ਅਮਰੀਕਾ-ਮੈਕਸੀਕੋ ਸਰਹੱਦ 'ਤੇ ਪਰਵਾਸੀਆਂ ਨਾਲ ਭਰੀਆਂ ਰਹਿਣ ਵਾਲੀਆਂ ਗਲੀਆਂ 'ਤੇ 'ਸੁੰਨ ਪਸਰੀ', ਜਾਣੋ ਟਰੰਪ ਦੀ ਕਾਰਵਾਈ ਤੋਂ ਬਾਅਦ ਕੀ ਹੈ ਹਾਲ

ਤਸਵੀਰ ਸਰੋਤ, Getty Images
- ਲੇਖਕ, ਬਰਨਡ ਡੇਬੁਸਮਨ ਜੂਨੀਅਰ
- ਰੋਲ, ਬੀਬੀਸੀ ਪੱਤਰਕਾਰ
ਸ਼ਿਕਾਗੋ, ਲਾਸ ਏਂਜਲਸ ਅਤੇ ਪੋਰਟਲੈਂਡ ਵਿੱਚ ਇਮੀਗ੍ਰੇਸ਼ਨ ਬਾਰੇ ਹੁੰਦੀ ਬਹਿਸ ਸੜਕਾਂ ਤੱਕ ਪਹੁੰਚ ਗਈ ਹੈ। ਇੱਥੇ ਤਕਰੀਬਨ ਰੋਜ਼ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਇਮੀਗ੍ਰੇਸ਼ਨ ਏਜੰਟਾਂ ਦੀਆਂ ਗ੍ਰਿਫ਼ਤਾਰੀਆਂ ਵਧ ਰਹੀਆਂ ਹਨ।
ਪਰ ਅਮਰੀਕਾ-ਮੈਕਸੀਕੋ ਸਰਹੱਦ 'ਤੇ ਟੈਕਸਸ ਦੇ ਇੱਕ ਸ਼ਹਿਰ ਐਲ ਪਾਸੋ ਦੀਆਂ ਗ਼ਲੀਆਂ 'ਚ ਅਸਾਧਾਰਨ ਸ਼ਾਂਤੀ ਛਾਈ ਹੋਈ ਹੈ।
ਬੀਬੀਸੀ ਵੱਲੋਂ ਸਰਹੱਦ 'ਤੇ ਪਰਵਾਸੀ ਸੰਕਟ ਦੇ ਪ੍ਰਭਾਵ ਨੂੰ ਸਮਝਣ ਲਈ ਪਿਛਲੀ ਵਾਰ ਦੌਰਾ ਕਰਨ ਤੋਂ ਇੱਕ ਸਾਲ ਬਾਅਦ ਦੇਖਿਆ ਗਿਆ ਕਿ ਇਨ੍ਹਾਂ ਥਾਵਾਂ ਉੱਤੇ ਹਰ ਪਾਸੇ ਚੁੱਪ ਪਸਰੀ ਹੋਈ ਹੈ। ਇਹ ਉਹੀ ਥਾਵਾਂ ਹਨ ਜੋ ਕਦੇ ਪਰਵਾਸੀਆਂ ਨਾਲ ਭਰੀਆਂ ਹੋਈਆਂ ਹੁੰਦੀਆਂ ਸਨ।
ਕੁਝ ਸਾਲ ਪਹਿਲਾਂ ਤੱਕ ਤਕਰੀਬਨ 2,500 ਪਰਵਾਸੀ ਇੱਕ ਵਾਰ ਸ਼ਹਿਰ ਦੇ ਇਤਿਹਾਸਕ ਸੈਕਰਡ ਹਾਰਟ ਕੈਥੋਲਿਕ ਚਰਚ ਦੇ ਬਾਹਰ ਡੇਰਾ ਲਾਈ ਬੈਠੇ ਨਜ਼ਰ ਆਉਂਦੇ ਸਨ। ਬਹੁਤ ਸਾਰੇ ਲੋਕ ਦਾਨ ਕੀਤੇ ਕੰਬਲਾਂ ਲੈ ਕੇ ਸੜਕਾਂ 'ਤੇ ਖੜ੍ਹੇ ਹੁੰਦੇ ਸਨ ਅਤੇ ਸਥਾਨਕ ਚੈਰਿਟੀਆਂ ਵੱਲੋਂ ਵੰਡੇ ਜਾਣ ਵਾਲੇ ਭੋਜਨ ਅਤੇ ਪਾਣੀ ਦੀ ਉਡੀਕ ਕਰਦੇ ਦੇਖੇ ਜਾਂਦੇ ਸਨ।
ਹੁਣ, ਸਿਰਫ਼ ਕੁਝ ਕੁ ਲੋਕ ਹਨ ਪੈਰਿਸ਼ੀਅਨ ਚਰਚ ਦੇ ਅੰਦਰ-ਬਾਹਰ ਆਉਂਦੇ-ਜਾਂਦੇ ਦੇਖੇ ਜਾ ਸਕਦੇ ਹਨ।
ਇਹੀ ਗੱਲ ਨੇੜਲੇ ਪਾਰਕ ਅਤੇ ਸ਼ਹਿਰ ਭਰ ਦੇ ਆਸਰਾ-ਘਰਾਂ ਬਾਰੇ ਸੱਚ ਹੈ, ਜਿੱਥੇ ਪਰਵਾਸੀ ਕਦੇ ਜੰਗਲਾਂ ਅਤੇ ਮਾਰੂਥਲਾਂ ਵਿੱਚੋਂ ਲੰਘਣ ਜਾਂ ਲਾਤੀਨੀ ਅਮਰੀਕਾ ਤੋਂ ਸਰਹੱਦ ਤੱਕ ਆਪਣੀਆਂ ਲੰਬੀਆਂ ਯਾਤਰਾਵਾਂ ਦੌਰਾਨ ਹਿਰਾਸਤ ਵਿੱਚ ਲਏ ਜਾਣ, ਲੁੱਟੇ ਜਾਣ ਜਾਂ ਅਗਵਾ ਕੀਤੇ ਜਾਣ ਦੇ ਆਪਣੇ ਤਜ਼ਰਬਿਆਂ ਨੂੰ ਸਾਂਝਾ ਕਰਨ ਲਈ ਇਕੱਠੇ ਹੁੰਦੇ ਸਨ।
ਇਸ ਵੱਧਦੀ ਆਵਾਜਾਈ ਕਾਰਨ ਐਲ ਪਾਸੋ ਦੀ ਸਰਕਾਰ ਨੂੰ 2022 ਦੇ ਅਖੀਰ ਵਿੱਚ ਐਮਰਜੈਂਸੀ ਦੇ ਹਾਲਾਤ ਦਾ ਐਲਾਨ ਕਰਨਾ ਪਿਆ ਸੀ ਕਿਉਂਕਿ ਸਥਾਨਕ ਆਸਰਾ-ਘਰਾਂ ਦੀ ਸਮਰੱਥਾ ਤੋਂ ਵੱਧ ਲੋਕ ਆ ਗਏ ਸਨ।
ਸਰਹੱਦ ਉੱਤੇ ਗ਼ੈਰ-ਕਾਨੂੰਨੀ ਪਰਵਾਸੀਆਂ ਦੀ ਹਲਚਲ ਘਟੀ

ਤਸਵੀਰ ਸਰੋਤ, Getty Images
ਫਿਰ, ਜਦੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਜਨਵਰੀ ਵਿੱਚ ਸੱਤਾ ਵਿੱਚ ਆਏ ਤਾਂ ਉਨ੍ਹਾਂ ਦੀ ਜਿੱਤ ਪਿੱਛੇ ਉਨ੍ਹਾਂ ਦਾ ਸਰਹੱਦ 'ਤੇ ਗ਼ੈਰ-ਕਾਨੂੰਨੀ ਪਰਵਾਸ ਰੋਕਣ ਦਾ ਵਾਅਦਾ ਇੱਕ ਕਾਰਨ ਮੰਨਿਆ ਗਿਆ ਸੀ।
ਇਸ ਵਾਅਦੇ ਦਾ ਅਸਰ ਹੋਇਆ, ਟਰੰਪ ਦੇ ਆਉਣ ਤੋਂ ਬਾਅਦ ਐਲ ਪਾਸੋ ਵਿੱਚ ਪਰਵਾਸੀਆਂ ਦੇ ਆਉਣ ਦੀ ਰਫ਼ਤਾਰ ਹੌਲੀ ਹੋ ਗਈ।
ਇਹ ਇੱਕ ਅਜਿਹਾ ਰੁਝਾਨ ਹੈ ਜੋ ਕੈਲੀਫੋਰਨੀਆ ਦੇ ਪ੍ਰਸ਼ਾਂਤ ਤੱਟ ਤੋਂ ਟੈਕਸਸ ਦੀ ਖਾੜੀ ਤੱਟ ਤੱਕ 1,900-ਮੀਲ (3,145 ਕਿਲੋਮੀਟਰ) ਲੰਬੀ ਸਰਹੱਦ 'ਤੇ ਕਈ ਸਾਲਾਂ ਤੋਂ ਜਾਰੀ ਸੀ।
ਸਰਹੱਦ ਪਾਰ ਕਰਨ ਵਾਲਿਆਂ ਨੂੰ ਹਿਰਾਸਤ ਵਿੱਚ ਲਏ ਜਾਣ ਦੇ ਅੰਕੜੇ ਇਸ ਵਾਰ 50 ਸਾਲਾਂ ਦੇ ਇਤਿਹਾਸ ਦੇ ਹੇਠਲੇ ਪੱਧਰ 'ਤੇ ਹਨ।
ਸਿਰਫ਼ ਸਤੰਬਰ ਵਿੱਚ (ਆਖਰੀ ਮਹੀਨਾ ਜਿਸ ਦਾ ਪੂਰਾ ਡਾਟਾ ਉਪਲਬਧ ਹੈ) ਅਮਰੀਕਾ-ਮੈਕਸੀਕੋ ਸਰਹੱਦ ਦੇ ਨਾਲ 11,647 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਜਦਕਿ ਸਤੰਬਰ 2024 ਵਿੱਚ ਇਹ ਗਿਣਤੀ 1,01,000 ਅਤੇ 2023 ਵਿੱਚ ਇਸੇ ਮਹੀਨੇ 2,69,700 ਸੀ।
ਇੱਕ ਵਲੰਟੀਅਰ ਨੈੱਟਵਰਕ, ਐਨਨਸੀਏਸ਼ਨ ਹਾਊਸ ਕਦੇ ਪੂਰੇ ਇਲਾਕੇ ਵਿੱਚ 22 ਆਸਰਾ-ਘਰ ਚਲਾਉਂਦਾ ਸੀ ਅਤੇ ਭਵਿੱਖ ਵਿੱਚ ਅਕਸਰ ਸਾਲਾਂ ਲਈ ਅਦਾਲਤ ਦੀਆਂ ਤਰੀਕਾਂ ਦੀ ਉਡੀਕ ਕਰਨ ਲਈ ਅਮਰੀਕਾ ਵਿੱਚ ਪੈਰੋਲ ਕੀਤੇ ਗਏ ਹਜ਼ਾਰਾਂ ਪਰਵਾਸੀਆਂ ਨੂੰ ਵੱਡੇ ਪੱਧਰ 'ਤੇ ਸੇਵਾਵਾਂ ਮੁਹੱਈਆ ਕਰਦਾ ਸੀ।
ਹੁਣ ਉਸ ਦੇ ਸਿਰਫ਼ ਦੋ ਆਸਰਾ ਘਰ ਚੱਲਦੇ ਹਨ।
ਪਰਵਾਸੀਆਂ ਦੀ ਘੱਟੀ ਗਿਣਤੀ

ਤਸਵੀਰ ਸਰੋਤ, Getty Images
ਗ਼ੈਰ-ਕਾਨੂੰਨੀ ਪਰਵਾਸੀਆਂ ਦੀ ਗਿਣਤੀ ਹਰ ਦਿਨ ਘੱਟ ਰਹੀ ਹੈ ਹੁਣ ਮਹਿਜ਼ 15 ਤੋਂ 20 ਪਰਵਾਸੀ ਸਰਹੱਦ ਪਾਰ ਕਰਦੇ ਹਨ।
ਐਨਨਸੀਏਸ਼ਨ ਹਾਊਸ ਦੇ ਡਾਇਰੈਕਟਰ ਰੂਬੇਨ ਗਾਰਸੀਆ ਨੇ ਬੀਬੀਸੀ ਨੂੰ ਦੱਸਿਆ, "ਸਾਡੇ ਕੋਲ ਅਜਿਹੇ ਲੋਕ ਹਨ ਜੋ ਸਰਹੱਦ ਜ਼ਰੀਏ ਦੇਸ਼ ਵਿੱਚ ਦਾਖ਼ਲ ਹੋਏ ਸਨ ਅਤੇ ਉਨ੍ਹਾਂ ਨੂੰ ਰੁਜ਼ਗਾਰ ਅਧਿਕਾਰ ਜਾਂ ਅਸਥਾਈ ਸੁਰੱਖਿਅਤ ਦਰਜਾ ਦਿੱਤਾ ਗਿਆ ਸੀ, ਜੋ ਟਰੰਪ ਪ੍ਰਸ਼ਾਸਨ ਨੇ ਖੋਹ ਲਿਆ ਹੈ ਅਤੇ ਹੁਣ ਉਨ੍ਹਾਂ ਦੀਆਂ ਰੁਜ਼ਗਾਰ ਦੀਆਂ ਅਰਜ਼ੀਆਂ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।"
ਉਨ੍ਹਾਂ ਨੇ ਅੱਗੇ ਕਿਹਾ ਕਿ ਹੋਰਨਾਂ ਨੂੰ ਸਿਰਫ਼ ਰਹਿਣ ਲਈ ਜਗ੍ਹਾ ਦੀ ਜ਼ਰੂਰਤ ਹੈ ਤਾਂ ਜੋ "ਉਹ ਦੇਸ਼ ਛੱਡਣ ਦਾ ਪ੍ਰਬੰਧ ਕਰ ਸਕਣ।
ਸਰਹੱਦ ਦੇ ਨਾਲ ਰਹਿਣ ਵਾਲੇ ਕੁਝ ਲੋਕਾਂ ਲਈ, ਨਵੀਂ ਪ੍ਰਣਾਲੀ ਰਾਹਤ ਵਜੋਂ ਆਈ ਹੈ।
ਮੂਲ ਰੂਪ ਵਿੱਚ ਮੈਕਸੀਕੋ ਦੇ ਡੇਮੇਸੀਓ ਗੁਰੇਰੋ ਨੇ ਕਿਹਾ ਕਿ ਬਾਈਡਨ ਪ੍ਰਸ਼ਾਸਨ ਦੌਰਾਨ ਸਰਹੱਦ 'ਤੇ ਹਰ ਪਾਸੇ ਹਫੜਾ-ਦਫੜੀ ਰਹਿੰਦੀ ਸੀ।
ਫਿਲਹਾਲ ਗੁਰੇਰੋ ਪੂਰਬੀ ਟੈਕਸਸ ਵਿੱਚ ਰਹਿੰਦੇ ਹਨ ਹਨ।
ਉਹ ਕਹਿੰਦੇ ਹਨ, "ਸਰਹੱਦ ਦੇ ਨਾਲ ਹਰ ਜਗ੍ਹਾ ਔਰਤਾਂ, ਬੱਚੇ ਅਤੇ ਬਜ਼ੁਰਗ ਨਜ਼ਰ ਆਉਂਦੇ ਸਨ। ਇਹ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਸੀ।"
"ਉਹ ਹਫੜਾ-ਦਫੜੀ ਹੁਣ ਖ਼ਤਮ ਹੋ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਕਿਉਂਕਿ ਟਰੰਪ ਕੋਲ ਸਮੱਸਿਆ ਨੂੰ ਕਿਵੇਂ ਹੱਲ ਕਰਨਾ ਹੈ ਇਸਦਾ ਇੱਕ ਦ੍ਰਿਸ਼ਟੀਕੋਣ ਸੀ ਅਤੇ ਉਸ ਨੇ ਅਜਿਹਾ ਕੀਤਾ ਵੀ। ਉਸਨੇ ਉਹ ਕੀਤਾ ਜੋ ਉਸ ਨੂੰ ਕਰਨਾ ਸੀ ਤੇ ਜਿੱਥੇ ਕਰਨ ਦੀ ਲੋੜ ਸੀ।
ਪ੍ਰਸ਼ਾਸਨਿਕ ਅਧਿਕਾਰੀਆਂ ਦਾ ਦਾਅਵਾ ਹੈ ਕਿ ਲਗਾਤਾਰ ਛੇ ਮਹੀਨਿਆਂ ਤੋਂ ਇੱਕ ਵੀ ਗ਼ੈਰ-ਦਸਤਾਵੇਜ਼ੀ ਪਰਵਾਸੀ ਜਿਸਨੂੰ ਗ੍ਰਿਫਤਾਰ ਕੀਤਾ ਗਿਆ ਹੋਵੇ, ਉਸ ਨੂੰ ਅਮਰੀਕਾ ਵਿੱਚ ਰਿਹਾਅ ਨਹੀਂ ਕੀਤਾ ਗਿਆ।
ਅਧਿਕਾਰੀਆਂ ਮੁਤਾਬਕ , ਬਹੁਤਿਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ, ਜਦੋਂ ਕਿ ਦੂਜੇ ਇਮੀਗ੍ਰੇਸ਼ਨ ਹਿਰਾਸਤ ਵਿੱਚ ਹਨ।
ਟਰੰਪ ਦਾ ਵਾਅਦਾ ਅਤੇ ਸਰਹੱਦ ਉੱਤੇ ਕੰਟਰੋਲ

ਤਸਵੀਰ ਸਰੋਤ, Getty Images
ਬਾਰਡਰ ਜ਼ਾਰ ਟੌਮ ਹੋਮਨ ਅਤੇ ਹੋਮਲੈਂਡ ਸਿਕਿਓਰਿਟੀ ਸੈਕਟਰੀ ਕ੍ਰਿਸਟੀ ਨੋਏਮ ਅਕਸਰ ਐਲਾਨ ਕਰਦੇ ਹਨ ਕਿ, ਅਮਰੀਕੀ ਇਤਿਹਾਸ ਵਿੱਚ ਪਹਿਲੀ ਵਾਰ ਸਰਕਾਰ ਕੋਲ ਸਰਹੱਦ 'ਤੇ ਪੂਰਾ ਕਾਰਜਸ਼ੀਲ ਨਿਯੰਤਰਣ ਹੈ।
ਵ੍ਹਾਈਟ ਹਾਊਸ ਲਈ ਅੰਕੜੇ ਇੱਕ ਜਿੱਤ ਨੂੰ ਦਰਸਾਉਂਦੇ ਹਨ।
ਇਹ ਇੱਕ ਚੋਣ ਮੁਹਿੰਮ ਦੇ ਵਾਅਦੇ ਨੂੰ ਪੂਰਾ ਕਰਦੇ ਹੋਏ ਜਿਸ ਵਾਅਦੇ ਦਾ ਰਾਸ਼ਟਰਪਤੀ ਨੇ ਖ਼ੁਦ ਪ੍ਰਚਾਰ ਕੀਤਾ ਸੀ ਅਤੇ ਜਿਸ ਕਾਰਨ ਉਹ ਦੂਜੇ ਕਾਰਜਕਾਲ ਲਈ ਵ੍ਹਾਈਟ ਹਾਊਸ ਵਾਪਸ ਆਏ। ਇਹ ਉਹ ਸਮਾਂ ਸੀ ਜਦੋਂ ਅਮਰੀਕੀ ਚਿੰਤਾ ਵਿੱਚ ਸਨ ਕਿ ਜੋਅ ਬਾਈਡਨ ਸਰਹੱਦ ਉੱਤੇ ਕੰਟਰੋਲ ਗੁਆ ਚੁੱਕੇ ਹਨ।
ਵ੍ਹਾਈਟ ਹਾਊਸ ਦੇ ਬੁਲਾਰੇ ਅਬੀਗੈਲ ਜੈਕਸਨ ਨੇ ਬੀਬੀਸੀ ਨੂੰ ਦੱਸਿਆ, "ਹੁਣ ਤੱਕ ਇਹ ਰਣਨੀਤੀ ਬਹੁਤ ਸਫ਼ਲ ਸਾਬਤ ਹੋਈ ਹੈ।"
"ਅਸੀਂ ਬਾਈਡਨ ਪ੍ਰਸ਼ਾਸਨ ਦੀਆਂ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਪੱਖੀ ਨੀਤੀਆਂ ਨੂੰ ਰੱਦ ਕਰ ਰਹੇ ਹਾਂ ਜਿਨ੍ਹਾਂ ਨੇ ਅਣਗਿਣਤ ਗ਼ੈਰ-ਕਾਨੂੰਨੀ ਲੋਕਾਂ ਨੂੰ ਦੇਸ਼ ਵਿੱਚ ਆਉਣ ਦਿੱਤਾ। ਅਸੀਂ ਸਰਹੱਦ ਨੂੰ ਸੁਰੱਖਿਅਤ ਕਰ ਲਿਆ ਹੈ।"
ਘੱਟ ਅੰਕੜਿਆਂ ਦੇ ਕਾਰਨ, ਜੋ ਕਿ ਬਾਈਡਨ ਦੇ ਪਿਛਲੇ ਸਾਲ ਦੇ ਕਾਰਜਕਾਲ ਵਿੱਚ ਡਿੱਗਣੇ ਸ਼ੁਰੂ ਹੋਏ ਸਨ ਅਤੇ ਟਰੰਪ ਦੇ ਅਧੀਨ ਤੇਜ਼ੀ ਨਾਲ ਡਿੱਗੇ ਇਸ ਵਰਤਾਰੇ ਨੂੰ ਸਮਝਣਾ ਗੁੰਝਲਦਾਰ ਹਨ।
ਅਧਿਕਾਰੀ ਅਤੇ ਮਾਹਰ ਕਈ ਕਾਰਕਾਂ ਵੱਲ ਇਸ਼ਾਰਾ ਕਰਦੇ ਹਨ, ਜਿਸ ਵਿੱਚ ਮੈਕਸੀਕੋ ਵੱਲੋਂ ਉੱਤਰ ਵੱਲ ਪਰਵਾਸੀਆਂ ਦੀ ਆਮਦ 'ਤੇ ਸਖ਼ਤ ਕਾਰਵਾਈ, ਜ਼ਿਆਦਾਤਰ ਮਾਨਵਤਾਵਾਦੀ ਪੈਰੋਲ ਪ੍ਰੋਗਰਾਮਾਂ ਦਾ ਅੰਤ, ਬਹੁਤ ਸਖ਼ਤ ਸ਼ਰਨ ਪਾਬੰਦੀਆਂ ਅਤੇ ਅਮਰੀਕੀ ਫੌਜ ਦੀ ਮਦਦ ਨਾਲ ਵਧੀ ਹੋਈ ਨਿਗਰਾਨੀ ਸ਼ਾਮਲ ਹੈ।
ਕੁਝ ਲੋਕਾਂ ਨੇ ਇਸ ਨੂੰ ਰਾਹਤ ਵੀ ਦੱਸਿਆ

ਤਸਵੀਰ ਸਰੋਤ, Getty Images
ਅਮਰੀਕਾ ਦੇ ਅੰਦਰੂਨੀ ਹਿੱਸਿਆਂ ਵਿੱਚ ਟਰੰਪ ਦੀ ਦੇਸ਼ ਨਿਕਾਲੇ ਦੀ ਮੁਹਿੰਮ ਨੇ ਵੀ ਸੰਭਾਵੀ ਪਰਵਾਸੀਆਂ ਲਈ ਇੱਕ ਰੁਕਾਵਟ ਵਜੋਂ ਕੰਮ ਕੀਤਾ ਹੈ।
ਇੱਕ ਗ਼ੈਰ-ਦਸਤਾਵੇਜ਼ੀ ਪਰਵਾਸੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ, "ਬਹੁਤੇ ਲੋਕ ਸਰਹੱਦ ਪਾਰ ਨਹੀਂ ਕਰ ਰਹੇ ਹਨ ਅਤੇ ਬਹੁਤੇ ਕੋਸ਼ਿਸ਼ ਵੀ ਨਹੀਂ ਕਰ ਰਹੇ ਹਨ।"
"ਬਾਈਡਨ ਦੇ ਕਾਲ ਦੌਰਾਨ ਲੋਕਾਂ ਨੂੰ ਪਤਾ ਸੀ ਕਿ ਦੇਰ-ਸਵੇਰ ਉਹ ਸਰਹੱਦ ਪਾਰ ਕਰ ਕੇ ਵਸਣ ਦੇ ਯੋਗ ਹੋ ਜਾਣਗੇ। ਹੁਣ ਅਜਿਹਾ ਨਹੀਂ ਹੈ।"
ਐਲ ਪਾਸੋ ਵਿੱਚ ਰਹਿਣ ਵਾਲੇ ਕੁਝ ਟਰੰਪ ਸਮਰਥਕਾਂ ਨੇ ਕਿਹਾ ਕਿ ਕਈ ਵਾਰ ਉਨ੍ਹਾਂ ਨੂੰ ਆਪਣੀ ਸੁਰੱਖਿਆ ਲਈ ਚਿੰਤਾ ਹੁੰਦੀ ਸੀ ਅਤੇ ਉਨ੍ਹਾਂ ਨੇ ਬਾਈਡਨ ਪ੍ਰਸ਼ਾਸਨ 'ਤੇ ਅਜਿਹਾ ਮਾਹੌਲ ਬਣਾਉਣ ਦਾ ਇਲਜ਼ਾਮ ਲਗਾਇਆ ਜੋ ਸਥਾਨਕ ਨਿਵਾਸੀਆਂ ਅਤੇ ਪਰਵਾਸੀ ਦੋਵਾਂ ਨੂੰ ਖ਼ਤਰੇ ਵਿੱਚ ਪਾਉਂਦਾ ਹੈ।
ਜੀਵਨ ਭਰ ਐਲ ਪਾਸੋ ਵਿੱਚ ਰਹਿਣ ਵਾਲੀ ਅਤੇ ਗ੍ਰੇਟਰ ਐਲ ਪਾਸੋ ਰਿਪਬਲਿਕਨ ਵੂਮੈਨ ਦੀ ਪ੍ਰਧਾਨ ਲੋਰੀ ਰੈਂਡਾਜ਼ੋ ਨੇ ਕਿਹਾ, "ਅਸੀਂ ਹੁਣ ਬਾਹਰ ਜਾਣ ਵਿੱਚ ਸਹਿਜ ਮਹਿਸੂਸ ਨਹੀਂ ਕਰਦੇ ਸੀ। ਇਸ ਤੋਂ ਪਹਿਲਾਂ ਜਿਵੇਂ ਹੀ ਬਾਈਡਨ ਨੇ ਅਹੁਦਾ ਸੰਭਾਲਿਆ, ਸਭ ਕੁਝ ਖ਼ਰਾਬ ਹੋ ਗਿਆ ਸੀ।"
ਉਹ ਕਹਿੰਦੇ ਹਨ, "ਅਜਿਹਾ ਨਹੀਂ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਪਰਵਾਸੀ ਆਉਣ ਪਰ ਸਹੀ ਤਰੀਕੇ ਨਾਲ ਆਉਣ, ਜੋ ਕੰਮ ਕਰਨਾ ਚਾਹੁੰਦੇ ਹਨ।"
ਐਲ ਪਾਸੋ ਦੇ ਰਹਿਣ ਵਾਲੇ ਅਤੇ ਸਥਾਨਕ ਰਿਪਬਲਿਕਨ ਕਾਂਗਰਸਮੈਨ ਦੀ ਸਾਬਕਾ ਸਹਾਇਕ, ਐਲਿਜ਼ਾਬੈਥ ਐਮੀ ਪੋਸਾਡਾ ਨੇ ਕਿਹਾ ਕਿ 'ਹਰ ਪਾਸੇ ਮੌਤ ਦਾ ਖ਼ਤਰਾ' ਹੁੰਦਾ ਸੀ।
ਉਨ੍ਹਾਂ ਨੇ ਮਾਰੂਥਲ ਜਾਂ ਰੀਓ ਗ੍ਰਾਂਡੇ ਵਿੱਚ ਮਰਨ ਵਾਲੇ ਪਰਵਾਸੀਆਂ ਅਤੇ ਕਾਰਟੈਲਾਂ ਦਾ ਸ਼ਿਕਾਰ ਹੋਣ ਵਾਲਿਆਂ ਦਾ ਹਵਾਲਾ ਦਿੱਤਾ।
"ਹਰ ਕਿਸੇ ਨੂੰ ਇਸ (ਸਰਹੱਦੀ ਸੁਰੱਖਿਆ) ਬਾਰੇ ਖੁਸ਼ ਹੋਣਾ ਚਾਹੀਦਾ ਹੈ, ਭਾਵੇਂ ਇਸ ਪਿੱਛੇ ਸਿਆਸੀ ਕਾਰਨ ਕੁਝ ਵੀ ਹੋਵੇ।"
ਕੁਝ ਲੋਕ ਵੱਖਰਾ ਰੁਖ਼ ਰੱਖਦੇ ਹਨ

ਤਸਵੀਰ ਸਰੋਤ, Getty Images
ਪਰ ਦੂਜਿਆਂ ਲਈ ਟਰੰਪ ਦੀ ਸਰਹੱਦੀ ਸੁਰੱਖਿਆ ਮੁਹਿੰਮ ਮਿਲੀਆਂ-ਜੁਲੀਆਂ ਭਾਵਨਾਵਾਂ ਰੱਖਦੀ ਹੈ।
ਬਹੁਤ ਸਾਰੇ ਸਥਾਨਕ ਰੂੜੀਵਾਦੀ ਪਰਵਾਸੀਆਂ ਦੀ ਦੁਰਦਸ਼ਾ ਪ੍ਰਤੀ ਹਮਦਰਦੀ ਭਰਿਆ ਰੁਖ਼ ਰੱਖਦੇ ਹਨ।
ਕੁਝ ਹੋਰ ਸਥਾਨਕ ਲੋਕ, ਜੋ ਟਰੰਪ ਦੇ ਸਖ਼ਤ ਵਿਰੋਧ ਵਿੱਚ ਹਨ ਦਾ ਕਹਿਣਾ ਹੈ ਕਿ ਉਹ ਮਜ਼ਬੂਤ ਸਰਹੱਦੀ ਸੁਰੱਖਿਆ ਦੀ ਜ਼ਰੂਰਤ ਨੂੰ ਸਮਝਦੇ ਹਨ ਅਤੇ ਸੰਘੀ ਅਧਿਕਾਰੀਆਂ ਵੱਲੋਂ ਆਪਣੇ ਭਾਈਚਾਰਿਆਂ ਵਿੱਚ ਨਿਭਾਈ ਜਾਣ ਵਾਲੀ ਅਹਿਮ ਭੂਮਿਕਾ ਨੂੰ ਪਛਾਣਦੇ ਹਨ।
ਲਾਸ ਅਮਰੀਕਾ ਇਮੀਗ੍ਰੈਂਟ ਐਡਵੋਕੇਸੀ ਸੈਂਟਰ ਦੀ ਕਾਰਜਕਾਰੀ ਨਿਰਦੇਸ਼ਕ ਮਾਰੀਸਾ ਲਿਮਨ ਗਾਰਜ਼ਾ ਇੱਕ ਐਲ ਪਾਸੋ ਗੈਰ-ਮੁਨਾਫ਼ਾ ਸੰਸਥਾ ਹੈ ਜੋ ਪਰਵਾਸੀਆਂ ਅਤੇ ਸ਼ਰਨਾਰਥੀਆਂ ਨੂੰ ਮੁਫਤ ਅਤੇ ਘੱਟ ਕੀਮਤ ਵਾਲੀਆਂ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਦੀ ਹੈ।
ਉਨ੍ਹਾਂ ਕਿਹਾ, "ਅਸੀਂ ਇੱਥੇ ਬਿਲਕੁਲ ਸਲੇਟੀ ਖੇਤਰ ਵਿੱਚ ਰਹਿੰਦੇ ਹਾਂ।"

ਤਸਵੀਰ ਸਰੋਤ, Getty Images
ਗਾਰਜ਼ਾ ਮੁਤਾਬਕ, ਲੰਬੇ ਸਮੇਂ ਤੋਂ ਰਹਿ ਰਹੇ ਸਥਾਨਕ ਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢੇ ਜਾਣ ਦੀ ਸੰਭਾਵਨਾ ਖ਼ਾਸ ਤੌਰ 'ਤੇ ਸਰਹੱਦੀ ਇਲਾਕਿਆਂ ਵਿੱਚ ਰਹਿਣ ਵਾਲਿਆਂ ਲਈ ਪਰੇਸ਼ਾਨ ਕਰਨ ਵਾਲੀ ਹੈ। ਇਨ੍ਹਾਂ ਵਿੱਚੋਂ ਬਹੁਤਿਆਂ ਦੇ ਪਰਿਵਾਰ ਸਰਹੱਦ ਦੇ ਦੋਵੇਂ ਪਾਸੇ ਹਨ ਜਾਂ ਉਹ ਪਰਵਾਸੀ ਪਰਿਵਾਰਾਂ ਤੋਂ ਆਉਂਦੇ ਹਨ ਜੋ ਕਈ ਪੀੜ੍ਹੀਆਂ ਪਹਿਲਾਂ ਅਮਰੀਕਾ ਆਏ ਸਨ।
ਜਦੋਂ ਕਿ ਟਰੰਪ ਅਤੇ ਹੋਰ ਅਧਿਕਾਰੀਆਂ ਨੇ ਵਾਰ-ਵਾਰ ਕਿਹਾ ਹੈ ਕਿ ਇਮੀਗ੍ਰੇਸ਼ਨ ਅਧਿਕਾਰੀ ਸਿਰਫ਼ 'ਭੈੜੇ ਤੋਂ ਭੈੜੇ' ਪਰਵਾਸੀਆਂ ਦਾ ਪਿੱਛਾ ਕਰ ਰਹੇ ਹਨ, ਅੰਕੜੇ ਦਰਸਾਉਂਦੇ ਹਨ ਕਿ ਅਜਿਹਾ ਨਹੀਂ ਹੈ।
ਟ੍ਰਾਂਜੈਕਸ਼ਨਲ ਰਿਕਾਰਡਸ ਐਕਸੈਸ ਕਲੀਅਰਿੰਗਹਾਊਸ, ਜੋ ਇਮੀਗ੍ਰੇਸ਼ਨ ਡਾਟਾ ਨੂੰ ਟਰੈਕ ਕਰਦਾ ਹੈ ਨੇ ਪਾਇਆ ਕਿ ਸਤੰਬਰ ਦੇ ਅੰਤ ਵਿੱਚ ਫੜੇ ਗਏ ਤਕਰੀਬਨ 60,000 ਲੋਕਾਂ ਵਿੱਚੋਂ 70 ਫ਼ੀਸਦ ਤੋਂ ਵੱਧ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ। ਬਹੁਤ ਸਾਰੇ ਸਾਲਾਂ ਤੋਂ ਦੇਸ਼ ਵਿੱਚ ਰਹਿ ਰਹੇ ਹਨ।

ਤਸਵੀਰ ਸਰੋਤ, Getty Images
ਗਾਰਜ਼ਾ ਨੇ ਟਰੰਪ ਨੂੰ ਵੋਟ ਪਾਉਣ ਵਾਲੇ ਸਥਾਨਕ ਲੋਕਾਂ ਦਾ ਹਵਾਲਾ ਦਿੰਦੇ ਹੋਏ ਕਿਹਾ,"ਹੁਣ ਅਸੀਂ ਜੋ ਸੱਚ ਜਾਣਦੇ ਹਾਂ ਉਹ ਇਹ ਹੈ ਕਿ ਕੁਝ ਲੋਕ ਜਦੋਂ ਸਵੇਰੇ ਜਾਗਦੇ ਹਨ ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ।"
"ਇਹ ਅਹਿਸਾਸ ਕਰਦੇ ਹੋਏ ਕਿ ਉਨ੍ਹਾਂ ਨੇ ਆਪਣੇ ਪਰਿਵਾਰਾਂ, ਆਪਣੇ ਅਜ਼ੀਜ਼ਾਂ ਅਤੇ ਆਪਣੇ ਗੁਆਂਢੀਆਂ ਨਾਲ ਧੋਖਾ ਕੀਤਾ ਹੈ ਅਤੇ ਹੁਣ ਉਨ੍ਹਾਂ ਨੂੰ ਇਸ ਨਾਲ ਜੂਝਣਾ ਪੈ ਰਿਹਾ ਹੈ।"
ਅਮਰੀਕੀ ਫੌਜ ਦੇ 29 ਸਾਲਾ ਤਜਰਬੇਕਾਰ ਅਤੇ ਰਿਓ ਗ੍ਰਾਂਡੇ ਸਿਟੀ ਵਿੱਚ ਰਹਿਣ ਵਾਲੇ ਰਿਪਬਲਿਕਨ ਰੌਸ ਬੈਰੇਰਾ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਛੋਟੇ ਸਰਹੱਦੀ ਭਾਈਚਾਰੇ ਦੇ ਜ਼ਿਆਦਾਤਰ ਲੋਕ ਮਜ਼ਬੂਤ ਸਰਹੱਦੀ ਸੁਰੱਖਿਆ ਦੇ ਹੱਕ ਵਿੱਚ ਹਨ, ਕਿਉਂਕਿ ਅਮਰੀਕਾ ਅਤੇ ਮੈਕਸੀਕਨ ਸ਼ਹਿਰਾਂ ਵਿੱਚ ਕਾਨੂੰਨੀ ਯਾਤਰਾ ਅਤੇ ਵਪਾਰ ਬੇਰੋਕ ਜਾਰੀ ਹੈ।
ਪਰ ਬਰੇਰਾ ਨੇ ਅੱਗੇ ਕਿਹਾ ਕਿ ਅਮਰੀਕਾ ਭਰ ਵਿੱਚ ਸਖ਼ਤ ਇਮੀਗ੍ਰੇਸ਼ਨ ਲਾਗੂ ਕਰਨ ਵਾਲੇ ਛਾਪਿਆਂ ਦੀਆਂ ਹਕੀਕੀ ਕਾਰਵਾਈਆਂ 'ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨ' ਕਰਦੀਆਂ ਹਨ ਅਤੇ ਟਕਰਾਅ ਪੈਦਾ ਕਰਦੀਆਂ ਹਨ।
ਉਨ੍ਹਾਂ ਨੇ ਕਿਹਾ, "ਇਹ ਮੈਨੂੰ ਵੀ ਪਰੇਸ਼ਾਨ ਕਰਦਾ ਹੈ।"
"ਉਹ ਇਨਸਾਨ ਹਨ। ਇਹ ਲੋਕਾਂ ਨੂੰ ਪਰੇਸ਼ਾਨ ਕਰਦਾ ਹੈ ਕਿ 20 ਸਾਲਾਂ ਤੋਂ ਇੱਥੇ ਰਹਿ ਰਹੀ ਔਰਤ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ, ਜਾਂ 40 ਸਾਲਾਂ ਤੋਂ ਇੱਥੇ ਰਹਿ ਰਹੇ ਕਿਸੇ ਬਜ਼ੁਰਗ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ।"
ਕੁਝ ਲੋਕ ਵੱਖਰੀ ਸੋਚ ਰੱਖਦੇ ਹਨ।
ਜੈਸੀ ਫੁਏਂਟੇਸ ਈਗਲ ਪਾਸ ਵਿੱਚ ਇੱਕ ਕਾਰਕੁਨ ਹੈ, ਇੱਕ ਹੋਰ ਕਸਬਾ ਹੈ ਜੋ 2023 ਦੇ ਮੱਧ ਵਿੱਚ ਅਮਰੀਕਾ ਦੀ ਸਰਹੱਦੀ ਲੜਾਈ ਦੇ ਵਿਚਕਾਰ ਸੀ।
ਉਨ੍ਹਾਂ ਕਿਹਾ, "ਬਹੁਤ ਸਾਰੇ ਲੋਕ ਅਜਿਹੇ ਹਨ ਜੋ ਵੋਟ ਪਾਉਣ ਦੇ ਤਰੀਕੇ ਬਾਰੇ ਅਲੱਗ ਵਿਚਾਰ ਰੱਖਦੇ ਹਨ। ਪਰ ਲੋਕ ਕੁਝ ਵੀ ਕਹਿਣ ਜਾਂ ਕਰਨ ਤੋਂ ਡਰਦੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












