਹੀ ਜਾਂਚ ਕਰਨ ਦੇ ਯਤਨ ’ਚ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਦੇਣ।

ਤਾਇਵਾਨ ਬਾਕੀ ਵਿਸ਼ਵ ਲਈ ਕਿਉਂ ਖਾਸ ਹੈ?

ਤਾਇਵਾਨ ਦੀ ਅਰਥਵਿਵਸਥਾ ਬਹੁਤ ਹੀ ਮਹੱਤਵਪੂਰਨ ਹੈ।

ਦੁਨੀਆਂ ਦੇ ਜ਼ਿਆਦਾਤਰ ਰੋਜ਼ਾਨਾ ਵਰਤੋਂ ’ਚ ਆਉਣ ਵਾਲੇ ਇਲੈਕਟ੍ਰਾਨਿਕ ਉਪਕਰਨ, ਭਾਵੇਂ ਉਹ ਫੋਨ ਹੋਣ ਜਾਂ ਲੈਪਟਾਪ, ਘੜੀਆਂ ਹੋਣ ਜਾਂ ਗੇਮਜ਼ ਕੰਸੋਲ, ਇਹ ਸਾਰੇ ਹੀ ਉਪਕਰਨ ਤਾਇਵਾਨ ’ਚ ਬਣੀਆਂ ਕੰਪਿਊਟਰ ਚਿੱਪਾਂ ਰਾਹੀਂ ਸੰਚਾਲਿਤ ਹੁੰਦੇ ਹਨ।

ਇੱਕ ਪੈਮਾਨੇ ’ਤੇ ਤਾਇਵਾਨ ਦੀ ਇੱਕ ਕੰਪਨੀ- ਤਾਇਵਾਨ ਸੈਮੀਕੰਡਕਟਰ ਮੈਨੂਫੈਕਚਰਿੰਗ ਕੰਪਨੀ ਜਾਂ ਟੀਐੱਸਐੱਮਸੀ ਨੇ ਦੁਨੀਆਂ ਦੇ ਅੱਧੇ ਨਾਲੋਂ ਵੀ ਵੱਧ ਬਾਜ਼ਾਰ ’ਤੇ ਕਬਜ਼ਾ ਕੀਤਾ ਹੋਇਆ ਹੈ।

ਟੀਐੱਸਐੱਮਸੀ ਇੱਕ ਅਖੌਤੀ ‘ਫਾਊਂਡਰੀ’ ਹੈ ਜੋ ਕਿ ਖਪਤਕਾਰਾਂ ਅਤੇ ਫੌਜੀ ਗਾਹਕਾ ਰਾਹੀਂ ਡਿਜ਼ਾਇਨ ਕੀਤੀਆਂ ਚਿੱਪਾਂ ਨੂੰ ਤਿਆਰ ਕਰਦੀ ਹੈ। ਇਹ ਇੱਕ ਬਹੁਤ ਹੀ ਵੱਡਾ ਉਦਯੋਗ ਹੈ, ਜਿਸ ਦੀ 2021 ’ਚ ਕੀਮਤ ਲਗਭਗ 100 ਬਿਲੀਅਨ ਡਾਲਰ ਸੀ।

ਤਾਇਵਾਨ ’ਤੇ ਚੀਨ ਦਾ ਕਬਜ਼ਾ ਹੋਣ ’ਤੇ ਬੀਜਿੰਗ ਦੇ ਹੱਥ ਦੁਨੀਆਂ ਦੇ ਸਭ ਤੋਂ ਮਹੱਤਵਪੂਰਣ ਉਦਯੋਗਾਂ ’ਚੋਂ ਇੱਕ ਉਦਯੋਗ ’ਤੇ ਕੁਝ ਕੰਟਰੋਲ ਆ ਸਕਦਾ ਹੈ।

ਚੀਨ ਤਾਇਵਾਨ

ਕੀ ਤਾਇਵਾਨ ਦੇ ਲੋਕ ਚਿੰਤਤ ਹਨ?

ਚੀਨ ਅਤੇ ਤਾਇਵਾਨ ਦਰਮਿਆਨ ਹਾਲ ਹੀ ਦੇ ਤਣਾਅ ਦੇ ਬਾਵਜੂਦ, ਖੋਜ ਦਰਸਾਉਂਦੀ ਹੈ ਕਿ ਬਹੁਤ ਸਾਰੇ ਤਾਈਵਾਨੀ ਲੋਕ ਪ੍ਰਭਾਵਿਤ ਜਾਂ ਚਿੰਤਤ ਨਹੀਂ ਹਨ।

ਅਕਤੂਬਰ 2021 ’ਚ ਤਾਇਵਾਨ ਪਬਲਿਕ ਓਪੀਨੀਅਨ ਫਾਊਂਡੇਸ਼ਨ ਨੇ ਲੋਕਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਆਖ਼ਰਕਾਰ ਚੀਨ ਨਾਲ ਜੰਗ ਹੋਵੇਗੀ।

ਚੀਨ ਤਾਇਵਾਨ

ਲਗਭਗ ਦੋ ਤਿਹਾਈ (64.3%) ਨੇ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਅਜਿਹਾ ਨਹੀਂ ਲੱਗਦਾ ਹੈ।

ਇੱਕ ਵੱਖਰੀ ਖੋਜ ਦਰਸਾਉਂਦੀ ਹੈ ਕਿ ਤਾਇਵਾਨ ‘ਚ ਜ਼ਿਆਦਾਤਰ ਲੋਕ ਇੱਕ ਵੱਖਰੀ ਪਛਾਣ ਨੂੰ ਅਪਣਾਉਂਦੇ ਹੋਏ ਤਾਈਵਾਨੀ ਵੱਜੋਂ ਜਾਣੇ ਜਾਂਦੇ ਹਨ।

1990 ਦੇ ਦਹਾਕੇ ਦੇ ਸ਼ੁਰੂ ਤੋਂ ਨੈਸ਼ਨਲ ਚੇਂਗਚੀ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਚੀਨੀ ਜਾਂ ਚੀਨੀ ਅਤੇ ਤਾਇਵਾਨੀ ਦੋਵਾਂ ਵੱਜੋਂ ਪਛਾਣ ਪ੍ਰਗਟ ਕਰਨ ਵਾਲੇ ਲੋਕਾਂ ਦੇ ਅਨੁਪਾਤ ’ਚ ਗਿਰਾਵਟ ਆਈ ਹੈ ਅਤੇ ਇਨ੍ਹਾਂ ’ਚੋਂ ਜ਼ਿਆਦਾਤਰ ਲੋਕ ਆਪਣੇ ਆਪ ਨੂੰ ਤਾਈਵਾਨੀ ਸਮਝਦੇ ਹਨ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)