ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦੇਖਣ ਗਈ ਪਣਡੁੱਬੀ ਗੁਆਚੀ, ਕਿੱਥੇ ਪਹੁੰਚਿਆ ਬਚਾਅ ਦਾ ਮਿਸ਼ਨ

ਤਸਵੀਰ ਸਰੋਤ, Oceangate
ਮੱਧ ਅਟਲਾਂਟਿਕ ਮਹਾਸਾਗਰ ਵਿੱਚ ਸੈਲਾਨੀਆਂ ਨੂੰ ਲੈ ਕੇ ਗਈ ਇੱਕ ਪਣਡੁੱਬੀ ਲਾਪਤਾ ਹੈ। ਐਤਵਾਰ ਨੂੰ ਲਾਪਤਾ ਹੋਈ ਇਸ ਪਣਡੁੱਬੀ ਨਾਲ ਰਾਬਤਾ ਟੁੱਟ ਚੁੱਕਿਆ ਹੈ।
ਦਰਅਸਲ ਇਹ ਪਣਡੁੱਬੀ ਸੈਲਾਨੀਆਂ ਨੂੰ ਟਾਇਟੈਨਿਕ ਜਹਾਜ਼ ਦੇ ਮਲਬੇ ਨੂੰ ਦਿਖਾਉਣ ਲਈ ਗਈ ਸੀ।
ਆਮ ਤੌਰ ਉੱਤੇ ਇਸ ਪਣਡੁੱਬੀ ਵਿੱਚ ਐਮਰਜੈਂਸੀ ਹਾਲਾਤ ਵਿੱਚ ਚਾਰ ਦਿਨਾਂ ਦੀ ਆਕਸੀਜਨ ਹੁੰਦੀ ਹੈ।
ਅਮਰੀਕੀ ਕੋਸਟ ਗਾਰਡ ਮੁਤਾਬਕ ਇਸ ਪਣਡੁੱਬੀ ਵਿੱਚ ਪੰਜ ਲੋਕ ਸਵਾਰ ਸਨ। ਇਨ੍ਹਾਂ ਵਿੱਚ ਇੱਕ ਪਾਇਲਟ ਅਤੇ ਚਾਰ ‘‘ਮਿਸ਼ਨ ਆਪਰੇਟਰ’’ ਸਨ। ਇਨ੍ਹਾਂ ਪੰਜਾਂ ਨੂੰ ਲੱਭਣ ਲਈ ਟੀਮਾਂ ਲੱਗੀਆਂ ਹੋਈਆਂ ਹਨ।
ਇਸ ਪਣਡੁੱਬੀ ਨੂੰ ਓਸ਼ੀਅਨਗੇਟ ਕੰਪਨੀ ਵੱਲੋਂ ਲਿਜਾਇਆ ਜਾ ਰਿਹਾ ਸੀ।
ਇਸ ਪਣਡੁੱਬੀ ਵਿੱਚ ਪਾਕਿਸਤਾਨ ਦੇ ਅਰਬਪਤੀ ਕਾਰੋਬਾਰੀ ਸ਼ਹਿਜ਼ਾਦਾ ਦਾਊਦ ਅਤੇ ਉਨ੍ਹਾਂ ਦੇ ਪੁੱਤਰ ਸੁਲੇਮਾਨ ਵੀ ਸਵਾਰ ਹਨ।
ਸ਼ਹਿਜ਼ਾਦਾ ਦਾਊਦ ਪਾਕਿਸਤਾਨ ਦੇ ਸਭ ਤੋਂ ਅਮੀਰ ਪਰਿਵਾਰਾਂ ਵਿੱਚੋਂ ਇੱਕ ਹਨ। ਦਾਊਦ 48 ਸਾਲ ਦੇ ਹਨ ਅਤੇ ਉਨ੍ਹਾਂ ਦੇ ਪੁੱਤਰ ਦੀ ਉਮਰ 19 ਸਾਲ ਹੈ।
ਇਸ ਪਣਡੁੱਬੀ ਨੂੰ ਟਾਈਟਨ ਸਬਮਰਸਿਬਲ ਕਿਹਾ ਜਾਂਦਾ ਹੈ। ਆਮ ਤੌਰ ਉੱਤੇ ਇਸ ਵਿੱਚ ਇੱਕ ਪਾਇਲਟ, ਤਿੰਨ ਸੈਲਾਨੀ ਅਤੇ ਕੰਪਨੀ ਮੁਤਾਬਕ ਇੱਕ ‘ਕੰਟੈਂਟ ਐਕਸਪਰਟ’ ਸਵਾਰ ਹੁੰਦੇ ਹਨ।
ਇਹ ਟੂਰ ਨਿਊਫਾਉਂਡਲੈਂਡ ਦੇ ਸੈਂਟ ਜੌਨਸ ਤੋਂ ਸ਼ੁਰੂ ਹੁੰਦਾ ਹੈ।
ਓਸ਼ੀਅਨਗੇਟ ਕੰਪਨੀ ਮੁਤਾਬਕ ਉਨ੍ਹਾਂ ਕੋਲ ਤਿੰਨ ਪਨਡੁੱਬੀਆਂ ਹਨ ਪਰ ਸਿਰਫ਼ ਟਾਇਟਨ ਸਬਮਰਸਿਬਲ ਦੀ ਟਾਇਟੈਨਿਕ ਦੇ ਮਲਬੇ ਤੱਕ ਪਹੁੰਚਣ ਵਿੱਚ ਸਮਰੱਥ ਹੈ।
ਇਸ ਵੇਲੇ ਅੱਠ ਦਿਨਾਂ ਦੇ ਇਸ ਟੂਰ ਦੀ ਕੀਮਤ ਢਾਈ ਲੱਖ ਡਾਲਰ ਭਾਵ ਲਗਭਗ ਦੋ ਕਰੋੜ ਰੁਪਏ ਹੈ।













