'ਆਪ' ਐੱਮਪੀ ਕੰਗ ਨੇ ਲੈਂਡ ਪੂਲਿੰਗ ਪਾਲਿਸੀ 'ਤੇ ਟਵੀਟ ਕਰਕੇ ਕੀਤਾ ਡਿਲੀਟ, ਇਸ ਨੀਤੀ ਨੇ ਪਿੰਡਾਂ ਤੋਂ ਲੈ ਕੇ ਸਿਆਸੀ ਗਲਿਆਰਿਆਂ ਤੱਕ ਕਿਵੇਂ ਭਖਾਇਆ ਮਾਹੌਲ

- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਸਰਕਾਰ ਦੀ 'ਲੈਂਡ ਪੂਲਿੰਗ' ਨੀਤੀ ਖਿਲਾਫ਼ ਕਿਸਾਨਾਂ ਦੇ ਵਿਰੋਧ ਵਿਚਾਲੇ ਆਮ ਆਦਮੀ ਪਾਰਟੀ ਦੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਐਤਵਾਰ ਨੂੰ 'ਕਿਸਾਨ ਜਥੇਬੰਦੀਆਂ ਨੂੰ ਭਰੋਸੇ ਵਿੱਚ ਲੈਣ ਲਈ' ਆਪਣੀ ਹੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਸੂਬੇ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ।
ਵਿਰੋਧੀ ਪਾਰਟੀਆਂ ਅਤੇ ਕਿਸਨਾਂ ਨੇ ਇਹ ਮੁੱਦਾ ਚੁੱਕਣ ਲਈ ਕੰਗ ਦੀ ਤਾਰੀਫ਼ ਕੀਤੀ ਪਰ ਕੁਝ ਹੀ ਘੰਟਿਆਂ ਬਾਅਦ ਉਨ੍ਹਾਂ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਦੋਵੇਂ ਧਿਰਾਂ ਦੀ ਅਲੋਚਨਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

ਤਸਵੀਰ ਸਰੋਤ, Malwinder Singh Kang/FB
ਕੰਗ ਨੇ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ ਸੀ, ''ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਜੋ ਇਤਰਾਜ਼ ਹਨ, ਮੇਰਾ ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਜੀ ਨੂੰ ਸੁਝਾਅ ਹੈ ਕਿ ਸਾਡੀ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿੱਚ ਕਿਸਾਨੀ ਦੀ ਬਿਹਤਰੀ ਲਈ ਬਹੁਤ ਸਾਰੇ ਕੰਮ ਕੀਤੇ ਹਨ।''
''ਜਿਵੇਂ ਕਿ ਖੇਤੀ ਲਈ ਬਿਜਲੀ ਦੀ ਬਿਨ੍ਹਾਂ ਰੁਕਾਵਟ ਦੇ ਲਗਾਤਾਰ ਸਪਲਾਈ, ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਾਉਣ ਦਾ ਟੀਚਾ, ਮੰਡੀਕਰਨ ਵਿੱਚ ਤੇਜ਼ੀ, ਫਸਲੀ ਵਿਭਿੰਨਤਾ 'ਤੇ ਕੰਮ ਕਰਨਾ ਆਦਿ। ਇਸ ਲਈ ਇਸ ਨੀਤੀ 'ਤੇ ਵੀ ਕਿਸਾਨਾਂ ਅਤੇ ਸਾਡੀਆਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਰਾਹੀਂ ਉਨ੍ਹਾਂ ਨੂੰ ਭਰੋਸੇ ਵਿੱਚ ਲੈ ਕੇ ਹੀ ਸਰਕਾਰ ਨੂੰ ਅੱਗੇ ਵੱਧਣਾ ਚਾਹੀਦਾ ਹੈ।''
ਇਸ ਬਾਰੇ ਬੀਬੀਸੀ ਪੰਜਾਬੀ ਨੇ ਮਾਲਵਿੰਦਰ ਕੰਗ ਨਾਲ ਫੋਨ ਅਤੇ ਮੈਸੇਜ ਰਾਹੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਪੰਜਾਬ ਸਰਕਾਰ ਨੇ ਯੋਜਨਾਬੱਧ ਸ਼ਹਿਰੀਕਰਨ ਲਈ "ਲੈਂਡ ਪੂਲਿੰਗ" ਨੀਤੀ ਲਿਆਂਦੀ ਹੈ। ਇਸ ਯੋਜਨਾ ਤਹਿਤ ਪੰਜਾਬ ਭਰ ਦੇ 27 ਸ਼ਹਿਰਾਂ ਵਾਸਤੇ ਲਗਭਗ 40,000 ਏਕੜ ਵਾਹੀਯੋਗ ਜ਼ਮੀਨ ਐਕੁਆਇਰ ਕੀਤੇ ਜਾਣ ਦੀ ਯੋਜਨਾ ਹੈ।
ਇਸ ਐਕੁਆਇਰ ਕੀਤੀ ਜ਼ਮੀਨ ਉੱਤੇ ਪੰਜਾਬ ਸਰਕਾਰ ਵੱਲੋਂ ਰਿਹਾਇਸ਼ੀ ਖੇਤਰ ਵਿਕਸਤ ਕੀਤੇ ਜਾਣੇ ਹਨ, ਜਿਨ੍ਹਾਂ ਨੂੰ ਅਰਬਨ ਅਸਟੇਟਸ ਦਾ ਨਾਮ ਦਿੱਤਾ ਗਿਆ ਹੈ।
ਕੀ ਕਿਸਾਨ ਜਥੇਬੰਦੀਆਂ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਿਰੋਧ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਲੈਂਡ ਪੂਲਿੰਗ ਨੀਤੀ ਖਿਲਾਫ਼ ਇੱਕ ਬਿਰਤਾਂਤ ਬਣ ਰਿਹਾ ਹੈ?

ਤਸਵੀਰ ਸਰੋਤ, X
ਕਿਸਾਨਾਂ ਤੇ ਵਿਰੋਧੀ ਧਿਰਾਂ ਨੇ ਸੰਘਰਸ਼ ਭਖਾਇਆ
ਲੁਧਿਆਣਾ ਦੇ ਕਈ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਪਿੰਡ ਅੰਦਰ ਆਉਣ ਦੀ ਮਨਾਹੀ ਦੇ ਬੈਨਰ ਲਗਾ ਦਿੱਤੇ ਹਨ।
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਐਕਸ 'ਤੇ ਲਿਖਿਆ ਕਿ ਉਹ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦੇ ਨਾਲ ਹਨ।
ਪੰਜਾਬ ਬੀਜੇਪੀ ਨੇ ਐਕਸ 'ਤੇ ਲਿਖਿਆ, ''ਪੰਜਾਬ ਦੇ ਪਿੰਡ ਵਾਸੀਆਂ ਨੇ ਬੋਰਡ ਲਗਾ ਕੇ 'ਆਪ' ਆਗੂਆਂ ਨੂੰ ਪਿੰਡ 'ਚ ਨਾ ਵੜਨ ਦੀ ਚੇਤਾਵਨੀ ਦੇ ਦਿੱਤੀ ਹੈ ਕਿਉਂਕਿ ਕੇਜਰੀਵਾਲ-ਭਗਵੰਤ ਮਾਨ ਦੀ ਜੋੜੀ ਪੰਜਾਬ ਦੀ ਜ਼ਰਖੇਜ ਜ਼ਮੀਨ ਨੂੰ "ਰੀਅਲ ਐਸਟੇਟ" ਚ ਬਦਲਣ ਦੀ ਨੀਤੀ ਬਣਾ ਰਹੀ ਹੈ, ਜੋ ਬਰਦਾਸ਼ਤਯੋਗ ਨਹੀਂ ਹੈ।''

ਤਸਵੀਰ ਸਰੋਤ, Harmandeep Singh
ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਮੁਹਾਲੀ 'ਚ 'ਆਪ' ਦੀ ਲੈਂਡ ਪੂਲਿੰਗ ਪਾਲਿਸੀ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ, ''ਇਹ 40 ਹਜ਼ਾਰ ਏਕੜ ਤਾਂ ਹਾਲੇ ਸ਼ੁਰੂਆਤ ਹੈ ਪਰ ਜੇਕਰ ਇਨ੍ਹਾਂ ਦੇ ਪੈਰ ਲੱਗ ਗਏ ਤਾਂ 60 ਹਜ਼ਾਰ ਏਕੜ ਹੋਰ ਐਕੁਆਇਰ ਕਰਨਗੇ। ਇਨ੍ਹਾਂ ਨੂੰ ਪਤਾ ਹੀ ਨਹੀਂ ਕਿ ਪੰਜਾਬ ਦੇ ਕਿਸਾਨ ਦਾ ਜ਼ਮੀਨ ਨਾਲ ਕੀ ਰਿਸ਼ਤਾ ਹੈ? ਇਹ ਲੈਂਡ ਪੂਲਿੰਗ ਪਾਲਿਸੀ ਲੈਂਡ ਦੱਬਣ ਵਾਲੀ ਪਾਲਿਸੀ ਹੈ।''
ਉੱਧਰ ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਦੇ ਪ੍ਰਧਾਨ ਤਰਸੇਮ ਪੀਟਰ ਦਾ ਕਹਿਣਾ ਹੈ ਕਿ ਇਹ ਨੀਤੀ ਪੰਜਾਬ ਦੇ ਮਜ਼ਦੂਰਾਂ ਲਈ ਵੀ ਮਾਰੂ ਸਾਬਤ ਹੋਵੇਗੀ।
ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ''ਲੈਂਡ ਪੂਲਿੰਗ ਸਕੀਮ ਸਿਰਫ਼ ਕਿਸਾਨਾਂ ਦਾ ਹੀ ਉਜਾੜਾ ਨਹੀਂ, ਪੇਂਡੂ ਮਜ਼ਦੂਰਾਂ ਕੋਲੋਂ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਅਤੇ ਮਨਰੇਗਾ ਦਾ ਰੁਜ਼ਗਾਰ ਵੀ ਖੋਵੇਗੀ। ਪਹਿਲਾਂ ਹੀ ਨਗਰ ਪੰਚਾਇਤਾਂ ਅਧੀਨ ਆਏ ਪਿੰਡਾਂ ਦੇ ਸ਼ਹਿਰੀਕਰਨ ਨੇ ਪੇਂਡੂ ਮਜ਼ਦੂਰਾਂ ਨੂੰ ਕੁਝ ਦੇਣ ਦੀ ਥਾਂ ਪਹਿਲਾ ਵਾਲਾ ਵੀ ਖੋਅ ਲਿਆ।''

ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ 'ਆਪ' ਵਰਕਰ ਦੀ ਦੁਵਿਧਾ
ਆਮ ਆਦਮੀ ਪਾਰਟੀ ਦੇ ਜੋਧਾਂ ਬਲਾਕ ਦੇ ਪ੍ਰਧਾਨ ਤਪਿੰਦਰ ਸਿੰਘ ਗਰੇਵਾਲ ਨੇ ਸੋਮਵਾਰ ਨੂੰ ਇਸ ਨੀਤੀ ਦੇ ਵਿਰੋਧ ਵਿੱਚ ਸੋਸ਼ਲ ਮੀਡੀਆ ਉੱਤੇ ਲਿਖ ਕੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ।
ਗਰੇਵਾਲ ਨੇ ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਨੂੰ ਫੋਨ 'ਤੇ ਕਿਹਾ, "ਕਿਸਾਨ ਇਸ ਪਾਲਿਸੀ ਦਾ ਵਿਰੋਧ ਕਰ ਰਹੇ ਹਨ। ਮੇਰੀ ਖੁਦ ਦੀ ਜ਼ਮੀਨ ਇਸ ਪਾਲਿਸੀ ਅਧੀਨ ਆ ਰਹੀ ਹੈ। ਇਸ ਲਈ ਮੈਂ ਪਾਲਿਸੀ ਦੇ ਵਿਰੋਧ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ।"
ਆਮ ਆਦਮੀ ਪਾਰਟੀ ਦੇ ਇੱਕ ਸੀਨੀਆਨ ਵਰਕਰ ਨੇ ਦੱਸਿਆ ਕਿ ਉਨ੍ਹਾਂ ਨੂੰ ਜੋ ਇਸ ਨੀਤੀ ਦੇ ਲਾਭ ਦੱਸੇ ਗਏ ਸਨ ਉਹ ਕਾਫ਼ੀ ਵਧੀਆਂ ਸਨ ਪਰ ਹੁਣ ਮਾਹੌਲ ਕੁਝ ਹੋਰ ਤਰ੍ਹਾਂ ਦਾ ਬਣ ਰਿਹਾ ਹੈ।
ਉਨ੍ਹਾਂ ਕਿਹਾ, ''ਕਿਸਾਨ ਯੂਨੀਅਨਾਂ ਹੀ ਅੱਗੇ ਹਨ, ਜ਼ਮੀਨ ਵੇਚਣ ਵਾਲੇ ਕਿਸਾਨਾਂ ਨਾਲ ਤਾਂ ਗੱਲ ਨਹੀਂ ਹੁੰਦੀ। ਫ਼ਿਲਹਾਲ ਕੋਈ ਗੱਲ ਸੁਣਨ ਲਈ ਤਿਆਰ ਹੀ ਨਹੀਂ ਹੈ।''
'ਤਿੰਨ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਵਾਲਾ ਮਾਹੌਲ ਬਣ ਰਿਹਾ'
ਅਰਥ-ਸ਼ਾਸ਼ਤਰ ਦੇ ਸਾਬਕਾ ਪ੍ਰੋਫ਼ੈਸਰ ਕੇਸਰ ਸਿੰਘ ਭੰਗੂ ਕਹਿੰਦੇ ਹਨ, ''ਕੋਈ ਵੀ ਰਾਜਨੀਤਿਕ ਪਾਰਟੀ ਭਾਵੇਂ ਕਾਂਗਰਸ, ਬੀਜੇਪੀ ਜਾਂ 'ਆਪ' ਹਰ ਥਾਂ ਜਿੱਥੇ ਹਾਈਕਮਾਡ ਦੀ ਚਲਦੀ ਹੈ ਅਤੇ ਜੇਕਰ ਕੋਈ ਆਗੂ ਹਾਈਕਮਾਡ ਦੇ ਵਿਰੁੱਧ ਸਲਾਹ ਜਾਂ ਬਿਆਨ ਦਿੰਦੇ ਹਨ ਤਾਂ ਉਨ੍ਹਾਂ ਨੂੰ ਝਿੜਕਾਂ ਪੈਂਦੀਆਂ ਹੀ ਹਨ।''
ਉਹ ਕਹਿੰਦੇ ਹਨ, ''ਜਦੋਂ ਕਿਸਨਾਂ ਨੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੇ ਬਾਰਡਰਾਂ ਉੱਪਰ ਧਰਨੇ ਲਗਾਏ ਸੀ ਤਾਂ ਇੱਕ ਬਿਰਤਾਂਤ ਬਣ ਗਿਆ ਸੀ ਕਿ ਹਰ ਇੱਕ ਬੰਦੇ ਨੂੰ ਲੱਗਣ ਲੱਗਾ ਸੀ ਕਿ ਮੇਰੀ ਜ਼ਮੀਨ ਖੋਹੀ ਜਾਵੇਗੀ। ਫਿਰ ਚਾਹੇ ਉਹ ਕਿਸਾਨ ਸੀ, ਡਾਕਟਰ ਸੀ, ਪ੍ਰੋਫ਼ੈਸਰ ਸੀ ਜਾਂ ਕਿਸੇ ਹੋਰ ਕਿੱਤੇ ਨਾਲ ਸਬੰਧਤ ਸੀ।''
''ਹੁਣ ਇਹ ਮੁੱਦਾ ਉਸੇ ਤਰ੍ਹਾਂ ਹੋ ਗਿਆ। ਹਲਾਂਕਿ ਤਿੰਨ ਕਾਨੂੰਨਾਂ ਜਾਂ ਇਸ ਲੈਂਡ ਪੂਲਿੰਗ ਪਾਲਿਸੀ ਦੀ ਸੱਚਾਈ ਕੁਝ ਵੀ ਹੋਵੇ ਪਰ ਹੁਣ ਇਹ ਇੱਕ ਬਿਰਤਾਂਤ ਸਿਰਜਿਆ ਗਿਆ ਹੈ।''
ਭੰਗੂ ਮੁਤਾਬਕ, ''ਸੱਚਾਈ ਕੁਝ ਵੀ ਹੋਵੇ ਪਰ ਜਦੋਂ ਬਿਰਤਾਂਤ ਬਣ ਜਾਵੇ ਤਾਂ ਲੋਕ ਇਕੱਠੇ ਹੋ ਜਾਂਦੇ ਹਨ। ਇਸ ਲਈ ਚੰਗਾ ਹੋਵੇਗਾ ਜੇਕਰ ਆਮ ਆਦਮੀ ਪਾਰਟੀ ਇੱਕ ਵਾਰ ਇਸ ਨੀਤੀ ਨੂੰ ਵਾਪਿਸ ਲੈ ਲਵੇ ਅਤੇ ਕਹਿਣ ਕਿ ਅਸੀਂ ਲੋਕਾਂ ਨਾਲ ਸਲਾਹ ਕਰਕੇ ਦੁਬਾਰਾ ਜਾਰੀ ਕਰਾਂਗੇ।''

ਤਸਵੀਰ ਸਰੋਤ, Getty Images
'ਕਿਸਾਨ ਨਹੀਂ, ਰਾਜਨੀਤਿਕ ਦਲ ਵਿਰੋਧ ਕਰ ਰਹੇ ਹਨ'
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਚੰਡੀਗੜ੍ਹ ਵਿੱਚ ਕੰਗ ਦੇ ਟਵੀਟ ਬਾਰੇ ਸਵਾਲ ਪੁੱਛੇ ਜਾਣ 'ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਕਰਕੇ ਹੀ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ, ''ਕਿਸਾਨ ਨਹੀਂ ਸਗੋਂ ਰਾਜਨੀਤਿਕ ਦਲ ਹੀ ਵਿਰੋਧ ਕਰ ਰਹੇ ਹਨ। ਕਿਸੇ ਵੀ ਕਿਸਾਨ ਦੀ ਜ਼ਮੀਨ ਧੱਕੇ ਨਾਲ ਨਹੀਂ ਲਈ ਜਾਵੇਗੀ। ਇੱਕ ਵੀ ਖੇਤ ਸਰਕਾਰ ਧੱਕੇ ਨਾਲ ਨਹੀਂ ਲਵੇਗੀ। ਜੋ ਕਿਸਾਨ ਜਾਂ ਪਿੰਡ ਨਹੀਂ ਦੇਣਾ ਚਾਹੁੰਦਾ, ਇਹ ਉਨ੍ਹਾਂ ਦੀ ਇੱਛਾ ਹੈ। ਇਹ ਕਿਸਾਨਾਂ ਨੂੰ ਬਚਾਉਣ ਲਈ ਯੋਜਨਾਬੱਧ ਨੀਤੀ ਹੈ।''
ਬੀਬੀਸੀ ਸਹਿਯੋਗੀ ਮਯੰਕ ਮੋਂਗੀਆ ਦੇ ਵਧੇਰੇ ਸਹਿਯੋਗ ਨਾਲ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












