'ਮੁਆਫ਼ੀ ਦਾ ਟਾਈਮ ਤਾਂ ਲੰਘ ਗਿਆ ਹੈ, ਜੇ ਮੁਆਫ਼ੀ ਮੰਗਣੀ ਸੀ ਤਾਂ ਉਸ ਦਿਨ ਮੰਗਦੀ', ਬਠਿੰਡਾ ਕੋਰਟ ਵਿੱਚ ਕੰਗਨਾ ਦੀ 'ਮੁਆਫ਼ੀ' 'ਤੇ ਕੀ ਬੋਲੇ ਮਹਿੰਦਰ ਕੌਰ

"ਮੁਆਫ਼ੀ ਦਾ ਟਾਈਮ ਤਾਂ ਚਾਰ ਸਾਲ ਹੋ ਗਏ, ਲੰਘ ਗਿਆ ਹੈ। ਜੇ ਮੁਆਫ਼ੀ ਮੰਗਣੀ ਸੀ ਤਾਂ ਉਸ ਦਿਨ ਮੰਗਦੀ। ਉਹ ਤਾਂ ਪੂਰਾ ਯਤਨ ਕਰ ਕੇ ਹਟੀ ਹੈ। ਚੰਡੀਗੜ੍ਹ ਗਈ, ਫਿਰ ਦਿੱਲੀ ਕੋਸ਼ਿਸ਼ ਕੀਤੀ, ਉਥੋਂ ਹਾਰ ਗਈ ਤਾਂ ਫਿਰ ਉਥੋਂ ਜਦੋਂ ਕਿਹਾ ਕਿ ਬਠਿੰਡੇ ਜਾ, ਤਾਂ ਆਈ ਹੈ।"

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੇਬੇ ਮਹਿੰਦਰ ਕੌਰ ਨੇ ਕੰਗਨਾ ਵੱਲੋਂ ਕੋਰਟ ਵਿੱਚ ਪੇਸ਼ੀ ਤੋਂ ਬਾਅਦ ਬੀਬੀਸੀ ਪੰਜਾਬੀ ਨਾਲ ਕੀਤਾ।

ਬੀਬੀਸੀ ਸਹਿਯੋਗੀ ਰਾਜੇਸ਼ ਗੋਲਡੀ ਨਾਲ ਮਹਿੰਦਰ ਕੌਰ ਨੇ ਕੰਗਨਾ ਦੇ ਬਿਆਨ ਉੱਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ, "ਸਾਡੀ ਤਾਂ ਉਹ ਨਿੰਦਾ ਕਰਦੀ ਸੀ, ਵਡਿਆਈ ਤਾਂ ਸਰਕਾਰਾਂ ਦੀ ਕਰਦੀ ਸੀ। ਪਹਿਲਾਂ ਫਿਲਮਾਂ ਕਰਦੀ ਸੀ, ਵੱਡੀ ਐਕਟਰ ਸੀ, ਫਿਰ ਉਸ ਨੂੰ ਲੱਗਾ ਮੈਂ ਇਸ ਤੋਂ ਵੀ ਵੱਡੀ ਹੋਵਾਂ, ਮੈਨੂੰ ਟਿਕਟ ਦੇ ਦੇਣ ਤਾਂ ਉਸ ਦੀ ਆਸ਼ਾ ਪੂਰੀ ਹੋ ਗਈ।"

"ਅਸੀਂ 100-100 ਪਿੱਛੇ ਇਹੋ-ਜਿਹਾ ਕੰਮ ਕਰਨਾ, ਸਾਡੇ ਤਾਂ ਘਰੇ ਕਿੰਨੇ ਕੰਮ ਖ਼ਰਾਬ ਹੁੰਦੇ ਹਨ। ਮੋਦੀ ਸਾਡੇ ਉੱਤੇ ਤਾਂ ਰਾਜ਼ ਕਰਦਾ ਹੈ ਤੇ ਸਾਡੇ ਉੱਤੇ ਹੀ ਹੁਕਮ ਚਲਾਉਂਦਾ ਹੈ, ਜੇ ਅਸੀਂ ਕਿਰਸਾਨ ਨਾ ਹੋਈਏ ਤਾਂ ਕਿਸ ਉੱਤੇ ਰਾਜ਼ ਕਰੂੰ ਤੇ ਹੁਕਮ ਚਲਾਊ।"

"ਮੁਆਫ਼ੀ ਦਾ ਟਾਈਮ ਤਾਂ ਚਾਰ ਸਾਲ ਹੋ ਗਏ, ਲੰਘ ਗਿਆ ਹੈ। ਜੇ ਮੁਆਫ਼ੀ ਮੰਗਣੀ ਸੀ ਤਾਂ ਉਸ ਦਿਨ ਮੰਗਦੀ। ਉਹ ਤਾਂ ਪੂਰਾ ਯਤਨ ਕਰ ਕੇ ਹਟੀ ਹੈ। ਚੰਡੀਗੜ੍ਹ ਗਈ, ਫਿਰ ਦਿੱਲੀ ਕੋਸ਼ਿਸ਼ ਕੀਤੀ, ਉਥੋਂ ਹਾਰ ਗਈ ਤਾਂ ਫਿਰ ਉਥੋਂ ਜਦੋਂ ਕਿਹਾ ਕਿ ਬਠਿੰਡੇ ਜਾ, ਤਾਂ ਆਈ ਹੈ।"

"ਮੈਨੂੰ ਤਾਂ ਉਸ ਨੇ ਬੁੱਢੀ ਨੂੰ ਖ਼ਰਾਬ ਕਰ ਕੇ ਰੱਖ ਦਿੱਤਾ, ਆਪ ਤਾਂ ਮੌਜ ਨਾਲ ਬੈਠੀ ਰਹਿੰਦੀ ਸੀ। ਮਾਇਆਧਾਰੀ ਸੀ, ਹੁਣ ਤਾਂ ਐੱਮਪੀ ਵੀ ਬਣ ਗਈ। ਮੈਂ ਤਾਂ ਬੁੱਢੀ ਸੀ, ਕਈ ਕਈ ਘੰਟੇ ਬੱਸਾਂ ਦੇ ਧੱਕੇ ਖਾ ਕੇ ਚੰਡੀਗੜ੍ਹ, ਦਿੱਲੀ ਜਾਣ ਲੱਗਿਆ।"

ਕੰਗਨਾ ਨੇ ਕੋਰਟ ਵਿੱਚ ਕੀ ਕਿਹਾ ਸੀ

27 ਅਕਤੂਬਰ ਨੂੰ ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਦੀ ਮੰਡੀ ਸੀਟ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਬੇਬੇ ਮਹਿੰਦਰ ਕੌਰ ਬਾਰੇ ਵਿਵਾਦਿਤ ਟਿੱਪਣੀ ਕਰਨ ਦੇ ਮਾਮਲੇ ਵਿੱਚ ਬਠਿੰਡਾ ਅਦਾਲਤ ਵਿੱਚ ਪੇਸ਼ੀ ਹੋਈ ਸੀ।

ਪੇਸ਼ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੰਗਨਾ ਰਣੌਤ ਨੇ ਕਿਹਾ ਸੀ, "ਮੈਂ ਮਾਤਾ ਜੀ (ਮਹਿੰਦਰ ਕੌਰ) ਦੇ ਪਤੀ ਨੂੰ ਵੀ ਸੰਦੇਸ਼ ਦਿੱਤਾ ਹੈ ਕਿ ਮੈਂ ਸੁਪਨੇ ਵਿੱਚ ਵੀ ਅਜਿਹਾ ਕੁਝ ਨਹੀਂ ਸੋਚ ਸਕਦੀ, ਜਿੰਨਾ ਵੱਡਾ ਮੁੱਦਾ ਇਹ ਬਣ ਗਿਆ ਹੈ। ਹਰ ਮਾਤਾ ਮੇਰੇ ਲਈ, ਭਾਵੇਂ ਉਹ ਹਿਮਾਚਲ ਦੀ ਹੋਵੇ, ਭਾਵੇਂ ਪੰਜਾਬ ਦੀ ਹੋਵੇ ਮੇਰੇ ਲਈ ਪੂਜਣਯੋਗ ਹਨ।"

ਦਰਅਸਲ, ਕੰਗਨਾ ਰਣੌਤ ਨੇ ਸਾਲ 2021 ਵਿੱਚ ਕਿਸਾਨ ਅੰਦੋਲਨ ਦੌਰਾਨ ਧਰਨੇ 'ਤੇ ਬੈਠੇ ਕਿਸਾਨ ਬੇਬੇ ਮਹਿੰਦਰ ਕੌਰ ਬਾਰੇ ਇੱਕ ਵਿਵਾਦਿਤ ਟਿੱਪਣੀ ਕੀਤੀ ਸੀ, ਜਿਸ ਨੂੰ ਲੈ ਕੇ ਬੇਬੇ ਨੇ ਅਦਾਲਤ ਵਿੱਚ ਕੰਗਨਾ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਕੀਤਾ ਸੀ।

ਇਸ ਮੌਕੇ ਅਦਾਲਤ ਪਹੁੰਚੇ ਕੰਗਨਾ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਇਹ ਇੱਕ ਗ਼ਲਤਫਹਿਮੀ ਹੈ।

"ਜੇਕਰ ਕੇਸ ਨੂੰ ਦੇਖਿਆ ਜਾਵੇ ਤਾਂ ਮੇਰਾ ਕੋਈ ਸਬੰਧ ਹੀ ਨਹੀਂ ਸੀ। ਇੱਕ ਮੀਮ ਸੀ ਜੋ ਵਰਤਿਆ ਗਿਆ। ਮੈਂ ਉਨ੍ਹਾਂ ਦੇ ਪਤੀ ਨਾਲ ਵੀ ਗੱਲ ਕੀਤੀ ਹੈ ਕਿ ਉਸ ਮੀਮ ਵਿੱਚ ਕਈ ਔਰਤਾਂ ਸ਼ਾਮਲ ਸਨ ਅਤੇ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਲੈ ਕੇ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ ਸੀ।"

"ਦੇਸ਼ ਵਿੱਚ ਇੰਨੇ ਅੰਦੋਲਨ ਹੋ ਰਹੇ ਸਨ ਅਤੇ ਇੱਕ ਮੀਮ ਨੂੰ ਲੈ ਕੇ ਕਿਸੇ ਨੇ ਆਮ ਟਿੱਪਣੀ ਕਰ ਦਿੱਤੀ ਤੇ ਉਸ ਤੋਂ ਗੱਲ ਸ਼ੁਰੂ ਹੋ ਗਈ। ਪਰ ਗ਼ਲਤਫਹਿਮੀ ਹੋਈ ਹੈ, ਉਸ ਨੂੰ ਲੈ ਕੇ ਅਸੀਂ ਅਫਸੋਸ ਜਤਾਇਆ ਹੈ। ਜੇਕਰ ਮਾਤਾ ਜੀ ਨੂੰ ਕੋਈ ਠੇਸ ਪਹੁੰਚੀ ਹੈ ਤਾਂ ਉਸ ਨੂੰ ਲੈ ਕੇ ਮੈਨੂੰ ਦੁੱਖ ਹੈ।"

ਬੇਬੇ ਮਹਿੰਦਰ ਕੌਰ ਦੇ ਵਕੀਲ ਨੇ ਕੀ ਕਿਹਾ

ਬੇਬੇ ਦੇ ਵਕੀਲ ਰਘਬੀਰ ਸਿੰਘ ਬੈਨੀਵਾਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੰਗਨਾ ਨੇ ਅਦਾਲਤ ਵਿੱਚ ਪੇਸ਼ ਹੋ ਕੇ ਸਭ ਤੋਂ ਪਹਿਲਾਂ ਬੇਲ ਬੌਂਡ ਪੇਸ਼ ਕੀਤੇ ਅਤੇ ਅਦਾਲਤ ਨੇ ਉਹ ਲੈ ਲਏ ਹਨ।

ਬੇਬੇ ਮਹਿੰਦਰ ਕੌਰ ਦੇ ਵਕੀਲ ਰਘਬੀਰ ਸਿੰਘ ਬੈਨੀਵਾਲ ਨੇ ਦੱਸਿਆ, "ਕੰਗਨਾ ਰਣੌਤ ਜਦੋਂ ਅਦਾਲਤ ਵਿੱਚ ਪੇਸ਼ ਹੋਏ ਤਾਂ ਜੱਜ ਨੇ ਕਿਹਾ ਹੈ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤਾਂ ਕੰਗਨਾ ਨੇ ਹੱਥ ਜੋੜ ਕੇ ਕਿਹਾ ਸੀ ਕਿ ਮੈਂ ਮੁਆਫ਼ੀ ਮੰਗਣਾ ਚਾਹੁੰਦੀ ਹਾਂ ਕਿ ਮੈਂ ਜੋ ਟਵੀਟ ਕੀਤਾ ਸੀ, ਉਹ ਮੈਂ ਰੀਟਵੀਟ ਕੀਤਾ ਸੀ। ਉਹ ਮੇਰੇ ਕੋਲੋਂ ਗਲ਼ਤੀ ਨਾਲ ਹੋਇਆ ਸੀ ਤੇ ਮੈਂ ਕਿਸੇ ਇੱਕ ਨੂੰ ਨਿਸ਼ਾਨਾ ਸਾਧ ਕੇ ਨਹੀਂ ਕੀਤਾ ਸੀ।"

"ਉਸ ਵੇਲੇ ਕੋਰਟ ਵਿੱਚ ਬਾਬਾ ਜੀ (ਮਹਿੰਦਰ ਕੌਰ ਦੇ ਪਤੀ) ਨੇ ਕਿਹਾ ਸੀ ਕਿ ਅੱਜ 4 ਸਾਲਾਂ ਬਾਅਦ ਉਨ੍ਹਾਂ ਨੂੰ ਮੁਆਫ਼ੀ ਯਾਦ ਆ ਗਈ। ਅਸੀਂ ਪਹਿਲਾਂ ਇਨ੍ਹਾਂ ਨੂੰ ਚਿੱਠੀਆਂ ਭੇਜੀਆਂ, ਨੋਟਿਸ ਭੇਜੇ, ਉਦੋਂ ਕਿਸੇ ਵੀ ਸਟੇਜ 'ਤੇ ਇਨ੍ਹਾਂ ਦੇ ਵਕੀਲ, ਜੋ ਦੋ ਸਾਲ ਤਾਂ ਕਰੀਬ ਇੱਥੇ ਵੀ ਪੇਸ਼ ਹੋਏ, ਹਾਈ ਕੋਰਟ ਗਏ ਤੇ ਸੁਪਰੀਮ ਕੋਰਟ ਗਏ, ਉੱਥੇ 'ਤੇ ਇਨ੍ਹਾਂ ਨੇ ਮੁਆਫ਼ੀ ਵਾਲਾ ਕੋਈ ਲਫ਼ਜ਼ ਨਹੀਂ ਵਰਤਿਆ।"

"ਬਾਬਾ ਜੀ ਨੇ ਕਿਹਾ ਕਿ ਇਹ ਸਾਡੇ ਕੇਸ ਦੀ ਜਿੱਤ ਹੋਈ ਹੈ ਅਤੇ ਨਾ ਹੀ ਮੈਂ ਇਕੱਲਾ ਕੇਸ ਕਰਨ ਵਾਲਾ ਹਾਂ ਅਤੇ ਨਾ ਹੀ ਮਾਆਫ਼ੀ ਦੇਣ ਵਾਲਾ ਹਾਂ। ਅਸੀਂ ਸਾਰੀ ਸੰਘਰਸ਼ ਕਮੇਟੀ ਨਾਲ ਬੈਠ ਕੇ ਗੱਲ ਕਰਾਂਗੇ, ਜਿਵੇਂ ਸਾਰਿਆਂ ਨੂੰ ਮਨਜ਼ੂਰ ਹੋਵੇਗਾ।"

ਵਕੀਲ ਨੇ ਅੱਗੇ ਕਿਹਾ, "ਦੂਜਾ ਉਨ੍ਹਾਂ ਨੇ ਇੱਕ ਅਰਜ਼ੀ ਪਾਈ ਹੈ ਕਿ ਸਾਨੂੰ ਆਉਣ ਵਿੱਚ ਖ਼ਤਰਾ ਹੈ ਅਤੇ ਸਾਡੇ 'ਤੇ ਹਮਲਾ ਹੋ ਸਕਦਾ ਹੈ। ਸਾਨੂੰ ਡਰ ਹੈ ਅਤੇ ਸਾਨੂੰ ਹਰੇਕ ਪੇਸ਼ੀ 'ਤੇ ਆਉਣਾ ਨਾ ਪਵੇ। ਪਰ ਅਸੀਂ ਜੱਜ ਸਾਬ੍ਹ ਨੂੰ ਕਿਹਾ ਹੈ ਕਿ ਅਸੀਂ ਉਨ੍ਹਾਂ ਦੀ ਇਸ ਅਰਜ਼ੀ ਦਾ ਜਵਾਬ ਦੇਵਾਂਗੇ। ਇਸ ਵਿੱਚ ਜੱਜ ਸਾਬ੍ਹ ਨੇ ਅਗਲੀ ਤਰੀਕ 24 ਨਵੰਬਰ ਦੀ ਪਾਈ ਹੈ।"

"ਉਸ ਦਿਨ ਅਸੀਂ ਉਨ੍ਹਾਂ ਦੀ ਅਰਜ਼ੀ, ਜਿਸ ਵਿੱਚ ਉਨ੍ਹਾਂ ਨੇ ਹਰੇਕ ਪੇਸ਼ੀ 'ਤੇ ਨਾ ਆਉਣ ਦੀ ਬੇਨਤੀ ਕੀਤੀ ਹੈ, ਉਸ ਦਾ ਜਵਾਬ ਦੇਣਾ ਹੈ। ਇਸ ਤੋਂ ਇਲਾਵਾ ਜੱਜ ਸਾਬ੍ਹ ਨੇ ਸ਼ਿਕਾਇਤਕਰਤਾ ਨੂੰ ਵੀ ਸਬੂਤ ਲਈ ਬੁਲਾਇਆ ਹੈ।"

ਉਨ੍ਹਾਂ ਨੇ ਅੱਗੇ ਕਿਹਾ, "ਭਾਵੇਂ ਕੋਈ ਸੈਲੀਬ੍ਰਿਟੀ ਹੋਵੇ ਜਾਂ ਭਾਵੇਂ ਆਮ ਬੰਦਾ, ਕਾਨੂੰਨ ਦੀ ਨਜ਼ਰ ਵਿੱਚ ਮੁਲਜ਼ਮ ਤਾਂ ਮੁਲਜ਼ਮ ਹੈ ਅਤੇ ਇਸ ਕੇਸ ਵਿੱਚ ਕੰਗਨਾ ਰਣੌਤ ਨੂੰ ਅਦਾਲਤ ਨੇ ਮੁਲਜ਼ਮ ਵਜੋਂ ਹੀ ਸੰਮਨ ਜਾਰੀ ਕੀਤਾ ਹੈ। ਇਸ ਲਈ ਪੇਸ਼ੀ ਵਿੱਚ ਤਾਂ ਉਨ੍ਹਾਂ ਨੂੰ ਆਉਣਾ ਪਵੇਗਾ, ਹਰੇਕ ਪੇਸ਼ੀ ਵਿੱਚ ਨਾ ਆਉਣ ਦੀ ਰਿਆਇਤ ਨਹੀਂ ਮਿਲ ਸਕਦੀ।"

ਇਸ ਮੌਕੇ ਅਦਾਲਤ ਵਿੱਚ ਮੌਜੂਦ ਬੇਬੇ ਮਹਿੰਦਰ ਕੌਰ ਦੇ ਪਤੀ ਲਾਭ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਮਹਿੰਦਰ ਕੌਰ ਬਿਮਾਰ ਸਨ ਇਸ ਲਈ ਆ ਨਹੀਂ ਸਕੇ।

ਇਸ ਕੇਸ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ, "ਜੇ ਕੋਈ ਬਰਖ਼ਿਲਾਫ਼ ਬੋਲਦਾ ਹੈ ਤਾਂ ਲੜਾਈ ਤਾਂ ਲੜਨੀ ਪੈਂਦੀ ਹੈ। ਉਨ੍ਹਾਂ ਨੇ ਅਦਾਲਤ ਵਿੱਚ ਮੁਆਫ਼ੀ ਮੰਗੀ ਹੈ।"

ਕੀ ਹੈ ਮਾਮਲਾ

202 ਵਿੱਚ ਜਦੋਂ ਪੰਜਾਬ-ਹਰਿਆਣਾ ਦੇ ਕਿਸਾਨ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਹਰਿਆਣਾ ਬਾਰਡਰ ਉੱਤੇ ਅੰਦੋਲਨ ਕਰ ਰਹੇ ਸਨ ਉਦੋਂ ਕੰਗਨਾ ਰਣੌਤ ਨੇ ਪੰਜਾਬ ਦੀ ਕਿਸਾਨ ਬੀਬੀ ਮਹਿੰਦਰ ਕੌਰ ਦੀ ਫੋਟੋ ਐਕਸ ਉੱਤੇ ਪਾ ਕੇ ਵਿਵਾਦਿਤ ਬਿਆਨ ਦਿੱਤਾ ਸੀ।

ਕੰਗਨਾ ਨੇ ਮਹਿੰਦਰ ਕੌਰ ਦੀ ਫੋਟੋ ਪਾ ਕੇ ਮਖੌਲ ਉਡਾਇਆ ਅਤੇ ਕਿਹਾ, "ਇਹ ਉਹੀ ਦਾਦੀ ਹੈ ਜੋ ਪ੍ਰਦਰਸ਼ਨਾਂ ਲਈ 100 ਰੁਪਏ ਵਿੱਚ ਉਪਲਬਧ ਹੈ।"

ਕੰਗਨਾ ਦੇ ਇਸ ਬਿਆਨ ਨੇ ਪੰਜਾਬੀਆਂ ਅਤੇ ਕਿਸਾਨਾਂ ਵਿੱਚ ਰੋਸ ਭਰ ਦਿੱਤਾ ਸੀ। ਬੇਬੇ ਮਹਿੰਦਰ ਕੌਰ ਵਲੋਂ ਕੰਗਨਾ ਰਣੌਤ ਖਿਲਾਫ਼ ਮਾਣਹਾਨੀ ਦਾ ਕੇਸ ਵੀ ਦਰਜ ਕਰਵਾਇਆ ਗਿਆ। ਪੰਜਾਬ-ਹਰਿਆਣਾ ਦੇ ਕਿਸਾਨ ਆਗੂਆਂ ਨੇ ਕੰਗਨਾ ਰਣੌਤ ਦੇ ਬਿਆਨ ਦਾ ਵਿਰੋਧ ਕੀਤਾ ਸੀ।

ਦਿਲਜੀਤ ਦੁਸਾਂਝ ਅਤੇ ਰਣਜੀਤ ਬਾਵਾ ਨਾਲ ਤਾਂ ਕੰਗਨਾ ਰਣੌਤ ਦੀ ਐਕਸ ਉੱਤੇ ਸ਼ਬਦੀ ਤਕਰਾਰ ਵੀ ਚੱਲੀ। ਰਣਜੀਤ ਬਾਵਾ ਦੇ ਮੁਤਾਬਕ, ਕੰਗਨਾ ਰਣੌਤ ਦੀ ਟੀਮ ਨੇ ਉਨ੍ਹਾਂ ਨੂੰ ਐਕਸ ਉੱਤੇ ਬਲਾਕ ਵੀ ਕਰ ਦਿੱਤਾ ਸੀ।

ਰੋਪੜ ਵਿੱਚ ਕੰਗਨਾ ਦੀ ਕਾਰ ਨੂੰ ਘੇਰਾ ਵੀ ਪਿਆ ਸੀ

ਕੰਗਨਾ ਰਣੌਤ ਖਿਲਾਫ ਗੁੱਸੇ ਦਾ ਨਤੀਜਾ ਇਹ ਹੋਇਆ ਕਿ ਸਾਲ 2021 ਦੇ ਦਸੰਬਰ ਮਹੀਨੇ ਜਦੋਂ ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਜਾਂਦਿਆ ਹੋਇਆਂ ਪੰਜਾਬ ਦੇ ਰੋਪੜ ਸ਼ਹਿਰ ਵਿੱਚੋਂ ਦੀ ਲੰਘੇ ਤਾਂ ਸਥਾਨਕ ਲੋਕਾਂ ਅਤੇ ਮੁਜ਼ਾਹਰਾਕਾਰੀ ਕਿਸਾਨਾਂ ਨੇ ਕੰਗਨਾ ਦੀ ਕਾਰ ਨੂੰ ਘੇਰਾ ਪਾ ਕੇ ਰੋਕ ਲਿਆ।

ਉੱਥੇ ਕੰਗਨਾ ਨੂੰ ਕੈਮਰੇ ਦੀਆਂ ਅੱਖਾਂ ਸਾਹਮਣੇ ਕਿਸਾਨਾਂ ਅਤੇ ਔਰਤਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕੰਗਨਾ ਤੋਂ ਲੋਕ ਹੀ ਸਵਾਲ ਕਰ ਰਹੇ ਸਨ ਕਿ ਉਨ੍ਹਾਂ ਨੇ ਮਹਿੰਦਰ ਕੌਰ ਖਿਲਾਫ ਵਿਵਾਦਿਤ ਟਿੱਪਣੀ ਕਿਉਂ ਕੀਤੀ, ਕਈ ਲੋਕ ਕੰਗਨਾ ਰਣੌਤ ਨੂੰ ਮੁਆਫੀ ਮੰਗਣ ਲਈ ਵੀ ਕਹਿ ਰਹੇ ਸਨ।

ਇਸ ਦੌਰਾਨ ਕੰਗਨਾ ਰਣੌਤ ਨੇ ਵੀ ਕਿਸਾਨ ਬੀਬੀਆਂ ਨਾਲ ਕਾਰ ਦਾ ਸ਼ੀਸ਼ਾ ਥੱਲੇ ਕਰਕੇ ਗੱਲ ਕੀਤੀ ਸੀ। ਇੱਕ ਬੀਬੀ ਨੇ ਕੰਗਨਾ ਨੂੰ ਕਿਹਾ,"ਸਾਡੇ ਨਾਲ ਵੀ ਫੋਟੋ ਕਰਵਾ ਲੈ" । ਕੰਗਨਾ ਵੀ ਅੱਗੋਂ ਜਵਾਬ ਦਿੰਦੀ ਹੈ ਕਿ "ਤੁਸੀਂ ਮੇਰੀ ਮਾਂ ਵਰਗੀਆਂ ਹੋ"। ਜਦੋਂ ਕੰਗਨਾ ਰਣੌਤ ਨੂੰ ਭੀੜ ਵੱਲੋਂ ਘੇਰਿਆ ਹੋਇਆ ਸੀ, ਇਸ ਦੌਰਾਨ ਉਨ੍ਹਾਂ ਵੱਲੋਂ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਇਆ ਗਿਆ।

ਉਨ੍ਹਾਂ ਕਿਹਾ, "ਬਹੁਤ ਸਾਰੇ ਲੋਕ ਮੇਰੇ ਨਾਮ 'ਤੇ ਸਿਆਸਤ ਖੇਡ ਰਹੇ ਹਨ ਅਤੇ ਇਹ ਜੋ ਵੀ ਹੋ ਰਿਹਾ ਹੈ, ਉਸੇ ਸਿਆਸਤ ਦਾ ਹਿੱਸਾ ਹੈ। ਪੂਰੀ ਤਰ੍ਹਾਂ ਮੇਰੇ ਗੱਡੀ ਨੂੰ ਭੀੜ ਨੇ ਘੇਰ ਲਿਆ ਹੈ।"

"ਜੇਕਰ ਇੱਥੇ ਪੁਲਿਸ ਨਾ ਹੋਵੇ ਤਾਂ ਇੱਥੇ ਪੂਰੀ ਤਰ੍ਹਾਂ ਲੀਚਿੰਗ ਹੋਵੇ। ਇਨ੍ਹਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।"

ਇਸ ਪ੍ਰਦਰਸ਼ਨ ਵਿੱਚੋਂ ਕੰਗਨਾ ਰਣੌਤ ਦੀ ਗੱਡੀ ਨੂੰ ਤਕਰੀਬਨ ਢਾਈ ਘੰਟੇ ਬਾਅਦ ਜਾਣ ਦਿੱਤਾ ਗਿਆ ਸੀ।

ਭੀੜ ਵਿੱਚੋਂ ਨਿਕਲਣ ਤੋਂ ਬਾਅਦ ਕੰਗਨਾ ਰਣੌਤ ਨੇ ਇੱਕ ਹੋਰ ਵੀਡੀਓ ਰਿਕਾਰਡ ਕੀਤੀ ਅਤੇ ਕਿਹਾ, "ਮੈਂ ਉੱਥੋਂ ਨਿਕਲ ਚੁੱਕੀ ਹਾਂ ਅਤੇ ਮੈਂ ਬਿਲਕੁਲ ਸੁਰੱਖਿਅਤ ਹਾਂ।"

"ਜਿਨ੍ਹਾਂ ਨੇ ਮੈਨੂੰ ਨਿਕਲਣ 'ਚ ਮਦਦ ਕੀਤੀ, ਮੈਂ ਉਨ੍ਹਾਂ ਦੀ ਧੰਨਵਾਦੀ ਹਾਂ। ਪੰਜਾਬ ਪੁਲਿਸ ਅਤੇ ਸੀਆਰਪੀਐਫ ਦਾ ਵੀ ਧੰਨਵਾਦ।"

ਕੰਗਨਾ ਰਣੌਤ ਦਾ ‘ਥੱਪੜ ਕਾਂਡ’

ਇਨ੍ਹਾਂ ਸਭ ਵਿਵਾਦਾਂ ਵਿੱਚ ਸਭ ਤੋਂ ਜ਼ਿਆਦਾ ਚਰਚਿਤ ਰਿਹਾ ਕੰਗਨਾ ਰਣੌਤ ਦਾ ਕਥਿਤ ਥੱਪੜ ਕਾਂਡ। ਜਦੋਂ ਸਾਲ 2024 ਮੁਹਾਲੀ ਏਅਰਪੋਰਟ ਉੱਤੇ ਸੀਆਈਐੱਸਐੱਫ ਦੀ ਇੱਕ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਕਥਿਤ ਤੌਰ 'ਤੇ ਕੰਗਨਾ ਰਣੌਤ ਨੂੰ ਥੱਪੜ ਮਾਰ ਦਿੱਤਾ।

ਕੰਗਨਾ ਹਿਮਾਚਲ ਦੇ ਮੰਡੀ ਤੋਂ ਲੋਕ ਸਭਾ ਚੋਣਾਂ ਜਿੱਤਣ ਮਗਰੋਂ ਦਿੱਲੀ ਵਿੱਚ ਹੋ ਰਹੇ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲੈਣ ਜਾ ਰਹੇ ਸਨ।

ਸਾਰੇ ਵਾਕਿਆ ਤੋਂ ਬਾਅਦ ਗੁੱਸੇ ਨਾਲ ਭਰੀ ਹੋਈ ਕੰਗਨਾ ਰਣੌਤ ਦੀ ਇੱਕ ਵੀਡੀਓ ਵੀ ਸਾਹਮਣੇ ਆਈ।

ਦੂਜੇ ਪਾਸੇ ਕਥਿਤ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੀ ਇੱਕ ਵੀਡੀਓ ਵੀ ਆਈ ਜਿਸਦੇ ਵਿੱਚ ਉਹ ਇਹ ਕਹਿੰਦੇ ਨਜ਼ਰ ਆਏ ਕਿ ਉਹ ਕੰਗਨਾ ਰਣੌਤ ਵਲੋਂ ਕਿਸਾਨ ਬੀਬੀਆਂ ਖਿਲਾਫ਼ ਦਿੱਤੇ ਬਿਆਨ ਤੋਂ ਨਾਰਾਜ਼ ਸਨ, ਕਿਉਂਕਿ ਉਸ ਕਿਸਾਨ ਅੰਦੋਲਨ ਵਿੱਚ ਉਹਨਾਂ ਦੀ ਮਾਂ ਵੀ ਬੈਠੀ ਹੋਈ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)