ਔਰਤਾਂ ਨੂੰ ਗਰਭਵਤੀ ਕਰਨ ਬਦਲੇ ਪੈਸੇ ਦੇਣ ਦਾ ਝੂਠਾ ਵਾਅਦਾ ਕਰਕੇ ਕਿਵੇਂ ਸੈਂਕੜੇ ਮਰਦਾਂ ਨਾਲ ਠੱਗੀ ਹੋਈ

ਤਸਵੀਰ ਸਰੋਤ, Getty Images
- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਨਿਊਜ਼, ਦਿੱਲੀ
ਅਜੋਕੇ ਵੇਲੇ ਜਿਸ ਤਰ੍ਹਾਂ ਦੇ ਸਾਈਬਰ ਘੁਟਾਲੇ ਸਾਹਮਣੇ ਆ ਰਹੇ ਹਨ, ਉਹ ਬਹੁਤ ਅਨੋਖੀ ਕਿਸਮ ਦੇ ਹਨ।
ਦਸੰਬਰ ਦੀ ਸ਼ੁਰੂਆਤ ਵਿੱਚ ਮੰਗੇਸ਼ ਕੁਮਾਰ (ਬਦਲਿਆ ਹੋਇਆ ਨਾਮ) ਫੇਸਬੁੱਕ ’ਤੇ ਸਕ੍ਰੋਲ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ ‘ਆਲ ਇੰਡੀਆ ਪ੍ਰੈਗਨੈਂਟ ਜੌਬ ਸਰਵਿਸ’ ਦਾ ਇੱਕ ਵੀਡੀਓ ਮਿਲਿਆ ਅਤੇ ਉਨ੍ਹਾਂ ਨੇ ਇਸ ਨੂੰ ਦੇਖਣ ਦਾ ਫ਼ੈਸਲਾ ਕੀਤਾ।
ਇਹ ਕੰਮ ਸੁਣਨ ਵਿੱਚ ਬਹੁਤ ਵਧੀਆ ਲੱਗ ਰਿਹਾ ਸੀ। ਇੱਕ ਔਰਤ ਨੂੰ ਗਰਭਵਤੀ ਕਰਨ ਦੇ ਬਦਲੇ ਵਿੱਚ ਪੈਸਾ ਅਤੇ ਉਹ ਵੀ ਬਹੁਤ ਸਾਰਾ।
ਬਿਨਾਂ ਸ਼ੱਕ ਜੇ ਅਜਿਹਾ ਸੱਚ ਵਿੱਚ ਹੁੰਦਾ ਤਾਂ ਬਹੁਤ ਵਧੀਆ ਸੀ।
ਹੁਣ ਤੱਕ ਇਹ 33 ਸਾਲਾ ਵਿਅਕਤੀ ਜੋ ‘ਮੈਰਿਜ ਡੈਕੋਰੇਸ਼ਨ ਕੰਪਨੀ’ ਲਈ ਕੰਮ ਕਰਦੇ ਹੋਏ ਪ੍ਰਤੀ ਮਹੀਨਾ 15,000 ਰੁਪਏ ਕਮਾਉਂਦਾ ਹੈ, ਉਹ ਇਨ੍ਹਾਂ ਧੋਖੇਬਾਜ਼ਾਂ ਨੂੰ 16,000 ਰੁਪਏ ਗੁਆ ਚੁੱਕਾ ਹੈ।
ਘੁਟਾਲੇਬਾਜ਼ ਉਸ ਕੋਲੋਂ ਹੋਰ ਪੈਸੇ ਦੀ ਮੰਗ ਕਰ ਰਹੇ ਹਨ।
ਪਰ ਉੱਤਰੀ ਭਾਰਤ ਦੇ ਬਿਹਾਰ ਸੂਬੇ ਦਾ ਰਹਿਣ ਵਾਲਾ ਮੰਗੇਸ਼ ਇਸ ਘੁਟਾਲੇ ਦਾ ਸ਼ਿਕਾਰ ਹੋਣ ਵਾਲਾ ਇਕੱਲਾ ਵਿਅਕਤੀ ਨਹੀਂ ਹੈ।
ਬਿਹਾਰ ਦੇ ਨਵਾਦਾ ਜ਼ਿਲ੍ਹੇ ਦੇ ਸਾਈਬਰ ਸੈੱਲ ਦੇ ਮੁਖੀ ਡਿਪਟੀ ਸੁਪਰਡੈਂਟ ਆਫ ਪੁਲਿਸ ਕਲਿਆਣ ਆਨੰਦ ਨੇ ਬੀਬੀਸੀ ਨੂੰ ਦੱਸਿਆ ਕਿ ਵਿਆਪਕ ਪੱਧਰ ਦੀ ਧੋਖਾਧੜੀ ਤੋਂ ਸੈਂਕੜੇ ਲੋਕ ਪੀੜਤ ਸਨ, ਜਿੱਥੇ ਭੋਲੇ-ਭਾਲੇ ਲੋਕਾਂ ਨੂੰ ਖ਼ਾਸ ਦਿਨ ’ਤੇ ਜ਼ਿਆਦਾ ਪੈਸੇ ਦੇਣ ਦਾ ਲਾਲਚ ਦੇ ਕੇ ਪੈਸੇ ਦੇਣ ਅਤੇ ਬੇਔਲਾਦ ਔਰਤ ਨਾਲ ਇੱਕ ਹੋਟਲ ਵਿੱਚ ਰਾਤ ਬਿਤਾਉਣ ਦਾ ਲਾਲਚ ਦਿੱਤਾ ਜਾਂਦਾ ਸੀ।
ਹੁਣ ਤੱਕ ਉਨ੍ਹਾਂ ਦੀ ਟੀਮ ਨੇ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਨੌਂ ਮੋਬਾਈਲ ਫੋਨ ਅਤੇ ਇੱਕ ਪ੍ਰਿੰਟਰ ਜ਼ਬਤ ਕੀਤਾ ਹੈ ਅਤੇ ਅਜੇ ਵੀ 18 ਹੋਰਾਂ ਦੀ ਭਾਲ ਜਾਰੀ ਹੈ।
ਪਰ ਪੀੜਤਾਂ ਨੂੰ ਲੱਭਣਾ ਜ਼ਿਆਦਾ ਔਖਾ ਸਾਬਤ ਹੋਇਆ ਹੈ।

ਉਨ੍ਹਾਂ ਨੇ ਦੱਸਿਆ, "ਇਹ ਗਿਰੋਹ ਇੱਕ ਸਾਲ ਤੋਂ ਸਰਗਰਮ ਹੈ ਅਤੇ ਸਾਡਾ ਮੰਨਣਾ ਹੈ ਕਿ ਉਨ੍ਹਾਂ ਨੇ ਸੈਂਕੜੇ ਲੋਕਾਂ ਨੂੰ ਠੱਗਿਆ ਹੈ, ਪਰ ਹੁਣ ਤੱਕ ਕੋਈ ਵੀ ਸ਼ਿਕਾਇਤ ਕਰਨ ਲਈ ਅੱਗੇ ਨਹੀਂ ਆਇਆ, ਸ਼ਾਇਦ ਸ਼ਰਮ ਕਾਰਨ।’’
ਬੀਬੀਸੀ ਦੋ ਪੀੜਤਾਂ ਨਾਲ ਗੱਲ ਕਰਨ ਵਿੱਚ ਕਾਮਯਾਬ ਰਿਹਾ, ਇੱਕ ਨੇ ਕਿਹਾ ਕਿ ਉਸ ਨੇ 799 ਰੁਪਏ ਗੁਆਏ ਹਨ, ਪਰ ਉਹ ਇਸ ਦੇ ਵੇਰਵਿਆਂ ’ਤੇ ਚਰਚਾ ਨਹੀਂ ਕਰਨਾ ਚਾਹੁੰਦਾ ਸੀ।
ਮੰਗੇਸ਼ ਬਹੁਤ ਅੱਗੇ ਚਲਾ ਗਿਆ ਸੀ ਅਤੇ ਕਈ ਫੋਨ ਕਾਲਾਂ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਹ ਕਿਵੇਂ ਘੁਟਾਲੇਬਾਜ਼ਾਂ ਦਾ ਸ਼ਿਕਾਰ ਬਣਿਆ।
ਉਨ੍ਹਾਂ ਨੇ ਮੈਨੂੰ ਦੱਸਿਆ, "ਵੀਡੀਓ ’ਤੇ ਕਲਿੱਕ ਕਰਨ ਤੋਂ ਦਸ ਮਿੰਟ ਬਾਅਦ ਮੇਰੇ ਫੋਨ ਦੀ ਘੰਟੀ ਵੱਜੀ। ਉਸ ਆਦਮੀ ਨੇ ਮੈਨੂੰ ਕਿਹਾ ਕਿ ਜੇਕਰ ਮੈਂ ਇਸ ਨੌਕਰੀ ਲਈ ਰਜਿਸਟਰ ਹੋਣਾ ਚਾਹੁੰਦਾ ਹਾਂ ਤਾਂ ਮੈਨੂੰ 799 ਰੁਪਏ ਦੇਣੇ ਹੋਣਗੇ।"
ਫੋਨ ਕਰਨ ਵਾਲੇ ਨੂੰ ਮੰਗੇਸ਼ ਨੇ ਸੰਦੀਪ ਸਰ ਕਿਹਾ। ਉਸ ਨੂੰ ਦੱਸਿਆ ਕਿ ਉਹ ਮੁੰਬਈ ਵਿੱਚ ਇੱਕ ਕੰਪਨੀ ਲਈ ਕੰਮ ਕਰੇਗਾ ਅਤੇ ਇੱਕ ਵਾਰ ਜਦੋਂ ਉਸ ਨੇ ਸਾਈਨ ਅੱਪ ਕਰ ਲਿਆ ਹੈ, ਤਾਂ ਉਸ ਨੂੰ ਉਸ ਔਰਤ ਦੇ ਵੇਰਵੇ ਭੇਜੇ ਜਾਣਗੇ ਜਿਸ ਨੂੰ ਉਸ ਨੇ ਗਰਭਵਤੀ ਕਰਨਾ ਹੋਵੇਗਾ।
ਉਨ੍ਹਾਂ ਨੇ ਉਸ ਨੂੰ ਔਰਤ ਨਾਲ ਜਿਨਸੀ ਸਬੰਧ ਬਣਾਉਣ ਲਈ ਲਗਭਗ ਤਿੰਨ ਸਾਲ ਦੀ ਤਨਖ਼ਾਹ ਵਜੋਂ ਪੰਜ ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤੀ।
ਔਰਤ ਦੇ ਗਰਭਵਤੀ ਹੋਣ ’ਤੇ ਉਸ ਨੂੰ ਹੋਰ ਅੱਠ ਲੱਖ ਰੁਪਏ ਦਾ ਇਨਾਮ ਦੇਣ ਦਾ ਵਾਅਦਾ ਕੀਤਾ ਗਿਆ।
ਦੋ ਮੁੰਡਿਆਂ ਦੇ ਇਸ ਪਿਤਾ ਨੇ ਮੈਨੂੰ ਦੱਸਿਆ, "ਮੈਂ ਇੱਕ ਗਰੀਬ ਆਦਮੀ ਹਾਂ, ਮੈਨੂੰ ਪੈਸਿਆਂ ਦੀ ਸਖ਼ਤ ਲੋੜ ਹੈ, ਇਸ ਲਈ ਮੈਂ ਉਨ੍ਹਾਂ ’ਤੇ ਵਿਸ਼ਵਾਸ ਕਰ ਲਿਆ।"

'ਜਾਅਲੀ ਅਦਾਲਤੀ ਕਾਗਜ਼'
ਅਗਲੇ ਕੁਝ ਹਫ਼ਤਿਆਂ ਵਿੱਚ ਮੰਗੇਸ਼ ਨੂੰ 16,000 ਰੁਪਏ ਤੋਂ ਵੱਧ ਦਾ ਭੁਗਤਾਨ ਕਰਨ ਲਈ ਕਿਹਾ ਗਿਆ।
ਇਸ ਵਿੱਚ 2,550 ਰੁਪਏ ਅਦਾਲਤੀ ਦਸਤਾਵੇਜ਼ ਪ੍ਰਾਪਤ ਕਰਨ ਲਈ, 4,500 ਰੁਪਏ ਸੁਰੱਖਿਆ ਜਮ੍ਹਾਂ ਰਾਸ਼ੀ ਦੇ ਰੂਪ ਵਿੱਚ ਅਤੇ ਭਵਿੱਖ ਵਿੱਚ ਜੋ ਪੈਸੇ ਉਸ ਨੂੰ ਮਿਲਣ ਵਾਲੇ ਸਨ, ਉਨ੍ਹਾਂ ’ਤੇ 7,998 ਰੁਪਏ ਵਸਤੂ ਅਤੇ ਸੇਵਾਵਾਂ ਟੈਕਸ (ਜੀਐੱਸਟੀ) ਦੇ ਰੂਪ ਵਿੱਚ ਅਦਾ ਕਰਨੇ ਸਨ।
ਉਸ ਨੇ ਸਾਰੀਆਂ ਰਸੀਦਾਂ ਅਤੇ ਜਾਅਲੀ ਅਦਾਲਤੀ ਕਾਗਜ਼ ਮੈਨੂੰ ਦਿਖਾਏ।
ਅਧਿਕਾਰਤ ਦਿਸਣ ਵਾਲੇ ਇਨ੍ਹਾਂ ਦਸਤਾਵੇਜ਼ਾਂ ਵਿੱਚ ਉਸ ਦਾ ਨਾਮ ਹੈ ਅਤੇ ਪੁਲਿਸ ਵਰਦੀ ਵਿੱਚ ਇੱਕ ਆਦਮੀ ਦੀ ਫੋਟੋ ਦੇ ਨਾਲ ਉਸ ਦੀ ਫੋਟੋ ਵੀ ਹੈ।
ਸਿਖ਼ਰ ’ਤੇ ਵੱਡੇ ਵੱਡੇ ਅੱਖਰਾਂ ਵਿੱਚ ਲਿਖਿਆ ਹੈ, "ਬੇਬੀ ਬਰਥ ਐਗਰੀਮੈਂਟ" ਅਤੇ ਹੇਠਾਂ ਵਧੀਆ ਪ੍ਰਿੰਟ ਵਿੱਚ ਲਿਖਿਆ ਹੈ "ਪ੍ਰੈਗਨੈਂਸੀ ਵੈਰੀਫਿਕੇਸ਼ਨ ਫਾਰਮ।"
ਦਸਤਾਵੇਜ਼ ਦੇ ਅੰਤ ਵਿੱਚ ਜੋ ਦਸਤਖ਼ਤ ਕੀਤੇ ਗਏ ਹਨ, ਉਹ ਅਮਰੀਕੀ ਟਾਕ ਸ਼ੋਅ ਹੋਸਟ ਓਪਰਾ ਵਿਨਫਰੇ ਦੇ ਦਸਤਖ਼ਤਾਂ ਵਰਗੇ ਹਨ।
ਘੁਟਾਲੇਬਾਜ਼ਾਂ ਨੇ ਉਸ ਨੂੰ ‘ਸੱਤ-ਅੱਠ ਔਰਤਾਂ’ ਦੀਆਂ ਤਸਵੀਰਾਂ ਭੇਜ ਕੇ ਉਸ ਦੀ ਦਿਲਚਸਪੀ ਬਣਾਈ ਰੱਖੀ ਅਤੇ ਉਸ ਨੂੰ ਉਨ੍ਹਾਂ ਵਿੱਚੋਂ ਇੱਕ ਨੂੰ ਚੁਣਨ ਲਈ ਕਿਹਾ ਜਿਸ ਨੂੰ ਉਹ ਗਰਭਵਤੀ ਕਰਨਾ ਚਾਹੁੰਦਾ ਹੈ।
ਉਨ੍ਹਾਂ ਨੇ ਮੈਨੂੰ ਦੱਸਿਆ, "ਉਨ੍ਹਾਂ ਨੇ ਕਿਹਾ ਕਿ ਉਹ ਉਸ ਸ਼ਹਿਰ ਵਿੱਚ ਇੱਕ ਹੋਟਲ ਦਾ ਕਮਰਾ ਬੁੱਕ ਕਰਨਗੇ ਜਿੱਥੇ ਮੈਂ ਰਹਿੰਦਾ ਸੀ ਅਤੇ ਮੈਂ ਉੱਥੇ ਉਸ ਔਰਤ ਨੂੰ ਮਿਲਾਂਗਾ।"
ਜਦੋਂ ਮੰਗੇਸ਼ ਵਾਅਦਾ ਕੀਤੇ ਹੋਏ ਪੈਸੇ ਮੰਗਦਾ ਰਿਹਾ, ਤਾਂ ਉਨ੍ਹਾਂ ਨੇ ਉਸ ਨੂੰ ਇੱਕ ਰਸੀਦ ਭੇਜੀ ਜਿਸ ਵਿੱਚ ਕਿਹਾ ਗਿਆ ਕਿ ਉਨ੍ਹਾਂ ਨੇ ਉਸ ਦੇ ਬੈਂਕ ਖਾਤੇ ਵਿੱਚ 5,12,400 ਰੁਪਏ ਜਮ੍ਹਾ ਕਰ ਦਿੱਤੇ ਹਨ, ਪਰ ਪੈਸਿਆਂ ਨੂੰ ਰੋਕਿਆ ਹੋਇਆ ਹੈ ਅਤੇ ਆਮਦਨ ਕਰ ਵਜੋਂ 12,600 ਰੁਪਏ ਦਾ ਭੁਗਤਾਨ ਕਰਨ ਤੋਂ ਬਾਅਦ ਉਸ ਨੂੰ ਭੁਗਤਾਨ ਕੀਤਾ ਜਾਵੇਗਾ।

ਘੁਟਾਲੇ ਵਿੱਚ ਪੜ੍ਹੇ-ਲਿਖੇ ਲੋਕ ਸ਼ਾਮਲ
ਮੰਗੇਸ਼ ਕਹਿੰਦੇ ਹਨ, ਉਦੋਂ ਤੱਕ ਉਸ ਨੇ ਪੂਰੇ ਮਹੀਨੇ ਦੀ ਆਪਣੀ ਤਨਖਾਹ ਗੁਆ ਦਿੱਤੀ ਸੀ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਹੋਰ ਭੁਗਤਾਨ ਨਹੀਂ ਕਰ ਸਕਦਾ ਅਤੇ ਆਪਣੇ ਪੈਸੇ ਵਾਪਸ ਮੰਗੇ।
ਮੰਗੇਸ਼ ਨੇ ਦੱਸਿਆ, "ਪਰ ਸੰਦੀਪ ਸਰ ਨੇ ਇਨਕਾਰ ਕਰ ਦਿੱਤਾ ਅਤੇ ਜਦੋਂ ਮੈਂ ਗੁੱਸੇ ਹੋਇਆ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਕਿਉਂਕਿ ਮੇਰੇ ਬੈਂਕ ਖਾਤੇ ਵਿੱਚ 5,00,000 ਰੁਪਏ ਦਾ ਕਰੈਡਿਟ ਦਿਖਾਇਆ ਗਿਆ ਹੈ, ਇਸ ਲਈ ਆਮਦਨ ਕਰ ਅਧਿਕਾਰੀ ਮੇਰੇ ਘਰ ਛਾਪਾ ਮਾਰਨਗੇ ਅਤੇ ਮੈਨੂੰ ਗ੍ਰਿਫ਼ਤਾਰ ਕਰ ਲੈਣਗੇ।"
"ਮੈਂ ਇੱਕ ਗਰੀਬ ਮਜ਼ਦੂਰ ਹਾਂ, ਮੇਰੀ ਇੱਕ ਮਹੀਨੇ ਦੀ ਤਨਖਾਹ ਬਰਬਾਦ ਹੋ ਗਈ ਸੀ ਅਤੇ ਮੈਂ ਕਿਸੇ ਵੀ ਅਪਰਾਧਿਕ ਮਾਮਲੇ ਵਿੱਚ ਨਹੀਂ ਫਸਣਾ ਚਾਹੁੰਦਾ ਸੀ।"
"ਮੈਂ ਇੰਨਾ ਡਰ ਗਿਆ ਸੀ ਕਿ ਮੈਂ 10 ਦਿਨਾਂ ਲਈ ਆਪਣਾ ਫੋਨ ਬੰਦ ਕਰ ਦਿੱਤਾ। ਮੈਂ ਕੁਝ ਦਿਨ ਪਹਿਲਾਂ ਹੀ ਇਸ ਨੂੰ ਦੁਬਾਰਾ ਚਲਾਇਆ ਹੈ।"
ਉਨ੍ਹਾਂ ਨੇ ਮੈਨੂੰ ਦੱਸਿਆ ਕਿ ਸ਼ੁਰੂ ਵਿੱਚ ਉਸ ਨੇ ਮੈਨੂੰ ਵੀ ਘੁਟਾਲੇਬਾਜ਼ਾਂ ਦੇ ਗਿਰੋਹ ਦਾ ਹਿੱਸਾ ਸਮਝ ਲਿਆ ਸੀ।
ਡੀਐੱਸਪੀ ਆਨੰਦ ਦੇ ਅਨੁਸਾਰ, ਘੁਟਾਲੇ ਦੇ ਪਿੱਛੇ ਪੜ੍ਹੇ-ਲਿਖੇ ਵਿਅਕਤੀ ਹਨ। ਕੁਝ ਗ੍ਰੈਜੂਏਟ ਵੀ ਹਨ ਅਤੇ ਉਹ ਜਾਣਦੇ ਹਨ ਕਿ ਮੋਬਾਈਲ ਫੋਨ, ਲੈਪਟਾਪ ਅਤੇ ਪ੍ਰਿੰਟਰ ਕਿਵੇਂ ਚਲਾਉਣਾ ਹੈ।
ਦੂਜੇ ਪਾਸੇ ਪੀੜਤ ਪੂਰੇ ਭਾਰਤ ਤੋਂ ਹਨ ਅਤੇ ਜ਼ਿਆਦਾਤਰ ਘੱਟ ਪੜ੍ਹੇ-ਲਿਖੇ ਹਨ।
ਮੰਗੇਸ਼ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ ਕਿ ਇਹ ਕੋਈ ਧੋਖਾਧੜੀ ਹੋ ਸਕਦੀ ਹੈ ਕਿਉਂਕਿ ‘ਸੰਦੀਪ ਸਰ’ ਨੇ ਉਸ ਨੂੰ ਆਪਣੇ ਪਛਾਣ ਪੱਤਰਾਂ ਦੀਆਂ ਕਾਪੀਆਂ ਭੇਜੀਆਂ ਸਨ, ਜਿਸ ਵਿੱਚ ਉਸ ਦੀ ਪਛਾਣ ਭਾਰਤੀ ਫੌਜ ਦੇ ਸਿਪਾਹੀ ਵਜੋਂ ਹੋਈ ਸੀ।
ਉਸ ਨੂੰ ਇਹ ਵੀ ਵਿਸ਼ਵਾਸ ਸੀ ਕਿ ਫੋਨ ਕਰਨ ਵਾਲੇ ਦੇ ਵਟਸਐਪ ’ਤੇ ਲੱਗੀ ਡਿਸਪਲੇ ਫੋਟੋ ਵਿੱਚ ਇੱਕ ਆਕਰਸ਼ਕ ਵਿਦੇਸ਼ੀ ਔਰਤ ਨੇ ਇੱਕ ਨਵਜੰਮੇ ਬੱਚੇ ਨੂੰ ਆਪਣੀ ਗੋਦ ਵਿੱਚ ਲਿਆ ਹੋਇਆ ਹੈ, ਇਸ ਲਈ ਇਹ ਸਭ ਅਸਲ ਸੀ।
ਉਸ ਨੇ ਮੇਰੇ ਤੋਂ ਪੁੱਛਿਆ, "ਤੁਸੀਂ ਹੀ ਮੈਨੂੰ ਦੱਸੋ ਕਿ ਤੁਸੀਂ ਉਸ ਫੋਟੋ ’ਤੇ ਵਿਸ਼ਵਾਸ ਕਿਵੇਂ ਨਹੀਂ ਕਰ ਸਕਦੇ?"

ਤਸਵੀਰ ਸਰੋਤ, Getty Images
ਕੀ ਕਹਿੰਦੇ ਹਨ ਮਾਹਰ
ਸਾਈਬਰ ਕਾਨੂੰਨ ਮਾਹਰ ਪਵਨ ਦੁੱਗਲ ਦੱਸਦੇ ਹਨ ਕਿ ਸਮੱਸਿਆ ਇਹ ਹੈ ਕਿ ਭਾਰਤ ਵਿੱਚ ਲੋਕ, "ਵੱਡੇ ਪੱਧਰ 'ਤੇ ਦੂਜਿਆਂ ’ਤੇ ਬਹੁਤ ਵਿਸ਼ਵਾਸ ਕਰਦੇ ਹਨ ਅਤੇ ਸ਼ਾਇਦ ਹੀ ਕਦੇ ਇੰਟਰਨੈੱਟ ’ਤੇ ਜਾਣਕਾਰੀ ਨੂੰ ਸੁਤੰਤਰ ਪੱਧਰ ’ਤੇ ਤਸਦੀਕ ਕਰਦੇ ਹਨ।" ਬਹੁਤ ਜ਼ਿਆਦਾ ਵਿਸ਼ਵਾਸ ਨਾਲ ਸ਼ਿਕਾਰੀਆਂ ਨੂੰ ਬਲ ਮਿਲਦਾ ਹੈ।
ਉਹ ਕਹਿੰਦੇ ਹਨ, "ਹਾਲਾਂਕਿ, ਨਵਾਦਾ ਵਿੱਚ ਹੋਏ ਘੁਟਾਲੇ ਦੀ ਕਾਰਜਪ੍ਰਣਾਲੀ ਬਹੁਤ ਹੀ ਨਵੀਂ ਹੈ।"
"ਘੁਟਾਲੇਬਾਜ਼ਾਂ ਨੇ ਉਨ੍ਹਾਂ ਨੂੰ ਮੁਫ਼ਤ ਪੈਸੇ ਅਤੇ ਮੁਫ਼ਤ ਸੈਕਸ ਦਾ ਵਾਅਦਾ ਕਰਕੇ ਲੁਭਾਇਆ ਜੋ ਕਿ ਇੱਕ ਘਾਤਕ ਸੁਮੇਲ ਹੈ। ਅਜਿਹੀਆਂ ਸਥਿਤੀਆਂ ਵਿੱਚ ਵਿਵੇਕ/ ਸਮਝਦਾਰੀ ਅਕਸਰ ਪਿੱਛੇ ਰਹਿ ਜਾਂਦੀ ਹੈ।"
ਪਰ ਕੋਵਿਡ -19 ਦੇ ਆਗਮਨ ਨਾਲ ਜਦੋਂ ਸੈਲੂਲਰ ਅਤੇ ਨੈੱਟ ਬੈਂਕਿੰਗ ਵਧੀਆ ਬਦਲ ਬਣ ਗਈ ਤਾਂ ਇਸ ’ਤੇ ਪਵਨ ਦੁੱਗਲ ਕਹਿੰਦੇ ਹਨ, "ਸਾਈਬਰ ਅਪਰਾਧ ਦਾ ਸੁਨਹਿਰੀ ਯੁੱਗ ਸ਼ੁਰੂ ਹੋਇਆ" ਅਤੇ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ "ਇਹ ਦਹਾਕਿਆਂ ਤੱਕ ਜਾਰੀ ਰਹੇਗਾ।"
ਉਨ੍ਹਾਂ ਨੇ ਅੱਗੇ ਕਿਹਾ, ਜਿਵੇਂ ਜਿਵੇਂ ਸਾਈਬਰ ਅਪਰਾਧੀ ਨਵੀਆਂ, ਨਵੀਨਤਾਕਾਰੀ ਅਤੇ ਵਧੇਰੇ ਅਨੁਕੂਲਿਤ ਪੇਸ਼ਕਸ਼ਾਂ ਲੈ ਕੇ ਆ ਰਹੇ ਹਨ, ਭਾਰਤ ਨੂੰ ਮੰਗੇਸ਼ ਵਰਗੇ ਲੋਕਾਂ ਨੂੰ ਘੁਟਾਲੇਬਾਜ਼ਾਂ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ।
"ਸਰਕਾਰ ਨੂੰ ਰੇਡੀਓ ਅਤੇ ਟੈਲੀਵਿਜ਼ਨ ਪ੍ਰਸਾਰਣ ਰਾਹੀਂ ਜਾਗਰੂਕਤਾ ਪੈਦਾ ਕਰਨ ਲਈ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਕਿਉਂਕਿ ਲੋਕ ਸਰਕਾਰ ’ਤੇ ਜ਼ਿਆਦਾ ਭਰੋਸਾ ਕਰਦੇ ਹਨ।"
ਪਰ ਇਕੱਲੀ ਸਰਕਾਰ ਭਾਰਤ ਦੇ 140 ਕਰੋੜ ਲੋਕਾਂ ਵਿੱਚੋਂ ਹਰੇਕ ਤੱਕ ਨਹੀਂ ਪਹੁੰਚ ਸਕਦੀ।
ਉਹ ਕਹਿੰਦੇ ਹਨ, "ਅੰਕੜੇ ਬਹੁਤ ਜ਼ਿਆਦਾ ਹਨ। ਅਤੇ ਇਕੱਲੇ ਸਰਕਾਰ ’ਤੇ ਨਿਰਭਰ ਰਹਿਣ ਵਿੱਚ ਬਹੁਤ ਲੰਮਾ ਸਮਾਂ ਲੱਗੇਗਾ ਅਤੇ ਭਾਰਤੀ ਅਰਥਚਾਰੇ ਦੀ ਹਾਲਤ ਖ਼ਰਾਬ ਹੁੰਦੀ ਰਹੇਗੀ। ਇਸ ਲਈ ਸਰਕਾਰ ਨੂੰ ਨਿੱਜੀ ਖੇਤਰ ਨੂੰ ਅੱਗੇ ਵਧਾਉਣ ਲਈ ਉਤਸ਼ਾਹ ਦੇਣਾ ਚਾਹੀਦਾ ਹੈ।"
ਇਸ ਦੌਰਾਨ ਘੁਟਾਲੇਬਾਜ਼ਾਂ ਨੇ ਅਜੇ ਵੀ ਮੰਗੇਸ਼ ਦਾ ਪਿੱਛਾ ਨਹੀਂ ਛੱਡਿਆ ਹੈ।

ਤਸਵੀਰ ਸਰੋਤ, Getty Images
ਪਿਛਲੇ ਹਫ਼ਤੇ ਜਦੋਂ ਉਹ ਮੇਰੇ ਨਾਲ ਗੱਲ ਕਰ ਰਿਹਾ ਸੀ ਤਾਂ ਉਸ ਨੇ ਇਹ ਕਹਿੰਦੇ ਹੋਏ ਫੋਨ ਕੱਟ ਦਿੱਤਾ ਕਿ "ਮੈਡਮ" ਦਾ ਫੋਨ ਆ ਰਿਹਾ ਹੈ।
ਉਸ ਨੇ ਮੈਨੂੰ ਬਾਅਦ ਵਿੱਚ ਇਹ ਸਮਝਾਇਆ, ਇਹ ਉਹੀ ਔਰਤ ਸੀ ਜਿਸ ਨਾਲ ਉਸ ਦੀ ਮੁਲਾਕਾਤ ਦਾ ਵਾਅਦਾ ਕੀਤਾ ਗਿਆ ਸੀ।
ਐਤਵਾਰ ਦੀ ਰਾਤ ਨੂੰ ਉਸ ਨੇ ਮੈਨੂੰ ਦੱਸਿਆ ਕਿ ਉਹ ਉਸ ਨਾਲ ਲਗਭਗ ਰੋਜ਼ਾਨਾ ਗੱਲ ਕਰਦਾ ਸੀ।
ਉਹ ਹੁਣ ਉਸ ਨੂੰ ਦੱਸ ਰਹੀ ਹੈ ਕਿ 'ਸੰਦੀਪ ਸਰ' ਅਸਲੀ ਠੱਗ ਹੈ ਅਤੇ ਉਸ ਨੇ ਮੰਗੇਸ਼ ਨੂੰ ਜੋ ਪੰਜ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਉਸ ਵਿੱਚੋਂ ਜ਼ਿਆਦਾਤਰ ਚੋਰੀ ਕਰ ਲਏ ਹਨ, ਪਰ ਜੇਕਰ ਉਹ ਜੀਐੱਸਟੀ ਦੇ ਰੂਪ ਵਿੱਚ 3,000 ਰੁਪਏ ਦਾ ਭੁਗਤਾਨ ਕਰਦਾ ਹੈ ਤਾਂ ਉਸ ਨੂੰ ਹੁਣ ਵੀ 90,000 ਰੁਪਏ ਮਿਲ ਸਕਦੇ ਹਨ।
ਉਸ ਨੇ ਮੈਨੂੰ ਦੱਸਿਆ, "ਮੈਂ ਉਸ ਨੂੰ ਕਿਹਾ ਕਿ ਮੈਂ ਟੁੱਟ ਗਿਆ ਹਾਂ। ਮੈਂ ਉਸ ਨੂੰ ਆਪਣੇ ਪੈਸੇ ਵਾਪਸ ਕਰਨ ਲਈ ਬੇਨਤੀ ਕੀਤੀ, ਪਰ ਉਸ ਨੇ ਕਿਹਾ ਕਿ ਇਹ ਸੰਭਵ ਨਹੀਂ ਹੋਵੇਗਾ। ਮੈਂ ਚਾਹੁੰਦਾ ਹਾਂ ਕਿ ਉਹ ਘੱਟੋ-ਘੱਟ 10,000 ਰੁਪਏ ਵਾਪਸ ਕਰ ਦੇਵੇ।"
ਮੈਂ ਉਸ ਨੂੰ ਪੁੱਛਿਆ ਕਿ ਕੀ ਉਹ ਅਜੇ ਵੀ ਘੁਟਾਲੇਬਾਜ਼ਾਂ ’ਤੇ ਭਰੋਸਾ ਕਰਦਾ ਹੈ।
"ਮੈਂ ਅਸਲ ਵਿੱਚ ਨਹੀਂ ਜਾਣਦਾ ਕਿ ਹੁਣ ਕੀ ਕਰਨਾ ਹੈ। ਮੈਂ ਪੂਰੇ ਮਹੀਨੇ ਦੀ ਤਨਖਾਹ ਗੁਆ ਲਈ ਹੈ ਅਤੇ ਬਿਹਾਰ ਵਿੱਚ ਆਪਣੇ ਪਰਿਵਾਰ ਨੂੰ ਕੋਈ ਪੈਸਾ ਨਹੀਂ ਭੇਜ ਸਕਿਆ। ਮੇਰੀ ਪਤਨੀ ਬਹੁਤ ਗੁੱਸੇ ਵਿੱਚ ਹੈ ਅਤੇ ਹੁਣ ਮੇਰੇ ਨਾਲ ਗੱਲ ਨਹੀਂ ਕਰਦੀ।"
ਉਹ ਇਸ ਗੱਲ ਤੋਂ ਗੁੱਸੇ ਹੈ ਕਿ ‘ਸੰਦੀਪ ਸਰ’ ਹੁਣ ਉਸ ਦਾ ਫੋਨ ਨਹੀਂ ਚੁੱਕਦੇ।
"ਮੇਰੇ ਨਾਲ ਧੋਖਾ ਕਰਨ ਵਾਲਿਆਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ। ਮੈਂ 500 ਰੁਪਏ ਲਈ ਸਾਰਾ ਦਿਨ ਸਖ਼ਤ ਮਿਹਨਤ ਕਰਦਾ ਹਾਂ। ਮੈਨੂੰ ਪਤਾ ਹੈ ਕਿ ਮੈਂ ਬਹੁਤ ਵੱਡੀ ਗ਼ਲਤੀ ਕੀਤੀ ਹੈ। ਪਰ ਉਨ੍ਹਾਂ ਨੇ ਮੇਰੇ ਨਾਲ ਜੋ ਕੀਤਾ ਉਹ ਬਹੁਤ ਗਲਤ ਹੈ।"












