'ਇਮਰਾਨ ਖ਼ਾਨ ਸਾਬ੍ਹ ਜੇਲ੍ਹੋਂ ਬਾਹਰ ਕਦੋਂ ਆ ਰਹੇ ਨੇ?' ਸਬਜ਼ੀ ਵਾਲਿਆਂ ਤੋਂ ਲੈ ਕੇ ਆਸ਼ਕਾਂ ਤੱਕ ਵੱਲੋਂ ਪੁੱਛੇ ਇਸ ਸਵਾਲ ਦਾ ਕੀ ਹੈ ਜਵਾਬ- ਵਲੌਗ

ਤਸਵੀਰ ਸਰੋਤ, Getty Images
- ਲੇਖਕ, ਮੁਹੰਮਦ ਹਨੀਫ਼
- ਰੋਲ, ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਅਤੇ ਲੇਖਕ
ਈਦ ਪੜ੍ਹਨ ਗਏ ਤਾਂ ਈਦ ਮੁਬਾਰਕਾਂ ਅਤੇ ਜੱਫੀਆਂ ਤੋਂ ਬਾਅਦ ਪਹਿਲਾ ਸਵਾਲ ਇਹ ਕਿ ਦੱਸੋ, ਇਮਰਾਨ ਖ਼ਾਨ ਸਾਬ੍ਹ ਜੇਲ੍ਹੋਂ ਬਾਹਰ ਕਦੋਂ ਆਉਣਗੇ?
ਜੇ ਸਬਜ਼ੀ ਲੈਣ ਚਲੇ ਜਾਓ ਤੇ ਅੱਗੋਂ ਬੰਦਾ ਸਿਆਣ ਲਏ ਵੀ ਇਹ ਸਹਾਫ਼ੀ ਟਾਈਪ ਰੂਹ ਹੈ ਤਾਂ ਉੱਥੇ ਵੀ ਪਹਿਲਾ ਸਵਾਲ ਇਹੀ ਕਿ ਬਈ ਤੁਹਾਨੂੰ ਤਾਂ ਪਤਾ ਹੋਵੇਗਾ, ਦੱਸੋ ਖ਼ਾਨ ਸਾਬ੍ਹ ਬਾਹਰ ਕਦੋਂ ਆ ਰਹੇ ਨੇ।
ਮੈਂ ਸਾਈਕਲ ਲਈ ਜਿੰਦਰਾ ਲੈਣ ਦੁਕਾਨ 'ਤੇ ਗਿਆ ਤੇ ਅਗਲੇ ਬੰਦੇ ਨੇ ਅਜੇ ਸਵਾਲ ਪੂਰਾ ਵੀ ਨਹੀਂ ਸੀ ਕੀਤਾ ਤੇ ਮੈਂ ਕਿਹਾ, ਮੇਰੇ ਵੀਰ ਮੈਨੂੰ ਬਿਲਕੁਲ ਕੋਈ ਪਤਾ ਨਹੀਂ ਕਿ ਖ਼ਾਨ ਸਾਬ੍ਹ ਜੇਲ੍ਹੋਂ ਬਾਹਰ ਕਦੋਂ ਆਉਣਗੇ।
ਉਹ ਕਹਿਣ ਲੱਗਾ ਕਿ ਚਲੋ ਕੋਈ ਗਵੇੜ (ਅੰਦਾਜ਼ਾ) ਹੀ ਲਾ ਕੇ ਦੱਸੋ। ਤਾਂ ਮੈਂ ਕਿਹਾ ਕਿ ਅਜੇ ਤਾਂ ਨਹੀਂ ਲੱਗਦਾ, ਪਰ ਦੋ-ਚਾਰ ਸਾਲ ਤੱਕ ਤਾਂ ਛੱਡਣਾ ਹੀ ਪਏਗਾ। ਕਿਉਂਕਿ ਜਿਹੜਾ ਵੀ ਵਜ਼ੀਰ-ਏ-ਆਜ਼ਮ ਪਹਿਲਾਂ ਜੇਲ੍ਹ 'ਚ ਗਿਆ ਹੈ ਜੇ ਉਹ ਫਾਹੇ ਨਹੀਂ ਲੱਗਾ ਤਾਂ ਇੱਕ ਨਾ ਇੱਕ ਦਿਨ ਬਾਹਰ ਆ ਹੀ ਜਾਂਦਾ ਹੈ।

ਉਹ ਪਰੇਸ਼ਾਨ ਹੋ ਗਿਆ। ਕਹਿਣ ਲੱਗਾ ਫਿਰ ਮੁਲਕ ਦਾ ਕੀ ਬਣੇਗਾ?
ਮੈਂ ਕਿਹਾ, ਮੁਲਕ ਤਾਂ ਪਹਿਲਾਂ ਵੀ ਚੱਲ ਰਿਹਾ ਸੀ, ਹੁਣ ਵੀ ਚੱਲਦਾ ਪਿਆ ਹੈ ਤੇ ਇੰਝ ਹੀ ਚੱਲਦਾ ਰਹੇਗਾ। ਨਾਲ ਤੱਸਲੀ ਦੇਣ ਲਈ ਉਹਨੂੰ ਫ਼ੈਜ਼ ਸਾਹਿਬ ਦਾ ਉਹ ਸ਼ੇਅਰ ਵੀ ਸੁਣਾਇਆ, ਜਿਸ 'ਚ ਉਹਨੇ ਕਿਹਾ ਸੀ...
ਵੋ ਇੰਤਜ਼ਾਰ ਥਾਂ ਜਿਸਕਾ...
ਯੇ ਵੋ ਸ਼ਹਿਰ ਤੋਂ ਨਹੀਂ।
ਉਹ ਅੱਗੋਂ ਹਿਸਾਬੀ-ਕਿਤਾਬੀ ਹੋ ਗਿਆ। ਕਹਿਣ ਲੱਗਾ ਕਿ ਅਗਰ ਖ਼ਾਨ ਸਾਬ੍ਹ ਚਾਰ ਸਾਲ ਬਾਅਦ ਛੁੱਟੇ, ਉਦੋਂ ਤੱਕ ਤਾਂ ਉਨ੍ਹਾਂ ਦੀ ਉਮਰ ਕੋਈ 77-78 ਸਾਲ ਹੋ ਗਈ ਹੋਵੇਗੀ।
ਤਾਂ ਮੈਂ ਕਿਹਾ, ਦੇਖੋ ਅਡਿਆਲਾ ਜੇਲ੍ਹ ਨੇ ਇੰਨਾਂ ਫਿੱਟ ਕੈਦੀ ਪਹਿਲਾਂ ਕੋਈ ਨਹੀਂ ਵੇਖਿਆ। ਅੱਜ-ਕੱਲ੍ਹ ਉਨ੍ਹਾਂ ਕੋਲ ਟਾਈਮ ਵੀ ਬੜਾ ਹੈ, ਡੰਡ-ਬੈਠਕਾਂ ਲਾਉਂਦੇ ਹੋਣਗੇ। ਤੁਸੀਂ ਦੁਆ ਕਰੋ, ਇੱਕ ਦਿਨ ਪਹਿਲਾਂ ਤੋਂ ਜ਼ਿਆਦਾ ਫਿੱਟ ਹੋ ਕੇ ਬਾਹਰ ਨਿਕਲਣਗੇ।

ਤਸਵੀਰ ਸਰੋਤ, Getty Images
ਹੁਣ ਬਾਕੀ, ਸਿਆਸੀ ਜਮਾਤਾਂ 'ਚ ਕੁਝ ਵਰਕਰ ਹੁੰਦੇ ਨੇ, ਕੁਝ ਖਾਓ-ਪੀਓ ਕਿਸਮ ਦੇ ਲੋਕ ਹੁੰਦੇ ਨੇ, ਕੁਝ ਨੂੰ ਲੀਡਰੀ ਦਾ ਸ਼ੌਕ ਹੁੰਦਾ ਹੈ। ਪਰ ਇਮਰਾਨ ਖ਼ਾਨ ਦੀ ਜਮਾਤ ਪੀਟੀਆਈ ਵਿੱਚ, ਇੱਕ ਪਾਸੇ ਖ਼ਾਨ ਸਾਬ੍ਹ ਨੇ ਤੇ ਦੂਜੇ ਪਾਸੇ ਉਨ੍ਹਾਂ ਦੇ ਸਾਰੇ ਆਸ਼ਿਕ।
ਗਿਰੇਬਾਨ ਚਾਕ ਕਰਨ ਵਾਲੇ ਆਸ਼ਿਕ, ਦੂਸਰੇ ਦੇ ਗਲ਼ੇ ਪੈ ਜਾਣ ਵਾਲੇ ਆਸ਼ਿਕ, ਉਸ ਤਰ੍ਹਾਂ ਦੇ ਆਸ਼ਿਕ ਜਿਹੜੇ ਸਿਖਰ ਦੁਪਹਿਰਾਂ 'ਚ ਮਸ਼ੂਕ ਦੀਆਂ ਗਲ਼ੀਆਂ ਦੇ ਗੇੜੇ ਮਾਰਦੇ ਨੇ... ਦਿਲੋਂ ਸੱਚੇ ਆਸ਼ਿਕ ਲੇਕਿਨ ਅਕਲ ਦੇ ਥੋੜ੍ਹੇ ਜਿਹੇ ਭੋਲ਼ੇ।
ਪਹਿਲਾਂ ਕਹਿੰਦੇ ਸਨ ਕਿ ਬਈ ਮੁਲਕ 'ਚ ਐਸਾ ਥਾਣੇਦਾਰ ਜੰਮਿਆ ਹੀ ਨਹੀਂ ਜਿਹੜਾ ਖ਼ਾਨ ਸਾਬ੍ਹ ਨੂੰ ਗ੍ਰਿਫ਼ਤਾਰ ਕਰ ਸਕੇ।
ਜਦੋਂ ਫੜ੍ਹੇ ਗਏ, ਫਿਰ ਕਹਿੰਦੇ ਸਨ ਕਿ ਮੁਲਕ 'ਚ ਜੇਲ੍ਹ ਬਣੀ ਹੀ ਨਹੀਂ ਜਿਹੜੀ ਖ਼ਾਨ ਸਾਬ੍ਹ ਨੂੰ ਕੈਦ ਰੱਖ ਸਕੇ।
ਫੇਰ ਟਰੰਪ 'ਤੇ ਉਮੀਦਾਂ ਲਾ ਲਈਆਂ। ਹੁਣ ਦੋ ਸਾਲ ਹੋਣ ਵਾਲੇ ਨੇ ਖ਼ਾਨ ਸਾਬ੍ਹ ਨੂੰ ਜੇਲ੍ਹ 'ਚ ਅਤੇ ਬਹਿਸ ਇਹ ਚੱਲ ਰਹੀ ਹੈ ਕਿ ਆਸ਼ਿਕ ਕਹਿੰਦੇ ਨੇ ਖ਼ਾਨ ਡੱਟ ਕੇ ਖਲੋਤਾ ਹੈ ਤੇ ਜੇ ਅੱਜ ਚਾਹਵੇ ਤਾਂ ਡੀਲ ਕਰਕੇ ਬਨਿਗਾਲਾ ਜਾ ਸਕਦਾ ਹੈ, ਸਾਊਦੀ ਅਰਬ, ਯੂਕੇ.. ਜਿੱਥੇ ਚਾਹਵੇ ਜਾ ਸਕਦਾ ਹੈ।
ਵੈਰੀ ਕਹਿੰਦੇ ਨੇ ਕਿ ਖ਼ਾਨ ਪੈਰੀਂ ਪੈਣ ਨੂੰ ਤਿਆਰ ਹੈ, ਗੱਲਬਾਤ ਕਰਨ ਨੂੰ ਤਿਆਰ ਹੈ। ਉਹ ਕਹਿੰਦਾ ਹੈ ਕਿ ਮੈਨੂੰ ਇੱਥੋਂ ਕੱਢੋ। ਪਰ ਜਿਹੜੇ ਰੁੱਸੇ ਫੌਜੀ ਭਰਾ ਨੇ, ਉਹ ਅੱਗੋਂ ਕਹਿੰਦੇ ਨੇ ਕਿ 'ਪਹਿਲੇ ਯੇ ਸਿਦਕ-ਏ-ਦਿਲ ਸੇ ਮੁਆਫ਼ੀ ਮਾਂਗੇ'।
ਹੁਣ ਦਿਲਾਂ ਦੇ ਹਾਲ ਤਾਂ ਰੱਬ ਹੀ ਜਾਣਦਾ ਹੈ ਲੇਕਿਨ ਜਿਹੜਾ ਬੰਦਾ ਜੇਲ੍ਹ 'ਚ ਬੰਦ ਹੋਇਆ ਹੋਵੇ, ਉਸ 'ਤੇ ਇੰਨੇ ਕੁ ਕੇਸ ਹੋਣ ਕਿ ਘੱਟੋ-ਘੱਟ ਦੋ ਚਾਰ ਸੌ ਸਾਲ ਦੀ ਸਜ਼ਾ 'ਤੇ ਬਣਦੀ ਹੋਵੇ, ਉਹ ਹੁਣ ਭਾਵੇਂ ਡਟ ਕੇ ਖਲੋਤਾ ਰਹੇ ਤੇ ਭਾਵੇਂ ਮੁਆਫ਼ੀ ਮੰਗੇ, ਅਜੇ ਤੇ ਉਹ ਬੰਦਾ ਜੇਲ੍ਹ 'ਚ ਹੀ ਹੈ।

ਤਸਵੀਰ ਸਰੋਤ, Getty Images
ਉੱਤੋਂ.. ਜਿਹੜੀ ਖ਼ਾਨ ਸਾਬ੍ਹ ਨੇ ਟੀਮ ਬਣਾਈ ਸੀ, ਜਿਹੜੇ ਲੋਕ ਧਰਨਿਆਂ ਵਾਲੇ ਕੰਟੇਨਰ ਤੋਂ ਲੈ ਕੇ ਵਜ਼ੀਰ-ਏ-ਆਜ਼ਮ ਹਾਊਸ ਤੱਕ ਉਨ੍ਹਾਂ ਦੇ ਖੱਬੇ-ਸੱਜੇ ਹੁੰਦੇ ਸਨ, ਉਹ ਪਹਿਲੇ ਹੱਲੇ 'ਚ ਹੀ ਨੀਵੇਂ-ਨੀਵੇਂ ਹੋ ਕੇ ਨਿਕਲ ਗਏ ਅਤੇ ਅੱਜਕੱਲ੍ਹ ਯੂਟਿਊਬਾਂ 'ਤੇ ਬਹਿ ਕੇ ਆਪਣੀਆਂ ਪੁਰਾਣੀਆਂ ਮੁਹੱਬਤਾਂ ਦੇ ਕਿੱਸੇ ਸੁਣਾਉਂਦੇ ਨੇ।
ਉਸ ਤੋਂ ਬਾਅਦ ਜਿਹੜੀ ਨਵੀਂ ਟੀਮ ਸਾਹਮਣੇ ਆਈ ਹੈ, ਜਿਨ੍ਹਾਂ ਨੂੰ ਕਦੇ-ਕਦੇ ਇਜਾਜ਼ਤ ਮਿਲਦੀ ਹੈ ਕਿ ਉਹ ਜੇਲ੍ਹ 'ਚ ਜਾ ਕੇ ਖ਼ਾਨ ਸਾਬ੍ਹ ਨਾਲ ਮੁਲਾਕਾਤਾਂ ਕਰਨ। ਉਹ ਜਾਂਦੇ ਨੇ, ਮੁਲਾਕਾਤ ਕਰਦੇ ਨੇ ਤੇ ਬਾਹਰ ਆ ਕੇ ਆਪਸ 'ਚ ਹੀ ਲੜ ਪੈਂਦੇ ਨੇ।
ਦੂਰੋਂ ਬੈਠਿਆਂ ਤਾਂ ਇਹੀ ਜਾਪਦਾ ਹੈ ਕਿ ਇਹ ਲੋਕ ਚਾਹੁੰਦੇ ਹੀ ਨਹੀਂ ਕਿ ਖ਼ਾਨ ਸਾਬ੍ਹ ਬਾਹਰ ਆਉਣ। ਕਿਉਂਕਿ ਉਹ ਬਾਹਰ ਆਏ ਤਾਂ ਸਭ ਤੋਂ ਪਹਿਲਾਂ ਫੈਂਟਾ ਇਨ੍ਹਾਂ ਨੂੰ ਹੀ ਪੈਣਾ ਹੈ। ਇਨ੍ਹਾਂ ਦੀ ਲੀਡਰੀ ਮੁੱਕ ਜਾਣੀ ਹੈ ਤੇ ਫਿਰ ਕਿਸੇ ਯੂਟਿਊਬਰ ਨੇ ਇਨ੍ਹਾਂ ਦਾ ਇੰਟਰਵਿਊ ਵੀ ਨਹੀਂ ਕਰਨਾ।
ਇਮਰਾਨ ਖ਼ਾਨ ਕੋਲ, ਜੇਲ੍ਹੋਂ ਬਾਹਰ ਆਉਣ ਦਾ ਇੱਕ ਸਿੱਧਾ ਜਿਹਾ ਫਾਰਮੂਲਾ ਸੀ, ਉਨ੍ਹਾਂ ਦਾ ਖ਼ਿਆਲ ਸੀ ਕਿ ਆਸ਼ਿਕ ਸੜਕਾਂ 'ਤੇ ਨਿਕਲਣਗੇ ਤੇ ਉਦੋਂ ਤੱਕ ਘਰਾਂ ਨੂੰ ਨਹੀਂ ਜਾਣਗੇ, ਜਦੋਂ ਤੱਕ ਜੇਲ੍ਹ ਦੇ ਦਰਵਾਜ਼ੇ ਖੁੱਲ੍ਹ ਨਹੀਂ ਜਾਂਦੇ।
ਆਸ਼ਿਕ ਨਿਕਲੇ ਵੀ, ਆਸ਼ਿਕਾਂ ਨੂੰ ਡੰਡੇ ਪਏ। ਡੰਡੇ ਮਾਰਨ ਵਾਲਿਆਂ ਨੇ ਮਾਵਾਂ-ਭੈਣਾਂ ਦਾ ਵੀ ਕੋਈ ਫ਼ਰਕ ਨਹੀਂ ਕੀਤਾ। ਜ਼ਿਆਦਾਤਰ ਆਸ਼ਿਕ ਘਰਾਂ ਨੂੰ ਵਾਪਸ ਤੁਰ ਗਏ ਅਤੇ ਬਾਕੀ ਆਸ਼ਿਕ ਅਜੇ ਤੱਕ ਜੇਲ੍ਹ-ਕਚਹਿਰੀਆਂ ਭੁਗਤਦੇ ਫਿਰਦੇ ਨੇ।

ਤਸਵੀਰ ਸਰੋਤ, Mohammed Hanif
ਸਿਆਸਤ ਨੂੰ ਇਸ਼ਕ ਸਮਝ ਕੇ ਕਰਨਾ ਇੱਕ ਸੋਹਣਾ ਕੰਮ ਹੈ ਲੇਕਿਨ ਇੱਥੇ ਲੱਗਦਾ ਹੈ ਕਿ ਇਸ਼ਕ 'ਚ ਥੋੜ੍ਹੀ ਕਸਰ ਰਹਿ ਗਈ ਹੈ ਤੇ ਸਿਆਸਤ ਵੀ ਪੂਰੀ ਨਹੀਂ ਹੋਈ।
ਜਿਵੇਂ ਗ਼ਾਲਿਬ ਹੋਰੀਂ ਆਖ ਗਏ ਸਨ...
ਆਸ਼ਿਕੀ ਸਬਰ ਤਲਬ ਔਰ ਤਮੰਨਾ ਬੇਤਾਬ
ਦਿਲ ਕਾ ਕਯਾ ਰੰਗ ਕਰੂੰ ਖੂਨ-ਏ-ਜਿਗਰ ਹੋਨੇ ਤਕ।
ਤੇ ਹੁਣ, ਜੇ ਮੈਨੂੰ ਕਿਸੇ ਨੇ ਪੁੱਛਿਆ ਕਿ ਇਮਰਾਨ ਖ਼ਾਨ ਸਾਬ੍ਹ ਜੇਲ੍ਹੋਂ ਬਾਹਰ ਕਦੋਂ ਆ ਰਹੇ ਨੇ.. ਤਾਂ ਮੈਂ ਅੱਗੋਂ ਕਹਿਣਾ ਹੈ ਕਿ ਬਈ ਪਹਿਲਾਂ ਤੁਸੀਂ ਦੱਸੋ ਕਿ ਤੁਸੀਂ ਘਰੋਂ ਬਾਹਰ ਕਦੋਂ ਆ ਰਹੇ ਹੋ?
ਰੱਬ ਰਾਖਾ !
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













