ਜੈੱਨ ਜ਼ੀ ਲਈ ਟਰੌਮਾ ਕੀ ਹੈ ਅਤੇ ਇਸ ਨਾਲ ਨਜਿੱਠਣ ਲਈ ਉਹ ਕੀ ਤਰੀਕੇ ਵਰਤ ਰਹੇ ਹਨ

    • ਲੇਖਕ, ਰਾਜਵੀਰ ਕੌਰ ਗਿੱਲ
    • ਰੋਲ, ਬੀਬੀਸੀ ਪੱਤਰਕਾਰ

"ਮੈਂ ਤਾਂ ਆਪਣੀ ਬੇਟੀ ਨੂੰ ਥੋੜ੍ਹਾ ਜਿਹਾ ਵੀ ਝਿੜਕਾਂ ਉਹ ਚੁੱਪ ਕਰ ਜਾਂਦੀ ਹੈ, ਜਿੱਦਾਂ ਪਤਾ ਨਹੀਂ ਮੈਂ ਕੋਈ ਤਸੀਹਾ ਦਿੱਤਾ ਹੋਵੇ।"

ਆਪਣੀ 17 ਸਾਲਾਂ ਦੀ ਧੀ ਬਾਰੇ ਗੱਲ ਕਰਨ ਵਾਲੇ ਸ਼ਾਲੂ ਵੀ ਉਨ੍ਹਾਂ ਵੱਡੀ ਗਿਣਤੀ ਪੰਜਾਬੀ ਮਾਪਿਆਂ ਵਾਂਗ ਸੋਚਦੇ ਹਨ ਜੋ ਅਕਸਰ ਕਹਿੰਦੇ ਹਨ, "ਸਾਡੇ ਮਾਂ-ਬਾਪ ਤਾਂ ਝਿੜਕਣ ਦੀ ਬਜਾਇ ਕੁੱਟ ਵੀ ਦਿੰਦੇ ਸੀ, ਅਸੀਂ ਤਾਂ ਫ਼ਿਰ ਨਾਰਮਲ ਹੋ ਜਾਂਦੇ ਸੀ।"

ਫ਼ਿਰ ਸ਼ਾਲੂ ਦੀ ਧੀ ਅਤੇ ਉਸ ਉਮਰ ਦੇ ਬਹੁਤੇ ਨੌਜਵਾਨਾਂ ਲਈ ਇੱਕ ਝਿੜਕ ਜਾਂ ਕੋਈ ਹੋਰ ਛੋਟੀ ਘਟਨਾ ਜਾਂ ਵਰਤਾਰਾ ਇੰਨਾ ਵੱਡਾ ਮਸਲਾ ਕਿਉਂ ਬਣ ਜਾਂਦੀ ਹੈ, ਕਿ ਉਹ ਇਸ ਨੂੰ ਟਰੌਮਾ (ਸਦਮਾ ਜੋ ਜਹਿਨੀ ਤੌਰ ਉੱਤੇ ਤਕਲੀਫ਼ਦੇਹ ਹੋਵੇ) ਵਰਗੇ ਸ਼ਬਦਾਂ ਨਾਲ ਕਿਉਂ ਜੋੜ ਦਿੰਦੇ ਹਨ।

ਤੇ ਇਹ ਸਿਰਫ਼ ਪੰਜਾਬ ਹੀ ਨਹੀਂ ਬਲਕਿ ਦੁਨੀਆਂ ਭਰ ਵਿੱਚ ਇਸ ਉਮਰ ਦੇ ਬੱਚਿਆਂ ਵਿੱਚੋਂ ਬਹੁਤਿਆਂ ਦੇ ਮਾਪੇ ਆਪਣੇ ਨਿਆਣਿਆ ਦੇ ਸਮਾਜਿਕ ਮਿਲਵਰਤਣ ਅਤੇ ਔਖਿਆਈਆਂ ਨਾਲ ਨਜਿੱਣਠ ਦੇ ਤਰੀਕੇ ਨੂੰ ਲੈ ਕੇ ਹੈਰਾਨ ਹਨ।

ਮਨੋਵਿਗਿਆਨ ਦੇ ਮਾਹਰ ਇਸ ਨੂੰ ਜੈੱਨ ਜ਼ੀ ਦੇ 'ਆਪਣਾ ਬਚਾਅ ਕਰਨ ਦੇ ਤਰੀਕੇ' ਵਜੋਂ ਦੇਖਦੇ ਹਨ। ਜੈੱਨ ਜ਼ੀ ਯਾਨਿ ਉਹ ਪੀੜ੍ਹੀ ਜਿਸ ਦਾ ਜਨਮ ਸਾਲ 1997 ਤੋਂ 2012 ਦਰਮਿਆਨ ਹੋਇਆ।

ਉਹ ਪੀੜ੍ਹੀ ਜਿਸ ਦੇ ਸਮਾਜਿਕ ਵਰਤਾਰੇ ਬਾਰੇ ਸੋਸ਼ਲ ਮੀਡੀਆ ਉੱਤੇ ਰੀਲਾਂ ਦੀ ਭਰਮਾਰ ਹੈ ਅਤੇ ਸਮਾਜ ਸ਼ਾਸਤਰੀ ਉਨ੍ਹਾਂ ਦੇ ਰਵੱਈਏ ਉੱਤੇ ਖੋਜਾਂ ਕਰ ਰਹੇ ਸਨ।

ਅਸੀਂ ਮਨੋਵਿਗਿਆਨ ਅਤੇ ਸਮਾਜ ਵਿਗਿਆਨ ਦੇ ਮਾਹਰਾਂ ਨਾਲ ਗੱਲਬਾਤ ਜ਼ਰੀਏ ਜਾਣਨ ਦੀ ਕੋਸ਼ਿਸ਼ ਕੀਤੀ ਕਿ ਜੈੱਨ ਜ਼ੀ ਲਈ 'ਟਰੌਮਾ' ਸ਼ਬਦ ਵਰਤਣਾ ਇੰਨਾ ਸੌਖਾ ਕਿਉਂ ਹੈ ਅਤੇ ਉਹ ਪਿਛਲੀ ਪੀੜ੍ਹੀ ਦੇ ਮੁਕਾਬਲੇ ਕਿਸੇ ਤਲਖ਼ ਸਥਿਤੀ ਨੂੰ ਵੱਖਰੇ ਰੂਪ ਵਿੱਚ ਕਿਉਂ ਲੈਂਦੇ ਹਨ।

ਮਾਪੇ, ਦੋਸਤ ਜਾਂ ਸਹਿਕਰਮੀ ਉਨ੍ਹਾਂ ਦੀ ਸਮਾਜਿਕ ਸਥਿਤੀ ਨਾਲ ਨਜਿੱਠਣ ਵਿੱਚ ਕਿਵੇਂ ਮਦਦ ਕਰ ਸਕਦੇ ਹਨ।

ਟਰੌਮਾ ਕੀ ਹੈ?

ਟਰੌਮਾ ਸ਼ਬਦ ਦਾ ਪੰਜਾਬੀ ਵਿੱਚ ਸ਼ਾਬਦਿਕ ਅਰਥ ਸਦਮਾ ਹੈ।

ਕੈਂਬਰਿਜ ਡਿਕਸ਼ਨਰੀ ਦੇ ਮੁਤਾਬਕ ਟਰੌਮਾ ਉਹ ਸਥਿਤੀ ਹੈ ਜਿਸ ਵਿੱਚ ਕੋਈ ਵਿਅਕਤੀ ਕਿਸੇ ਅਜਿਹੀ ਪ੍ਰੇਸ਼ਾਨੀ ਦਾ ਅਨੁਭਵ ਕਰਦਾ ਹੈ, ਜਿਸ ਨਾਲ ਉਹ ਭਾਵਨਾਤਮਕ ਤੌਰ 'ਤੇ ਨਜਿੱਠਣ ਦੀ ਸਮਰੱਥਾ ਨਹੀਂ ਰੱਖਦਾ।

ਇਹ ਅਜਿਹੀ ਸਥਿਤੀ ਹੈ ਜਿਸ ਵਿੱਚ ਇਨਸਾਨ ਜਿਉਂਦੇ ਰਹਿਣ ਦੀ ਭਾਵਨਾ ਨਾਲ ਜੱਦੋਜਹਿਦ ਕਰਨ ਲੱਗਦਾ ਹੈ। ਇਹ ਵਰਤਾਰਾ ਕਿਸੇ ਇੱਕ ਘਟਨਾ ਕਰਕੇ ਵੀ ਹੋ ਸਕਦਾ ਹੈ ਅਤੇ ਲਗਾਤਾਰ ਵਾਪਰੀਆਂ ਘਟਨਾਵਾਂ ਕਰਕੇ ਵੀ।

ਕੈਲੀਫ਼ੋਰਨੀਆ ਅਧਾਰਿਤ ਮਨੋਵਿਗਿਆਨੀ ਪੇਟ ਵਾਲਕਰ ਨੇ ਹਾਲ ਹੀ ਵਿੱਚ ਜੈੱਨ ਜ਼ੀ ਦੇ ਟਰੌਮਾ ਦੀ ਸਥਿਤੀ ਨਾਲ ਪਿਛੜੀ ਪੀੜ੍ਹੀ ਦੇ ਮੁਕਾਬਲੇ ਵੱਖਰੇ ਤਰੀਕੇ ਨਾਲ ਨਜਿੱਠਣ ਦਾ ਜ਼ਿਕਰ ਕੀਤਾ।

ਪੇਟ ਜੋ ਸਮਾਜਿਕ ਮਨੋਵਿਗਿਆਨ ਦੇ ਅਧਿਐਨਕਰਤਾ ਹਨ, ਉਨ੍ਹਾਂ ਨੇ ਜੈੱਨ ਜ਼ੀ ਦੇ ਰਵੱਈਏ ਨੂੰ ਦਰਸਾਉਣ ਲਈ ਇੱਕ ਨਵਾਂ ਸ਼ਬਦ 'ਫ਼ਾਨਿੰਗ' ਦਿੱਤਾ।

ਉਹ ਸਥਿਤੀ ਜਿਸ ਵਿੱਚ ਬਹੁਤੇ ਲੋਕ ਆਪਣਾ ਪੱਖ ਛੱਡ ਕੇ ਦੂਜਿਆਂ ਨਾਲ ਸਹਿਮਤੀ ਪ੍ਰਗਟਾਉਣ ਲੱਗਦੇ ਹਨ ਤਾਂ ਜੋ ਤਲਖ਼ੀ ਖ਼ਤਮ ਹੋਵੇ।

ਪੇਟ ਮੁਤਾਬਕ ਵੱਡੀ ਗਿਣਤੀ ਜੈੱਨ ਜ਼ੀ ਵਿਰੋਧੀ ਹਾਲਾਤ ਹੋਣ ਤਾਂ ਲੋਕਾਂ ਨੂੰ ਭਰਮਾਉਣ ਵਾਲੀਆਂ ਗੱਲਾਂ ਕਰਨ ਲਗਦੇ ਹਨ। ਬੇਲੋੜੀ ਹਾਂ ਵਿੱਚ ਹਾਂ ਮਿਲਾਉਂਦੇ ਹਨ ਅਤੇ ਲੋਕਾਂ ਦੀ ਪਸੰਦ ਅਤੇ ਰੁਚੀ ਨੂੰ ਅਹਿਮੀਅਤ ਦੇਣ ਲੱਗਦੇ ਹਨ।

ਹਾਲਾਂਕਿ ਟਰੌਮਾ ਨਾਲ ਨਜਿੱਠਣ ਦਾ ਇਹ ਤਰੀਕਾ ਹਮੇਸ਼ਾ ਇਸ ਤਰ੍ਹਾਂ ਨਹੀਂ ਸੀ।

ਜੈੱਨ ਜ਼ੀ ਵਾਸਤੇ ਟਰੌਮਾ ਵੱਖਰਾ ਕਿਵੇਂ

ਤੁਹਾਡੇ ਮਾਪਿਆਂ, ਆਧਿਆਪਕਾਂ ਜਾਂ ਪਰਿਵਾਰ ਦੇ ਵੱਡੇ ਬਜ਼ੁਰਗਾਂ ਨੇ ਵੀ ਕਦੇ ਨਾ ਕਦੇ 'ਡਟ ਕੇ ਮੁਕਾਬਲਾ ਕਰਨ ਦਾ' ਸਬਕ ਤੁਹਾਨੂੰ ਪੜ੍ਹਾਇਆ ਹੋਵੇਗਾ।

ਤਾਂ ਸਵਾਲ ਪੈਦਾ ਹੁੰਦਾ ਹੈ ਕਿ ਕੀ ਜੈੱਨ ਜ਼ੀ ਦੇ ਮਾਪੇ ਇਹ ਸਬਕ ਦੇਣਾ ਭੁੱਲ ਗਏ ਸਨ।

ਇਸ ਸਵਾਲ ਦਾ ਜਵਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਨੋਵਿਗਿਆਨ ਵਿਭਾਗ ਦੇ ਪ੍ਰੋਫ਼ੈਸਰ ਡਾਕਟਰ ਮਨਦੀਪ ਕੌਰ ਦਿੰਦੇ ਹਨ।

ਡਾਕਟਰ ਮਨਦੀਪ ਸੋਸ਼ਲ ਸਾਇਕਾਲੋਜੀ ਅਤੇ ਕਾਊਂਸਲਿੰਗ ਦੇ ਮਾਹਰ ਹਨ। ਉਹ ਜੈੱਨ ਜ਼ੀ ਦੀ ਹਾਂ ਵਿੱਚ ਹਾਂ ਮਿਲਾ ਕੇ ਕਿਸੇ ਵੀ ਬਹਿਸ ਜਾਂ ਤਲਖ਼ੀ ਤੋਂ ਬਚਣ ਦੇ ਤਰੀਕੇ ਨੂੰ ਸਮਝਾਉਂਦੇ ਹਨ।

ਉਹ ਕਹਿੰਦੇ ਹਨ, "ਮਨੋਵਿਗਿਆਨ ਵਿੱਚ ਇੱਕ ਥਿਊਰੀ ਹੈ 'ਫ਼ਾਈਟ ਆਰ ਫ਼ਲਾਈਟ' ਦੀ। ਜਿਸ ਦਾ ਮਤਲਬ ਹੈ ਜੇ ਕੋਈ ਮੁਸ਼ਕਿਲ ਸਥਿਤੀ ਹੋਵੇ ਤਾਂ ਜਾਂ ਤਾਂ ਉਸ ਵਿੱਚੋਂ ਨਿਕਲਣ ਲਈ ਜੱਦੋਜਹਿਦ ਕਰੋ ਜਾਂ ਫ਼ਿਰ ਅੱਖਾਂ ਮੀਟ ਕੇ ਉੱਡ ਜਾਓ।"

"ਜੈੱਨ ਜ਼ੀ ਉਹ ਪੀੜੀ ਹੈ ਜਿਸ ਦੇ ਮਾਪੇ ਹੁਣ ਆਪਣੇ ਚਾਲੀਵਿਆਂ ਜਾਂ ਪੰਜਾਵਿਆਂ ਵਿੱਚ ਹਨ। ਜਦੋਂ ਉਹ ਵੱਡੇ ਹੋਏ ਤਾਂ ਦੌਰ ਹੁਣ ਦੇ ਮੁਕਬਾਲੇ ਬਹੁਤ ਤੇਜ਼ ਬਦਲਾਵਾਂ ਭਰਿਆ ਸੀ। ਦੁਨੀਆਂ ਭਰ ਵਿੱਚ ਤਕਨੀਕੀ ਕ੍ਰਾਂਤੀ ਆ ਰਹੀ ਸੀ, ਆਰਥਿਕ ਵਿਕਾਸ ਨੂੰ ਅਹਿਮੀਅਤ ਦਿੱਤੀ ਜਾ ਰਹੀ ਸੀ।"

"ਇਹ ਪੀੜ੍ਹੀ ਜਿਸ ਨੂੰ ਮਿਲੇਨੀਅਲ ਜੈਨਰੇਸ਼ਨ ਕਿਹਾ ਜਾਂਦਾ ਹੈ ਆਪਣੇ ਆਪ ਨੂੰ ਸਾਬਤ ਕਰਨ ਅਤੇ ਆਰਥਿਕ ਤੌਰ ਉੱਤੇ ਆਤਮ-ਨਿਰਭਰ ਹੌਣ ਦੀ ਜਦੋਜਹਿਦ ਕਰਨ ਵਾਲੀ ਪੀੜ੍ਹੀ ਸੀ।"

ਡਾਕਟਰ ਮਨਦੀਪ ਕਹਿੰਦੇ ਹਨ, "ਮਿਲੇਨੀਅਲ ਪੀੜ੍ਹੀ ਨੇ ਆਪਣੇ ਬੱਚੇ ਪਾਲਣੇ ਸ਼ੁਰੂ ਕੀਤੇ ਤਾਂ ਸਮਾਜਿਕ ਡਿਸਕੋਰਸ ਸੀ ਕਿ ਨਿਆਣੇ ਸਾਡੇ ਜਿੰਨਾ ਤੰਗ ਨਾ ਹੋਣ। ਯਾਨਿ ਸਾਡੀ ਪੀੜ੍ਹੀ ਦੀ ਜਿਹੜੀ ਆਪਣੇ ਆਪ ਨੂੰ ਸਾਬਤ ਕਰਨ ਦੀ ਲੜਾਈ ਸੀ ਇਸ ਵਿੱਚ ਨਾ ਪੈਣ।"

"ਉਨ੍ਹਾਂ ਨੂੰ ਪਾਲਿਆ ਹੀ ਇਸ ਤਰ੍ਹਾਂ ਗਿਆ ਕਿ ਉਮਰ ਦੇ ਹਾਣ ਦੀਆਂ ਜ਼ਿੰਮੇਵਾਰੀਆਂ ਵੀ ਨਹੀਂ ਦਿੱਤੀਆਂ ਗਈਆਂ। ਉਨ੍ਹਾਂ ਦੀ ਇਹ ਟਰੇਨਿੰਗ ਹੀ ਨਹੀਂ ਹੋਈ ਕਿ ਕੋਈ ਕੰਮ ਮੁਕੰਮਲ ਕਰਨਾ ਹੈ ਚਾਹੇ ਮੀਂਹ ਹੋਵੇ ਤਾਂ ਹਨੇਰੀ। ਜਿਸ ਦਾ ਨਤੀਜਾ ਹੈ ਉਹ ਕਿਸੇ ਵੀ ਤਲਖ਼ ਭਾਵ ਤੋਂ ਬਚਣ ਦੀ ਚੋਣ ਕਰਦੇ ਹਨ।"

ਡਾਕਟਰ ਨਵਦੀਪ ਕਹਿੰਦੇ ਹਨ, "ਘਰਾਂ ਦੇ ਅੰਦਰ ਤਾਂ ਇਸ ਕਦਰ ਨਰਮ ਹਿਰਦੇ ਨਾਲ ਜੀਵਿਆ ਜਾ ਸਕਦਾ ਹੈ ਪਰ ਸਮਾਜ ਵਿੱਚ ਨਹੀਂ ਇਸੇ ਲਈ ਉਨ੍ਹਾਂ ਨੂੰ ਹਰ ਛੋਟੀ ਗੱਲ ਜੋ ਮਨ ਨੂੰ ਥੋੜ੍ਹੀ ਜਿਹੀ ਵੀ ਠੇਸ ਪਹੁੰਚਾਉਂਦੀ ਹੈ ਉਹ ਟਰੌਮਾ ਲੱਗਦੀ ਹੈ।"

ਤਕਨੀਕ ਦਾ ਸੁਭਾਅ ਉੱਤੇ ਅਸਰ

ਮਨਦੀਪ ਜਿਨ੍ਹਾਂ ਦੀ ਖ਼ੁਦ ਦੀ ਧੀ ਵੀ ਜੈੱਨ ਜ਼ੀ ਹੈ ਦੱਸਦੇ ਹਨ, "ਜੈੱਨ ਜ਼ੀ ਜਦੋਂ ਵੱਡੇ ਹੋ ਰਹੇ ਸਨ ਤਾਂ ਤਕਨੀਕ ਦਾ ਵਿਕਾਸ ਆਪਣੇ ਸਿਖ਼ਰ ਉੱਤੇ ਸੀ। ਮਾਪਿਆ ਦੇ ਹੱਥਾਂ ਵਿੱਚ ਵੀ ਸਮਾਰਟ ਫ਼ੋਨ ਸਨ ਅਤੇ ਉਹ ਦੁਨੀਆਂ ਦਾ ਵਿਸਥਾਰ ਲੈਪਟਾਪ ਦੀ ਸਕਰੀਨ ਜ਼ਰੀਏ ਦੇਖ ਰਹੇ ਸਨ।"

"ਇਸ ਤਰ੍ਹਾਂ ਬੱਚਿਆਂ ਲਈ ਇਹ ਸਭ ਅਪਣਾਉਣਾ ਸਹਿਜ ਸੀ। ਉਨ੍ਹਾਂ ਦੇ ਮਨ ਦੀ ਕੋਰੀ ਸਲੇਟ ਉੱਤੇ ਤਕਨੀਕ ਜ਼ਰੀਏ ਵਿਸ਼ਾਲ ਦੁਨੀਆਂ ਨੇ ਛਾਪ ਛੱਡੀ। ਸਾਨੂੰ ਨਾਲ ਦੇ ਸ਼ਹਿਰ ਵਿੱਚ ਕੀ ਹੋ ਰਿਹਾ ਨਹੀਂ ਸੀ ਪਤਾ ਹੁੰਦਾ ਸੀ, ਉਨ੍ਹਾਂ ਕੋਲ ਦੁਨੀਆਂ ਭਰ ਦੀ ਜਾਣਕਾਰੀ ਇੱਕ ਕਲਿੱਕ ਦੀ ਦੂਰੀ ਉੱਤੇ ਹੈ।"

"ਇਸ ਤਰ੍ਹਾਂ ਹੌਲੀ ਹੌਲੀ ਉਹ ਜਿਸ ਨੂੰ ਅਸੀਂ ਵਿਸਥਾਰ ਮੰਨ ਰਹੇ ਸੀ ਉਸ ਨੇ ਸਾਡੀ ਅਗਲੀ ਪੀੜ੍ਹੀ ਦੀ ਦੁਨੀਆਂ ਇੱਕ ਕਮਰੇ ਤੱਕ ਸੀਮਤ ਕਰ ਦਿੱਤੀ। ਹੁਣ ਉਹ 'ਡਿਜੀਟਲ ਵਰਲਡ' ਦਾ ਹਿੱਸਾ ਹਨ।"

"ਇੱਕ ਹੋਰ ਪੱਖ ਹੈ ਕਿ ਜੈੱਨ ਜ਼ੀ ਨੂੰ ਪਰਿਵਾਰ ਅਤੇ ਅਣਜਾਣ ਲੋਕਾਂ ਦੇ ਵਿਵਹਾਰ ਦਾ ਬਹੁਤਾ ਕਰਕੇ ਸਾਹਮਣਾ ਨਹੀਂ ਕਰਨਾ ਪੈਂਦਾ। ਉਨ੍ਹਾਂ ਦੀ ਆਮ ਭਾਰੂ ਭਾਵਨਾ ਹੈ ਆਪਣੇ ਸੇਫ਼ ਜ਼ੋਨ ਵਿੱਚ ਰਹਿਣ ਦੀ ਯਾਨਿ ਆਪਣਾ ਸਕੂਨ ਬਣਾਈ ਰੱਖਣ ਦੀ ਤਾਂ ਜੋ ਉਹ ਜੋ ਚਾਹੁੰਦੇ ਉਸ ਵਿੱਚ ਕਿਸੇ ਦੂਜੇ ਦੀ ਦਖ਼ਲਅੰਦਾਜ਼ੀ ਨਾ ਹੋਵੇ।"

"ਇਹ ਸਾਰਾ ਕੁਝ ਜੈੱਨ ਜ਼ੀ ਨੂੰ ਫ਼ਾਨਿੰਗ ਯਾਨਿ ਲੋਕਾਂ ਦੀ ਹਾਂ ਵਿੱਚ ਹਾਂ ਮਿਲਾ ਕੇ ਗੱਲ ਖ਼ਤਮ ਕਰਨ ਲਈ ਪ੍ਰੇਰਿਤ ਕਰਦਾ ਹੈ।"

ਸੇਫ਼ ਜ਼ੋਨ ਕੀ ਹੈ

ਡਾਕਟਰ ਮਨਦੀਪ ਕਹਿੰਦੇ ਹਨ, "ਅਸੀਂ ਜਦੋਂ ਬੱਚਿਆਂ ਨੂੰ ਬਹੁਤ ਹੀ ਸੁਰੱਖਿਅਤ ਮਾਹੌਲ ਵਿੱਚ ਪਾਲਦੇ ਹਾਂ। ਇਕੱਲੇ ਘਰ ਤੋਂ ਕਿਤੇ ਜਾਣ ਨਹੀਂ ਦੇਣਾ। ਅਤੇ ਫ਼ਿਰ ਉਨ੍ਹਾਂ ਕੋਲ ਆਨਲਾਈਨ ਸੁਵਿਧਾਵਾਂ ਇੰਨੀਆਂ ਹਨ ਕਿ ਬਾਜ਼ਾਰ ਵੀ ਹੁਣ ਫ਼ੋਨ ਵਿੱਚ ਸਿਮਟ ਗਿਆ ਹੈ।

ਅਜਿਹੇ ਵਿੱਚ ਜੈੱਨ ਜ਼ੀ ਦੀ ਸੋਚ ਦੀ ਆਪਣੀ ਦੁਨੀਆ ਹੈ ਜਿਸ ਵਿੱਚ ਬਾਹਰੀ ਦਖ਼ਲਅੰਦਾਜ਼ੀ ਫ਼ਿਜ਼ੀਕਲ ਤੌਰ ਉੱਤੇ ਬਹੁਤ ਘੱਟ ਹੈ ਡਿਜੀਟਲ ਭਾਵੇਂ ਹੋਵੇ ਜੋ ਕਿ ਕਾਫ਼ੀ ਹੱਦ ਤੱਕ ਉਨ੍ਹਾਂ ਦੇ ਕੰਟਰੋਲ ਵਿੱਚ ਹੁੰਦੀ ਹੈ।

ਉਹ ਕਹਿੰਦੇ ਹਨ ਕਿ ਜਦੋਂ ਕੋਈ ਵਿਅਕਤੀ ਲੋਕਾਂ ਦੇ ਮੂਡ, ਉਨ੍ਹਾਂ ਦੀਆਂ ਤਰਜੀਹਾਂ ਦਾ ਸਾਹਮਣਾ ਬਹੁਤ ਘੱਟ ਕਰਦਾ ਹੈ ਤਾਂ ਅਜਿਹੀ ਸਥਿਤੀ ਪੈਦਾ ਹੋਣ ਉੱਤੇ ਨਜ਼ਰਅੰਦਾਜ਼ ਕਰਕੇ ਆਪਣਾ ਸਕੂਨ ਬਣਾਈ ਰੱਖਣਾ ਬਿਹਤਰ ਚੋਣ ਹੁੰਦੀ ਹੈ।

ਉਹ ਕਹਿੰਦੇ ਹਨ ਕਿ ਮਾਨਸਿਕ ਰੋਗਾਂ ਪ੍ਰਤੀ ਜੈੱਨ ਜ਼ੀ ਭਰਪੂਰ ਜਾਣਕਾਰੀ ਹੈ, ਜਿਸ ਨੇ ਉਨ੍ਹਾਂ ਨੂੰ ਆਪਣੇ ਮਨ ਦਾ ਧਿਆਨ ਰੱਖਣਾ ਵੀ ਸਿਖਾਇਆ ਹੈ। ਇਹ ਵੀ ਇੱਕ ਕਾਰਨ ਹੈ ਕਿ ਉਹ ਬਹਿਸ ਦੀ ਬਜਾਇ ਜਾਂ ਕਈ ਵਾਰ ਆਪਣਾ ਤਰਕ ਦੇਣ ਦੀ ਬਜਾਇ ਮਾਮਲਾ ਖ਼ਤਮ ਕਰਨ ਨੂੰ ਤਰਜੀਹ ਦਿੰਦੇ ਹਨ।

ਡਾਕਟਰ ਮਨਦੀਪ ਸਲਾਹ ਦਿੰਦੇ ਹਨ ਕਿ ਮਾਪਿਆਂ ਅਤੇ ਹੋਰ ਨਜ਼ਦੀਕੀਆਂ ਨੂੰ ਜੈੱਨ ਜ਼ੀ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਲੋੜ ਹੈ ਨਾ ਕਿ ਹਰ ਮਸਲੇ ਉੱਤੇ ਪ੍ਰਚਾਰ ਦੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)