ਭਗਵੰਤ ਮਾਨ ਦੀ ਪ੍ਰਧਾਨ ਮੰਤਰੀ ਮੋਦੀ ਬਾਰੇ ਟਿੱਪਣੀ ’ਤੇ ਭਾਜਪਾ: ‘ਮੁੱਖ ਮੰਤਰੀ ਬਣਨ ਮਗਰੋਂ ਵੀ ਭਗਵੰਤ ਮਾਨ ਕਾਮੇਡੀਅਨ ਦੀ ਭੂਮਿਕਾ ਨਿਭਾ ਰਹੇ’

ਨਰਿੰਦਰ ਮੋਦੀ ਅਤੇ ਭਗਵੰਤ ਮਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਦੇ ਸੀਐਮ ਮਾਨ ਨੇ ਪੀਐਮ ਮੋਦੀ ਦੇ ਹਾਲੀਆ ਵਿਦੇਸ਼ੀ ਦੌਰਿਆਂ ਨੂੰ ਲੈ ਕੇ ਉਨ੍ਹਾਂ 'ਤੇ ਤੰਜ ਕੱਸਿਆ ਹੈ

"ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਦੇਸ਼ਾਂ ਦੇ ਦੌਰਾ 'ਤੇ ਗਏ ਸਨ, ਉਨ੍ਹਾਂ ਦੇਸ਼ਾਂ ਦੀ ਆਬਾਦੀ ਨਾਲੋਂ ਜ਼ਿਆਦਾ ਲੋਕ ਜੇਸੀਬੀ ਦੀ ਖੁਦਾਈ ਦੇਖਣ ਲਈ ਇਕੱਠੇ ਹੋ ਜਾਂਦੇ ਹਨ।"

ਇਹ ਟਿੱਪਣੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਹੈ।

ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ, ਮੁੱਖ ਮੰਤਰੀ ਭਗਵੰਤ ਮਾਨ ਨੇ ਅੰਤ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦਾ ਜ਼ਿਕਰ ਕਰਦੇ ਹੋਏ ਇਹ ਤੰਜ ਕੱਸਿਆ।

ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਵੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਦਿੱਤੇ ਬਿਆਨ ਨੂੰ ਦੁਹਰਾਇਆ।

ਕੁਝ ਘੰਟਿਆਂ ਬਾਅਦ, ਭਾਰਤੀ ਵਿਦੇਸ਼ ਮੰਤਰਾਲੇ ਨੇ ਬਿਨਾਂ ਕੋਈ ਨਾਮ ਲਏ, ਇਸ ਟਿੱਪਣੀ ਨੂੰ 'ਗੈਰ-ਜ਼ਿੰਮੇਦਾਰਾਨਾ ਅਤੇ ਅਫਸੋਸਜਨਕ' ਦੱਸਿਆ।

ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ, ਅਰਜਨਟੀਨਾ, ਬ੍ਰਾਜ਼ੀਲ ਅਤੇ ਨਾਮੀਬੀਆ ਦੇ ਦੌਰੇ ਤੋਂ ਵਾਪਸ ਆਏ ਹਨ।

ਭਗਵੰਤ ਮਾਨ ਦੀ ਟਿੱਪਣੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਭਾਰਤੀ ਜਨਤਾ ਪਾਰਟੀ ਨੇ ਕਿਹਾ ਹੈ ਕਿ ਉਹ "ਮੁੱਖ ਮੰਤਰੀ ਬਣਨ ਦੇ ਬਾਵਜੂਦ ਅਜੇ ਵੀ ਇੱਕ ਕਾਮੇਡੀਅਨ ਦੀ ਭੂਮਿਕਾ ਨਿਭਾ ਰਹੇ ਹਨ।" ਪਾਰਟੀ ਨੇ ਉਨ੍ਹਾਂ ਦੇ ਅਸਤੀਫ਼ੇ ਦੀ ਵੀ ਮੰਗ ਵੀ ਕੀਤੀ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

ਤਸਵੀਰ ਸਰੋਤ, Bhagwant Mann/X

ਤਸਵੀਰ ਕੈਪਸ਼ਨ, ਸੀਐਮ ਮਾਨ ਦੀ ਟਿੱਪਣੀ ਦੀ ਆਲੋਚਨਾ ਕਰਦੇ ਹੋਏ ਭਾਜਪਾ ਆਗੂਆਂ ਨੇ ਇਸ ਨੂੰ ਅਫਸੋਸਜਨਕ ਕਰਾਰ ਦਿੱਤਾ ਹੈ

ਵਿਦੇਸ਼ ਮੰਤਰਾਲੇ ਦੀ ਪ੍ਰਤੀਕਿਰਿਆ ਅਤੇ ਭਾਜਪਾ ਆਗੂਆਂ ਦੇ ਬਿਆਨਾਂ ਤੋਂ ਬਾਅਦ, ਭਗਵੰਤ ਮਾਨ ਪੰਜਾਬ ਵਿਧਾਨ ਸਭਾ ਵਿੱਚ ਇਸ ਵਿਸ਼ੇ 'ਤੇ ਬੋਲੇ।

ਸੀਐੱਮ ਮਾਨ ਨੇ ਵਿਧਾਨ ਸਭਾ ਵਿੱਚ ਜੇਸੀਬੀ ਬਿਆਨ ਦੁਹਰਾਇਆ ਅਤੇ ਕਿਹਾ, "ਕੀ ਮੈਨੂੰ ਹੱਕ ਨਹੀਂ ਹੈ ਕਿ ਪ੍ਰਧਾਨ ਮੰਤਰੀ ਤੋਂ ਵਿਦੇਸ਼ ਨੀਤੀ ਬਾਰੇ ਪੁੱਛ ਸਕਾਂ? ਤੁਸੀਂ ਕਿਹੜੇ-ਕਿਹੜੇ ਦੇਸ਼ਾਂ 'ਚ ਜਾਂਦੇ ਹੋ ਅਤੇ ਕੀ ਇਹ ਦੇਸ਼ ਬਾਅਦ ਵਿੱਚ ਸਾਡਾ ਸਾਥ ਦਿੰਦੇ ਹਨ? ਪਾਕਿਸਤਾਨ ਨਾਲ ਸਬੰਧ ਵਿਗੜੇ ਤਾਂ ਇੱਕ ਵੀ ਦੇਸ਼ ਨੇ ਤੁਹਾਡਾ ਸਾਥ ਦਿੱਤਾ? ਤਾਂ ਕਿਉਂ ਅੱਧੀ ਦੁਨੀਆਂ ਘੁੰਮਦੇ ਫਿਰ ਰਹੇ ਹੋ?"

ਸੀਐੱਮ ਮਾਨ ਤੋਂ ਪਹਿਲਾਂ, ਕਾਂਗਰਸ ਨੇ ਵੀ ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ ਦੌਰਿਆਂ 'ਤੇ ਸਵਾਲ ਉਠਾਏ ਹਨ। ਸੀਨੀਅਰ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਵੀਰਵਾਰ ਨੂੰ ਤੰਜ ਕੱਸਦਿਆਂ ਕਿਹਾ ਸੀ ਕਿ ਹੁਣ ਸ਼ਾਇਦ ਪ੍ਰਧਾਨ ਮੰਤਰੀ ਨੂੰ ਮਣੀਪੁਰ ਜਾਣ ਦਾ ਸਮਾਂ ਮਿਲ ਜਾਵੇ।

ਭਗਵੰਤ ਮਾਨ ਨੇ ਕੀ ਕਿਹਾ?

ਨਰਿੰਦਰ ਮੋਦੀ ਅਤੇ ਭਗਵੰਤ ਮਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਿਨ੍ਹਾਂ ਦੇਸ਼ਾਂ 'ਚ ਦੌਰੇ ਕਰਦੇ ਹਨ ਉਹ ਦੇਸ਼ ਸਮਾਂ ਆਉਣ 'ਤੇ ਸਾਥ ਨਹੀਂ ਦਿੰਦੇ

ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਇਸ ਦੌਰਾਨ, ਉਨ੍ਹਾਂ ਨੇ ਪੰਜਾਬ ਵਿੱਚ ਪਾਣੀ ਦੀ ਸਮੱਸਿਆ ਨਾਲ ਸਬੰਧਤ ਇੱਕ ਸਵਾਲ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਾਅਨਾ ਮਾਰਿਆ।

ਸੀਐੱਮ ਮਾਨ ਨੇ ਕਿਹਾ, "ਪ੍ਰਧਾਨ ਮੰਤਰੀ ਕਿੱਥੇ ਗਏ ਹੋਏ ਹਨ, ਘਾਨਾ ਗਏ ਹੋਏ ਹਨ?... ਅੱਜ ਆ ਗਏ ਹਨ? ਚਲੋ-ਚਲੋ, ਦੇਸ਼ 'ਚ ਵੈਲਕਮ ਕਰਾਂਗੇ ਉਨ੍ਹਾਂ ਦਾ। ਪਤਾ ਨਹੀਂ ਕਿਹੜੇ-ਕਿਹੜੇ ਦੇਸ਼ਾਂ ਵਿੱਚ ਜਾਂਦੇ ਹਨ - ਮੈਗਨੇਸੀਆ, ਗਲਵੇਸ਼ੀਆ, ਤਰਵੇਸ਼ੀਆ। ਪਤਾ ਨਹੀਂ ਕਿੱਥੇ-ਕਿੱਥੇ ਜਾ ਰਹੇ ਹਨ।"

ਤੰਜ ਨੂੰ ਹੋਰ ਅੱਗੇ ਵਧਾਉਂਦੇ ਹੋਏ ਉਨ੍ਹਾਂ ਕਿਹਾ, "ਜਿੱਥੇ (ਭਾਰਤ 'ਚ) 140 ਕਰੋੜ ਲੋਕ ਰਹਿ ਰਹੇ ਹਨ, ਉੱਥੇ ਉਹ ਰਹਿ ਨਹੀਂ ਰਹੇ। ਜਿਸ ਦੇਸ਼ 'ਚ ਜਾ ਰਹੇ, ਉਸਦੀ ਆਬਾਦੀ ਕਿੰਨੀ - ਦਸ ਹਜ਼ਾਰ। ਉਸ ਦੇਸ਼ ਦਾ ਸਭ ਤੋਂ ਵੱਡਾ ਪੁਰਸਕਾਰ ਮਿਲ ਗਿਆ। ਦਸ ਹਜ਼ਾਰ ਲੋਕ ਤਾਂ ਭਾਈ ਸਾਬ੍ਹ ਜੇਸੀਬੀ ਦੇਖਣ ਲਈ ਖੜ੍ਹੇ ਹੋ ਜਾਂਦੇ ਹਨ ਇੱਥੇ। ਜੇਸੀਬੀ ਚੱਲ ਰਹੀ ਹੈ ਓਏ ਜੇਸੀਬੀ।"

ਅੰਤ ਵਿੱਚ ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ 11 ਸਾਲਾਂ ਵਿੱਚ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਹੈ, ਜਦਕਿ ਉਹ (ਭਗਵੰਤ ਮਾਨ) ਹਰ ਰੋਜ਼ ਪ੍ਰੈਸ ਕਾਨਫਰੰਸ ਕਰਦੇ ਹਨ।

ਇਸ ਤੋਂ ਪਹਿਲਾਂ, ਸੀਨੀਅਰ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ ਸੀ, "ਭਾਰਤ ਆਪਣੇ ਸੁਪਰ ਪ੍ਰੀਮੀਅਮ ਫ੍ਰੀਕੁਐਂਟ ਫਲਾਇਰ ਪ੍ਰਧਾਨ ਮੰਤਰੀ ਦਾ ਸਵਾਗਤ ਕਰਦਾ ਹੈ, ਜੋ ਸ਼ਾਇਦ ਅਗਲੀ ਵਿਦੇਸ਼ ਯਾਤਰਾ ਤੋਂ ਪਹਿਲਾਂ ਤਿੰਨ ਹਫ਼ਤੇ ਦੇਸ਼ ਵਿੱਚ ਰਹਿਣਗੇ।"

ਉਨ੍ਹਾਂ ਅੱਗੇ ਲਿਖਿਆ, "ਹੁਣ ਜਦੋਂ ਉਹ ਦੇਸ਼ ਵਿੱਚ ਹਨ, ਤਾਂ ਸ਼ਾਇਦ ਉਨ੍ਹਾਂ ਨੂੰ ਮਣੀਪੁਰ ਜਾਣ ਦਾ ਸਮਾਂ ਮਿਲ ਜਾਵੇ, ਜਿੱਥੇ ਲੋਕ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਉਨ੍ਹਾਂ ਦੀ ਉਡੀਕ ਕਰ ਰਹੇ ਹਨ।"

ਬਿਆਨ ਅਹੁਦੇ ਦੀ ਗਰਿਮਾ ਅਨੁਸਾਰ ਨਹੀਂ ਹੈ: ਵਿਦੇਸ਼ ਮੰਤਰਾਲਾ

ਵਿਦੇਸ਼ ਮੰਤਰਾਲਾ

ਮੀਡੀਆ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਵਿਦੇਸ਼ ਮੰਤਰਾਲੇ ਨੇ ਭਗਵੰਤ ਮਾਨ ਦੇ ਬਿਆਨ ਦਾ ਜਵਾਬ ਦਿੱਤਾ ਹੈ। ਹਾਲਾਂਕਿ, ਮੰਤਰਾਲੇ ਵੱਲੋਂ ਨਾ ਤਾਂ ਭਗਵੰਤ ਮਾਨ ਅਤੇ ਨਾ ਹੀ ਕਿਸੇ ਹੋਰ ਵਿਅਕਤੀ ਦਾ ਨਾਮ ਲਿਆ ਗਿਆ ਹੈ।

ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, "ਅਸੀਂ ਇੱਕ ਉੱਚ ਸਰਕਾਰੀ ਅਹੁਦੇਦਾਰ ਦੁਆਰਾ ਭਾਰਤ ਦੇ ਗਲੋਬਲ ਸਾਊਥ ਦੇ ਮਿੱਤਰ ਦੇਸ਼ਾਂ ਨਾਲ ਸਬੰਧਾਂ ਬਾਰੇ ਕੀਤੀਆਂ ਗਈਆਂ ਕੁਝ ਟਿੱਪਣੀਆਂ ਦੇਖੀਆਂ ਹਨ।"

ਜੈਸਵਾਲ ਨੇ ਕਿਹਾ, "ਇਹ ਟਿੱਪਣੀਆਂ ਗੈਰ-ਜ਼ਿੰਮੇਦਾਰਾਨਾ ਅਤੇ ਅਫਸੋਸਜਨਕ ਹਨ, ਅਤੇ ਅਹੁਦੇ ਦੀ ਗਰਿਮਾ ਦੇ ਅਨੁਸਾਰ ਨਹੀਂ ਹਨ। ਭਾਰਤ ਸਰਕਾਰ ਅਜਿਹੀਆਂ ਅਣਉਚਿਤ ਟਿੱਪਣੀਆਂ ਤੋਂ ਆਪਣੇ ਆਪ ਨੂੰ ਵੱਖ ਕਰਦੀ ਹੈ, ਜੋ ਭਾਰਤ ਅਤੇ ਇਸਦੇ ਮਿੱਤਰ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਕਮਜ਼ੋਰ ਕਰਦੀਆਂ ਹਨ।"

ਭਗਵੰਤ ਮਾਨ ਨੂੰ ਕਾਮੇਡੀਅਨ ਦੀ ਭੂਮਿਕਾ ਛੱਡਣੀ ਚਾਹੀਦੀ ਹੈ: ਭਾਜਪਾ

ਪੀਐਮ ਮੋਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬ੍ਰਾਜ਼ੀਲ ਨੇ ਪੀਐਮ ਮੋਦੀ ਨੂੰ ਆਪਣਾ ਸਭ ਤੋਂ ਉੱਚਾ ਨਾਗਰਿਕ ਸਨਮਾਨ 'ਗ੍ਰੈਂਡ ਕਾਲਰ ਆਫ਼ ਦਿ ਨੈਸ਼ਨਲ ਆਰਡਰ ਆਫ਼ ਡੀ ਸਦਰਨ ਕ੍ਰਾਸ' ਦਿੱਤਾ

ਭਾਰਤੀ ਜਨਤਾ ਪਾਰਟੀ ਨੇ ਭਗਵੰਤ ਮਾਨ ਦੇ ਬਿਆਨ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।

ਖ਼ਬਰ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਬੁਲਾਰੇ ਸ਼ਾਹਨਵਾਜ਼ ਹੁਸੈਨ ਨੇ ਕਿਹਾ, "ਪ੍ਰਧਾਨ ਮੰਤਰੀ ਜੀ ਦਾ ਦੌਰਾ ਅਜਿਹੇ ਦੇਸ਼ਾਂ ਵਿੱਚ ਹੋਇਆ, ਜਿੱਥੇ ਭਾਰਤ ਨੂੰ ਬਹੁਤ ਸਤਿਕਾਰ ਮਿਲਿਆ ਅਤੇ ਭਾਰਤ ਦੀਆਂ ਨੀਤੀਆਂ 'ਤੇ ਮੁਹਰ ਲੱਗੀ। ਇਹ ਦੇਸ਼ ਲਈ ਬਹੁਤ ਵੱਡੀ ਗੱਲ ਹੈ। ਪਰ ਭਗਵੰਤ ਮਾਨ ਇੱਕ ਕਾਮੇਡੀਅਨ ਸਨ ਅਤੇ ਅਜੇ ਵੀ ਇੱਕ ਕਾਮੇਡੀਅਨ ਦਾ ਭੇਸ ਧਾਰਨ ਕੀਤੇ ਹੋਏ ਹਨ।"

ਸ਼ਾਹਨਵਾਜ਼ ਹੁਸੈਨ ਨੇ ਅੱਗੇ ਕਿਹਾ, "ਭਗਵੰਤ ਮਾਨ ਨੂੰ ਅਜੇ ਤੱਕ ਇਹ ਸਮਝ ਨਹੀਂ ਆਇਆ ਕਿ ਮੁੱਖ ਮੰਤਰੀ ਦੇ ਅਹੁਦੇ 'ਤੇ ਕਾਮੇਡੀ ਨਹੀਂ ਹੁੰਦੀ। ਕਾਮੇਡੀ ਕਰਦੇ-ਕਰਦੇ ਉਨ੍ਹਾਂ ਨੂੰ ਦੇਸ਼ਾਂ ਦਾ ਅਪਮਾਨ ਕਰਨ ਦਾ ਅਧਿਕਾਰ ਕਿਵੇਂ ਮਿਲ ਗਿਆ? ਇਸ ਤਰ੍ਹਾਂ ਦੀ ਭਾਸ਼ਾ ਲਈ ਦੇਸ਼ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ। ਉਨ੍ਹਾਂ ਨੂੰ ਕਾਮੇਡੀਅਨ ਦੀ ਭੂਮਿਕਾ ਛੱਡ ਕੇ ਸੰਵਿਧਾਨਕ ਅਹੁਦੇ ਦੀ ਗਰਿਮਾ ਦਾ ਸਤਿਕਾਰ ਕਰਨਾ ਚਾਹੀਦਾ ਹੈ।"

ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਭਗਵੰਤ ਮਾਨ ਨੂੰ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹੜੇ ਸਨਮਾਨ ਮਿਲੇ

ਪ੍ਰਧਾਨ ਮੰਤਰੀ ਮੋਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤ੍ਰਿਨੀਦਾਦ ਅਤੇ ਟੋਬੈਗੋ ਵਿੱਚ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਸਨਮਾਨਿਤ ਕੀਤਾ ਗਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2-9 ਜੁਲਾਈ, 2025 ਤੱਕ ਅੱਠ ਦਿਨਾਂ ਦੇ ਅੰਦਰ ਪੰਜ ਦੇਸ਼ਾਂ ਦਾ ਦੌਰਾ ਕੀਤਾ। ਇਹ ਦੇਸ਼ ਹਨ: ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ, ਅਰਜਨਟੀਨਾ, ਬ੍ਰਾਜ਼ੀਲ (ਜਿੱਥੇ ਉਨ੍ਹਾਂ ਨੇ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲਿਆ) ਅਤੇ ਨਾਮੀਬੀਆ।

ਇਸ ਦੌਰੇ ਵਿੱਚ, ਪ੍ਰਧਾਨ ਮੰਤਰੀ ਮੋਦੀ ਨੂੰ ਚਾਰ ਦੇਸ਼ਾਂ ਤੋਂ ਉੱਚ ਨਾਗਰਿਕ ਸਨਮਾਨ ਮਿਲੇ:

  • ਘਾਨਾ ਨੇ ਆਪਣਾ ਸਭ ਤੋਂ ਉੱਚਾ ਸਨਮਾਨ 'ਆਰਡਰ ਆਫ਼ ਦਿ ਸਟਾਰ ਘਾਨਾ' ਦਿੱਤਾ।
  • ਤ੍ਰਿਨੀਦਾਦ ਅਤੇ ਟੋਬੈਗੋ ਨੇ ਉਨ੍ਹਾਂ ਨੂੰ 'ਆਰਡਰ ਆਫ਼ ਦਿ ਰਿਪਬਲਿਕ ਆਫ਼ ਤ੍ਰਿਨੀਦਾਦ ਅਤੇ ਟੋਬੈਗੋ' ਨਾਲ ਸਨਮਾਨਿਤ ਕੀਤਾ।
  • ਬ੍ਰਾਜ਼ੀਲ ਨੇ ਆਪਣਾ ਸਭ ਤੋਂ ਉੱਚਾ ਨਾਗਰਿਕ ਸਨਮਾਨ 'ਗ੍ਰੈਂਡ ਕਾਲਰ ਆਫ਼ ਦਿ ਨੈਸ਼ਨਲ ਆਰਡਰ ਆਫ਼ ਡੀ ਸਦਰਨ ਕ੍ਰਾਸ' ਦਿੱਤਾ।
  • ਨਾਮੀਬੀਆ ਵਿੱਚ ਉਨ੍ਹਾਂ ਨੂੰ ਸਭ ਤੋਂ ਉੱਚਾ ਨਾਗਰਿਕ ਸਨਮਾਨ 'ਆਰਡਰ ਆਫ਼ ਦਿ ਮੋਸਟ ਏਸ਼ੰਟ ਵੇਲਵਿਚੀਆ ਮੀਰਾਬਿਲਿਸ' ਨਾਲ ਸਨਮਾਨਿਤ ਕੀਤਾ ਗਿਆ।

ਆਲ ਇੰਡੀਆ ਰੇਡੀਓ ਦੇ ਅਨੁਸਾਰ, ਇਨ੍ਹਾਂ ਪੁਰਸਕਾਰਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਾਪਤ ਹੋਏ ਅੰਤਰਰਾਸ਼ਟਰੀ ਪੁਰਸਕਾਰਾਂ ਦੀ ਕੁੱਲ ਗਿਣਤੀ 27 ਹੋ ਗਈ ਹੈ, ਜੋ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵਜੋਂ 2014 ਤੋਂ ਹੁਣ ਤੱਕ ਪ੍ਰਾਪਤ ਹੋਏ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)