ਪਰਵਾਸ ਦਾ ਸੰਤਾਪ: 'ਉਨ੍ਹਾਂ ਮੇਰੇ ਹੱਥ ਪੈਰ ਬੰਨ੍ਹ ਕੇ ਸਮੁੰਦਰ ਵਿੱਚ ਸੁੱਟ ਦਿੱਤਾ'- ਪਰਵਾਸੀਆਂ ਨੂੰ ਕੋਸਟ ਗਾਰਡਜ਼ ਵਲੋਂ ਮਾਰਨ ਦੀ ਪੜਤਾਲ

ਯੂਨਾਨੀ ਤੱਟ ਰੱਖਿਅਕਾਂ
    • ਲੇਖਕ, ਲੂਸਿਲੇ ਸਮਿਥ ਅਤੇ ਬੇਨ ਸਟੀਲ
    • ਰੋਲ, ਬੀਬੀਸੀ ਟੀਵੀ ਚਲੰਤ ਮਾਮਲੇ

ਚਸ਼ਮਦੀਦਾਂ ਦਾ ਕਹਿਣਾ ਹੈ ਕਿ ਯੂਨਾਨੀ ਤੱਟ ਰੱਖਿਅਕ ਬਲਾਂ ( ਕੋਸਟ ਗਾਰਡਜ਼) ਨੇ ਤਿੰਨ ਸਾਲਾਂ ਦੇ ਅਰਸੇ ਵਿੱਚ ਭੂ-ਮੱਧ ਸਾਗਰ ਵਿੱਚ ਦਰਜਨਾਂ ਪਰਵਾਸੀਆਂ ਦੀ ਜਾਨ ਲਈ ਹੈ, ਜਿਨ੍ਹਾਂ ਵਿੱਚ ਨੌਂ ਨੂੰ ਜਾਣਬੁੱਝ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ ਸੀ।

ਬੀਬੀਸੀ ਦੇ ਵਿਸ਼ਲੇਸ਼ਣ ਵਿੱਚ ਸਾਹਮਣੇ ਆਇਆ ਹੈ ਕਿ ਇਹ ਨੌਂ ਲੋਕ ਉਨ੍ਹਾਂ 40 ਤੋਂ ਵੱਧ ਲੋਕਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਦੀ ਮੌਤ ਕਥਿਤ ਤੌਰ ’ਤੇ ਯੂਨਾਨ ਦੇ ਜਲ ਖੇਤਰ ਤੋਂ ਬਾਹਰ ਕੱਢਣ, ਜਾਂ ਯੂਨਾਨੀ ਟਾਪੂਆਂ ’ਤੇ ਪਹੁੰਚਣ ਤੋਂ ਬਾਅਦ ਸਮੁੰਦਰ ਵਿੱਚ ਵਾਪਸ ਲੈ ਜਾਣ ਦੇ ਨਤੀਜੇ ਵਜੋਂ ਹੋਈ ਸੀ।

ਸਾਡੀ ਜਾਂਚ ਵਿੱਚ ਯੂਨਾਨੀ ਤੱਟ ਰੱਖਿਅਕਾਂ ਨੇ ਦੱਸਿਆ ਕਿ ਉਹ ਗੈਰ-ਕਾਨੂੰਨੀ ਗਤੀਵਿਧੀਆਂ ਦੇ ਸਾਰੇ ਇਲਜ਼ਾਮਾਂ ਨੂੰ ਰੱਦ ਕਰਦੇ ਹਨ।

ਅਸੀਂ ਇੱਕ ਸਾਬਕਾ ਸੀਨੀਅਰ ਯੂਨਾਨੀ ਤੱਟ ਰੱਖਿਅਕ ਅਧਿਕਾਰੀ ਨੂੰ 12 ਲੋਕਾਂ ਨੂੰ ਯੂਨਾਨੀ ਤੱਟ ਰੱਖਿਅਕਾਂ ਦੀ ਕਿਸ਼ਤੀ ਵਿੱਚ ਚੜ੍ਹਾਉਣ ਅਤੇ ਫਿਰ ਉਨ੍ਹਾਂ ਨੂੰ ਇੱਕ ਛੋਟੀ ਕਿਸ਼ਤੀ ’ਤੇ ਛੱਡਣ ਦੀ ਫੁਟੇਜ ਦਿਖਾਈ।

ਜਦੋਂ ਉਹ ਸਾਨੂੰ ਇੰਟਰਵਿਊ ਦੇ ਕੇ ਆਪਣੀ ਕੁਰਸੀ ਤੋਂ ਉੱਠੇ ਤਾਂ ਇਸ ਦੌਰਾਨ ਵੀ ਉਨ੍ਹਾਂ ਦਾ ਮਾਈਕ ਔਨ ਰਹਿ ਗਿਆ ਸੀ, ਤਾਂ ਉਨ੍ਹਾਂ ਨੇ ਕਿਹਾ ਕਿ ਇਹ ‘‘ਸਪੱਸ਼ਟ ਤੌਰ 'ਤੇ ਗੈਰ ਕਾਨੂੰਨੀ’’ ਅਤੇ ‘‘ਅੰਤਰਰਾਸ਼ਟਰੀ ਅਪਰਾਧ’’ ਹੈ।

ਯੂਨਾਨੀ ਸਰਕਾਰ 'ਤੇ ਲੰਬੇ ਸਮੇਂ ਤੋਂ ਇਹ ਇਲਜ਼ਾਮ ਲਗਾਇਆ ਜਾਂਦਾ ਰਿਹਾ ਹੈ ਕਿ ਉਹ ਲੋਕਾਂ ਨੂੰ ਜ਼ਬਰਦਸਤੀ ਵਾਪਸ ਤੁਰਕੀ ਭੇਜ ਰਹੀ ਹੈ, ਜਿੱਥੋਂ ਉਹ ਸੀਮਾ ਪਾਰ ਕਰਕੇ ਆਏ ਹਨ, ਜੋ ਕਿ ਅੰਤਰਰਾਸ਼ਟਰੀ ਕਾਨੂੰਨ ਤਹਿਤ ਗੈਰ-ਕਾਨੂੰਨੀ ਹੈ।

ਪਰ ਇਹ ਪਹਿਲੀ ਵਾਰ ਹੈ ਜਦੋਂ ਬੀਬੀਸੀ ਨੇ ਉਨ੍ਹਾਂ ਘਟਨਾਵਾਂ ਦੀ ਗਿਣਤੀ ਕੀਤੀ ਹੈ, ਜਿਨ੍ਹਾਂ ਵਿੱਚ ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਯੂਨਾਨੀ ਤੱਟ ਰੱਖਿਅਕ ਬਲ ਦੀਆਂ ਕਾਰਵਾਈਆਂ ਦੇ ਨਤੀਜੇ ਵਜੋਂ ਮੌਤਾਂ ਹੋਈਆਂ ਹਨ।

ਅਸੀਂ ਜਿਨ੍ਹਾਂ 15 ਘਟਨਾਵਾਂ ਦਾ ਵਿਸ਼ਲੇਸ਼ਣ ਕੀਤਾ, ਉਹ ਮਈ 2020-23 ਤੱਕ ਵਾਪਰੀਆਂ ਸਨ, ਉਨ੍ਹਾਂ ਵਿੱਚ 43 ਮੌਤਾਂ ਹੋਈਆਂ ਸਨ।

ਇਨ੍ਹਾਂ ਦਾ ਸ਼ੁਰੂਆਤੀ ਸਰੋਤ ਮੁੱਖ ਤੌਰ 'ਤੇ ਸਥਾਨਕ ਮੀਡੀਆ, ਗੈਰ-ਸਰਕਾਰੀ ਸੰਗਠਨ ਅਤੇ ਤੁਰਕੀ ਤੱਟ ਰੱਖਿਅਕ ਸਨ।

ਚਸ਼ਮਦੀਦਾਂ ਦੇ ਬਿਆਨਾਂ ਦੀ ਪੁਸ਼ਟੀ

ਕੈਮਰੂਨ
ਤਸਵੀਰ ਕੈਪਸ਼ਨ, ਕੈਮਰੂਨ ਦੇ ਵਿਅਕਤੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਤੱਟ ਰਖਿਅਕਾਂ ਦੇ ਵੱਲੋਂ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ ਸੀ

ਅਜਿਹੇ ਮਾਮਲਿਆਂ ਦੀ ਪੁਸ਼ਟੀ ਕਰਨਾ ਬਹੁਤ ਮੁਸ਼ਕਲ ਹੈ। ਇਨ੍ਹਾਂ ਦੇ ਚਸ਼ਮਦੀਦ ਅਕਸਰ ਗਾਇਬ ਹੋ ਜਾਂਦੇ ਹਨ, ਜਾਂ ਬੋਲਣ ਤੋਂ ਡਰਦੇ ਹਨ। ਪਰ ਇਨ੍ਹਾਂ ਵਿੱਚੋਂ ਚਾਰ ਕੇਸਾਂ ਵਿੱਚ ਅਸੀਂ ਚਸ਼ਮਦੀਦਾਂ ਨਾਲ ਗੱਲ ਕਰਕੇ ਬਿਆਨਾਂ ਦੀ ਪੁਸ਼ਟੀ ਕਰਨ ਵਿੱਚ ਸਫ਼ਲ ਰਹੇ ਹਾਂ।

ਸਾਡੀ ਖੋਜ, ਜੋ ਕਿ ਬੀਬੀਸੀ ਦੀ ਇੱਕ ਨਵੀਂ ਦਸਤਾਵੇਜ਼ੀ, ‘ਡੈੱਡ ਕਾਮ: ਕਿਲਿੰਗ ਇਨ ਦਿ ਮੈਡ? ਵਿੱਚ ਦਿਖਾਈ ਗਈ ਹੈ, ਨੇ ਇਸ ਦਾ ਇੱਕ ਸਪੱਸ਼ਟ ਪੈਟਰਨ ਦਰਸਾਇਆ ਹੈ।

ਪੰਜ ਘਟਨਾਵਾਂ ਵਿੱਚ ਪਰਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਯੂਨਾਨੀ ਅਧਿਕਾਰੀਆਂ ਨੇ ਸਿੱਧਾ ਸਮੁੰਦਰ ਵਿੱਚ ਸੁੱਟ ਦਿੱਤਾ ਸੀ। ਇਨ੍ਹਾਂ ਵਿੱਚੋਂ ਚਾਰ ਮਾਮਲਿਆਂ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਹ ਯੂਨਾਨੀ ਟਾਪੂਆਂ ’ਤੇ ਉੱਤਰੇ ਸਨ, ਪਰ ਉਨ੍ਹਾਂ ਦਾ ਪਿੱਛਾ ਕੀਤਾ ਗਿਆ।

ਕਈ ਹੋਰ ਘਟਨਾਵਾਂ ਵਿੱਚ ਪਰਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਿਨਾਂ ਮੋਟਰ ਵਾਲੇ ਹਵਾ ਨਾਲ ਚੱਲਣ ਵਾਲੇ ਬੇੜਿਆਂ ’ਤੇ ਬਿਠਾਇਆ ਗਿਆ ਸੀ, ਜਿਨ੍ਹਾਂ ਵਿੱਚੋਂ ਬਾਅਦ ਵਿੱਚ ਹਵਾ ਨਿਕਲ ਗਈ, ਜਾਂ ਅਜਿਹੇ ਬੇੜਿਆਂ ਵਿੱਚ ਪੈਂਚਰ ਹੋ ਗਏ ਸਨ।

ਸਭ ਤੋਂ ਭਿਆਨਕ ਹੱਡਬੀਤੀ ਕੈਮਰੂਨ ਦੇ ਇੱਕ ਵਿਅਕਤੀ ਵੱਲੋਂ ਦਿੱਤੀ ਗਈ ਸੀ, ਜਿਸ ਨੇ ਦੱਸਿਆ ਕਿ ਸਤੰਬਰ 2021 ਵਿੱਚ ਸਾਮੋਸ ਟਾਪੂ 'ਤੇ ਉਤਰਨ ਤੋਂ ਬਾਅਦ ਯੂਨਾਨੀ ਅਧਿਕਾਰੀਆਂ ਨੇ ਉਸ ਦਾ ਪਿੱਛਾ ਕੀਤਾ ਸੀ।

ਅਸੀਂ ਜਿਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ, ਉਨ੍ਹਾਂ ਸਭ ਦੀ ਤਰ੍ਹਾਂ ਉਨ੍ਹਾਂ ਨੇ ਵੀ ਕਿਹਾ ਕਿ ਉਹ ਯੂਨਾਨ ਦੀ ਧਰਤ ‘ਤੇ ਸ਼ਰਨਾਰਥੀ ਦੇ ਰੂਪ ਵਿੱਚ ਰਜਿਸਟ੍ਰੇਸ਼ਨ ਕਰਾਉਣ ਦੀ ਯੋਜਨਾ ਬਣਾ ਰਹੇ ਹਨ।

ਉਨ੍ਹਾਂ ਨੇ ਸਾਨੂੰ ਦੱਸਿਆ, “ਅਸੀਂ ਮੁਸ਼ਕਿਲ ਨਾਲ ਕਿਸ਼ਤੀ ਨੂੰ ਰੋਕਿਆ ਸੀ ਕਿ ਪਿੱਛੇ ਤੋਂ ਪੁਲਿਸ ਆ ਗਈ।”

“ਦੋ ਪੁਲਿਸ ਮੁਲਾਜ਼ਮਾਂ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ ਅਤੇ ਤਿੰਨ ਹੋਰ ਆਮ ਕੱਪੜਿਆਂ ਵਿੱਚ ਸਨ। ਉਨ੍ਹਾਂ ਨੇ ਮਾਸਕ ਪਾਏ ਹੋਏ ਸਨ, ਅਸੀਂ ਸਿਰਫ ਉਨ੍ਹਾਂ ਦੀਆਂ ਅੱਖਾਂ ਦੇਖ ਸਕਦੇ ਸੀ।”

ਫਯਾਦ ਮੁੱਲਾ

ਤਸਵੀਰ ਸਰੋਤ, Fayad Mulla

ਤਸਵੀਰ ਕੈਪਸ਼ਨ, ਫਯਾਦ ਮੁੱਲਾ ਦੇ ਡੈਸ਼ਕੈਮ ਵਿੱਚ ਉਹ ਪਲ ਕੈਦ ਹੋ ਗਏ ਜਦੋਂ ਉਨ੍ਹਾਂ ਨੂੰ ਅੰਡਰਕਵਰ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਅਤੇ ਲੈਸਬੋਸ ਵਿੱਚ ਧੱਕੇ ਨਾਲ ਵਾਪਸ ਭੇਜੇ ਜਾਣ ਬਾਰੇ ਟਿਪ ਮਿਲੀ ਸਿ

ਜੂਨ 2023 ਵਿੱਚ ਇੱਕ ਓਵਰਲੋਡ ਟਰਾਲਰ ਯੂਨਾਨੀ ਤੱਟ ਰੱਖਿਅਕ ਗਸ਼ਤੀ ਕਿਸ਼ਤੀ ਦੇ ਸਾਹਮਣੇ ਉਲਟ ਜਾਂਦਾ ਹੈ। 60 ਤੋਂ ਵੱਧ ਮਰਦ, ਔਰਤਾਂ ਅਤੇ ਬੱਚੇ ਪਾਣੀ ਵਿੱਚ ਡੁੱਬ ਕੇ ਮਰ ਜਾਂਦੇ ਹਨ। ਪਰ ਇਸ ਲਈ ਕੌਣ ਜ਼ਿੰਮੇਵਾਰ ਹੈ, ਅਤੇ ਕੀ ਇਸ ਲਈ ਤੱਟ ਰੱਖਿਅਕ ਦੋਸ਼ੀ ਹਨ?

ਸੋਮਾਲੀਆ ਦੇ ਇੱਕ ਹੋਰ ਵਿਅਕਤੀ ਨੇ ਬੀਬੀਸੀ ਨੂੰ ਦੱਸਿਆ ਕਿ ਕਿਵੇਂ ਮਾਰਚ 2021 ਵਿੱਚ ਉਸ ਨੂੰ ਚਿਓਸ ਟਾਪੂ ’ਤੇ ਪਹੁੰਚਣ ’ਤੇ ਯੂਨਾਨੀ ਸੈਨਾ ਨੇ ਫੜ ਲਿਆ ਸੀ, ਜਿਨ੍ਹਾਂ ਨੇ ਉਸ ਨੂੰ ਫਿਰ ਯੂਨਾਨੀ ਤੱਟ ਰੱਖਿਅਕਾਂ ਦੇ ਹਵਾਲੇ ਕਰ ਦਿੱਤਾ ਸੀ।

ਉਨ੍ਹਾਂ ਨੇ ਦੱਸਿਆ ਕਿ ਤੱਟ ਰੱਖਿਅਕ ਬਲ ਨੇ ਉਸ ਨੂੰ ਪਾਣੀ ਵਿੱਚ ਸੁੱਟਣ ਤੋਂ ਪਹਿਲਾਂ ਉਸ ਦੇ ਹੱਥ ਪਿੱਠ ਪਿੱਛੇ ਬੰਨ੍ਹ ਦਿੱਤੇ ਸਨ।

ਉਨ੍ਹਾਂ ਨੇ ਕਿਹਾ, ‘‘ਉਨ੍ਹਾਂ ਨੇ ਮੈਨੂੰ ਸਮੁੰਦਰ ਦੇ ਵਿਚਕਾਰ ਬੰਨ੍ਹ ਕੇ ਸੁੱਟ ਦਿੱਤਾ। ਉਹ ਚਾਹੁੰਦੇ ਸਨ ਕਿ ਮੈਂ ਮਰ ਜਾਵਾਂ।’’

ਉਹ ਆਪਣੀ ਪਿੱਠ ਦੇ ਬਲ ਤੈਰ ਕੇ ਬਚਣ ਵਿੱਚ ਕਾਮਯਾਬ ਰਿਹਾ, ਪਰ ਉਸ ਦੇ ਬੰਨ੍ਹੇ ਹੋਏ ਹੱਥਾਂ ਵਿੱਚੋਂ ਇੱਕ ਹੱਥ ਖੁੱਲ੍ਹ ਗਿਆ। ਸਮੁੰਦਰ ਵਿੱਚ ਬਹੁਤ ਤੇਜ਼ ਲਹਿਰਾਂ ਸਨ ਅਤੇ ਉਸ ਦੇ ਸਮੂਹ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ।

ਜਿਸ ਵਿਅਕਤੀ ਨਾਲ ਅਸੀਂ ਗੱਲਬਾਤ ਕੀਤੀ, ਉਹ ਉੱਥੇ ਉਤਰਨ ਵਿੱਚ ਸਫਲ ਰਿਹਾ, ਜਿੱਥੇ ਆਖਰਕਾਰ ਉਸ ਨੂੰ ਤੁਰਕੀ ਦੇ ਤੱਟ ਰੱਖਿਅਕ ਬਲ ਨੇ ਦੇਖ ਲਿਆ ਸੀ।

ਸਭ ਤੋਂ ਵੱਧ ਮੌਤਾਂ ਹੋਣ ਵਾਲੀ ਘਟਨਾ ਵਿੱਚ ਸਤੰਬਰ 2022 ਵਿੱਚ ਯੂਨਾਨੀ ਟਾਪੂ ਰੋਡਜ਼ ਕੋਲ 85 ਪਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਉਸ ਸਮੇਂ ਮੁਸੀਬਤ ਵਿੱਚ ਫਸ ਗਈ, ਜਦੋਂ ਉਸ ਦੀ ਮੋਟਰ ਖਰਾਬ ਹੋ ਗਈ।

ਸੀਰੀਆ ਦੇ ਮੁਹੰਮਦ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੇ ਯੂਨਾਨੀ ਤੱਟ ਰੱਖਿਅਕ ਤੋਂ ਮਦਦ ਮੰਗੀ ਜਿਨ੍ਹਾਂ ਨੇ ਉਨ੍ਹਾਂ ਨੂੰ ਕਿਸ਼ਤੀ ’ਤੇ ਬਿਠਾ ਕੇ ਉਨ੍ਹਾਂ ਨੂੰ ਤੁਰਕੀ ਦੇ ਜਲ ਖੇਤਰ ਵਿੱਚ ਵਾਪਸ ਪਹੁੰਚਾਇਆ ਅਤੇ ਉਨ੍ਹਾਂ ਨੂੰ ਜੀਵਨ ਰੱਖਿਅਕ ਬੇੜਿਆਂ ਵਿੱਚ ਛੱਡ ਦਿੱਤਾ।

ਮੁਹੰਮਦ ਦਾ ਕਹਿਣਾ ਹੈ ਕਿ ਉਸ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜੋ ਬੇੜਾ ਦਿੱਤਾ ਗਿਆ ਸੀ, ਉਸ ਦਾ ਵਾਲਵ ਠੀਕ ਤਰ੍ਹਾਂ ਬੰਦ ਨਹੀਂ ਕੀਤਾ ਗਿਆ ਸੀ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, ‘‘ਅਸੀਂ ਤੁਰੰਤ ਡੁੱਬਣ ਲੱਗੇ, ਉਨ੍ਹਾਂ ਨੇ ਦੇਖਿਆ... ਉਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਚੀਕਾਂ ਮਾਰਦੇ ਹੋਏ ਸੁਣਿਆ, ਅਤੇ ਫਿਰ ਵੀ ਉਹ ਸਾਨੂੰ ਛੱਡ ਕੇ ਚਲੇ ਗਏ।’’

“ਪਹਿਲਾ ਬੱਚਾ ਜੋ ਮਰਿਆ ਉਹ ਮੇਰੇ ਚਚੇਰੇ ਭਰਾ ਦਾ ਪੁੱਤਰ ਸੀ… ਉਸ ਤੋਂ ਬਾਅਦ ਇੱਕ-ਇੱਕ ਕਰਕੇ ਹੋਰ ਮੌਤਾਂ ਹੋਈਆਂ।’’

ਇੱਕ ਹੋਰ ਬੱਚਾ, ਫਿਰ ਇੱਕ ਹੋਰ ਬੱਚਾ, ਫਿਰ ਮੇਰਾ ਚਚੇਰਾ ਭਰਾ ਆਪ ਵੀ ਗਾਇਬ ਹੋ ਗਿਆ। ਸਵੇਰ ਤੱਕ ਸੱਤ-ਅੱਠ ਬੱਚੇ ਮਰ ਚੁੱਕੇ ਸਨ।

‘‘ਮੇਰੇ ਬੱਚੇ ਸਵੇਰ ਤੱਕ ਨਹੀਂ ਮਰੇ... ਤੁਰਕੀ ਦੇ ਤੱਟ ਰੱਖਿਅਕਾਂ ਦੇ ਪਹੁੰਚਣ ਤੋਂ ਠੀਕ ਪਹਿਲਾਂ ਤੱਕ।’’

ਯੂਨਾਨੀ ਕਾਨੂੰਨ ਸ਼ਰਣ ਮੰਗਣ ਵਾਲੇ ਸਾਰੇ ਪਰਵਾਸੀਆਂ ਨੂੰ ਕਈ ਟਾਪੂਆਂ ’ਤੇ ਵਿਸ਼ੇਸ਼ ਰਜਿਸਟ੍ਰੇਸ਼ਨ ਕੇਂਦਰਾਂ ’ਤੇ ਆਪਣਾ ਦਾਅਵਾ ਰਜਿਸਟਰ ਕਰਨ ਦੀ ਇਜਾਜ਼ਤ ਦਿੰਦਾ ਹੈ।

ਪਰ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ, ਜਿਨ੍ਹਾਂ ਨਾਲ ਅਸੀਂ ਪਰਵਾਸੀ ਸਹਾਇਤਾ ਸੰਸਥਾ ਕੰਸੋਲੀਡੇਟਿਡ ਰੈਸਕਿਊ ਗਰੁੱਪ ਦੀ ਮਦਦ ਨਾਲ ਸੰਪਰਕ ਕੀਤਾ ਸੀ, ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਕੇਂਦਰਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਉਨ੍ਹਾਂ ਨੇ ਕਿਹਾ ਕਿ ਇਹ ਲੋਕ ਜ਼ਾਹਰਾ ਤੌਰ ’ਤੇ ਗੁਪਤ ਰੂਪ ਨਾਲ ਕੰਮ ਕਰ ਰਹੇ ਹੋਣਗੇ ਕਿਉਂਕਿ ਉਹ ਗੈਰ-ਵਰਦੀਧਾਰੀ ਅਤੇ ਅਕਸਰ ਨਕਾਬਪੋਸ਼ ਹੁੰਦੇ ਹਨ।

ਮਨੁੱਖੀ ਅਧਿਕਾਰ ਸਮੂਹਾਂ ਦਾ ਦੋਸ਼ ਹੈ ਕਿ ਯੂਰਪ ਵਿੱਚ ਸ਼ਰਣ ਮੰਗਣ ਵਾਲੇ ਹਜ਼ਾਰਾਂ ਲੋਕਾਂ ਨੂੰ ਗੈਰਕਾਨੂੰਨੀ ਤੌਰ ’ਤੇ ਯੂਨਾਨ ਤੋਂ ਤੁਰਕੀ ਵਾਪਸ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਅਤੇ ਯੂਰਪੀਅਨ ਯੂਨੀਅਨ ਦੇ ਕਾਨੂੰਨ ਵਿੱਚ ਦਰਜ ਸ਼ਰਣ ਲੈਣ ਦੇ ਅਧਿਕਾਰ ਤੋਂ ਵੰਚਿਤ ਕਰ ਦਿੱਤਾ ਗਿਆ ਹੈ।

ਆਸਟ੍ਰੀਆ ਦੇ ਕਾਰਕੁਨ ਨੇ ਕੀ ਦੱਸਿਆ

ਪੱਤਰਕਾਰ
ਤਸਵੀਰ ਕੈਪਸ਼ਨ, ਪੱਤਰਕਾਰ ਰੋਮੀ ਵਾਨ ਬਾਰਸੇਨ ਨੂੰ ਗ੍ਰੀਕ ਦੇ ਵਿਸ਼ੇਸ਼ ਬਲਾਂ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਨੂੰ ਸਰਕਾਰ ਦੇ ਹੁਕਮ ਸਨ ਕਿ ਉਹ ਬੇੜੀਆਂ ਵਾਪਸ ਭੇਜਣ

ਆਸਟ੍ਰੀਆ ਦੇ ਕਾਰਕੁਨ ਫਯਾਦ ਮੁੱਲਾ ਨੇ ਸਾਨੂੰ ਦੱਸਿਆ ਕਿ ਪਿਛਲੇ ਸਾਲ ਫਰਵਰੀ ਵਿੱਚ ਯੂਨਾਨ ਦੇ ਲੇਸਬੋਸ ਟਾਪੂ ’ਤੇ ਉਨ੍ਹਾਂ ਨੇ ਖੁਦ ਮਹਿਸੂਸ ਕੀਤਾ ਕਿ ਇਸ ਤਰ੍ਹਾਂ ਦੇ ਅਜਿਹੇ ਅਪਰੇਸ਼ਨ ਕਿੰਨੇ ਗੁਪਤ ਹੁੰਦੇ ਹਨ।

ਇੱਕ ਗੁਪਤ ਸੂਚਨਾ ਦੇ ਅਧਾਰ ’ਤੇ ਜਦੋਂ ਉਹ ਕਥਿਤ ਤੌਰ ’ਤੇ ਜਬਰੀ ਵਾਪਸੀ ਦੇ ਸਥਾਨ ਵੱਲ ਜਾ ਰਿਹਾ ਸੀ, ਤਾਂ ਉਸ ਨੂੰ ਇੱਕ ਹੂਡੀ ਪਹਿਨੇ ਹੋਏ ਵਿਅਕਤੀ ਨੇ ਰੋਕਿਆ। ਬਾਅਦ ਵਿੱਚ ਪਤਾ ਚੱਲਿਆ ਕਿ ਉਹ ਪੁਲਿਸ ਲਈ ਕੰਮ ਕਰਦਾ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਦੇ ਬਾਅਦ ਪੁਲਿਸ ਨੇ ਉਸ ਦੇ ਡੈਸ਼ਕੈਮ ਤੋਂ ਉਸ ਨੂੰ ਰੋਕੇ ਜਾਣ ਦੀ ਫੁਟੇਜ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ’ਤੇ ਪੁਲਿਸ ਅਧਿਕਾਰੀ ਦਾ ਵਿਰੋਧ ਕਰਨ ਦਾ ਦੋਸ਼ ਲਗਾਇਆ।

ਸ਼ੁਕਰ ਹੈ ਕਿ ਅੱਗੇ ਕੋਈ ਹੋਰ ਕਾਰਵਾਈ ਨਹੀਂ ਕੀਤੀ ਗਈ।

ਦੋ ਮਹੀਨਿਆਂ ਬਾਅਦ ਇੱਕ ਅਜਿਹੀ ਹੀ ਜਗ੍ਹਾ ’ਤੇ ਫਯਾਦ ਮੁੱਲਾ ਨੇ ਲੋਕਾਂ ਨੂੰ ਜਬਰਨ ਵਾਪਸ ਭੇਜਣ ਦੀ ਵੀਡਿਓ ਬਣਾਉਣ ਵਿੱਚ ਸਫਲਤਾ ਪ੍ਰਾਪਤ ਕਰ ਲਈ, ਜਿਸ ਨੂੰ ‘ਦਿ ਨਿਊਯਾਰਕ ਟਾਈਮਜ਼’ ਨੇ ਪ੍ਰਕਾਸ਼ਿਤ ਕੀਤਾ।

ਔਰਤਾਂ ਅਤੇ ਬੱਚਿਆਂ ਸਮੇਤ ਇੱਕ ਗਰੁੱਪ ਨੂੰ ਇੱਕ ਅਗਿਆਤ ਵੈਨ ਦੇ ਪਿੱਛੋਂ ਉਤਾਰ ਕੇ ਇੱਕ ਛੋਟੀ ਕਿਸ਼ਤੀ ਉੱਤੇ ਚੜ੍ਹਾ ਦਿੱਤਾ ਗਿਆ।

ਇਸ ਤੋਂ ਬਾਅਦ ਉਨ੍ਹਾਂ ਨੂੰ ਸਮੁੰਦਰੀ ਤੱਟ ਤੋਂ ਦੂਰ ਇੱਕ ਯੂਨਾਨੀ ਤੱਟ ਰੱਖਿਅਕ ਜਹਾਜ਼ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਸਮੁੰਦਰ ਵਿੱਚ ਲਿਜਾਇਆ ਗਿਆ।

ਫਿਰ ਇੱਕ ਬੇੜੇ ਵਿੱਚ ਚੜ੍ਹਾਇਆ ਗਿਆ ਜਿੱਥੇ ਉਨ੍ਹਾਂ ਨੂੰ ਡੁੱਬਣ ਲਈ ਛੱਡ ਦਿੱਤਾ ਗਿਆ।

ਬਾਅਦ ਵਿੱਚ ਉਨ੍ਹਾਂ ਨੂੰ ਤੁਰਕੀ ਦੇ ਤੱਟ ਰੱਖਿਅਕਾਂ ਨੇ ਬਚਾ ਲਿਆ।

ਅਸੀਂ ਇਹ ਫੁਟੇਜ ਜਿਸ ਦੀ ਬੀਬੀਸੀ ਨੇ ਪੁਸ਼ਟੀ ਕੀਤੀ ਹੈ, ਨੂੰ ਯੂਨਾਨੀ ਤੱਟ ਰੱਖਿਅਕ ਦੇ ਵਿਸ਼ੇਸ਼ ਕਾਰਜਾਂ ਦੇ ਸਾਬਕਾ ਮੁਖੀ ਦਿਮਿਤਰਿਸ ਬਾਲਟਾਕੋਸ ਨੂੰ ਦਿਖਾਇਆ।

ਇੰਟਰਵਿਊ ਦੇ ਦੌਰਾਨ, ਉਨ੍ਹਾਂ ਨੇ ਇਸ ਬਾਰੇ ਅੰਦਾਜ਼ਾ ਲਗਾਉਣ ਤੋਂ ਇਨਕਾਰ ਕਰ ਦਿੱਤਾ ਕਿ ਫੁਟੇਜ ਵਿੱਚ ਕੀ ਦਿਖਾਇਆ ਗਿਆ ਹੈ। ਉਨ੍ਹਾਂ ਨੇ ਸਾਡੀ ਗੱਲਬਾਤ ਵਿੱਚ ਪਹਿਲਾਂ ਹੀ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ ਕਿ ਯੂਨਾਨੀ ਤੱਟ ਰੱਖਿਅਕਾਂ ਨੂੰ ਕਦੇ ਵੀ ਕੁਝ ਵੀ ਗੈਰ-ਕਾਨੂੰਨੀ ਕਰਨ ਦੀ ਲੋੜ ਹੋਵੇਗੀ।

ਪਰ ਬ੍ਰੇਕ ਦੇ ਦੌਰਾਨ, ਉਨ੍ਹਾਂ ਨੂੰ ਕਿਸੇ ਨੂੰ ਇਹ ਕਹਿੰਦੇ ਹੋਏ ਰਿਕਾਰਡ ਕੀਤਾ ਗਿਆ ਸੀ:

“ਮੈਂ ਉਨ੍ਹਾਂ ਨੂੰ ਜ਼ਿਆਦਾ ਕੁਝ ਨਹੀਂ ਦੱਸਿਆ, ਠੀਕ ਹੈ? ਇਹ ਬਹੁਤ ਸਪੱਸ਼ਟ ਹੈ, ਠੀਕ ਹੈ ਨਾ। ਇਹ ਪ੍ਰਮਾਣੂ ਭੌਤਿਕ ਵਿਗਿਆਨ ਨਹੀਂ ਹੈ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਇਸ ਨੂੰ ਦਿਨ-ਦਿਹਾੜੇ ਕਿਉਂ ਕੀਤਾ... ਇਹ ... ਸਪੱਸ਼ਟ ਤੌਰ ’ਤੇ ਗੈਰ-ਕਾਨੂੰਨੀ ਹੈ। ਇਹ ਅੰਤਰਰਾਸ਼ਟਰੀ ਅਪਰਾਧ ਹੈ।”

ਯੂਨਾਨ ਦੇ ਸਮੁੰਦਰੀ ਮਾਮਲਿਆਂ ਅਤੇ ਟਾਪੂ ਨੀਤੀ ਮੰਤਰਾਲੇ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਫੁਟੇਜ ਦੀ ਜਾਂਚ ਮੌਜੂਦਾ ਸਮੇਂ ਦੇਸ਼ ਦੀ ਸੁਤੰਤਰ ਰਾਸ਼ਟਰੀ ਪਾਰਦਰਸ਼ਤਾ ਅਥਾਰਟੀ ਦੁਆਰਾ ਕੀਤੀ ਜਾ ਰਹੀ ਹੈ।

ਖੋਜੀ ਪੱਤਰਕਾਰ ਨੇ ਟਿੰਡਰ ਰਾਹੀਂ ਗੱਲ ਕੀਤੀ

ਸਾਮੋਸ ਟਾਪੂ ’ਤੇ ਰਹਿਣ ਵਾਲੀ ਇੱਕ ਖੋਜੀ ਪੱਤਰਕਾਰ ਨੇ ਸਾਡੇ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਡੇਟਿੰਗ ਐਪ ਟਿੰਡਰ ਜ਼ਰੀਏ ਯੂਨਾਨੀ ਵਿਸ਼ੇਸ਼ ਬਲਾਂ ਦੇ ਇੱਕ ਮੈਂਬਰ ਨਾਲ ਚੈਟਿੰਗ ਸ਼ੁਰੂ ਕੀਤੀ ਸੀ।

ਜਦੋਂ ਉਸ ਨੇ ਉਸ ਨੂੰ ‘ਜੰਗੀ ਜਹਾਜ਼’ ਤੋਂ ਫੋਨ ਕੀਤਾ, ਤਾਂ ਰੋਮੀ ਵੈਨ ਬਾਰਸਨ ਨੇ ਉਸ ਨੂੰ ਉਸ ਦੇ ਕੰਮ ਬਾਰੇ ਹੋਰ ਪੁੱਛਿਆ। ਉਨ੍ਹਾਂ ਨੇ ਇਹ ਵੀ ਪੁੱਛਿਆ ਕਿ ਜਦੋਂ ਉਸ ਦੀ ਸੈਨਾ ਨੇ ਇੱਕ ਸ਼ਰਨਾਰਥੀ ਕਿਸ਼ਤੀ ਦੇਖੀ ਤਾਂ ਕੀ ਹੋਇਆ।

ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ “ਉਨ੍ਹਾਂ ਨੂੰ ਵਾਪਸ ਭਜਾ ਦਿੰਦੇ ਹਨ’’ ਅਤੇ ਕਿਹਾ ਕਿ ਅਜਿਹੇ ਹੁਕਮ ‘‘ਮੰਤਰੀ ਦੇ’’ ਸਨ।

ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਉਹ ਕਿਸ਼ਤੀ ਨੂੰ ਰੋਕਣ ਵਿੱਚ ਅਸਫਲ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ।

ਯੂਨਾਨ ਨੇ ਹਮੇਸ਼ਾ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾਂ ਵੱਲੋਂ ਕਥਿਤ ਤੌਰ ’ਤੇ ‘ਲੋਕਾਂ ਨੂੰ ਵਾਪਸ ਭੇਜਿਆ’ ਜਾ ਰਿਹਾ ਹੈ।

ਪਰਵਾਸੀਆਂ ਲਈ ਮੁੱਖ ਰਾਹ

ਯੂਨਾਨ ਬਹੁਤ ਸਾਰੇ ਪਰਵਾਸੀਆਂ ਲਈ ਯੂਰਪ ਵਿੱਚ ਦਾਖ਼ਲ ਹੋਣ ਦਾ ਰਸਤਾ ਹੈ। ਪਿਛਲੇ ਸਾਲ ਯੂਰਪ ਵਿੱਚ 263,048 ਲੋਕ ਸਮੁੰਦਰੀ ਮਾਰਗ ਤੋਂ ਆਏ ਸਨ, ਜਿਨ੍ਹਾਂ ਵਿੱਚੋਂ 41,561 (16%) ਯੂਨਾਨ ਤੋਂ ਹੋ ਕੇ ਆਏ ਸਨ।

ਤੁਰਕੀ ਨੇ 2016 ਵਿੱਚ ਯੂਰਪੀ ਸੰਘ ਨਾਲ ਇੱਕ ਸਮਝੌਤੇ ’ਤੇ ਹਸਤਾਖਰ ਕੀਤੇ ਸਨ ਤਾਂ ਕਿ ਪਰਵਾਸੀਆਂ ਅਤੇ ਸ਼ਰਨਾਰਥੀਆਂ ਨੂੰ ਯੂਨਾਨ ਵਿੱਚ ਪ੍ਰਵੇਸ਼ ਕਰਨ ਤੋਂ ਰੋਕਿਆ ਜਾ ਸਕੇ, ਪਰ 2020 ਵਿੱਚ ਉਸ ਨੇ ਕਿਹਾ ਕਿ ਉਹ ਇਸ ਨੂੰ ਲਾਗੂ ਨਹੀਂ ਕਰ ਸਕਦਾ।

ਅਸੀਂ ਆਪਣੀ ਜਾਂਚ ਦੇ ਨਤੀਜਿਆਂ ਨੂੰ ਯੂਨਾਨੀ ਤੱਟ ਰੱਖਿਅਕ ਦੇ ਅੱਗੇ ਪੇਸ਼ ਕੀਤਾ। ਇਸ ਨੇ ਜਵਾਬ ਦਿੱਤਾ ਕਿ ਉਸ ਦੇ ਕਰਮਚਾਰੀਆਂ ਨੇ “ਬਹੁਤ ਹੀ ਪੇਸ਼ੇਵਰ ਤਰੀਕੇ ਨਾਲ, ਜ਼ਿੰਮੇਵਾਰੀ ਦੀ ਗਹਿਰੀ ਭਾਵਨਾ ਅਤੇ ਮਨੁੱਖੀ ਜੀਵਨ ਅਤੇ ਮੌਲਿਕ ਅਧਿਕਾਰਾਂ ਪ੍ਰਤੀ ਸਤਿਕਾਰ” ਨਾਲ ਅਣਥੱਕ ਕੰਮ ਕੀਤਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਉਹ “ਦੇਸ਼ ਦੀਆਂ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਦੀ ਪੂਰੀ ਤਰ੍ਹਾਂ ਪਾਲਣਾ ਕਰ ਰਹੇ ਹਨ।”

ਇਸ ਵਿੱਚ ਅੱਗੇ ਕਿਹਾ ਗਿਆ ਹੈ, “ਇਹ ਉਜਾਗਰ ਕੀਤਾ ਜਾਣਾ ਚਾਹੀਦਾ ਹੈ ਕਿ 2015 ਤੋਂ 2024 ਤੱਕ, ਹੇਲੇਨਿਕ ਕੋਸਟ ਗਾਰਡ ਨੇ ਸਮੁੰਦਰ ਵਿੱਚ 6,161 ਘਟਨਾਵਾਂ ਵਿੱਚ 250,834 ਸ਼ਰਨਾਰਥੀਆਂ/ਪਰਵਾਸੀਆਂ ਨੂੰ ਬਚਾਇਆ ਹੈ।”

‘‘ਇਸ ਮਿਸ਼ਨ ਦੇ ਅਮਲ ਨੂੰ ਕੌਮਾਂਤਰੀ ਭਾਈਚਾਰੇ ਵੱਲੋਂ ਸਕਾਰਾਤਮਕ ਤੌਰ ’ਤੇ ਮਾਨਤਾ ਦਿੱਤੀ ਗਈ ਹੈ।”

ਯੂਨਾਨੀ ਤੱਟ ਰੱਖਿਅਕਾਂ ਦੀ ਪਹਿਲਾਂ ਵੀ ਭੂ-ਮੱਧ ਸਾਗਰ ਵਿੱਚ ਇੱਕ ਦਹਾਕੇ ਵਿੱਚ ਸਭ ਤੋਂ ਵੱਡੇ ਪਰਵਾਸੀ ਸਮੁੰਦਰੀ ਜਹਾਜ਼ ਦੀ ਦੁਰਘਟਨਾ ਵਿੱਚ ਭੂਮਿਕਾ ਲਈ ਆਲੋਚਨਾ ਕੀਤੀ ਜਾ ਚੁੱਕੀ ਹੈ।

ਪਿਛਲੇ ਸਾਲ ਜੂਨ ਵਿੱਚ ਯੂਨਾਨ ਦੇ ਸੀਮਾ ਬਚਾਅ ਖੇਤਰ ਵਿੱਚ ਐਡਰੀਆਨਾ ਜਹਾਜ਼ ਦੇ ਡੁੱਬਣ ਨਾਲ 600 ਤੋਂ ਵੱਧ ਲੋਕਾਂ ਦੀ ਮੌਤ ਹੋਣ ਦਾ ਅਨੁਮਾਨ ਹੈ।

ਯੂਨਾਨ ਦੇ ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਕਿਸ਼ਤੀ ਵਿੱਚ ਕੋਈ ਸਮੱਸਿਆ ਨਹੀਂ ਸੀ ਅਤੇ ਉਹ ਸੁਰੱਖਿਅਤ ਢੰਗ ਨਾਲ ਇਟਲੀ ਜਾ ਰਹੀ ਸੀ, ਇਸ ਲਈ ਤੱਟ ਰੱਖਿਅਕਾਂ ਨੇ ਬਚਾਅ ਦੀ ਕੋਸ਼ਿਸ਼ ਨਹੀਂ ਕੀਤੀ।

ਐਡੀਸ਼ਨਲ ਰਿਪੋਰਟਿੰਗ: ਐਮਾ ਪੈਂਗਲੀ, ਬੀਬੀਸੀ ਵੈਰੀਫਾਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)