You’re viewing a text-only version of this website that uses less data. View the main version of the website including all images and videos.
ਰੋਹਿਤ ਸ਼ਰਮਾ: 275 ਰੁਪਏ ਸਕੂਲ ਫੀਸ ਮਾਫ਼ ਹੋਣ ਤੋਂ ਲੈ ਕੇ ਵਿਸ਼ਵ ਕੱਪ ਫਾਈਨਲ ਤੱਕ ਦਾ ਸਫ਼ਰ
- ਲੇਖਕ, ਨਿਤਿਨ ਸ਼੍ਰੀਵਾਸਤਵ
- ਰੋਲ, ਬੀਬੀਸੀ ਪੱਤਰਕਾਰ
ਐਤਵਾਰ ਨੂੰ ਵਿਸ਼ਵ ਕੱਪ 2023 ਦਾ ਆਖ਼ਰੀ ਮੁਕਾਬਲਾ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਹੋਵੇਗਾ।
ਭਾਰਤ ਨੂੰ ਫਾਈਨਲ ਤੱਕ ਪਹੁੰਚਾਉਣ ਵਿੱਚ ਵਿੱਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਮੋਹਰੀ ਭੂਮਿਕਾ ਨਿਭਾਈ ਹੈ।
ਆਪਣੇ ਕੈਰੀਅਰ ਦੀ ਬੁਲੰਦੀ 'ਤੇ ਪਹੁੰਚੇ ਰੋਹਿਤ ਸ਼ਰਮਾ ਦੀ ਜ਼ਿੰਦਗੀ ਵਿੱਚ ਇੱਕ ਦਿਨ ਅਜਿਹਾ ਵੀ ਆਇਆ ਸੀ ਜਦੋਂ ਇਹ ਕਹਿਣਾ ਵੀ ਮੁਸ਼ਕਲ ਸੀ ਕਿ ਉਹ ਕ੍ਰਿਕਟ ਜਾਰੀ ਰੱਖ ਸਕਣਗੇ ਜਾਂ ਨਹੀਂ।
ਇਸਦੀ ਵਜ੍ਹਾ ਸੀ ਪੈਸਿਆਂ ਦੀ ਤੰਗੀ ਹੋਣਾ।
ਗੱਲ 1999 ਦੀ ਹੈ ਜਿਸ ਸਾਲ ਭਾਰਤੀ ਕ੍ਰਿਕਟ ਟੀਮ ਇੰਗਲੈਂਡ ਵਿੱੱਚ ਮੁਹੰਮਦ ਅਜ਼੍ਹਰੂਦੀਨ ਦੀ ਕਪਤਾਨੀ ਵਿੱਚ ਵਿਸ਼ਵ ਕੱਪ ਖੇਡ ਰਹੀ ਸੀ।
ਦੂਜੇ ਪਾਸੇ ਮੁੰਬਈ ਦੇ ਇੱਕ ਇਲਾਕੇ ਬੋਰਿਵਲੀ ਵਿੱਚ 12 ਸਾਲ ਦੇ ਰੋਹਿਤ ਸ਼ਰਮਾ ਦੇ ਲਈ ਉਨ੍ਹਾਂ ਦੇ ਪਿਤਾ ਅਤੇ ਪਰਿਵਾਰਕ ਮੈਂਬਰਾਂ ਨੇ ਪੈਸੇ ਇਕੱਠੇ ਕਰਕੇ ਕ੍ਰਿਕਟ ਕੈਂਪ ਵਿੱਚ ਭੇਜਿਆ ਸੀ।
ਉਨ੍ਹਾਂ ਦੇ ਪਿਤਾ ਇੱਕ ਟ੍ਰਾਂਸਪੋਰਟ ਕੰਪਨੀ ਦੇ ਗੋਦਾਮ ਵਿੱਚ ਕੰਮ ਕਰਦੇ ਸਨ, ਉਨ੍ਹਾਂ ਦੇ ਪਿਤਾ ਦੀ ਆਮਦਨੀ ਬਹੁਤ ਘੱਟ ਸੀ।
ਰੋਹਿਤ ਉਨ੍ਹਾਂ ਦਿਨਾਂ ਵਿੱਚ ਆਪਣੇ ਦਾਦਾ ਅਤੇ ਚਾਚਾ ਦੇ ਘਰ ਵਿੱਚ ਰਹਿੰਦੇ ਸਨ, ਉਨ੍ਹਾਂ ਦੀ ਵੀ ਆਰਥਿਕ ਸਥਿਤੀ ਡਾਵਾਂਡੋਲ ਸੀ।
ਪਰ ਇੱਕ ਮੈਚ ਅਤੇ ਇੱਕ ਸਕੂਲ ਨੇ ਉਨ੍ਹਾਂ ਦੇ ਕ੍ਰਿਕਟ ਕੈਰੀਅਰ ਦੀ ਦਿਸ਼ਾ ਬਦਲ ਦਿੱਤੀ।
ਉਸੇ ਸਾਲ ਰੋਹਿਤ ਸ਼ਰਮਾ ਬੋਰਿਵਲੀ ਦੇ ਸਵਾਮੀ ਵਿਵੇਕਾਨੰਦ ਇੰਟਰਨੈਸ਼ਨਲ ਸਕੂਲ ਦੇ ਖ਼ਿਲਾਫ਼ ਇੱਕ ਮੈਚ ਖੇਡ ਰਹੇ ਸਨ ਜਦੋਂ ਉਸ ਸਕੂਲ ਦੇ ਕੋਚ ਸਮੇਸ਼ ਲਾਡ ਨੇ ਉਨ੍ਹਾਂ ਨੂੰ ਖੇਡਦਿਆਂ ਵੇਖਿਆ।
ਉਨ੍ਹਾਂ ਨੇ ਰੋਹਿਤ ਦੀ ਯੋਗਤਾ ਨੂੰ ਦੇਖਦਿਆਂ ਸਕੂਲ ਦੇ ਮਾਲਕ ਯੋਗੇਸ਼ ਪਟੇਲ ਨੂੰ ਰੋਹਿਤ ਨੂੰ ਵਜੀਫ਼ਾ ਦੇਣ ਦੀ ਸਿਫ਼ਾਰਿਸ਼ ਕੀਤੀ।
ਹੁਣ 54 ਸਾਲ ਦੇ ਹੋ ਚੁੱਕੇ ਯੋਗੇਸ਼ ਪਟੇਲ ਦੇ ਮੁਤਾਬਕ, “ਸਾਡੇ ਕੋਚ ਨੇ ਕਿਹਾ ਇਸ ਮੁੰਡੇ ਵਿੱਚ ਕ੍ਰਿਕਟ ਦਾ ਬੜਾ ਹੁਨਰ ਹੈ ਪਰ ਇਸਦਾ ਪਰਿਵਾਰ ਸਾਡੇ ਸਕੂਲ ਦੀ 275 ਰੁਪਏ ਮਹੀਨਾ ਫ਼ੀਸ ਨਹੀਂ ਭਰ ਸਕਦਾ ਇਸ ਲਈ ਇਸ ਨੂੰ ਵਜੀਫ਼ਾ ਦੇ ਦਿਓ।”
ਉਹ ਕਹਿੰਦੇ ਹਨ, “ਮੈਨੂੰ ਖੁਸ਼ੀ ਹੈ ਕਿ ਅਸੀਂ ਉਹ ਫ਼ੈਸਲਾ ਲਿਆ ਅਤੇ ਅੱਜ ਰੋਹਿਤ ਭਾਰਤੀ ਟੀਮ ਦੇ ਕਪਤਾਨ ਹਨ, ਸਾਡੇ ਕੋਚ ਦੀ ਰਾਏ ਸਹੀ ਸੀ।”
ਪੈਸਿਆਂ ਦੀ ਤੰਗੀ
ਇਸ ਫ਼ੈਸਲੇ ਦੇ ਸਾਲਾਂ ਬਾਅਦ ਖੁਦ ਰੋਹਿਤ ਸ਼ਰਮਾ ਨੇ ਈਐੱਸਪੀਐੱਨਕ੍ਰਿਕਇਨਫੋ.ਕੌਮ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ, “ਕੋਚ ਚਾਹੁੰਦੇ ਸਨ ਕਿ ਮੈਂ ਵਿਵੇਕਾਨੰਦ ਸਕੂਲ ਵਿੱਚ ਭਰਤੀ ਹੋਕੇ ਕ੍ਰਿਕਟ ਖੇਡਣਾ ਸ਼ੁਰੂ ਕਰ ਦਵਾਂ ਪਰ ਮੇਰੇ ਕੋਲ ਪੈਸੇ ਨਹੀਂ ਸਨ।”
“ਫ਼ਿਰ ਉਨ੍ਹਾਂ ਨੇ ਮੈਨੂੰ ਵਜੀਫ਼ਾ ਦਿਵਾ ਦਿੱਤਾ ਅਤੇ ਚਾਰ ਸਾਲ ਤੱਕ ਮੈਨੂੰ ਮੁਫ਼ਤ ਵਿੱਚ ਪੜ੍ਹਾਈ ਅਤੇ ਖੇਡਣ ਦਾ ਮੌਕਾ ਮਿਲ ਗਿਆ।”
ਇਸ ਨਵੇਂ ਸਕੂਲ ਵਿੱਚ ਭਰਤੀ ਹੋਣ ਦੇ ਕੁਝ ਹੀ ਮਹੀਨਿਆਂ ਦੇ ਅੰਦਰ ਰੋਹਿਤ ਸ਼ਰਮਾ ਨੇ 140 ਦੌੜਾਂ ਦੀ ਇੱਕ ਨਾਬਾਦ ਪਾਰੀ ਖੇਡੀ ਸੀ, ਜਿਸਦੀ ਮੁੰਬਈ ਦੇ ਸਕੂਲਾਂ, ਮੈਦਾਨਾਂ ਅਤੇ ਕ੍ਰਿਕਟ ਮਾਹਰਾਂ ਵਿੱਚ ਖ਼ਾਸ ਚਰਚਾ ਹੋਈ ਸੀ।
ਮੁੰਬਈ ਦੇ ਸ਼ਿਵਾਜੀ ਪਾਰਕ ਵਿੱਚ ਕਈ ਦਿੱਗਜ ਖਿਡਾਰੀਆਂ ਨੇ ਆਪਣੇ ਸ਼ੁਰੂਆਤੀ ਸਮੇਂ ਵਿੱਚ ਕ੍ਰਿਕਟ ਖੇਡਿਆ ਹੈ ਇਸ ਵਿੱਚ ਸਚਿਨ ਤੇਂਦੁਲਕਰ, ਵਿਨੋਦ ਕਾਂਬਲੀ ਤੋਂ ਲੈ ਕੇ ਪ੍ਰਵੀਣ ਆਮਰੇ ਵੀ ਸ਼ਾਮਲ ਹਨ।
ਇੱਥੇ ਅੱਜ ਵੀ ਵੱਡੀ ਗਿਣਤੀ ਵਿੱਚ ਖਿਡਾਰੀ ਅਭਿਆਸ ਕਰਨ ਆਉਂਦੇ ਹਨ।
ਅਸ਼ੋਲ ਸ਼ਿਵਲਕਰ ਉਸ ਦੌਰ ਵਿੱਚ ਇੱਥੇ ਬਤੌਰ ਖਿਡਾਰੀ ਖੇਡਿਆ ਕਰਦੇ ਸੀ ਅਤੇ ਅੱਜ ਇੱਥੇ ਖਿਡਾਰੀਆਂ ਨੂੰ ਅਭਿਆਸ ਕਰਵਾਉਂਦੇ ਹਨ।
ਉਨ੍ਹਾਂ ਦੱਸਿਆ, “ਮੈਨੂੰ ਯਾਦ ਹੈ ਰੋਹਿਤ ਸ਼ਰਮਾ ਪਹਿਲਾਂ ਆਪਣੇ ਸਕੂਲ ਦੇ ਵੱਲੋਂ ਆਫ਼ ਸਪਿੰਨ ਗੇਂਦਬਾਜ਼ੀ ਕਰਦੇ ਸਨ, ਫ਼ਿਰ ਉਨ੍ਹਾਂ ਦੇ ਕੋਚ ਨੇ ਉਨ੍ਹਾਂ ਦੀ ਬੱਲੇਬਾਜ਼ੀ ਦੇ ਹੁਨਰ ਨੂੰ ਪਛਾਣਿਆ।”
ਇਸ ਮਗਰੋਂ ਰੋਹਿਤ ਨੇ ਮੁੰਬਈ ਦੀ ਮਸ਼ਹੂਰ ਕਾਂਗਾ ਲੀਗ ਕ੍ਰਿਕਟ ਤੋਂ ਲੈ ਕੇ ਮੁੰਬਈ ਕ੍ਰਿਕਟ ਐਸੋਸੀਏਸ਼ਨ ਦੇ ਟੂਰਨਾਮੈਂਟ ਵਿੱਚ ਆਪਣੇ ਝੰਡੇ ਗੱਡਣੇ ਸ਼ੁਰੂ ਕਰ ਦਿੱਤੇ।
ਵਿਵੇਕਾਨੰਦ ਸਕੂਲ ਦੇ ਮਾਲਿਕ ਯੋਗੇਸ਼ ਪਟੇਲ ਅੱਜ ਆਪਣੇ ਉਸ ਫ਼ੈਸਲੇ ਉੱਤੇ ਖੁਸ਼ ਹੁੰਦੇ ਹੋਏ ਦੱਸਦੇ ਹਨ, “ਰੋਹਿਤ ਨੇ ਕੋਵਿਡ-19 ਦੇ ਦੌਰਾਨ ਮੈਨੂੰ ਫੋਨ ਕੀਤਾ, ਹਾਲਚਾਲ ਜਾਣਨ ਦੇ ਲਈ ਮੈਨੂੰ ਕਿਹਾ ਬੱਸ ਲੋਕਾਂ ਦੀ ਮਦਦ ਕਰਦੇ ਰਹੋ, ਉਸ ਨੂੰ ਦੇਖਕੇ ਬੇਹੱਦ ਖੁਸ਼ੀ ਹੁੰਦੀ ਹੈ।”
ਨਵੀਂ ਭੂਮਿਕਾ
ਆਸਟ੍ਰੇਲੀਆ ਦੇ ਖ਼ਿਲਾਫ਼ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਜਾਣ ਵਾਲੇ ਇਸ ਫਾਈਨਲ ਤੋਂ ਪਹਿਲਾਂ ਰੋਹਿਤ ਟੂਰਨਾਮੈਂਟ ਵਿੱਚ ਨਾ ਸਿਰਫ਼ ਆਪਣੀ ਚੰਗੀ ਕਪਤਾਨੀ ਬਲਕਿ ਆਪਣੀ ਧਾਕੜ ਬੱਲੇਬਾਜ਼ ਦੇ ਨਿਸ਼ਾਨ ਛੱਡ ਚੁੱਕੇ ਹਨ।
2019 ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾ ਬਣਾਉਣ ਵਾਲੇ ਰੋਹਿਤ ਨੇ ਇਸ ਟੂਰਨਾਮੈਂਟ ਵਿੱਚ ਨਵੀਂ ਨੀਤੀ ਅਪਣਾਈ ਹੈ।
ਉਨ੍ਹਾਂ ਨੇ ਬਗੈਰ ਦੌੜਾਂ ਦੀ ਪਰਵਾਹ ਕੀਤੇ ਹੀ ਪਹਿਲੇ ਪਾਵਰਪਲੇ ਵਿੱਚ ਹੀ ਗੇਂਦਬਾਜ਼ਾਂ ਉੱਤੇ ਹਮਲਾ ਕੀਤਾ ਹੈ।
ਇਸ ਨਾਲ ਨਾ ਸਿਰਫ਼ ਸ਼ੁਭਮਨ ਗਿੱਲ ਨੂੰ ਵਿਕਟ ਉੱਤੇ ਖੜ੍ਹੇ ਰਹਿਣ ਦਾ ਮੌਕਾ ਮਿਲਿਆ ਹੈ ਬਲਕਿ ਮੱਧ ਵਿੱਚ ਕੋਹਲੀ, ਅੱਈਅਰ ਅਤੇ ਰਾਹੁਲ ਨੂੰ ਵੀ ਖੇਡਣ ਦਾ ਪੂਰਾ ਮੌਕਾ ਮਿਲਿਆ ਹੈ।
ਇਸ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਆਸਟ੍ਰੇਲੀਆਂ ਦੇ ਖ਼ਿਲਾਫ਼ ਉਹ ਬਿਨਾ ਕੋਈ ਰਨ ਬਣਾਏ ਆਊਟ ਹੋਏ ਸਨ। ਪਰ ਅਗਲੇ ਮੈਚਾਂ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਬੇਮਿਸਾਲ ਰਿਹਾ।
131, 86, 48, 46, 87, 4, 40, 61 ੳਤੇ 47 ਦੌੜਾਂ ਵਾਲੀਆਂ ਪਾਰੀਆਂ ਵਿੱਚ ਉਨ੍ਹਾਂ ਦਾ ਸਟ੍ਰਾਈਕ ਰੇਟ 124.15 ਰਿਹਾ ਹੈ ਇਹ ਵਾਕਈ ਕਾਬਿਲ-ਏ-ਤਾਰੀਫ਼ ਹੈ।
ਇਸਨੇ ਨਾ ਸਿਰਫ਼ ਭਾਰਤ ਨੂੰ ਚੰਗੀ ਸ਼ੁਰੂਆਤ ਦਿੱਤੀ ਬਲਕਿ ਵੱਡੇ ਟੀਚੇ ਦਾ ਪਿੱਛਾ ਕਰਨਾ ਵਿੱਚ ਵੀ ਆਸਾਨੀ ਦਿੱਤੀ।
ਹੁਣ ਬੱਸ ਇਸ ਗੱਲ ਦੀ ਕਸਰ ਰਹਿ ਗਈ ਹੈ ਕਿ ਭਾਰਤ ਰੋਹਿਤ ਸ਼ਰਮਾ ਦੀ ਅਗਵਾਈ ਵਿਸ਼ਵ ਕੱਪ ਜਿੱਤੇ।
ਟੂਰਨਾਮੈਂਟ ਦਾ ਆਖ਼ਰੀ ਮੈਚ ਉਸੇ ਆਸਟ੍ਰੇਲੀਆ ਦੇ ਨਾਲ ਹੈ ਜਿਸਦੇ ਖ਼ਿਲਾਫ਼ ਉਹ ਪਹਿਲੇ ਮੈਚ ਵਿੱਚ ਖਾਤਾ ਨਹੀਂ ਖੋਲ੍ਹ ਸਕੇ ਸਨ।
ਹੁਣ ਫਾਈਨਲ ਵਿੱਚ ਵੱਡਾ ਸਕੋਰ ਬਣਾਕੇ ਪਹਿਲੇ ਮੈਚ ਦੀ ਗੱਲ ਭੁਲਾਉਣ ਦਾ ਇਸ ਨਾਲੋਂ ਚੰਗਾ ਤਰੀਕਾ ਹੋਰ ਕੀ ਹੋ ਸਕਦਾ ਹੈ।