ਵਿਕੀਪੀਡੀਆ ਕਿਵੇਂ ਕੰਮ ਕਰਦਾ ਹੈ, ਇਹ ਕਿੰਨਾ ਭਰੋਸੇਯੋਗ ਹੈ? ਭਾਰਤੀ ਨਿਊਜ਼ ਏਜੰਸੀ ਨੇ ਉਸ ’ਤੇ ਮਾਣਹਾਨੀ ਦਾ ਕੇਸ ਕਿਉਂ ਕੀਤਾ ਹੈ

ਤਸਵੀਰ ਸਰੋਤ, Getty Images
- ਲੇਖਕ, ਉਮੰਗ ਪੋਤਦਾਰ
- ਰੋਲ, ਬੀਬੀਸੀ ਪੱਤਰਕਾਰ
ਜੇ ਤੁਸੀਂ ਇਹ ਲੇਖ ਪੜ੍ਹ ਰਹੇ ਹੋ, ਤਾਂ ਬਹੁਤ ਹੱਦ ਤੱਕ ਸੰਭਵ ਹੈ ਕਿ ਤੁਸੀਂ ਵਿਕੀਪੀਡੀਆ ਬਾਰੇ ਜਾਣਦੇ ਹੋ।
ਬਹੁਤ ਸਾਰੇ ਲੋਕਾਂ ਲਈ ਮਾਮੂਲੀ ਤੋਂ ਗੰਭੀਰ ਵਿਸ਼ਿਆਂ ਬਾਰੇ ਜਾਣਨ ਲਈ ਵਿਕੀਪੀਡੀਆ ਪਹਿਲਾ ਟਿਕਾਣਾ ਹੁੰਦਾ ਹੈ।
ਪਰ ਹਾਲ ਹੀ ਦੇ ਕੁਝ ਦਿਨਾਂ ਤੋਂ ਵਿਕੀਪੀਡੀਆ ਦਿੱਲੀ ਹਾਈ ਕੋਰਟ ਵਿੱਚ ਦਾਇਰ ਇੱਕ ਕੇਸ ਕਾਰਨ ਸੁਰਖੀਆਂ ਵਿੱਚ ਹੈ। ਖ਼ਬਰ ਏਜੰਸੀ ਏਸ਼ੀਅਨ ਨਿਊਜ਼ ਇੰਟਰਨੈਸ਼ਨਲ ਯਾਨਿ ਏਐੱਨਆਈ ਨੇ ਵਿਕੀਪੀਡੀਆ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ।
ਏਐੱਨਆਈ ਦੇ ਵਿਕੀਪੀਡੀਆ ਪੇਜ 'ਤੇ ਲਿਖਿਆ ਹੈ ਕਿ ਇਹ ਖ਼ਬਰ ਏਜੰਸੀ ਗ਼ਲਤ ਜਾਣਕਾਰੀ ਰਿਪੋਰਟ ਕਰਦੀ ਹੈ। ਪਰ ਏਐੱਨਆਈ ਨੇ ਇਸ ਦਾ ਖੰਡਨ ਕੀਤਾ ਹੈ।
ਇਸ ਵਿਚਾਲੇ, ਇੱਕ ਸਵਾਲ ਜੋ ਕਈ ਵਾਰ ਉੱਠ ਰਿਹਾ ਹੈ ਕਿ ਆਖ਼ਿਰ ਵਿਕੀਪੀਡੀਆ ਕੰਮ ਕਿਵੇਂ ਕਰਦਾ ਹੈ? ਉਨ੍ਹਾਂ ਲਈ ਲੇਖ ਕੌਣ ਲਿਖਦਾ ਹੈ? ਇਸ ਨੂੰ ਕੌਣ ਚਲਾਉਂਦਾ ਹੈ?
ਵਿਕੀਪੀਡੀਆ ਕੀ ਹੈ?
ਵਿਕੀਪੀਡੀਆ 2001 ਤੋਂ ਦੁਨੀਆ ਭਰ ਵਿੱਚ ਇੱਕ ਮੁਫ਼ਤ ਓਪਨ ਸੋਰਸ ਵਜੋਂ ਜਾਣਿਆ ਜਾਂਦਾ ਹੈ, ਜਿਸਨੂੰ ਤੁਸੀਂ ਇੱਕ ਔਨਲਾਈਨ ਵਿਸ਼ਵਕੋਸ਼ ਕਹਿ ਸਕਦੇ ਹੋ।
ਇਹ ਗ਼ੈਰ-ਮੁਨਾਫ਼ਾ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਏਐੱਨਆਈ ਨੇ ਵਿਕੀਮੀਡੀਆ ਫਾਊਂਡੇਸ਼ਨ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਤਸਵੀਰ ਸਰੋਤ, Getty Images
ਇਹ ਦੁਨੀਆ ਦੀਆਂ ਸਭ ਤੋਂ ਮਸ਼ਹੂਰ ਵੈੱਬਸਾਈਟਾਂ ਵਿੱਚੋਂ ਇੱਕ ਹੈ। ਇਸ ਸਮੇਂ ਇਸ 'ਤੇ ਛੇ ਕਰੋੜ ਤੋਂ ਵੱਧ ਲੇਖ ਹਨ ਅਤੇ ਹਰ ਮਹੀਨੇ ਇਸ ਨੂੰ 10 ਖ਼ਰਬ ਤੋਂ ਵੱਧ ਪੇਜ ਵਿਊਜ਼ ਮਿਲਦੇ ਹਨ।
ਸਵਾਲ ਇਹ ਹੈ ਕਿ ਕੀ ਕੋਈ ਵੀ ਵਿਕੀਪੀਡੀਆ ਵਿੱਚ ਲਿਖ ਸਕਦਾ ਹੈ?
ਜਵਾਬ ਹੈ ਹਾਂ। ਵਿਕੀਪੀਡੀਆ ਵਿੱਚ ਕੋਈ ਨਵੀਂ ਐਂਟਰੀ ਪਾਉਣ ਜਾਂ ਪਹਿਲਾਂ ਤੋਂ ਮੌਜੂਦ ਐਂਟਰੀ ਵਿੱਚ ਕੁਝ ਜੋੜਨ ਜਾਂ ਬਦਲਣ ਦੀ ਇਜਾਜ਼ਤ ਸਾਰਿਆਂ ਨੂੰ ਹੈ। ਇਸ ਲਈ ਇਹ ਇੱਕ ਅਜਿਹਾ ਮੰਚ ਹੈ ਜਿਸ ਦਾ ਕੰਟਰੋਲ ਕਿਸੇ ਇੱਕ ਜਾਂ ਕੁਝ ਲੋਕਾਂ ਦੇ ਹੱਥ ਵਿੱਚ ਨਹੀਂ ਹੈ।
ਮੌਜੂਦਾ ਸਮੇਂ ਵਿੱਚ ਕਰੀਬ ਤਿੰਨ ਲੱਖ ਵਾਲੰਟੀਅਰ ਹਨ ਜੋ ਵਿਕੀਪੀਡੀਆ ਲਈ ਲੇਖ ਲਿਖਦੇ ਹਨ ਅਤੇ ਇਸ ਉੱਤੇ ਮੌਜੂਦ ਸਮੱਗਰੀ ਦੀ ਪ੍ਰਮਾਣਿਕਤਾ ਦੀ ਜਾਂਚ ਕਰਦੇ ਹਨ।
ਕੋਈ ਵੀ ਅਜਿਹਾ ਕਰ ਸਕਦਾ ਹੈ ਅਤੇ ਵੈੱਬਸਾਈਟ 'ਤੇ ਕੰਮ ਦੇ ਮੁਤਾਬਕ ਉਨ੍ਹਾਂ ਨੂੰ ਵੱਖ-ਵੱਖ ਭੂਮਿਕਾਵਾਂ ਦਿੱਤੀਆਂ ਜਾਂਦੀਆਂ ਹਨ।
ਵਿਕੀਮੀਡੀਆ ਫਾਊਂਡੇਸ਼ਨ ਦਾ ਕਹਿਣਾ ਹੈ ਕਿ ਇਹ ਲੋਕ ਆਪਣੀ ਮਰਜ਼ੀ ਮੁਤਾਬਕ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਇਸ ਦਾ ਕੋਈ ਭੁਗਤਾਨ ਨਹੀਂ ਮਿਲਦਾ।
ਇਹ ਵਲੰਟੀਅਰ ਆਪਣੀ ਪਛਾਣ ਗੁਪਤ ਰੱਖ ਸਕਦੇ ਹਨ। ਵਿਕੀਮੀਡੀਆ ਫਾਊਂਡੇਸ਼ਨ ਦਾ ਕਹਿਣਾ ਹੈ ਕਿ ਕਿਸੇ ਪੇਜ ʼਤੇ ਕੀ ਲਿਖਿਆ ਜਾ ਰਿਹਾ ਹੈ, ਇਸ 'ਤੇ ਉਨ੍ਹਾਂ ਦਾ ਕੋਈ ਕੰਟਰੋਲ ਨਹੀਂ ਹੁੰਦਾ ਹੈ।
ਹਾਲਾਂਕਿ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਦਾ ਮਤਲਬ ਇਹ ਨਹੀਂ ਕਿ ਕੋਈ ਇਸ 'ਤੇ ਕੁਝ ਵੀ ਲਿਖ ਸਕਦਾ ਹੈ।
ਵੈੱਬਸਾਈਟ 'ਤੇ ਕੀ ਛਾਪਿਆ ਜਾ ਸਕਦਾ ਹੈ, ਇਸ ਨੂੰ ਲੈ ਕੇ ਕਈ ਨੀਤੀਆਂ ਅਤੇ ਦਿਸ਼ਾ-ਨਿਰਦੇਸ਼ ਹਨ।

ਜਿਵੇਂ, ਵਿਕੀਪੀਡੀਆ ʼਤੇ ਕੋਈ ਨਵੀਂ ਜਾਣਕਾਰੀ ਨਹੀਂ ਲਿਖੀ ਜਾ ਸਕਦੀ, ਜੋ ਅੱਜ ਤੱਕ ਕਿਤੇ ਛਪੀ ਨਹੀਂ ਹੈ।
ਸਿਰਫ਼ ਉਹੀ ਲਿਖਿਆ ਜਾ ਸਕਦਾ ਹੈ, ਜਿਸ ਵਿੱਚ ਕੋਈ ਛਪਿਆ ਹੋਇਆ ਭਰੋਸਮੰਦ ਸਰੋਤ ਦਿੱਤਾ ਜਾ ਸਕੇ।
ਪ੍ਰਕਾਸ਼ਿਤ ਕੀਤੀ ਗਈ ਸਮੱਗਰੀ ਦੀ ਸੰਪਾਦਕਾਂ, ਪ੍ਰਸ਼ਾਸਕਾਂ ਅਤੇ ਕੰਪਿਊਟਰ ਬੋਟਾਂ ਦੁਆਰਾ ਨਿਗਰਾਨੀ ਅਤੇ ਤੱਥਾਂ ਦੀ ਜਾਂਚ ਕੀਤੀ ਜਾਂਦੀ ਹੈ। ਸੀਨੀਅਰ ਸੰਪਾਦਕ ਕਿਸੇ ਲੇਖ ਜਾਂ ਇਸ ਦੇ ਕੁਝ ਹਿੱਸੇ ਨੂੰ ਸੰਪਾਦਿਤ ਅਤੇ ਹਟਾ ਸਕਦੇ ਹਨ।
ਲੇਖ ਜਾਂ ਸੰਪਾਦਨ 'ਤੇ ਵਿਵਾਦ ਹੋਣ ʼਤੇ ਵਲੰਟੀਅਰ ਆਪਣਾ ਪੱਖ ਰੱਖਦੇ ਹਨ, ਵਿਚਾਰ-ਵਟਾਂਦਰਾ ਕਰਦੇ ਹਨ ਅਤੇ ਆਪਸੀ ਸਹਿਮਤੀ ਤੋਂ ਬਾਅਦ ਇਸ ਨੂੰ ਪ੍ਰਕਾਸ਼ਿਤ ਕੀਤਾ ਜਾਂਦਾ ਹੈ।
ਇਹ ਬਹਿਸ ਹਰ ਕਿਸੇ ਲਈ ਵਿਕੀਪੀਡੀਆ ਦੇ ਪੇਜ 'ਤੇ ਦੇਖਣ ਲਈ ਵੀ ਉਪਲਬਧ ਹੈ। ਜੇਕਰ ਕਿਸੇ ਲੇਖ 'ਤੇ ਕੋਈ ਵਿਵਾਦ ਹੈ, ਤਾਂ ਉਸ ਨੂੰ ਸੁਲਝਾਉਣ ਲਈ ਵੱਖ-ਵੱਖ ਪ੍ਰਕਿਰਿਆਵਾਂ ਹਨ।
ਤਾਂ ਕੀ ਇਸ ਉੱਤੇ ਗ਼ਲਤ ਜਾਣਕਾਰੀ ਵੀ ਹੋ ਸਕਦੀ ਹੈ?
ਪੜ੍ਹਨ-ਲਿਖਣ ਦੀ ਦੁਨੀਆਂ ਵਿੱਚ ਲੋਕ ਆਪਸ ਵਿੱਚ ਕਹਿੰਦੇ ਹਨ ਕਿ ਤੁਸੀਂ ਵਿਕੀਪੀਡੀਆ ਤੋਂ ਜਾਣਕਾਰੀ ਲੈ ਲਓ ਪਰ ਇਸ ਨੂੰ ਭਰੋਸੇਯੋਗ ਸਰੋਤ ਵਜੋਂ ਨਹੀਂ ਦੇਖਿਆ ਜਾ ਸਕਦਾ।
ਵਿਕੀਪੀਡੀਆ ਖ਼ੁਦ ਕਹਿੰਦਾ ਹੈ ਕਿ ਇਸ ਦੀ ਵਰਤੋਂ ਪ੍ਰਾਇਮਰੀ ਸਰੋਤ ਦੇ ਅਧਾਰ 'ਤੇ ਨਹੀਂ ਕੀਤੀ ਜਾਣੀ ਚਾਹੀਦੀ।
ਵਿਕੀਪੀਡੀਆ ਦੇ ਲੇਖਾਂ ਵਿੱਚ ਗ਼ਲਤੀਆਂ ਮਿਲ ਸਕਦੀਆਂ ਹਨ।

ਤਸਵੀਰ ਸਰੋਤ, Getty Images
ਹਰੇਕ ਵਿਕੀਪੀਡੀਆ ਦੇ ਲੇਖ ਦੇ ਹੇਠਾਂ ਕਈ ਸਬੰਧਿਤ ਸਰੋਤਾਂ ਦੀ ਸੂਚੀ ਹੁੰਦੀ ਹੈ ਅਤੇ ਉਨ੍ਹਾਂ ਦੇ ਆਧਾਰਾ ʼਤੇ ਹੀ ਲੇਖ ਲਿਖੇ ਹੁੰਦੇ ਹਨ, ਯਾਨਿ ਉਸ ਸੂਚੀ ਵਿੱਚ ਤੁਸੀਂ ਜਾਣਕਾਰੀਆਂ ਦੀ ਪੁਸ਼ਟੀ ਕਰ ਸਕਦੇ ਹੋ।
ਜੇਕਰ ਕਿਸੇ ਲੇਖ ʼਤੇ ਬਹੁਤ ਜ਼ਿਾਆਦਾ ਬਦਲਾਅ ਹੋ ਰਿਹਾ ਹੋਵੇ ਜਾਂ ਫਿਰ ਉਨ੍ਹਾਂ ਬਦਲਾਵਾਂ ਨੂੰ ਲੈ ਕੇ ਵਿਵਾਦ ਹੋ ਰਿਹਾ ਹੋਵੇ ਤਾਂ ਸਮਪਾਦਨ ʼਤੇ ਕੁਝ ਅੰਤਰਿਮ ਸਮੇਂ ਤੱਕ ਰੋਕ ਵੀ ਲਗਾਈ ਜਾਂਦੀ ਹੈ।
ਵਿਕੀਪੀਡੀਆ ਦੀ ਭਰੋਸੇਯੋਗਤਾ ʼਤੇ ਕਈ ਮਾਹਿਰ ਵੱਖ-ਵੱਖ ਸਵਾਲ ਚੁੱਕਦੇ ਆਏ ਹਨ। ਮੀਡੀਆ ਐਕਸਪਰਟ ਐਮੀ ਬ੍ਰਕਮੈਨ ਅਮਰੀਕੀ ਜੋਰਜੀਆ ਇੰਸਟੀਚਿਊਟ ਆਫ ਟੈਕਨੋਲਾਜੀ ਵਿੱਚ ਪ੍ਰੋਫੈਸਰ ਹਨ।
ਉਹ ਕਹਿੰਦੇ ਹਨ ਕਿ ਹੋ ਸਕਦਾ ਹੈ ਕੋਈ ਘੱਟ ਮਸ਼ਹੂਰ ਵਿਕੀਪੀਡੀਆ ਲੇਖ ਬਿਲਕੁਲ ਭਰੋਸੇਯੋਗ ਨਾ ਹੋਵੇ, ਪਰ ਇੱਕ ਮਸ਼ਹੂਰ ਟੌਪਿਕ ʼਤੇ ਵਿਕੀਪੀਡੀਆ ਲੇਖ "ਸਭ ਤੋਂ ਭਰੋਸੇਯੋਗ ਜਾਣਕਾਰੀ" ਦਾ ਰੂਪ ਹੋ ਸਕਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਜਰਨਲ ਵਿੱਚ ਛਪੇ ਲੇਖ ਨੂੰ ਕੁਝ ਕੁ ਮਾਹਿਰ ਹੀ ਦੇਖਦੇ ਹਨ ਅਤੇ ਉਸ ਤੋਂ ਬਾਅਦ ਉਸ ਵਿੱਚ ਕੋਈ ਬਦਲਾਅ ਨਹੀਂ ਹੁੰਦਾ।
"ਪਰ ਇੱਕ ਪ੍ਰਸਿੱਧ ਵਿਕੀਪੀਡੀਆ ਲੇਖ ਦੀ ਹਜ਼ਾਰਾਂ ਲੋਕਾਂ ਦੁਆਰਾ ਸਮੀਖਿਆ ਕੀਤੀ ਜਾ ਸਕਦੀ ਹੈ।
ਵਿਕੀਪੀਡੀਆ 'ਤੇ ਪੱਖਪਾਤ ਦੇ ਦੋਸ਼ ਵੀ ਲਗਦੇ ਰਹਿੰਦੇ ਹਨ। ਵਿਕੀਪੀਡੀਆ ਦੀ ਇੱਕ ਇਹ ਵੀ ਆਲੋਚਨਾ ਰਹੀ ਹੈ ਕਿ ਇਸ 'ਤੇ ਜ਼ਿਆਦਾਤਰ ਮਰਦ ਲੇਖ ਲਿਖਦੇ ਹਨ ਅਤੇ ਇਸ ਕਾਰਨ ਵੈੱਬਸਾਈਟ 'ਤੇ ਮਰਦਾਂ ਤੇ ਬਹੁਤ ਸਾਰੇ ਲੇਖ ਹਨ।
ਥਿੰਕ ਟੈਂਕ ਮੈਨਹਟਨ ਇੰਸਟੀਚਿਊਟ ਨੇ ਪਾਇਆ ਕਿ ਅਮਰੀਕਾ ਵਿੱਚ ਸੱਜੇ-ਪੱਖੀ ਜਨਤਕ ਸ਼ਖਸੀਅਤਾਂ ਨੂੰ ਵਿਕੀਪੀਡੀਆ 'ਤੇ ਵਧੇਰੇ ਨਕਾਰਾਤਮਕ ਰੂਪ ਵਿੱਚ ਦਰਸਾਇਆ ਜਾਂਦਾ ਹੈ।
ਹਾਲਾਂਕਿ, ਉਹ ਮੰਨਦੇ ਹਨ ਕਿ ਵਿਕੀਪੀਡੀਆ ਇੱਕ ਮਹੱਤਵਪੂਰਨ ਜਨਤਕ ਸਰੋਤ ਹੈ।
ਇਸ ਨੂੰ ਚਲਾਉਣ ਲਈ ਪੈਸਾ ਕਿੱਥੋਂ ਆਉਂਦਾ ਹੈ?

ਤਸਵੀਰ ਸਰੋਤ, Getty Images
ਜੇਕਰ ਤੁਸੀਂ ਵਿਕੀਪੀਡੀਆ 'ਤੇ ਕੁਝ ਵੀ ਪੜ੍ਹਿਆ ਹੈ ਤਾਂ ਤੁਸੀਂ ਇਹ ਜ਼ਰੂਰ ਦੇਖਿਆ ਹੋਵੇਗਾ ਕਿ ਉਨ੍ਹਾਂ ਦੀ ਵੈੱਬਸਾਈਟ ਦੇ ਸ਼ੁਰੂ ਵਿਚ ਦਾਨ ਦੇਣ ਲਈ ਅਪੀਲ ਕੀਤੀ ਜਾਂਦੀ ਹੈ। ਵਿਕੀਪੀਡੀਆ ਦਾ ਖਰਚ ਸਿਰਫ ਦਾਨ ਦੁਆਰਾ ਹੀ ਹੁੰਦਾ ਹੈ।
2022-23 ਵਿੱਚ ਵਿਕੀਮੀਡੀਆ ਫਾਊਂਡੇਸ਼ਨ ਨੂੰ 18 ਕਰੋੜ ਡਾਲਰ ਤੋਂ ਵੱਧ ਦਾ ਦਾਨ ਮਿਲਿਆ ਸੀ ਜੋ ਕਿ ਭਾਰਤੀ ਰੁਪਏ ਵਿੱਚ ਲਗਭਗ 1,513 ਕਰੋੜ ਰੁਪਏ ਬਣਦਾ ਹੈ।
ਵਿਕੀਪੀਡੀਆ ਇਸ਼ਤਿਹਾਰ ਪ੍ਰਕਾਸ਼ਿਤ ਨਹੀਂ ਕਰਦਾ ਅਤੇ ਕਹਿੰਦਾ ਹੈ ਕਿ ਇਹ ਪੈਸਾ ਕਮਾਉਣ ਲਈ ਯੂਜ਼ਰ ਡੇਟਾ ਦੀ ਵਰਤੋਂ ਵੀ ਨਹੀ ਕਰਦੇ ਜੋ ਕਿ ਬਹੁਤ ਸਾਰੀਆਂ ਵੈਬਸਾਈਟਾਂ ਦੀ ਕਮਾਈ ਦਾ ਪ੍ਰਮੁੱਖ ਸਰੋਤ ਹੁੰਦਾ ਹੈ।
ਹਾਲਾਂਕਿ ਵਿਕੀਪੀਡੀਆ ਕਈ ਦੇਸ਼ਾਂ ਵਿੱਚ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਘੱਟੋ-ਘੱਟ 13 ਦੇਸ਼ਾਂ ਵਿੱਚ ਵਿਕੀਪੀਡੀਆ 'ਤੇ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਚੁੱਕੀਆਂ ਹਨ।
ਚੀਨ, ਮਿਆਂਮਾਰ ਅਤੇ ਉੱਤਰੀ ਕੋਰੀਆ ਨੇ ਵਿਕੀਪੀਡੀਆ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ। ਇਸ ਦੇ ਨਾਲ ਹੀ ਰੂਸ ਅਤੇ ਈਰਾਨ ਨੇ ਵਿਕੀਪੀਡੀਆ ਦੇ ਕੁਝ ਲੇਖਾਂ 'ਤੇ ਪਾਬੰਦੀ ਲਗਾਈ ਹੋਈ ਹੈ।
ਪਾਕਿਸਤਾਨ ਨੇ 2023 ਵਿੱਚ ਵਿਕੀਪੀਡੀਆ 'ਤੇ ਤਿੰਨ ਦਿਨਾਂ ਲਈ ਪਾਬੰਦੀ ਲਗਾ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਵਿਕੀਪੀਡੀਆ 'ਤੇ ਕੁਝ ਲੇਖਾਂ ਨੇ ਦੇਸ਼ ਦੇ ਮੁਸਲਮਾਨਾਂ ਨੂੰ ਠੇਸ ਪਹੁੰਚਾਈ ਹੈ।
ਏਐਨਆਈ ਕੇਸ ਵਿੱਚ ਦਿੱਲੀ ਹਾਈ ਕੋਰਟ ਦੇ ਇੱਕ ਜੱਜ ਨੇ ਵਿਕੀਪੀਡੀਆ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਭਾਰਤ ਵਿੱਚ ਕਾਨੂੰਨ ਦੀ ਪਾਲਣਾ ਕਰਨੀ ਪਵੇਗੀ ਨਹੀਂ ਤਾਂ ਉਹ ਭਾਰਤ ਵਿੱਚ ਵਿਕੀਪੀਡੀਆ 'ਤੇ ਪਾਬੰਦੀ ਲਗਾਉਣ ਦਾ ਆਦੇਸ਼ ਦੇਣਗੇ।
ਵਿਕੀਪੀਡੀਆ ਭਾਰਤ ਵਿੱਚ ਵੀ ਵਿਵਾਦਾਂ ਵਿੱਚ ਰਿਹਾ ਹੈ। ਏਐਨਆਈ ਦੁਆਰਾ ਦਾਇਰ ਮਾਣਹਾਨੀ ਦੇ ਕੇਸ ਬਾਰੇ ਵੀ ਇੱਕ ਵਿਕੀਪੀਡੀਆ ਪੇਜ ਮੌਜੂਦ ਸੀ।
ਹਾਲ ਹੀ ਵਿੱਚ ਦਿੱਲੀ ਹਾਈ ਕੋਰਟ ਦੇ ਦੋ ਜੱਜਾਂ ਦੇ ਬੈਂਚ ਨੇ ਮੰਨਿਆ ਕਿ ਇਹ ਅਦਾਲਤੀ ਕਾਰਵਾਈ ਵਿੱਚ ਦਖਲਅੰਦਾਜ਼ੀ ਹੈ ਅਤੇ ਇਸਨੂੰ ਹਟਾਉਣ ਦਾ ਆਦੇਸ਼ ਦਿੱਤਾ ਸੀ।
ਵਿਕੀਪੀਡੀਆ ਨੇ 21 ਅਕਤੂਬਰ ਨੂੰ ਇਸ ਪੇਜ ਨੂੰ ਹਟਾ ਦਿੱਤਾ ਸੀ। ਕੁਝ ਮਾਹਰਾਂ ਦਾ ਮੰਨਣਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਅਦਾਲਤ ਦੇ ਹੁਕਮਾਂ ਤੋਂ ਬਾਅਦ ਅੰਗਰੇਜ਼ੀ ਵਿਕੀਪੀਡੀਆ ਤੋਂ ਪੂਰਾ ਪੇਜ ਹਟਾਈਆ ਗਿਆ ਹੈ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












