You’re viewing a text-only version of this website that uses less data. View the main version of the website including all images and videos.
ਹਜ਼ਾਰਾਂ ਸਾਲਾਂ ਤੋਂ ਜੜ੍ਹਾਂ ਵਿੱਚ ਕਿਹੜਾ ਰਾਜ਼ ਲੁਕੋਈ ਬੈਠਾ ਹੈ, 40 ਹੈਕਟੇਅਰ ਵਿੱਚ ਫੈਲਿਆ, 'ਸੰਸਾਰ ਦਾ ਸਭ ਤੋਂ ਵੱਡਾ' ਰੁੱਖ਼
ਪਾਂਦੋ, ਇੱਕ ਅਜਿਹਾ ਖੂਬਸੂਰਤ ਜੰਗਲ ਜਿਸ ਨੂੰ ਦੇਖਣ ਲਈ ਦੂਰੋਂ-ਦੂਰੋਂ ਲੋਕ ਆਉਂਦੇ ਹਨ।
ਇਹ ਸਿਰਫ਼ ਇੱਕ ਜੰਗਲ ਹੀ ਨਹੀਂ, ਬਲਕਿ ਅਜਿਹੇ ਰੁੱਖ਼ ਹਨ, ਜਿਸ ਦੀਆਂ ਜੜ੍ਹਾਂ ਵਿੱਚ ਹਜਾਰਾਂ ਸਾਲਾਂ ਤੋਂ ਜੈਨੇਟਿਕ ਰਾਜ਼ ਦੱਬਿਆ ਹੋਇਆ ਹੈ।
43 ਹੈਕਟੇਅਰ ਵਿੱਚ ਫੈਲੇ ਇਸ ਜੰਗਲੀ ਖੇਤਰ ਨੂੰ ਵਿਗਿਆਨੀ ‘ਸੰਸਾਰ ਦੀ ਸਭ ਤੋਂ ਵੱਡੀ ਅਤੇ ਭਾਰੀ ਜੀਵ ਸ਼ੈਅ’ ਮੰਨਦੇ ਹਨ। ਇਹ ਜੰਗਲ ਅਮਰੀਕਾ ਦੇ ਯੂਟਾਹ ਵਿਚਲੀ ਫਿਸ਼ ਲੇਕ (ਮੱਛੀ ਝੀਲ) ਦੇ ਨੇੜੇ ਪੈਂਦਾ ਹੈ।
ਹੈਰਾਨੀਜਨਕ ਗੱਲ ਇਹ ਹੈ ਕਿ ਪੂਰਾ ਜੰਗਲ ਬਣਾਉਣ ਵਾਲੇ ਇਹ 47000 ਰੁੱਖਾਂ ਦੀ ਇੱਕ ਹੀ ਜੜ੍ਹ ਹੈ ਅਤੇ ਇਹ ਸਾਰੇ ਜੈਨੇਟਿਕ ਤੌਰ ਉੱਤੇ ਇੱਕੋ ਜਿਹੇ ਹਨ।
ਭੂਗੋਲ ਵਿਗਿਆਨੀ ਪਾਲ ਰੋਜਰਜ਼ ਨੇ 2018 ਵਿੱਚ ਬੀਬੀਸੀ ਨੂੰ ਦੱਸਿਆ ਸੀ,“ ਇਹ ਸਾਰੇ ਦਰੱਖਤ ਅਸਲ ਵਿੱਚ ਇੱਕ ਹੀ ਰੁੱਖ਼ ਹਨ।”
ਪਾਂਦੋ ਬਾਰੇ ਵਿਗਿਆਨੀਆਂ ਦੀ ਉਤਸੁਕਤਾ ਦਾ ਇੱਕ ਹੋਰ ਕਾਰਨ ਇਸ ਦੀ ਉਮਰ ਹੈ। ਦਹਾਕਿਆਂ ਤੋਂ ਚਰਚਾ ਦੇ ਕੇਂਦਰ ਰਹੇ ਇਸ ਰੁੱਖ਼ ਦੀ ਉਮਰ ਦੇ ਸਾਰੇ ਅਨੁਮਾਨ ਸ਼ੱਕੀ ਹਨ।
ਹਾਲਾਂਕਿ ਇਸ ਨੂੰ ਲੰਬੇ ਸਮੇਂ ਤੋਂ ਧਰਤੀ ’ਤੇ ‘ਸਭ ਤੋਂ ਪੁਰਾਣੇ ਜੀਵਿਤ ਪ੍ਰਾਣੀਆਂ’ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਪਰ ਮਾਹਰਾਂ ਨੂੰ ਯਕੀਨ ਨਹੀਂ ਸੀ ਕਿ ਇਹ ਕਿੰਨਾ ਪੁਰਾਣਾ ਹੈ।
ਹੁਣ ਜੀਵ ਵਿਗਿਆਨੀਆਂ ਦੀ ਟੀਮ ਨੇ ਪਹਿਲੀ ਵਾਰ ਇਸ ਦੀ ਉਮਰ ਨੂੰ ਜਾਣਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਤੇ ਕਈ ਸ਼ੱਕ ਦੂਰ ਕੀਤੇ ਹਨ।
ਵਿਗਿਆਨੀਆਂ ਦੀ ਨਵੀਂ ਖੋਜ ਨੇ ਕੀ ਸਿੱਟਾ ਕੱਢਿਆ? ਇਸ ਸਵਾਲ ਦੇ ਜਵਾਬ ਵਿੱਚ ਕਿਹਾ ਗਿਆ....
ਦੁਨੀਆ ਦਾ ਸਭ ਤੋਂ ਵੱਡਾ ਇਹ ਰੁੱਖ ਘੱਟੋ-ਘੱਟ 16,000 ਸਾਲ ਪੁਰਾਣਾ ਹੈ।
ਪਾਂਦੋ ਦੇ ਪਿਛੋਕੜ ਬਾਰੇ ਕਿਵੇਂ ਪਤਾ ਲੱਗਿਆ
ਅਟਲਾਂਟਾ ਵਿੱਚ ਜਾਰਜੀਆ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਜੀਵ-ਵਿਗਿਆਨੀ ਰੋਜ਼ੇਨ ਪਿਨਿਊ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਇਸ ਰੁੱਖ ਦੇ ਵਿਕਸਿਤ ਹੋਣ ਤੱਕ ਦੇ ਇਤਿਹਾਸ ਨੂੰ ਜਾਣਨ ਲਈ ਅਧਿਐਨ ਕੀਤਾ।
ਉਨ੍ਹਾਂ ਨੇ ਇਸ ਰੁੱਖ਼ ਦੇ ਕਰੀਬ 500 ਨਮੂਨੇ ਲਏ ਅਤੇ ਉਨ੍ਹਾਂ ਦੀ ਇੱਕ ਲੜੀ ਤਿਆਰ ਕੀਤੀ। ਅਧਿਐਨ ਵਿੱਚ ਤਣੇ, ਜੜ੍ਹਾਂ, ਪੱਤੇ ਅਤੇ ਟਿਸ਼ੂਆਂ ਦੇ ਨਮੂਨੇ ਸ਼ਾਮਲ ਕੀਤੇ ਗਏ ਸਨ।
ਉਨ੍ਹਾਂ ਦਾ ਮੁੱਖ ਉਦੇਸ਼ ਜੈਨੇਟਿਕ ਡਾਟੇ ਨੂੰ ਕੱਚੀ ਜਾਣਕਾਰੀ ਇਕੱਠੀ ਕਰਨਾ ਸੀ।
ਖਾਸ ਤੌਰ ’ਤੇ ਸੋਮਾਟਿਕ ਪਰਿਵਰਤਨ, ਜੋ ਕਿ ਡੀਐੱਨਏ ਵਿੱਚ ਤਬਦੀਲੀਆਂ ਹੁੰਦੀਆਂ ਹਨ। ਇਹ ਤਬਦੀਲੀਆਂ ਸ਼ੁਰੂਆਤੀ ਦੌਰ ਵਿੱਚ ਕਿਸੇ ਜੀਵ ਦੇ ਸੈੱਲਾਂ ਵਿੱਚ ਵਾਪਰਦੀਆਂ ਹਨ।
ਪੀਨਿਊ ਦੇ ਅਨੁਸਾਰ ਮੈਗਜ਼ੀਨ ਨਿਊ ਸਾਇੰਟਿਸਟ ਵੱਲੋਂ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ,“ਸ਼ੁਰੂਆਤ ਵਿੱਚ ਜਦੋਂ ਪਾਂਦੋ ਇੱਕ ਬੀਜ ਤੋਂ ਉਗਿਆ ਤਾਂ ਇਸ ਦੇ ਸਾਰੇ ਸੈੱਲਾਂ ਵਿੱਚ ਜ਼ਰੂਰੀ ਤੌਰ ’ਤੇ ਇਕੋ ਜਿਹੇ ਡੀਐੱਨਏ ਸਨ।”
ਉਨ੍ਹਾਂ ਦੱਸਿਆ,“ਹਰ ਵਾਰ ਇੱਕ ਨਵਾਂ ਸੈੱਲ ਬਣਾਇਆ ਜਾਂਦਾ ਅਤੇ ਜੈਨੇਟਿਕ ਜਾਣਕਾਰੀ ਨੂੰ ਦੁਹਰਾਇਆ ਜਾਂਦਾ। ਇਸ ਕਰ ਕੇ ਗਲਤੀਆਂ ਹੋ ਸਕਦੀਆਂ ਹਨ, ਜੋ ਡੀਐੱਨਏ ਵਿੱਚ ਪਰਿਵਰਤਨ ਦਰਸਾਉਂਦੀਆਂ ਹਨ।”
ਅਧਿਐਨ ਅਨੁਸਾਰ ਖੋਜਕਰਤਾ ਰੁੱਖ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮੌਜੂਦ ਇਨ੍ਹਾਂ ਤਬਦੀਲੀਆਂ ਦੇ ਜੈਨੇਟਿਕ ਨਿਸ਼ਾਨਾਂ ਨੂੰ ਦੇਖ ਕੇ ਹੀ ਪਾਂਦੋ ਦੇ ਵਿਕਾਸ ਦੇ ਇਤਿਹਾਸ ਅਤੇ ਇਸਦੀ ਉਮਰ ਦਾ ਅੰਦਾਜ਼ਾ ਲਗਾਉਣ ਵਿੱਚ ਕਾਮਯਾਬ ਹੋਏ ਸਨ।
ਇਹ ਯਾਦ ਰੱਖਣਯੋਗ ਹੈ ਕਿ ਪੌਪਲਰ ਜੰਗਲ ਦੋ ਤਰੀਕਿਆਂ ਨਾਲ ਦਰੱਖ਼ਤ ਪੈਦਾ ਕਰ ਸਕਦੇ ਹਨ।
ਇਕ ਤਾਂ ਇਹ ਕਿ ਵੱਡੇ ਰੁੱਖ ਜਦੋਂ ਬੀਜ ਸੁੱਟਦੇ ਹਨ ਤਾਂ ਉਹ ਦੁਬਾਰਾ ਉਗਦੇ ਹਨ। ਦੂਜੇ ਤਰੀਕੇ ਵਿੱਚ ਰੁੱਖ਼ ਆਪਣੀਆਂ ਜੜ੍ਹਾਂ ਤੋਂ ਨਿਕਲਦੇ ਤਣੇ ਜਾਂ ਹੋਰ ਹਿੱਸਿਆਂ ਤੋਂ ਨਵੇਂ ਪੌਦੇ ਪੈਦਾ ਕਰਦੇ ਹਨ। ਇਨ੍ਹਾਂ ਨੂੰ 'ਕਲੋਨ' ਵੀ ਕਿਹਾ ਜਾਂਦਾ ਹੈ।
ਪਾਂਦੋ ਹੀ ਅਜਿਹਾ ਜੰਗਲ ਨਹੀਂ ਹੈ ਪਰ ਇਹ ਹੋਰਾਂ ਵਿੱਚੋਂ ਸਭ ਤੋਂ ਵੱਡਾ ਹੈ। ਮਾਹਰ ਇਸ ਨੂੰ ਹੀ ਇਕੱਲਾ ਜੀਵ ਮੰਨਦੇ ਹਨ। ਇਸ ਦੇ ਸਾਰੇ ਰੁੱਖ਼ਾਂ ਨੂੰ ਜੋੜਨ ਤੋਂਂ ਬਾਅਦ ਇਹ ਇੱਕ ਜੀਵਿਤ ਜੀਵ ਹੈ, ਜਿਸ ਦਾ ਭਾਰ ਅੰਦਾਜ਼ਨ 13 ਮਿਲੀਅਨ ਟਨ ਬਣਦਾ ਹੈ।
ਪਾਂਦੋ ਦੀ ਉਮਰ 16,000 ਤੋਂ 81,000 ਸਾਲ ਵਿਚਾਲੇ
ਖੋਜਕਰਤਾਵਾਂ ਨੇ ਪਾਂਦੋ ਦੀ ਉਮਰ ਨੂੰ ਲੈ ਕੇ ਤਿੰਨ ਵੱਖ-ਵੱਖ ਭਾਗਾਂ ਵਿੱਚ ਅੰਦਾਜ਼ੇ ਲਗਾਏ ਹਨ ਕਿਉਂਕਿ ਉਹ ਇਸ ਬਾਰੇ ਨਿਸ਼ਚਿਤ ਸਨ ਕਿ ਉਨ੍ਹਾਂ ਨੇ ਕੁਝ ਪਰਿਵਰਤਨ ਗੁਆ ਦਿੱਤੇ ਹਨ ਜਾਂ ਉਨ੍ਹਾਂ ਵੱਲੋਂ ਪਛਾਣੇ ਗਏ ਕੁਝ ਪਰਿਵਰਤਨ ਗਲਤ ਸਾਕਾਰਾਤਮਕ ਸਨ।
ਵਿਗਿਆਨੀਆਂ ਨੇ ਜੀਨੋਮ ਦੇ ਹਿੱਸੇ ਵਿੱਚ ਹਰੇਕ ਪਰਿਵਰਤਨ ਨੂੰ ਸਹੀ ਢੰਗ ਨਾਲ ਪਛਾਣ ਕੇ ਪਹਿਲਾਂ ਅਨੁਮਾਨ ਇਹ ਲਗਾਇਆ ਕਿ ਪਾਂਦੋ ਲਗਭਗ 34,000 ਸਾਲ ਪੁਰਾਣਾ ਹੈ।
ਜੇਕਰ ਮਾਹਿਰ ਸੰਭਾਵਿਤ ਅਣਪਛਾਤੇ ਸੋਮੈਟਿਕ ਪਰਿਵਰਤਨ ਸ਼ਾਮਲ ਕਰਦੇ ਹਨ ਤਾਂ ਦੂਜਾ ਅੰਦਾਜ਼ਾ ਇਹ ਦਰਸਾਉਂਦਾ ਹੈ ਕਿ ਇਹ ਰੁੱਖ 81,000 ਸਾਲ ਪੁਰਾਣਾ ਹੈ।
ਜੇਕਰ ਜੀਵ ਵਿਗਿਆਨੀਆਂ ਵੱਲੋਂ ਦੇਖੇ ਗਏ ਪਰਿਵਰਤਨ ਦੇ ਸਿਰਫ 6 ਫ਼ੀਸਦ ਨੂੰ “ਸੱਚਾ ਸਕਾਰਾਤਮਕ” ਮੰਨਿਆ ਜਾਂਦਾ ਹੈ ਤਾਂ ਪਾਂਦੋ ਦੀ ਉਮਰ 16,000 ਸਾਲ ਹੋਵੇਗੀ।
ਰੋਜ਼ੇਨ ਪੀਨਿਊ ਅਤੇ ਉਨ੍ਹਾਂ ਦੀ ਟੀਮ ਨੇ ਇਨ੍ਹਾਂ ਸਾਰੀਆਂ ਅਨਿਸ਼ਚਿਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਿਸਾਬ ਲਗਾਇਆ ਹੈ ਕਿ ਇਸ ਦਰੱਖ਼ਤ ਦੀ ਉਮਰ 16,000 ਅਤੇ 81,000 ਸਾਲਾਂ ਦੇ ਵਿਚਾਲੇ ਹੋਵੇਗੀ।
ਪੀਨਿਊ ਨੇ ਨਿਊ ਸਾਇੰਟਿਸਟ ਨੂੰ ਦੱਸਿਆ,“ਹਾਲਾਂਕਿ ਇਹ ਸਾਰਾ ਘਟਨਾਕ੍ਰਮ ਸਾਨੂੰ ਕਾਫੀ ਵੱਖਰੇ ਨੰਬਰ ਦੱਸਦਾ ਹੈ, ਉਹ ਸਾਰੇ ਨੰਬਰ ਇੱਕ ਕਮਾਲ ਦੇ ਸਿੱਟੇ ਵੱਲ ਇਸ਼ਾਰਾ ਕਰਦੇ ਹਨ ਕਿ ਪਾਂਦੋ ਬਹੁਤ ਪੁਰਾਣਾ ਹੈ।”
ਉਹ ਕਹਿੰਦੇ ਹਨ,“ਇਸ ਦੀ ਸਭ ਤੋਂ ਛੋਟੀ ਅੰਦਾਜ਼ਨ ਉਮਰ (16,000) ਵਿੱਚ ਵੀ ਇਹ ਪੌਪਲਰ ਕਲੋਨ ਬਰਫ਼ ਯੁੱਗ ਤੋਂ ਵੀ ਪਹਿਲਾਂ ਦਾ ਹੈ।”
ਇਸ ਖੋਜ ਵਿੱਚ ਹਿੱਸਾ ਲੈਣ ਵਾਲੇ ਇੱਕ ਹੋਰ ਜੀਵ ਵਿਗਿਆਨੀ ਵਿਲ ਰੈਟਕਲਿਫ ਨੇ ਐਕਸ ’ਤੇ ਲਿਖਦਿਆਂ ਸੰਕੇਤ ਦਿੱਤਾ ਕਿ,“ਸਾਡੇ ਸਭ ਤੋਂ ਰੂੜ੍ਹੀਵਾਦੀ ਅੰਦਾਜ਼ੇ ਅਨੁਸਾਰ ਪਾਂਦੋ ਉਸ ਸਮੇਂ ਵੀ ਸੀ, ਜਦੋਂ ਮਨੁੱਖਾਂ ਨੇ ਹਾਥੀ ਦੀ ਪ੍ਰਜਾਤੀ ਮੈਮਥ ਦਾ ਸ਼ਿਕਾਰ ਕੀਤਾ।”
ਉਨ੍ਹਾਂ ਅੱਗੇ ਕਿਹਾ,“ਸਾਡੇ ਸ਼ੁਰੂਆਤੀ ਅਨੁਮਾਨ ਅਨੁਸਾਰ ਇਹ ਸਾਡੀ ਪ੍ਰਜਾਤੀ ਦੇ ਅਫਰੀਕਾ ਛੱਡਣ ਤੋਂ ਪਹਿਲਾਂ ਉਗਿਆ ਸੀ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ