ਇਤਰਾਜ਼ਯੋਗ ਤਸਵੀਰਾਂ ਵਾਇਰਲ ਕਰਨ ਦਾ ਡਰ ਪੈਦਾ ਕਰਕੇ ਬਲੈਕਮੇਲਿੰਗ ਕਰਨ ਵਾਲੇ ਲੋਨ ਐਪ ਘੁਟਾਲੇ ਦਾ ਪਰਦਾਫਾਸ਼

ਭੂਮਿਕਾ ਸਿਨਹਾ
ਤਸਵੀਰ ਕੈਪਸ਼ਨ, ਭੂਮਿਕਾ ਸਿਨਹਾ
    • ਲੇਖਕ, ਪੂਨਮ ਅਗਰਵਾਲ, ਨੁਪੁਰ ਸੋਨਾਰ ਅਤੇ ਸਟੈਫਨੀ ਹੇਗਾਰਟੀ
    • ਰੋਲ, ਬੀਬੀਸੀ ਆਈ ਲਈ

ਬਲੈਕਮੇਲ ਕਰਨ ਵਾਲਾ ਘੁਟਾਲਾ ਏਸ਼ੀਆ, ਅਫ਼ਰੀਕਾ ਅਤੇ ਲਾਤੀਨੀ ਅਮਰੀਕਾ ਵਿੱਚ ਲੋਕਾਂ ਨੂੰ ਫਸਾਉਣ ਅਤੇ ਉਨ੍ਹਾਂ ਨੂੰ ਅਪਮਾਨਿਤ ਕਰਨ ਲਈ ਤਤਕਾਲ ਲੋਨ ਐਪਸ ਦੀ ਵਰਤੋਂ ਕਰ ਰਿਹਾ ਹੈ।

ਘੱਟੋ-ਘੱਟ 60 ਭਾਰਤੀਆਂ ਨੇ ਐਪਸ ਲਈ ਕੰਮ ਕਰ ਰਹੇ ਕਰਜ਼ਾ ਵਸੂਲੀ ਏਜੰਟਾਂ ਵੱਲੋਂ ਕੀਤੇ ਗਏ ਮਾੜੇ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ ਹੈ।

ਬੀਬੀਸੀ ਦੀ ਇੱਕ ਗੁਪਤ ਜਾਂਚ ਨੇ ਭਾਰਤ ਅਤੇ ਚੀਨ ਵਿੱਚ ਇਸ ਘਾਤਕ ਘੁਟਾਲੇ ਤੋਂ ਲਾਭ ਚੁੱਕਣ ਵਾਲੇ ਲੋਕਾਂ ਦਾ ਪਰਦਾਫਾਸ਼ ਕੀਤਾ ਹੈ।

ਫੋਨ 'ਤੇ ਆਪਣੀ ਇੱਕ ਰਿਸ਼ਤੇਦਾਰ ਦੀ ਘਬਰਾਹਟ ਭਰੀ ਆਵਾਜ਼ ਸੁਣ ਕੇ ਆਸਥਾ ਸਿਨਹਾ ਦੀ ਨੀਂਦ ਖੁੱਲ੍ਹੀ। "ਆਪਣੀ ਮਾਂ ਨੂੰ ਘਰ ਤੋਂ ਬਾਹਰ ਨਾ ਜਾਣ ਦੇਣਾ।"

ਉਨੀਂਦਰੇ ਵਿੱਚ 17 ਸਾਲ ਦੀ ਬੱਚੀ ਆਪਣੀ ਮਾਂ ਭੂਮੀ ਸਿਨਹਾ ਨੂੰ ਨਾਲ ਵਾਲੇ ਕਮਰੇ ਵਿੱਚ ਰੋਂਦੀ ਅਤੇ ਬੇਚੈਨ ਹੋਈ ਵੇਖ ਕੇ ਘਬਰਾ ਗਈ।

ਇੱਥੇ ਉਸ ਦੀ ਮਜ਼ਾਕੀਆ ਅਤੇ ਨਿਡਰ ਰਹਿਣ ਵਾਲੀ ਮਾਂ, ਮੁੰਬਈ ਅਧਾਰਿਤ ਇੱਕ ਸਤਿਕਾਰਤ ਪ੍ਰਾਪਰਟੀ ਵਕੀਲ, ਇੱਕ ਵਿਧਵਾ ਸੀ ਜੋ ਆਪਣੀ ਬੇਟੀ ਨੂੰ ਇਕੱਲੇ ਪਾਲ ਰਹੀ ਸੀ, ਪਰ ਉਸ ਸਮੇਂ ਗੁੱਸੇ ਨਾਲ ਬੇਕਾਬੂ ਬੈਠੀ ਹੋਈ ਸੀ।

ਆਸਥਾ ਕਹਿੰਦੀ ਹੈ, "ਉਹ ਟੁੱਟ ਰਹੀ ਸੀ।"

ਘਬਰਾਈ ਹੋਈ ਭੂਮੀ ਨੇ ਉਸ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਿ ਸਾਰੇ ਜ਼ਰੂਰੀ ਦਸਤਾਵੇਜ਼ ਅਤੇ ਸੰਪਰਕ ਕਿੱਥੇ ਪਏ ਹਨ ਅਤੇ ਉਹ ਦਰਵਾਜ਼ੇ ਤੋਂ ਬਾਹਰ ਨਿਕਲਣ ਲਈ ਬੇਤਾਬ ਲੱਗ ਰਹੀ ਸੀ।

ਆਸਥਾ ਜਾਣਦੀ ਸੀ ਕਿ ਉਸ ਨੂੰ ਰੋਕਣਾ ਹੋਵੇਗਾ। "ਉਸ ਨੂੰ ਆਪਣੀ ਨਜ਼ਰ ਤੋਂ ਦੂਰ ਨਾ ਹੋਣ ਦੇਣਾ।" ਇਹ ਉਸ ਦੀ ਰਿਸ਼ਤੇਦਾਰ ਨੇ ਉਸ ਨੂੰ ਕਿਹਾ ਸੀ। "ਕਿਉਂਕਿ ਉਹ ਆਪਣੀ ਜ਼ਿੰਦਗੀ ਖ਼ਤਮ ਕਰ ਦੇਵੇਗੀ।"

ਆਸਥਾ ਜਾਣਦੀ ਸੀ ਕਿ ਉਸ ਦੀ ਮਾਂ ਨੂੰ ਕੁਝ ਅਜੀਬ ਫੋਨ ਆ ਰਹੇ ਸਨ ਅਤੇ ਉਨ੍ਹਾਂ ਨੇ ਕਿਸੇ ਦੇ ਪੈਸੇ ਦੇਣੇ ਸਨ, ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਦੀ ਮਾਂ ਕਈ ਮਹੀਨਿਆਂ ਤੋਂ ਪਰੇਸ਼ਾਨੀ ਅਤੇ ਮਨੋਵਿਗਿਆਨਕ ਤਸੀਹੇ ਝੱਲ ਰਹੀ ਸੀ।

ਉਹ ਘੱਟੋ-ਘੱਟ 14 ਦੇਸ਼ਾਂ ਵਿੱਚ ਜਾਅਲਸਾਜ਼ੀ ਦੇ ਨਾਲ ਇੱਕ ਗਲੋਬਲ ਘੁਟਾਲੇ ਦਾ ਸ਼ਿਕਾਰ ਹੋ ਗਈ ਸੀ ਜੋ ਲਾਭ ਕਮਾਉਣ ਲਈ ਸ਼ਰਮ ਅਤੇ ਬਲੈਕਮੇਲਿੰਗ ਦੀ ਵਰਤੋਂ ਕਰਦਾ ਹੈ। ਇਹ ਪ੍ਰਕਿਰਿਆ ਜੀਵਨ ਤਬਾਹ ਕਰ ਰਹੀ ਹੈ।

ਆਸਥਾ ਸਿਨਹਾ

ਤਸਵੀਰ ਸਰੋਤ, Prarthna Singh/BBC

ਕਾਰੋਬਾਰੀ ਮਾਡਲ ਬੇਰਹਿਮ ਪਰ ਸਧਾਰਨ ਹੈ।

ਅਜਿਹੇ ਕਈ ਐਪਸ ਹਨ ਜੋ ਮਿੰਟਾਂ ਵਿੱਚ ਪਰੇਸ਼ਾਨੀ ਰਹਿਤ ਲੋਨ ਦੇਣ ਦਾ ਵਾਅਦਾ ਕਰਦੇ ਹਨ।

ਉਨ੍ਹਾਂ ਵਿੱਚੋਂ ਸਾਰੇ ਲੁੱਟਣ ਵਾਲੇ ਨਹੀਂ ਹਨ ਪਰ ਕਈ ਇੱਕ ਵਾਰ ਡਾਊਨਲੋਡ ਕਰਨ ਤੋਂ ਬਾਅਦ ਤੁਹਾਡੇ ਸੰਪਰਕ, ਫੋਟੋਆਂ ਅਤੇ ਆਈਡੀ ਕਾਰਡ ਪ੍ਰਾਪਤ ਕਰਕੇ, ਇਨ੍ਹਾਂ ਨੂੰ ਬਾਅਦ ਵਿੱਚ ਜਬਰਨ ਵਸੂਲੀ ਲਈ ਵਰਤਦੇ ਹਨ।

ਜਦੋਂ ਗਾਹਕ ਸਮੇਂ ਸਿਰ ਅਦਾਇਗੀ ਨਹੀਂ ਕਰਦੇ ਅਤੇ ਕਈ ਵਾਰੀ ਜਦੋਂ ਉਹ ਭੁਗਤਾਨ ਕਰਦੇ ਵੀ ਹਨ ਤਾਂ ਉਹ ਇਸ ਜਾਣਕਾਰੀ ਨੂੰ ਇੱਕ ਕਾਲ ਸੈਂਟਰ ਨਾਲ ਸਾਂਝਾ ਕਰਦੇ ਹਨ, ਜਿੱਥੇ ਲੈਪਟਾਪਾਂ ਅਤੇ ਫੋਨਾਂ ਨਾਲ ਲੈਸ ਨੌਜਵਾਨ ਏਜੰਟਾਂ ਨੂੰ ਲੋਕਾਂ ਨੂੰ ਮੁੜ-ਅਦਾਇਗੀ ਲਈ ਪਰੇਸ਼ਾਨ ਕਰਨ ਅਤੇ ਅਪਮਾਨਿਤ ਕਰਨ ਲਈ ਸਿਖਲਾਈ ਦਿੱਤੀ ਜਾਂਦੀ ਹੈ।

2021 ਦੇ ਅੰਤ ਵਿੱਚ ਭੂਮੀ ਨੇ ਕਈ ਲੋਨ ਐਪਸ ਤੋਂ ਲਗਭਗ 47,000 ਰੁਪਏ ਉਧਾਰ ਲਏ ਸਨ, ਜਦੋਂ ਉਸ ਨੂੰ ਕੋਈ ਵੱਡਾ ਖਰਚ ਆਉਣ ਵਾਲਾ ਸੀ। ਉਸ ਨੂੰ ਪੈਸਾ ਲਗਭਗ ਤੁਰੰਤ ਮਿਲ ਗਿਆ, ਪਰ ਫੀਸ ਵਜੋਂ ਉਸ ਦਾ ਵੱਡਾ ਹਿੱਸਾ ਕੱਟਿਆ ਗਿਆ।

ਸੱਤ ਦਿਨਾਂ ਬਾਅਦ ਉਸ ਨੇ ਭੁਗਤਾਨ ਕਰਨਾ ਸੀ, ਪਰ ਉਸ ਦੇ ਖਰਚੇ ਅਜੇ ਵੀ ਪੂਰੇ ਨਹੀਂ ਹੋਏ ਸਨ, ਇਸ ਲਈ ਉਸ ਨੇ ਇੱਕ ਹੋਰ ਐਪ ਤੋਂ ਉਧਾਰ ਲਿਆ ਅਤੇ ਫਿਰ ਇੱਕ ਹੋਰ ਐਪ ਤੋਂ।

ਕਰਜ਼ਾ ਅਤੇ ਵਿਆਜ ਉਦੋਂ ਤੱਕ ਵਧਦਾ ਗਿਆ ਜਦੋਂ ਤੱਕ ਉਸ ’ਤੇ ਲਗਭਗ 20 ਲੱਖ ਰੁਪਏ ਦਾ ਬਕਾਇਆ ਨਹੀਂ ਹੋ ਗਿਆ।

ਵੀਡੀਓ ਕੈਪਸ਼ਨ, ਚੀਨੀ ਲੋਨ ਐਪ ਬਲੈਕਮੈਲ ਰਾਹੀਂ ਪੈਸਾ ਕਿਵੇਂ ਬਣਾ ਰਹੀਆਂ ਹਨ - ਬੀਬੀਸੀ ਆਈ ਦੀ ਪੜਤਾਲ

ਜਲਦੀ ਹੀ ਰਿਕਵਰੀ ਏਜੰਟਾਂ ਨੇ ਫੋਨ ਕਰਨੇ ਸ਼ੁਰੂ ਕਰ ਦਿੱਤੇ। ਉਹ ਤੁਰੰਤ ਹੀ ਮਾੜੇ ਵਤੀਰੇ 'ਤੇ ਆ ਗਏ ਤੇ ਉਨ੍ਹਾਂ ਨੇ ਭੂਮੀ ਦੀ ਬੇਇੱਜ਼ਤੀ ਕੀਤੀ ਅਤੇ ਗਾਲ੍ਹਾਂ ਕੱਢੀਆਂ। ਇੱਥੋਂ ਤੱਕ ਕਿ ਜਦੋਂ ਉਸ ਨੇ ਭੁਗਤਾਨ ਕਰ ਦਿੱਤਾ ਸੀ, ਉਦੋਂ ਵੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਝੂਠ ਬੋਲ ਰਹੀ ਹੈ।

ਉਹ ਦਿਨ ਵਿੱਚ 200 ਵਾਰ ਫੋਨ ਕਰਦੇ ਸਨ। ਉਹ ਜਾਣਦੇ ਸਨ ਕਿ ਉਹ ਕਿੱਥੇ ਰਹਿੰਦੀ ਹੈ। ਉਨ੍ਹਾਂ ਨੇ ਇੱਕ ਦਿਨ ਚਿਤਾਵਨੀ ਵਜੋਂ ਉਸ ਨੂੰ ਇੱਕ ਲਾਸ਼ ਦੀਆਂ ਤਸਵੀਰਾਂ ਭੇਜੀਆਂ।

ਜਿਵੇਂ ਜਿਵੇਂ ਦੁਰਵਿਵਹਾਰ ਵਧਦਾ ਗਿਆ, ਉਨ੍ਹਾਂ ਨੇ ਧਮਕੀ ਦਿੱਤੀ ਕਿ ਉਹ ਉਸ ਦੇ ਫੋਨ ਵਿੱਚ ਸਾਰੇ 486 ਸੰਪਰਕ ਨੰਬਰਾਂ ’ਤੇ ਮੈਸੇਜ ਭੇਜ ਕੇ ਉਨ੍ਹਾਂ ਨੂੰ ਇਹ ਦੱਸਣਗੇ ਕਿ ਉਹ ਚੋਰ ਅਤੇ ਵੇਸਵਾ ਹੈ।

ਜਦੋਂ ਉਨ੍ਹਾਂ ਨੇ ਉਸ ਦੀ ਧੀ ਦੀ ਇੱਜ਼ਤ ਨੂੰ ਵੀ ਖ਼ਰਾਬ ਕਰਨ ਦੀ ਧਮਕੀ ਦਿੱਤੀ, ਤਾਂ ਭੂਮੀ ਦੀ ਰਾਤਾਂ ਦੀ ਨੀਂਦ ਉੱਡ ਗਈ।

ਉਸ ਨੇ ਦੋਸਤਾਂ, ਪਰਿਵਾਰ ਅਤੇ ਜ਼ਿਆਦਾ ਤੋਂ ਜ਼ਿਆਦਾ ਹੋਰ ਐਪਸ ਤੋਂ ਉਧਾਰ ਲਿਆ, ਜੋ ਕੁਲ ਮਿਲਾ ਕੇ 69 ਐਪਸ ਹੋ ਗਈਆਂ। ਰਾਤ ਨੂੰ ਉਸ ਨੇ ਅਰਦਾਸ ਕੀਤੀ ਕਿ ਉਸ ਲਈ ਸਵੇਰ ਕਦੇ ਨਾ ਆਵੇ, ਪਰ ਸਵੇਰੇ 7 ਵਜੇ ਉਸ ਦਾ ਫੋਨ ਲਗਾਤਾਰ ਵੱਜਣਾ ਸ਼ੁਰੂ ਹੋ ਗਿਆ।

ਆਖਰਕਾਰ, ਭੂਮੀ ਸਾਰੇ ਪੈਸੇ ਵਾਪਸ ਕਰਨ ਵਿੱਚ ਕਾਮਯਾਬ ਹੋ ਗਈ, ਪਰ ਖ਼ਾਸ ਤੌਰ 'ਤੇ ਇੱਕ ਐਪ ‘ਆਸਾਨ ਲੋਨ’ ਨੇ ਉਸ ਨੂੰ ਫੋਨ ਕਰਨਾ ਬੰਦ ਨਹੀਂ ਕੀਤਾ। ਥੱਕਣ ਕਾਰਨ ਉਹ ਕੰਮ 'ਤੇ ਧਿਆਨ ਨਹੀਂ ਦੇ ਸਕੀ ਅਤੇ ਉਸ ਨੂੰ ਪੈਨਿਕ ਅਟੈਕ ਆਉਣ ਲੱਗੇ।

ਰੋਹਨ

ਇੱਕ ਦਿਨ ਇੱਕ ਸਹਿਕਰਮੀ ਨੇ ਉਸ ਨੂੰ ਆਪਣੇ ਡੈਸਕ ’ਤੇ ਬੁਲਾਇਆ ਅਤੇ ਉਸ ਨੂੰ ਆਪਣੇ ਫੋਨ ’ਤੇ ਕੁਝ ਦਿਖਾਇਆ। ਇਹ ਉਸ ਦੀ ਇੱਕ ਬਿਨਾਂ ਕੱਪੜਿਆਂ ਦੀ ਅਸ਼ਲੀਲ ਤਸਵੀਰ ਸੀ।

ਫੋਟੋ ਨੂੰ ਬੁਰੀ ਤਰ੍ਹਾਂ ਨਾਲ ਫੋਟੋਸ਼ਾਪ ਕੀਤਾ ਗਿਆ ਸੀ। ਭੂਮੀ ਦਾ ਸਿਰ ਕਿਸੇ ਹੋਰ ਦੇ ਸਰੀਰ ’ਤੇ ਲਗਾਇਆ ਗਿਆ ਸੀ, ਪਰ ਇਸ ਨੇ ਉਸ ਨੂੰ ਪਰੇਸ਼ਾਨ ਕਰ ਦਿੱਤਾ ਅਤੇ ਉਹ ਸ਼ਰਮਸ਼ਾਰ ਹੋ ਗਈ।

ਉਹ ਆਪਣੇ ਸਹਿਕਰਮੀ ਦੇ ਡੈਸਕ ’ਤੇ ਹੀ ਡਿੱਗ ਗਈ। ਇਹ ਆਸਾਨ ਲੋਨ ਦੁਆਰਾ ਉਸ ਦੀ ਫੋਨ ਬੁੱਕ ਵਿੱਚ ਹਰੇਕ ਸੰਪਰਕ ਨੰਬਰ ’ਤੇ ਭੇਜਿਆ ਗਿਆ ਸੀ। ਉਦੋਂ ਹੀ ਭੂਮੀ ਨੇ ਖ਼ੁਦਕੁਸ਼ੀ ਕਰਨ ਬਾਰੇ ਸੋਚਿਆ।

ਅਸੀਂ ਪੂਰੀ ਦੁਨੀਆ ਵਿੱਚ ਵੱਖ-ਵੱਖ ਕੰਪਨੀਆਂ ਵੱਲੋਂ ਚਲਾਏ ਜਾ ਰਹੇ ਇਸ ਤਰ੍ਹਾਂ ਦੇ ਘੁਟਾਲਿਆਂ ਦੇ ਸਬੂਤ ਦੇਖੇ ਹਨ। ਪਰ ਇਕੱਲੇ ਭਾਰਤ ਵਿੱਚ ਬੀਬੀਸੀ ਨੇ ਪਾਇਆ ਹੈ ਕਿ ਲੋਨ ਐਪਸ ਤੋਂ ਪਰੇਸ਼ਾਨ ਹੋਣ ਮਗਰੋਂ ਘੱਟੋ-ਘੱਟ 60 ਲੋਕਾਂ ਨੇ ਖੁਦਕੁਸ਼ੀ ਕਰ ਲਈ ਹੈ।

ਖੁਦਕੁਸ਼ੀ ਦੇ 50% ਤੋਂ ਜ਼ਿਆਦਾ ਮਾਮਲੇ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਸਨ।

ਇਨ੍ਹਾਂ ਵਿੱਚ ਜ਼ਿਆਦਾਤਰ ਆਪਣੀ ਉਮਰ ਦੇ ਵੀਹਵਿਆਂ ਅਤੇ ਤੀਹਵਿਆਂ ਵਿੱਚ ਸਨ। ਇਨ੍ਹਾਂ ਵਿੱਚ ਇੱਕ ਫਾਇਰਮੈਨ, ਇੱਕ ਪੁਰਸਕਾਰ ਜੇਤੂ ਸੰਗੀਤਕਾਰ, ਇੱਕ ਜਵਾਨ ਮਾਂ ਅਤੇ ਪਿਤਾ ਜੋ ਆਪਣੀਆਂ ਤਿੰਨ ਅਤੇ ਪੰਜ ਸਾਲ ਦੀਆਂ ਧੀਆਂ ਨੂੰ ਛੱਡ ਗਏ, ਇੱਕ ਦਾਦਾ ਅਤੇ ਪੋਤਾ ਜੋ ਇਕੱਠੇ ਲੋਨ ਐਪਸ ਵਿੱਚ ਸ਼ਾਮਲ ਹੋਏ ਸਨ। ਪੀੜਤਾਂ ਵਿੱਚ ਚਾਰ ਕਿਸ਼ੋਰ ਵੀ ਸਨ।

ਬਹੁਤੇ ਪੀੜਤ ਘੁਟਾਲੇ ਬਾਰੇ ਬੋਲਣ ਵਿੱਚ ਬਹੁਤ ਸ਼ਰਮ ਮਹਿਸੂਸ ਕਰਦੇ ਹਨ ਅਤੇ ਅਪਰਾਧੀ ਜ਼ਿਆਦਾਤਰ ਗੁੰਮਨਾਮ ਅਤੇ ਨਜ਼ਰਾਂ ਤੋਂ ਦੂਰ ਹੀ ਰਹਿ ਰਹੇ ਹਨ।

ਕਈ ਮਹੀਨਿਆਂ ਤੱਕ ਕਿਸੇ ਅੰਦਰੂਨੀ ਵਿਅਕਤੀ ਦੀ ਭਾਲ ਕਰਨ ਤੋਂ ਬਾਅਦ ਬੀਬੀਸੀ ਨੇ ਇੱਕ ਨੌਜਵਾਨ ਦਾ ਪਤਾ ਲਗਾਉਣ ਵਿੱਚ ਕਾਮਯਾਬੀ ਹਾਸਲ ਕੀਤੀ। ਉਸ ਨੇ ਕਈ ਲੋਨ ਐਪਸ ਲਈ ਕੰਮ ਕਰਨ ਵਾਲੇ ਕਾਲ ਸੈਂਟਰਾਂ ਲਈ ਕਰਜ਼ਾ ਰਿਕਵਰੀ ਏਜੰਟ ਵਜੋਂ ਕੰਮ ਕੀਤਾ ਸੀ।

ਰੋਹਨ, ਪਰ ਇਹ ਉਸ ਦਾ ਅਸਲੀ ਨਾਮ ਨਹੀਂ, ਨੇ ਸਾਨੂੰ ਦੱਸਿਆ ਕਿ ਉਹ ਉਸ ਦੁਰਵਿਵਹਾਰ ਤੋਂ ਪਰੇਸ਼ਾਨ ਸੀ ਜੋ ਉਸ ਨੇ ਦੇਖਿਆ ਸੀ।

ਉਨ੍ਹਾਂ ਨੇ ਕਿਹਾ ਕਈ ਗਾਹਕ ਰੋਏ, ਕੁਝ ਨੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ। "ਇਹ ਮੈਨੂੰ ਸਾਰੀ ਰਾਤ ਪਰੇਸ਼ਾਨ ਕਰਦਾ ਸੀ।"

ਉਹ ਬੀਬੀਸੀ ਨੂੰ ਇਸ ਘੁਟਾਲੇ ਦਾ ਪਰਦਾਫਾਸ਼ ਕਰਨ ਵਿੱਚ ਮਦਦ ਕਰਨ ਲਈ ਸਹਿਮਤ ਹੋ ਗਏ।

ਚੌਰਸੀਆ

ਉਨ੍ਹਾਂ ਨੇ ਦੋ ਵੱਖ-ਵੱਖ ਕਾਲ ਸੈਂਟਰਾਂ, ਮੈਜੇਸਟੀ ਲੀਗਲ ਸਰਵਿਸਿਜ਼ ਅਤੇ ਕਾਲਫਲੈਕਸ ਕਾਰਪੋਰੇਸ਼ਨ ਵਿੱਚ ਨੌਕਰੀ ਲਈ ਅਰਜ਼ੀ ਦਿੱਤੀ ਸੀ ਅਤੇ ਗੁਪਤ ਕੈਮਰੇ ਨਾਲ ਫਿਲਮਾਂਕਣ ਕਰਨ ਵਿੱਚ ਕਈ ਹਫ਼ਤੇ ਬਿਤਾਏ।

ਉਨ੍ਹਾਂ ਨੇ ਨੌਜਵਾਨ ਏਜੰਟਾਂ ਨੂੰ ਗਾਹਕਾਂ ਨੂੰ ਪਰੇਸ਼ਾਨ ਕਰਦਿਆਂ ਦੀ ਵੀਡਿਓ ਬਣਾਈ। ਇੱਕ ਔਰਤ ਕਹਿੰਦੀ ਹੈ, "ਸੁਧਰ ਜਾਂ ਨਹੀਂ ਤਾਂ ਤੈਨੂੰ ਤਬਾਹ ਕਰ ਦਿਆਂਗੀ।"

ਉਹ ਗਾਹਕ 'ਤੇ ਅਸ਼ਲੀਲਤਾ ਦਾ ਇਲਜ਼ਾਮ ਲਾਉਂਦੀ ਹੈ ਅਤੇ ਜਦੋਂ ਗਾਹਕ ਨੂੰ ਅੱਗੋਂ ਕੋਈ ਗੱਲ ਨਹੀਂ ਆਉਂਦੀ, ਤਾਂ ਉਹ ਹੱਸਣ ਲੱਗਦੀ ਹੈ। ਇੱਕ ਹੋਰ ਸੁਝਾਅ ਹੈ ਕਿ ਗਾਹਕ ਨੂੰ ਕਰਜ਼ੇ ਦੀ ਅਦਾਇਗੀ ਕਰਨ ਲਈ ਆਪਣੀ ਮਾਂ ਤੋਂ ਵੇਸਵਾਗਿਰੀ ਕਰਾਉਣੀ ਚਾਹੀਦੀ ਹੈ।

ਰੋਹਨ ਨੇ ਪਰੇਸ਼ਾਨ ਅਤੇ ਦੁਰਵਿਵਹਾਰ ਕਰਨ ਦੀਆਂ ਅਜਿਹੀਆਂ 100 ਤੋਂ ਵੱਧ ਘਟਨਾਵਾਂ ਨੂੰ ਰਿਕਾਰਡ ਕੀਤਾ। ਪਹਿਲੀ ਵਾਰ ਇਸ ਯੋਜਨਾਬੱਧ ਜ਼ਬਰਨ ਵਸੂਲੀ ਨੂੰ ਕੈਮਰੇ ਵਿੱਚ ਕੈਦ ਕੀਤਾ ਗਿਆ।

ਉਨ੍ਹਾਂ ਨੇ ਸਭ ਤੋਂ ਭੈੜਾ ਦੁਰਵਿਵਹਾਰ ਦਿੱਲੀ ਤੋਂ ਬਿਲਕੁਲ ਬਾਹਰ ਕਾਲਫਲੈਕਸ ਕਾਰਪੋਰੇਸ਼ਨ ਵਿੱਚ ਦੇਖਿਆ। ਇੱਥੇ, ਏਜੰਟ ਗਾਹਕਾਂ ਨੂੰ ਅਪਮਾਨਿਤ ਕਰਨ ਅਤੇ ਧਮਕਾਉਣ ਲਈ ਨਿਯਮਿਤ ਤੌਰ 'ਤੇ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਦੇ ਹਨ।

ਇਹ ਕੋਈ ਠੱਗ ਏਜੰਟ ਨਹੀਂ ਸਨ ਜੋ ਬਿਨਾਂ ਸੋਚੇ-ਸਮਝੇ ਅਜਿਹਾ ਕਰ ਰਹੇ ਸਨ। ਉਨ੍ਹਾਂ ਦੀ ਨਿਗਰਾਨੀ ਅਤੇ ਨਿਰਦੇਸ਼ਨ ਕਾਲ ਸੈਂਟਰ ਦੇ ਪ੍ਰਬੰਧਕਾਂ ਵੱਲੋਂ ਕੀਤੀ ਜਾਂਦੀ ਸੀ, ਜਿਸ ਵਿੱਚ ਵਿਸ਼ਾਲ ਚੌਰਸੀਆ ਨਾਂ ਦਾ ਇੱਕ ਵਿਅਕਤੀ ਵੀ ਸ਼ਾਮਲ ਸੀ।

ਰੋਹਨ ਨੇ ਚੌਰਸੀਆ ਦਾ ਭਰੋਸਾ ਜਿੱਤ ਲਿਆ ਅਤੇ ਖ਼ੁਦ ਨੂੰ ਨਿਵੇਸ਼ਕ ਦੱਸਣ ਵਾਲੇ ਇੱਕ ਪੱਤਰਕਾਰ ਦੇ ਨਾਲ ਇੱਕ ਮੀਟਿੰਗ ਕਰਾਉਣ ਦਾ ਪ੍ਰਬੰਧਤ ਕੀਤਾ ਜਿਸ ਵਿੱਚ ਉਨ੍ਹਾਂ ਨੇ ਉਸ ਨੂੰ ਇਹ ਦੱਸਣ ਲਈ ਕਿਹਾ ਕਿ ਇਹ ਘੁਟਾਲਾ ਕਿਵੇਂ ਕੰਮ ਕਰਦਾ ਹੈ।

ਉਸ ਨੇ ਸਮਝਾਇਆ ਕਿ ਜਦੋਂ ਕੋਈ ਗਾਹਕ ਲੋਨ ਲੈਂਦਾ ਹੈ ਤਾਂ ਉਹ ਐਪ ਨੂੰ ਆਪਣੇ ਫੋਨ 'ਤੇ ਸੰਪਰਕ ਨੰਬਰਾਂ ਤੱਕ ਪਹੁੰਚ ਦਿੰਦੇ ਹਨ। ਪੈਸੇ ਦੀ ਵਸੂਲੀ ਕਰਨ ਲਈ ਕਾਲਫਲੈਕਸ ਕਾਰਪੋਰੇਸ਼ਨ ਨੂੰ ਕੰਮ ਸੌਂਪਿਆ ਜਾਂਦਾ ਹੈ।

ਜੇਕਰ ਗਾਹਕ ਭੁਗਤਾਨ ਤੋਂ ਖੁੰਝ ਜਾਂਦਾ ਹੈ ਤਾਂ ਕੰਪਨੀ ਉਨ੍ਹਾਂ ਨੂੰ ਅਤੇ ਫਿਰ ਉਨ੍ਹਾਂ ਦੇ ਸੰਪਰਕ ਵਾਲੇ ਨੰਬਰਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੀ ਹੈ।

ਚੌਰਸੀਆ ਨੇ ਉਨ੍ਹਾਂ ਨੂੰ ਕਿਹਾ, ਜਦੋਂ ਤੱਕ ਉਨ੍ਹਾਂ ਨੂੰ ਅਦਾਇਗੀ ਨਹੀਂ ਹੁੰਦੀ, ਉਨ੍ਹਾਂ ਦੇ ਕਰਮਚਾਰੀ ਕੁਝ ਵੀ ਕਹਿ ਸਕਦੇ ਹਨ।

ਉਨ੍ਹਾਂ ਨੇ ਕਿਹਾ, “ਗਾਹਕ ਫਿਰ ਸ਼ਰਮ ਦੇ ਕਾਰਨ ਭੁਗਤਾਨ ਕਰਦਾ ਹੈ।”

"ਤੁਹਾਨੂੰ ਉਸ ਦੀ ਸੰਪਰਕ ਨੰਬਰਾਂ ਦੀ ਸੂਚੀ ਵਿੱਚ ਘੱਟੋ-ਘੱਟ ਇੱਕ ਵਿਅਕਤੀ ਅਜਿਹਾ ਮਿਲੇਗਾ ਜੋ ਉਸ ਦੀ ਜ਼ਿੰਦਗੀ ਨੂੰ ਤਬਾਹ ਕਰ ਸਕਦਾ ਹੈ।"

ਮੌਨਿਕਾ ਦੇ ਪਿਤਾ

ਅਸੀਂ ਸਿੱਧੇ ਚੌਰਸੀਆ ਨਾਲ ਸੰਪਰਕ ਕੀਤਾ, ਪਰ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਸਨ। ਕਾਲਫਲੈਕਸ ਕਾਰਪੋਰੇਸ਼ਨ ਨੇ ਵੀ ਸੰਪਰਕ ਕਰਨ ਕਰਨ ਦੇ ਸਾਡੇ ਯਤਨਾਂ ਦਾ ਜਵਾਬ ਨਹੀਂ ਦਿੱਤਾ।

ਤਬਾਹ ਹੋਈਆਂ ਕਈ ਜ਼ਿੰਦਗੀਆਂ ਵਿੱਚੋਂ ਇੱਕ ਕਿਰਨੀ ਮੌਨਿਕਾ ਦੀ ਸੀ।

ਸਿੱਦੀਪੇਟ ਦੀ 24 ਸਾਲਾ ਕੁੜੀ ਆਪਣੇ ਪਰਿਵਾਰ ਵਿੱਚੋਂ ਸਭ ਤੋਂ ਹੁਸ਼ਿਆਰ ਸੀ। ਉਹ ਸਰਕਾਰੀ ਨੌਕਰੀ ਹਾਸਿਲ ਕਰਨ ਵਾਲੀ ਆਪਣੇ ਸਕੂਲ ਦੀ ਇਕਲੌਤੀ ਵਿਦਿਆਰਥਣ ਸੀ। ਉਹ ਆਪਣੇ ਤਿੰਨ ਭਰਾਵਾਂ ਦੀ ਪਿਆਰੀ ਭੈਣ ਸੀ।

ਉਸ ਦੇ ਪਿਤਾ ਇੱਕ ਸਫਲ ਕਿਸਾਨ ਸਨ ਜੋ ਆਸਟਰੇਲੀਆ ਵਿੱਚ ਮਾਸਟਰਜ਼ ਕਰਨ ਲਈ ਉਸ ਨੂੰ ਭੇਜਣ ਲਈ ਤਿਆਰ ਸੀ।

ਤਿੰਨ ਸਾਲ ਪਹਿਲਾਂ ਜਿਸ ਸੋਮਵਾਰ ਨੂੰ ਉਸ ਨੇ ਆਪਣੀ ਜਾਨ ਲੈ ਲਈ, ਉਸ ਦਿਨ ਵੀ ਉਹ ਰੁਜ਼ਾਨਾ ਵਾਂਗ ਕੰਮ 'ਤੇ ਜਾਣ ਲਈ ਸਕੂਟੀ 'ਤੇ ਬੈਠੀ।

ਉਸ ਦੇ ਪਿਤਾ ਕਿਰਨੀ ਭੂਪਾਨੀ ਕਹਿੰਦੇ ਹਨ, "ਉਹ ਪੂਰੀ ਤਰ੍ਹਾਂ ਨਾਲ ਮੁਸਕਰਾ ਰਹੀ ਸੀ।"

ਜਦੋਂ ਪੁਲਿਸ ਨੇ ਮੌਨਿਕਾ ਦੇ ਫੋਨ ਅਤੇ ਬੈਂਕ ਸਟੇਟਮੈਂਟ ਦੀ ਸਮੀਖਿਆ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਨੇ 55 ਵੱਖ-ਵੱਖ ਲੋਨ ਐਪਸ ਤੋਂ ਉਧਾਰ ਲਿਆ ਹੋਇਆ ਸੀ।

ਇਸ ਦੀ ਸ਼ੁਰੂਆਤ 10,000 ਰੁਪਏ ਦੇ ਕਰਜ਼ੇ ਨਾਲ ਸ਼ੁਰੂ ਹੋਈ ਸੀ ਅਤੇ ਇਹ ਵਧ ਕੇ 30 ਗੁਣਾ ਤੋਂ ਵੀ ਵੱਧ ਹੋ ਗਿਆ ਸੀ। ਜਦੋਂ ਉਸ ਨੇ ਖ਼ੁਦ ਨੂੰ ਮਾਰਨ ਦਾ ਫ਼ੈਸਲਾ ਕੀਤਾ, ਉਦੋਂ ਤੱਕ ਉਹ ਤਿੰਨ ਲੱਖ ਰੁਪਏ ਤੋਂ ਵੱਧ ਦਾ ਭੁਗਤਾਨ ਕਰ ਚੁੱਕੀ ਸੀ।

ਪੁਲਿਸ ਦਾ ਕਹਿਣਾ ਹੈ ਕਿ ਐਪਸ ਨੇ ਉਸ ਨੂੰ ਫੋਨ ਅਤੇ ਅਸ਼ਲੀਲ ਮੈਸੇਜਾਂ ਨਾਲ ਪਰੇਸ਼ਾਨ ਕੀਤਾ ਅਤੇ ਉਸ ਦੇ ਸੰਪਰਕ ਨੰਬਰਾਂ ਨੂੰ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ ਸਨ।

ਮੌਨਿਕਾ ਦਾ ਕਮਰਾ ਹੁਣ ਅਸਥਾਈ ਮੰਦਿਰ ਬਣ ਗਿਆ ਹੈ। ਉਸ ਦਾ ਸਰਕਾਰੀ ਆਈਡੀ ਕਾਰਡ ਦਰਵਾਜ਼ੇ ’ਤੇ ਲਟਕਿਆ ਹੋਇਆ ਹੈ। ਉਸ ਦੀ ਮਾਂ ਨੇ ਵਿਆਹ ਲਈ ਜੋ ਬੈਗ ਪੈਕ ਕੀਤਾ ਸੀ, ਉਹ ਬੈਗ ਅਜੇ ਵੀ ਉੱਥੇ ਹੀ ਪਿਆ ਹੈ।

ਉਸ ਦੇ ਪਿਤਾ ਨੂੰ ਸਭ ਤੋਂ ਵੱਧ ਜੋ ਗੱਲ ਪਰੇਸ਼ਾਨ ਕਰਦੀ ਹੈ ਉਹ ਇਹ ਹੈ ਕਿ ਉਸ ਨੇ ਉਨ੍ਹਾਂ ਨੂੰ ਨਹੀਂ ਦੱਸਿਆ ਸੀ ਕਿ ਕੀ ਹੋ ਰਿਹਾ ਹੈ।

ਉਹ ਆਪਣੀਆਂ ਅੱਖਾਂ ਵਿੱਚੋਂ ਹੰਝੂ ਪੂੰਝਦੇ ਹੋਏ ਕਹਿੰਦੇ ਹਨ, "ਅਸੀਂ ਆਸਾਨੀ ਨਾਲ ਪੈਸਿਆਂ ਦਾ ਇੰਤਜ਼ਾਮ ਕਰ ਸਕਦੇ ਸੀ।”

ਅਜਿਹਾ ਕਰਨ ਵਾਲੇ ਲੋਕਾਂ ਤੋਂ ਬੇਹੱਦ ਨਰਾਜ਼ ਹਨ।

ਤਿਆਂਗ ਤਿਆਂਗ ਤੇ ਟਾਕਵੇ

ਜਦੋਂ ਉਹ ਆਪਣੀ ਧੀ ਦੀ ਲਾਸ਼ ਨੂੰ ਹਸਪਤਾਲ ਤੋਂ ਘਰ ਲੈ ਕੇ ਜਾ ਰਹੇ ਸਨ ਤਾਂ ਉਸ ਦੇ ਫੋਨ ਦੀ ਘੰਟੀ ਵੱਜੀ ਅਤੇ ਉਸ ਨੇ ਅਸ਼ਲੀਲਤਾ ਨਾਲ ਭਰੇ ਸ਼ਬਦਾਂ ਦਾ ਜਵਾਬ ਦਿੱਤਾ।

ਉਹ ਕਹਿੰਦੇ ਹਨ, "ਉਨ੍ਹਾਂ ਨੇ ਸਾਨੂੰ ਦੱਸਿਆ ਕਿ, ਉਸ ਨੂੰ ਭੁਗਤਾਨ ਕਰਨਾ ਪਏਗਾ।"

"ਅਸੀਂ ਉਨ੍ਹਾਂ ਨੂੰ ਦੱਸਿਆ ਕਿ ਉਹ ਮਰ ਚੁੱਕੀ ਹੈ।"

ਉਹ ਹੈਰਾਨ ਸਨ ਕਿ ਇਹ ਰਾਖਸ਼ ਕੌਣ ਹੋ ਸਕਦੇ ਹਨ।

'ਹਰੀ' (ਉਸ ਦਾ ਅਸਲੀ ਨਾਮ ਨਹੀਂ) ਇੱਕ ਕਾਲ ਸੈਂਟਰ ਵਿੱਚ ਉਨ੍ਹਾਂ ਐਪਸ ਲਈ ਵਸੂਲੀ ਦਾ ਕੰਮ ਕਰਦਾ ਸੀ ਜਿਨ੍ਹਾਂ ਤੋਂ ਮੌਨਿਕਾ ਨੇ ਉਧਾਰ ਲਿਆ ਸੀ।

ਤਨਖ਼ਾਹ ਚੰਗੀ ਸੀ, ਪਰ ਜਦੋਂ ਮੌਨਿਕਾ ਦੀ ਮੌਤ ਹੋਈ ਤਾਂ ਉਹ, ਉਸ ਤੋਂ ਪਹਿਲਾਂ ਹੀ ਇਸ ਗੱਲ ਨੂੰ ਲੈ ਕੇ ਅਸਹਿਜ ਮਹਿਸੂਸ ਕਰ ਰਿਹਾ ਸੀ ਕਿ ਉਹ ਕਿਸ ਕੰਮ ਦਾ ਹਿੱਸਾ ਬਣਿਆ ਹੋਇਆ ਹੈ।

ਹਾਲਾਂਕਿ, ਉਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਖ਼ੁਦ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਫੋਨ ਨਹੀਂ ਕੀਤੇ ਹਨ। ਉਹ ਕਹਿੰਦੇ ਹਨ ਕਿ ਉਹ ਉਸ ਟੀਮ ਵਿੱਚ ਸੀ ਜਿੱਥੇ ਸ਼ੁਰੂਆਤੀ ਪੱਧਰ ’ਤੇ ਨਿਮਰਤਾ ਨਾਲ ਫੋਨ ਕੀਤੇ ਜਾਂਦੇ ਸਨ।

ਉਨ੍ਹਾਂ ਦਾ ਕਹਿਣਾ ਹੈ ਕਿ ਮੈਨੇਜਰਾਂ ਨੇ ਕਰਮਚਾਰੀਆਂ ਨੂੰ ਲੋਕਾਂ ਨੂੰ ਗਾਲ੍ਹਾਂ ਕੱਢਣ ਅਤੇ ਧਮਕੀਆਂ ਦੇਣ ਦਾ ਨਿਰਦੇਸ਼ ਦਿੱਤਾ ਸੀ।

ਇੱਕ ਵਾਰ ਭੁਗਤਾਨ ਕੀਤੇ ਜਾਣ ਤੋਂ ਬਾਅਦ ਸਿਸਟਮ ਦਿਖਾਏਗਾ, "ਸਫ਼ਲ!" ਅਤੇ ਉਹ ਅਗਲੇ ਸ਼ਿਕਾਰ ਵੱਲ ਵਧਣਗੇ।

ਜਦੋਂ ਗਾਹਕ ਆਪਣੀ ਜਾਨ ਲੈਣ ਦੀਆਂ ਧਮਕੀਆਂ ਦੇਣ ਲੱਗੇ ਤਾਂ ਕਿਸੇ ਨੇ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਫਿਰ ਖੁਦਕੁਸ਼ੀਆਂ ਹੋਣ ਲੱਗੀਆਂ।

ਕਰਮਚਾਰੀਆਂ ਨੇ ਆਪਣੇ ਬੌਸ ਪਰਸ਼ੂਰਾਮ ਟਾਕਵੇ ਨੂੰ ਇਹ ਕਹਿਣ ਲਈ ਫੋਨ ਕੀਤਾ ਕਿ ਕੀ ਉਨ੍ਹਾਂ ਨੂੰ ਇਹ ਬੰਦ ਕਰ ਦੇਣਾ ਚਾਹੀਦਾ ਹੈ।

ਅਗਲੇ ਦਿਨ ਟਾਕਵੇ ਦਫ਼ਤਰ ਵਿੱਚ ਪਹੁੰਚਿਆ। ਉਹ ਗੁੱਸੇ ਵਿੱਚ ਸੀ।

ਹਰੀ ਕਹਿੰਦੇ ਹਨ, "ਉਸ ਨੇ ਕਿਹਾ, ‘ਜੋ ਤੁਹਾਨੂੰ ਕਿਹਾ ਗਿਆ ਹੈ ਉਹੀ ਕਰੋ ਅਤੇ ਵਸੂਲੀ ਕਰੋ' ਇਸ ਲਈ ਉਨ੍ਹਾਂ ਨੇ ਅਜਿਹਾ ਹੀ ਕੀਤਾ।

ਕੁਝ ਮਹੀਨਿਆਂ ਬਾਅਦ ਮੌਨਿਕਾ ਦੀ ਮੌਤ ਹੋ ਗਈ।

ਟਾਕਵੇ ਨਿਰਦਈ ਸੀ। ਪਰ ਉਹ ਇਹ ਆਪਰੇਸ਼ਨ ਇਕੱਲਿਆਂ ਨਹੀਂ ਚਲਾ ਰਿਹਾ ਸੀ। ਹਰੀ ਕਹਿੰਦੇ ਹਨ ਕਿ ਕਈ ਵਾਰ ਸਾਫਟਵੇਅਰ ਇੰਟਰਫੇਸ ਬਿਨਾਂ ਕੋਈ ਚਿਤਾਵਨੀ ਦਿੱਤੇ ਚੀਨੀ ਭਾਸ਼ਾ ਵਿੱਚ ਬਦਲ ਜਾਂਦਾ ਹੈ।

ਟਾਕਵੇ ਦਾ ਵਿਆਹ ਲਿਆਂਗ ਤਿਆਨ ਤਿਆਨ ਨਾਂ ਦੀ ਚੀਨੀ ਔਰਤ ਨਾਲ ਹੋਇਆ ਸੀ। ਦੋਵਾਂ ਨੇ ਮਿਲ ਕੇ ਕਰਜ਼ਾ ਵਸੂਲੀ ਦਾ ਕਾਰੋਬਾਰ, ਜਿਆਲਿਯਾਂਗ ਪੂਣਾ ਵਿੱਚ ਸਥਾਪਿਤ ਕੀਤਾ ਸੀ, ਜਿੱਥੇ ਹਰੀ ਕੰਮ ਕਰਦੇ ਸਨ।

ਲੀ ਜਿੰਗ

ਦਸੰਬਰ 2020 ਵਿੱਚ ਟਾਕਵੇ ਅਤੇ ਲਿਆਂਗ ਨੂੰ ਪਰੇਸ਼ਾਨ ਕਰਨ ਦੇ ਇੱਕ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਅਤੇ ਕੁਝ ਮਹੀਨਿਆਂ ਬਾਅਦ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ।

ਅਪ੍ਰੈਲ 2022 ਵਿੱਚ ਉਨ੍ਹਾਂ 'ਤੇ ਜਬਰੀ ਵਸੂਲੀ, ਧਮਕਾਉਣ ਅਤੇ ਖੁਦਕੁਸ਼ੀ ਲਈ ਉਕਸਾਉਣ ਦੇ ਇਲਜ਼ਾਮ ਲਾਏ ਗਏ ਸਨ। ਸਾਲ ਦੇ ਅੰਤ ਤੱਕ ਉਹ ਫਰਾਰ ਹੋ ਗਏ ਸਨ।

ਅਸੀਂ ਟਾਕਵੇ ਨੂੰ ਟਰੈਕ ਨਹੀਂ ਕਰ ਸਕੇ। ਪਰ ਜਦੋਂ ਅਸੀਂ ਉਨ੍ਹਾਂ ਐਪਸ ਦੀ ਜਾਂਚ ਕੀਤੀ ਜਿਨ੍ਹਾਂ ਲਈ ਜਿਆਲਿਯਾਂਗ ਕੰਮ ਕਰਦਾ ਸੀ ਤਾਂ ਇਹ ਸਾਨੂੰ ਲੀ ਜ਼ਿਆਂਗ ਨਾਮਕ ਇੱਕ ਚੀਨੀ ਬਿਜ਼ਨਸਮੈਨ ਦਾ ਨਾਂ ਮਿਲਿਆ।

ਉਸ ਦੀ ਕੋਈ ਔਨਲਾਈਨ ਮੌਜੂਦਗੀ ਨਹੀਂ ਹੈ, ਪਰ ਸਾਨੂੰ ਉਸ ਦੇ ਇੱਕ ਕਰਮਚਾਰੀ ਨਾਲ ਜੁੜਿਆ ਇੱਕ ਫੋਨ ਨੰਬਰ ਮਿਲਿਆ ਅਤੇ ਖ਼ੁਦ ਨੂੰ ਨਿਵੇਸ਼ਕ ਵਜੋਂ ਪੇਸ਼ ਕਰਦੇ ਹੋਏ ਲੀ ਨਾਲ ਇੱਕ ਮੀਟਿੰਗ ਕੀਤੀ।

ਕੈਮਰੇ ਦੇ ਸਾਹਮਣੇ ਅਸਹਿਜਤਾ ਨਾਲ ਆਪਣਾ ਚਿਹਰਾ ਛਿਪਾਉਂਦੇ ਹੋਏ ਉਨ੍ਹਾਂ ਨੇ ਭਾਰਤ ਵਿੱਚ ਆਪਣੇ ਕਾਰੋਬਾਰਾਂ ਬਾਰੇ ਸ਼ੇਖੀਆਂ ਮਾਰੀਆਂ।

ਉਨ੍ਹਾਂ ਨੇ ਕਿਹਾ, "ਅਸੀਂ ਅਜੇ ਵੀ ਕੰਮ ਕਰ ਰਹੇ ਹਾਂ, ਬਸ ਸਿਰਫ਼ ਭਾਰਤੀਆਂ ਨੂੰ ਇਹ ਨਹੀਂ ਦੱਸ ਰਹੇ ਕਿ ਅਸੀਂ ਇੱਕ ਚੀਨੀ ਕੰਪਨੀ ਹਾਂ।”

2021 ਵਿੱਚ ਲੋਨ ਐਪਸ ਦੁਆਰਾ ਪਰੇਸ਼ਾਨ ਕਰਨ ਦੀ ਜਾਂਚ ਕਰ ਰਹੀ ਭਾਰਤੀ ਪੁਲਿਸ ਨੇ ਲੀ ਦੀਆਂ ਦੋ ਕੰਪਨੀਆਂ ’ਤੇ ਛਾਪਾ ਮਾਰਿਆ ਸੀ। ਉਨ੍ਹਾਂ ਦੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ ਸਨ।

ਉਹ ਕਹਿੰਦੇ ਹਨ, "ਤੁਹਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਕਿਉਂਕਿ ਸਾਡਾ ਟੀਚਾ ਆਪਣੇ ਨਿਵੇਸ਼ ਨੂੰ ਜਲਦੀ ਮੁੜ ਪ੍ਰਾਪਤ ਕਰਨਾ ਹੈ,। ਅਸੀਂ ਨਿਸ਼ਚਤ ਤੌਰ 'ਤੇ ਸਥਾਨਕ ਟੈਕਸਾਂ ਦਾ ਭੁਗਤਾਨ ਨਹੀਂ ਕਰਦੇ ਅਤੇ ਅਸੀਂ ਜੋ ਵਿਆਜ ਦਰਾਂ ਪੇਸ਼ ਕਰਦੇ ਹਾਂ ਉਹ ਸਥਾਨਕ ਕਾਨੂੰਨਾਂ ਦੀ ਉਲੰਘਣਾ ਕਰਦੀਆਂ ਹਨ।"

ਲੀ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਦੀਆਂ ਭਾਰਤ, ਮੈਕਸੀਕੋ ਅਤੇ ਕੋਲੰਬੀਆ ਵਿੱਚ ਆਪਣੀਆਂ ਲੋਨ ਐਪਸ ਹਨ। ਉਨ੍ਹਾਂ ਨੇ ਏਸ਼ੀਆ, ਲਾਤੀਨੀ ਅਮਰੀਕਾ ਅਤੇ ਅਫ਼ਰੀਕਾ ਵਿੱਚ ਜੋਖ਼ਮ ਨਿਯੰਤਰਣ ਅਤੇ ਕਰਜ਼ਾ ਵਸੂਲੀ ਸੇਵਾਵਾਂ ਵਿੱਚ ਉਦਯੋਗ ਦੇ ਮੋਹਰੀ ਹੋਣ ਦਾ ਦਾਅਵਾ ਕੀਤਾ।

ਹੁਣ ਉਹ ਲਾਤੀਨੀ ਅਮਰੀਕਾ ਅਤੇ ਅਫਰੀਕਾ ਵਿੱਚ ਫੈਲ ਰਿਹਾ ਹੈ - ਪਾਕਿਸਤਾਨ, ਬੰਗਲਾਦੇਸ਼ ਅਤੇ ਭਾਰਤ ਵਿੱਚ 3,000 ਤੋਂ ਵੱਧ ਸਟਾਫ ਦੇ ਨਾਲ "ਪੋਸਟ-ਲੋਨ ਸੇਵਾਵਾਂ" ਪ੍ਰਦਾਨ ਕਰਨ ਲਈ ਤਿਆਰ ਹਨ। ਫਿਰ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਕਰਜ਼ੇ ਦੀ ਵਸੂਲੀ ਲਈ ਕੀ ਕਰਦੀ ਹੈ।

"ਜੇਕਰ ਤੁਸੀਂ ਭੁਗਤਾਨ ਨਹੀਂ ਕਰਦੇ, ਤਾਂ ਅਸੀਂ ਤੁਹਾਨੂੰ ਵੱਟਸਐਪ ’ਤੇ ਆਪਣੇ ਨਾਲ ਜੋੜ ਸਕਦੇ ਹਾਂ, ਅਤੇ ਤੀਜੇ ਦਿਨ, ਅਸੀਂ ਉਸੇ ਸਮੇਂ ਤੁਹਾਨੂੰ ਵੱਟਸਐਪ ’ਤੇ ਫੋਨ ਅਤੇ ਮੈਸੇਜ ਭੇਜਾਂਗੇ ਅਤੇ ਤੁਹਾਡੇ ਸੰਪਰਕ ਨੰਬਰਾਂ ’ਤੇ ਫੋਨ ਕਰਾਂਗੇ।"

"ਫਿਰ, ਚੌਥੇ ਦਿਨ, ਜੇਕਰ ਤੁਹਾਡੇ ਸੰਪਰਕ ਨੰਬਰਾਂ ਵਾਲੇ ਭੁਗਤਾਨ ਨਹੀਂ ਕਰਦੇ, ਫਿਰ ਸਾਡੇ ਕੋਲ ਖ਼ਾਸ ਵਿਸਤ੍ਰਿਤ ਪ੍ਰਕਿਰਿਆਵਾਂ ਹਨ।"

“ਅਸੀਂ ਉਸ ਦੇ ਕਾਲ ਰਿਕਾਰਡ ਤੱਕ ਪਹੁੰਚਦੇ ਹਾਂ ਅਤੇ ਉਸ ਦੀ ਬਹੁਤ ਸਾਰੀ ਜਾਣਕਾਰੀ ਹਾਸਲ ਕਰਦੇ ਹਾਂ। ਅਸਲ ਵਿੱਚ, ਅਜਿਹਾ ਲੱਗਦਾ ਹੈ ਜਿਵੇਂ ਉਹ ਸਾਡੇ ਸਾਹਮਣੇ ਨਿਰਵਸਤਰ ਹੈ।"

ਭੂਮੀ ਸਿਨਹਾ ਪਰੇਸ਼ਾਨੀ, ਧਮਕੀਆਂ, ਦੁਰਵਿਵਹਾਰ ਅਤੇ ਥਕਾਵਟ ਨੂੰ ਸੰਭਾਲ ਸਕਦੀ ਸੀ, ਪਰ ਉਸ ਅਸ਼ਲੀਲ ਫੋਟੋ ਨਾਲ ਜੁੜੇ ਹੋਣ ਦੀ ਸ਼ਰਮ ਨੂੰ ਨਹੀਂ।

ਉਹ ਕਹਿੰਦੀ ਹੈ, "ਉਸ ਮੈਸੇਜ ਨੇ ਅਸਲ ਵਿੱਚ ਮੈਨੂੰ ਪੂਰੀ ਦੁਨੀਆ ਦੇ ਸਾਹਮਣੇ ਨਿਰਵਸਤਰ ਕਰ ਦਿੱਤਾ।"

"ਮੈਂ ਇੱਕ ਸਕਿੰਟ ਵਿੱਚ ਆਪਣਾ ਸਵੈ-ਮਾਣ, ਆਪਣੀ ਨੈਤਿਕਤਾ, ਆਪਣੀ ਇੱਜ਼ਤ, ਸਭ ਕੁਝ ਗੁਆ ਦਿੱਤਾ।"

ਭੂਮਿਕਾ ਅਤੇ ਆਸਥਾ

ਇਸ ਨੂੰ ਵਕੀਲਾਂ, ਆਰਕੀਟੈਕਟਾਂ, ਸਰਕਾਰੀ ਅਧਿਕਾਰੀਆਂ, ਬਜ਼ੁਰਗ ਰਿਸ਼ਤੇਦਾਰਾਂ ਅਤੇ ਉਸ ਦੇ ਮਾਪਿਆਂ ਦੇ ਦੋਸਤਾਂ ਨਾਲ ਸਾਂਝਾ ਕੀਤਾ ਗਿਆ ਸੀ। ਅਜਿਹੇ ਲੋਕ ਜੋ ਕਦੇ ਵੀ ਉਸ ਨੂੰ ਦੁਬਾਰਾ ਉਸੇ ਨਜ਼ਰ ਨਾਲ ਨਹੀਂ ਦੇਖਣਗੇ।

ਉਹ ਕਹਿੰਦੀ ਹੈ, "ਇਸ ਨੇ ਮੇਰੇ ਮਨ ਨੂੰ ਕਲੰਕਿਤ ਕਰ ਦਿੱਤਾ ਹੈ, ਜਿਵੇਂ ਜੇ ਤੁਸੀਂ ਟੁੱਟੇ ਹੋਏ ਸ਼ੀਸ਼ੇ ਨੂੰ ਜੋੜ ਵੀ ਦਿੰਦੇ ਹੋ, ਤਾਂ ਵੀ ਉਸ ’ਤੇ ਤਰੇੜਾਂ ਬਣੀਆਂ ਰਹਿਣਗੀਆਂ।"

ਜਿਸ ਭਾਈਚਾਰੇ ਵਿੱਚ ਉਹ 40 ਸਾਲਾਂ ਤੋਂ ਰਹਿ ਰਹੀ ਹੈ, ਉਸ ਦੇ ਗੁਆਂਢੀਆਂ ਨੇ ਉਸ ਦਾ ਬਾਈਕਾਟ ਕਰ ਦਿੱਤਾ ਹੈ।

"ਅੱਜ ਤੱਕ, ਮੇਰਾ ਕੋਈ ਦੋਸਤ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਇਹ ਸਿਰਫ਼ ਮੈਂ ਹੀ ਹਾਂ।" ਉਹ ਉਦਾਸ ਜਿਹੀ ਮੁਸਕਰਾਹਟ ਨਾਲ ਕਹਿੰਦੇ ਹਨ।

ਉਨ੍ਹਾਂ ਦੇ ਪਰਿਵਾਰ ਦੇ ਕੁਝ ਲੋਕ ਅਜੇ ਵੀ ਉਨ੍ਹਾਂ ਨਾਲ ਗੱਲ ਨਹੀਂ ਕਰਦੇ। ਅਤੇ ਉਹ ਲਗਾਤਾਰ ਸੋਚਦੀ ਰਹਿੰਦੀ ਹੈ ਕਿ ਕੀ ਉਹ ਜਿਨ੍ਹਾਂ ਮਰਦਾਂ ਨਾਲ ਕੰਮ ਕਰਦੀ ਹੈ, ਉਹ ਉਸ ਦੀ ਨਿਰਵਸਤਰ ਤਸਵੀਰ ਬਣਾ ਰਹੇ ਹਨ।

ਜਿਸ ਸਵੇਰ ਉਸ ਦੀ ਧੀ ਆਸਥਾ ਨੇ ਉਸ ਨੂੰ ਦੇਖਿਆ ਕਿ ਉਹ ਸਭ ਤੋਂ ਮਾੜੀ ਹਾਲਤ ਵਿੱਚ ਸੀ। ਪਰ ਇਹ ਉਹ ਪਲ ਵੀ ਸੀ ਜਦੋਂ ਉਸ ਨੇ ਵਾਪਸ ਲੜਨ ਦਾ ਫ਼ੈਸਲਾ ਕੀਤਾ।

"ਮੈਂ ਇਸ ਤਰ੍ਹਾਂ ਮਰਨਾ ਨਹੀਂ ਚਾਹੁੰਦੀ।" ਉਸ ਨੇ ਫ਼ੈਸਲਾ ਕੀਤਾ।

ਉਸ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ, ਪਰ ਉਸ ਤੋਂ ਬਾਅਦ ਕੋਈ ਸੁਣਵਾਈ ਨਹੀਂ ਹੋਈ।

ਉਹ ਬਸ ਆਪਣਾ ਨੰਬਰ ਬਦਲ ਸਕਦੀ ਸੀ ਅਤੇ ਆਪਣਾ ਸਿਮ ਕਾਰਡ ਕੱਢ ਸਕਦੀ ਸੀ। ਪਰ ਜਦੋਂ ਆਸਥਾ ਨੂੰ ਫੋਨ ਆਉਣ ਲੱਗੇ ਤਾਂ ਉਸ ਦੀ ਧੀ ਨੇ ਵੀ ਆਪਣਾ ਨੰਬਰ ਬੰਦ ਕਰ ਦਿੱਤਾ।

ਉਸ ਨੇ ਦੋਸਤਾਂ, ਪਰਿਵਾਰ ਅਤੇ ਸਹਿਕਰਮੀਆਂ ਨੂੰ ਫੋਨਾਂ ਅਤੇ ਮੈਸੇਜਾਂ ਨੂੰ ਨਜ਼ਰਅੰਦਾਜ਼ ਕਰਨ ਲਈ ਕਿਹਾ ਅਤੇ ਆਖ਼ਰਕਾਰ, ਉਹ ਸਾਰੇ ਬੰਦ ਹੋ ਗਏ।

ਭੂਮੀ ਨੂੰ ਆਪਣੀਆਂ ਭੈਣਾਂ, ਆਪਣੇ ਬੌਸ ਅਤੇ ਲੋਨ ਐਪਸ ਦੁਆਰਾ ਦੁਰਵਿਵਹਾਰ ਕੀਤੇ ਗਏ ਹੋਰਾਂ ਲੋਕਾਂ ਦੇ ਔਨਲਾਈਨ ਭਾਈਚਾਰੇ ਦਾ ਸਮਰਥਨ ਮਿਲਿਆ। ਪਰ ਉਸ ਨੂੰ ਜ਼ਿਆਦਾ ਤਾਕਤ ਆਪਣੀ ਧੀ ਤੋਂ ਮਿਲੀ।

ਉਹ ਕਹਿੰਦੀ ਹੈ, "ਮੈਂ ਜ਼ਰੂਰ ਕੁਝ ਚੰਗਾ ਕੀਤਾ ਹੋਵੇਗਾ ਕਿ ਮੈਨੂੰ ਅਜਿਹੀ ਧੀ ਮਿਲੀ।"

"ਜੇ ਉਹ ਮੇਰੇ ਨਾਲ ਨਾ ਖੜ੍ਹੀ ਹੁੰਦੀ ਤਾਂ ਮੈਂ ਉਨ੍ਹਾਂ ਬਹੁਤ ਸਾਰੇ ਲੋਕਾਂ ਵਿੱਚੋਂ ਇੱਕ ਹੁੰਦੀ ਜਿਨ੍ਹਾਂ ਨੇ ਲੋਨ ਐਪਸ ਦੇ ਕਾਰਨ ਖੁਦਕੁਸ਼ੀਆਂ ਕਰ ਲਈਆਂ ਹਨ।"

ਅਸੀਂ ਇਸ ਰਿਪੋਰਟ ਵਿੱਚ ਆਸਾਨ ਲੋਨ, ਲਿਆਂਗ ਤਿਆਨ ਤਿਆਨ ਅਤੇ ਪਰਸ਼ੂਰਾਮ ਟਾਕਵੇ , ਜਿਹੜੇ ਲੁਕੇ ਹੋਏ ਹਨ, ’ਤੇ ਇਲਜ਼ਾਮ ਲਗਾਏ ਹਨ। ਨਾ ਕੰਪਨੀ ਅਤੇ ਨਾ ਹੀ ਜੋੜੇ ਨੇ ਕੋਈ ਪ੍ਰਤੀਕਕਰਮ ਦਿੱਤਾ ਹੈ।

ਟਿੱਪਣੀ ਲਈ ਪੁੱਛੇ ਜਾਣ 'ਤੇ ਲੀ ਜ਼ਿਆਂਗ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਅਤੇ ਉਨ੍ਹਾਂ ਦੀਆਂ ਕੰਪਨੀਆਂ ਸਾਰੇ ਸਥਾਨਕ ਕਾਨੂੰਨਾਂ ਅਤੇ ਨਿਯਮਾਂ ਦੀ ਪਾਲਣਾ ਕਰਦੀਆਂ ਹਨ।

ਉਨ੍ਹਾਂ ਨੇ ਕਦੇ ਵੀ ਇਸ ਤਰ੍ਹਾਂ ਲੋਕਾਂ ਦਾ ਸ਼ਿਕਾਰ ਕਰਨ ਵਾਲੇ ਲੋਨ ਐਪਸ ਨਹੀਂ ਚਲਾਏ, ਜਿਆਲਿਯਾਂਗ ਨਾਲ ਵੀ ਭਾਈਵਾਲੀ ਬੰਦ ਕਰ ਦਿੱਤੀ ਹੈ ਅਤੇ ਗਾਹਕਾਂ ਦੀ ਸੰਪਰਕ ਜਾਣਕਾਰੀ ਇਕੱਠੀ ਜਾਂ ਵਰਤੋਂ ਨਹੀਂ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਲੋਨ ਰਿਕਵਰੀ ਕਾਲ ਸੈਂਟਰ ਸਖ਼ਤ ਮਾਪਦੰਡਾਂ ਦੀ ਪਾਲਣਾ ਕਰਦੇ ਹਨ। ਉਨ੍ਹਾਂ ਨੇ ਆਮ ਭਾਰਤੀਆਂ ਦੇ ਦੁੱਖਾਂ ਤੋਂ ਲਾਭ ਕਮਾਉਣ ਤੋਂ ਇਨਕਾਰ ਕੀਤਾ।

ਮੈਜੇਸਟੀ ਲੀਗਲ ਸਰਵਿਸਿਜ਼ ਲੋਨ ਦੀ ਵਸੂਲੀ ਲਈ ਗਾਹਕਾਂ ਦੇ ਸੰਪਰਕ ਨੰਬਰਾਂ ਦੀ ਵਰਤੋਂ ਕਰਨ ਤੋਂ ਇਨਕਾਰ ਕਰਦੇ ਹਨ।

ਉਨ੍ਹਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੇ ਏਜੰਟਾਂ ਨੂੰ ਅਮਪਾਨਜਨਕ ਜਾਂ ਧਮਕੀ ਭਰੇ ਫੋਨ ਨਾ ਕਰਨ ਲਈ ਕਿਹਾ ਹੈ। ਕੰਪਨੀ ਦੀਆਂ ਨੀਤੀਆਂ ਦੀ ਕਿਸੇ ਵੀ ਉਲੰਘਣਾ ਦੇ ਨਤੀਜੇ ਵਜੋਂ ਉਨ੍ਹਾਂ ਦੀ ਬਰਖ਼ਾਸਤਗੀ ਹੋ ਸਕਦੀ ਹੈ।

ਰੌਨੀ ਸੇਨ, ਸ਼ਵੇਤਿਕਾ ਪਰਾਸ਼ਰ, ਸਈਦ ਹਸਨ, ਅੰਕੁਰ ਜੈਨ ਅਤੇ ਬੀਬੀਸੀ ਆਈ ਟੀਮ ਵੱਲੋਂ ਐਡੀਸ਼ਨਲ ਰਿਪੋਰਟਿੰਗ। ਉਨ੍ਹਾਂ ਗੁਪਤ ਪੱਤਰਕਾਰਾਂ ਦਾ ਵੀ ਧੰਨਵਾਦ ਜਿਨ੍ਹਾਂ ਦੀ ਸੁਰੱਖਿਆ ਲਈ ਉਨ੍ਹਾਂ ਦੇ ਨਾਮ ਨਹੀਂ ਲਏ ਜਾ ਸਕਦੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)