'ਕੁੜੀਆਂ ਨੂੰ ਸਿਲਾਈ-ਕਢਾਈ ਹੀ ਸਿਖਾਓ', ਭਾਰੀ ਮਸ਼ੀਨਾਂ ਚਲਾਉਂਦੀਆਂ ਇਹ ਪੰਜਾਬਣਾਂ ਮਿਹਣਿਆਂ ਦਾ ਇੰਝ ਜਵਾਬ ਦੇ ਰਹੀਆਂ

- ਲੇਖਕ, ਕੁਲਵੀਰ ਸਿੰਘ
- ਰੋਲ, ਬੀਬੀਸੀ ਸਹਿਯੋਗੀ
“ਮੇਰੇ ਪਰਿਵਾਰ ਵਿੱਚ ਇਹ ਧਾਰਨਾ ਸੀ ਕਿ ਮੈਂ ਕੋਈ ਬਿਊਟੀ ਪਾਰਲਰ ਜਾਂ ਸਿਲਾਈ ਕਢਾਈ ਦਾ ਕੰਮ ਸਿੱਖਾਂ ਨਾ ਕਿ ਫੈਕਟਰੀ ਵਿੱਚ ਆਧੁਨਿਕ ਮਸ਼ੀਨਾਂ ਚਲਾਉਣ ਦਾ।”
ਜਦੋਂ ਮੈਂ ਇੱਥੇ ਆਈ ਤਾਂ ਗੁਆਂਢੀਆਂ ਨੇ ਮੇਰੇ ਘਰਦਿਆਂ ਨੂੰ ਇਹ ਕਹਿੰਦਿਆਂ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਆਪਣੀ ਧੀ ਨੂੰ ਕਿਹੜੇ ਕੰਮ ਵਿੱਚ ਪਾ ਦਿੱਤਾ ਹੈ।
ਇਹ ਬੋਲ ਪੰਜਾਬ ਦੇ ਰਾਮਪੁਰਾ ਫੂਲ ਕਸਬੇ ਦੇ ਇੱਕ ਸਧਾਰਣ ਪਰਿਵਾਰ ਨਾਲ ਸਬੰਧ ਰੱਖਦੀ ਪਲਵਿੰਦਰ ਕੌਰ ਦੇ ਹਨ।

ਪਲਵਿੰਦਰ ਕੌਰ ਸੰਗਰੂਰ ਵਿਚਲੀ ਇੱਕ ਕੰਪਨੀ ਵਿੱਚ ਅਤਿ ਆਧੁਨਿਕ ਮਸ਼ੀਨਾਂ ਚਲਾਉਣ ਦਾ ਕੰਮ ਕਰ ਰਹੇ ਹਨ।
ਧੂਰੀ ਦੇ ਨੇੜੇ ਪੈਂਦੀ ਇਸ ਫੈਕਟਰੀ ਵਿੱਚ ਪਾਵਰ ਕੰਟਰੋਲ ਪੈਨਲ ਬਣਦੇ ਹਨ।
ਇਸੇ ਤਰ੍ਹਾਂ ਹੀ ਹਰਿਆਣਾ ਦੇ ਫਤਿਹਾਬਾਦ ਦੇ ਰਹਿਣ ਵਾਲੀ ਮਨਪ੍ਰੀਤ ਕੌਰ ਪਿਛਲੇ ਦੋ ਸਾਲਾਂ ਤੋਂ ਇੱਥੇ ਫੈਬਰੀਕੇਸ਼ਨ ਵਿੱਚ ਕੰਮ ਕਰ ਰਹੇ ਹਨ।
ਮਨਪ੍ਰੀਤ ਨੇ ਆਪਣੇ ਪਿਤਾ ਦੀ ਹੱਲਾਸ਼ੇਰੀ ਕਾਰਨ ਇਸ ਖੇਤਰ ਵਿੱਚ ਆਉਣ ਦਾ ਫੈਸਲਾ ਲਿਆ।
ਪਲਵਿੰਦਰ ਕੌਰ ਤੇ ਮਨਪ੍ਰੀਤ ਕੌਰ ਸਣੇ16 ਹੋਰ ਕੁੜੀਆਂ ਵੀ ਮਰਦ ਪ੍ਰਧਾਨ ਸਮਝੇ ਜਾਂਦੇ ਇਸ ਕਿੱਤੇ ਵਿੱਚ ਮੱਲ੍ਹਾਂ ਮਾਰ ਰਹੀਆਂ ਹਨ।
ਇਹ ਕੁੜੀਆਂ ਇੱਥੇ ਲੇਜ਼ਰ ਮਾਰਕਿੰਗ, ਡਿਜ਼ਾਈਨ ਸੈਕਸ਼ਨ, ਟੈਕਨੋ ਕਮਰਸ਼ੀਅਲ ਕੰਮਾਂ ਵਿੱਚ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ।
ਉਹ ਦੱਸਦੇ ਹਨ ਕਿ ਫੈਕਟਰੀ ਦੇ ਵਿੱਚ ਲੱਗੀਆਂ ਵੱਡੀਆਂ ਲੇਜ਼ਰ ਮਸ਼ੀਨਾਂ ਨੂੰ ਚਲਾਉਣਾ ਉਨ੍ਹਾਂ ਦੇ ਲਈ ਕਦੇ ਕਲਪਨਾ ਵਰਗਾ ਸੀ, ਪਰ ਅੱਜ ਉਹ ਇਸ ਵਿੱਚ ਨਿਪੁੰਨ ਹੋ ਚੁੱਕੇ ਹਨ।
ਪਲਵਿੰਦਰ ਕੌਰ ਨੇ ਇਲੈਕਟਰੋਨਿਕ ਆਈਟੀਆਈ ਦਾ ਡਿਪਲੋਮਾ ਕੀਤਾ ਹੈ ਅਤੇ ਮਨਪ੍ਰੀਤ ਕੌਰ ਬਾਰ੍ਹਵੀਂ ਪਾਸ ਹਨ।
ਉਹ ਦੋਵੇਂ 2 ਸਾਲ ਪਹਿਲਾਂ ਇਸ ਫੈਕਟਰੀ ਵਿੱਚ ਆਈਆਂ ਸਨ।

ਕੰਪਨੀ ਦੇ ਨਾਲ-ਨਾਲ ਸਿਖਲਾਈ ਖੇਤਰ
ਮਰਾਹੜ ਪਾਵਰ ਕੰਟਰੋਲ ਪ੍ਰਾਈਵੇਟ ਲਿਮਟਿਡ ਕੱਕੜਵਾਲ ਨਾਮ ਦੀ ਇਸ ਫੈਕਟਰੀ ਦੀ ਸਥਾਪਨਾ ਜੈ ਸਿੰਘ ਵੱਲੋਂ ਕੀਤੀ ਗਈ ਸੀ।
ਇਹ ਇੱਕ ਫੈਕਟਰੀ ਹੋਣ ਦੇ ਨਾਲ ਨਾਲ ਇੱਕ ਸਿਖਲਾਈ ਕੇਂਦਰ ਵੀ ਹੈ।ਇੱਥੇ ਸਿਖਲਾਈ ਲੈ ਰਹੀਆਂ ਕੁੜੀਆਂ ਅਤੇ ਮੁੰਡਿਆਂ ਦੇ ਰਹਿਣ ਲਈ ਹੋਸਟਲ ਦਾ ਪ੍ਰਬੰਧ ਵੀ ਹੈ।
ਇੱਥੇ ਸਿਖਲਾਈ ਲਈ ਆਧੁਨਿਕ ਯੰਤਰਾਂ ਵਾਲੀ ਇੱਕ ਲੈਬ ਵੀ ਹੈ।

ਇੱਥੇ ਸਿਖਲਾਈ ਅਤੇ ਕੰਮ ਲਈ ਦਾਖ਼ਲ ਕੀਤੇ ਗਏ ਨੌਜਵਾਨ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਰਗੀ ਪ੍ਰਕਿਰਿਆ ਤਹਿਤ ਕੀਤੇ ਗਏ ਹਨ।
ਇੱਥੇ 75 ਫ਼ੀਸਦ ਮੁੰਡੇ ਹਨ ਉੱਥੇ ਹੀ 25 ਫ਼ੀਸਦ ਕੁੜੀਆਂ ਹਨ।
ਇੱਥੇ ਫਿਲਹਾਲ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਦੂਰ-ਦੁਰਾਡੇ ਇਲਾਕਿਆਂ ਤੋਂ ਆਈਆਂ 16 ਕੁੜੀਆਂ ਸਿਖਲਾਈ ਲੈ ਰਹੀਆਂ ਹਨ।
ਇੱਥੇ ਕੁੜੀਆਂ ਲਈ ਸੁਰੱਖਿਅਤ ਰਿਹਾਇਸ਼, ਖਾਣੇ ਦੇ ਪ੍ਰਬੰਧ ਦੇ ਨਾਲ ਹੋਰ ਲੋੜੀਂਦੀਆਂ ਜ਼ਰੂਰਤਾਂ ਅਤੇ ਮਨੋਰੰਜਨ ਲਈ ਟੂਰ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਹੁਣ ਇੱਥੇ ਕੁੜੀਆਂ ਦੀ ਆਮਦ ਦਿਨੋਂ ਦਿਨ ਵੱਧ ਰਹੀ ਹੈ।
ਕਿਵੇਂ ਜਾਗਿਆ ਵਿਸ਼ਵਾਸ

ਪਲਵਿੰਦਰ ਕੌਰ ਦਾ ਪਿਛੋਕੜ ਇੱਕ ਸਧਾਰਣ ਪਰਿਵਾਰ ਦਾ ਹੈ। ਉਨ੍ਹਾਂ ਦੇ ਪਿਤਾ ਰਾਮਪੁਰਾ ਫੂਲ ਵਿੱਚ ਇੱਕ ਨਿੱਜੀ ਫੈਕਟਰੀ ਵਿੱਚ ਇਲੈਕਟ੍ਰਿਸ਼ੀਅਨ ਦਾ ਕੰਮ ਕਰਦੇ ਹਨ।
ਉਹ ਦੱਸਦੇ ਹੈ ਕਿ ਜਦੋਂ ਉਹ ਸ਼ੁਰੂ ਸ਼ੁਰੂ ਵਿੱਚ ਇੱਥੇ ਆਏ ਤਾਂ ੳਨ੍ਹਾਂ ਨੂੰ ਲੱਗਦਾ ਸੀ ਉਹ ਅਜਿਹਾ ਮੁਸ਼ਕਲ ਦਿੱਸਦਾ ਕੰਮ ਨਹੀਂ ਕਰ ਸਕਦੀਆਂ।
ਪਰ ਜਦੋਂ ਉਨ੍ਹਾਂ ਨੇ ਹੋਰ ਕੁੜੀਆਂ ਨੂੰ ਇਹ ਕੰਮ ਆਸਾਨੀ ਨਾਲ ਕਰਦਿਆਂ ਦੇਖਿਆ ਤਾਂ ਉਨ੍ਹਾਂ ਨੂੰ ਆਪਣੇ ਆਪ ਉੱਤੇ ਵਿਸ਼ਵਾਸ ਜਾਗਿਆ ਅਤੇ ਉਨ੍ਹਾਂ ਨੇ ਵੀ ਸ਼ੁਰੂਆਤ ਕੀਤੀ।
ਉਹ ਦੱਸਦੇ ਹਨ, “ਪਹਿਲੇ ਦਿਨ ਡਰਨ ਤੋਂ ਲੈ ਕੇ ਹੁਣ ਦੋ ਸਾਲਾਂ ਬਾਅਦ ਜਦੋਂ ਮੈਂ ਇਹ ਮਸ਼ੀਨ ਚਲਾਉਂਦੀ ਹਾਂ ਤਾਂ ਇਹ ਆਮ ਕੰਪਿਊਟਰ ਵਰਗਾ ਹੀ ਲੱਗਦਾ ਹੈ।”
ਉਹ ਦੋ ਸਾਲ ਪਹਿਲਾਂ ਇੱਥੇ ਸਿਖਲਾਈ ਲੈਣ ਲਈ ਆਏ ਸਨ, ਪਰ ਹੁਣ ਉਹ ਹੋਰਨਾਂ ਨੂੰ ਵੀ ਸਿਖਲਾਈ ਦੇ ਰਹੇ ਹਨ।
ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਨੂੰ ਆਂਢ-ਗੁਆਂਢ ਕੋਲੋਂ ਕਾਫੀ ਕੁਝ ਸੁਣਨਾ ਪੈਂਦਾ ਸੀ ਪਰ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਸਾਥ ਦਿੱਤਾ।
ਉਹ ਦੱਸਦੇ ਹਨ, “ਮੇਰੇ ਪਿਤਾ ਨੇ ਇੱਥੇ ਆਉਣ ਦੇ ਲਈ ਉਸਦਾ ਕਾਫੀ ਸਾਥ ਦਿੱਤਾ ਕਿਉਂਕਿ ਉਹ ਖੁਦ ਵੀ ਚਾਹੁੰਦੇ ਸਨ ਮੈਂ ਇਸ ਕੰਮ ਵਿੱਚ ਸਿਖਲਾਈ ਹਾਸਲ ਕਰਾਂ।”

ਉਹ ਦੱਸਦੇ ਹਨ ਕਿ ਘਰ ਦੇ ਵਿੱਚ ਵੀ ਆਪਣੇ ਪਿਤਾ ਦੇ ਸੰਦਾਂ ਨਾਲ ਕੁਝ ਨਾ ਕੁਝ ਕਰਨ ਦਾ ਉਨ੍ਹਾਂ ਨੂੰ ਸ਼ੁਰੂਆਤ ਤੋਂ ਹੀ ਸ਼ੌਂਕ ਸੀ।
ਉਹ ਕਹਿੰਦੇ ਹਨ ਕਿ ਹੁਣ ਉਨ੍ਹਾਂ ਨੂੰ ਕਈ ਹੋਰ ਕੰਪਨੀਆਂ ਤੋਂ ਨੌਕਰੀਆਂ ਦੇ ਆਫਰ ਵੀ ਆ ਰਹੇ ਹਨ ਪਰ ਉਹ ਹਾਲੇ ਹੋਰ ਨਿਪੁੰਨਤਾ ਹਾਸਲ ਕਰਨੀ ਚਾਹੁੰਦੇ ਹਨ।
ਭਵਿੱਖ ਵਿੱਚ ਉਹ ਕਿਸੇ ਚੰਗੀ ਨੌਕਰੀ ਵਿੱਚ ਲੱਗ ਕੇ ਆਪਣੇ ਮਾਂ ਪਿਓ ਦਾ ਸਹਾਰਾ ਬਣਨਾ ਚਾਹੁੰਦੀ ਹੈ।
ਫਤਿਹਾਬਾਦ ਦੀ ਮਨਪ੍ਰੀਤ ਵੀ

ਫੈਬਰੀਕੇਸ਼ਨ ਦੇ ਵਿੱਚ ਕੰਮ ਕਰ ਰਹੀ 22 ਸਾਲਾ ਮਨਪ੍ਰੀਤ ਜੋ ਕਿ ਹਰਿਆਣਾ ਦੇ ਫਤਿਹਾਬਾਦ ਦੀ ਰਹਿਣ ਵਾਲੀ ਹੈ।
ਉਹ ਦੱਸਦੇ ਹਨ ਕਿ ਬਾਰਵੀਂ ਜਮਾਤ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੇ ਹਰਿਆਣਾ ਪੁਲਿਸ 'ਚ ਭਰਤੀ ਲਈ ਇਮਤਿਹਾਨਾਂ ਦੀ ਤਿਆਰੀ ਕੀਤੀ ਪਰ ਸਫ਼ਲ ਨਾ ਹੋਣ ਤੋਂ ਬਾਅਦ ਉਸਨੇ ਇਸ ਖੇਤਰ ਵਿਚ ਆਉਣ ਦੀ ਸੋਚੀ ।
ਉਹ ਆਪਣੀਆਂ ਤਿੰਨ ਭੈਣਾਂ ਤੇ ਇੱਕ ਭਰਾ ਵਿੱਚ ਸਭ ਤੋਂ ਵੱਡੇ ਹਨ ਤੇ ਆਪਣੀ ਛੋਟੀ ਭੈਣ ਦੇ ਨਾਲ ਇਸ ਸਮੇਂ ਫੈਕਟਰੀ ਵਿੱਚ ਫੈਬਰੀਕੇਸ਼ਨ ਦਾ ਕੰਮ ਸਿੱਖ ਰਹੇ ਹਨ।
ਇਸ ਕੰਮ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਨੇ ਇਸ ਫੈਕਟਰੀ ਬਾਰੇ ਪਤਾ ਕੀਤਾ ਸੀ ਤੇ ਉਨ੍ਹਾਂ ਨੇ ਹੀ ਇੱਥੇ ਆਉਣ ਲਈ ਉਸ ਨੂੰ ਪ੍ਰੇਰਿਤ ਕੀਤਾ ।
ਉਹ ਦੱਸਦੇ ਹਨ ਕਿ ਪਿਛਲੇ ਦੋ ਸਾਲਾਂ ਵਿੱਚ ਉਸਨੇ ਇੱਥੇ ਆ ਕੇ ਆਪਣੀ ਜ਼ਿੰਦਗੀ 'ਚ ਕਾਫੀ ਵੱਡਾ ਬਦਲਾਅ ਦੇਖਿਆ,ਕਿਉਂਕਿ ਹਰ ਚੀਜ਼ ਇੱਕ ਸਮੇਂ 'ਤੇ ਹੁੰਦੀ ਹੈ।
ਸਵੇਰੇ ਹੀ ਹੋਸਟਲ ਦੇ ਕਮਰੇ ਵਿੱਚੋਂ ਤਿਆਰ ਹੋ ਕੇ ਓਹ ਆਪਣੀ ਡਿਊਟੀ 'ਤੇ ਚਲੀ ਜਾਂਦੀ ਹੈ, ਦੁਪਹਿਰ ਸਮੇਂ ਖਾਣੇ ਤੋਂ ਬਾਅਦ ਉਹ ਇੱਕ ਘੰਟਾ ਵਾਲੀਬਾਲ ਖੇਡਦੇ ਹਨ ਤੇ ਸ਼ਾਮ ਨੂੰ ਅਲੱਗ ਕਲਾਸ ਲਗਦੀ ਹੈ।
ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ

ਜੈ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਇੰਡਸਟਰੀ ਇੱਕ ਫੈਕਟਰੀ ਦੇ ਨਾਲ ਨਾਲ ਇੰਸਟੀਚਿਊਟ ਵੀ ਹੈ ,ਇੱਥੇ ਵੱਡੀਆਂ ਕੰਪਨੀਆਂ ਵਿੱਚ ਲੱਗਣ ਵਾਲੇ ਪਾਵਰ ਕੰਟਰੋਲ ਪੈਨਲ ਬਣਾਏ ਜਾਂਦੇ ਹਨ।
ਉਹ ਦੱਸਦੇ ਹਨ ਕਿ ਇਹ ਇੰਸਟੀਚਿਊਟ ਇੱਕ ਫੈਕਟਰੀ ਦੀ ਤਰ੍ਹਾਂ ਵੀ ਕੰਮ ਕਰਦਾ ਹੈ ਜੋ ਇੱਥੇ ਆਉਣ ਵਾਲੇ ਖਰਚਿਆਂ ਨੂੰ ਪੂਰਾ ਕਰਦਾ ਹੈ।
ਉਹ ਦੱਸਦੇ ਹਨ, "ਇਸ ਸਿਖਲਾਈ ਕੇਂਦਰ ਵਿੱਚ ਦਾਖ਼ਲੇ ਲਈ ਕੋਈ ਘੱਟੋ-ਘੱਟ ਵਿੱਦਿਅਕ ਯੋਗਤਾ ਨਹੀਂ ਰੱਖੀ ਗਈ।"
ਇਸ ਸਮੇਂ ਉਨ੍ਹਾਂ ਕੋਲੋਂ 17 ਦੇ ਕਰੀਬ ਕੁੜੀਆਂ ਕੰਮ ਸਿੱਖ ਰਹੀਆਂ ਹਨ ਜਿਸ ਦੇ ਵਿੱਚ 75 ਦੇ ਕਰੀਬ ਮੁੰਡੇ ਹਨ।
ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।
ਉਹ ਦੱਸਦੇ ਹਨ ਕਿ ਕਈ ਵਾਰ ਕੁੜੀਆਂ ਇੱਥੇ ਰਹਿ ਕੇ ਕੰਮ ਸਿੱਖਣਾ ਚਾਹੁੰਦੀਆਂ ਹਨ ਪਰ ਉਨਾਂ ਦੇ ਰਿਸ਼ਤੇਦਾਰ ਇਸ ਨੂੰ ਆਪਣੀ ਸ਼ਾਨ ਦੇ ਖਿਲਾਫ ਮੰਨਦੇ ਹਨ।













