ਬੈਂਕ ਮੈਨੇਜਰ ’ਤੇ ‘ਇੱਕ ਖਾਤੇ ਵਿੱਚੋਂ 16 ਕਰੋੜ ਰੁਪਏ ਚੋਰੀ ਕਰਨ’ ਦੇ ਇਲਜ਼ਾਮ ਲੱਗੇ, ਕਿਵੇਂ ਹੋਈ ਧੋਖਾਧੜੀ

ਬੈਂਕ ਦਾ ਧੋਖਾ

ਤਸਵੀਰ ਸਰੋਤ, Getty Images

    • ਲੇਖਕ, ਗੀਤਾ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ

ਇੱਕ ਭਾਰਤੀ ਔਰਤ ਨੇ ਦੇਸ਼ ਦੇ ਸਭ ਤੋਂ ਵੱਡੇ ਬੈਂਕਾਂ ਵਿੱਚੋਂ ਇੱਕ ਦੇ ਮੈਨੇਜਰ 'ਤੇ ਇਲਜ਼ਾਮ ਲਗਾਇਆ ਹੈ ਕਿ ਉਸ ਨੇ ਉਨ੍ਹਾਂ ਦੇ ਖਾਤੇ ਵਿੱਚੋਂ ਧੋਖੇ ਨਾਲ 16 ਕਰੋੜ ਰੁਪਏ (1.9 ਮਿਲੀਅਨ ਅਮਰੀਕੀ ਡਾਲਰ) ਕਢਵਾ ਲਏ ਹਨ।

ਸ਼ਵੇਤਾ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਅਮਰੀਕੀ ਖਾਤੇ ਤੋਂ ਆਈਸੀਆਈਸੀਆਈ ਬੈਂਕ ਵਿੱਚ ਪੈਸੇ ਟ੍ਰਾਂਸਫਰ ਕੀਤੇ ਸਨ। ਉਹ ਫਿਕਸਡ ਡਿਪਾਜ਼ਿਟ ਯਾਨਿ ਐੱਫਡੀ ਵਿੱਚ ਨਿਵੇਸ਼ ਕਰਨ ਚਾਹੁੰਦੇ ਸਨ।

ਪਰ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਬੈਂਕ ਅਧਿਕਾਰੀ ਨੇ ਕਥਿਤ ਤੌਰ 'ਤੇ ਉਨ੍ਹਾਂ ਦੇ ਖਾਤਿਆਂ ਵਿੱਚੋਂ ਪੈਸੇ ਕਢਵਾਉਣ ਲਈ "ਜਾਅਲੀ ਖ਼ਾਤੇ ਬਣਾਏ, ਉਨ੍ਹਾਂ ਦੇ ਜਾਅਲੀ ਦਸਤਖ਼ਤ ਕੀਤੇ, ਉਨ੍ਹਾਂ ਦੇ ਨਾਮ 'ਤੇ ਡੈਬਿਟ ਕਾਰਡ ਅਤੇ ਚੈੱਕ ਬੁੱਕ ਕੱਢਵਾਈ।"

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਉਨ੍ਹਾਂ ਨੇ ਮੈਨੂੰ ਜਾਅਲੀ ਸਟੇਟਮੈਂਟ ਦਿੱਤੀਆਂ, ਮੇਰੇ ਨਾਮ 'ਤੇ ਇੱਕ ਜਾਅਲੀ ਈਮੇਲ ਆਈਡੀ ਬਣਾਈ ਅਤੇ ਬੈਂਕ ਰਿਕਾਰਡਾਂ ਵਿੱਚ ਮੇਰੇ ਮੋਬਾਈਲ ਨੰਬਰ ਨਾਲ ਛੇੜਛਾੜ ਕੀਤੀ ਤਾਂ ਜੋ ਮੈਨੂੰ ਪੈਸਿਆਂ ਦੇ ਲੈਣ-ਦੇਣ ਬਾਰੇ ਦਾ ਕੋਈ ਨੋਟਿਸ ਨਾ ਮਿਲੇ।"

ਬੈਂਕ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ "ਅਸਲ ਵਿੱਚ ਅਜਿਹਾ ਧੋਖਾ ਹੋਇਆ ਹੈ। ਪਰ ਕਿਹਾ ਕਿ ਆਈਸੀਆਈਸੀਆਈ "ਇੱਕ ਨਾਮਵਰ ਬੈਂਕ ਹੈ, ਜਿਸ ਵਿੱਚ ਲੱਖਾਂ ਗਾਹਕਾਂ ਦੇ ਖਰਬਾਂ ਰੁਪਏ ਪਏ ਰਹਿੰਦੇ ਹਨ।"

ਉਨ੍ਹਾਂ ਕਿਹਾ, "ਜੋ ਵੀ ਇਸ ਵਿੱਚ ਸ਼ਾਮਲ ਪਾਇਆ ਜਾਂਦਾ ਹੈ, ਉਸ ਨੂੰ ਸਜ਼ਾ ਦਿੱਤੀ ਜਾਵੇਗੀ।"

ਆਈਸੀਆਈਸੀਆਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਆਈਸੀਆਈਸੀਆਈ ਦੂਜੇ ਨੰਬਰ ਦਾ ਸਭ ਤੋਂ ਵੱਡਾ ਬੈਂਕ ਹੈ

ਸ਼ਵੇਤਾ ਸ਼ਰਮਾ ਅਤੇ ਉਨ੍ਹਾਂ ਦੇ ਪਤੀ, ਇੱਕ ਦੋਸਤ ਦੇ ਜ਼ਰੀਏ ਇੱਕ ਬੈਂਕਰ ਨੂੰ ਮਿਲੇ। ਸ਼ਵੇਤਾ ਦੇ ਪਤੀ ਅਮਰੀਕਾ ਅਤੇ ਹਾਂਗਕਾਂਗ ਵਿੱਚ ਦਹਾਕਿਆਂ ਤੱਕ ਰਹਿਣ ਮਗਰੋਂ 2016 ਵਿੱਚ ਭਾਰਤ ਪਰਤੇ ਹਨ।

ਯੂਐੱਸ ਵਿੱਚ ਬੈਂਕ ਡਿਪਾਜ਼ਿਟ 'ਤੇ ਵਿਆਜ਼ ਦਰਾਂ ਘੱਟ ਹੋਣ ਕਾਰਨ ਉਨ੍ਹਾਂ ਨੇ ਸ਼ਵੇਤਾ ਨੂੰ ਆਪਣਾ ਪੈਸਾ ਭਾਰਤ ਲੈ ਕੇ ਜਾਣ ਦੀ ਸਲਾਹ ਦਿੱਤੀ, ਜਿੱਥੇ ਫਿਕਸਡ ਡਿਪਾਜ਼ਿਟ 5.5% ਤੋਂ 6% ਵਿਆਜ਼ ਦਰ ਮਿਲ ਜਾਂਦੀ ਹੈ।

ਉਨ੍ਹਾਂ ਨੇ ਰਾਜਧਾਨੀ ਦਿੱਲੀ ਨੇੜੇ ਲੱਗਦੇ ਪੁਰਾਣੇ ਗੁਰੂਗ੍ਰਾਮ ਵਿੱਚ ਆਈਸੀਆਈਸੀਆਈ ਸ਼ਾਖਾ ਵਿੱਚ ਪਰਵਾਸੀ ਭਾਰਤੀਆਂ (ਐੱਨਆਰਆਈ) ਲਈ ਇੱਕ ਐੱਨਆਰਆਈ ਖ਼ਾਤਾ ਖੋਲ੍ਹਿਆ ਅਤੇ 2019 ਵਿੱਚ ਆਪਣੇ ਯੂਐੱਸ ਵਾਲੇ ਬੈਂਕ ਖਾਤੇ ਤੋਂ ਇਸ ਵਿੱਚ ਪੈਸੇ ਟ੍ਰਾਂਸਫਰ ਕਰਨੇ ਸ਼ੁਰੂ ਕਰ ਦਿੱਤੇ।

ਉਨ੍ਹਾਂ ਨੇ ਦੱਸਿਆ, “ਸਤੰਬਰ 2019 ਤੋਂ ਦਸੰਬਰ 2023 ਤੱਕ ਚਾਰ ਸਾਲਾਂ ਦੀ ਮਿਆਦ ਵਿੱਚ, ਅਸੀਂ ਲਗਭਗ 13.5 ਕਰੋੜ ਰੁਪਏ ਦੀ ਆਪਣੀ ਸਾਰੀ ਜੀਵਨ ਪੂੰਜੀ ਬੈਂਕ ਵਿੱਚ ਜਮ੍ਹਾਂ ਕਰਾ ਦਿੱਤੀ। ਵਿਆਜ਼ ਦੇ ਨਾਲ, ਇਹ ਰਕਮ ਵਧ ਕੇ 16 ਕਰੋੜ ਰੁਪਏ ਤੋਂ ਵੱਧ ਹੋਵੇਗੀ।"

SHVETA SHARMA
SHVETA SHARMA
"ਮੈਂ ਕਿਉਂ ਬਿਨਾਂ ਗ਼ਲਤੀ ਦੇ ਸਜ਼ਾ ਭੁਗਤਾ? ਮੇਰੀ ਜ਼ਿੰਦਗੀ ਉਲਟ ਗਈ ਹੈ। ਮੈਨੂੰ ਨੀਂਦ ਨਹੀਂ ਆਉਂਦੀ। ਰੋਜ਼ ਭੈੜੇ-ਭੈੜੇ ਸੁਪਨੇ ਆਉਂਦੇ ਹਨ।"
ਸ਼ਵੇਤਾ ਸ਼ਰਮਾ

ਬੈਂਕ ਨੇ ਕਬੂਲਿਆ ਧੋਖਾਧੜੀ ਹੈ

ਸ਼ਵੇਤਾ ਸ਼ਰਮਾ

ਤਸਵੀਰ ਸਰੋਤ, SHVETA SHARMA

ਤਸਵੀਰ ਕੈਪਸ਼ਨ, ਸ਼ਵੇਤਾ ਸ਼ਰਮਾ ਨੇ ਆਪਣੇ ਬੈਂਕ ਮੈਨੇਜਰ ਉੱਤੇ ਧੋਖਾਧੜੀ ਦਾ ਇਲਜ਼ਾਮ ਲਗਾਇਆ ਹੈ

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਦੇ ਵੀ ਸ਼ੱਕ ਨਹੀਂ ਹੋਇਆ ਕਿ ਕੁਝ ਗ਼ਲਤ ਵੀ ਹੋ ਰਿਹਾ ਹੈ ਕਿਉਂਕਿ ਬ੍ਰਾਂਚ ਮੈਨੇਜਰ ਨੇ "ਮੈਨੂੰ ਸਾਰੀਆਂ ਜਮ੍ਹਾਂ ਰਕਮਾਂ ਲਈ ਉਚਿਤ ਰਸੀਦਾਂ ਵੀ ਦਿੰਦਾ ਸੀ, ਮੇਰੇ ਆਈਸੀਆਈਸੀਆਈ ਖਾਤੇ ਤੋਂ ਨਿਯਮਿਤ ਤੌਰ 'ਤੇ ਮੈਨੂੰ ਈਮੇਲ ਸਟੇਟਮੈਂਟ ਭੇਜੀਆਂ ਜਾਂਦੀਆਂ ਅਤੇ ਕਈ ਵਾਰ ਦਸਤਾਵੇਜ਼ਾਂ ਦੇ ਫੋਲਡਰ ਵੀ ਆਉਂਦੇ ਸਨ।"

ਧੋਖਾਧੜੀ ਜਨਵਰੀ ਦੇ ਸ਼ੁਰੂ ਵਿੱਚ ਸਾਹਮਣੇ ਆਈ ਜਦੋਂ ਬੈਂਕ ਵਿੱਚ ਇੱਕ ਨਵੇਂ ਕਰਮਚਾਰੀ ਨੇ ਸ਼ਵੇਤਾ ਨੂੰ ਉਨ੍ਹਾਂ ਦੇ ਪੈਸੇ 'ਤੇ ਬਿਹਤਰ ਰਿਟਰਨ ਦੀ ਪੇਸ਼ਕਸ਼ ਕੀਤੀ।

ਫਿਰ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਸਾਰੀ ਫਿਕਸਡ ਡਿਪਾਜ਼ਿਟ ਰਕਮ ਗਾਇਬ ਹੋ ਗਿਆ ਹੈ। ਇੱਥੋਂ ਤੱਕ ਕਿ ਡਿਪਾਜ਼ਿਟ 'ਤੇ 2.5 ਕਰੋੜ ਰੁਪਏ ਦਾ ਓਵਰਡਰਾਫਟ ਵੀ ਲਿਆ ਗਿਆ ਸੀ।

ਉਨ੍ਹਾਂ ਨੇ ਦੱਸਿਆ, "ਮੇਰਾ ਪਤੀ ਅਤੇ ਮੈਂ ਹੱਕੇ-ਬੱਕੇ ਰਹਿ ਗਏ। ਮੈਂ ਇੱਕ ਆਟੋਇਮਿਊਨ ਡਿਸਆਰਡਰ ਤੋਂ ਪੀੜਤ ਹਾਂ ਅਤੇ ਮੈਂ ਇੰਨੀ ਸਦਮੇ ਵਿੱਚ ਚਲੀ ਗਈ ਕਿ ਮੈਂ ਇੱਕ ਹਫ਼ਤੇ ਲਈ ਮੰਜੇ ਤੋਂ ਨਾ ਉੱਠ ਸਕੀ।"

"ਤੁਹਾਡੀ ਜ਼ਿੰਦਗੀ ਤੁਹਾਡੀਆਂ ਅੱਖਾਂ ਸਾਹਮਣੇ ਤਬਾਅ ਹੋ ਰਹੀ ਸੀ ਅਤੇ ਤੁਸੀਂ ਇਸ ਬਾਰੇ ਤੁਹਾਡੇ ਹੱਥ ਵਿੱਚ ਕੁਝ ਨਹੀਂ ਸੀ।"

ਰੁਪਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਵੇਤਾ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ 16 ਕਰੋੜ ਰੁਪਏ ਗੁਆਏ ਹਨ

ਸ਼ਵੇਤਾ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੈਂਕ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਉੱਚ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਹਨ।

ਉਨ੍ਹਾਂ ਨੇ ਅੱਗੇ ਦੱਸਿਆ, “16 ਜਨਵਰੀ ਨੂੰ ਸਾਡੀ ਪਹਿਲੀ ਮੀਟਿੰਗ ਹੋਈ, ਜਿਸ ਵਿੱਚ ਅਸੀਂ ਬੈਂਕ ਦੇ ਰੀਜ਼ਨਲ ਅਤੇ ਜ਼ੋਨਲ ਮੁਖੀਆਂ ਅਤੇ ਬੈਂਕ ਦੇ ਇੰਟਰਨਲ ਵਿਜੀਲੈਂਸ ਦੇ ਮੁਖੀ ਨੂੰ ਮਿਲੇ, ਜੋ ਮੁੰਬਈ ਤੋਂ ਆਏ ਸਨ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੇ ਮੰਨਿਆ ਹੈ ਕਿ ਉਨ੍ਹਾਂ ਦੀ ਗ਼ਲਤੀ ਸੀ, ਕਿ ਉਨ੍ਹਾਂ ਦੀ ਸ਼ਾਖਾ ਦੇ ਮੈਨੇਜਰ ਨੇ ਸਾਡੇ ਨਾਲ ਧੋਖਾ ਕੀਤਾ ਹੈ।"

"ਉਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਸਾਨੂੰ ਸਾਡੇ ਸਾਰੇ ਪੈਸੇ ਵਾਪਸ ਮਿਲ ਜਾਣਗੇ। ਪਰ, ਉਨ੍ਹਾਂ ਨੇ ਕਿਹਾ, ਪਹਿਲਾਂ, ਉਨ੍ਹਾਂ ਨੂੰ ਧੋਖਾਧੜੀ ਵਾਲੇ ਲੈਣ-ਦੇਣ ਦੀ ਪਛਾਣ ਕਰਨ ਵਿੱਚ ਮੇਰੀ ਮਦਦ ਦੀ ਲੋੜ ਸੀ।"

ਸ਼ਵੇਤਾ ਸ਼ਰਮਾ ਅਤੇ ਅਕਾਊਟੈਂਟਾਂ ਦੀ ਟੀਮ ਨੇ ਪਿਛਲੇ ਚਾਰ ਸਾਲਾਂ ਤੋਂ ਸਟੇਟਮੈਂਟਾਂ ਦਾ ਅਧਿਐਨ ਕਰਨ ਵਿੱਚ ਕਈ ਦਿਨ ਬਿਤਾਏ। ਫਿਰ ਉਨ੍ਹਾਂ ਦੇ ਅਕਾਊਂਟੈਂਟ ਵਿਜੀਲੈਂਸ ਟੀਮ ਨਾਲ ਬੈਠ ਕੇ ਟ੍ਰਾਂਜੈਕਸ਼ਨਾਂ ਬਾਰੇ ਦੱਸਿਆ ਕਿ ਉਹ "100% ਯਕੀਨਨ" ਧੋਖਾਧੜੀ ਵਾਲੇ ਸਨ।

"ਇਹ ਜਾਣਨਾ ਸੱਚਮੁੱਚ ਹੈਰਾਨ ਕਰਨ ਵਾਲਾ ਸੀ ਕਿ ਮੇਰੇ ਖਾਤੇ ਵਿੱਚੋਂ ਪੈਸਾ ਕਿਵੇਂ ਕੱਢਿਆ ਗਿਆ ਅਤੇ ਇਹ ਕਿੱਥੇ ਖਰਚਿਆ ਗਿਆ।"

ਸ਼ਵੇਤਾ ਸ਼ਰਮਾ ਦਾ ਕਹਿਣਾ ਹੈ ਕਿ ਬੈਂਕ ਵੱਲੋਂ ਦੋ ਹਫ਼ਤਿਆਂ ਵਿੱਚ ਸਮੱਸਿਆ ਦਾ ਹੱਲ ਹੋਣ ਦੇ ਭਰੋਸੇ ਦੇ ਬਾਵਜੂਦ ਅਤੇ ਛੇ ਹਫ਼ਤੇ ਤੋਂ ਵੱਧ ਸਮਾਂ ਬੀਤ ਜਾਣ ਮਗਰੋਂ, ਉਹ ਅਜੇ ਵੀ ਆਪਣੇ ਪੈਸੇ ਵਾਪਸ ਮਿਲਣ ਦੀ ਉਡੀਕ ਕਰ ਰਹੇ ਹਨ।

ਇਸ ਦੌਰਾਨ, ਉਨ੍ਹਾਂ ਨੇ ਆਈਸੀਆਈਸੀਆਈ ਦੇ ਸੀਈਓ ਅਤੇ ਡਿਪਟੀ ਸੀਈਓ ਨੂੰ ਚਿੱਠੀਆਂ ਭੇਜੀਆਂ ਹਨ ਅਤੇ ਭਾਰਤੀ ਰਿਜ਼ਰਵ ਬੈਂਕ ਕੋਲ ਅਤੇ ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਵਿੰਗ (ਈਓਡਬਲਿਯੂ) ਨੂੰ ਸ਼ਿਕਾਇਤਾਂ ਦਰਜ ਕਰਵਾਈਆਂ ਹਨ।

ਆਈਸੀਆਈਸੀਆਈ

ਤਸਵੀਰ ਸਰੋਤ, Getty Images

'ਬਿਨਾਂ ਗ਼ਲਤੀ ਦੇ ਸਜ਼ਾ'

ਭਾਰਤੀ ਰਿਜ਼ਰਵ ਬੈਂਕ, ਦੇਸ਼ ਦੇ ਕੇਂਦਰੀ ਬੈਂਕ ਹੈ ਅਤੇ ਈਓਡਬਲਿਯੂ ਵਿੱਤੀ ਅਪਰਾਧਾਂ ਨਾਲ ਨਜਿੱਠਦਾ ਹੈ।

ਬੀਬੀਸੀ ਨੂੰ ਭੇਜੇ ਇੱਕ ਬਿਆਨ ਵਿੱਚ, ਬੈਂਕ ਨੇ ਕਿਹਾ ਕਿ ਉਨ੍ਹਾਂ ਨੇ ਜਾਂਚ ਦੇ ਨਤੀਜੇ ਆਉਣ ਤੱਕ ਉਨ੍ਹਾਂ ਦੇ ਖਾਤੇ ਵਿੱਚ 9.27 ਕਰੋੜ ਰੁਪਏ ਜਮ੍ਹਾ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ।

ਪਰ ਸ਼ਵੇਤਾ ਸ਼ਰਮਾ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਉਨ੍ਹਾਂ ਦਾ ਕਹਿਣਾ ਹੈ, "ਇਹ ਉਨ੍ਹਾਂ ਦੇ ਮੇਰੀ ਰਕਮ 16 ਕਰੋੜ ਤੋਂ ਬਹੁਤ ਘੱਟ ਹੈ ਅਤੇ ਇਸ ਨੂੰ ਲੈਣ ਦਾ ਪ੍ਰਭਾਵੀ ਤੌਰ 'ਤੇ ਇਹ ਅਰਥ ਹੋਵੇਗਾ ਕਿ ਜਦੋਂ ਤੱਕ ਪੁਲਿਸ ਕੇਸ ਬੰਦ ਨਹੀਂ ਕਰ ਦਿੰਦੀ, ਉਦੋਂ ਤੱਕ ਖਾਤਾ ਫ੍ਰੀਜ਼ ਕਰ ਦਿੱਤਾ ਜਾਵੇਗਾ ਅਤੇ ਜਿਸ ਵਿੱਚ ਕਈ ਸਾਲ ਲੱਗ ਸਕਦੇ ਹਨ।"

ਉਨ੍ਹਾਂ ਨੇ ਕਿਹਾ, "ਮੈਂ ਕਿਉਂ ਬਿਨਾਂ ਗ਼ਲਤੀ ਦੇ ਸਜ਼ਾ ਭੁਗਤਾਂ? ਮੇਰੀ ਜ਼ਿੰਦਗੀ ਉਲਟ ਗਈ ਹੈ। ਮੈਨੂੰ ਨੀਂਦ ਨਹੀਂ ਆਉਂਦੀ। ਰੋਜ਼ ਭੈੜੇ-ਭੈੜੇ ਸੁਪਨੇ ਆਉਂਦੇ ਹਨ।"

ਕੈਸ਼ਲੈੱਸ ਕੰਜ਼ਿਊਮਰ ਨਾਮ ਦੀ ਫਿਨਟੈਕ ਵਾਚਡੌਗ ਚਲਾਉਣ ਵਾਲੇ ਸ਼੍ਰੀਕਾਂਤ ਐੱਲ ਦਾ ਕਹਿਣਾ ਹੈ ਕਿ ਅਜਿਹੇ ਮਾਮਲੇ ਬਹੁਤ ਆਮ ਨਹੀਂ ਹਨ ਅਤੇ ਬੈਂਕ ਇਹ ਯਕੀਨੀ ਬਣਾਉਣ ਲਈ ਆਡਿਟ ਅਤੇ ਜਾਂਚ ਕਰਦੇ ਰਹਿੰਦੇ ਹਨ ਕਿ ਅਜਿਹੀਆਂ ਘਟਨਾ ਨਾ ਹੋਣ।

ਪਰ ਜੇਕਰ ਤੁਹਾਡਾ ਬੈਂਕ ਮੈਨੇਜਰ ਤੁਹਾਨੂੰ ਧੋਖਾ ਦਿੰਦਾ ਹੈ ਹੈ, ਤਾਂ ਉਹ ਕਹਿੰਦਾ ਹੈ, ਤੁਸੀਂ ਕੁਝ ਨਹੀਂ ਕਰ ਸਕਦੇ।

ਉਹ ਆਖਦੇ ਹਨ, "ਜਦੋਂ ਉਹ ਬੈਂਕ ਮੈਨੇਜਰ ਸੀ, ਤਾਂ ਉਨ੍ਹਾਂ ਨੂੰ ਉਸ 'ਤੇ ਕੁਝ ਹੱਦ ਤੱਕ ਭਰੋਸਾ ਸੀ। ਪਰ ਗਾਹਕਾਂ ਨੂੰ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ। ਉਨ੍ਹਾਂ ਨੂੰ ਹਰ ਸਮੇਂ ਆਪਣੇ ਖਾਤੇ ਵਿੱਚੋਂ ਪੈਸਿਆਂ ਦੇ ਲੈਣ-ਦੇਣ 'ਤੇ ਨਜ਼ਰ ਰੱਖਣੀ ਚਾਹੀਦੀ ਹੈ।"

ਉਨ੍ਹਾਂ ਨੇ ਅੱਗੇ ਕਿਹਾ, "ਗਾਹਕ ਦੀ ਦੋਹਰੀ ਜਾਂਚ ਦੀ ਘਾਟ ਇਸ ਕਿਸਮ ਦੀ ਧੋਖਾਧੜੀ ਦਾ ਕਾਰਨ ਬਣ ਸਕਦੀ ਹੈ।"

ਇਸ ਮਹੀਨੇ ਇਹ ਦੂਜੀ ਵਾਰ ਹੈ ਜਦੋਂ ਆਈਸੀਆਈਸੀਆਈ ਬੈਂਕ ਗ਼ਲਤ ਕਾਰਨਾਂ ਕਰਕੇ ਸੁਰਖੀਆਂ 'ਚ ਹੈ।

ਇਸ ਮਹੀਨੇ ਦੇ ਸ਼ੁਰੂ ਵਿੱਚ, ਰਾਜਸਥਾਨ ਸਟੇਟ ਪੁਲਿਸ ਨੇ ਕਿਹਾ ਕਿ ਇੱਕ ਬ੍ਰਾਂਚ ਮੈਨੇਜਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਬੈਂਕ ਵੱਲੋਂ ਨਿਰਧਾਰਤ ਟੀਚਿਆਂ ਨੂੰ ਪੂਰਾ ਕਰਨ ਲਈ ਕਈ ਸਾਲਾਂ ਵਿੱਚ ਅਰਬਾਂ ਰੁਪਏ ਦੇ ਜਮ੍ਹਾਂਕਰਤਾਵਾਂ ਨਾਲ ਧੋਖਾਧੜੀ ਕੀਤੀ ਹੈ।

500 ਦੇ ਨੋਟ

ਤਸਵੀਰ ਸਰੋਤ, Getty Images

ਕਰਨ ਹੋਵੇਗਾ ਇੰਤਜ਼ਾਰ

ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਗਾਹਕਾਂ ਦੇ ਖ਼ਾਤਿਆਂ ਤੋਂ ਪੈਸੇ ਕਢਵਾਏ ਅਤੇ ਇਸ ਦੀ ਵਰਤੋਂ ਨਵੇਂ ਚਾਲੂ ਅਤੇ ਬਚਤ ਖ਼ਾਤੇ ਖੋਲ੍ਹਣ ਅਤੇ ਫਿਕਸਡ ਡਿਪਾਜ਼ਿਟ ਕਰਨ ਲਈ ਕੀਤੀ।

ਆਈਸੀਆਈਸੀਆਈ ਦੇ ਬੁਲਾਰੇ ਨੇ ਕਿਹਾ ਕਿ ਇਸ ਮਾਮਲੇ 'ਚ ਬੈਂਕ ਨੇ ਤੁਰੰਤ ਕਾਰਵਾਈ ਕਰਦਿਆਂ ਸਬੰਧਿਤ ਮੈਨੇਜਰ ਦੇ ਖ਼ਿਲਾਫ਼ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਗਾਹਕ ਦਾ ਕੋਈ ਪੈਸਾ ਨਹੀਂ ਡੁੱਬਿਆ।

ਸ਼ਵੇਤਾ ਸ਼ਰਮਾ ਦੇ ਮਾਮਲੇ ਵਿੱਚ, ਉਨ੍ਹਾਂ ਨੇ ਕਿਹਾ ਕਿ ਇਹ "ਹੈਰਾਨੀਜਨਕ" ਹੈ ਕਿ ਉਹ "ਪਿਛਲੇ ਤਿੰਨ ਸਾਲਾਂ ਤੋਂ ਆਪਣੇ ਖ਼ਾਤੇ ਵਿੱਚ ਹੋ ਰਹੇ ਲੈਣ-ਦੇਣ ਅਤੇ ਬੈਲੇਂਸ ਤੋਂ ਅਣਜਾਣ ਸਨ ਅਤੇ ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਖਾਤੇ ਦੇ ਬਕਾਏ ਵਿੱਚ ਫਰਕ ਦੇਖਿਆ ਸੀ।"

ਉਨ੍ਹਾਂ ਨੇ ਦੱਸਿਆ, "ਬੈਂਕ ਨੇ ਲਗਾਤਾਰ ਉਨ੍ਹਾਂ ਦੇ ਰਜਿਸਟਰਡ ਮੋਬਾਈਲ ਨੰਬਰ ਅਤੇ ਈਮੇਲ 'ਤੇ ਲੈਣ-ਦੇਣ ਦੇ ਵੇਰਵੇ ਭੇਜੇ ਹਨ।

ਉਨ੍ਹਾਂ ਦੇ "ਰਿਕਾਰਡ ਦਰਸਾਉਂਦੇ ਹਨ ਕਿ ਸੰਪਰਕ ਵੇਰਵਿਆਂ ਵਿੱਚ ਤਬਦੀਲੀ ਬਾਰੇ ਸੂਚਨਾਵਾਂ ਬੈਂਕ ਵਿੱਚ ਰਜਿਸਟਰਡ ਉਨ੍ਹਾਂ ਦੇ ਮੋਬਾਈਲ ਨੰਬਰ ਅਤੇ ਈਮੇਲ ਪਤੇ 'ਤੇ ਭੇਜੀਆਂ ਗਈਆਂ ਸਨ।"

ਉਹ ਦੱਸਦੇ ਹਨ, "ਮੁਲਜ਼ਮ ਬ੍ਰਾਂਚ ਮੈਨੇਜਰ ਨੂੰ ਜਾਂਚ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਸਾਡੇ ਨਾਲ ਵੀ ਧੋਖਾ ਹੋਇਆ ਹੈ।"

"ਅਸੀਂ ਈਡਬਲਿਯੂ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ ਅਤੇ ਸਾਨੂੰ ਪੁਲਿਸ ਦੀ ਜਾਂਚ ਪੂਰੀ ਹੋਣ ਤੱਕ ਇੰਤਜ਼ਾਰ ਕਰਨਾ ਪਵੇਗਾ। ਜੇਕਰ ਇਵਲਜ਼ਾਮ ਸੱਚੇ ਸਾਬਤ ਹੋ ਜਾਂਦੇ ਹਨ, ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਸਾਰੇ ਪੈਸੇ ਵਿਆਜ਼ ਸਣੇ ਵਾਪਸ ਮਿਲ ਜਾਣਗੇ। ਪਰ ਬਦਕਿਸਮਤੀ ਨਾਲ, ਉਨ੍ਹਾਂ ਨੂੰ ਉਡੀਕ ਕਰਨੀ ਪਵੇਗੀ।"

ਬੀਬੀਸੀ ਟਿੱਪਣੀ ਲਈ ਮੈਨੇਜਰ ਨਾਲ ਸੰਪਰਕ ਕਰਨ ਵਿੱਚ ਅਸਮਰੱਥ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)