ਇੱਕ ਨੌਜਵਾਨ ਦਾ ਮੂੰਹ ਉਬਾਸੀ ਲੈਣ ਤੋਂ ਬਾਅਦ ਖੁੱਲ੍ਹਾ ਹੀ ਰਹਿ ਗਿਆ - ਅਜਿਹਾ ਕਿਉਂ ਹੁੰਦਾ ਹੈ ਅਤੇ ਇਸ ਨੂੰ ਕਿਵੇਂ ਠੀਕ ਕੀਤਾ ਜਾਂਦਾ ਹੈ

    • ਲੇਖਕ, ਜ਼ੇਵੀਅਰ ਸੇਲਵਾਕੁਮਾਰ
    • ਰੋਲ, ਬੀਬੀਸੀ ਪੱਤਰਕਾਰ

ਸੋਚੋ ਕਿ ਉਬਾਸੀ ਲੈਣ ਤੋਂ ਬਾਅਦ ਤੁਸੀਂ ਆਪਣਾ ਮੂੰਹ ਬੰਦ ਹੀ ਨਾ ਕਰ ਸਕੋ ਤਾਂ ਕਿਹੋ-ਜਿਹਾ ਮਹਿਸੂਸ ਹੋਵੇਗਾ? ਸੋਚ ਕੇ ਹੀ ਘਬਰਾਹਟ ਜਿਹੀ ਮਹਿਸੂਸ ਹੋਣ ਲੱਗਦੀ ਹੈ। ਪਰ ਪੱਛਮੀ ਬੰਗਾਲ ਦੇ ਇੱਕ ਵਿਅਕਤੀ ਨਾਲ ਅਜਿਹਾ ਹੀ ਹੋਇਆ। ਕੇਰਲ ਦੇ ਕੋਚੀ ਵਿੱਚ ਕੰਮ ਕਰਨ ਵਾਲੇ ਇਸ ਨੌਜਵਾਨ ਨੂੰ ਇਹ ਦਿੱਕਤ ਉਸ ਸਮੇਂ ਆਈ ਜਦੋਂ ਉਹ ਟ੍ਰੇਨ 'ਚ ਯਾਤਰਾ ਕਰ ਰਹੇ ਸਨ।

ਦਰਅਸਲ, ਕੰਨਿਆਕੁਮਾਰੀ-ਡਿਬਰੂਗੜ੍ਹ ਵਿਵੇਕ ਐਕਸਪ੍ਰੈਸ ਰੇਲਗੱਡੀ ਵਿੱਚ ਯਾਤਰਾ ਕਰ ਰਹੇ 24 ਸਾਲਾ ਵਿਅਕਤੀ ਨੂੰ ਇਸ ਸਮੱਸਿਆ ਦਾ ਸਾਹਮਣਾ ਉਸ ਵੇਲੇ ਕਰਨਾ ਪਿਆ ਜਦੋਂ ਉਹ ਸਵੇਰੇ 2 ਵਜੇ ਪਲੱਕੜ ਜੰਕਸ਼ਨ ਪਹੁੰਚੇ। ਉਨ੍ਹਾਂ ਦੇ ਸਾਥੀ ਯਾਤਰੀਆਂ ਨੇ ਟਿਕਟ ਇੰਸਪੈਕਟਰ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ।

ਟਿਕਟ ਇੰਸਪੈਕਟਰ ਨੇ ਉੱਥੋਂ ਦੇ ਰੇਲਵੇ ਹਸਪਤਾਲ ਦੇ ਅਧਿਕਾਰੀ ਨੂੰ ਇਸ ਬਾਰੇ ਸੂਚਿਤ ਕੀਤਾ। ਰੇਲਵੇ ਮੈਡੀਕਲ ਅਫਸਰ ਜਿਤਿਨ, ਤੁਰੰਤ ਪਲੱਕੜ ਰੇਲਵੇ ਸਟੇਸ਼ਨ ਪਹੁੰਚੇ ਅਤੇ ਨੌਜਵਾਨ ਦਾ ਇਲਾਜ ਕੀਤਾ। ਅਗਲੇ ਹੀ ਮਿੰਟ ਉਨ੍ਹਾਂ ਦਾ ਮੂੰਹ ਆਮ ਵਾਂਗ ਬੰਦ ਹੋ ਗਿਆ। ਜਿਸ ਮਗਰੋਂ ਨੌਜਵਾਨ ਉਸੇ ਟ੍ਰੇਨ ਰਾਹੀਂ ਉਹ ਆਪਣੇ ਘਰ ਪਹੁੰਚਿਆ।

ਹਾਲਾਂਕਿ ਇਲਾਜ ਸਿਰਫ਼ ਪੰਜ ਮਿੰਟਾਂ ਵਿੱਚ ਪੂਰਾ ਹੋ ਗਿਆ ਸੀ ਅਤੇ ਸਭ ਕੁਝ ਠੀਕ ਸੀ, ਪਰ ਰੇਲਗੱਡੀ ਵਿੱਚ ਯਾਤਰਾ ਕਰਦੇ ਸਮੇਂ ਨੌਜਵਾਨ ਦੇ ਜਬਾੜੇ ਦੇ ਅੜ ਜਾਣ ਦੀ ਖ਼ਬਰ ਖੂਬ ਫੈਲ ਗਈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫੀਸਾਂਝੀ ਕੀਤੀ ਗਈ।

ਪਰ ਉਬਾਸੀ ਲੈਣ ਦੀ ਕੁਦਰਤੀ ਪ੍ਰਕਿਰਿਆ ਦੌਰਾਨ ਅਜਿਹੀ ਸਮੱਸਿਆ ਕਿਉਂ ਆਉਂਦੀ ਹੈ? ਜਾਂ ਕਦੇ ਅਚਾਨਕ ਬਿਨਾਂ ਉਬਾਸੀ ਲਏ ਵੀ ਅਜਿਹਾ ਹੋ ਸਕਦਾ ਹੈ, ਆਓ ਜਾਣਦੇ ਹਾਂ

ਇਸ ਤਰ੍ਹਾਂ ਦੀ ਸਮੱਸਿਆ ਕਿਉਂ ਅਤੇ ਕਦੋਂ ਆਉਂਦੀ ਹੈ

ਡਾ. ਜਿਤਿਨ, ਨੌਜਵਾਨ ਦੀ ਇਸ ਦਿੱਕਤ ਨੂੰ ਟੈਂਪੋਰੋਮੈਂਡੀਬਿਊਲਰ ਜੋੜਾਂ ਦੇ ਡਿਸਲੋਕੇਸ਼ਨ ਵਜੋਂ ਦੱਸਦੇ ਹਨ।

ਬੀਬੀਸੀ ਨੂੰ ਇਸ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ, "ਮੈਂ ਮੁੱਖ ਤੌਰ 'ਤੇ ਕੰਨ, ਨੱਕ ਅਤੇ ਗਲੇ ਦਾ ਮਾਹਰ ਹਾਂ। ਉਸ ਸਵੇਰ ਮੈਂ ਪਲੱਕੜ ਰੇਲਵੇ ਹਸਪਤਾਲ ਵਿੱਚ ਡਿਊਟੀ 'ਤੇ ਸੀ। ਜਦੋਂ ਮੈਨੂੰ ਦੁਪਹਿਰ 2:15 ਵਜੇ ਕਾਲ ਆਈ, ਤਾਂ ਮੈਂ ਉੱਥੇ ਭੱਜ ਕੇ ਗਿਆ। 45 ਮਿੰਟ ਪਹਿਲਾਂ, ਨੌਜਵਾਨ ਨੇ ਉਬਾਸੀ ਲਈ ਸੀ ਅਤੇ ਫਿਰ ਆਪਣਾ ਮੂੰਹ ਬੰਦ ਨਹੀਂ ਕਰ ਪਾ ਰਿਹਾ ਸੀ। ਇਹ ਸੁਣ ਕੇ ਮੈਂ ਸੋਚਿਆ ਕਿ ਇਹ 'ਟੀਐਮਜੇ' ਹੋਣਾ ਚਾਹੀਦਾ ਹੈ। ਮੈਂ ਆਪਣੇ ਨਾਲ ਜ਼ਰੂਰੀ ਉਪਕਰਨ ਵੀ ਲੈ ਗਿਆ ਸੀ।"

ਡਾ. ਜਿਤਿਨ ਕਹਿੰਦੇ ਹਨ, "ਨੌਜਵਾਨ ਬੁਕਿੰਗ ਕੋਚ ਵਿੱਚ ਸੀ। ਮੈਂ ਉਨ੍ਹਾਂ ਨੂੰ ਬਾਹਰ ਲਿਆਂਦਾ ਅਤੇ ਪਲੇਟਫਾਰਮ 'ਤੇ ਇੱਕ ਸੀਟ 'ਤੇ ਉਨ੍ਹਾਂ ਦਾ ਇਲਾਜ ਕੀਤਾ। ਦਸਤਾਨੇ ਪਾ ਕੇ, ਮੈਂ ਆਪਣੀ ਉਂਗਲੀ ਨਾਲ ਉਨ੍ਹਾਂ ਦੇ ਹੇਠਲੇ ਜਬਾੜੇ ਦੇ ਜੋੜ 'ਤੇ ਲੱਗਿਆ ਲੌਕ ਖੋਲ੍ਹਿਆ। ਉਹ ਪੰਜ ਮਿੰਟਾਂ ਦੇ ਅੰਦਰ-ਅੰਦਰ ਨਾਰਮਲ ਹੋ ਗਏ ਸੀ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਆਪਣੇ ਮੂੰਹ ਅਤੇ ਚਿਹਰੇ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਸੀ। ਪਤਾ ਲੱਗਾ ਕਿ ਇਹ ਪਹਿਲੀ ਵਾਰ ਸੀ ਜਦੋਂ ਉਨ੍ਹਾਂ ਨਾਲ ਅਜਿਹਾ ਹੋਇਆ ਸੀ।"

ਉਨ੍ਹਾਂ ਦੱਸਿਆ ਕਿ ਇਹ ਦਿੱਕਤ ਤ੍ਰਿਸ਼ੂਰ ਰੇਲਵੇ ਸਟੇਸ਼ਨ ਪਾਰ ਕਰਦੇ ਸਮੇਂ ਆਈ ਸੀ ਅਤੇ ਅਗਲੇ ਰੇਲਵੇ ਸਟੇਸ਼ਨ, ਪਲੱਕੜ 'ਤੇ ਉਨ੍ਹਾਂ ਦਾ ਇਲਾਜ ਕੀਤਾ ਗਿਆ।

ਟੀਐੱਮਜੇ ਕੀ ਹੈ ਅਤੇ ਇਸ ਦਾ ਇਲਾਜ ਕੀ ਹੈ

ਡਾ. ਜਿਤਿਨ ਨੇ ਦੱਸਿਆ ਕਿ ਕਿਉਂਕਿ ਨੌਜਵਾਨ ਸਿਰਫ 24 ਸਾਲ ਦੇ ਸਨ, ਇਸ ਲਈ ਉਨ੍ਹਾਂ ਦੀਆਂ ਮਜ਼ਬੂਤ ਹੱਡੀਆਂ ਅਤੇ ਮਾਸਪੇਸ਼ੀਆਂ ਕਾਰਨ ਦਰਦ ਕਾਫ਼ੀ ਹੋਇਆ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਅਜਿਹੀਆਂ ਸਥਿਤੀਆਂ ਆਮ ਤੌਰ 'ਤੇ ਕੁਝ ਮਿੰਟਾਂ ਵਿੱਚ ਠੀਕ ਹੋ ਜਾਂਦੀਆਂ ਹਨ ਅਤੇ ਸਿਰਫ ਕੁਝ ਲੋਕਾਂ ਨੂੰ ਸਰਜਰੀ ਦੀ ਲੋੜ ਪੈ ਸਕਦੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਹਰ ਕਿਸੇ ਨੂੰ ਦਰਦ ਹੋਵੇਗਾ ਹੀ।

ਬੀਬੀਸੀ ਤਮਿਲ ਨੂੰ ਇਸ ਜਬਾੜੇ ਦੇ ਲੌਕ ਹੋਣ ਬਾਰੇ ਦੱਸਦੇ ਹੋਏ, ਆਰਥੋਡੋਂਟਿਕ ਮਾਹਰ ਡਾ. ਬਾਲਾਚੰਦਰ ਨੇ ਕਿਹਾ, "ਚਿਹਰੇ ਅਤੇ ਕੰਨਾਂ ਦੇ ਹੇਠਾਂ ਜੋੜਾਂ ਨੂੰ ਟੈਂਪੋਰੋਮੈਂਡੀਬਿਊਲਰ ਜੋੜ ਕਿਹਾ ਜਾਂਦਾ ਹੈ। ਇਸ ਜੋੜ ਦੇ ਉੱਪਰ ਇੱਕ ਹੱਡੀ (ਟੈਂਪੋਰਲ ਹੱਡੀ), ਇਸਦੇ ਹੇਠਾਂ ਇੱਕ ਹੱਡੀ (ਮੈਂਡੀਬਲ ਦਾ ਕੰਡਾਈਲ), ਅਤੇ ਉਨ੍ਹਾਂ ਦੇ ਵਿਚਕਾਰ ਇੱਕ ਡਿਸਕ ਹੁੰਦੀ ਹੈ। ਇਨ੍ਹਾਂ ਤਿੰਨਾਂ ਨੂੰ ਇਕੱਠੇ ਟੈਂਪੋਰੋਮੈਂਡੀਬਿਊਲਰ ਜੋੜ ਅਤੇ ਲਿਗਾਮੈਂਟ ਕਿਹਾ ਜਾਂਦਾ ਹੈ।"

ਉਨ੍ਹਾਂ ਅੱਗੇ ਕਿਹਾ, "ਜਦੋਂ ਤੁਸੀਂ ਆਪਣਾ ਮੂੰਹ ਹੌਲੀ ਖੋਲ੍ਹਦੇ ਹੋ, ਤਾਂ ਸਿਰਫ਼ ਹੇਠਲਾ ਜਬਾੜਾ ਥੋੜ੍ਹਾ ਜਿਹਾ ਹਿੱਲਦਾ ਹੈ। ਜਦੋਂ ਤੁਸੀਂ ਆਪਣਾ ਮੂੰਹ ਥੋੜ੍ਹਾ ਹੋਰ ਖੋਲ੍ਹਦੇ ਹੋ, ਤਾਂ ਹੇਠਲੀ ਹੱਡੀ ਅਤੇ ਡਿਸਕ ਥੋੜ੍ਹਾ ਅੱਗੇ ਖਿਸਕਦੀ ਹੈ। ਇਸਨੂੰ ਐਮੀਨੈਂਸ ਨਾਮਕ ਇੱਕ ਸਟੌਪਰ ਦੁਆਰਾ ਰੋਕਿਆ ਜਾਂਦਾ ਹੈ।''

''ਕੁਝ ਲੋਕਾਂ ਵਿੱਚ, ਹੇਠਲੀ ਹੱਡੀ ਅਤੇ ਡਿਸਕ ਕਈ ਵਾਰ ਸਟੌਪਰ ਤੋਂ ਅੱਗੇ ਵਧ ਜਾਂਦੇ ਹਨ। ਉਹ ਵਾਪਸ ਅੰਦਰ ਨਹੀਂ ਜਾਂਦੇ। ਅਸੀਂ ਇਸ ਨੂੰ ਟੈਂਪੋਰੋਮੈਂਡੀਬਿਊਲਰ ਜੋੜ ਦਾ ਡਿਸਲੋਕੇਸ਼ਨ (ਆਪਣੀ ਥਾਂ ਤੋਂ ਹਿੱਲਣਾ) ਕਹਿੰਦੇ ਹਾਂ। ਇਹ ਦੋਵਾਂ ਪਾਸਿਆਂ ਤੋਂ ਹੁੰਦਾ ਹੈ। ਇਸਦਾ ਕਾਰਨ ਇਹ ਹੈ ਕਿ ਮੂੰਹ ਬਹੁਤ ਜ਼ਿਆਦਾ ਖੁੱਲ੍ਹਾ ਰਹਿੰਦਾ ਹੈ।''

ਡਾਕਟਰਾਂ ਕੋਲ ਇਸਦਾ ਕੀ ਇਲਾਜ ਹੈ

ਇਸ ਸਮੱਸਿਆ ਨਾਲ ਪੀੜਤ ਲੋਕਾਂ ਲਈ ਇਲਾਜ ਬਾਰੇ ਦੱਸਦੇ ਹੋਏ ਡਾ. ਬਾਲਾਚੰਦਰ ਨੇ ਕਿਹਾ, "ਪ੍ਰਭਾਵਿਤ ਲੋਕਾਂ ਲਈ, ਜੇਕਰ ਤੁਸੀਂ ਖੁੱਲ੍ਹੇ ਮੂੰਹ ਵਾਲੇ ਹਿੱਸੇ ਵਿੱਚ ਦੰਦਾਂ ਦੇ ਵਿਚਕਾਰ ਇੱਕ ਪਤਲਾ ਕੱਪੜਾ ਲਗਾਉਂਦੇ ਹੋ, ਉਨ੍ਹਾਂ ਨੂੰ ਆਪਣੇ ਦੰਦਾਂ ਨੂੰ ਕਲਿੰਚ ਕਰਨ ਲਈ ਕਹਿੰਦੇ ਹੋ, ਅਤੇ ਨਸਾਂ ਨੂੰ ਥੋੜ੍ਹਾ ਉੱਪਰ ਜੋੜਦੇ ਹੋ, ਤਾਂ ਇਹ ਠੀਕ ਹੋ ਜਾਂਦਾ ਹੈ। ਕੁਝ ਲੋਕਾਂ ਲਈ, ਡਾਕਟਰ ਕੱਪੜੇ ਨੂੰ ਆਪਣੀਆਂ ਉਂਗਲਾਂ ਦੇ ਦੁਆਲੇ ਲਪੇਟ ਕੇ ਹੇਠਲੇ ਜਬਾੜੇ ਦੀ ਹੱਡੀ ਅਤੇ ਡਿਸਕ 'ਤੇ ਦਬਾਅ ਪਾਉਂਦੇ ਹਨ ਤਾਂ ਜੋ ਇਸ ਨੂੰ ਇਸ ਦੀ ਅਸਲ ਸਥਿਤੀ ਵਿੱਚ ਵਾਪਸ ਲਿਆਂਦਾ ਜਾ ਸਕੇ।"

ਫ੍ਰੈਕਚਰ ਥੈਰੇਪਿਸਟ ਕਾਰਤਿਕ ਕਹਿੰਦੇ ਹਨ, ਪਰ ਸਰੀਰ ਵਿੱਚ ਹੋਣ ਵਾਲੀਆਂ ਕਈ ਕਿਸਮਾਂ ਦੀਆਂ ਡਿਸਲੋਕੇਸ਼ਨਾਂ ਵਿੱਚੋਂ, ਟੈਂਪੋਰੋਮੈਂਡੀਬਿਊਲਰ ਜੋੜ ਡਿਸਲੋਕੇਸ਼ਨ (ਟੀਐਮਜੇ) ਦੇ ਮਾਮਲੇ ਬਹੁਤ ਘੱਟ ਹੁੰਦੇ ਹਨ।

ਡਾ. ਕਾਰਤਿਕ ਕਹਿੰਦੇ ਹਨ, "ਮੋਢਾ, ਡਿਸਲੋਕੇਸ਼ਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੁੰਦਾ ਹੈ। ਉਸ ਤੋਂ ਬਾਅਦ ਕੂਹਣੀ ਦੇ ਜੋੜ ਅਤੇ ਉਂਗਲਾਂ ਦੇ ਜੋੜ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਟੀਐਮਜੇ ਤੋਂ ਇਲਾਵਾ, ਹੋਰ ਡਿਸਲੋਕੇਸ਼ਨ ਦੇ ਮਾਮਲੇ ਹਾਦਸਿਆਂ ਵਿੱਚ ਜਾਂ ਖੇਡਾਂ ਖੇਡਦੇ ਸਮੇਂ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।"

ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਦਾ ਵਰਣਨ ਕਰਦੇ ਹੋਏ ਉਨ੍ਹਾਂ ਕਿਹਾ, "ਇੱਕ ਆਦਮੀ ਮੇਰੇ ਕੋਲ ਆਇਆ ਜਿਸ ਨੇ ਇੱਕੋ ਵਾਰ 'ਚ ਪਾਨ ਦਾ ਇੱਕ ਪੂਰਾ ਟੁੱਕੜਾ ਖਾਣ ਦੀ ਕੋਸ਼ਿਸ਼ ਕੀਤੀ ਸੀ ਤੇ ਫਿਰ ਆਪਣਾ ਮੂੰਹ ਬੰਦ ਨਹੀਂ ਕਰ ਪਾਇਆ। ਆਪਣਾ ਹੱਥ ਆਪਣੇ ਮੂੰਹ ਵਿੱਚ ਰੱਖ ਕੇ ਅਤੇ ਹੇਠਲੇ ਜਬਾੜੇ ਦੀ ਹੱਡੀ ਦੀ ਗਤੀ ਨੂੰ ਵਿਵਸਥਿਤ ਕਰਕੇ, ਉਹ ਸਿਰਫ਼ ਇੱਕ ਮਿੰਟ ਵਿੱਚ ਠੀਕ ਹੋ ਗਿਆ। ਅਜਿਹੀਆਂ ਦਿੱਕਤਾਂ ਬਹੁਤ ਘੱਟ ਹੁੰਦੀਆਂ ਹਨ। ਪਰ ਨਵੇਂ ਪੀੜਤਾਂ ਲਈ ਇਹ ਡਰਾਉਣਾ ਹੋ ਸਕਦਾ ਹੈ ਕਿਉਂਕਿ ਇਹ ਅਚਾਨਕ ਅਤੇ ਕੁਦਰਤੀ ਤੌਰ 'ਤੇ ਹੁੰਦਾ ਹੈ।"

ਜੇਕਰ ਅਜਿਹੀ ਸਮੱਸਿਆ ਵੇਲੇ ਡਾਕਟਰੀ ਸਹਾਇਤਾ ਨਾ ਮਿਲ ਸਕੇ ਤਾਂ ਕੀ ਕਰੀਏ?

ਆਰਥੋਡੌਨਟਿਸਟ ਬਾਲਾਚੰਦਰ ਕਹਿੰਦੇ ਹਨ ਕਿ ਇਸ ਸਥਿਤੀ ਤੋਂ ਪੀੜਤ ਲੋਕਾਂ ਨੂੰ ਉਬਾਸੀ ਲੈਂਦੇ ਜਾਂ ਛਿੱਕਦੇ ਸਮੇਂ ਆਪਣੇ ਹੇਠਲੇ ਜਬਾੜੇ ਨੂੰ ਹਲਕਾ ਜਿਹਾ ਫੜਨਾ ਚਾਹੀਦਾ ਹੈ ਅਤੇ ਆਪਣਾ ਮੂੰਹ ਬਹੁਤ ਜ਼ਿਆਦਾ ਨਹੀਂ ਖੋਲ੍ਹਣਾ ਚਾਹੀਦਾ। ਉਹ ਇਹ ਵੀ ਕਹਿੰਦੇ ਹਨ ਕਿ ਜੋ ਲੋਕ ਬੰਸਰੀ ਅਤੇ ਸੈਕਸੋਫੋਨ ਵਰਗੇ ਸੰਗੀਤਕ ਯੰਤਰ ਵਜਾਉਂਦੇ ਹਨ, ਉਨ੍ਹਾਂ ਨੂੰ ਥੋੜ੍ਹਾ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ।

ਉਹ ਕਹਿੰਦੇ ਹਨ ਕਿ "ਇਹ ਕੋਈ ਵੱਡੀ ਸਮੱਸਿਆ ਨਹੀਂ ਹੈ। ਜੇਕਰ ਇਹ ਵਾਰ-ਵਾਰ ਹੁੰਦੀ ਹੈ, ਤਾਂ ਤੁਸੀਂ ਆਪਣੇ ਜਾਣੇ-ਪਛਾਣੇ ਦੰਦਾਂ ਦੇ ਡਾਕਟਰ ਨਾਲ ਸਲਾਹ ਕਰ ਸਕਦੇ ਹੋ ਅਤੇ ਉਹ ਤੁਹਾਨੂੰ ਇਸ ਬਾਰੇ ਸਹੀ ਸਲਾਹ ਦੇ ਦੇਣਗੇ ਕਿ ਇਸਨੂੰ ਕਿਵੇਂ ਠੀਕ ਕਰਨਾ ਹੈ।

ਬਾਲਾਚੰਦਰ ਨੇ ਕਿਹਾ, "ਜੇਕਰ ਇਹ ਸਥਿਤੀ ਉਦੋਂ ਬਣ ਜਾਵੇ ਜਦੋਂ ਡਾਕਟਰ ਤੱਕ ਪਹੁੰਚ ਮੁਸ਼ਕਲ ਹੋਵੇ, ਤਾਂ ਆਪਣੇ ਅੰਗੂਠੇ ਹੇਠਲੇ ਜਬਾੜੇ 'ਤੇ ਅਤੇ ਆਪਣੀਆਂ ਉਂਗਲਾਂ ਗੱਲ੍ਹਾਂ 'ਤੇ ਰੱਖੋ, ਅਤੇ ਹੇਠਲੇ ਜਬਾੜੇ ਨੂੰ ਹੌਲੀ-ਹੌਲੀ ਉੱਪਰ ਤੋਂ ਹੇਠਾਂ ਵੱਲ ਖਿੱਚੋ। ਕੁਝ ਲੋਕ ਘਬਰਾ ਜਾਂਦੇ ਹਨ, ਜਿਸ ਨਾਲ ਸਾਹ ਚੜ੍ਹ ਸਕਦਾ ਹੈ, ਪਰ ਇਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ। । ਘਬਰਾਉਣ ਤੋਂ ਬਚੋ। ਜੇਕਰ ਇਹ ਅਕਸਰ ਹੁੰਦਾ ਹੈ, ਤਾਂ ਹੋਰ ਡਾਕਟਰੀ ਇਲਾਜ ਦੀ ਲੋੜ ਹੋ ਸਕਦੀ ਹੈ।''

ਹੋਰ ਕਿਹੜੇ-ਕਿਹੜੇ ਜੋੜ ਹਿੱਲਣ ਦੇ ਮਾਮਲੇ ਸਾਹਮਣੇ ਆਉਂਦੇ ਹਨ

ਡਾ. ਕਾਰਤਿਕ ਕਹਿੰਦੇ ਹਨ ਕਿ ਇਸ ਕੁਦਰਤੀ ਡਿਸਲੋਕੇਸ਼ਨ ਤੋਂ ਇਲਾਵਾ, ਹੋਰ ਸਾਰੇ ਡਿਸਲੋਕੇਸ਼ਨ ਸਿਰਫ ਹਾਦਸਿਆਂ ਅਤੇ ਖੇਡਾਂ ਦੌਰਾਨ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਗੋਡਿਆਂ ਦੇ ਜੋੜਾਂ ਦੀ ਸਮੱਸਿਆ ਹੋ ਸਕਦੀ ਹੈ ਖ਼ਾਸ ਕਰਕੇ ਵੱਧ ਵਜ਼ਨ ਵਾਲੀਆਂ ਔਰਤਾਂ ਨੂੰ, ਮਹਿਲਾਵਾਂ ਨੂੰ ਪੈਟਲਰ ਡਿਸਲੋਕੇਸ਼ਨ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਉਨ੍ਹਾਂ ਸਮਝਾਇਆ ਕਿ ਇਹ ਸਥਿਤੀ ਉਦੋਂ ਹੁੰਦੀ ਹੈ ਜਦੋਂ ਕੁਝ ਜ਼ਿਆਦਾ ਭਾਰ ਵਾਲੀਆਂ ਮਹਿਲਾਵਾਂ ਦੀ ਹੇਠਲੀ ਕਮਰ ਦੀਆਂ ਹੱਡੀਆਂ ਬਹੁਤ ਚੌੜੀਆਂ ਹੁੰਦੀਆਂ ਹਨ, ਜਿਸ ਨਾਲ ਗੋਡੇ ਦੀ ਚੱਪਣੀ ਹਿੱਲ ਜਾਂਦੀ ਹੈ।

ਡਾ. ਕਾਰਤਿਕ ਨੇ ਕਿਹਾ, "ਇਹ ਦਿੱਕਤ ਜ਼ਿਆਦਾ ਭਾਰ ਵਾਲੀਆਂ ਮਹਿਲਾਵਾਂ ਵਿੱਚ ਵਧੇਰੇ ਆਮ ਹੈ, ਜੋ ਕਸਰਤ ਨਹੀਂ ਕਰਦੀਆਂ। ਪਰ ਬਹੁਤ ਸਾਰੇ ਲੋਕ ਆਪਣੇ ਆਪ ਠੀਕ ਹੋ ਜਾਂਦੇ ਹਨ। ਉਸ ਸਮੇਂ ਕੁਝ ਦਰਦ ਹੁੰਦਾ ਹੈ। ਇਸੇ ਤਰ੍ਹਾਂ, ਪੈਰ, ਲੱਕ ਅਤੇ ਮੋਢੇ ਆਦਿ ਵਿੱਚ ਡਿਸਲੋਕੇਸ਼ਨ ਠੀਕ ਕਰਨ ਲਈ ਅਨੈਸਥੀਸੀਆ ਦੀ ਲੋੜ ਹੋ ਸਕਦੀ ਹੈ। ਕਈ ਵਾਰ ਉਂਗਲਾਂ ਵਿੱਚ ਡਿਸਲੋਕੇਸ਼ਨ ਨੂੰ ਠੀਕ ਕਰਨ ਲਈ ਸੁੰਨ ਕਰਨ ਲਈ ਅਨੈਸਥੀਸੀਆ ਦੀ ਲੋੜ ਹੋ ਸਕਦੀ ਹੈ। ਦਿਲਚਸਪ ਗੱਲ ਹੈ ਕਿ ਟੀਕੇ ਕਰਕੇ ਹੋਣ ਵਾਲਾ ਦਰਦ ਉਂਗਲੀ ਦੇ ਠੀਕ ਹੋਣ ਦੇ ਦਰਦ ਨਾਲੋਂ ਘੱਟ ਹੁੰਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)