ਟਾਈਟੈਨਿਕ ਦੇ ਅੰਤ ਦੀ ਕਹਾਣੀ ਤਸਵੀਰਾਂ ਰਾਹੀਂ ਜਾਣੋ, ਆਲੀਸ਼ਾਨ ਜਹਾਜ਼ ਦੀਆਂ ਬੇਸ਼ਕੀਮਤੀ ਚੀਜ਼ਾਂ ਦਾ ਕੀ ਬਣਿਆ

ਤਸਵੀਰ ਸਰੋਤ, Alamy
- ਲੇਖਕ, ਰਿਬੈਕਾ ਮੋਰੇਲ ਅਤੇ ਐਲੀਸਨ ਫਰਾਂਸਿਸ
- ਰੋਲ, ਬੀਬੀਸੀ ਨਿਊਜ਼ ਸਾਇੰਸ
'ਟਾਈਟੈਨਿਕ' ਸੁਣਦਿਆਂ ਹੀ ਅੱਖਾਂ ਅੱਗੇ ਆਉਂਦਾ ਹੈ ਮਸ਼ਹੂਰ ਫ਼ਿਲਮ ਦਾ ਉਹ ਦ੍ਰਿਸ਼ ਜਿਸ ਵਿੱਚ ਜੈਕ ਅਤੇ ਰੋਜ਼, ਜਹਾਜ਼ ਦੀ ਰੇਲਿੰਗ ਕੰਡੇ, ਬਾਹਾਂ ਫ਼ੈਲਾ ਕੇ ਖੜ੍ਹੇ ਹੁੰਦੇ ਹਨ।
ਅਸਲ ਜ਼ਿੰਦਗੀ ਵਿਚ ਵੀ ਇਸ ਰੇਲਿੰਗ ਦੀ ਵੱਡੀ ਅਹਿਮੀਅਤ ਸੀ, ਕਿਉਂਕਿ ਇਹ ਡੁੱਬੇ ਹੋਏ ਜਹਾਜ਼ ਦਾ ਉਹ ਹਿੱਸਾ ਹੈ ਜਿਸ ਨਾਲ ਐਟਲਾਂਟਿਕ ਦੀ ਹਨੇਰੀ ਡੂੰਘਾਈ ਵਿਚ ਅੱਜ ਵੀ ਮੌਜੂਦ ਇਸ ਦੇ ਮਲਬੇ ਨੂੰ ਤੁਰੰਤ ਪਛਾਣਨ ਯੋਗ ਬਣਾਇਆ ਸੀ।
ਪਰ ਇੱਕ ਨਵੀਂ ਮੁਹਿੰਮ ਜੋ ਜਹਾਜ਼ ਦੇ ਹੌਲੀ ਹੌਲੀ ਸੜਨ ਦੇ ਪ੍ਰਭਾਵਾਂ ਨੂੰ ਜਾਂਚਣ ਲਈ ਸ਼ੁਰੂ ਕੀਤੀ ਗਈ ਸੀ, ਵਿੱਚ ਪਾਇਆ ਗਿਆ ਹੈ ਕਿ ਹੁਣ ਇਹ ਰੇਲਿੰਗ ਦਾ ਵੱਡਾ ਹਿੱਸਾ ਜਹਾਜ਼ ਦੇ ਮਲਬੇ ਤੋਂ ਵੱਖ ਹੋ ਕੇ ਹੁਣ ਸਮੁੰਦਰ ਦੇ ਤਲ 'ਤੇ ਜਾ ਡਿੱਗਿਆ ਹੈ।
ਇਹ ਜਹਾਜ਼ ਅਪ੍ਰੈਲ 1912 ਵਿਚ ਇਕ ਬਰਫ਼ ਨਾਲ ਟਕਰਾਉਣ ਤੋਂ ਬਾਅਦ ਡੁੱਬ ਗਿਆ ਸੀ, ਨਤੀਜੇ ਵਜੋਂ 1,500 ਲੋਕਾਂ ਦੀ ਮੌਤ ਹੋ ਗਈ ਸੀ।

ਬੀਤੇ ਮਹੀਨਿਆਂ ਵਿੱਚ ਪਾਣੀ ਦੇ ਹੇਠਾਂ ਰੋਬੋਟਾਂ ਵੱਲੋਂ ਗੋਤਾਖ਼ੋਰੀ ਦੀ ਮੁਹਿੰਮ ਦੌਰਾਨ ਖਿੱਚੀਆਂ ਗਈਆਂ ਤਸਵੀਰਾਂ ਦਿਖਾਉਂਦੀਆਂ ਹਨ ਕਿ ਲਹਿਰਾਂ ਦੇ ਹੇਠਾਂ 100 ਤੋਂ ਵੱਧ ਸਾਲਾਂ ਬਾਅਦ ਮਲਬਾ ਕਿਵੇਂ ਬਦਲ ਰਿਹਾ ਹੈ।
ਇਹ ਮੁਹਿੰਮ ਚਲਾਉਣ ਵਾਲੀ ਕੰਪਨੀ - ਆਰਐਮਐਸ ਟਾਇਟੈਨਿਕ ਇੰਕ - ਦੇ ਸੰਗ੍ਰਹਿ ਦੇ ਨਿਰਦੇਸ਼ਕ ਤੋਮਾਸੀਨਾ ਰੇ ਨੇ ਕਿਹਾ "ਟਾਈਟੈਨਿਕ ਦੀ ਰੇਲਿੰਗ, ਇਕਲੌਤਾ ਅਜਿਹਾ ਪ੍ਰਤੀਕ ਹੈ - ਜਿਸਦੇ ਹਵਾਲੇ ਤੁਹਾਡੇ ਕੋਲ ਪੌਪ ਕਲਚਰ ਅੱਜ ਵੀ ਮੌਜੂਦ ਹਨ - ਅਤੇ ਜਦੋਂ ਤੁਸੀਂ ਜਹਾਜ਼ ਦੇ ਤਬਾਹੀ ਬਾਰੇ ਸੋਚਦੇ ਹੋ ਤਾਂ ਤੁਸੀਂ ਇਨ੍ਹਾਂ ਪ੍ਰਤੀਕਾਂ ਬਾਰੇ ਹੀ ਸੋਚਦੇ ਹੋ। ਅਫਸੋਸ, ਹੁਣ ਇਹ ਜਹਾਜ਼ ਅਜਿਹਾ ਨਹੀਂ ਲੱਗਦਾ।"
ਉਹ ਦੱਸਦੇ ਹਨ, “ਇਹ ਉਸ ਮਲਬੇ ਵਿਗਾੜ ਦੀ ਇਕ ਹੋਰ ਯਾਦ ਹੈ, ਜੋ ਹਰ ਰੋਜ਼ ਹੋ ਰਿਹਾ ਹੈ। ਲੋਕ ਹਰ ਸਮੇਂ ਪੁੱਛਦੇ ਹਨ: 'ਟਾਇਟੈਨਿਕ ਉੱਥੇ (ਸਮੁੰਦਰ ਹੇਠਾਂ) ਕਿੰਨਾ ਸਮਾਂ ਰਹੇਗਾ?' ਅਸੀਂ ਨਹੀਂ ਜਾਣਦੇ ਪਰ ਅਸੀਂ ਇਸਨੂੰ ਰੋਜ਼ ਅਸਲ ਸਮੇਂ ਵਿੱਚ ਹੌਲੀ ਹੌਲੀ ਖ਼ਤਮ ਹੁੰਦਾ ਦੇਖ ਰਹੇ ਹਾਂ।"
ਟੀਮ ਦਾ ਮੰਨਣਾ ਹੈ ਕਿ ਰੇਲਿੰਗ ਦਾ ਹਿੱਸਾ, ਜੋ ਕਿ ਲਗਭਗ 4.5 ਮੀਟਰ (14.7 ਫੁੱਟ) ਲੰਬਾ ਹੈ, ਪਿਛਲੇ ਦੋ ਸਾਲਾਂ ਵਿੱਚ ਕਿਸੇ ਸਮੇਂ ਡਿੱਗ ਗਿਆ ਸੀ।

ਤਸਵੀਰ ਸਰੋਤ, RMS Titanic Inc
ਡੂੰਘੇ ਸਮੁੰਦਰ ਦੀਆਂ ਤਸਵੀਰਾਂ ਲੈਣ ਵਾਲੀ ਕੰਪਨੀ ਮੈਗੇਲਨ ਅਤੇ ਅਟਲਾਂਟਿਕ ਪ੍ਰੋਡਕਸ਼ਨ ਵੱਲੋਂ ਲਏ ਗਏ 2022 ਦੀ ਮੁਹਿੰਮ ਤੋਂ ਚਿੱਤਰ ਅਤੇ ਇੱਕ ਡਿਜ਼ੀਟਲ ਸਕੈਨ ਦਿਖਾਉਂਦੇ ਹਨ। ਇਸ ਵਿੱਚ ਦਿਖਦਾ ਹੈ ਕਿ ਰੇਲਿੰਗ ਅਜੇ ਜੁੜੀ ਹੋਈ ਸੀ - ਹਾਲਾਂਕਿ ਉਹ ਡਿੱਗਣੀ ਸ਼ੁਰੂ ਹੋ ਗਈ ਸੀ।
ਟੋਮਾਸੀਨਾ ਰੇ ਨੇ ਕਿਹਾ, "ਇਨ੍ਹਾਂ ਦੋ ਸਾਲਾਂ ਵਿੱਚ ਹੀ ਕਿਸੇ ਸਮੇਂ 'ਤੇ ਧਾਤ ਕਮਜ਼ੋਰ ਹੋਈ ਅਤੇ ਇਹ ਡਿੱਗ ਗਈ।"
ਇਹ ਸਮੁੰਦਰ ਦੇ 3,800 ਮੀਟਰ ਹੇਠਾਂ ਪਿਆ, ਜਹਾਜ਼ ਦਾ ਇਕਲੌਤਾ ਹਿੱਸਾ ਨਹੀਂ ਜੋ ਕਿ ਸਮੁੰਦਰ ਵਿਚ ਗੁਆਚ ਰਿਹਾ ਹੈ। ਧਾਤ ਦੀ ਬਣਤਰ ਨੂੰ ਰੋਗਾਣੂਆਂ ਵੱਲੋਂ ਖਾਧਾ ਜਾ ਰਿਹਾ ਹੈ, ਜਿਸ ਨਾਲ ਜੰਗਾਲ 'ਤੇ ਸਟਾਲੈਕਟਾਈਟਸ ਪੈਦਾ ਹੁੰਦੇ ਹਨ ਜਿਨ੍ਹਾਂ ਨੂੰ 'ਰਸਟਿਕਲਸ' ਕਹਿੰਦੇ ਹਨ।
ਪਿਛਲੀਆਂ ਮੁਹਿੰਮਾਂ ਨੇ ਪਾਇਆ ਹੈ ਕਿ ਟਾਈਟੈਨਿਕ ਦੇ ਕੁਝ ਹੋਰ ਹਿੱਸੇ ਵੀ ਢਹਿ ਰਹੇ ਹਨ।
ਗੋਤਾਖ਼ੋਰਾਂ ਨੇ ਕੀ ਦੇਖਿਆ

ਤਸਵੀਰ ਸਰੋਤ, RMS Titanic Inc
2019 ਵਿੱਚ ਖੋਜੀ ਵਿਕਟਰ ਵੈਸਕੋਵੋ ਦੀ ਅਗਵਾਈ ਵਿੱਚ ਹੋਈ ਗੋਤਾਖ਼ੋਰਾਂ ਦੀ ਮੁਹਿੰਮ ਵਿੱਚ ਸਾਹਮਣੇ ਆਇਆਾ ਕਿ ਜਹਾਜ਼ ਦੇ ਮਲਬੇ ਵਿਚ ਪਹਿਲਾਂ ਨਜ਼ਰ ਆਉਂਦੇ ਅਫ਼ਸਰ ਕੁਆਰਟਰਾਂ ਦਾ ਸਟਾਰਬੋਰਡ ਸਾਈਡ, ਸਟੇਟ ਰੂਮ, ਕਪਤਾਨ ਦੇ ਇਸ਼ਨਾਨ ਵਰਗੀਆਂ ਵਿਸ਼ੇਸ਼ਤਾਵਾਂ ਆਦਿ ਹੁਣ ਨਹੀਂ ਦਿਖਦੀਆਂ
ਆਰਐਮਐਸ ਟਾਇਟੈਨਿਕ ਇੰਕ ਜਿਸ ਨੇ ਜੁਲਾਈ ਅਤੇ ਅਗਸਤ ਵਿੱਚ ਮੁਹਿੰਮ ਚਲਾਈ ਸੀ।

ਤਸਵੀਰ ਸਰੋਤ, RMS Titanic
ਦੋ ਯੰਤਰਾਂ ਦੀ ਮਦਦ ਨਾਲ ਦੋ ਮਿਲੀਅਨ ਤੋਂ ਵੱਧ ਤਸਵੀਰਾਂ ਅਤੇ ਮਲਬੇ ਦੀਆਂ 24 ਘੰਟਿਆਂ ਦੀ ਹਾਈ ਡੈਫੀਨੇਸ਼ਨ ਫੁਟੇਜ ਨੂੰ ਰਿਕਾਰਡ ਕੀਤਾ ਗਿਆ।
ਇਹ ਜਹਾਜ਼ ਵਿਚਕਾਰੋਂ ਟੁੱਟ ਗਿਆ ਸੀ ਤੇ ਮਲਬਾ 800 ਮੀਟਰ ਤੱਕ ਫੈਲਿਆ ਹੋਇਆ ਸੀ।
ਕੰਪਨੀ ਹੁਣ ਖੋਜਾਂ ਨੂੰ ਸੂਚੀਬੱਧ ਕਰਨ ਲਈ ਫੁਟੇਜ ਦੀ ਧਿਆਨ ਨਾਲ ਸਮੀਖਿਆ ਕਰ ਰਹੀ ਹੈ ਅਤੇ ਅੰਤ ਵਿੱਚ ਪੂਰੀ ਮਲਬੇ ਵਾਲੀ ਸਾਈਟ ਦਾ ਇੱਕ ਹਾਈ ਡੈਫੀਨੇਸ਼ਨ ਡਿਜੀਟਲ 3ਡੀ ਸਕੈਨ ਬਣਾਏਗੀ।
ਆਉਣ ਵਾਲੇ ਮਹੀਨਿਆਂ ਵਿੱਚ ਗੋਤਾਖ਼ੋਰਾਂ ਦੀਆਂ ਹੋਰ ਤਸਵੀਰਾਂ ਵੀ ਸਾਹਮਣੇ ਆਉਣਗੀਆਂ।
ਨਵੀਂ ਖੋਜ ਦਾ ਐਲਾਨ

ਤਸਵੀਰ ਸਰੋਤ, RMS Titanic Inc
ਇਸਦੇ ਨਾਲ ਹੀ ਟੀਮ ਨੇ ਇੱਕ ਆਰਟੀਫੈਕਟ ਦੀ ਇੱਕ ਹੋਰ ਖੋਜ ਦਾ ਵੀ ਐਲਾਨ ਕੀਤਾ ਹੈ।
1986 ਵਿੱਚ 'ਵਰਸੇਲਜ਼ ਦੀ ਡਾਇਨਾ' ਨਾਮ ਦੀ ਇੱਕ ਕਾਂਸੀ ਦੀ ਮੂਰਤੀ ਨੂੰ ਰੌਬਰਟ ਬੈਲਾਰਡ ਨੇ ਦੇਖਿਆ ਗਿਆ ਸੀ ਅਤੇ ਫੋਟੋ ਖਿੱਚੀ ਗਈ ਸੀ।
ਪਰ ਇਸ ਦਾ ਥਾਂ ਪਤਾ ਨਹੀਂ ਸੀ ਅਤੇ 60 ਸੈਂਟੀਮੀਟਰ ਲੰਬੀ ਮੂਰਤੀ ਦੁਬਾਰਾ ਨਹੀਂ ਦੇਖੀ ਗਈ। ਹੁਣ, ਹਾਲਾਂਕਿ, ਇਹ ਬੁੱਤ ਨੂੰ ਇਹ ਮਲਬੇ ਦੇ ਖ਼ੇਤਰ ਵਿੱਚ ਪਿਆ ਪਾਇਆ ਗਿਆ ਹੈ।
ਟਾਈਟੈਨਿਕ ਦੇ ਖੋਜਕਰਤਾ ਅਤੇ ਵਿਟਨੈੱਸ ਟਾਈਟੈਨਿਕ ਪੋਡਕਾਸਟ ਦੇ ਪੇਸ਼ਕਾਰ ਜੇਮਜ਼ ਪੇਨਕਾ ਨੇ ਕਿਹਾ, "ਇਹ ਸੁੱਕੇ ਘਾਹ ਦੇ ਢੇਰ ਵਿੱਚ ਸੂਈ ਲੱਭਣ ਵਰਗਾ ਸੀ।"
ਇਹ ਮੂਰਤੀ ਕਦੇ ਟਾਈਟੈਨਿਕ ਦੇ ਪਹਿਲੇ ਦਰਜੇ ਦੇ ਯਾਤਰੀਆਂ ਦੇ ਦੇਖਣ ਲਈ ਲਾਈ ਗਈ ਸੀ।

ਤਸਵੀਰ ਸਰੋਤ, RMS Titanic Inc
ਉਨ੍ਹਾਂ ਦੱਸਿਆ, "ਪਹਿਲੇ ਦਰਜੇ ਦਾ ਲਾਉਂਜ ਜਹਾਜ਼ ਦਾ ਸਭ ਤੋਂ ਸੁੰਦਰ, ਅਤੇ ਅਵਿਸ਼ਵਾਸ਼ਯੋਗ ਤੌਰ 'ਤੇ ਵਿਸਤ੍ਰਿਤ, ਕਮਰਾ ਸੀ। ਅਤੇ ਉਸ ਕਮਰੇ ਦਾ ਕੇਂਦਰ ਵਰਸੇਲਜ਼ ਦੀ ਡਾਇਨਾ ਸੀ।"
ਉਨ੍ਹਾਂ ਅੱਗੇ ਦੱਸਿਆ, "ਪਰ ਬਦਕਿਸਮਤੀ ਨਾਲ, ਜਦੋਂ ਟਾਈਟੈਨਿਕ ਡੁੱਬਣ ਦੇ ਦੌਰਾਨ ਦੋ ਹਿੱਸਿਆਂ ਵਿੱਚ ਵੰਡਿਆ ਗਿਆ, ਤਾਂ ਲਾਉਂਜ ਖੁੱਲ੍ਹ ਗਿਆ। ਅਤੇ ਹਫੜਾ-ਦਫੜੀ ਅਤੇ ਤਬਾਹੀ ਵਿੱਚ, ਡਾਇਨਾ ਦੀ ਮੂਰਤੀ ਮਲਬੇ ਦੇ ਹਨੇਰੇ ਵਿੱਚ ਜਾ ਡਿੱਗੀ ।"
ਟਾਈਟੈਨਿਕ ਆਪਣੇ ਸਮੇਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਆਲੀਸ਼ਾਨ ਯਾਤਰੀ ਜਹਾਜ਼ ਸੀ।
ਆਰਐਮਐਸ ਟਾਇਟੈਨਿਕ ਇੰਕ ਇਕੋ-ਇਕ ਕੰਪਨੀ ਹੈ ਜੋ ਕਾਨੂੰਨੀ ਤੌਰ 'ਤੇ ਮਲਬੇ ਵਾਲੀ ਥਾਂ ਤੋਂ ਚੀਜ਼ਾਂ ਨੂੰ ਹਟਾਉਣ ਦਾ ਅਧਿਕਾਰ ਰੱਖਦੀ ਹੈ।
ਸਾਲਾਂ ਦੌਰਾਨ, ਕੰਪਨੀ ਨੇ ਮਲਬੇ ਦੇ ਖੇਤਰ ਤੋਂ ਹਜ਼ਾਰਾਂ ਵਸਤੂਆਂ ਨੂੰ ਮੁੜ ਪ੍ਰਾਪਤ ਕੀਤਾ ਹੈ, ਜਿਨ੍ਹਾਂ ਵਿੱਚੋਂ ਕਈ ਚੀਜ਼ਾਂ ਨੂੰ ਦੁਨੀਆ ਭਰ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ।
ਖੋਜ ਜਾਰੀ ਰੱਖਣ ਬਾਰੇ ਕੀ ਦਲੀਲ

ਤਸਵੀਰ ਸਰੋਤ, Getty Images
ਕੰਪਨੀ ਦੀ ਯੋਜਨਾ ਹੈ ਕਿ ਹੋਰ ਚੀਜ਼ਾਂ ਹਾਸਲ ਕਰਨ ਲਈ ਨਵੀਂ ਮੁਹਿੰਮ ਸ਼ੁਰੂ ਕੀਤੀ ਜਾਵੇ। ਡਾਇਨਾ ਦੀ ਮੂਰਤੀ ਉਹਨਾਂ ਚੀਜ਼ਾਂ ਵਿੱਚੋਂ ਇੱਕ ਹੈ ਜਿਸ ਨੂੰ ਉਹ ਸਤ੍ਹਾ 'ਤੇ ਵਾਪਸ ਲਿਆਉਣਾ ਚਾਹੁੰਦੇ ਹਨ।
ਪਰ ਕੁਝ ਮੰਨਦੇ ਹਨ ਕਿ ਮਲਬਾ ਇੱਕ ਕਬਰ ਵਾਲੀ ਥਾਂ ਹੈ ਜਿਸ ਨੂੰ 'ਅਣਛੋਹਿਆ' ਛੱਡਿਆ ਜਾਣਾ ਚਾਹੀਦਾ ਹੈ।
ਪਰ ਟਾਈਟੈਨਿਕ ਦੇ ਖੋਜਕਰਤਾ ਅਤੇ ਵਿਟਨੈੱਸ ਟਾਈਟੈਨਿਕ ਪੋਡਕਾਸਟ ਦੇ ਪੇਸ਼ਕਾਰ ਜੇਮਜ਼ ਪੇਨਕਾ ਦਾ ਕਹਿਣਾ ਹੈ, "ਡਾਇਨਾ ਦੀ ਮੂਰਤੀ ਦੀ ਇਹ ਮੁੜ ਖੋਜ ਟਾਈਟੈਨਿਕ ਨੂੰ ਇਕੱਲੇ ਛੱਡਣ ਦੇ ਵਿਰੁੱਧ ਸਟੀਕ ਦਲੀਲ ਹੈ।"
ਉਹ ਕਹਿੰਦੇ ਹਨ, "ਇਹ ਕਲਾ ਦਾ ਇੱਕ ਟੁਕੜਾ ਸੀ ਜਿਸਨੂੰ ਦੇਖਣ ਅਤੇ ਪ੍ਰਸ਼ੰਸਾ ਕਰਨ ਲਈ ਬਣਾਇਆ ਗਿਆ ਸੀ। ਅਤੇ ਹੁਣ ਕਲਾ ਦਾ ਉਹ ਸੁੰਦਰ ਨਮੂਨਾ ਸਮੁੰਦਰ ਦੇ ਤਲ 'ਤੇ ਹੈ... ਕਾਲੇ ਹਨੇਰੇ ਵਿੱਚ ਜਿੱਥੇ ਉਹ 112 ਸਾਲਾਂ ਤੋਂ ਹੈ।
ਪੇਨਕਾ ਅੱਗੇ ਦੱਸਦੇ ਹਨ, "ਡਾਇਨਾ ਨੂੰ ਵਾਪਸ ਲਿਆਉਣ ਲਈ ਤਾਂ ਜੋ ਲੋਕ ਉਸਨੂੰ ਆਪਣੀਆਂ ਅੱਖਾਂ ਨਾਲ ਦੇਖ ਸਕਣ - ਇਸ ਵਿੱਚ ਮੁੱਲ, ਇਤਿਹਾਸ, ਗੋਤਾਖੋਰੀ, ਸੰਭਾਲ, ਸਮੁੰਦਰੀ ਜਹਾਜ਼ਾਂ ਦੇ ਟੁੱਟਣ, ਮੂਰਤੀ ਕਲਾ ਦੇ ਪਿਆਰ ਨੂੰ ਜਗਾਉਣ ਲਈ, ਮੈਂ ਇਸਨੂੰ ਕਦੇ ਵੀ ਸਮੁੰਦਰ ਦੇ ਤਲ 'ਤੇ ਨਹੀਂ ਛੱਡ ਸਕਦਾ ਸੀ।"
-ਕੇਵਿਨ ਚਰਚ ਦੀ ਰਿਪੋਰਟਿੰਗ ਨਾਲ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ












