ਸ਼ਰਾਬ ਦੀ ਖ਼ਪਤ ਦੇ ਮਾਮਲੇ 'ਚ ਪੰਜਾਬ ਦੇਸ਼ 'ਚੋਂ ਤੀਜੇ ਨੰਬਰ 'ਤੇ, ਜਾਣੋ ਉਨ੍ਹਾਂ ਕੁਝ ਲੋਕਾਂ ਦੀਆਂ ਕਹਾਣੀਆਂ ਜੋ ਇਸ ਦਲਦਲ 'ਚੋਂ ਨਿਕਲੇ

ਸ਼ਰਾਬ
ਤਸਵੀਰ ਕੈਪਸ਼ਨ, 2019 ਦੇ ਸਰਕਾਰੀ ਅੰਕੜਿਆਂ ਅਨੁਸਾਰ, ਭਾਰਤ ਵਿੱਚ ਲਗਭਗ 16 ਕਰੋੜ ਲੋਕ ਸ਼ਰਾਬ ਪੀਂਦੇ ਹਨ
    • ਲੇਖਕ, ਸੌਰਭ ਯਾਦਵ
    • ਰੋਲ, ਬੀਬੀਸੀ ਪੱਤਰਕਾਰ

(ਚੇਤਾਵਨੀ: ਇਸ ਕਹਾਣੀ ਵਿੱਚ ਕੁਝ ਜਾਣਕਾਰੀ ਪਰੇਸ਼ਾਨ ਕਰਨ ਵਾਲੀ ਹੋ ਸਕਦੀ ਹੈ।)

"ਮੈਂ ਆਪਣਾ ਘਰ ਛੱਡ ਦਿੱਤਾ ਸੀ। ਮੇਰੇ ਮੋਢਿਆਂ 'ਤੇ ਦੋ ਜੋੜੇ ਕੱਪੜੇ ਹੁੰਦੇ ਸਨ। ਮੈਂ ਸੜਕਾਂ 'ਤੇ ਰਹਿੰਦਾ ਸੀ, ਭੀਖ ਮੰਗਦਾ ਸੀ ਅਤੇ ਲੋਕਾਂ ਨੂੰ ਝੂਠ ਬੋਲਦਾ ਸੀ ਕਿ ਮੈਂ ਘਰ ਜਾਣਾ ਹੈ ਮੇਰੀ ਮਦਦ ਕਰੋ। ਜਿਵੇਂ ਹੀ ਮੈਨੂੰ ਪੈਸੇ ਮਿਲਦੇ ਸਨ, ਮੈਂ ਸਿੱਧਾ ਸ਼ਰਾਬ ਦੀ ਦੁਕਾਨ 'ਤੇ ਜਾਂਦਾ ਸੀ ਅਤੇ ਸ਼ਰਾਬ ਪੀਂਦਾ ਸੀ।"

ਇਹ ਅਮਿਤ (ਬਦਲਿਆ ਹੋਇਆ ਨਾਮ) ਦੇ ਸ਼ਬਦ ਹਨ, ਜਿਸ ਨੇ ਆਪਣੀ ਸ਼ਰਾਬ ਦੀ ਆਦਤ ਕਾਰਨ ਸਭ ਕੁਝ ਦਾਅ 'ਤੇ ਲਗਾ ਦਿੱਤਾ।

ਸ਼ਰਾਬ ਦੀ ਲਤ ਕਾਰਨ ਨੌਕਰੀ ਗੁਆ ਦਿੱਤੀ, ਆਪਣੇ ਰਿਸ਼ਤੇ ਗੁਆ ਦਿੱਤੇ ਅਤੇ ਇੱਥੋਂ ਤੱਕ ਕਿ ਆਪਣੀ ਪਛਾਣ ਵੀ ਗੁਆ ਦਿੱਤੀ।

ਪਰ ਇਹ ਕਹਾਣੀ ਸਿਰਫ਼ ਅਮਿਤ ਦੀ ਨਹੀਂ ਹੈ। ਇਹ ਅਮਿਤ ਵਰਗੇ ਲੱਖਾਂ ਲੋਕਾਂ ਦੀ ਕਹਾਣੀ ਹੈ ਜੋ ਹਰ ਰੋਜ਼ ਸ਼ਰਾਬ ਦੀ ਆਦਤ ਵਿਰੁੱਧ ਇੱਕ ਅਦਿੱਖ ਲੜਾਈ ਲੜ ਰਹੇ ਹਨ।

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੀ ਵੈੱਬਸਾਈਟ 'ਤੇ ਉਪਲਬਧ 2019 ਦੇ ਅੰਕੜਿਆਂ ਦੇ ਅਨੁਸਾਰ, ਭਾਰਤ ਵਿੱਚ 5.7 ਕਰੋੜ ਲੋਕਾਂ ਨੂੰ ਸ਼ਰਾਬ ਨਾਲ ਸਬੰਧਤ ਸਮੱਸਿਆਵਾਂ ਕਰਕੇ ਮਦਦ ਦੀ ਲੋੜ ਹੈ।

ਗੌਤਮ ਬੁੱਧ ਨਗਰ ਜ਼ਿਲ੍ਹਾ ਹਸਪਤਾਲ ਦੀ ਮਨੋਵਿਗਿਆਨੀ ਸਲਾਹਕਾਰ ਡਾ. ਸਵਾਤੀ ਤਿਆਗੀ ਕਹਿੰਦੇ ਹਨ ਕਿ ਉਨ੍ਹਾਂ ਕੋਲ 12 ਸਾਲ ਤੋਂ ਲੈ ਕੇ 70 ਸਾਲ ਦੀ ਉਮਰ ਦੇ ਲੋਕ ਸ਼ਰਾਬ ਨਾਲ ਸਬੰਧਤ ਸਮੱਸਿਆਵਾਂ ਕਰਕੇ ਮਦਦ ਲਈ ਆਉਂਦੇ ਹਨ।

ਉਹ ਦੱਸਦੇ ਹਨ, "ਜ਼ਿਆਦਾਤਰ ਨੌਜਵਾਨ ਹਨ, ਖ਼ਾਸ ਕਰਕੇ 12 ਤੋਂ 30 ਸਾਲ ਦੀ ਉਮਰ ਦੇ।"

ਸ਼ਰਾਬ ਦੀ ਲਤ ਅਤੇ ਇਸਦਾ ਅਸਰ

ਕਵਿਤਾ

ਦਿੱਲੀ ਦੀ ਰਹਿਣ ਵਾਲੀ ਕਵਿਤਾ (ਨਾਮ ਬਦਲਿਆ ਹੋਇਆ ਹੈ), ਕਹਿੰਦੀ ਹੈ ਕਿ ਆਪਣੇ ਸਕੂਲ ਦੇ ਦਿਨਾਂ ਵਿੱਚ ਜਦੋਂ ਉਹ ਦੂਜੀਆਂ ਕੁੜੀਆਂ ਨੂੰ ਸ਼ਰਾਬ ਪੀਂਦੀ ਅਤੇ ਸਿਗਰਟ ਪੀਂਦੀ ਦੇਖਦੀ ਸੀ, ਤਾਂ ਉਸ ਨੂੰ ਲੱਗਦਾ ਸੀ ਕਿ ਉਹ "ਖੂਹ ਦਾ ਡੱਡੂ" ਬਣ ਕੇ ਰਹਿ ਗਈ ਹੈ।

ਉਸ ਨੇ ਉਦੋਂ ਫ਼ੈਸਲਾ ਕਰ ਲਿਆ ਸੀ ਕਿ ਇੱਕ ਦਿਨ ਉਹ ਸ਼ਰਾਬ ਜ਼ਰੂਰ ਪੀਵੇਗੀ ਅਤੇ ਉਸ ਨੇ ਕਾਲਜ ਵਿੱਚ ਪਹਿਲੀ ਵਾਰ ਸ਼ਰਾਬ ਪੀਤੀ।

ਕਵਿਤਾ ਕਹਿੰਦੀ ਹੈ, "ਮੈਂ ਇੱਕ ਬਹੁਤ ਹੀ ਸ਼ਾਂਤ ਅਤੇ ਅੰਤਰਮੁਖੀ ਸੁਭਾਅ ਦੀ ਹਾਂ ਜੋ ਜ਼ਿਆਦਾ ਖੁੱਲ੍ਹ ਕੇ ਨਹੀਂ ਬੋਲਦੀ, ਪਰ ਸ਼ਰਾਬ ਨੇ ਮੇਰੇ ਵਿੱਚ ਜੋ ਬਦਲਾਅ ਲਿਆਂਦਾ ਉਹ ਸ਼ਾਨਦਾਰ ਸੀ। ਮੈਂ ਨੱਚ ਰਹੀ ਸੀ, ਲੋਕਾਂ ਨਾਲ ਗੱਲਾਂ ਕਰ ਰਹੀ ਸੀ, ਮੈਂ ਆਨੰਦ ਮਾਣ ਰਹੀ ਸੀ। ਇੱਕ ਸ਼ੇਰਨੀ ਵਾਲਾ ਰੂਪ ਆ ਗਿਆ ਸੀ। ਉਹ ਅਹਿਸਾਸ ਬਹੁਤ ਹੀ ਐਡਿਕਟਿਵ ਸੀ।"

ਉਹ ਅੱਗੇ ਕਹਿੰਦੀ ਹੈ, "ਮੈਨੂੰ ਲੱਗਦਾ ਸੀ ਕਿ ਮੈਂ ਆਪਣੇ ਲਈ ਪੀ ਰਹੀ ਹਾਂ। ਉੱਥੇ ਬਗ਼ਾਵਤ ਵੀ ਸੀ, ਜੇਕਰ ਮਰਦ ਪੀ ਸਕਦੇ ਹਨ, ਤਾਂ ਔਰਤਾਂ ਕਿਉਂ ਨਹੀਂ? ਮੈਂ ਸਾਬਤ ਕਰਨਾ ਚਾਹੁੰਦੀ ਸੀ, ਦੇਖੋ, ਮੈਂ ਵੀ ਪੀ ਸਕਦੀ ਹਾਂ।"

ਕਵਿਤਾ ਕਹਿੰਦੀ ਹੈ ਕਿ ਉਸ ਦੀ ਸ਼ਰਾਬ ਦੀ ਲਤ ਦਾ ਅਸਰ ਉਸ ਦੇ ਬੱਚਿਆਂ ਅਤੇ ਆਪਸੀ ਰਿਸ਼ਤਿਆਂ 'ਤੇ ਵੀ ਪਿਆ।

ਉਹ ਦੱਸਦੀ ਹੈ, "ਮੈਂ ਕੰਮ ਤੋਂ ਵਾਪਸ ਆਉਂਦੇ ਸਮੇਂ ਸ਼ਰਾਬ ਪੀਂਦੀ ਸੀ। ਮੇਰੇ ਮਨ ਵਿੱਚ ਹਮੇਸ਼ਾ ਇਹ ਵਿਚਾਰ ਰਹਿੰਦਾ ਸੀ ਕਿ ਮੇਰਾ ਪਤੀ ਸੱਤ ਵਜੇ ਤੱਕ ਵਾਪਸ ਆ ਜਾਵੇਗਾ, ਇਸ ਲਈ ਮੈਂ ਉਸ ਤੋਂ ਪਹਿਲਾ ਹੀ ਇੱਕ ਕੁਆਟਰ ਪੀ ਲੈਂਦੀ ਹਾਂ। ਮੈਂ ਹਮੇਸ਼ਾ ਅਜਿਹਾ ਕਰਦੀ ਸੀ।"

ਕਵਿਤਾ ਕਹਿੰਦੀ ਹੈ, "ਇੱਕ ਸ਼ਰਾਬੀ ਦੀ ਇੱਕ ਖਾਸ ਇਮੇਜ ਹੁੰਦੀ ਹੈ, ਸੜਕ ਕਿਨਾਰੇ ਡਿੱਗਿਆ ਹੁੰਦਾ ਹੈ, ਕੱਪੜੇ ਪਾਟੇ ਹੁੰਦੇ ਹਨ, ਫਰਕ ਸਿਰਫ਼ ਇਹ ਸੀ ਕਿ ਮੈਂ ਘਰ ਵਿੱਚ ਆਪਣੇ ਬਿਸਤਰੇ 'ਤੇ ਡਿੱਗੀ ਹੁੰਦੀ ਸੀ।"

ਜੇਕਰ ਤੁਸੀਂ ਵੀ ਸ਼ਰਾਬ ਦੀ ਲਤ ਦਾ ਸ਼ਿਕਾਰ ਹੋ, ਤਾਂ ਤੁਸੀਂ ਮਦਦ ਲਈ ਇਨ੍ਹਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ।

ਨੈਸ਼ਨਲ ਟੋਲ ਫ੍ਰੀ ਹੈਲਪਲਾਈਨ - 1800-11-0031

ਡਰੱਗ ਫ੍ਰੀ ਇੰਡੀਆ ਮੁਹਿੰਮ ਹੈਲਪਲਾਈਨ ਨੰਬਰ: 14446

ਸ਼ਰਾਬ ਦੀ ਆਦਤ ਕਾਰਨ ਵਿਗੜਦੇ ਰਿਸ਼ਤੇ

ਸ਼ਰਾਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਰਾਬ ਦੀ ਲਤ ਦਾ ਵਿਅਕਤੀ ਦੇ ਰਿਸ਼ਤਿਆਂ 'ਤੇ ਸਭ ਤੋਂ ਵੱਧ ਪ੍ਰਭਾਵ ਪੈਂਦਾ ਹੈ (ਸੰਕੇਤਕ ਤਸਵੀਰ)

ਸ਼ਰਾਬ ਦੀ ਲਤ ਕਾਰਨ ਕਦੇ ਆਪਣੇ ਪਿਤਾ ਨੂੰ ਕਾਲਰ ਤੋਂ ਫੜ੍ਹਨ ਵਾਲੇ ਅਮਿਤ (ਨਾਮ ਬਦਲਿਆ ਹੋਇਆ ਹੈ) ਜਾਂ ਆਪਣੀ ਗਰਭਵਤੀ ਪਤਨੀ ਨੂੰ ਸੱਟ ਪਹੁੰਚਾਉਣ ਵਾਲੇ ਸਤਪਾਲ (ਨਾਮ ਬਦਲਿਆ ਹੋਇਆ ਹੈ) ਜਦੋਂ ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹਨ, ਤਾਂ ਉਨ੍ਹਾਂ ਦੀਆਂ ਅੱਖਾਂ ਝੁਕ ਜਾਂਦੀਆਂ ਹਨ।

ਅਮਿਤ ਕਹਿੰਦੇ ਹਨ, "ਪਹਿਲੀ ਵਾਰ ਸ਼ਰਾਬ ਪੀਣ ਤੋਂ ਲਗਭਗ ਤਿੰਨ ਸਾਲ ਬਾਅਦ, ਮੇਰੀ ਹਾਲਤ ਬਦਤਰ ਹੋ ਗਈ ਸੀ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਆਪਣੇ ਪਰਿਵਾਰ ਨੂੰ ਇੰਨਾ ਦੁਖੀ ਕਰ ਦੇਵਾਂਗਾ। ਪਰ ਇੱਕ ਦਿਨ, ਮੇਰੇ ਪਿਤਾ ਦੀਆਂ ਅੱਖਾਂ ਵਿੱਚ ਮੇਰੇ ਕਾਰਨ ਹੰਝੂ ਸਨ। ਉਨ੍ਹਾਂ ਦੇ ਸ਼ਬਦ ਸਨ, 'ਜੇਕਰ ਤੂੰ ਜੰਮਦਿਆਂ ਹੀ ਮਰ ਜਾਂਦਾ ਤਾਂ ਚੰਗਾ ਹੁੰਦਾ'।"

ਸਤਪਾਲ ਦੱਸਦੇ ਹਨ, "ਸ਼ਰਾਬ ਪੀਣ ਤੋਂ ਬਾਅਦ, ਮੈਨੂੰ ਲੱਗਦਾ ਸੀ ਕਿ ਮੈਂ ਹਵਾ ਵਿੱਚ ਉੱਡ ਰਿਹਾ ਹਾਂ। ਮੈਨੂੰ ਪੀਣ ਵਾਲੀਆਂ ਥਾਵਾਂ ਅਤੇ ਪੀਣ ਵਾਲੇ ਦੋਸਤ ਬਹੁਤ ਚੰਗੇ ਲੱਗਦੇ ਸਨ, ਜੋ ਨਹੀਂ ਪੀਂਦੇ ਸਨ ਉਹ ਮੈਨੂੰ ਬਿਲਕੁਲ ਪਸੰਦ ਨਹੀਂ ਸਨ।"

ਉਹ ਅੱਗੇ ਕਹਿੰਦੇ ਹਨ, "ਇੱਕ ਵਾਰ, ਮੇਰੇ ਘਰ ਇੱਕ ਪ੍ਰੋਗਰਾਮ ਸੀ। ਮੇਰੇ ਰਿਸ਼ਤੇਦਾਰ ਵੀ ਆਏ ਸਨ। ਮੇਰੀ ਪਤਨੀ ਦੁਕਾਨ 'ਤੇ ਬੈਠਦੀ ਹੁੰਦੀ ਸੀ। ਮੇਰੇ ਜੀਜਾ ਜੀ ਨੇ ਮੇਰੇ ਦਿਮਾਗ਼ ਵਿੱਚ ਇਹ ਗੱਲ ਪਾਈ, 'ਤੇਰੀ ਪਤਨੀ ਦੁਕਾਨ 'ਤੇ ਬੈਠਦੀ ਹੈ, ਇੰਝ ਹੈ..., ਉਂਝ ਹੈ...' ਮੈਂ ਆਇਆ ਅਤੇ ਆਪਣੀ ਗਰਭਵਤੀ ਪਤਨੀ ਦੇ ਪੇਟ ਵਿੱਚ ਮੁੱਕਾ ਮਾਰ ਦਿੱਤਾ। ਉਹ 5-6 ਮਹੀਨਿਆਂ ਦੀ ਗਰਭਵਤੀ ਸੀ। ਪਰ ਫਿਰ ਵੀ, ਮੈਨੂੰ ਅਹਿਸਾਸ ਨਹੀਂ ਹੋਇਆ ਕਿ ਮੈਂ ਕੀ ਕੀਤਾ ਹੈ।"

ਕਵਿਤਾ, ਅਮਿਤ ਅਤੇ ਸਤਪਾਲ ਹੁਣ ਸ਼ਰਾਬ ਤੋਂ ਦੂਰੀ ਬਣਾ ਚੁੱਕੇ ਹਨ, ਪਰ ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਕਰੋੜਾਂ ਭਾਰਤੀਆਂ ਨੂੰ ਅਜੇ ਵੀ ਮਦਦ ਦੀ ਲੋੜ ਹੈ।

ਸਰਕਾਰੀ ਅੰਕੜੇ ਕੀ ਕਹਿੰਦੇ ਹਨ?

ਲੋਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਿਜ਼ਨਸ ਸਟੈਂਡਰਡ ਦੀ ਇੱਕ ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ ਸ਼ਰਾਬ ਦਾ ਬਾਜ਼ਾਰ 60 ਬਿਲੀਅਨ ਅਮਰੀਕੀ ਡਾਲਰ ਦਾ ਹੈ

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੀ ਵੈੱਬਸਾਈਟ 'ਤੇ ਉਪਲਬਧ 2019 ਦੇ ਅੰਕੜਿਆਂ ਦੇ ਅਨੁਸਾਰ, ਭਾਰਤ ਵਿੱਚ 10 ਤੋਂ 75 ਸਾਲ ਦੀ ਉਮਰ ਦੇ ਲਗਭਗ 16 ਕਰੋੜ ਲੋਕ ਸ਼ਰਾਬ ਪੀਂਦੇ ਹਨ।

ਲਗਭਗ 5.7 ਕਰੋੜ ਤੋਂ ਵੱਧ ਲੋਕ ਸ਼ਰਾਬ ਨਾਲ ਸਬੰਧਤ ਸਮੱਸਿਆਵਾਂ ਨਾਲ ਜੂਝ ਰਹੇ ਹਨ।

ਦੂਜੇ ਸ਼ਬਦਾਂ ਵਿੱਚ ਭਾਰਤ ਵਿੱਚ ਹਰ ਤੀਜਾ ਸ਼ਰਾਬ ਪੀਣ ਵਾਲਾ ਸ਼ਰਾਬ ਨਾਲ ਸਬੰਧਤ ਸਮੱਸਿਆਵਾਂ ਤੋਂ ਪੀੜਤ ਹੈ ਅਤੇ ਉਸ ਨੂੰ ਮਦਦ ਦੀ ਲੋੜ ਹੈ।

ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਭਾਰਤ ਵਿੱਚ ਲਗਭਗ 30 ਫੀਸਦ ਲੋਕ ਦੇਸੀ ਸ਼ਰਾਬ ਪੀਂਦੇ ਹਨ ਅਤੇ 30 ਫੀਸਦ ਵਿਦੇਸ਼ੀ ਸ਼ਰਾਬ ਪੀਂਦੇ ਹਨ।

ਉੱਤਰ-ਪੂਰਬੀ ਸੂਬਿਆਂ ਦੇ ਲੋਕ ਘਰ ਵਿੱਚ ਬਣਾਈ ਗਈ ਚੌਲਾਂ ਤੋਂ ਬਣੀ ਰਾਈਸ ਬੀਅਰ ਪੀਣਾ ਪਸੰਦ ਕਰਦੇ ਹਨ। ਉੱਥੇ ਹੀ ਬਿਹਾਰ ਵਿੱਚ ਸਭ ਤੋਂ ਜ਼ਿਆਦਾ (30 ਫੀਸਦ) ਗ਼ੈਰ-ਕਾਨੂੰਨੀ ਤੌਰ 'ਤੇ ਬਣੀ ਕੱਚੀ ਸ਼ਰਾਬ ਪੀਂਦੇ ਹਨ।

ਛੱਤੀਸਗੜ੍ਹ ਵਿੱਚ ਸਭ ਤੋਂ ਵੱਧ ਸ਼ਰਾਬ ਦੀ ਖਪਤ 35.6% ਹੈ, ਇਸ ਤੋਂ ਬਾਅਦ ਤ੍ਰਿਪੁਰਾ 34.7%, ਪੰਜਾਬ 28.5%, ਅਰੁਣਾਚਲ ਪ੍ਰਦੇਸ਼ 28% ਅਤੇ ਗੋਆ 26% ਹੈ।

ਸ਼ਰਾਬ ਪੀਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਦੇ ਆਧਾਰ 'ਤੇ ਗੱਲ ਕਰੀਏ ਤਾਂ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ 4.2 ਕਰੋੜ ਲੋਕ, ਪੱਛਮੀ ਬੰਗਾਲ 1.4 ਕਰੋੜ ਅਤੇ ਮੱਧ ਪ੍ਰਦੇਸ਼ 1.2 ਕਰੋੜ ਲੋਕ ਸ਼ਰਾਬ ਪੀਂਦੇ ਹਨ।

ਅਰੁਣਾਚਲ ਪ੍ਰਦੇਸ਼ ਵਿੱਚ 15.6 ਫੀਸਦ ਔਰਤਾਂ ਅਤੇ ਛੱਤੀਸਗੜ੍ਹ ਵਿੱਚ 13.7 ਫੀਸਦ ਔਰਤਾਂ ਸ਼ਰਾਬ ਪੀਂਦੀਆਂ ਹਨ। ਸਿਰਫ਼ ਇਨ੍ਹਾਂ ਦੋ ਸੂਬਿਆਂ ਵਿੱਚ ਔਰਤਾਂ ਸ਼ਰਾਬ ਪੀਂਦੀਆਂ ਹਨ, ਜੋ ਕਿ 10 ਫੀਸਦ ਤੋਂ ਵੱਧ ਹੈ।

ਪੰਜਾਬ ਵਿੱਚ 6 ਫੀਸਦ, ਪੱਛਮੀ ਬੰਗਾਲ ਵਿੱਚ 3.9 ਫੀਸਦ ਅਤੇ ਮਹਾਰਾਸ਼ਟਰ ਵਿੱਚ 3.8 ਫੀਸਦ ਬੱਚੇ ਸ਼ਰਾਬ ਪੀਂਦੇ ਹਨ।

2019 ਦੇ ਸਰਕਾਰੀ ਅੰਕੜਿਆਂ ਅਨੁਸਾਰ, ਦੇਸ਼ ਭਰ ਵਿੱਚ ਲਗਭਗ 2.9 ਕਰੋੜ ਲੋਕ ਸ਼ਰਾਬ ਦੀ ਲਤ ਦੇ ਸ਼ਿਕਾਰ ਹਨ।

ਬਲੂਮਬਰਗ ਦੀ ਇੱਕ ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ 2020 ਵਿੱਚ 3.1 ਲੀਟਰ ਸੀ, ਜੋ 2023 ਵਿੱਚ ਵਧ ਕੇ 3.2 ਲੀਟਰ ਹੋ ਗਈ ਅਤੇ 2028 ਤੱਕ 3.4 ਲੀਟਰ ਤੱਕ ਪਹੁੰਚ ਸਕਦੀ ਹੈ।

ਬਿਜ਼ਨਸ ਸਟੈਂਡਰਡ ਦੀ ਇੱਕ ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ ਸ਼ਰਾਬ ਬਾਜ਼ਾਰ 60 ਅਰਬ ਅਮਰੀਕੀ ਡਾਲਰ ਦਾ ਹੈ।

ਕਵਿਤਾ, ਅਮਿਤ ਅਤੇ ਸਤਪਾਲ ਨੂੰ ਉਨ੍ਹਾਂ ਦੇ ਆਪਣਿਆਂ ਨੇ ਸ਼ਰਾਬ ਦੀ ਲਤ ਛੱਡਣ ਵਿੱਚ ਮਦਦ ਕੀਤੀ। ਕੁਝ ਨੇ ਰਿਹੈਬਿਲਿਟੇਸ਼ਨ ਸੈਂਟਰਾਂ ਦੀ ਮਦਦ ਲਈ ਤਾਂ ਕਿਸੇ ਨੇ ਸਪੋਰਟ ਗਰੁੱਪ ਦੀ।

ਰਿਹੈਬਿਲਿਟੇਸ਼ਨ ਸੈਂਟਰ ਜਾਂ ਸਪੋਰਟ ਗਰੁੱਪ ਜ਼ਿਆਦਾ ਕਾਰਗਰ ਹਨ?

ਹੱਥ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾ. ਸਵਾਤੀ ਤਿਆਗੀ ਕਹਿੰਦੀ ਹੈ ਕਿ ਰਿਹੈਬਿਲਿਟੇਸ਼ਨ ਸੈਂਟਰ ਵਧੇਰੇ ਪ੍ਰਭਾਵਸ਼ਾਲੀ ਹਨ, ਪਰ ਸਿਰਫ਼ ਉਹ ਕੇਂਦਰ ਜਿੱਥੇ ਮਾਹਿਰ ਮੌਜੂਦ ਹਨ

ਡਾ. ਸਵਾਤੀ ਤਿਆਗੀ ਕਹਿੰਦੇ ਹਨ, "ਲੰਬੇ ਸਮੇਂ ਤੱਕ ਸ਼ਰਾਬ ਪੀਣ ਵਾਲੇ ਲੋਕਾਂ ਵਿੱਚ ਮਿਰਗੀ ਦਾ ਦੌਰਾ, ਘਬਰਾਹਟ, ਨੀਂਦ ਦੀ ਸਮੱਸਿਆ, ਹੱਥ-ਪੈਰ ਕੰਬਣ ਸਣੇ ਕਈ ਗੰਭੀਰ ਸਰੀਰਕ ਸਮੱਸਿਆਵਾਂ ਹੋ ਸਕਦੀਆਂ ਹਨ।"

"ਜਦੋਂ ਕੋਈ ਵਿਅਕਤੀ ਲੰਬੇ ਸਮੇਂ ਤੱਕ ਸ਼ਰਾਬ ਪੀਣ ਤੋਂ ਬਾਅਦ ਅਚਾਨਕ ਸ਼ਰਾਬ ਛੱਡ ਦਿੰਦਾ ਹੈ, ਤਾਂ ਉਹ ਉਲਝਣ ਵਿੱਚ ਪੈ ਜਾਂਦਾ ਹੈ ਅਤੇ ਉਸ ਨੂੰ ਦਿਨ-ਰਾਤ ਦਾ ਹੋਸ਼ ਨਹੀਂ ਰਹਿੰਦਾ। ਇਸ ਸਥਿਤੀ ਵਿੱਚ ਸਾਇਕੋਸਿਸ ਵਰਗੀ ਦਿਮਾਗ਼ੀ ਬਿਮਾਰੀ ਵੀ ਵਿਕਸਿਤ ਹੋ ਸਕਦੀ ਹੈ।"

"ਲੰਬੇ ਸਮੇਂ ਤੱਕ ਸ਼ਰਾਬ ਪੀਣ ਨਾਲ ਡਿਮੈਂਸ਼ੀਆ ਵੀ ਹੋ ਸਕਦਾ ਹੈ।"

ਡਾ. ਤਿਆਗੀ ਕਹਿੰਦੇ ਹਨ, "ਰਿਹੈਬ ਸੈਂਟਰ ਵਧੇਰੇ ਕਾਰਗਰ ਹੈ, ਪਰ ਉੱਥੇ ਸੈਂਟਰ ਜਿੱਥੇ ਮਾਹਰ ਮੌਜੂਦ ਹਨ। ਸਾਈਕੈਟ੍ਰਿਸਟ ਅਤੇ ਕਾਊਂਸਲ ਮੌਜੂਦ ਹੋਣ। ਰਿਹੈਬ ਅਜਿਹਾ ਹੋਵੇ ਜਿੱਥੇ ਮਰੀਜ਼ਾਂ ਦੀ ਗੱਲ ਸੁਣੀ ਜਾਂਦੀ ਹੋਵੇ, ਕੁੱਟਮਾਰ ਨਾ ਹੁੰਦੀ ਹੋਵੇ। ਸ਼ਰਾਬ ਦੀ ਲਤ ਦਵਾਈ ਅਤੇ ਦੇਖਭਾਲ ਦੁਆਰਾ ਠੀਕ ਹੁੰਦੀ ਹੈ, ਕੁੱਟਮਾਰ ਨਾਲ ਨਹੀਂ। ਜਦੋਂ ਮਰੀਜ਼ ਕੁਝ ਸਮੇਂ ਬਾਅਦ ਸਥਿਰ ਹੋ ਜਾਂਦਾ ਹੈ, ਤਾਂ ਸਪੋਰਟਸ ਗਰੁੱਪ ਦੀ ਭੂਮਿਕਾ ਸ਼ੁਰੂ ਹੁੰਦੀ ਹੈ।"

ਰਿਹੈਬਿਲਿਟੇਸ਼ਨ ਸੈਂਟਰ ਕਿਵੇਂ ਕੰਮ ਕਰਦੇ ਹਨ

ਤਪਸਿਆ ਫਾਊਂਡੇਸ਼ਨ ਅਤੇ ਰਿਹੈਬਿਲਿਟੇਸ਼ਨ ਸੈਂਟਰ ਦੇ ਡਾਇਰੈਕਟਰ ਦਿਨੇਸ਼ ਸ਼ਰਮਾ ਦੱਸਦੇ ਹਨ, "ਜਦੋਂ ਕਿਸੇ ਮਰੀਜ਼ ਨੂੰ ਰਿਹੈਬ ਵਿੱਚ ਲਿਆਂਦਾ ਜਾਂਦਾ ਹੈ, ਤਾਂ ਉਨ੍ਹਾਂ ਨੂੰ ਪਹਿਲਾਂ ਦਵਾਈ ਦੀ ਲੋੜ ਹੁੰਦੀ ਹੈ। ਡਾਕਟਰ ਦਾ ਕੰਮ ਸ਼ਰਾਬ ਛੱਡਣ ਤੋਂ ਬਾਅਦ ਆਉਣ ਵਾਲੇ ਵਿਡ੍ਰਾਲ ਸਿੰਮਟਮਸ ਨੂੰ ਕੰਟ੍ਰੋਲ ਕਰਦਾ ਹੁੰਦਾ ਹੈ। ਲਗਭਗ 15-20 ਦਿਨਾਂ ਲਈ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਬਾਅਦ, ਗਰੁੱਪ ਸੈਸ਼ਨ ਸ਼ੁਰੂ ਹੁੰਦੇ ਹਨ।"

ਦਿਨੇਸ਼ ਦੱਸਦੇ ਹਨ, "ਇਨ੍ਹਾਂ ਸਮੂਹ ਸੈਸ਼ਨਾਂ ਵਿੱਚ ਕਾਉਂਸਲਰ ਆਪਣੇ ਅਨੁਭਵ ਸਾਂਝੇ ਕਰਦੇ ਹਨ। ਨਵੇਂ ਮਰੀਜ਼ਾਂ ਨੂੰ ਅਹਿਸਾਸ ਹੁੰਦਾ ਹੈ ਕਿ ਜੋ ਕੁਝ ਉਹ ਸੁਣ ਰਹੇ ਹਨ ਉਹ ਉਨ੍ਹਾਂ ਨਾਲ ਵੀ ਵਾਪਰਿਆ ਹੈ। ਹੌਲੀ-ਹੌਲੀ, ਉਹ ਖੁੱਲ੍ਹਣ ਲੱਗ ਪੈਂਦੇ ਹਨ।"

"ਫਿਰ ਵੰਨ-ਆਨ-ਵੰਨ ਸੈਸ਼ਨ, ਜਿੱਥੇ ਮਰੀਜ਼ ਕਿਸੇ ਭਰੋਸੇਮੰਦ ਵਿਅਕਤੀ ਨਾਲ ਆਪਣੇ ਜੀਵਨ ਦੇ ਤਜ਼ਰਬੇ ਇੱਕ ਸਾਂਝਾ ਕਰਦਾ ਹੈ। ਇਹ ਮਨ 'ਤੇ ਬੋਝ ਨੂੰ ਹਲਕਾ ਕਰਦਾ ਹੈ ਅਤੇ ਸਕਾਰਾਤਮਕ ਸੋਚ ਵਿਕਸਤ ਕਰਦਾ ਹੈ।"

ਦਿਨੇਸ਼ ਕਹਿੰਦੇ ਹਨ, "ਸ਼ਰਾਬ ਦੀ ਲਤ ਕੋਈ ਸਰੀਰਕ ਬਿਮਾਰੀ ਨਹੀਂ ਹੈ, ਸਗੋਂ ਇੱਕ ਮਾਨਸਿਕ ਬਿਮਾਰੀ ਹੈ। ਡਬਲਿਯੂ ਦੇ ਅਨੁਸਾਰ, ਸ਼ਰਾਬ ਛੱਡਣ ਦੇ 28 ਦਿਨਾਂ ਦੇ ਅੰਦਰ-ਅੰਦਰ ਅੰਦਰ ਡੀਟੌਕਸ ਹੋ ਜਾਂਦਾ ਹੈ, ਪਰ ਅਸਲ ਚੁਣੌਤੀ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ, ਕਿਉਂਕਿ ਜ਼ਿਆਦਾਤਰ ਲੋਕ ਸ਼ਰਾਬ ਛੱਡਣ ਦੇ ਨਾਲ ਹੀ ਦੁਬਾਰਾ ਸ਼ਰਾਬ ਪੀ ਲੈਂਦੇ ਹਨ। ਇਸੇ ਲਈ ਰਿਹੈਬਿਲਿਟੇਸ਼ਨ ਸੈਂਟਰ ਜ਼ਰੂਰੀ ਹੋ ਜਾਂਦਾ ਹੈ।"

ਉਹ ਕਹਿੰਦੇ ਹਨ, "ਅਲਕੋਹਲਿਕਸ ਅਨਾਨਿਨਮਸ ਅਤੇ ਹੋਰ ਸੰਗਠਨਾਂ ਦੇ ਅੰਕੜਿਆਂ ਅਨੁਸਾਰ, ਦੁਨੀਆ ਭਰ ਵਿੱਚ ਸ਼ਰਾਬ ਦੀ ਲਤ ਤੋਂ ਰਿਕਵਰੀ ਦਰ 7-8% ਹੈ, ਜਦੋਂ ਕਿ ਭਾਰਤ ਵਿੱਚ ਇਹ ਸਿਰਫ਼ 2-3% ਹੈ।"

ਦਿਨੇਸ਼ ਕਹਿੰਦੇ ਹਨ ਕਿ ਰਿਹੈਬ ਕੋਈ ਸਥਾਈ ਹੱਲ ਨਹੀਂ ਹੈ। ਇਹ ਜ਼ਰੂਰੀ ਨਹੀਂ ਹੈ ਕਿ ਹਰ ਕੋਈ ਰਿਹੈਬ ਛੱਡਣ ਤੋਂ ਬਾਅਦ ਸ਼ਰਾਬ ਪੀਣਾ ਛੱਡ ਦੇਵੇ।

ਸ਼ਰਾਬ ਦੀ ਲਤ ਦੀ ਜੰਗ ਨਾਲ ਆਪਣਿਆਂ ਦਾ ਸਾਥ

ਹੱਥ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਰਾਬ ਦੀ ਲਤ ਨਾਲ ਲੜ ਰਹੇ ਕਿਸੇ ਵੀ ਵਿਅਕਤੀ ਨੂੰ ਆਪਣੇ ਅਜ਼ੀਜ਼ਾਂ ਦੇ ਸਮਰਥਨ ਦੀ ਲੋੜ ਹੁੰਦੀ ਹੈ

ਸ਼ਰਾਬ ਦੀ ਲਤ ਛੱਡਣ ਵਿੱਚ ਰਿਹੈਬਿਲਿਟੇਸ਼ਨ ਸੈਂਟਰ, ਡਾਕਟਰ ਅਤੇ ਦਵਾਈਆਂ ਦੇ ਨਾਲ-ਨਾਲ ਆਪਣਿਆਂ ਦੇ ਸਾਥ ਦੀ ਵੀ ਲੋੜ ਹੁੰਦੀ ਹੈ।

ਅਮਿਤ ਕਹਿੰਦੇ ਹਨ, "ਸਮਾਜ ਵਿੱਚ ਇੱਕ ਸ਼ਰਾਬੀ ਹੀਣ ਭਾਵਨਾ ਨਾਲ ਦੇਖਿਆ ਜਾਂਦਾ ਹੈ। ਲੋਕ ਉਸਦੇ ਨਾਲ ਨਹੀਂ ਖੜ੍ਹੇ ਹੁੰਦੇ, ਉਸ ਨੂੰ ਫਿਟਕਾਰਦੇ ਹਨ ਅਤੇ ਉਸਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦੇ। ਉਹ ਸਿਰਫ਼ ਇੱਕ ਬਿਮਾਰ ਵਿਅਕਤੀ ਹੈ।"

ਕਵਿਤਾ ਕਹਿੰਦੀ ਹੈ, "ਸਾਨੂੰ ਕਿਸੇ ਵੀ ਹੋਰ ਬਿਮਾਰ ਵਿਅਕਤੀ ਵਾਂਗ ਹੀ ਪਿਆਰ ਅਤੇ ਦੇਖਭਾਲ ਦੀ ਲੋੜ ਹੈ। ਸ਼ਰਾਬ ਦੀ ਲਤ ਨਾਲ ਜੂਝ ਰਹੇ ਵਿਅਕਤੀ ਨੂੰ ਵੀ ਉਹੀ ਦੇਖਭਾਲ ਅਤੇ ਪਿਆਰ ਦੀ ਲੋੜ ਹੁੰਦੀ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)