ਜਦੋਂ ਡਾਕਟਰ ਨੇ ਮਰੀਜ਼ਾਂ ਨੂੰ ਬੱਕਰੇ ਦੇ ਅੰਡਕੋਸ਼ ਲਗਾ ਦਿੱਤੇ...

ਤਸਵੀਰ ਸਰੋਤ, Library of Congress
ਸਾਲ 1917 ਦੀ ਇੱਕ ਰਾਤ ਨੂੰ ਆਪਣੀ ਕਾਮ ਇੱਛਾ ਦੀ ਕਮੀ ਤੋਂ ਘਬਰਾਇਆ ਇੱਕ ਕਿਸਾਨ ਇੱਕ ਅਮਰੀਕੀ ਕਸਬੇ ਕਨਸਾਸ ਵਿੱਚ ਇੱਕ ਡਾਕਟਰ ਕੋਲ ਪਹੁੰਚਿਆ।
ਉਸ ਨੂੰ ਕਾਫ਼ੀ ਸਮੇਂ ਤੋਂ ਇਰੈਕਸ਼ਨ ਨਹੀਂ ਹੋ ਰਹੀ ਸੀ। ਉਸ ਨੇ ਡਾਕਟਰ ਨੂੰ ਕਿਹਾ, “ਇਹ ਇੱਕ ਹਵਾ ਨਿਕਲੇ ਟਾਇਰ ਵਰਗਾ ਹੈ।”
“ਮੈਂ ਬਹੁਤ ਸਾਰੇ ਡਾਕਟਰਾਂ ਕੋਲ ਗਿਆ ਹਾਂ ਅਤੇ ਬਹੁਤ ਸਾਰਾ ਪੈਸਾ ਖ਼ਰਚ ਕੀਤਾ ਹੈ ਪਰ ਕਿਤੋਂ ਕੋਈ ਫਾਇਦਾ ਨਹੀਂ ਹੋਇਆ।”
ਡਾਕਟਰ ਨੇ ਜਵਾਬ ਦਿੱਤਾ, “ਮੇਰੇ ਕੋਲ ਤੁਹਾਡੇ ਵਰਗੇ ਕਈ ਮਾਮਲੇ ਆਏ ਹਨ। ਮੈਂ ਸੀਰਮ, ਦਵਾਈਆਂ ਅਤੇ ਬਿਜਲੀ ਦੇ ਝਟਕਿਆਂ ਤੱਕ ਦੀ ਵਰਤੋਂ ਕੀਤੀ ਹੈ। ਲੇਕਿਨ ਮੈਨੂੰ ਨਹੀਂ ਲਗਦਾ ਇਨ੍ਹਾਂ ਵਿੱਚੋਂ ਕਿਸੇ ਨਾਲ ਵੀ ਕਿਸੇ ਨੂੰ ਕੋਈ ਖ਼ਾਸ ਫਰਕ ਪਿਆ ਹੈ।”
“ਇਸ ਤਰ੍ਹਾਂ ਦੀ ਸਥਿਤੀ ਵਿੱਚ ਕੀ ਕਾਰਗਰ ਹੈ, ਮੈਡੀਕਲ ਵਿੱਦਿਆ ਇਸ ਬਾਰੇ ਕੁਝ ਨਹੀਂ ਜਾਣਦੀ।”
ਡਾਕਟਰ ਨੇ ਖਿੜਕੀ ਤੋਂ ਬਾਹਰ ਦੇਖਿਆ, ਜਿੱਥੇ ਕੁਝ ਬੱਕਰੀਆਂ ਚਰ ਰਹੀਆਂ ਸਨ। ਉਸ ਨੇ ਉੱਧਰੇ ਦੇਖਦਿਆਂ ਟਿੱਪਣੀ ਕੀਤੀ, “ਜੇ ਤੂੰ ਇੱਕ ਬੱਕਰਾ ਹੁੰਦਾ ਤਾਂ ਤੈਨੂੰ ਇਹ ਸਮੱਸਿਆ ਨਹੀਂ ਆਉਣੀ ਸੀ।”
“ਜੇ ਮੇਰੇ ਬੱਕਰੇ ਦੇ ਕਪੂਰੇ (ਅੰਡਕੋਸ਼) ਲੱਗੇ ਹੁੰਦੇ? ਮੇਰੇ ਲਾ ਦਿਓ!”
''ਇਸ ਨਾਲ ਤੇਰੀ ਮੌਤ ਵੀ ਹੋ ਸਕਦੀ ਹੈ”, ਡਾਕਟਰ ਨੇ ਆਗਾਹ ਕੀਤਾ।
“ਲੇਕਿਨ ਇਹ ਖ਼ਤਰਾ ਮੁੱਲ ਲਿਆ ਜਾ ਸਕਦਾ ਹੈ।”
ਇਹ ਇੱਕ ਸੰਵਾਦ ਹੈ, ਇਸ ਤਰ੍ਹਾਂ ਦੀਆਂ ਹੋਰ ਵੀ ਕਹਾਣੀਆਂ ਹਨ। ਜਿਨ੍ਹਾਂ ਵਿੱਚ ਜ਼ਿਆਦਾ ਵੇਰਵੇ ਹਨ। ਲੇਕਿਨ ਇਨ੍ਹਾਂ ਦੀ ਪੁਸ਼ਟੀ ਕਰਨਾ ਮੁਸ਼ਕਿਲ ਹੈ। ਫਿਰ ਵੀ ਇਹ ਭਾਵੇਂ ਕਿੰਨੀ ਵੀ ਅਣਹੋਣੀ ਜਾਪਦੀ ਹੋਵੇ, ਇਹ ਸੱਚ ਹੈ।
ਇਸਦੀ ਮਿਸਾਲ ਇਸ ਲਈ ਦਿੱਤੀ ਜਾਂਦੀ ਹੈ ਕਿਉਂਕਿ ਇਹ ਦਰਸਾਉਂਦੀ ਹੈ ਕਿ ਪੁਰਸ਼ ਆਪਣੀ ਕਾਮ ਇੱਛਾ ਲਈ ਕਿਸ ਹੱਦ ਤੱਕ ਜਾ ਸਕਦੇ ਹਨ। ਦੂਜੇ ਇਨ੍ਹਾਂ ‘ਨੀਮ-ਹਕੀਮਾਂ’ ਨੂੰ ਕੰਟਰੋਲ ਕਰਨਾ ਕਿੰਨਾ ਮੁਸ਼ਕਿਲ ਹੈ।
ਜਿੱਥੇ ਕਿਸਾਨ ਆਪਣਾ ਦੁੱਖ ਲੈ ਕੇ ਪਹੁੰਚਿਆਂ ਸੀ ਉਸ ਕਲੀਨਿਕ ਵਿੱਚ ਮਰੀਜ਼ ਦੇਖਦੇ ਡਾਕਟਰ ਜੌਹਨ ਆਰ ਬ੍ਰਿੰਕਲੇ ਨੂੰ ਦੋ ਹਫ਼ਤੇ ਤੋਂ ਜ਼ਿਆਦਾ ਦਾ ਸਮਾਂ ਨਹੀਂ ਹੋਇਆ ਸੀ।

ਅਖ਼ਬਾਰ ਦੀ ਮਸ਼ਹੂਰੀ
ਉਹ ਇੱਥੇ ਅਖ਼ਬਾਰ ਦਾ ਇੱਕ ਇਸ਼ਤਿਹਾਰ ਦੇਖ ਕੇ ਪਹੁੰਚੇ ਸਨ, ਕਿ “2000 ਦੀ ਅਬਾਦੀ ਵਾਲਾ ਇੱਕ ਪਿੰਡ, ਸਾਨੂੰ ਇੱਕ ਡਾਕਟਰ ਦੀ ਲੋੜ ਹੈ।”
ਜਦੋਂ ਉੱਥੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਪਿੰਡ ਦੀ ਅਬਾਦੀ 2000 ਗਲਤੀ ਨਾਲ ਛਪ ਗਈ ਸੀ ਜਦਕਿ ਅਸਲੀ ਅਬਾਦੀ ਤਾਂ ਸਿਰਫ਼ 200 ਸੀ।
ਇਹ ਪੱਕੀਆਂ ਗਲੀਆਂ, ਟਰੈਫ਼ਿਕ, ਪਾਣੀ, ਸੀਵਰੇਜ ਅਤੇ ਬਿਜਲੀ ਵਰਗੀਆਂ ਸਹੂਲਤਾਂ ਤੋਂ ਸੱਖਣਾ ਇੱਕ ਨੀਰਸ ਪਿੰਡ ਸੀ।
ਲੇਕਿਨ ਬ੍ਰਿੰਕਲੇ ਕੋਲ ਸਿਰਫ਼ 23 ਡਾਲਰ ਅਤੇ ਬਹੁਤ ਸਾਰਾ ਕਰਜ਼ਾ ਸੀ।
ਉਨ੍ਹਾਂ ਦੀ ਪਤਨੀ ਮਿਨੀ ਟੈਲੀਥਾ ਸੀ ਜੋ ਮਿਲਫੋਰਡ ਜਾਣ ਦਾ ਸੁਣ ਕੇ ਹੀ ਰੋ ਪਈ ਸੀ।

ਤਸਵੀਰ ਸਰੋਤ, Los Angeles Times
ਜੇ ਮੇਰੇ ਕੋਲ ਕੁਝ ਨਹੀਂ ਸੀ ਤਾਂ ਉਹ ਸੀ ਡਾਕਟਰੀ ਵਿੱਚ ਬਹੁਤ ਜ਼ਿਆਦਾ ਅਨੁਭਵ ਅਤੇ ਜੇ ਕੁਝ ਸੀ ਤਾਂ ਉਹ ਇਹ ਕਿ ਮੈਂ ਕਦੇ-ਕਦਾਈਂ ਇਸਾਈ ਬਣ ਜਾਂਦਾ ਸੀ ਪਰ ਕੱਟੜ ਨਹੀਂ।
ਬਾਈ ਸਾਲ ਦੀ ਉਮਰ ਵਿੱਚ ਉਹ ਆਪਣੀ ਪਹਿਲੀ ਪਤਨੀ ਨਾਲ ਇੱਕ ਸ਼ੋਅ ਕਰਿਆ ਕਰਦੇ ਸੀ ਜਿਸ ਵਿੱਚ ਉਹ ਨੱਚਣ ਗਾਉਣ ਤੋਂ ਇਲਾਵਾ ਨੁਸਖ਼ੇ ਵੀ ਵੇਚਿਆ ਕਰਦੇ ਸਨ।
ਇਸ ਤੋਂ ਇਲਵਾ ਉਨ੍ਹਾਂ ਨੇ 1913 ਵਿੱਚ ਇੱਕ ਹਿੱਸੇਦਾਰ ਨਾਲ ਮਿਲ ਕੇ ਮਰਦਾਨਾ ਕਮਜ਼ੋਰੀ ਵਾਲਿਆਂ ਦੇ ਇਲਾਜ ਦਾ ਕਾਰੋਬਾਰ ਵੀ ਸ਼ੁਰੂ ਕੀਤਾ।
ਇੱਕ ਦਵਾਖ਼ਾਨਾ ਦੋ ਮਹੀਨੇ ਹੀ ਚੱਲਿਆ ਅਤੇ ਬਿਨਾਂ ਲਾਈਸੈਂਸ ਤੋਂ ਇਲਾਜ ਕਰਨ ਅਤੇ ਵਿੱਤੀ ਧੋਖਾਧੜੀ ਦੇ ਕੇਸ ਵਿੱਚ ਜੇਲ੍ਹ ਹੋ ਗਈ।
ਕੁਝ ਸਾਲ ਬਾਅਦ ਮੀਟ ਪੈਕ ਕਰਨ ਦੇ ਪਲਾਂਟ ਵਿੱਚ ਇੱਕ ਡਾਕਟਰ ਵਜੋਂ ਕੰਮ ਕੀਤਾ। ਉਹ ਵੱਢਣ ਲਈ ਲਿਆਂਦੇ ਬੱਕਰਿਆਂ ਦੀ ਜਿਣਸੀ ਸਰਗਰਮੀ ਤੋਂ ਬੜੇ ਹੈਰਾਨ ਸਨ।
ਬ੍ਰਿੰਕਲੇ ਬਚਪਨ ਤੋਂ ਹੀ ਇੱਕ ਡਾਕਟਰ ਬਣਨਾ ਚਾਹੁੰਦੇ ਸਨ। ਉਨ੍ਹਾਂ ਨੂੰ ਜਦੋਂ ਵੀ ਸਮਾਂ ਮਿਲਦਾ ਉਹ ਦਾਖਲਾ ਲੈ ਲੈਂਦੇ।
ਇਸ ਤਰ੍ਹਾਂ ਜਦੋਂ ਤੱਕ ਬ੍ਰਿੰਕਲੇ ਮਿਲਫੋਰਡ ਪਹੁੰਚੇ ਉਨ੍ਹਾਂ ਕੋਲ ਡਾਕਟਰੀ ਦੀ ਇੱਕ ਡਾਕਟਰੀ ਸੀ। ਡਿਗਰੀ ਸ਼ੱਕੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਅੱਠ ਸੂਬਿਆਂ ਵਿੱਚ ਕੰਮ ਕਰਨ ਦਾ ਲਾਈਸੈਂਸ ਮਿਲ ਗਿਆ ਸੀ।
1917-18 ਦੀ ਜਾਨਲੇਵਾ ਮਹਾਂਮਾਰੀ ਵਿੱਚ ਜਿਸ ਤਰ੍ਹਾਂ ਉਨ੍ਹਾਂ ਨੇ ਮਰੀਜ਼ਾਂ ਦੀ ਸੇਵਾ-ਸੰਭਾਲ ਕੀਤੀ ਉਸ ਤੋਂ ਉਨ੍ਹਾਂ ਦੀ ਪੁੱਛ ਕਾਫ਼ੀ ਵਧ ਗਈ ਸੀ।
ਲੇਕਿਨ ਕਿਸਾਨ ਦੀ ਉਸ ਫੇਰੀ ਤੋਂ ਬਾਅਦ ਉਨ੍ਹਾਂ ਦੀ ਡਾਕਟਰੀ ਦੇ ਪੇਸ਼ੇ ਨੇ ਇੱਕ ਦਿਲਚਸਪ ਮੋੜ ਲਿਆ।
ਆਓ ਕਿਸਾਨ ਦੀ ਕਹਾਣੀ ਉੱਤੇ ਵਾਪਸ ਆਉਂਦੇ ਹਾਂ...
ਖੁੱਲ੍ਹਾ ਭੇਤ
ਕਪੂਰੇ ਦੇ ਜ਼ਿਕਰ ਨੇ ਬੇਉਮੀਦ ਕਿਸਾਨ ਨੂੰ ਇੱਕ ਉਮੀਦ ਜਗਾ ਦਿੱਤੀ।
ਉਸ ਸਮੇਂ ਤੱਕ ਇੱਕ ਪ੍ਰਜਾਤੀ ਦੇ ਜੀਵਾਂ ਦੇ ਅੰਗ ਦੂਜੀ ਵਿੱਚ ਲਾਉਣ ਦਾ ਵਿਚਾਰ ਨਵਾਂ ਨਹੀਂ ਸੀ। ਡਾਕਟਰਾਂ ਦੀ ਵੀ ਇਸ ਵਿੱਚ ਦਿਲਚਸਪੀ ਬਣ ਰਹੀ ਸੀ।
ਲੇਕਿਨ ਕਿਸੇ ਨੂੰ ਇਸ ਲਈ ਮਨਾਉਣਾ ਮੂਲੋਂ ਹੀ ਸਮਝੋਂ ਬਾਹਰ ਸੀ।
ਉਹ ਸਹਿਮਤ ਹੋ ਗਏ ਸਨ ਕਿ ਅਪਰੇਸ਼ਨ ਸਭ ਤੋਂ ਓਹਲੇ ਵਿੱਚ ਕੀਤਾ ਜਾਵੇਗਾ।
ਕਿਸਾਨ ਨੇ ਰਾਤ ਦੇ ਹਨੇਰੇ ਵਿੱਚ ਬੱਕਰਾ ਲੈ ਕੇ ਆਉਣਾ ਸੀ ਅਤੇ ਪਹੁ ਫੁੱਟਣ ਤੋਂ ਪਹਿਲਾਂ ਚਲੇ ਜਾਣਾ ਸੀ।
ਅਗਲੇ ਦਿਨ ਕਿਸਾਨ ਦੀ ਪਤਨੀ ਨੇ ਡਾਕਟਰ ਨੂੰ ਦੱਸਣਾ ਸੀ ਕਿ ਉਸਦੇ ਪਤੀ ਨੂੰ ਬੁਖਾਰ ਹੈ। ਇਸ ਨਾਲ ਡਾਕਟਰ ਨੂੰ ਕਿਸਾਨ ਨੂੰ ਦੇਖਣ ਦਾ ਬਹਾਨਾ ਮਿਲ ਜਾਣਾ ਸੀ।

ਤਸਵੀਰ ਸਰੋਤ, Getty Images
ਬ੍ਰਿੰਕਲੇ ਦੀ ਸਵੈ-ਜੀਵਨੀ ਮੁਤਾਬਕ ਕਿਸਾਨ ਉਨ੍ਹਾਂ ਨੂੰ ਅਪਰੇਸ਼ਨ ਤੋਂ ਦੋ ਹਫ਼ਤੇ ਬਾਅਦ ਮਿਲਿਆ ਅਤੇ 150 ਡਾਲਰ ਦਾ ਚੈੱਕ ਸੌਂਪਿਆ।
ਲੇਖਕ ਕਲਿਮੇਂਟ ਵੁੱਡ ਨੇ 1937 ਵਿੱਚ ਲਿਖਿਆ, ਉਹ ਨਤੀਜਿਆਂ ਤੋਂ ਬਹੁਤ ਖੁਸ਼ ਸੀ। ਉਸ ਦਾ ਕਹਿਣਾ ਸੀ ਕਿ ਜੇ ਗੁੰਜਾਇਸ਼ ਵਿੱਚ ਹੁੰਦਾ ਤਾਂ ਉਹ ਇਸ ਤੋਂ ਦਸ ਗੁਣਾ ਜ਼ਿਆਦਾ ਪੈਸੇ ਦਿੰਦਾ।
ਪੂਰੀ ਸਾਵਧਾਨੀ ਵਰਤਣ ਦੇ ਬਾਵਜੂਦ ਗੱਲ ਫੈਲ ਗਈ। ਇਸ ਤਰ੍ਹਾਂ ਪੂਰੀ ਤਰ੍ਹਾਂ ਗੁਪਤ ਰੱਖਦੇ ਹੋਏ ਇੱਕ ਹੋਰ ਅਪਰੇਸ਼ਨ ਕੀਤਾ ਗਿਆ।
ਇਸ ਦਾ ਨਾਮ ਵਿਲੀਅਮ ਸਿਟਸਵਰਥ ਸੀ ਅਤੇ ਉਹ ਵੀ ਆਪਣੇ ਅਪਰੇਸ਼ਨ ਤੋਂ ਦੋ ਮਹੀਨੇ ਬਾਅਦ ਇਸਦੇ ਨਤੀਜਿਆਂ ਤੋਂ ਬਹੁਤ ਖੁਸ਼ ਸੀ। ਬਾਅਦ ਵਿੱਚ ਉਸ ਨੇ ਆਪਣੀ ਘਰ ਵਾਲੀ ਦੇ ਬੱਕਰੀ ਦੀਆਂ ਓਵਰੀਜ਼ (ਅੰਡਕੋਸ਼) ਰਖਵਾਏ।
ਜਲਦੀ ਹੀ ਔਰਤ ਮਾਂ ਬਣੀ ਅਤੇ ਬੱਚੀ ਦਾ ਨਾਮ ਬਿਲੀ ਰੱਖਿਆ ਗਿਆ।
ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕਹਾਣੀ ਵਿੱਚ ਦੰਤ ਕਥਾ ਦੇ ਅੰਸ਼ ਹਨ।
ਕਈ ਵਾਰ ਦਾਣੇ ਤੂੜੀ ਤੋਂ ਵੱਖ ਕਰਨੇ ਮੁਸ਼ਕਿਲ ਹੋ ਜਾਂਦੇ ਹਨ। ਹਾਲਾਂਕਿ, ਇਸ ਮਾਮਲੇ ਵਿੱਚ ਨਹੀਂ। ਜੇ ਬ੍ਰਿੰਕਲੇ ਆਪਣੇ ਅੰਗ ਵੀ ਬੱਕਰੇ/ ਬੱਕਰੀ ਨਾਲ ਬਦਲ ਲੈਂਦੇ ਤਾਂ ਵੀ ਸੰਤਾਨ ਪੈਦਾ ਕਰਨੀ ਸੰਭਵ ਨਹੀਂ ਸੀ।
ਇਹ ਉਦੋਂ ਵੀ ਆਮ ਸਮਝ ਦੀ ਗੱਲ ਸੀ ਪਰ ਖੰਭਾਂ ਦੀ ਡਾਰ ਬਣ ਗਈ ਅਤੇ ਪ੍ਰੈੱਸ ਅਤੇ ਕਿਤਾਬਾਂ ਤੱਕ ਇਹ ਕਹਾਣੀ ਛਪ ਗਈ।

ਤਸਵੀਰ ਸਰੋਤ, Library of Congress
ਕਾਮ ਇੱਛਾ ਦੀ ਕਮੀ ਇਸ ਦੇ ਮਰੀਜ਼ਾਂ ਲਈ ਬੁਰੇ ਸਫ਼ਨੇ ਵਾਂਗ ਸੀ ਅਤੇ ਬ੍ਰਿੰਕਲੇ ਉਨ੍ਹਾਂ ਨੂੰ ਜਵਾਨੀ ਦਾ ਝਰਨਾ ਦੇ ਰਹੇ ਸਨ।
ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਮਰੀਜ਼ ਆਇਆ ਅਤੇ ਚੰਗੇ ਨਤੀਜਿਆਂ ਦੀ ਸ਼ੋਭਾ ਫੈਲਦੀ ਗਈ। ਬ੍ਰਿੰਕਲੇ ਕੋਲ ਪੈਸਾ ਇਕੱਠਾ ਹੋ ਰਿਹਾ ਸੀ।
ਕੁਝ ਨਾਮਵਰ ਹਸਤੀਆਂ ਵੱਲੋਂ ਕੀਤੇ ਪ੍ਰਚਾਰ ਸਦਕਾ ਉਨ੍ਹਾਂ ਦਾ ਕਾਰੋਬਾਰ ਹੋਰ ਵਧ-ਫੁਲ ਰਿਹਾ ਸੀ।
ਯੂਨੀਵਰਸਿਟੀ ਆਫ਼ ਸ਼ਿਕਾਗੋ ਦੇ ਸਕੂਲ ਆਫ਼ ਲਾਅ ਦੇ ਮੁਖੀ, ਜੇਜੇ ਟੋਬੀਅਸ ਨੇ ਲਿਖਿਆ,“ਮੈਂ ਇੱਕ ਥੱਕਿਆ ਹੋਇਆ ਬੁੱਢਾ ਸੀ। ਮੈਂ ਮਿਲਫੋਰਡ ਗਿਆ ਅਤੇ ਡਾਕਟਰ ਬ੍ਰਿੰਕਲੇ ਦਾ ਅਪਰੇਸ਼ਨ ਕਰਵਾਇਆ। ਚਾਰ ਦਿਨਾਂ ਬਾਅਦ, ਸਿਰ ਦਰਦ ਗਾਇਬ ਹੋ ਗਿਆ। ਸੱਤ ਦਿਨ ਬਾਅਦ ਮੈਂ 25 ਸਾਲ ਦਾ ਜਵਾਨ ਹੋ ਕੇ ਹਸਪਤਾਲ ਛੱਡਿਆ। ਇੰਝ ਲਗਦਾ ਹੈ ਮੈਂ ਹਰ ਰੋਜ਼ ਜਵਾਨ ਹੋ ਰਿਹਾ ਹੈ।”
ਜਿਵੇਂ ਤੁਸੀਂ ਦੇਖ ਸਕਦੇ ਹੋ, ਇੱਥੇ ਸਿਰਫ਼ ਮਰਦਾਨਾ ਕਮਜ਼ੋਰੀ ਦਾ ਹੀ ਨਹੀਂ ਸਗੋਂ ਬੁੱਢਾਪੇ ਦੀਆਂ ਅਲਾਮਤਾਂ ਜਿਵੇਂ- ਚੇਤੇ ਦੀ ਕਮਜ਼ੋਰੀ ਵਗੈਰਾ ਦਾ ਵੀ ਇਲਾਜ ਹੋ ਰਿਹਾ ਸੀ।
ਗੋਟ ਗਰੈਂਡ ਟਰਾਂਸਪਲਾਂਟੇਸ਼ਨ ਬਾਏ ਜੇਆਰ ਬ੍ਰਿੰਕਲੇ (1921) ਦੇ ਲੇਖਕ ਸਿਡਨੀ ਬੀ ਫਲਾਵਰ ਲਿਖਦੇ ਹਨ, “ਸੌਖੇ ਸ਼ਬਦਾਂ ਵਿੱਚ ਕਹੀਏ, ਇਹ ਕਥਿਤ ਲਾਇਲਾਜ ਨੂੰ ਠੀਕ ਕਰ ਰਿਹਾ ਸੀ, ਕੁਝ ਅਜਿਹਾ ਕਰ ਰਿਹਾ ਸੀ ਜੋ ਅਸੀਂ ਜਾਣਦੇ ਹਾਂ ਧਰਤੀ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਸੀ।”
ਖੰਭਾਂ ਦੀ ਡਾਰ
ਇਸ ਇਲਾਜ ਦੇ ਫਾਇਦਿਆਂ ਦੀ ਤਾਂ ਬਹੁਤ ਚਰਚਾ ਹੋਈ ਲੇਕਿਨ ਇਹ ਇਲਾਜ ਕਿਵੇਂ ਕੀਤੇ ਗਏ, ਇਸਦਾ ਜ਼ਿਕਰ ਬਹੁਤ ਥੋੜ੍ਹਾ ਮਿਲਦਾ ਹੈ।
ਫਲਾਵਰ ਮੁਤਾਬਕ ਡਾ਼ ਬ੍ਰਿੰਕਲੇ ਅੰਗ ਲਾਉਣ ਲਈ ਬੰਦੇ ਦੀ ਅੰਡਕੋਸ਼ ਥੈਲੀ ਵਿੱਚ ਦੋ ਚੀਰੇ ਦਿੰਦੇ। ਅਜਿਹਾ ਸਥਾਨਕ ਸੁੰਨੀਕਰਨ ਦੇ ਪ੍ਰਭਾਵ ਹੇਠ ਇੱਕ ਦਰਦ ਰਹਿਤ ਅਪਰੇਸ਼ਨ ਜ਼ਰੀਏ ਕੀਤਾ ਜਾਂਦਾ।
ਹਾਲਾਂਕਿ ਉਹ ਜ਼ੋਰ ਦੇ ਕੇ ਕਹਿੰਦੇ ਹਨ ਕਿ ਇਸ ਨੁਕਤੇ ਤੋਂ, ਤਕਨੀਕ ਕੇਸ ਤੋਂ ਕੇਸ ਭਿੰਨ ਹੁੰਦੀ ਸੀ। ਦੋ ਕੇਸਾਂ ਵਿੱਚ ਤਕਨੀਕ ਇੱਕੋ ਜਿਹੀ ਨਹੀਂ ਹੁੰਦੀ ਸੀ।

ਤਸਵੀਰ ਸਰੋਤ, Los Angeles Times
ਇਸੇ ਲਈ ਆਪਣੀ ਦਿਲੀ ਇੱਛਾ ਦੇ ਬਾਵਜੂਦ ਡਾ਼ ਬ੍ਰਿੰਕਲੇ ਆਪਣੇ ਸਹਿਕਰਮੀਆਂ ਅਤੇ ਸਹਿਯੋਗੀਆਂ ਨੂੰ ਇਹ ਵਿਧੀ ਨਹੀਂ ਸਿਖਾ ਸਕੇ। ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਲਿਖਿਆ ਜ਼ਰੂਰ।
ਅਸਪਸ਼ਟਤਾ ਦੇ ਬਾਵਜੂਦ ਲੋਕਾਂ ਨੇ ਡਾ਼ ਬ੍ਰਿੰਕਲੇ ਦੀ ਗੋਟ ਸਰਜਰੀ ਬਾਰੇ ਲਿਖਿਆ।
ਸਾਲ 1922 ਵਿੱਚ ਬ੍ਰਿੰਕਲੇ ਨੇ ਇਸ ਬਾਰੇ ਇੱਕ ਕਿਤਾਬ ਲਿਖੀ।
ਉਨ੍ਹਾਂ ਨੇ ਲਿਖਿਆ, “ਅੱਜ ਮੈਂ ਦੁਨੀਆਂ ਨੂੰ ਐਲਾਨ ਕਰ ਸਕਦਾ ਹਾਂ ਕਿ, ਸਹੀ ਵਿਧੀ ਖੋਜ ਲਈ ਗਈ ਹੈ। ਮੈਂ ਹਰ ਰੋਜ਼ ਜਾਨਵਰਾਂ ਦੇ ਅੰਗ ਮਨੁੱਖੀ ਸਰੀਰਾਂ ਵਿੱਚ ਲਾ ਰਿਹਾ ਹਾਂ ਅਤੇ ਇਹ ਅੰਗ ਮਨੁੱਖੀ ਸਰੀਰ ਵਿੱਚ ਜ਼ਿੰਦਾ ਅੰਗਾਂ ਵਾਂਗ ਕੰਮ ਕਰ ਰਹੇ ਹਨ... ਮਨੁੱਖੀ ਅੰਗ ਨੂੰ ਜਵਾਨ ਕਰ ਰਹੇ ਹਨ।”
ਉਤਸੁਕਤ ਹੈਰੀ ਸ਼ੈਂਡਲਰ ਜੋ ਕਿ ਲਾਸ ਐਂਜਲਸ ਟਾਈਮਜ਼ ਦੇ ਇੱਕ ਰਸੂਖਦਾਰ ਮਾਲਕ ਸਨ। ਉਨ੍ਹਾਂ ਨੇ ਬ੍ਰਿੰਕਲੇ ਨੂੰ ਨਿਊ ਯਾਰਕ ਬੁਲਾ ਕੇ ਅਪਰੇਸ਼ਨ ਕਰਨ ਦੀ ਆਰਜ਼ੀ ਮਨਜ਼ੂਰੀ ਦਵਾਈ।
ਬ੍ਰਿੰਕਲੇ ਦੇ ਚਮਤਕਾਰਾਂ ਤੋਂ ਪ੍ਰਭਾਵਿਤ ਹੈਰੀ ਨੇ ਉਨ੍ਹਾਂ ਦੀ ਅਖ਼ਬਾਰ ਵਿੱਚ ਸ਼ਲਾਘਾ ਕੀਤੀ। ਇਸਦੀ ਬਦੌਲਤ ਬ੍ਰਿੰਕਲੇ ਕੋਲ ਮਰੀਜ਼ਾਂ ਦੀ ਕਤਾਰ ਲੱਗ ਗਈ ਅਤੇ ਉਹ ਮਿਲਫੋਰਡ ਵਿੱਚ ਆਪਣਾ ਹਸਪਤਾਲ ਬਣਾਉਣ ਵਿੱਚ ਕਾਮਯਾਬ ਹੋ ਗਏ।
ਲਾਸ ਏਂਜਲਸ ਵਿੱਚ ਬ੍ਰਿੰਕਲੇ ਨੂੰ ਜਨ-ਸੰਚਾਰ ਦੀ ਸ਼ਕਤੀ ਦੀ ਸਮਝ ਆਈ। ਇਸ ਲਈ ਮਿਲਫੋਰਡ ਵਾਪਸ ਆਕੇ ਉਨ੍ਹਾਂ ਨੇ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ। ਜਲਦੀ ਹੀ ਉਨ੍ਹਾਂ ਦਾ ਸ਼ੁਰੂ ਕੀਤਾ ਰੇਡੀਓ ਅਮਰੀਕਾ ਦਾ ਸਭ ਤੋਂ ਪ੍ਰਸਿੱਧ ਰੇਡੀਓ ਬਣ ਗਿਆ।
ਰੇਡੀਓ ਫਾਰਮਾਸਿਸਟ
ਉਨ੍ਹਾਂ ਦੇ ਰੇਡੀਓ ਉੱਤੇ ਸੰਗੀਤ, ਖ਼ਬਰਾਂ, ਕਮੇਡੀ, ਕਵਿਤਾਵਾਂ ਅਤੇ ਵਿਅੰਗ ਵੀ ਪ੍ਰਸਾਰਿਤ ਕੀਤੀ ਜਾਂਦੀ ਸੀ।
ਇਸ ਤੋਂ ਇਲਾਵਾ ਦੇ ਡਾਕਟਰੀ ਪ੍ਰੋਗਰਾਮਾਂ ਦੀ ਮੇਜ਼ਬਾਨੀ ਡਾਕਟਰ ਬ੍ਰਿੰਕਲੇ ਆਪ ਕਰਿਆ ਕਰਦੇ ਸਨ। ਇਨ੍ਹਾਂ ਦਾ ਵਿਸ਼ਾ ਵਸਤੂ ਸੈਕਸ਼ੂਐਲਿਟੀ ਦੇ ਇਰਦ-ਗਿਰਦ ਘੁੰਮਦਾ ਸੀ, ਜਿਸ ਨਾਲ ਬ੍ਰਿੰਕਲੇ ਨੂੰ ਮਰੀਜ਼ ਮਿਲਦੇ ਸਨ।
ਸਰੋਤਿਆਂ ਦਾ ਵਿਸ਼ਵਾਸ ਹਾਸਲ ਕਰਨ ਤੋਂ ਜਲਦੀ ਬਾਅਦ ਉਨ੍ਹਾਂ ਨੇ ਆਪਣੇ ਨੁਸਖ਼ੇ ਤਿਆਰ ਕਰਨੇ ਸ਼ੁਰੂ ਕਰ ਦਿੱਤੇ, ਜੋ ਉਹ ਰੇਡੀਓ ਉੱਤੇ ਹੀ ਲੋਕਾਂ ਨੂੰ ਦੇ ਦਿੰਦੇ ਸਨ।
ਸਰੋਤੇ ਇਹ ਦਵਾਈਆਂ ਦਵਾਈ-ਵਿਕਰੇਤਿਆਂ ਦੇ ਇੱਕ ਨੈਟਵਰਕ ਜ਼ਰੀਏ ਖ਼ਰੀਦ ਸਕਦੇ ਸਨ। ਇਹ ਨੈਟਵਰਕ ਬ੍ਰਿੰਕਲੇ ਨੇ ਮੋਟੇ ਮੁਨਾਫ਼ੇ ਵਾਲੇ ਕਰਾਰ ਕਰਕੇ ਸਥਾਪਤ ਕੀਤਾ ਸੀ।
ਜਲਦੀ ਹੀ ਨਿਯਮਤ ਡਾਕਟਰਾਂ ਦੇ ਉਡੀਕ ਕਮਰੇ ਖਾਲੀ ਹੋਣ ਲੱਗੇ।
ਇਸ ਤੋਂ ਇਲਾਵਾ ਬ੍ਰਿੰਕਲੇ ਆਪਣੇ ਸਰੋਤਿਆਂ ਨੂੰ ਆਪਣੀ ਜਾਂਚ ਖ਼ੁਦ ਕਰਕੇ ਆਪਣਾ ਇਲਾਜ ਆਪ ਹੀ ਕਰਨ ਲਈ ਉਤਸ਼ਾਹਿਤ ਕਰ ਰਹੇ ਸਨ। ਇਸ ਤੋਂ ਉਨ੍ਹਾਂ ਦੇ ਮਰੀਜ਼ਾਂ ਦੀ ਸਿਹਤ ਖ਼ਤਰੇ ਵਿੱਚ ਪੈ ਸਕਦੀ ਸੀ।

ਤਸਵੀਰ ਸਰੋਤ, Getty Images
ਉਸ ਸਮੇਂ ਤੱਕ ਅਮਰੀਕਾ ਦੇ ਮੈਡੀਕਲ ਸਕੂਲਾਂ ਵਿੱਚ ਸਖ਼ਤਾਈ ਹੋਣ ਲੱਗ ਪਈ ਸੀ।
ਉਸੇ ਸਾਲ 1923 ਕਈ ਮੈਡੀਕਲ ਸਿੱਖਿਆ ਅਦਾਰਿਆਂ ਉੱਤੇ ਡਿਗਰੀਆਂ ਵੇਚਣ ਦੀਆਂ ਖ਼ਬਰਾਂ ਵੀ ਛਪਣ ਲੱਗੀਆਂ।
ਕੈਲੀਫੋਰਨੀਆ ਸੂਬੇ ਨੇ ਉਨ੍ਹਾਂ ਨੂੰ ਬਿਨਾਂ ਲੋੜੀਂਦੀ ਸਿਖਲਾਈ ਤੋਂ ਮੈਡੀਸਨ ਦੀ ਪ੍ਰੈਕਟਿਸ ਲਈ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਕਾਨਸਸ ਦੇ ਗਵਰਨ ਨੇ ਉਨ੍ਹਾਂ ਦੀ ਹਵਾਲਗੀ ਤੋਂ ਇਨਕਾਰ ਕਰ ਦਿੱਤਾ। ਗਵਰਨਰ ਬ੍ਰਿੰਕਲੇ ਦੇ ਦੋਸਤ ਸਨ ਅਤੇ ਜੋ ਨਾਮ ਉਨ੍ਹਾਂ ਨੇ ਸੂਬੇ ਲਈ ਕਮਾਇਆ ਸੀ, ਉਸ ਤੋਂ ਪ੍ਰਭਾਵਿਤ ਸਨ।
ਕਨਸਾਸ ਸਿਟੀ ਸਟਾਰ ਨੇ ਅਸੰਤੁਸ਼ਟ ਮਰੀਜ਼ਾਂ ਦੇ ਬਿਆਨ ਪ੍ਰਕਾਸ਼ਿਤ ਕੀਤੇ। ਲੇਕਿਨ ਇਸ ਸਭ ਦਾ ਡਾ਼ ਬ੍ਰਿੰਕਲੇ ਦੀ ਪ੍ਰਸਿੱਧੀ ਉੱਤੇ ਕੋਈ ਅਸਰ ਨਹੀਂ ਪਿਆ।
ਡਾ਼ ਬ੍ਰਿੰਕਲੇ ਨੂੰ ਸਿਰਫ ਇੱਕ ਹੀ ਵਿਅਕਤੀ ਹਰਾ ਸਕਦਾ ਸੀ। ਉਹ ਸੀ ਮੋਰਿਸ ਫਿਸ਼ਬੀਨ।
ਫਿਸ਼ਬੀਨ ਜਰਨਲ ਆਫ਼ ਅਮਰੀਕਨ ਮੈਡੀਕਲ ਐਸੋਸੀਏਸ਼ਨ ਦੇ ਸੰਪਾਦਕ ਸਨ। ਉਹ ਨੀਮ- ਹਕੀਮਾਂ ਦੇ ਮਸ਼ਹੂਰ ਸ਼ਿਕਾਰੀ ਸਨ।
ਉਨ੍ਹਾਂ ਨੇ ਬ੍ਰਿੰਕਲੇ ਬਾਰੇ ਲਿਖਿਆ ਕਿ ਉਹ “ਸਭ ਤੋਂ ਬੁਰੀ ਕਿਸਮ ਦਾ ਝੋਲਾ-ਛਾਪ” ਹੈ, ਜਿਸ ਨੇ ਰੇਡੀਓ ਸਟੇਸ਼ਨ ਦੀ ਦੁਰਵਰਤੋਂ ਕਰਕੇ ਮਰੀਜ਼ਾਂ ਦਾ ਸ਼ੋਸ਼ਣ ਕੀਤਾ ਹੈ ਅਤੇ ਖ਼ੁਦ ਸੰਪਤੀ ਇਕੱਠੀ ਕੀਤੀ ਹੈ।
ਬ੍ਰਿੰਕਲੇ ਨੇ ਕਿਹਾ ਕਿ ਉਹ ਮੈਡੀਕਲ ਐਸੋਸੀਏਸ਼ਨ ਵੱਲੋਂ ਖੋਜੇ ਗਏ ਇੱਕ ਨਾਖੁਸ਼ ਮਰੀਜ਼ ਦੇ ਮੁਕਾਬਲੇ ਦਸ ਪ੍ਰੰਸਨ ਮਰੀਜ਼ ਪੇਸ਼ ਕਰਨਗੇ।
ਸਾਲ 1930 ਵਿੱਚ ਕਾਨਸਸ ਮੈਡੀਕਲ ਬੋਰਡ ਨੇ ਗੈਰ-ਪੇਸ਼ਵਰ ਵਿਹਾਰ ਅਤੇ ਅੰਨ੍ਹੀ ਅਨੈਤਿਕਤਾ ਦੇ ਚਲਦਿਆਂ ਬ੍ਰਿੰਕਲੇ ਅਤੇ ਉਨ੍ਹਾਂ ਦੇ ਰੇਡੀਓ ਸਟੇਸ਼ਨ ਦਾ ਲਾਈਸੈਂਸ ਵੀ ਮਨਸੂਖ ਕਰ ਦਿੱਤਾ।
ਲੇਕਿਨ ਕਹਾਣੀ ਇੱਥੇ ਹੀ ਖ਼ਤਮ ਨਹੀਂ ਹੋਈ।
ਸਿਆਸਤ ਦੇ ਜ਼ਰੀਏ ਮੈਕਸੀਕੋ ਪਹੁੰਚੇ
ਮੈਡੀਕਲ ਲਾਈਸੈਂਸ ਅਤੇ ਰੇਡੀਓ ਲਾਈਸੈਂਸ ਮਨਸੂਖ ਹੋਣ ਦੇ ਬਾਵਜੂਦ ਕਾਨਸਸ ਵਿੱਚ ਬਹੁਤ ਸਾਰੇ ਲੋਕ ਉਨ੍ਹਾਂ ਉੱਪਰ ਭਰੋਸਾ ਕਰਦੇ ਸਨ।
ਕੁਝ ਸ਼ੁਭ ਚਿੰਤਕਾਂ ਦੀ ਸਲਾਹ ਸੀ ਕਿ ਬ੍ਰਿੰਕਲੇ ਨੂੰ ਗਵਰਨਰ ਦੀ ਚੋਣ ਲੜਨੀ ਚਾਹੀਦੀ ਹੈ। ਮੈਡੀਸਨ ਦਾ ਲਾਈਸੈਂਸ ਮਨਸੂਖ ਹੋਣ ਤੋਂ ਬਾਅਦ ਬ੍ਰਿੰਕਲੇ ਨੇ ਇਸ ਉੱਤੇ ਅਮਲ ਵੀ ਕੀਤਾ। ਇਹ ਚੋਣਾਂ ਉਨ੍ਹਾਂ ਨੇ ਅਜ਼ਾਦ ਉਮੀਦਵਾਰ ਵਜੋਂ ਲੜਨ ਦਾ ਐਲਾਨ ਕੀਤਾ।
ਉਹ ਚੋਣਾਂ ਜਿੱਤੇ ਤਾਂ ਨਹੀਂ ਪਰ ਹਾਰੇ ਵੀ ਨਹੀਂ...
ਉਨ੍ਹਾਂ ਨੇ ਨਾਜ਼ਦਗੀ ਦੇਰੀ ਨਾਲ ਭਰੀ ਸੀ। ਇਸ ਲਈ ਉਨ੍ਹਾਂ ਦਾ ਨਾਮ ਮਤ ਪੱਤਰ ਉੱਤੇ ਨਹੀਂ ਸੀ ਸਗੋਂ ਜੋ ਲੋਕ ਉਨ੍ਹਾਂ ਨੂੰ ਵੋਟ ਕਰਨਾ ਚਾਹੁੰਦੇ ਸਨ, ਉਨ੍ਹਾਂ ਨੂੰ ਬ੍ਰਿੰਕਲੇ ਦਾ ਨਾਮ ਹੱਥ ਨਾਲ ਲਿਖਣਾ ਪੈਣਾ ਸੀ।

ਤਸਵੀਰ ਸਰੋਤ, Getty Images
ਕਨਸਾਸ ਦੇ ਅਟਰਨੀ ਜਨਰਲ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਕਿ ਬ੍ਰਿੰਕਲੇ ਨੂੰ ਵੋਟ ਪਾਉਣ ਲਈ ਉਨ੍ਹਾਂ ਦੇ ਨਾਮ ਦੇ ਸ਼ਬਦ ਜੋੜ ਸਹੀ ਲਿਖੇ ਜਾਣੇ ਚਾਹੀਦੇ ਹਨ।
ਇਸੇ ਦੌਰਾਨ ਇੱਕ ਹੋਰ ਸੰਭਾਵਨਾ ਉਜਾਗਰ ਹੋਈ।
ਬ੍ਰਿੰਕਲੇ ਨੂੰ ਰੀਓ ਗਰੈਂਡੇ (ਮੈਕਸੀਕੋ) ਵਿੱਚ ਇੱਕ ਨਵਾਂ ਰੇਡੀਓ ਸਟੇਸ਼ਨ ਸਥਾਪਿਤ ਕਰਨ ਦਾ ਸੱਦਾ ਮਿਲਿਆ।
ਭੌਤਿਕ ਵਿਗਿਆਨ ਨੇ ਸੁਨਿਸਚਿਤ ਕੀਤਾ ਕਿ ਏਐੱਮ ਫਰੀਕੁਐਂਸੀ ਉੱਤੇ ਰੇਡੀਓ ਦੀ ਪਹੁੰਚ ਦੀ ਕੋਈ ਹੱਦ ਨਹੀਂ ਸੀ।
5,00,000 ਵਾਟ ਦੀ ਰੇਡੀਆ ਤਰੰਗਾਂ ਛੱਡਣ ਦੇ ਲਾਈਸੈਂਸ ਦੇ ਨਾਲ, ਇਹ ਉਸ ਸਮੇਂ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਰੇਡੀਓ ਸਟੇਸ਼ਨ ਸੀ।
ਇਹ ਰੇਡੀਓ ਆਪਣੇ ਸਰੋਤਿਆਂ ਨੂੰ ਕੁਝ ਅਜਿਹਾ ਵਿਸ਼ਾ-ਵਸਤੂ ਦਿੰਦਾ ਸੀ ਜੋ ਉਨ੍ਹਾਂ ਨੂੰ ਦੂਜੇ ਕੌਮੀ ਰੇਡੀਓ ਨਹੀਂ ਦਿੰਦੇ ਸਨ- ਸੰਗੀਤ, ਸੈਕਸ ਅਤੇ ਧਰਮ।
ਇਸ ਤਰ੍ਹਾਂ ਬ੍ਰਿੰਕਲੇ ਦਾ ਰੇਡੀਓ ਸਟੇਸ਼ਨ ਪਹਿਲਾ ਅਜਿਹਾ ਸਟੇਸ਼ਨ ਬਣਿਆ ਜੋ ਬਿਨਾਂ ਲਾਈਸੈਂਸ ਤੋਂ ਵੀ ਸਰਹੱਦ ਦੇ ਪਾਰ ਸੁਣਿਆ ਜਾ ਸਕਦਾ ਸੀ।
ਇਸ ਤਰ੍ਹਾਂ ਲੱਗ ਰਿਹਾ ਸੀ ਕਿ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਬ੍ਰਿੰਕਲੇ ਨੂੰ ਕੋਈ ਰੋਕ ਨਹੀਂ ਸਕਦਾ ਸੀ। ਮੈਕਸੀਕੋ ਦੀ ਬਦੌਲਤ ਉਨ੍ਹਾਂ ਕੋਲ ਸ਼ਹੁਰਤ, ਪੈਸਾ ਅਤੇ ਕੁਝ ਸੂਬਿਆਂ ਵਿੱਚ ਮੈਡੀਕਲ ਦੀ ਪ੍ਰੈਕਿਟਸ ਕਰਨ ਦੀ ਸੰਭਾਵਨਾ ਸੀ।
ਲੇਕਿਨ ਆਖਰ ਉਨ੍ਹਾਂ ਦਾ ਹੰਕਾਰ ਹੀ, ਬ੍ਰਿੰਕਲੇ ਦੇ ਪਤਨ ਦਾ ਕਾਰਨ ਬਣਿਆ।
ਤਬਾਹਕਾਰੀ ਸਿੱਟੇ
ਸਾਲ 1938 ਵਿੱਚ ਫਿਸ਼ਬੀਨ ਨੇ ਬ੍ਰਿੰਕਲੇ ਦੀ ਆਲੋਚਨਾ ਵਿੱਚ ਇੱਕ ਹੋਰ ਲੇਖ, “ਝੋਲਾ-ਛਾਪ-ਗਿਰੀ ਆਪਣੇ ਸਿਖਰਾਂ ਉੱਤੇ” ਲਿਖਿਆ।
ਉਨ੍ਹਾਂ ਨੇ ਲਿਖਿਆ ਕਿ ਬ੍ਰਿੰਕਲੇ ਨੇ ਨਿਹਾਇਤ ਬੇਸ਼ਰਮੀ ਨਾਲ ਭੋਲੇ-ਭਾਲੇ ਅਮਰੀਕੀਆਂ ਤੋਂ ਪੈਸੇ ਕਢਵਾਏ ਹਨ।
ਬ੍ਰਿੰਕਲੇ ਨੇ ਫਿਸ਼ਬੀਨ ਉੱਤੇ ਮਾਣਹਾਨੀ ਦਾ ਦਾਅਵਾ ਕਰ ਦਿੱਤਾ। ਉਹ ਅੰਦਾਜ਼ਾ ਨਹੀਂ ਲਾ ਸਕੇ ਕਿ ਇਹ ਲੋਕ ਰਾਇ ਵਰਗੀ ਅਦਾਲਤ ਨਹੀਂ ਹੈ, ਜਿਸ ਵਿੱਚ ਉਹ ਅਕਸਰ ਜਿੱਤਦੇ ਰਹੇ ਹਨ।
ਸੁਣਵਾਈ ਦੌਰਾਨ ਬ੍ਰਿੰਕਲੇ ਦੇ ਸਾਬਕਾ ਮਰੀਜ਼ ਉਨ੍ਹਾਂ ਦੇ ਖਿਲਾਫ਼ ਖੜ੍ਹੇ ਹੋ ਗਏ। ਉਨ੍ਹਾਂ ਨੇ ਆਪਣੇ ਸਰੀਰਕ ਅਤੇ ਆਰਥਿਕ ਨੁਕਸਾਨ ਦੀ ਗਵਾਹੀ ਦਿੱਤੀ।
ਇਹ ਸਬੂਤ ਵੀ ਪੇਸ਼ ਕੀਤੇ ਗਏ ਕਿ ਬ੍ਰਿੰਕਲੇ ਦੇ ਅਪਰੇਸ਼ਨ ਟੇਬਲ ਉੱਤੇ 42 ਮਰੀਜ਼ਾਂ ਦੀ ਜਾਨ ਗਈ ਸੀ।
ਫਿਸ਼ਬੀਨ ਦੇ ਵਕੀਲ ਨੇ ਬ੍ਰਿੰਕਲੇ ਨੂੰ ਸਵੀਕਾਰ ਕਰਨ ਲਈ ਮਜਬੂਰ ਕਰ ਦਿੱਤਾ ਕਿ ਉਹ “ਜਾਣਦੇ ਸਨ ਕਿ ਬੱਕਰੇ ਦੇ ਕਪੂਰੇ ਆਪਣੇ-ਆਪ ਵਿੱਚ ਕਿਸੇ ਦੀ ਮਰਦਾਨਾ ਸ਼ਕਤੀ ਵਾਪਸ ਨਹੀਂ ਕਰ ਸਕਦੇ। ਉਨ੍ਹਾਂ ਦਾ ਪ੍ਰਚਾਰ ਅਤੇ ਦਾਅਵੇ ਝੂਠੇ ਸਨ।”
ਫਿਸ਼ਬੀਨ ਦੇ ਵਕੀਲ ਨੇ ਕਿਹਾ, “ਬ੍ਰਿੰਕਲੇ ਦੁਨੀਆਂ ਦੇ ਸਭ ਤੋਂ ਅਮੀਰ ਸਰਜਨ ਹਨ ਕਿਉਂਕਿ ਉਨ੍ਹਾਂ ਕੋਲ ਮਨੁੱਖੀ ਪ੍ਰਕਿਰਕਤੀ ਦੀ ਕਮਜ਼ੋਰ ਨੂੰ ਜਾਨਣ ਦੀ ਸਧਾਰਨ ਸਮਝ ਅਤੇ ਉਸ ਤੋਂ ਲੱਖਾਂ ਡਾਲਰ ਕਮਾਉਣ ਦਾ ਹੌਂਸਲਾ ਸੀ।”
ਅਦਾਲਤ ਨੇ ਫਿਸ਼ਬੀਨ ਦੇ ਪੱਖ ਵਿੱਚ ਫੈਸਲਾ ਸੁਣਾਇਆ, ਬ੍ਰਿੰਕਲੇ ਨੇ ਉੱਪਰਲੀ ਅਦਾਲਤ ਵਿੱਚ ਅਪੀਲ ਕੀਤੀ।
ਲੇਕਿਨ ਅਦਾਲਤ ਨੇ ਕਿਹਾ, “ਯਾਚਕ ਨੇ ਆਪਣੀਆਂ ਵਿਧੀਆਂ ਰਾਹੀਂ, ਮੈਡੀਕਲ ਨੈਤਿਕਤਾ ਦੇ ਮੰਨੇ ਹੋਈ ਪੈਮਾਨਿਆਂ ਦੀ ਉਲੰਘਣਾ ਕੀਤੀ ਹੈ। ਯਾਚਕ ਨੂੰ ਆਮ ਸਮਝ ਵਿੱਚ ਇੱਕ ਨੀਮ-ਹਕੀਮ ਮੰਨਿਆ ਜਾਣਾ ਚਾਹੀਦਾ ਹੈ।”
ਇਸ ਤੋਂ ਬਾਅਦ ਬ੍ਰਿੰਕਲੇ ਉੱਤੇ ਲੱਖਾਂ ਡਾਲਰ ਦੀ ਦਾਅਵੇਦਾਰੀ ਦੇ ਦਰਵਾਜ਼ੇ ਖੁੱਲ੍ਹ ਗਏ।
ਉਨ੍ਹਾਂ ਦਾ ਮੈਕਸੀਕੋ ਵਿਚਲਾ ਰੇਡੀਓ ਸਰਕਾਰ ਨੇ ਜ਼ਬਤ ਕਰ ਲਿਆ।
ਸਾਲ 1941 ਵਿੱਚ ਬ੍ਰਿੰਕਲੇ ਨੇ ਦੀਵਾਲੀਏਪਣ ਲਈ ਅਰਜ਼ੀ ਦਿੱਤੀ।
ਹੋਰ ਇਲਜ਼ਾਮਾਂ ਅਤੇ ਮੁਕੱਦਮੇਬਾਜ਼ੀਆਂ ਕਾਰਨ ਬ੍ਰਿੰਕਲੇ ਦੀ ਸਿਹਤ ਲਗਾਤਾਰ ਵਿਗੜ ਰਹੀ ਸੀ।
ਆਖਰ 26 ਮਈ, 1942 ਨੂੰ 56 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












