ਅੰਮ੍ਰਿਤਾ ਸ਼ੇਰਗਿੱਲ ਨੇ ਜਦੋਂ ਖੁਸ਼ਵੰਤ ਸਿੰਘ ਦੀ ਪਤਨੀ ਨੂੰ ‘ਸਬਕ ਸਿਖਾਉਣ ਦਾ ਐਲਾਨ’ ਕੀਤਾ ਸੀ

    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਪੱਤਰਕਾਰ

ਕਿਹਾ ਜਾਂਦਾ ਹੈ ਕਿ ਅੰਮ੍ਰਿਤਾ ਸ਼ੇਰਗਿੱਲ ਜਿਸ ਵੀ ਕਮਰੇ ’ਚ ਵੜਦੀ ਸੀ, ਉੱਥੇ ਹੋ ਰਹੀ ਹਰ ਗੱਲਬਾਤ ਰੁੱਕ ਜਾਂਦੀ ਸੀ। ਲੋਕਾਂ ਦੇ ਸਾਹ ਤੇਜ਼ ਹੋ ਜਾਂਦੇ ਸਨ ਅਤੇ ਹਰ ਕੋਈ ਉਨ੍ਹਾਂ ਨੂੰ ਹੀ ਵੇਖਣ ਲੱਗ ਜਾਂਦਾ ਸੀ।

ਅੰਮ੍ਰਿਤਾ ਬਹੁਤ ਹੀ ਸੋਹਣੇ ਸਨ। ਉਹ ਦੁਬਲੇ-ਪਤਲੇ ਅਤੇ ਨਾਜ਼ੁਕ ਪਰੀ ਵਾਂਗਰ ਸਨ। ਅਕਸਰ ਹੀ ਉਹ ਚਟਕੀਲੇ ਹਰੇ ਰੰਗ ਦੀ ਸਾੜੀ ਦੇ ਨਾਲ ਚਮਕਦੇ ਹੋਏ ਲਾਲ ਰੰਗ ਦਾ ਬਲਾਊਜ਼ ਪਹਿਨਦੇ ਸਨ।

ਗਹਿਣਿਆਂ ’ਚ ਉਹ ਸਿਰਫ਼ ਆਪਣੇ ਕੰਨਾਂ ’ਚ ਇੱਕ ਤਿੱਬਤੀ ਝੁਮਕਾ ਪਾਇਆ ਕਰਦੇ ਸਨ।

ਉਨ੍ਹਾਂ ਦੇ ਕਾਲੇ ਵਾਲਾਂ ’ਚ ਚੀਰ ਨਿਕਲਦਾ ਸੀ ਅਤੇ ਉਨ੍ਹਾਂ ਦੇ ਵਾਲ ਉਨ੍ਹਾਂ ਦੇ ਕੰਨਾਂ ਨੂੰ ਢੱਕ ਕੇ ਰੱਖਦੇ ਸਨ।

ਉਨ੍ਹਾਂ ਦੇ ਮੱਥੇ ’ਤੇ ਇੱਕ ਬਿੰਦੀ ਲੱਗੀ ਹੁੰਦੀ ਸੀ ਅਤੇ ਉਨ੍ਹਾਂ ਦੀਆਂ ਅੱਖਾਂ ’ਚ ਹਮੇਸ਼ਾ ਹੀ ਇੱਕ ਵੱਖਰੀ ਚਮਕ ਹੁੰਦੀ ਸੀ। ਉਨ੍ਹਾਂ ਦੀ ਸ਼ਖਸੀਅਤ ਅੰਤਰਮੁਖੀ ਸੀ ਜਿਸ ਕਰਕੇ ਉਨ੍ਹਾਂ ਨੂੰ ਇੱਕਲੇ ਰਹਿਣਾ ਵਧੇਰੇ ਪਸੰਦ ਸੀ।

ਯਸ਼ੋਧਰਾ ਡਾਲਮੀਆ ਅੰਮ੍ਰਿਤਾ ਸ਼ੇਰਗਿੱਲ ਦੀ ਜੀਵਨੀ ’ਚ ਲਿਖਦੇ ਹਨ, “ਉਹ ਜਨਮ ਤੋਂ ਹੀ ਅਸਾਧਾਰਨ ਸਨ। ਲੰਮੇ ਰੇਸ਼ਮ ਵਰਗੇ ਵਾਲ, ਵੱਡੀਆਂ-ਵੱਡੀਆਂ ਅੱਖਾਂ, ਚੌੜਾ ਮੱਥਾ ਜੋ ਕਿ ਉੱਪਰ ਵੱਲ ਨੂੰ ਵਧੇਰੇ ਚੌੜਾ ਸੀ। ਬਚਪਨ ’ਚ ਰੋਣਾ ਤਾਂ ਉਨ੍ਹਾਂ ਨੂੰ ਆਉਂਦਾ ਹੀ ਨਹੀਂ ਸੀ।”

ਉਹ ਅੱਗੇ ਲਿਖਦੇ ਹਨ, “ਅੰਮ੍ਰਿਤਾ ਸਭ ਤੋਂ ਵੱਧ ਖੁਸ਼ ਉਸ ਸਮੇਂ ਹੁੰਦੀ ਸੀ ਜਦੋਂ ਉਹ ਆਪਣੀ ਛੋਟੀ ਭੈਣ ਇੰਦਰਾ ਨੂੰ ਨਹਾਉਂਦੇ ਹੋਏ ਵੇਖਦੀ ਸੀ। ਲਗਭਗ 5 ਸਾਲ ਦੀ ਉਮਰ ’ਚ ਹੀ ਉਸ ਨੇ ਰੰਗਦਾਰ ਪੈਨਸਿਲਾਂ ਨਾਲ ਚਿੱਤਰਕਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ।"

"ਵੱਖ-ਵੱਖ ਭਾਸ਼ਾਵਾਂ ਜਲਦੀ-ਜਲਦੀ ਸਿੱਖਣ ’ਚ ਕੋਈ ਵੀ ਉਸ ਨੂੰ ਮਾਤ ਨਹੀਂ ਦੇ ਸਕਦਾ ਸੀ। ਉਨ੍ਹਾਂ ਨੂੰ ਫਰਾਂਸੀਸੀ, ਇਟਾਲੀਅਨ, ਅੰਗ੍ਰੇਜ਼ੀ, ਹੰਗੇਰੀਅਨ ਤੋਂ ਇਲਾਵਾ ਹਿੰਦੀ ਅਤੇ ਪੰਜਾਬੀ ’ਚ ਮੁਹਾਰਤ ਹਾਸਲ ਸੀ।”

ਚਿੱਤਰਕਾਰੀ ਤੋਂ ਬਾਅਦ ਉਨ੍ਹਾਂ ਦਾ ਦੂਜਾ ਪਿਆਰ ਸੰਗੀਤ ਨਾਲ ਸੀ। ਉਹ ਪਿਆਨੋ ਵਜਾਇਆ ਕਰਦੇ ਸਨ। ਉਨ੍ਹਾਂ ਦੇ ਪਤੀ ਵਿਕਟਰ ਈਗਾਨ ਨੇ ਇੱਕ ਇੰਟਰਵਿਊ ’ਚ ਕਿਹਾ ਸੀ, “ਜਦੋਂ ਵੀ ਉਹ ਖ਼ਰਾਬ ਮੂਡ ’ਚ ਜਾਂ ਫਿਰ ਉਦਾਸ ਹੁੰਦੇ ਸਨ ਤਾਂ ਉਹ ਘੰਟਿਆਂਬੱਧੀ ਪਿਆਨੋ ਵਜਾਇਆ ਕਰਦੇ ਸਨ। ਉਸ ਤੋਂ ਬਾਅਦ ਉਨ੍ਹਾਂ ਦਾ ਮੂਡ ਠੀਕ ਹੋ ਜਾਂਦਾ ਅਤੇ ਉਹ ਬਿਹਤਰ ਮਹਿਸੂਸ ਕਰਦੇ ਸਨ।”

ਅੰਮ੍ਰਿਤਾ ਦੀ ਪੇਂਟਿੰਗ ‘ਯੰਗ ਗਰਲਜ਼’ ਨੂੰ ਸੋਨੇ ਦਾ ਤਗਮਾ

ਅੰਮ੍ਰਿਤਾ ਇੱਕ ਅਮੀਰ ਸਿੱਖ ਉਮਰਾਵ ਸਿੰਘ ਅਤੇ ਹੰਗੇਰੀਅਨ ਮਾਂ ਐਂਟੋਨੇਟ ਸ਼ੇਰਗਿੱਲ ਦੀ ਧੀ ਸੀ। ਉਨ੍ਹਾਂ ਦਾ ਜਨਮ 30 ਜਨਵਰੀ, 1913 ਨੂੰ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਵਿਖੇ ਹੋਇਆ ਸੀ।

ਕਲਾ ਪ੍ਰਤੀ ਉਨ੍ਹਾਂ ਦੇ ਰੁਝਾਨ ਨੂੰ ਵੇਖਦਿਆਂ ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਨੂੰ ਪੈਰਿਸ ਲੈ ਗਏ ਸਨ ਤਾਂ ਜੋ ਉਹ ਉੱਥੇ ਪੇਂਟਿੰਗ ਦੀ ਰਸਮੀ ਸਿੱਖਿਆ ਹਾਸਲ ਕਰ ਸਕਣ। ਜਦੋਂ ਅੰਮ੍ਰਿਤਾ ਪੈਰਿਸ ਪਹੁੰਚੇ ਤਾਂ ਉਸ ਸਮੇਂ ਉਨ੍ਹਾਂ ਦੀ ਉਮਰ ਮਹਿਜ਼ 16 ਸਾਲ ਦੀ ਸੀ।

ਅਗਲੇ ਪੰਜ ਸਾਲ ਉਨ੍ਹਾਂ ਨੇ ਪੈਰਿਸ ’ਚ ਹੀ ਬਿਤਾਏ। ਉਸ ਜ਼ਮਾਨੇ ’ਚ ਵਿਨਸੇਟ ਵੈਨ ਗੌਗ ਅਤੇ ਪੌਲ ਗੋਗਾਂ ਉਨ੍ਹਾਂ ਦੇ ਮਨਪਸੰਦ ਚਿੱਤਰਕਾਰ ਸਨ। ਪੈਰਿਸ ’ਚ ਰੱਖੀ ਮੋਨਾਲੀਸਾ ਦੀ ਪੇਂਟਿੰਗ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ।

17 ਸਾਲ ਦੀ ਉਮਰ ’ਚ ਉਨ੍ਹਾਂ ਨੇ ਖ਼ੁਦ ਆਪਣਾ ਇੱਕ ਚਿੱਤਰ ਬਣਾਇਆ ਸੀ।

ਉਨ੍ਹਾਂ ਨੂੰ ਸੈਲਫ ਪੋਰਟਰੇਟ ਬਣਾਉਣ ਦਾ ਬਹੁਤ ਸ਼ੌਕ ਸੀ। ਉਹ ਅਕਸਰ ਹੀ ਆਪਣੀ ਸੁੰਦਰਤਾ ਦੇ ਸਵੈ-ਦਰਸ਼ਕ ਬਣੇ ਰਹਿੰਦੇ ਸਨ।

1932 ’ਚ ਉਨ੍ਹਾਂ ਦੀ ਪੇਂਟਿੰਗ ‘ਯੰਗ ਗਰਲਜ਼’ ਨੂੰ ਗ੍ਰੈਂਡ ਸੇਲੋਨ ਦੇ ਤਗਮੇ ਨਾਲ ਨਿਵਾਜਿਆ ਗਿਆ ਸੀ। ਇਸ ਪੇਂਟਿੰਗ ਦੇ ਲਈ ਉਨ੍ਹਾਂ ਦੀ ਭੈਣ ਇੰਦਰਾ ਅਤੇ ਉਨ੍ਹਾਂ ਦੀ ਦੋਸਤ ਡੇਨਿਸ ਪਰੂਤੋ ਨੇ ਮਾਡਲਿੰਗ ਕੀਤੀ ਸੀ।

ਅੰਮ੍ਰਿਤਾ ਇੱਕ ਕਿੱਸਾ ਸੁਣਾਇਆ ਕਰਦੇ ਸਨ, “ਸੇਲੋਨ ਦੀ ਜਿਊਰੀ ਦੀ ਇੱਕ ਮੈਂਬਰ ਨੇ ਮੈਨੂੰ ਵੇਖਦਿਆ ਹੀ ਕਿਹਾ ਸੀ ਤੁਸੀਂ ਤਾਂ ਅਜੇ ਬੱਚੇ ਹੋ।"

"ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਇਹ ਪੇਂਟਿੰਗ ਤੁਸੀਂ ਬਣਾਈ ਹੈ? ਸਾਨੂੰ ਲੱਗ ਰਿਹਾ ਸੀ ਕਿ ਇਸ ਪੇਂਟਿੰਗ ਨੂੰ ਬਣਾਉਣ ਵਾਲਾ ਘੱਟ ਘੱਟੋ 30 ਸਾਲ ਦਾ ਹੋਵੇਗਾ। ਲੱਗਦਾ ਹੈ ਕਿ ਤੁਸੀਂ ਪੰਘੂੜੇ ’ਚ ਹੀ ਚਿੱਤਰਕਾਰੀ ਸਿੱਖ ਲਈ ਸੀ।”

ਯੂਸਫ਼ ਅਲੀ ਖ਼ਾਨ ਨਾਲ ਮੰਗਣੀ ਟੁੱਟੀ

ਅੰਮ੍ਰਿਤਾ ਦੀ ਮਾਂ ਚਾਹੁੰਦੇ ਸਨ ਕਿ ਉਹ ਕਿਸੇ ਅਮੀਰ ਮੁੰਡੇ ਨਾਲ ਵਿਆਹ ਕਰਨ। ਉਨ੍ਹੀਂ ਦਿਨੀਂ ਉੱਤਰ ਪ੍ਰਦੇਸ਼ ਦੇ ਇੱਕ ਰਈਸ ਯੂਸਫ਼ ਅਲੀ ਖ਼ਾਨ ਪੈਰਿਸ ਵਿਖੇ ਹੀ ਰਹਿ ਰਹੇ ਸਨ।

ਵੇਖਣ ’ਚ ਤਾਂ ਉਹ ਠੀਕ ਸਨ। ਉਨ੍ਹਾਂ ਦੇ ਪਿਤਾ ਜੀ ਰਾਜਾ ਨਵਾਬ ਅਲੀ ਸੀਤਾਪੁਰ ਦੇ ਇੱਕ ਤਾਲੁਕਦਾਰ ਸਨ।

ਉਨ੍ਹਾਂ ਨੇ ਲਖਨਊ ’ਚ ਹਿੰਦੁਸਤਾਨੀ ਸੰਗੀਤ ਦੇ ਮੈਰਿਸ ਕਾਲਜ ਦੀ ਸਥਾਪਨਾ ਕੀਤੀ ਸੀ ਜੋ ਕਿ ਬਾਅਦ ’ਚ ਭਾਤਖੰਡੇ ਕਾਲਜ ਦੇ ਨਾਮ ਨਾਲ ਪ੍ਰਸਿੱਧ ਹੋਇਆ।

ਮਾਂ ਦੇ ਕਹਿਣ ’ਤੇ ਅੰਮ੍ਰਿਤਾ ਯੂਸਫ਼ ਦੇ ਸੰਪਰਕ ’ਚ ਆਈ ਅਤੇ ਦੋਵਾਂ ਦੀ ਮੰਗਣੀ ਦੀ ਰਸਮ ਵੀ ਹੋਈ। ਪਰ ਦੋਵਾਂ ਦੇ ਸੁਭਾਅ ’ਚ ਜ਼ਮੀਨ-ਅਸਮਾਨ ਦਾ ਫ਼ਰਕ ਸੀ।

ਆਪਣੀ ਮਾਂ ਨੂੰ ਲਿਖੀ ਚਿੱਠੀ ’ਚ ਅੰਮ੍ਰਿਤਾ ਲਿਖਦੇ ਹਨ, “ਯੂਸਫ਼ ਮੇਰੇ ਪ੍ਰਤੀ ਵਫ਼ਾਦਾਰ ਨਹੀਂ ਹੈ। ਉਨ੍ਹਾਂ ਦਾ ਨਾ ਸਿਰਫ਼ ਵਿਕਟਰ ਦੀ ਭੈਣ ਵਾਇਲਾ ਨਾਲ ਇਸ਼ਕ ਮਟੱਕਾ ਚੱਲ ਰਿਹਾ ਹੈ ਬਲਕਿ ਸੜਕ ’ਤੇ ਚੱਲਣ ਵਾਲੀ ਹਰ ਸੁੰਦਰ ਕੁੜੀ ’ਤੇ ਉਨ੍ਹਾਂ ਦੀ ਅੱਖ ਟਿਕੀ ਰਹਿੰਦੀ ਹੈ।”

ਅੰਮ੍ਰਿਤਾ ਨੇ ਯੂਸਫ਼ ਨਾਲ ਆਪਣੀ ਮੰਗਣੀ ਤੋੜ ਦਿੱਤੀ। ਉਨ੍ਹਾਂ ਦਾ ਡਰ ਸਹੀ ਸਾਬਤ ਹੋਇਆ।

ਯੂਸਫ਼ ਨੇ ਬਾਅਦ ’ਚ ਤਿੰਨ ਵਿਆਹ ਕੀਤੇ। ਪਹਿਲਾ ਵਿਆਹ ਇੱਕ ਅੰਗਰੇਜ਼ ਕੁੜੀ ਰੂਥ ਨਾਲ ਕੀਤਾ ਜਿਸ ਨੂੰ ਉਨ੍ਹਾਂ ਨੇ ਤਲਾਕ ਦੇ ਦਿੱਤਾ ਸੀ।

ਉਸ ਤੋਂ ਬਾਅਦ ਉਨ੍ਹਾਂ ਨੇ ਬੰਬੇ ਹਾਈ ਕੋਰਟ ਦੇ ਚੀਫ਼ ਜਸਟਿਸ ਨਵਾਬ ਮਿਰਜ਼ਾ ਦੀ ਧੀ ਫ਼ਖਰੂਨੀਸਾ ਰਾਣੀ ਨਾਲ ਵਿਆਹ ਰਚਾਇਆ ਅਤੇ ਬਾਅਦ ’ਚ ਉਨ੍ਹਾਂ ਨੂੰ ਵੀ ਤਲਾਕ ਦੇ ਦਿੱਤਾ। ਉਨ੍ਹਾਂ ਨੇ ਤੀਜਾ ਵਿਆਹ ਇੱਕ ਐਂਗਲੋ-ਇੰਡੀਅਨ ਕੁੜੀ ਐਲਸਾ ਵਿਲੀਅਮਜ਼ ਨਾਲ ਕੀਤਾ।

ਅੰਮ੍ਰਿਤਾ ਦੇ ਜੀਵਨੀਕਾਰ ਐੱਨ ਇਕਬਾਲ ਸਿੰਘ ਉਨ੍ਹਾਂ ਦੀ ਜੀਵਨੀ ’ਚ ਲਿਖਦੇ ਹਨ, “ਯੂਸਫ਼ ਵਾਲੇ ਕਾਂਡ ਦਾ ਇਹ ਪ੍ਰਭਾਵ ਪਿਆ ਕਿ ਉਨ੍ਹਾਂ ਨੇ ਮਰਦਾਂ ਨਾਲ ਆਪਣੇ ਸਬੰਧਾਂ ਨੂੰ ਗੰਭੀਰਤਾ ਨਾਲ ਲੈਣਾ ਹੀ ਛੱਡ ਦਿੱਤਾ। ਉਹ ਬੇਪਰਵਾਹ ਹੋ ਗਏ ਅਤੇ ਕਈ ਮਰਦਾਂ ਨਾਲ ਸਬੰਧ ਕਾਇਮ ਕਰਨ ਲੱਗੇ।”

“ਕਿਸੇ ਇੱਕ ਵਿਅਕਤੀ ਨਾਲ ਉਨ੍ਹਾਂ ਦਾ ਲਗਾਵ ਖ਼ਤਮ ਹੋ ਗਿਆ। ਸਿਰਫ਼ ਇੱਕ ਔਰਤ ਮੇਰੀ ਲੁਈ ਚੈਸਨੀ ਨਾਲ ਉਨ੍ਹਾਂ ਦੇ ਚੰਗੇ ਸਰੀਰਕ ਸਬੰਧ ਸਨ। ਉਨ੍ਹਾਂ ਨੇ ਅੰਤ ਤੱਕ ਉਸ ਦਾ ਨਾਮ ਬਹੁਤ ਹੀ ਪਿਆਰ ਨਾਲ ਲਿਆ ਅਤੇ ਸ਼ਿਮਲਾ ਦੇ ਆਪਣੇ ਸਟੂਡੀਓ ਅਤੇ ਲਾਹੌਰ ਸਥਿਤ ਆਪਣੇ ਘਰ ’ਚ ਉਨ੍ਹਾਂ ਦੀ ਤਸਵੀਰ ਵੀ ਕੰਧ ’ਤੇ ਲਗਾਈ।”

ਕਈ ਔਰਤਾਂ ਅਤੇ ਮਰਦਾਂ ਨਾਲ ਪ੍ਰੇਮ ਸਬੰਧ

ਬਾਅਦ ’ਚ ਅੰਮ੍ਰਿਤਾ ਨੇ ਕਈ ਲੋਕਾਂ ਨਾਲ ਪਿਆਰ ਕੀਤਾ ਜਿਸ ’ਚ ਮਰਦ ਅਤੇ ਔਰਤਾਂ ਦੋਵੇਂ ਹੀ ਸ਼ਾਮਲ ਸਨ।

ਉਨ੍ਹਾਂ ’ਚੋਂ ਇੱਕ ਸਨ ਐਡੀਥ ਲੈਂਗ, ਜੋ ਕਿ ਪੈਰਿਸ ’ਚ ਪਿਆਨੋ ਸਿਖਾਇਆ ਕਰਦੇ ਸਨ। ਉਹ ਉਮਰ ’ਚ ਅੰਮ੍ਰਿਤਾ ਤੋਂ ਬਹੁਤ ਵੱਡੀ ਸੀ। ਉਸ ਸਮੇਂ ਉਨ੍ਹਾਂ ਦੀ ਉਮਰ 27-28 ਸਾਲ ਦੀ ਹੋਵੇਗੀ। ਉਨ੍ਹਾਂ ਨੂੰ ਅੰਮ੍ਰਿਤਾ ’ਤੇ ਕਰੱਸ਼ ਸੀ।

ਇਕਬਾਲ ਸਿੰਘ ਲਿਖਦੇ ਹਨ, “ਬਾਅਦ ’ਚ ਅੰਮ੍ਰਿਤਾ ਨੂੰ ਇਸ ਲੈਸਬੀਅਨ ਸਬੰਧਾਂ ਕਰਕੇ ਕਾਫ਼ੀ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ।"

"ਇੱਕ ਵਾਰ ਜਦੋਂ ਉਹ ਐਡੀਥ ਨਾਲ ਬਿਸਤਰੇ ’ਤੇ ਸਨ ਤਾਂ ਮੇਰੀ ਲੁਈ ਅਚਾਨਕ ਹੀ ਬਿਨ੍ਹਾਂ ਦਰਵਾਜ਼ਾ ਖੜਕਾਏ ਅੰਦਰ ਆ ਗਈ ਸੀ ਅਤੇ ਉਨ੍ਹਾਂ ਨੂੰ ਰੰਗੇ ਹੱਥੀ ਪਿਆਰ ਕਰਦਿਆ ਫੜ੍ਹ ਲਿਆ ਸੀ।”

“ਉਸ ਸਮੇਂ ਅੰਮ੍ਰਿਤਾ ਦੀ ਉਮਰ 21 ਸਾਲ ਸੀ। ਇਸ ਤੋਂ ਬਾਅਦ ਬੋਰਿਸ ਤਾਸਲਿਤਜ਼ਕੀ ਉਨ੍ਹਾਂ ਦੇ ਸੰਪਰਕ ’ਚ ਆਏ। ਉਨ੍ਹਾਂ ਨੇ ਜਨਤਕ ਤੌਰ ’ਤੇ ਐਲਾਨ ਕੀਤਾ ਕਿ ਉਹ ਅੰਮ੍ਰਿਤਾ ਨੂੰ ਪਿਆਰ ਕਰਦੇ ਹਨ। ਪਰ ਅੰਮ੍ਰਿਤਾ ਦੀ ਮਾਂ ਨੂੰ ਇਹ ਸਬੰਧ ਨਾਮਨਜ਼ੂਰ ਸਨ।”

ਫਿਰ ਬੋਰਿਸ ਨੇ ਯਸ਼ੋਧਰਾ ਡਾਮਿਆ ਨੂੰ ਦਿੱਤੇ ਇੱਕ ਇੰਟਰਵਿਊ ’ਚ ਦੱਸਿਆ, “ਮੈਂ ਉਨ੍ਹਾਂ ਦੇ ਪਿਆਰ ’ਚ ਗ੍ਰਿਫ਼ਤਾਰ ਸੀ।"

"ਕੁਝ ਦਿਨਾਂ ਤੱਕ ਤਾਂ ਉਨ੍ਹਾਂ ਨੇ ਮੇਰੇ ਪਿਆਰ ਦਾ ਜਵਾਬ ਨਾ ਦਿੱਤਾ ਅਤੇ ਫਿਰ ਇੱਕ ਦਿਨ ਉਨ੍ਹਾਂ ਨੇ ਮੈਨੂੰ ਕਿਹਾ ਕਿ ਉਨ੍ਹਾਂ ਨੂੰ ਹੰਗਰੀ ’ਚ ਆਪਣੇ ਮਾਮੇ ਦੇ ਮੁੰਡੇ ਇਗਾਨ ਵਿਕਟਰ ਨਾਲ ਪਿਆਰ ਹੋ ਗਿਆ ਹੈ ਅਤੇ ਉਹ ਹੁਣ ਉਨ੍ਹਾਂ ਨਾਲ ਵਿਆਹ ਕਰਨਗੇ।”

ਮਾਮੇ ਦੇ ਮੁੰਡੇ ਵਿਕਟਰ ਨਾਲ ਵਿਆਹ

ਵਿਆਹ ਤੋਂ ਪਹਿਲਾਂ ਅੰਮ੍ਰਿਤਾ ਨੇ ਇਗਾਨ ਨੂੰ ਕਈ ਚਿੱਠੀਆਂ ਲਿਖੀਆਂ ਸਨ। ਇਹ ਚਿੱਠੀਆਂ ਅਕਸਰ ਹੀ ਅਸਮਾਨੀ ਰੰਗ ਦੇ ਕਾਗਜ਼ ’ਤੇ ਕਾਲੀ ਸਿਆਹੀ ਨਾਲ ਛੋਟੇ-ਛੋਟੇ ਅਖ਼ਰਾਂ ’ਚ ਲਿਖੀਆਂ ਜਾਂਦੀਆਂ ਸਨ। ਕਿਸੇ ਲਈ ਵੀ ਉਨ੍ਹਾਂ ਨੂੰ ਪੜ੍ਹਣਾ ਮੁਸ਼ਕਲ ਹੁੰਦਾ ਸੀ।

ਵਿਕਟਰ ਅਤੇ ਅੰਮ੍ਰਿਤਾ ਨੇ ਆਪਣੇ ਵਿਆਹ ਤੋਂ ਪਹਿਲਾਂ ਕੁਝ ਅਜੀਬੋ-ਗਰੀਬ ਸਮਝੋਤੇ ਕੀਤੇ ਸਨ। ਪਹਿਲਾ ਸਮਝੌਤਾ ਇਹ ਸੀ ਕਿ ਉਹ ਬੱਚੇ ਪੈਦਾ ਨਹੀਂ ਕਰਨਗੇ।

ਇਸ ਲਈ ਨਹੀਂ ਕਿ ਉਹ ਰਿਸ਼ਤੇ ’ਚ ਭੈਣ-ਭਰਾ ਸਨ ਬਲਕਿ ਇਸ ਲਈ ਕਿ ਉਹ ਬੱਚੇ ਪੈਦਾ ਕਰਨਾ ਹੀ ਨਹੀਂ ਚਾਹੁੰਦੇ ਸਨ।

ਦੂਜਾ ਸਮਝੌਤਾ ਇਹ ਸੀ ਕਿ ਅੰਮ੍ਰਿਤਾ ਨੂੰ ਹੋਰਨਾਂ ਮਰਦਾਂ ਨਾਲ ਸਰੀਰਕ ਸਬੰਧ ਬਣਾਉਣ ਦੀ ਆਜ਼ਾਦੀ ਹੋਵੇਗੀ।

ਵਿਕਟਰ ਨੂੰ ਇਹ ਸਭ ਬਿਲਕੁਲ ਵੀ ਅਜੀਬ ਨਹੀਂ ਲੱਗਿਆ ਕਿਉਂਕਿ ਉਦੋਂ ਤੱਕ ਉਹ ਸਮਝ ਚੁੱਕੇ ਸਨ ਕਿ ਜਿਨਸੀ ਵਿਭਿੰਨਤਾ ਅੰਮ੍ਰਿਤਾ ਦੀ ਸ਼ਖਸੀਅਤ ਦਾ ਹਿੱਸਾ ਬਣ ਚੁੱਕੀ ਸੀ।

ਅੰਮ੍ਰਿਤਾ ਸ਼ੇਰਗਿੱਲ ਬਾਰੇ ਖ਼ਾਸ ਗੱਲਾਂ:-

  • ਕਲਾ ਪ੍ਰਤੀ ਉਨ੍ਹਾਂ ਦੇ ਰੁਝਾਨ ਨੂੰ ਵੇਖਦਿਆਂ ਅੰਮ੍ਰਿਤਾ ਦੇ ਮਾਤਾ-ਪਿਤਾ ਉਨ੍ਹਾਂ ਨੂੰ ਪੈਰਿਸ ਲੈ ਗਏ ਸਨ ਤਾਂ ਜੋ ਉਹ ਉੱਥੇ ਪੇਂਟਿੰਗ ਦੀ ਰਸਮੀ ਸਿੱਖਿਆ ਹਾਸਲ ਕਰ ਸਕਣ
  • 1932 ’ਚ ਉਨ੍ਹਾਂ ਦੀ ਪੇਂਟਿੰਗ ‘ਯੰਗ ਗਰਲਜ਼’ ਨੂੰ ਗ੍ਰੈਂਡ ਸੇਲੋਨ ਦੇ ਤਗਮੇ ਨਾਲ ਨਿਵਾਜਿਆ ਗਿਆ ਸੀ
  • ਜਵਾਹਰ ਲਾਲ ਨਹਿਰੂ ਨਾਲ ਵੀ ਅੰਮ੍ਰਿਤਾ ਦੀਆਂ ਕਈ ਮੁਲਾਕਾਤਾਂ ਹੋਈਆਂ ਸਨ
  • ਅੰਮ੍ਰਿਤਾ ਨੇ ਆਪਣੇ ਕਰੀਅਰ ’ਚ ਤਕਰੀਬਨ 143 ਪੇਂਟਿੰਗਾਂ ਬਣਾਈਆਂ ਹਨ। ਇੰਨ੍ਹਾਂ ’ਚ ਉਹ ਪੇਂਟਿੰਗਾਂ ਸ਼ਾਮਲ ਨਹੀਂ ਹਨ ਜੋ ਉਨ੍ਹਾਂ ਨੇ ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਤੋਹਫੇ ਵੱਜੋਂ ਦਿੱਤੀਆਂ ਹਨ
  • ਆਪਣੇ ਆਖ਼ਰੀ ਦਿਨਾਂ ’ਚ ਅੰਮ੍ਰਿਤਾ ਸ਼ੇਰਗਿੱਲ ਲਾਹੌਰ ਚਲੇ ਗਏ ਸਨ। 28 ਸਾਲਾਂ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ

16 ਜੁਲਾਈ,1938 ਨੂੰ ਬੁਡਾਪੇਸਟ ਵਿਖੇ ਬਿਨ੍ਹਾਂ ਕਿਸੇ ਧੂਮ-ਧਾਮ ਦੇ ਦੋਵਾਂ ਨੇ ਵਿਆਹ ਕੀਤਾ।

ਵਿਕਟਰ ਨੇ ਬਾਅਦ ’ਚ ਮੰਨਿਆ ਸੀ ਕਿ ਵਿਆਹ ਤੋਂ ਬਾਅਦ ਕੁਝ ਸਾਲਾਂ ਤੱਕ ਅੰਮ੍ਰਿਤਾ ਨੇ ਉਨ੍ਹਾਂ ਨੂੰ ਛੱਡਣ ਜਾਂ ਕਿਤੇ ਹੋਰ ਜਾਣ ਦੀ ਇੱਛਾ ਪ੍ਰਗਟ ਨਹੀਂ ਕੀਤੀ ਸੀ।

ਜਦੋਂ ਵਿਕਟਰ ਨੇ ਗੋਰਖਪੁਰ ਨਜ਼ਦੀਕ ਸਰਾਇਆ ਦੀ ਸ਼ੂਗਰ ਫੈਕਟਰੀ ’ਚ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ 160 ਰੁਪਏ ਤਨਖ਼ਾਹ ਮਿਲਦੀ ਸੀ।

ਅੰਮ੍ਰਿਤਾ ਨੂੰ ਇਸ ਤੋਂ ਇਲਾਵਾ ਆਪਣੇ ਪਰਿਵਾਰ ਤੋਂ 100 ਰੁਪਏ ਮਿਲਦੇ ਸਨ। ਸਸਤੇ ਦੇ ਜ਼ਮਾਨੇ ’ਚ ਵੀ ਇੰਨੇ ਪੈਸੇ ਉਨ੍ਹਾਂ ਲਈ ਘੱਟ ਪੈਂਦੇ ਸਨ।

ਅੰਮ੍ਰਿਤਾ ਨੇ ਆਪਣੀ ਮਾਂ ਨੂੰ ਇੱਕ ਚਿੱਠੀ ’ਚ ਲਿਖਿਆ ਸੀ, “ਇੰਨੇ ਘੱਟ ਪੈਸਿਆਂ ’ਚ ਗ੍ਰਹਿਸਤੀ ਚਲਾਉਣੀ ਔਖੀ ਹੋ ਰਹੀ ਹੈ। ਸਾਡੇ ਕੋਲ ਬਰਤਨ, ਚਾਹ ਦੇ ਕੱਪ ਅਤੇ ਪਰਦੇ ਆਦਿ ਖਰੀਦਣ ਲਈ ਵੀ ਪੈਸੇ ਨਹੀਂ ਹਨ।”

ਜਿਨਸੀ ਆਜ਼ਾਦੀ ਦੀ ਪੈਰੋਕਾਰ

ਅੰਮ੍ਰਿਤਾ ਦੇ ਪ੍ਰੇਮੀਆਂ ਦੀ ਇੱਕ ਲੰਬੀ ਸੂਚੀ ਸੀ, ਜਿਸ ’ਚ ਕਾਰਲ ਖੰਡਾਲਵਾਲਾ, ਇਕਬਾਲ ਸਿੰਘ, ਆਈਸੀਐੱਸ ਅਧਿਕਾਰੀ ਬਦਰੂਦੀਨ ਤੈਅਬਜੀ, ਆਲ ਇੰਡੀਆ ਰੇਡਿਓ ਦੇ ਨਿਰਦੇਸ਼ਕ ਰਸ਼ੀਦ ਅਹਿਮਦ ਅਤੇ ਸਟੇਟਸਮੈਨ ਦੇ ਪੱਤਰਕਾਰ ਮੈਲਕਮ ਮਗਰਿਜ਼ ਸ਼ਾਮਲ ਸਨ।

ਰਸ਼ੀਦ ਅਹਿਮਦ ਬਾਅਦ ’ਚ ਪਾਕਿਸਤਾਨ ਚਲੇ ਗਏ ਸਨ ਜਿੱਥੇ ਉਹ ਪਾਕਿਸਤਾਨ ਰੇਡਿਓ ਦੇ ਡਾਇਰੈਕਟਰ ਜਨਰਲ ਵੱਜੋਂ ਸੇਵਾਮੁਕਤ ਹੋਏ ਸਨ।

ਰਸ਼ੀਦ ਅਹਿਮਦ ਨੇ ਉਨ੍ਹਾਂ ਦੇ ਬਾਰੇ ’ਚ ਕਿਹਾ ਸੀ, “ਅੰਮ੍ਰਿਤਾ ਬਹੁਤ ਹੀ ਬਾਰੀਕੀ ਨਾਲ ਹਰ ਚੀਜ਼ ਨੂੰ ਵੇਖਦੇ ਸਨ। ਉਨ੍ਹਾਂ ’ਚ ਹਰ ਚੀਜ਼ ਨੂੰ ਅਨੁਭਵ ਕਰਨ ਅਤੇ ਉਸ ਬਾਰੇ ਜਾਣਨ ਦੀ ਲਾਲਸਾ ਬਣੀ ਰਹਿੰਦੀ ਸੀ। ਸਮਾਜਿਕ ਰੁਕਾਵਟਾਂ ਅਤੇ ਪਾਬੰਦੀਆਂ ਤੋਂ ਉਹ ਪੂਰੀ ਤਰ੍ਹਾਂ ਨਾਲ ਮੁਕਤ ਸੀ।”

ਉਹ ਉਨ੍ਹਾਂ ਮਰਦਾਂ ਵੱਲ ਆਕਰਸ਼ਿਤ ਹੁੰਦੇ ਸਨ ਜੋ ਕਿ ਮੁੱਖ ਧਾਰਾ ਤੋਂ ਥੋੜ੍ਹੇ ਵੱਖਰੇ ਹੁੰਦੇ ਸਨ।

ਇਕਬਾਲ ਸਿੰਘ ਲਿਖਦੇ ਹਨ, “ਜਿਨਸੀ ਨੈਤਿਕਤਾ ਬਾਰੇ ਅੰਮ੍ਰਿਤਾ ਦੀ ਪਰਿਭਾਸ਼ਾ ਆਮ ਲੋਕਾਂ ਨਾਲੋਂ ਕਾਫ਼ੀ ਵੱਖਰੀ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਉਹ ਇੱਕ ਵਾਰ ਪੈਰਿਸ ਦੇ ਬਦਨਾਮ ਇਲਾਕੇ ’ਚ ਇਕੱਲੀ ਖੜ੍ਹੀ ਹੋ ਗਈ ਸੀ। ਉਹ ਬਸ ਵੇਖਣਾ ਚਾਹੁੰਦੇ ਸਨ ਕਿ ਲੋਕ ਕਿਸ ਤਰ੍ਹਾਂ ਉਨ੍ਹਾਂ ਦੇ ਕੋਲ ਪਹੁੰਚ ਕਰਦੇ ਹਨ।”

“ਉਨ੍ਹਾਂ ਨੇ ਦੱਸਿਆ ਸੀ ਕਿ ਮੇਰਾ ਕਿਸੇ ਨਾਲ ਵੀ ਜਾਣ ਦਾ ਕੋਈ ਇਰਾਦਾ ਨਹੀਂ ਸੀ। ਮੈਂ ਤਾਂ ਸਿਰਫ਼ ਇਹ ਵੇਖਣਾ ਚਾਹੁੰਦੀ ਸੀ ਕਿ ਲੋਕ ਮੇਰੇ ਨਾਲ ਸਮਾਂ ਬਿਤਾਉਣ ਲਈ ਕਿੰਨਾ ਕੁ ਖਰਚਾ ਕਰਨ ਲਈ ਤਿਆਰ ਸਨ।"

"ਪਰ ਕੁਝ ਹੀ ਸਮੇਂ ਬਾਅਦ ਮੇਰੀ ਹਿੰਮਤ ਜਵਾਬ ਦੇ ਗਈ ਸੀ ਅਤੇ ਫਿਰ ਮੈਂ ਉੱਥੋਂ ਵਾਪਸ ਚਲੀ ਗਈ ਸੀ।”

ਖੁਸ਼ਵੰਤ ਸਿੰਘ ਦੀ ਪਤਨੀ ਦਾ ਮਜ਼ਾਕ

ਖੁਸ਼ਵੰਤ ਸਿੰਘ ਨਾਲ ਵੀ ਅੰਮ੍ਰਿਤਾ ਸ਼ੇਰਗਿੱਲ ਦਾ ਵਾਸਤਾ ਪਿਆ ਸੀ। ਖੁਸ਼ਵੰਤ ਸਿੰਘ ਆਪਣੀ ਸਵੈ-ਜੀਵਨੀ ’ਚ ਲਿਖਦੇ ਹਨ, “ਸੁੰਦਰ ਤਾਂ ਉਹ ਸੀ, ਪਰ ਉਸ ਤੋਂ ਵੀ ਵੱਧ ਧਿਆਨ ਦੇਣ ਵਾਲੀ ਗੱਲ ਸੁੰਦਰਤਾ ਪ੍ਰਤੀ ਉਸ ਦੀ ਚੌਕਸੀ ਸੀ।"

"ਉਸ ਦੀ ਇਹ ਚੌਕਸੀ ਤੇ ਸੁਚੇਤਤਾ ਅਤੇ ਜਵਾਨੀ ਦਾ ਹੰਕਾਰ ਉਸ ਨੂੰ ਪਰੰਪਰਾ ਤੋਂ ਪਰੇ ਜ਼ਿੰਦਗੀ ਜਿਉਣ ਲਈ ਪ੍ਰੇਰਦਾ ਸੀ।”

ਆਪਣੀ ਕਿਤਾਬ ‘ਵੂਮੈਨ ਐਂਡ ਮੈਨ ਇਨ ਮਾਈ ਲਾਈਫ਼’ ’ਚ ਖੁਸ਼ਵੰਤ ਸਿੰਘ ਅੰਮ੍ਰਿਤਾ ਨਾਲ ਜੁੜਿਆ ਇੱਕ ਕਿੱਸਾ ਸੁਣਾਉਂਦੇ ਹਨ।

ਉਹ ਲਿਖਦੇ ਹਨ, “ਇੱਕ ਦੁਪਹਿਰ ਜਦੋਂ ਮੈਂ ਖਾਣਾ ਖਾਣ ਲਈ ਘਰ ਆਇਆ ਤਾਂ ਮੈਂ ਵੇਖਿਆ ਕਿ ਮੇਰੀ ਡਾਇਨਿੰਗ ਟੇਬਲ ’ਤੇ ਬੀਅਰ ਦਾ ਇੱਕ ਜੱਗ ਅਤੇ ਕੁਰਸੀ ’ਤੇ ਇੱਕ ਬੈਗ ਪਿਆ ਹੋਇਆ ਸੀ।"

"ਕਮਰੇ ’ਚ ਫ੍ਰੈਂਚ ਪਰਫਿਊਮ ਦੀ ਖੁਸ਼ਬੂ ਫੈਲੀ ਹੋਈ ਸੀ। ਮੇਰੇ ਰਸੌਈਏ ਨੇ ਮੈਨੂੰ ਦੱਸਿਆ ਕਿ ਇੱਕ ਮੈਮ ਸਾਹਿਬ ਆਈ ਹੈ।”

“ਉਨ੍ਹਾਂ ਨੇ ਇਸ ਤਰ੍ਹਾਂ ਨਾਲ ਫਲੈਟ ਦਾ ਨਿਰੀਖਣ ਕੀਤਾ ਜਿਵੇਂ ਕਿ ਉਹ ਇਸ ਦੀ ਮਾਲਕਣ ਹੋਵੇ। ਹੁਣ ਉਹ ਬਾਥਰੂਮ ’ਚ ਸਨ। ਉਹ ਅੰਮ੍ਰਿਤਾ ਸ਼ੇਰਗਿੱਲ ਸੀ।"

"ਉਹ ਮੇਰੇ ਕੋਲੋਂ ਨਜ਼ਦੀਕ ਦੇ ਧੋਬੀ ਅਤੇ ਰਸੋਈਏ ਬਾਰੇ ਪੁੱਛਣ ਆਏ ਸਨ। ਉਨ੍ਹਾਂ ਨੇ ਮੇਰੇ ਕਮਰੇ ’ਚ ਲੱਗੀ ਪੇਂਟਿੰਗ ਨੂੰ ਕੁਝ ਇਸ ਤਰ੍ਹਾਂ ਨਾਲ ਵੇਖਿਆ ਜਿਸ ਤਰ੍ਹਾਂ ਕਹਿ ਰਹੇ ਹੋਣ ਕਿ ਇਹ ਕੀ ਟੰਗ ਰੱਖਿਆ ਹੈ?”

“ਮੈਂ ਨਿਮਰਤਾ ਨਾਲ ਕਿਹਾ ਇਹ ਮੇਰੀ ਪਤਨੀ ਨੇ ਬਣਾਈ ਹੈ। ਅਜੇ ਉਹ ਸਿੱਖ ਰਹੀ ਹੈ। ਅੰਮ੍ਰਿਤਾ ਨੇ ਜਵਾਬ ਦਿੱਤਾ ਸੀ- ਇਹ ਤਾਂ ਸਪੱਸ਼ਟ ਨਜ਼ਰ ਆ ਰਿਹਾ ਹੈ।”

ਉਨ੍ਹਾਂ ਦੀ ਦੂਜੀ ਮੁਲਾਕਾਤ ਸ਼ਿਮਲਾ ਵਿਖੇ ਹੋਈ ਸੀ। ਖੁਸਵੰਤ ਸਿੰਘ ਨੇ ਚਮਨਲਾਲ, ਉਨ੍ਹਾਂ ਦੀ ਪਤਨੀ ਹੈਲਨ ਅਤੇ ਅੰਮ੍ਰਿਤਾ ਨੂੰ ਦਿਨ ਦੇ ਖਾਣੇ ’ਤੇ ਸੱਦਿਆ ਸੀ।

ਖੁਸ਼ਵੰਤ ਲਿਖਦੇ ਹਨ, “ਮੇਰਾ 7 ਮਹੀਨਿਆਂ ਦਾ ਬੇਟਾ ਤੁਰਨਾ ਸਿੱਖ ਰਿਹਾ ਸੀ। ਉਹ ਬਹੁਤ ਹੀ ਪਿਆਰਾ ਬੱਚਾ ਸੀ। ਉਸ ਦੇ ਘੁੰਗਰਾਲੇ ਭੂਰੇ ਵਾਲ ਸਨ। ਹਰ ਕੋਈ ਉਸ ਦੀ ਤਾਰੀਫ਼ ਕਰਦਾ ਸੀ। ਫਿਰ ਅੰਮ੍ਰਿਤਾ ਨੇ ਉਸ ’ਤੇ ਇੱਕ ਨਜ਼ਰ ਮਾਰੀ ਅਤੇ ਕਿਹਾ, ਕਿੰਨਾ ਗੰਦਾ ਬੱਚਾ ਹੈ।”

"ਅੰਮ੍ਰਿਤਾ ਦੇ ਇਹ ਕਹਿੰਦਿਆਂ ਹੀ ਪੂਰੇ ਮਾਹੌਲ ’ਚ ਸੰਨਾਟਾ ਛਾ ਗਿਆ। ਉਨ੍ਹਾਂ ਸਾਰਿਆਂ ਦੇ ਜਾਣ ਤੋਂ ਬਾਅਦ ਮੇਰੀ ਪਤਨੀ ਨੇ ਕਿਹਾ ਕਿ ਮੈਂ ਇਸ ਔਰਤ ਨੂੰ ਮੁੜ ਕਦੇ ਵੀ ਆਪਣੇ ਘਰ ਨਹੀਂ ਸੱਦਾਂਗੀ। ਬਾਅਦ ’ਚ ਅੰਮ੍ਰਿਤਾ ਤੱਕ ਇਹ ਖ਼ਬਰ ਪਹੁੰਚ ਗਈ ਕਿ ਮੇਰੀ ਪਤਨੀ ਨੇ ਉਸ ਬਾਰੇ ਕੀ ਕਿਹਾ ਸੀ।”

“ਉਸ ਨੇ (ਅੰਮ੍ਰਿਤਾ) ਐਲਾਨ ਕੀਤਾ ਕਿ ਮੈਂ ਉਸ ਔਰਤ ਨੂੰ ਅਜਿਹਾ ਸਬਕ ਸਿਖਾਵਾਂਗੀ ਕਿ ਉਹ ਉਸ ਨੂੰ ਕਦੇ ਵੀ ਨਹੀਂ ਭੁੱਲੇਗੀ। ਮੈਂ ਉਸ ਦੇ ਪਤੀ ਨੂੰ ਆਪਣੇ ਵੱਲ ਆਕਰਸ਼ਿਤ ਕਰਾਂਗੀ। ਮੈਂ ਬੇਸਬਰੀ ਨਾਲ ਉਸ ਦਿਨ ਦਾ ਇੰਤਜ਼ਾਰ ਕਰਨ ਲੱਗਾ, ਪਰ ਉਹ ਮੌਕਾ ਕਦੇ ਨਾ ਆਇਆ। ਕੁਝ ਹੀ ਦਿਨਾਂ ’ਚ ਉਸ ਦਾ ਦੇਹਾਂਤ ਹੋ ਗਿਆ ਸੀ।”

ਜਵਾਹਰ ਲਾਲ ਨਹਿਰੂ ਨਾਲ ਅੰਮ੍ਰਿਤਾ ਸ਼ੇਰਗਿੱਲ ਦੀ ਨਜ਼ਦੀਕੀ

ਜਵਾਹਰ ਲਾਲ ਨਹਿਰੂ ਨਾਲ ਵੀ ਅੰਮ੍ਰਿਤਾ ਦੀਆਂ ਕਈ ਮੁਲਾਕਾਤਾਂ ਹੋਈਆਂ ਸਨ। ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਹੈ ਕਿ ਦੋਵਾਂ ਵਿਚਾਲੇ ਪ੍ਰੇਮ ਸਬੰਧ ਸਨ।

1937 ’ਚ ਜਦੋਂ ਦਿੱਲੀ ਦੇ ਇੰਪੀਰੀਅਲ ਹੋਟਲ ’ਚ ਅੰਮ੍ਰਿਤਾ ਦੀਆਂ ਪੇਂਟਿੰਗਾਂ ਦੀ ਇੱਕ ਪ੍ਰਦਰਸ਼ਨੀ ਲੱਗੀ ਤਾਂ ਜਵਾਹਰਲਾਲ ਨਹਿਰੂ ਨੇ ਉਸ ’ਚ ਸ਼ਿਰਕਤ ਕੀਤੀ ਸੀ।

ਉਸ ਸਮੇਂ ਅੰਮ੍ਰਿਤਾ ਨੇ ਕਾਰਲ ਨੂੰ ਲਿਖੀ ਚਿੱਠੀ ’ਚ ਲਿਖਿਆ ਸੀ, “ਮੈਨੂੰ ਲੱਗਦਾ ਹੈ ਕਿ ਨਹਿਰੂ ਨੇ ਵੀ ਮੈਨੂੰ ਓਨਾ ਹੀ ਪਸੰਦ ਕੀਤਾ ਹੈ ਜਿੰਨਾ ਕਿ ਮੈਂ ਉਨ੍ਹਾਂ ਨੂੰ ਪਸੰਦ ਕੀਤਾ।”

ਨਹਿਰੂ ਅਤੇ ਅੰਮ੍ਰਿਤਾ ਵਿਚਾਲੇ ਬਹੁਤ ਪੱਤਰ-ਵਿਹਾਰ ਹੁੰਦਾ ਸੀ। ਉਨ੍ਹਾਂ ਚਿੱਠੀਆਂ ਦੇ ਅਧਿਐਨ ਤੋਂ ਉਨ੍ਹਾਂ ਦਰਮਿਆਨ ਰਿਸ਼ਤੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਸੀ, ਪਰ ਅੰਮ੍ਰਿਤਾ ਦੀ ਮਾਂ ਨੇ ਅੰਮ੍ਰਿਤਾ ਨੂੰ ਮਿਲੇ ਕਈ ਪੱਤਰ ਸਾੜ ਦਿੱਤੇ ਸਨ ਜਿਸ ’ਚ ਨਹਿਰੂ ਦੀਆਂ ਚਿੱਠੀਆਂ ਵੀ ਸ਼ਾਮਲ ਸਨ।

ਇੱਕ ਵਾਰ ਨਹਿਰੂ ਆਪਣੇ ਗੋਰਖਪੁਰ ਦੇ ਦੌਰੇ ਦੌਰਾਨ ਅੰਮ੍ਰਿਤਾ ਅਤੇ ਉਨ੍ਹਾਂ ਦੇ ਪਤੀ ਵਿਕਟਰ ਨੂੰ ਮਿਲਣ ਲਈ ਗਏ ਸਨ।

ਉਸ ਸਮੇਂ ਦੀ ਇੱਕ ਤਸਵੀਰ ਹੈ ਜਿਸ ’ਚ ਨਹਿਰੂ ਨੇ ਕਾਲੀ ਕਮੀਜ਼ ਅਤੇ ਖਾਕੀ ਰੰਗ ਦੀ ਪੈਂਟ ਪਾਈ ਹੋਈ ਸੀ। ਉਨ੍ਹਾਂ ਦੇ ਸਿਰ ’ਤੇ ਗਾਂਧੀ ਟੋਪੀ ਅਤੇ ਪੈਰਾਂ ’ਚ ਪੇਸ਼ਾਵਰੀ ਚੱਪਲਾਂ ਸਨ।

ਅੰਮ੍ਰਿਤਾ ਦੀ ਮੌਤ ’ਤੇ ਨਹਿਰੂ ਨੇ ਅੰਮ੍ਰਿਤਾ ਦੀ ਮਾਂ ਨੂੰ ਇੱਕ ਦਿਲ ਛੂਹ ਲੈਣ ਵਾਲੀ ਚਿੱਠੀ ਲਿਖ ਕੇ ਕਿਹਾ ਸੀ, “ਪਿਛਲੇ 5 ਸਾਲਾਂ ਦੌਰਾਨ ਮੈਂ ਅੰਮ੍ਰਿਤਾ ਨੂੰ 5-6 ਵਾਰ ਮਿਲਿਆ ਹੋਵਾਂਗਾ, ਪਰ ਪਹਿਲੀ ਮੁਲਾਕਾਤ ’ਚ ਹੀ ਉਸ ਦੇ ਹੁਨਰ ਅਤੇ ਉਸ ਦੀ ਸੁੰਦਰਤਾ ਦਾ ਦਿਵਾਨਾ ਹੋ ਗਿਆ ਸੀ।”

“ਮੈਨੂੰ ਇੰਝ ਲੱਗਿਆ ਸੀ ਕਿ ਉਹ ਭਾਰਤ ਲਈ ਬਹੁਤ ਹੀ ਕੀਮਤੀ ਹੁਨਰ ਹੈ। ਮੈਂ ਉਸ ਹੁਨਰ ਦੇ ਪਰਿਪੱਕਵ ਹੋਣ ਦੀ ਉਡੀਕ ’ਚ ਸੀ। ਅੰਮ੍ਰਿਤਾ ਦੇ ਸੰਪਰਕ ’ਚ ਆਉਣ ਵਾਲੇ ਬਹੁਤ ਸਾਰੇ ਲੋਕ ਇਸ ਦੁੱਖ ਦੀ ਘੜੀ ’ਚ ਤੁਹਾਡੇ ਨਾਲ ਹਨ। ਉਸ ਦੀਆਂ ਯਾਦਾਂ ਮੇਰੀ ਵਿਰਾਸਤ ਹਨ।”

ਕਰੋੜਾਂ ’ਚ ਵਿਕਦੀ ਹੈ ਪੇਂਟਿੰਗ

ਅੰਮ੍ਰਿਤਾ ਨੇ ਆਪਣੇ ਕਰੀਅਰ ’ਚ ਤਕਰੀਬਨ 143 ਪੇਂਟਿੰਗਾਂ ਬਣਾਈਆਂ ਹਨ। ਇੰਨ੍ਹਾਂ ’ਚ ਉਹ ਪੇਂਟਿੰਗਾਂ ਸ਼ਾਮਲ ਨਹੀਂ ਹਨ ਜੋ ਉਨ੍ਹਾਂ ਨੇ ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਤੋਹਫੇ ਵੱਜੋਂ ਦਿੱਤੀਆਂ ਹਨ।

ਉਨ੍ਹਾਂ ਦੀਆਂ ਬਹੁਤ ਸਾਰੀਆਂ ਪੇਂਟਿੰਗਾਂ ਉਨ੍ਹਾਂ ਦੀ ਭੈਣ ਦੇ ਬੱਚਿਆਂ ਵਿਵਾਨ ਅਤੇ ਨਵੀਨਾ ਸੁੰਦਰਮ ਕੋਲ ਹਨ।

ਉਨ੍ਹਾਂ ਦੇ ਪਤੀ ਵਿਕਟਰ ਕੋਲ ਜਿੰਨੀਆਂ ਵੀ ਪੇਂਟਿੰਗਾਂ ਸਨ, ਉਨ੍ਹਾਂ ’ਚੋਂ ਇੱਕ ਨੂੰ ਛੱਡ ਕੇ, ਜੋ ਉਨ੍ਹਾਂ ਦਾ ਖ਼ੁਦ ਦਾ ਚਿੱਤਰ ਸੀ, ਬਾਕੀ ਸਾਰੀਆਂ ਪੇਂਟਿਗਾਂ ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟਸ ਨੂੰ ਦੇ ਦਿੱਤੀਆਂ ਸਨ।

ਉਨ੍ਹਾਂ ਪੇਂਟਿੰਗਾਂ ਦੀ ਸਹੀ ਦੇਖ-ਰੇਖ ਦੀ ਘਾਟ ਕਰਕੇ ਬਹੁਤ ਸਾਰੀਆਂ ਪੇਂਟਿੰਗਾਂ ਨਸ਼ਟ ਹੋ ਗਈਆਂ ਸਨ। 1998 ’ਚ ਉਨ੍ਹਾਂ ਦੀਆਂ ਨਸ਼ਟ ਹੋ ਚੁੱਕੀਆਂ ਪੇਂਟਿੰਗਾਂ ਨੂੰ ਸਹੀ ਕਰਨ ਦਾ ਯਤਨ ਕੀਤਾ ਗਿਆ ਸੀ।

ਯਸ਼ੋਧਰਾ ਡਾਲਮੀਆ ਲਿਖਦੇ ਹਨ, “ਅੰਮ੍ਰਿਤਾ ਦਿਨ ਦੀ ਕੁਦਰਤੀ ਰੌਸ਼ਨੀ ’ਚ ਚਿੱਤਰਕਾਰੀ ਕਰਨਾ ਪਸੰਦ ਕਰਦੇ ਸਨ। ਬਣਾਵਟੀ ਰੌਸ਼ਨੀ ’ਚ ਚਿੱਤਰਕਾਰੀ ਕਰਨਾ ਉਨ੍ਹਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ। ਚਿੱਤਰਕਾਰੀ ਕਰਦੇ ਸਮੇਂ ਉਹ ਢਿੱਲਾ ਜਿਹਾ ਓਵਰਆਲ ਪਹਿਨਦੇ ਸਨ ਅਤੇ ਆਪਣੇ ਵਾਲਾਂ ਨੂੰ ਕੱਸ ਕੇ ਪਿੱਛੇ ਵੱਲ ਬੰਨ੍ਹ ਲੈਂਦੇ ਸਨ।”

“ਚਿੱਤਰ ਬਣਾਉਂਦੇ ਸਮੇਂ ਉਨ੍ਹਾਂ ਦਾ ਹੱਥ ਬਹੁਤ ਤੇਜ਼ੀ ਨਾਲ ਚੱਲਦਾ ਸੀ ਅਤੇ ਪੇਂਟਿੰਗ ਮੁਕੰਮਲ ਕਰਨ ਤੋਂ ਬਾਅਦ ਉਹ ਉਸ ਨੂੰ ਪੁੱਠਾ ਕਰਕੇ ਵੇਖਦੇ ਸਨ।"

"ਜੇਕਰ ਉਹ ਉਨ੍ਹਾਂ ਨੂੰ ਪਸੰਦ ਨਹੀਂ ਆਉਂਦਾ ਤਾਂ ਉਸ ਚਿੱਤਰ ਨੂੰ ਉਹ ਆਪਣੀ ਪੈਲੇਟ ਚਾਕੂ ਨਾਲ ਫਾੜ ਕੇ ਸੁੱਟ ਦਿੰਦੇ ਸਨ। ਅਜਿਹਾ ਉਹ ਇੱਕ ਵਾਰ ਨਹੀਂ ਕਈ ਵਾਰ ਕਰਦੇ ਸਨ।”

“ਇੱਕ ਵਾਰ ਜਦੋਂ ਮਹਾਤਮਾ ਗਾਂਧੀ ਕੇਪ ਕਮੋਰਿਨ ਗਏ ਸਨ ਤਾਂ ਉਨ੍ਹਾਂ ਨੇ ਉਨ੍ਹਾਂ ਦੀ ਪ੍ਰਾਰਥਨਾ ਸਭਾ ਨੂੰ ਸੰਬੋਧਨ ਕਰਦੇ ਹੋਏ ਇੱਕ ਪੇਂਟਿੰਗ ਬਣਾਈ ਸੀ। ਉਨ੍ਹਾਂ ਨੇ ਉਨ੍ਹਾਂ ਨੂੰ ਮਿਲਣ ਦਾ ਕੋਈ ਯਤਨ ਨਾ ਕੀਤਾ ਕਿਉਂਕਿ ਉਨ੍ਹਾਂ ਨੂੰ ਮਿਲਣ ਲਈ ਬਹੁਤ ਸਾਰੇ ਲੋਕ ਪਹੁੰਚ ਰਹੇ ਸਨ।”

ਉਨ੍ਹਾਂ ਦੀਆਂ ਪ੍ਰਮੁੱਖ ਪੇਂਟਿੰਗਾਂ ’ਚ ਯੰਗ ਗਲਰਜ਼, ਜਿਪਸੀ ਗਰਲ, ਯੰਗ ਮੈਨ ਵਿਦ ਫੋਰ ਐਪਲਜ਼, ਤਿੰਨ ਕੁੜੀਆਂ ਦਾ ਸਮੂਹ, ਬ੍ਰਾਈਡਸ ਟਾਇਲਟ, ਬ੍ਰਹਮਚਾਰਿਸ ਅਤੇ ਕੈਮਿਲ ਸ਼ਾਮਲ ਹਨ।

ਪੰਜਾਵੇਂ ਦਹਾਕੇ ’ਚ ਮਸ਼ਹੂਰ ਲੇਖਕ ਅਤੇ ਪ੍ਰਸਾਰਕ ਅਸ਼ਫਾਕ ਅਹਿਮਦ ਲਾਹੌਰ ਦੇ ਪੁਰਾਣੇ ਬਾਜ਼ਾਰ ’ਚ ਘੁੰਮ ਰਹੇ ਸਨ।

ਇਕਬਾਲ ਸਿੰਘ ਲਿਖਦੇ ਹਨ, “ਇੱਕ ਕਬਾੜੀ ਦੀ ਦੁਕਾਨ ’ਤੇ ਉਨ੍ਹਾਂ ਨੂੰ ਅੰਮ੍ਰਿਤਾ ਦੀ ਇੱਕ ਪੇਂਟਿੰਗ ਵਿਖਾਈ ਦਿੱਤੀ। ਉਸ ਫਰੇਮ ਵਾਲੀ ਪੇਂਟਿੰਗ ’ਚ ਇੱਕ ਔਰਤ ਬੈਠੀ ਹੋਈ ਸੀ। ਕਬਾੜੀ ਨੇ ਅਸ਼ਫਾਕ ਨੂੰ ਕਿਹਾ ਕਿ ਉਹ ਪੇਂਟਿੰਗ ਸੁੱਟ ਦੇਣ ਅਤੇ ਫਰੇਮ ਘਰ ਲੈ ਜਾਣ।”

“ਅਸ਼ਫਾਕ ਨੇ ਫਰੇਮ ਦੁਕਾਨਦਾਰ ਨੂੰ ਦਿੱਤਾ ਅਤੇ ਅੰਮ੍ਰਿਤਾ ਦੀ ਪੇਂਟਿੰਗ ਘਰ ਲੈ ਗਏ। ਕੁਝ ਦਿਨਾਂ ਬਾਅਦ ਉਨ੍ਹਾਂ ਦੀ ਮੁਲਾਕਾਤ ਰਾਵਲਪਿੰਡੀ ’ਚ ਆਰਟ ਗੈਲਰੀ ਚਲਾਉਣ ਵਾਲੀ ਜ਼ੁਬੈਦਾ ਆਗ਼ਾ ਨਾਲ ਹੋਈ।”

“ਉਨ੍ਹਾਂ ਨੇ ਅਸ਼ਫਾਕ ਤੋਂ ਉਹ ਪੇਂਟਿੰਗ ਆਪਣੀ ਗੈਲਰੀ ’ਚ ਲਗਾਉਣ ਲਈ ਮੰਗੀ ਅਤੇ ਫਿਰ ਉਹ ਪੇਂਟਿੰਗ ਇਸਲਾਮਾਬਾਦ ਦੀ ਨੈਸ਼ਨਲ ਆਰਟ ਗੈਲਰੀ ਵਿਖੇ ਪਹੁੰਚੀ।”

ਕਲਾ ਬਾਜ਼ਾਰ ’ਚ ਉਨ੍ਹਾਂ ਦੀਆਂ ਪੇਂਟਿੰਗਾਂ ਆਮ ਤੌਰ ’ਤੇ ਨਹੀਂ ਵਿਕਦੀਆਂ ਹਨ ਪਰ ਜਦੋਂ ਵੀ ਉਹ ਵਿਕਦੀਆਂ ਹਨ ਉਨ੍ਹਾਂ ਦੀ ਕੀਮਤ ਕਰੋੜਾਂ ’ਚ ਹੁੰਦੀ ਹੈ।

ਇਹ ਦੁੱਖ ਵਾਲੀ ਗੱਲ ਹੈ ਕਿ ਅੰਮ੍ਰਿਤਾ ਨੂੰ ਆਪਣੇ ਜੀਵਨ ਕਾਲ ਦੌਰਾਨ ਹਮੇਸ਼ਾ ਹੀ ਪੈਸੇ ਦਾ ਮੋਹਤਾਜ ਰਹਿਣਾ ਪਿਆ, ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆ ਪੇਂਟਿੰਗਾਂ ਕਰੋੜਾਂ ਰੁਪਏ ’ਚ ਵਿਕੀਆਂ।

ਦਸਤ ਦਾ ਸ਼ਿਕਾਰ

ਆਪਣੇ ਆਖ਼ਰੀ ਦਿਨਾਂ ’ਚ ਅੰਮ੍ਰਿਤਾ ਸ਼ੇਰਗਿੱਲ ਲਾਹੌਰ ਚਲੇ ਗਏ ਸਨ। ਉੱਥੇ ਉਨ੍ਹਾਂ ਦੇ ਪਤੀ ਵਿਕਟਰ ਨੇ ਇੱਕ ਕਲੀਨਿਕ ਖੋਲ੍ਹਿਆ। ਅੰਮ੍ਰਿਤਾ ਦੇ ਦੋਸਤ ਇਕਬਾਲ ਸਿੰਘ ਨੂੰ ਅਚਾਨਕ ਹੀ ਉਨ੍ਹਾਂ ਦੀ ਬਿਮਾਰੀ ਬਾਰੇ ਪਤਾ ਲੱਗਿਆ।

ਇਕਬਾਲ ਸਿੰਘ ਲਿਖਦੇ ਹਨ, “ਜਦੋਂ ਮੈਂ 3 ਦਸੰਬਰ ਨੂੰ ਉਨ੍ਹਾਂ ਨੂੰ ਮਿਲਣ ਲਈ ਗਿਆ ਤਾਂ ਪੂਰੇ ਘਰ ’ਚ ਇੱਕ ਅਜੀਬ ਜਿਹੀ ਚੁੱਪ ਪਸਰੀ ਹੋਈ ਸੀ। ਜਦੋਂ ਮੈਂ ਬੈੱਡਰੂਮ ਦਾ ਦਰਵਾਜ਼ਾ ਖੜਕਾਇਆ ਤਾਂ ਇੱਕ ਬਹੁਤ ਹੀ ਕਮਜ਼ੋਰ ਆਵਾਜ਼ ਨੇ ਮੈਨੂੰ ਅੰਦਰ ਆਉਣ ਲਈ ਕਿਹਾ।”

“ਜਦੋਂ ਮੈਂ ਅੰਮ੍ਰਿਤਾ ਦੇ ਕੋਲ ਪਹੁੰਚਿਆ ਤਾਂ ਮੈਂ ਵੇਖਿਆ ਕਿ ਉਸ ਦਾ ਚਿਹਰਾ ਪੀਲਾ ਪਿਆ ਹੋਇਆ ਸੀ। ਮੈਂ ਉਸ ਨੂੰ ਪੁੱਛਿਆ ਅਮਰੀ ਕੀ ਗੱਲ ਹੈ? ਉਸ ਨੇ ਕਿਹਾ ਲੇਡੀ ਕਾਦਿਰ ਦੀ ਪਾਰਟੀ ’ਚ ਪਕੌੜੇ ਖਾਧੇ ਸਨ, ਜਿਸ ਦੇ ਕਾਰਨ ਮੈਨੂੰ ਖ਼ਤਰਨਾਕ ਕਿਸਮ ਦੇ ਮਰੋੜ ਪੈ ਰਹੇ ਹਨ।”

“ਉਹ ਹਰ ਕੁਝ ਮਿੰਟਾਂ ’ਚ ਟਾਇਲਟ ਜਾ ਰਹੀ ਸੀ, ਜਿਸ ਕਾਰਨ ਉਸ ਦੇ ਸਰੀਰ ’ਚੋਂ ਸਾਰਾ ਪਾਣੀ ਬਾਹਰ ਨਿਕਲ ਗਿਆ ਸੀ।"

"ਉਸ ਦਿਨ ਮੈਨੂੰ ਬਿਲਕੁਲ ਨਹੀਂ ਲੱਗਿਆ ਸੀ ਕਿ ਉਹ ਇੰਨੀ ਗੰਭੀਰ ਬਿਮਾਰ ਹੈ ਅਤੇ ਕੁਝ ਹੀ ਦਿਨਾਂ ਦੀ ਮਹਿਮਾਨ ਹੈ। ਮੈਂ ਸੁਪਨੇ ’ਚ ਵੀ ਨਹੀਂ ਸੋਚਿਆ ਸੀ ਕਿ ਮੈਂ ਉਸ ਨੂੰ ਆਖ਼ਰੀ ਵਾਰ ਜ਼ਿੰਦਾ ਵੇਖ ਰਿਹਾ ਹਾਂ।”

28 ਸਾਲ ਦੀ ਉਮਰ ’ਚ ਦੇਹਾਂਤ

ਦੋ ਦਿਨ ਬਾਅਦ ਭਾਵ 5 ਦਸੰਬਰ ਨੂੰ ਇਕਬਾਲ ਫਿਰ ਅੰਮ੍ਰਿਤਾ ਨੂੰ ਮਿਲਣ ਲਈ ਗਏ। ਉਸ ਸਮੇਂ ਸ਼ਾਮ ਦੇ ਸਾਢੇ ਪੰਜ ਵੱਜੇ ਹੋਣਗੇ।

ਇਕਬਾਲ ਲਿਖਦੇ ਹਨ, “ਜਿਵੇਂ ਹੀ ਮੈਂ ਉਨ੍ਹਾਂ ਦੇ ਘਰ ਅੰਦਰ ਵੜਿਆ ਮੈਂ ਵਿਕਟਰ ਨੂੰ ਤੇਜ਼ੀ ਨਾਲ ਪੌੜੀਆਂ ਉਤਰਦੇ ਵੇਖਿਆ। ਮੈਂ ਉਸ ਤੋਂ ਪੁੱਛਿਆ ਅਮਰੀ ਕਿਵੇਂ ਹੈ? ਉਸ ਨੇ ਜਵਾਬ ਦਿੱਤਾ, ਮੈਂ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ।"

"ਮੈਂ ਕਿਹਾ ਕੀ ਮਤਲਬ ਹੈ ਤੁਹਾਡਾ? ਉਸ ਨੇ ਕਿਹਾ, ਉਹ ਗੰਭੀਰ ਤੌਰ 'ਤੇ ਬੀਮਾਰ ਹੈ। ਮੈਨੂੰ ਨਹੀਂ ਲੱਗਦਾ ਕਿ ਉਹ ਬਚੇਗੀ।”

"ਮੈਂ ਉਸ ਨੂੰ ਪੁੱਛਿਆ ਕੀ ਮੈਂ ਉਸ ਨੂੰ ਵੇਖ ਸਕਦਾ ਹਾਂ? ਉਸ ਨੇ ਕਿਹਾ ਨਹੀਂ ਕਿਉਂਕਿ ਉਹ ਕੋਮਾ ’ਚ ਚਲੀ ਗਈ ਹੈ।”

ਅੰਮ੍ਰਿਤਾ ਦੇ ਇੱਕ ਹੋਰ ਦੋਸਤ ਚਮਨਲਾਲ ਤੁਰੰਤ ਹੀ ਲਾਹੌਰ ਦੇ ਇੱਕ ਸਭ ਤੋਂ ਵਧੀਆ ਡਾਕਟਰ ਸੀਕਰੀ ਅਤੇ ਜਰਮਨ ਡਾਕਟਰ ਕੈਲਿਚਸ਼ ਨੂੰ ਲੈ ਆਏ। ਦੋਵਾਂ ਨੇ ਅੰਮ੍ਰਿਤਾ ਨੂੰ ਵੇਖਣ ਤੋਂ ਬਾਅਦ ਕਿਹਾ ਕਿ ਹੁਣ ਬਹੁਤ ਦੇਰ ਹੋ ਗਈ ਹੈ।

ਉਨ੍ਹਾਂ ਨੂੰ ਪੈਰੀਟੋਨਾਈਟਿਸ ਹੋ ਗਿਆ ਹੈ ਅਤੇ ਉਨ੍ਹਾਂ ਦੀਆਂ ਅੰਤੜੀਆਂ ਖ਼ਰਾਬ ਹੋ ਗਈਆਂ ਹਨ।

ਇਹ ਸਾਰੇ ਲੋਕ ਅੰਮ੍ਰਿਤਾ ਦੇ ਘਰ ਰਾਤ ਦੇ 11 ਵਜੇ ਤੱਕ ਰਹੇ। ਉਨ੍ਹਾਂ ਦੇ ਜਾਣ ਤੋਂ ਬਾਅਦ ਅੰਮ੍ਰਿਤਾ ਦੇ ਭਰਾ (ਚਾਚੇ ਦੇ ਮੁੰਡੇ) ਚਰਨਜੀਤ ਸਿੰਘ ਮਾਨ ਲਾਹੌਰ ਦੇ ਇੱਕ ਹੋਰ ਮਸ਼ਹੂਰ ਡਾਕਟਰ ਰਘੂਵੀਰ ਸਿੰਘ ਨੂੰ ਬੁਲਾ ਲਿਆਏ।

ਪਰ ਜਦੋਂ ਤੱਕ ਉਹ ਅੰਮ੍ਰਿਤਾ ਨੂੰ ਵੇਖਦੇ ਉਦੋਂ ਤੱਕ ਅੰਮ੍ਰਿਤਾ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਸਨ।

ਅਗਲੇ ਹੀ ਦਿਨ ਅੰਮ੍ਰਿਤਾ ਦੇ ਪਿਤਾ ਉਮਰਾਵ ਸਿੰਘ ਸ਼ਿਮਲਾ ਤੋਂ ਲਾਹੌਰ ਪਹੁੰਚ ਗਏ।

ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਇੱਕ ਕਸ਼ਮੀਰੀ ਸ਼ਾਲ ’ਚ ਲਪੇਟ ਕੇ ਰਾਵੀ ਦਰਿਆ ਦੇ ਕੰਢੇ ਸਥਿਤ ਸ਼ਮਸ਼ਾਨਘਾਟ ਵਿਖੇ ਲੈ ਕੇ ਗਏ ਸਨ।

ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ। ਉਸ ਸਮੇਂ ਅੰਮ੍ਰਿਤਾ ਦੀ ਉਮਰ ਮਹਿਜ 28 ਸਾਲ ਹੀ ਸੀ।

ਮੌਤ ਦਾ ਕਾਰਨ ਗਰਭਪਾਤ

ਬਾਅਦ ’ਚ ਕਈ ਲੋਕਾਂ ਨੇ ਕਿਹਾ ਕਿ ਅੰਮ੍ਰਿਤਾ ਦੀ ਮੌਤ ਦਾ ਕਾਰਨ ਸਿਰਫ਼ ਦਸਤ ਜਾਂ ਮਰੋੜ ਨਹੀਂ ਸੀ।

ਬਾਅਦ ’ਚ ਖੁਸ਼ਵੰਤ ਸਿੰਘ ਨੇ ਲਿਖਿਆ , “ਡਾਕਟਰ ਰਘੂਬੀਰ ਸਿੰਘ ਨੇ ਮੈਨੂੰ ਦੱਸਿਆ ਸੀ ਕਿ ਅੰਮ੍ਰਿਤਾ ਗਰਭਵਤੀ ਸੀ ਅਤੇ ਉਨ੍ਹਾਂ ਦੇ ਪਤੀ ਉਨ੍ਹਾਂ ਦਾ ਗਰਭਪਾਤ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਅਪਰੇਸ਼ਨ ਸਫ਼ਲ ਨਹੀਂ ਰਿਹਾ ਅਤੇ ਅੰਮ੍ਰਿਤਾ ਦਾ ਖ਼ੂਨ ਵਹਿਣ ਲੱਗਾ।”

“ਅੰਤ ’ਚ ਵਿਕਟਰ ਨੇ ਡਾਕਟਰ ਰਘੂਬੀਰ ਨੂੰ ਆਪਣਾ ਖ਼ੂਨ ਅੰਮ੍ਰਿਤਾ ਨੂੰ ਚੜਾਉਣ ਲਈ ਕਿਹਾ। ਡਾਕਟਰ ਨੇ ਕਿਹਾ ਕਿ ਬਿਨ੍ਹਾ ਉਨ੍ਹਾਂ ਦਾ ਬਲੱਡ ਗਰੁੱਪ ਜਾਣੇ ਉਹ ਅਜਿਹਾ ਨਹੀਂ ਕਰ ਸਕਦੇ ਹਨ।"

"ਜਦੋਂ ਦੋਵਾਂ ਡਾਕਟਰਾਂ ਵਿਚਾਲੇ ਇਹ ਗੱਲਬਾਤ ਚੱਲ ਰਹੀ ਸੀ, ਉਸ ਸਮੇਂ ਅੰਮ੍ਰਿਤਾ ਨੇ ਆਪਣੇ ਆਖ਼ਰੀ ਸਾਹ ਲਏ।”

ਅੰਮ੍ਰਿਤਾ ਦੇ ਜ਼ਿਆਦਾਤਰ ਪਰਿਵਾਰਕ ਮੈਂਬਰਾਂ ਦਾ ਮੰਨਣਾ ਹੈ ਕਿ ਵਿਕਟਰ ਨੇ ਹੀ ਅੰਮ੍ਰਿਤਾ ਦਾ ਅਪਰੇਸ਼ਨ ਕੀਤਾ ਸੀ।

ਇੰਦਰਾ ਗਾਂਧੀ ਦੇ ਚਚੇਰੇ ਭਰਾ ਬੀ ਕੇ ਨਹਿਰੂ ਦੀ ਹੰਗਰੀਅਨ ਪਤਨੀ ਫ਼ੌਰੀ ਨਹਿਰੂ ਜੋ ਕਿ ਅੰਮ੍ਰਿਤਾ ਦੀ ਮਾਂ ਦੇ ਬਹੁਤ ਨਜ਼ਦੀਕ ਸੀ, ਉਨ੍ਹਾਂ ਦਾ ਮੰਨਣਾ ਸੀ ਕਿ ਵਿਕਟਰ ਵੱਲੋਂ ਕੀਤਾ ਗਿਆ ਅਪਰੇਸ਼ਨ ਇਸ ਲਈ ਸਫ਼ਲ ਨਹੀਂ ਹੋਇਆ ਕਿਉਂਕਿ ਉਹ ਸਿਖਲਾਈ ਪ੍ਰਾਪਤ ਸਰਜਨ ਨਹੀਂ ਸੀ।

ਦੂਜੇ ਡਾਕਟਰਾਂ ਨੂੰ ਉਨ੍ਹਾਂ ਨੇ ਤੁਰੰਤ ਇਸ ਲਈ ਨਹੀਂ ਬੁਲਾਇਆ ਕਿਉਂਕਿ ਉਨ੍ਹਾਂ ਨੂੰ ਆਪਣੀ ਬਦਨਾਮੀ ਦਾ ਡਰ ਸੀ। ਵੈਸੇ ਵੀ ਉਸ ਸਮੇਂ ਭਾਰਤ ’ਚ ਗਰਭਪਾਤ ਗ਼ੈਰ-ਕਾਨੂੰਨੀ ਸੀ।

31 ਜੁਲਾਈ, 1948 ਨੂੰ ਅੰਮ੍ਰਿਤਾ ਦੀ ਮਾਂ ਨੇ ਉਮਰਾਵ ਸਿੰਘ ਦੀ ਬੰਦੂਕ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ।

ਅੰਮ੍ਰਿਤਾ ਦੇ ਪਿਤਾ ਉਮਰਾਵ ਸਿੰਘ ਦਾ 1954 ’ਚ 84 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਸੀ।

ਅੰਮ੍ਰਿਤਾ ਦੀ ਛੋਟੀ ਭੈਣ ਇੰਦਰਾ ਕਸੌਲੀ ਚਲੀ ਗਈ ਸੀ, ਜਿੱਥੇ 1974 ’ਚ ਉਨ੍ਹਾਂ ਦਾ ਵੀ ਦੇਹਾਂਤ ਹੋ ਗਿਆ ਸੀ।

ਅੰਮ੍ਰਿਤਾ ਦੀ ਮੌਤ ਤੋਂ 13 ਸਾਲ ਬਾਅਦ ਵਿਕਟਰ ਨੇ ਨੀਨਾ ਹੈਦਰੀ ਨਾਲ ਦੂਜਾ ਵਿਆਹ ਕੀਤਾ ਅਤੇ 1997 ’ਚ 88 ਸਾਲ ਦੀ ਉਮਰ ’ਚ ਵਿਕਟਰ ਦਾ ਦੇਹਾਂਤ ਹੋ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)