ਵਿਸ਼ਵ ਕੱਪ 2023: ਸ਼ੁੱਭਮਨ ਗਿੱਲ ਨੂੰ ਟੀਮ ਇੰਡੀਆ ਦਾ ਅਗਲਾ ‘ਕਿੰਗ’ ਕਿਉਂ ਕਿਹਾ ਜਾ ਰਿਹਾ ਹੈ

    • ਲੇਖਕ, ਅਭੀਜੀਤ ਸ਼੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ

ਲੱਗਦਾ ਹੈ ਕਿ ਮੁਹੰਮਦ ਸਿਰਾਜ ਦਾ ਖ਼ੌਫ਼ ਸ਼੍ਰੀਲੰਕਾ ਦੀ ਟੀਮ ਦੇ ਜ਼ਿਹਨ ਵਿੱਚੋਂ ਜਾ ਨਹੀਂ ਰਿਹਾ।

ਏਸ਼ੀਆ ਕੱਪ ਦੇ ਫਾਈਨਲ ਵਿੱਚ ਸਿਰਾਜ ਨੇ ਜੋ ਕਹਿਰ ਮਚਾਇਆ ਉਸ ਨੂੰ ਲੰਘਿਆਂ ਹਾਲੇ ਡੇਢ ਮਹੀਨੇ ਦੇ ਕਰੀਬ ਹੀ ਹੋਇਆ ਸੀ ਕਿ ਇੱਕ ਵਾਰੀ ਫੇਰ ਵਿਸ਼ਵ ਕੱਪ ਦੇ ਲੀਗ ਮੈਚ ਵਿੱਚ ਮੁੰਬਈ ਦੀਆਂ ਵਿਕਟਾਂ ਉੱਤੇ ਸ਼੍ਰੀਲੰਕਾ ਦੇ ਬੱਲੇਬਾਜ਼ ਫਿਰ ਸਿਰਫ਼ 55 ਦੌੜਾਂ ਉੱਤੇ ਢੇਰ ਹੋ ਗਏ।

ਵਰਲਡ ਕੱਪ ਵਿੱਚ ਭਾਰਤ ਦੇ ਨਾਲ ਇਸ ਮੈਚ ਤੋਂ ਇੱਕ ਦਿਨ ਪਹਿਲਾਂ ਹੀ ਸ਼੍ਰੀਲੰਕਾ ਦੇ ਕੋਚ ਕ੍ਰਿਸ ਸਿਲਵਰਵੁੱਡ ਨੇ ਉਮੀਦ ਜ਼ਾਹਿਰ ਕੀਤੀ ਸੀ ਕਿ ਉਨ੍ਹਾਂ ਦੀ ਟੀਮ ਏਸ਼ੀਆ ਕੱਪ ਦੇ ਫਾਈਨਲ ਵਿੱਚ ਮਿਲੀ ਹਾਰ ਤੋਂ ਸਬਕ ਲੈ ਕੇ ਮੁਕਾਬਲਾ ਕਰਨ ਦੀ ਚਾਹ ਅਤੇ ਪੂਰੇ ਉਤਸ਼ਾਹ ਦੇ ਨਾਲ ਭਾਰਤੀ ਟੀਮ ਨੂੰ ਚੁਣੌਤੀ ਦੇਣ ਲਈ ਮੈਦਾਨ ਵਿੱਚ ਉੱਤਰੇਗੀ।

ਪਰ ਮੈਚ ਵਿੱਚ ਉਨ੍ਹਾਂ ਦੇ ਗੇਂਦਬਾਜ਼ ਦਿਲਸ਼ਾਨ ਮਦੁਸ਼ੰਕਾ ਨੂੰ ਛੱਡ ਕੇ ਕਿਸੇ ਨੇ ਵੀ ਕੁਝ ਖ਼ਾਸ ਨਹੀਂ ਕੀਤਾ ਅਤੇ ਨਤੀਜਾ ਉਹੋ ਜਿਹਾ ਹੀ ਰਿਹਾ ਜਿਹੋ ਜਿਹਾ ਏਸ਼ੀਆ ਕੱਪ ਦੇ ਆਖ਼ਰੀ ਮੁਕਾਬਲੇ ਵਿੱਚ ਆਇਆ ਸੀ।

ਹਾਲਾਂਕਿ ਕ੍ਰਿਸ ਸਿਲਵਰਵੁੱਡ ਨੂੰ ਭਾਰਤੀ ਗੇਂਦਬਾਜ਼ੀ ਦੀ ਤਾਕਤ ਦਾ ਬਾਖ਼ੂਬੀ ਪਤਾ ਹੈ। ਉਨ੍ਹਾਂ ਨੇ ਭਾਰਤੀ ਗੇਂਦਬਾਜ਼ਾਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕਰਦੇ ਹੋਏ ਕਿਹਾ ਸੀ, “ਇਮਾਨਦਾਰੀ ਦੇ ਨਾਲ ਆਖਾਂ ਤਾਂ ਦੁਨੀਆਂ ਦੀ ਕੋਈ ਵੀ ਟੀਮ ਆਪਣੇ ਕੋਲ ਅਜਿਹੀ ਹਮਲਾਵਰ ਗੇਂਦਬਾਜ਼ੀ ਚਾਹੇਗੀ।”

ਕੁਝ ਦਿਨ ਪਹਿਲਾਂ ਹੀ ਬੰਗਲਾਦੇਸ਼ ਦੇ ਕੋਚ ਚੰਦਿਕਾ ਹਥੁਰੂਸਿੰਘੇ ਨੇ ਵੀ ਕਿਹਾ ਸੀ, “ ਭਾਰਤੀ ਟੀਮ ਜਿਸ ਤਰੀਕੇ ਖੇਡ ਰਹੀ ਹੈ, ਉਹ ਡਰਾਉਣ ਵਾਲਾ ਹੈ।”

ਕ੍ਰਿਕਟ ਦੇ ਇਤਿਹਾਸ ਵਿੱਚ ਭਾਰਤੀ ਟੀਮ ਦੇ ਲਈ ਇਹ ਸ਼ਬਦ ਸ਼ਾਇਦ ਹੀ ਕਦੇ ਵਰਤੇ ਗਏ ਹੋਣ।

ਹਾਂ, 70-80 ਦੇ ਦਹਾਕਿਆਂ ਵਿੱਚ ਵੈਸਟ ਇੰਡੀਜ਼ ਟੀਮ ਤੇ ਵੱਖਰੇ-ਵੱਖਰੇ ਦੌਰ ਦੀਆਂ ਆਸਟ੍ਰੇਲੀਆਈ ਟੀਮਾਂ ਨੇ ਵੀ ਅਜਿਹਾ ਹੀ ਪ੍ਰਦਰਸ਼ਨ ਕੀਤਾ ਸੀ ਜਿਹੋ ਜਿਹਾ ਇਸ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਕਰ ਰਹੀ ਹੈ।

ਪਾਕਿਸਤਾਨ ਤੱਕ ਭਾਰਤ ਦੀ ਜਿੱਤ ਦੀ ਚਰਚਾ

ਭਾਰਤ ਦੇ ਇਸ ਪ੍ਰਦਰਸ਼ਨ ਬਾਰੇ ਪਾਕਿਸਤਾਨ ਦੇ ਦਿੱਗਜ ਗੇਂਦਬਾਜ਼ ਸ਼ੋਏਬ ਅਖ਼ਤਰ ਨੇ ਕਿਹਾ, “ਭਾਰਤੀ ਟੀਮ ਹੁਣ ਕਿਸੇ 'ਤੇ ਵੀ ਤਰਸ ਨਹੀਂ ਕਰਦੀ, ਹੁਣ ਤੁਸੀਂ ਆਪਣੇ ਤੇਜ਼ ਗੇਂਦਬਾਜ਼ਾਂ ਦੇ ਗੁਣ ਗਾਉਣੇ ਸ਼ੁਰੂ ਕਰੋ ਕਿਉਂਕਿ ਅੱਜ ਵਾਨਖੇੜੇ ਸਟੇਡੀਅਮ ਵਿੱਚ ਹਰ ਗੇਂਦ ਉੱਤੇ ਸ਼ੋਰ ਸੀ।”

“ਹਰ ਹਿੰਦੁਸਤਾਨੀ ਬਹੁਤ ਖੁਸ਼ ਸੀ ਅਤੇ ਮੈਂ ਸ਼ਮੀ ਦੇ ਲਈ ਬਹੁਤ ਖ਼ੁਸ਼ ਸੀ, ਕਿਉਂਕਿ ਉਹ ਲੈਅ ਵਿੱਚ ਆ ਗਏ ਹਨ। ਤਿੰਨ ਮੁਕਾਬਲਿਆਂ ਵਿੱਚ ਇੰਨੀਆਂ ਵਿਕਟਾਂ ਲਈਆਂ, 14 ਵਰਲਡ ਕੱਪ ਮੈਚਾਂ ਵਿੱਚ 45 ਵਿਕਟਾਂ ਲੈ ਚੁੱਕੇ ਹਨ, ਸਿਰਾਜ ਖੁੱਲ੍ਹ ਕੇ ਭੱਜ ਰਹੇ ਹਨ।”

ਬੁਮਰਾਹ ਉੱਤੇ ਸ਼ੋਏਬ ਬੋਲੇ, “ਬੁਮਰਾਹ ਘਾਤਕ ਹਨ, ਸ਼ਮੀ ਅਤੇ ਸਿਰਾਜ ਨੂੰ ਇਹ ਆਰਾਮਦਾਇਕ ਸਥਿਤੀ ਬੁਮਰਾਹ ਨੇ ਦਿੱਤੀ ਹੈ, ਬੁਮਰਾਹ ਨੇ ਆਪਣੀ ਗੇਂਦਬਾਜ਼ੀ ਦੀ ਬਦੌਲਤ ਇਨ੍ਹਾਂ ਦੋਵਾਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਦਿੱਤਾ ਹੈ, ਬੁਮਰਾਹ ਦਾ ਸਕਿਲ ਸੈੱਟ ਬਹੁਤ ਗਜ਼ਬ ਦਾ ਹੈ।”

ਉੱਥੇ ਹੀ ਵਸੀਮ ਅਕਰਮ ਨੇ ਕਿਹਾ, “ਸ਼ਮੀ ਦੀਆਂ 45 ਵਿਕਟਾਂ ਹੋ ਗਈਆਂ ਹਨ, ਉਹ ਇੰਨੇ ਸਫ਼ਲ ਹਨ ਕਿਉਂਕਿ ਉਨ੍ਹਾਂ ਦੀ ਸੀਮ ਪੁਜੀਸ਼ਨ ਬਹੁਤ ਚੰਗੀ ਹੁੰਦੀ ਹੈ, ਚੰਗੀ ਤੇਜ਼ੀ ਦੇ ਨਾਲ ਗੇਂਦ ਅੰਦਰ ਅਤੇ ਬਾਹਰ ਦੋਵੇਂ ਪਾਸੇ ਘੁਮਾਉਣ ਦੀ ਉਨ੍ਹਾਂ ਨੂੰ ਮੁਹਾਰਤ ਹਾਸਲ ਹੈ।ਇਨ੍ਹਾਂ ਦੀ ਸਵਿੰਗ ਬੁਮਰਾਹ ਦੇ ਵਾਂਗ ਨਹੀਂ ਹੁੰਦੀ, ਪਰ ਇਨ੍ਹਾਂ ਦੀ ਸੀਮ ਪੁਜੀਸ਼ਨ ਚੰਗੀ ਹੁੰਦੀ ਹੈ। ਇਨ੍ਹਾਂ ਦੀਆਂ ਗੇਂਦਾਂ ਉੱਤੇ ਬੱਲੇਬਾਜ਼ ਬੈਕਫੁੱਟ ਉੱਤੇ ਚਲੇ ਜਾਂਦੇ ਹਨ।”

ਆਸਟ੍ਰੇਲੀਆ ਦੇ ਸਾਬਕਾ ਆਲ ਰਾਊਂਡਰ ਸ਼ੇਨ ਵਾਟਸਨ ਨੇ ਇਸ ਮੈਚ ਤੋਂ ਠੀਕ ਪਹਿਲਾਂ ਕਿਹਾ ਸੀ ਕਿ ਇਸ ਭਾਰਤੀ ਟੀਮ ਨੂੰ ਦੇਖ ਕੇ ਉਨ੍ਹਾਂ ਨੂੰ 2003 ਅਤੇ 2007 ਦੀ ਵਰਲਡ ਕੱਪ ਜੇਤੂ ਆਸਟ੍ਰੇਲੀਆਈ ਟੀਮ ਦੀ ਯਾਦ ਆਉਂਦੀ ਹੈ।

ਹੋਏ ਵੀ ਕਿਉਂ ਨਾ ਟੀਮ ਇੰਡੀਆ ਨੇ ਇਸ ਟੂਰਨਾਮੈਂਟ ਵਿੱਚ ਲਗਾਤਾਰ ਮਿਲੀਆਂ ਸੱਤ ਜਿੱਤਾਂ ਵਿੱਚ ਇਹ ਦਿਖਾਇਆ ਹੈ ਕਿ ਉਨ੍ਹਾਂ ਦੇ ਕੋਲ ਦੁਨੀਆਂ ਦੇ ਸਭ ਤੋਂ ਬੇਹਤਰੀਨ ਫਿਨੀਸ਼ਰ ਵਿਰਾਟ ਅਤੇ ਰੋਹਿਤ, ਸ਼ੁਭਮਨ, ਰਾਹੁਲ ਜਿਹੇ ਦੌੜਾਂ ਦਾ ਢੇਰੀ ਲਾਉਣ ਵਾਲੇ ਦਮਦਾਰ ਬੱਲੇਬਾਜ਼ਾਂ ਦੇ ਨਾਲ ਸਟ੍ਰਾਈਕ ਗੇਂਦਬਾਜ਼ਾਂ ਦੀ ਇੱਕ ਲੰਬੀ ਸੂਚੀ ਮੌਜੂਦ ਹੈ।

ਸਭ ਤੋਂ ਮਜ਼ੇਦਾਰ ਤਾਂ ਇਹ ਹੈ ਕਿ ਆਪਣੇ ਬੱਲੇਬਾਜ਼ਾਂ ਦੇ ਲਈ ਜਾਣੀ ਜਾਂਦੀ ਭਾਰਤੀ ਟੀਮ ਦੇ ਸਾਰੇ ਬੱਲੇਬਾਜ਼ ਚੰਗੀ ਫਾਰਮ ਵਿੱਚ ਚੱਲ ਰਹੇ ਹਨ, ਤਾਂ ਸੱਟ ਤੋਂ ਵਾਪਸ ਆਏ ਜਸਪ੍ਰੀਤ ਬੁਮਰਾਹ ਆਪਣੀ ਸਭ ਤੋਂ ਚੰਗੀ ਫਾਰਮ ਵਿੱਚ ਚੱਲ ਰਹੇ ਹਨ।

ਉਹ ਆਪਣੀਆਂ ਗੇਂਦਾਂ ਨੂੰ ਦੋਵੇਂ ਪਾਸੇ ਸਵਿੰਗ ਕਰਵਾਉਣ ਦੇ ਉਹ ਉਸਤਾਦ ਹਨ ਤਾਂ ਇਸ ਵੇਲੇ ਪੂਰੇ ਕ੍ਰਿਕਟ ਸੰਸਾਰ ਵਿੱਚ ਉਨ੍ਹਾਂ ਦੇ ਵਾਂਗ ਲਗਾਤਾਰ ਯਾਰਕਰ ਪਾਉਣ ਦੀ ਮੁਹਾਰਤ ਕਿਸੇ ਹੋਰ ਵਿੱਚ ਨਹੀਂ ਹੈ।

ਇਹ ਆਲਮ ਹੈ ਕਿ ਉਨ੍ਹਾ ਦੀਆਂ ਗੇਂਦਾਂ ਉੱਤੇ ਵਿਰੋਧੀ ਟੀਮ ਚਾਰ ਤੋਂ ਵੀ ਘੱਟ ਔਸਤ ਦੀਆਂ ਦੌੜਾਂ ਹੀ ਬਣਾ ਪਾ ਰਹੀ ਹੈ ਅਤੇ ਫ਼ਿਲਹਾਲ ਭਾਰਤ ਦੇ ਵਲੋਂ ਇਸ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਵੀ ਹਨ।

ਮੁਹੰਮਦ ਸ਼ਮੀ ਨੇ ਰਚਿਆ ਇਤਿਹਾਸ

ਜੇਕਰ ਸ਼ਮੀ ਦੀ ਗੱਲ ਕਰੀਏ ਤਾਂ ਇਸ ਵਿਸ਼ਵ ਕੱਪ ਵਿੱਚ ਉਹ ਜਿਹੋ-ਜਿਹਾ ਪ੍ਰਦਰਸ਼ਨ ਕਰ ਰਹੇ ਹਨ ਅਜਿਹਾ ਸ਼ਾਇਦ ਹੀ ਕਿਸੇ ਭਾਰਤੀ ਗੇਂਦਬਾਜ਼ ਨੇ ਕੀਤਾ ਹੋਵੇਗਾ।

ਸਿਰਫ਼ ਤਿੰਨ ਮੈਚਾਂ ਵਿੱਚ ਉਹ 5, 4 ਅਤੇ 5 ਯਾਨਿ ਕੁਲ 14 ਵਿਕਟਾਂ ਲੈ ਚੁੱਕੇ ਹਨ ਅਤੇ ਵਿਸ਼ਵ ਕੱਪ ਵਿੱਚ ਖੇਡ ਰਹੀਆਂ ਸਾਰੀਆਂ ਟੀਮਾਂ ਦੇ ਵਿੱਚ ਇਨ੍ਹਾਂ ਦੋਵਾਂ ਗੇਂਦਬਾਜ਼ਾਂ ਦੀ ਜ਼ਬਰਦਸਤ ਚਰਚਾ ਹੈ।

ਇਹ ਉਹ ਹੀ ਗੇਂਦਬਾਜ਼ ਹਨ ਜੋ ਇਸ ਵਿਸ਼ਵ ਕੱਪ ਦੇ ਸ਼ੁਰੂਆਤੀ ਚਾਰ ਮੈਚਾਂ ਦੇ ਦੌਰਾਨ ਬਾਹਰ ਰਹਿੰਦੇ ਹੋਏ ਇੱਕ ਮੌਕੇ ਦੀ ਭਾਲ ਕਰ ਰਹੇ ਹਨ।

ਜੇਕਰ ਹਾਰਦਿਕ ਪਾਂਡਿਆ ਜ਼ਖ਼ਮੀ ਨਾ ਹੋਏ ਹੁੰਦਾ ਤਾਂ ਸ਼ਾਇਦ ਉਹ ਬੈਂਚ ਉੱਤੇ ਹੀ ਬੈਠੇ ਰਹਿੰਦੇ, ਪਰ ਜਿਵੇਂ ਹੀ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਉਹ ਪ੍ਰਦਰਸ਼ਨ ਕੀਤਾ ਕਿ ਹੁਣ ਟੀਮ ਤੋਂ ਉਨ੍ਹਾਂ ਨੂੰ ਬਾਹਰ ਨਹੀਂ ਕੀਤਾ ਜਾ ਸਕੇਗਾ।

ਪਹਿਲੇ ਹੀ ਮੈਚ ਵਿੱਚ ਨਿਊਜ਼ੀਲੈਂਡ ਜਿਹੀ ਮਜ਼ਬੂਤ ਟੀਮ ਦੇ ਖਿਲਾਫ਼ ਪੰਜ ਵਿਕਟਾਂ ਲਈਆਂ ਤਾਂ ਦੂਜੇ ਮੈਚ ਵਿੱਚ ਇੰਗਲੈਂਡ ਦੇ ਚਾਰ ਬੱਲੇਬਾਜ਼ਾਂ ਨੂੰ ਪਵੇਲੀਅਨ ਵਾਪਸ ਭੇਜਿਆ ਅਤੇ ਹੁਣ ਇੱਕ ਵਾਰੀ ਫ਼ਿਰ ਪੰਜ ਵਿਕਟਾਂ ਝਟਕਾਈਆਂ।

ਸ਼ਮੀ ਨੇ ਵਨ-ਡੇ ਮੈਚਾਂ ਵਿੱਚ ਲਗਾਤਾਰ ਚਾਰ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਵੀ ਬਣਾਇਆ।

ਆਲਮ ਇਹ ਹੈ ਕਿ ਜਿਸ ਗੇਂਦਬਾਜ਼ ਦੀ ਸਿਰਫ਼ 11 ਦਿਨ ਪਹਿਲਾਂ ਟੀਮ ਵਿੱਚ ਥਾਂ ਨਹੀਂ ਸੀ ਉਨ੍ਹਾਂ ਦੇ ਵਿਕਟਾਂ ਦੀ ਗਿਣਤੀ 14 ਹੋ ਚੁੱਕੀ ਹੈ ਅਤੇ ਉਹ ਇਸ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਿਆਂ ਦੀ ਸੂਚੀ ਵਿੱਚ ਚੌਥੇ ਨੰਬਰ ਉੱਤੇ ਆ ਗਏ ਹਨ।

ਜਸਪ੍ਰੀਤ ਬੁਮਰਾਹ 15 ਵਿਕਟਾਂ ਨਾਲ ਤੀਜੇ ਅਤੇ ਉੱਥੇ ਹੀ ਜ਼ੈਮਪਾ, ਜਾਨਸੇਨ ਅਤੇ ਅਫ਼ਰੀਦੀ ਦੀਆਂ 16 ਵਿਕਟਾਂ ਹਨ। ਉੱਥੇ ਹੀ ਇਸ ਸੂਚੀ ਵਿੱਚ ਸਭ ਤੋਂ ਅੱਗੇ ਸ਼੍ਰੀਲੰਕਾ ਦੇ ਗੇਂਦਬਾਜ਼ ਦਿਲਸ਼ਾਨ ਮਧੁਸ਼ਾਂਕੇ ਹਨ, ਉਨ੍ਹਾਂ ਨੇ 17 ਵਿਕਟਾਂ ਲਈਆਂ ਹਨ।

ਜਸਪ੍ਰੀਤ ਬੁਮਰਾਹ, ਜਵਾਗਲ ਸ਼੍ਰੀਨਾਥ ਅਤੇ ਜ਼ਹੀਰ ਖਾਨ ਦੇ 44 ਵਿਕਟਾਂ ਵਾਲੇ ਰਿਕਾਰਤ ਨੂੰ ਤੋੜਦੇ ਹੋਏ ਵਰਲਡ ਕੱਪ ਵਿੱਚ ਸਭ ਤੋਂ ਸਫ਼ਲ ਭਾਰਤੀ ਗੇਂਦਬਾਜ਼ ਵੀ ਬਣ ਗਏ ਹਨ। ਸ਼ਮੀ ਨੇ ਹੁਣ ਤੱਕ 14 ਵਿਸ਼ਵ ਕੱਪ ਮੈਚਾਂ ਵਿੱਚ 45 ਵਿਕਟਾਂ ਝਟਕਾਈਆਂ ਹਨ।

ਮੈਚ ਤੋਂ ਬਾਅਦ ਸ਼ਮੀ ਨੇ ਕਿਹਾ, “ਅਸੀਂ ਜੋ ਸਖ਼ਤ ਮਿਹਨਤ ਕਰ ਰਹੇ ਹਾਂ ਅਤੇ ਜਿਸ ਲੈਅ ਵਿੱਚ ਵਿੱਚ ਚੱਲ ਰਹੇ ਹਾਂ ਇਸ ਕਰਕੇ ਤੁਹਾਨੂੰ ਤੂਫ਼ਾਨ ਦੇਖਣ ਨੂੰ ਮਿਲ ਰਿਹਾ ਹੈ, ਜਿਸ ਲੈਅ ਵਿੱਚ ਅਸੀਂ ਸਾਰੇ ਗੇਂਦਬਾਜ਼ੀ ਕਰ ਰਹੇ ਹਾਂ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਹੀ ਕੋਈ ਇਸ ਦਾ ਮਜ਼ਾ ਨਾ ਲਵੇ ਅਸੀਂ ਇੱਕ ਦੂਜੇ ਦੇ ਨਾਲ ਯੂਨਿਟ ਬਣਾ ਕੇ ਗੇਂਦਬਾਜ਼ੀ ਕਰ ਰਹੇ ਹਾਂ, ਤੁਹਾਨੂੰ ਉਸਦਾ ਨਤੀਜਾ ਦੇਖਣ ਨੂੰ ਮਿਲ ਰਿਹਾ ਹੈ।”

ਆਪਣੀ ਗੇਂਦਬਾਜ਼ੀ ਉੱਤੇ ਸ਼ਮੀ ਨੇ ਕਿਹਾ, “ਮੈਂ ਆਪਣਾ ਬੈਸਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਕੋਸ਼ਿਸ਼ ਰਹਿੰਦੀ ਹੈ ਕਿ ਚੰਗੀ ਲੈਅ ਵਿੱਚ ਰਹਾਂ, ਵੱਡੇ ਟੂਰਨਾਮੈਂਟ ਵਿੱਚ ਅਗਰ ਲੈਅ ਗੁਆਚ ਜਾਵੇ ਤਾਂ ਵਾਪਸ ਹਾਸਲ ਕਰਨੀ ਮੁਸ਼ਕਲ ਹੁੰਦੀ ਹੈ।”

ਕਪਤਾਨ ਰਹਿਤ ਕੀ ਬੋਲੇ?

‘ਪਲੇਅਰ ਆੱਫ ਦ ਮੈਚ’ ਭਾਵੇਂ ਮੁਹੰਮਦ ਸ਼ਮੀ ਬਣੇ ਹੋਣ ਪਰ ਮੈਚ ਤੋਂ ਬਾਅਦ ਕਪਤਾਨ ਦੀ ਸਭ ਤੋਂ ਵੱਧ ਤਾਰੀਫ਼ ਮੁਹੰਦ ਸਿਰਾਜ ਨੂੰ ਮਿਲੀ।

ਰੋਹਿਤ ਦੇ ਕੋਲ ਆਪਣੇ ਗੇਂਦਬਾਜ਼ਾਂ ਦੇ ਇਸ ਲਾਜਵਾਬ ਪ੍ਰਦਰਸ਼ਨ ਦੇ ਲਈ ਸ਼ਬਦ ਹੀ ਨਹੀਂ ਸਨ, ਉਹ ਬੋਲੇ, “ਗੇਂਦਬਾਜ਼ਾਂ ਦੀ ਤਾਂ ਕੀ ਹੀ ਗੱਲ ਕੀਤੀ ਜਾਵੇ”

ਫਿਰ ਉਨ੍ਹਾਂ ਨੇ ਕਿਹਾ, “ਸਿਰਾਜ ਇੱਕ ਬੇਹਤਰੀਨ ਗੇਂਦਬਾਜ਼ ਹਨ ਅਤੇ ਜਦੋਂ ਉਹ ਆਪਣਾ ਕੰਮ ਕਰਦੇ ਹਨ ਤਾਂ ਸਾਡੇ ਲਈ ਕਾਫੀ ਆਸਾਨੀ ਹੁੰਦੀ ਹੈ।”

ਸਿਰਾਜ ਬਨਾਮ ਸ਼੍ਰੀਲੰਕਾ

ਜਦੋਂ ਗੱਲ ਸਿਰਾਜ ਦੀ ਆਉਂਦੀ ਹੈ ਤਾਂ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸ਼੍ਰੀਲੰਕਾ ਉਨ੍ਹਾਂ ਦੀ ਮਨਪਸੰਦ ਟੀਮ ਬਣਦੀ ਜਾ ਰਹੀ ਹੈ।

ਸਿਰਫ਼ ਡੇਢ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਫੁਲਰ ਲੈਂਥ ਅਤੇ ਐਂਗਲਡ ਗੇਂਦਾਂ ਦਾ ਬੇਹਤਰੀਨ ਹੁਨਰ ਦਿਖਾਉਂਦੇ ਹੋਏ ਏਸ਼ੀਆ ਕੱਪ ਦੇ ਫਾਈਨਲ ਵਿੱਚ ਛੇ ਵਿਕਟਾਂ ਲੈ ਕੇ ਸ਼੍ਰੀਲੰਕਾ ਨੂੰ ਗੋਡੇ ਟੇਕਣ ‘ਤੇ ਮਜਬੂਰ ਕਰ ਦਿੱਤਾ ਸੀ।

ਪ੍ਰਦਰਸ਼ਨ ਦੇ ਲਿਹਾਜ਼ ਨਾਲ ਸ੍ਰੀਲੰਕਾ ਉਨ੍ਹਾਂ ਦੀ ਮਨਪਸੰਦ ਟੀਮ ਰਹੀ ਹੈ, ਉਨ੍ਹਾਂ ਦੀਆਂ ਕੁਲ ਵਿਕਟਾਂ ਵਿੱਚੋਂ 19 ਯਾਨਿ ਕਰੀਬ 30 ਫ਼ੀਸਦ ਸ਼੍ਰੀਲੰਕਾਈ ਬੱਲੇਬਾਜ਼ ਹੀ ਰਹੇ ਹਨ।

ਜਦੋਂ ਉਹ ਆਪਣੇ ਰੰਗ ਵਿੱਚ ਹੁੰਦੇ ਹਨ ਤਾਂ ਟਾਪ ਆਰਡਰ ਦੇ ਬੱਲੇਬਾਜ਼ਾਂ ਦੇ ਲਈ ਬੇਹੱਦ ਘਾਤਕ ਸਾਬਿਤ ਹੁੰਦੇ ਹਨ।ਇਸ ਮੈਚ ਵਿੱਚ ਵੀ ਸਿਰਾਜ ਨੇ ਸਿਰਫ਼ ਸੱਤ ਗੇਂਦਾਂ ਦੇ ਦੌਰਾਨ ਬਗੈਰ ਕੋਈ ਰਨ ਦਿੱਤੇ ਤਿੰਨ ਟਾਪ ਆਰਡਰ ਦੇ ਬੱਲੇਬਾਜ਼ਾਂ ਨੂੰ ਆਊਟ ਕੀਤਾ ।

ਇਹੀ ਉਨ੍ਹਾਂ ਦਾ ਰਿਕਾਰਡ ਵੀ ਦੱਸਦਾ ਹੈ, ਸਿਰਾਜ ਨੇ ਹੁਣ ਤੱਕ 37 ਵਨ-ਡੇ ਵਿੱਚ 63 ਵਿਕਟਾਂ ਲਈਆਂ ਹਨ, ਇਨ੍ਹਾਂ ਵਿੱਚ ਉਨ੍ਹਾਂ ਓਪਨਰਸ ਅਤੇ ਵਨ ਡਾਊਨ ਦੇ ਬੱਲੇਬਾਜ਼ਾਂ ਨੂੰ 36 ਵਾਰੀ (57 ਫ਼ੀਸਦ) ਆਊਟ ਕੀਤਾ ਹੈ।

‘ਸ਼ੁਭਮਨ ਗਿੱਲ ਭਾਰਤੀ ਕ੍ਰਿਕਟ ਟੀਮ ਦਾ ਭਵਿੱਖ’

ਸ਼੍ਰੀਲੰਕਾ ਖਿਲਾਫ ਮੈਚ ਵਿੱਚ ਸ਼ੁਭਮਨ ਗਿੱਲ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ 92 ਦੀ ਧਮਾਕੇਦਾਰ ਪਾਰੀ ਖੇਡੀ ਹੈ।

ਸਟਾਰ ਸਪੋਰਟਸ ਉੱਤੇ ਬੋਲਦਿਆਂ ਸਾਬਕਾ ਭਾਰਤੀ ਕ੍ਰਿਕੇਟ ਖਿਡਾਰੀ ਰਵੀ ਸ਼ਾਸਤਰੀ ਨੇ ਕਿਹਾ, “ਗਿੱਲ ਭਾਰਤੀ ਕ੍ਰਿਕੇਟ ਟੀਮ ਦਾ ਭਵਿੱਖ ਹਨ, ਜਦੋਂ ਸਚਿਨ ਤੇਂਦੁਲਕਰ 2011 ਦੇ ਉਸ ਵਿਸ਼ਵ ਕੱਪ ਮੈਚ ਤੋਂ ਜਾ ਰਹੇ ਸਨ, ਵਿਰਾਟ ਕੋਹਲੀ ਅਤੇ ਉਨ੍ਹਾਂ ਦੇ ਵਿਚਕਾਰ ਕੁਝ ਗੱਲਾਂ ਹੋਈਆਂ ਸਨ।

"ਉਨ੍ਹਾਂ ਨੇ ਵਿਰਾਟ ਕੋਹਲੀ ਨੂੰ ਪਿੱਚ ਬਾਰੇ ਦੱਸਿਆ ਸੀ, ਅਤੇ ਅੱਜ ਅਸੀਂ ਕੋਹਲੀ ਅਤੇ ਗਿੱਲ ਨੂੰ ਇਕੱਠੇ ਬੱਲੇਬਾਜ਼ੀ ਕਰਦੇ ਵੇਖ ਰਹੇ ਹਾਂ, ਇਹ ਹੈ ‘ਜੈਨ ਨੈਕਸਟ’।"

“ਜਦੋਂ ਦਿੱਗਜ ਖਿਡਾਰੀਆਂ ਦਾ ਸਮਾਂ ਪੂਰਾ ਹੋ ਜਾਵੇਗਾ ਤਾਂ ਉਸ ਪਿੱਛੋਂ ਸ਼ੁਭਮਨ ਗਿੱਲ ਮੈਦਾਨ ਦਾ ਰਾਜਾ ਹੈ।”

ਡੈਕਨ ਹੈਰਾਲਡ ਖ਼ਬਰ ਮੁਤਾਬਕ, ਇੰਗਲੈਂਡ ਦੀ ਟੀਮ ਦੇ ਸਾਬਕਾ ਕਪਤਾਨ, ਨਾਸਿਰ ਹੁਸੈਨ ਵੀ ਇਸ ਨਾਲ ਸਹਿਮਤ ਹਨ, ਉਨ੍ਹਾਂ ਕਿਹਾ ਕਿ ਸ਼ੁਭਮਨ ਗਿੱਲ ਨੇ ਉਦੋਂ ਦੌੜਾਂ ਬਣਾਈਆਂ ਜਦੋਂ ਵਾਨਖੇੜੇ ਵਿੱਚ ਸਥਿਤੀ ਖ਼ਰਾਬ ਸੀ।

ਉਨ੍ਹਾਂ ਕਿਹਾ, “ਸ਼ੁਭਮਨ ਗਿੱਲ ਖੇਡ ਉੱਤੇ ਲੰਬੇ ਸਮੇਂ ਤੱਕ ਛਾਏ ਰਹਿਣ ਵਾਲੇ ਹਨ, ਰੋਹਿਤ ਵਾਂਗ ਉਹ ਬੱਲੇਬਾਜ਼ੀ ਨੂੰ ਬਹੁਤ ਆਸਾਨ ਦਿਖਾਊਂਦੇ ਹਨ, ਉਹ ਕਈ ਸਾਲਾਂ ਤੱਕ ਸੁਪਰਸਟਾਰ ਰਹਿਣ ਵਾਲੇ ਹਨ।”

ਸ਼੍ਰੇਅਸ ਅਈਅਰ ਨੇ ਵੀ ਰੰਗ ਜਮਾਇਆ

ਮੈਚ ਵਿੱਚ ਭਾਰਤੀ ਟੀਮ ਨੇ 357 ਦੌੜਾਂ ਬਣਾਈਆਂ ਤਾਂ ਵਿਰਾਟ ਕੋਹਲੀ ਅਤੇ ਸ਼ੁਭਮਨ ਗਿੱਲ ਦੇ ਨਾਲ-ਨਾਲ ਸ਼੍ਰੇਅਸ ਅਈਅਰ ਦਾ ਵੀ ਬੱਲਾ ਚੱਲਿਆ।

ਆਪਣੇ ਹੋਮਗ੍ਰਾਊਂਡ ਉੱਤੇ ਖੇਡ ਰਹੇ ਸ਼੍ਰੇਅਸ ਨੇ 56 ਗੇਂਦਾ ਉੱਤੇ ਛੇ ਛੱਕੇ ਅਤੇ ਤਿੰਨ ਚੌਕਿਆਂ ਦੇ ਮਦਦ ਨਾਲ 82 ਦੌੜਾਂ ਦੀ ਪਾਰੀ ਖੇਡੀ।

ਉਨ੍ਹਾਂ ਦੀ ਬੱਲੇਬਾਜ਼ੀ ਨੂੰ ਦੇਖ ਕੇ ਇੱਕ ਪਲ ਦੇ ਲਈ ਵੀ ਨਹੀਂ ਲੱਗਾ ਕਿ ਪਿਛਲੇ ਛੇ ਮੈਚਾਂ ਵਿੱਚ ਉਨ੍ਹਾਂ ਦੇ ਬੱਲੇ ਤੋਂ ਸਿਰਫ਼ 134 ਦੌੜਾਂ ਹੀ ਨਿਕਲੀਆਂ ਹਨ।

ਕਪਤਾਨ ਰੋਹਿਤ ਸ਼ਰਮਾ ਨੇ ਵੀ ਮੈਚ ਤੋਂ ਬਾਅਦ ਉਨ੍ਹਾਂ ਦੀ ਤਾਰੀਫ਼ ਕੀਤੀ ਅਤੇ ਕਿਹਾ, “ਸ਼੍ਰੇਅਸ ਦਿਮਾਗੀ ਤੌਰ ਉੱਤੇ ਕਾਫ਼ੀ ਮਜ਼ਬੂਤ ਹਨ ਅਤੇ ਅੱਜ ਉਸ ਨੇ ਦਿਖਾਇਆ ਕਿ ਉਹ ਵਿਰੋਧੀ ਟੀਮ ਦੇ ਨਾਲ ਕੀ ਕਰ ਸਕਦਾ ਹੈ।”

ਸੈਮੀਫਾਈਨਲ ਵਿੱਚ ਪਹੁੰਚਣ ਉੱਤੇ ਰੋਹਿਤ ਨੇ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ, “ਇਹ ਪਹਿਲਾ ਟੀਚਾ ਹੈ।”

ਭਾਰਤੀ ਟੀਮ ਸਾਰੇ ਸੱਤ ਮੈਚ ਜਿੱਤ ਕੇ ਪੁਆਇੰਟ ਟੇਬਲ ਵਿੱਚ ਸਿਖਰ ਉੱਤੇ ਪਹੁੰਚ ਗਈ ਹੈ ਅਤੇ ਅਗਲਾ ਮੁਕਾਬਲਾ ਦੱਖਣੀ ਅਫਰੀਕਾ ਦੇ ਨਾਲ ਹੈ, ਜੋ ਇੱਕ ਤਰ੍ਹਾਂ ਦੇ ਇਸ ਟੂਰਨਾਮੈਂਟ ਦੀ ਇੱਕ ਨੰਬਰ ਟੀਮ ਬਣਨ ਦਾ ਮੁਕਾਬਲਾ ਵੀ ਹੈ।

ਇੱਕ ਟੀਵੀ ਪ੍ਰੋਗਰਾਮ ਦੇ ਦੌਰਾਨ ਸ਼ੋਏਬ ਅਖ਼ਤਰ ਕਹਿੰਦੇ ਹਨ, “ਟੀਮ ਇੰਡੀਆ ਪਹਿਲਾਂ ਬੱਲੇਬਾਜ਼ੀ ਕਰੇ ਜਾਂ ਗੇਂਦਬਾਜ਼ੀ ਕੋਈ ਫਰਕ ਨਹੀਂ ਪੈਣ ਵਾਲਾ, ਹੁਣ ਕੁਦਰਤ ਦਾ ਨਿਜ਼ਾਮ ਹੀ ਉਸਨੂੰ ਹਰਾ ਸਕਦਾ ਹੈ, ਹੋਰ ਕੋਈ ਨਹੀਂ।”

“ਹੁਣ ਬੱਸ ਇੱਕ ਟੀਮ ਰਹਿ ਗਈ ਹੈ ਦੱਖਣੀ ਅਫਰੀਕਾ ਦੀ ਤੁਸੀਂ ਜੇਕਰ ਅਫਰੀਕਾ ਨੂੰ ਵੀ ਹਰਾ ਦਿੰਦੇ ਹੋ ਤਾਂ ਵਿਸ਼ਵ ਕੱਪ ਉਸੇ ਦਿਨ ਖ਼ਤਮ ਹੋ ਜਾਣਾ ਚਾਹੀਦਾ ਹੈ, ਇੰਡੀਆ ਨੂੰ ਦੇਖਕੇ ਨਹੀਂ ਲੱਗ ਰਿਹਾ ਕਿ ਵਿਸ਼ਵ ਕੱਪ ਚੱਲ ਰਿਹਾ ਹੈ, ਉਹ ਇਕੱਲੀ ਟੀਮ ਹੈ ਜਿਹੜੀ ਖੇਡ ਰਹੀ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)