ਦੁਬਈ: 1 ਦਿਨ ’ਚ 1 ਸਾਲ ਜਿੰਨਾ ਮੀਂਹ ਕਿਉਂ ਪਿਆ, ਕੀ ਹੈ ਕਲਾਊਡ ਸੀਡਿੰਗ ਜਿਸ ਦੀ ਇਸ ਦੌਰਾਨ ਚਰਚਾ ਹੋਈ

ਪਿਛਲੇ 24 ਘੰਟਿਆਂ ਦੌਰਾਨ ਦੁਬਈ ਵਿੱਚ ਰਿਕਾਰਡ ਤੋੜ ਮੀਂਹ ਵਰ੍ਹਿਆ ਹੈ। ਅਫਵਾਹਾਂ ਗਰਮ ਹਨ ਕਿ ਇਹ ਮੀਂਹ ਤਕਨੀਕ ਦੀ ਵਰਤੋਂ ਕਰਕੇ ਨਕਲੀ ਤਰੀਕੇ ਨਾਲ ਪਾਇਆ ਗਿਆ ਹੈ। ਮੀਂਹ ਪਾਉਣ ਦੀ ਇਸ ਤਕਨੀਕ ਨੂੰ ਕਲਾਊਡ ਸੀਡਿੰਗ ਕਿਹਾ ਜਾਂਦਾ ਹੈ।

ਆਖਰ ਦੁਬਈ ਦੇ ਮੀਂਹ ਵਿੱਚ ਅਜਿਹਾ ਕੀ ਸੀ ਜੋ ਸਧਾਰਨ ਨਹੀਂ ਸੀ, ਅਤੇ ਇੰਨੇ ਭਾਰੀ ਮੀਂਹ ਪਿੱਛੇ ਅਸਲ ਕਾਰਨ ਕੀ ਸਨ।

ਦੁਬਈ ਦਾ ਮੀਂਹ ਕਿੰਨਾ ਤੇਜ਼ ਸੀ?

ਦੁਬਈ ਸੰਯੁਕਤ ਅਰਬ ਅਮੀਰਾਤ ਦੇ ਤੱਟ ਉੱਤੇ ਵਸਿਆ ਹੈ, ਇੱਥੇ ਦਾ ਮੌਸਮ ਜ਼ਿਆਦਾਤਰ ਖੁਸ਼ਕ ਰਹਿੰਦਾ ਹੈ।

ਭਾਵੇਂ ਇੱਥੇ ਔਸਤ ਵਰਖਾ 100 ਮਿਲੀ ਲੀਟਰ (3,9 ਇੰਚ) ਤੋਂ ਘੱਟ ਹੀ ਹੁੰਦੀ ਹੈ ਪਰ ਕਦੇ-ਕਦਾਈਂ ਇੱਥੇ ਮੀਂਹ ਪੂਰੇ ਜ਼ੋਰ ਨਾਲ ਵਰ੍ਹਦਾ ਹੈ।

ਦੁਬਈ ਤੋਂ ਕਰੀਬ 100 ਕਿੱਲੋਮੀਟਰ ਦੂਰ ਅਲ-ਆਈਨ ਸ਼ਹਿਰ ਵਿੱਚ ਪਿਛਲੇ 24 ਘਿੰਟਿਆਂ ਦੌਰਾਨ 10 ਇੰਚ ਮੀਂਹ ਰਿਕਾਰਡ ਕੀਤਾ ਗਿਆ ਹੈ।

ਘੱਟ ਦਬਾਅ ਦੀ ਇੱਕ ਪ੍ਰਣਾਲੀ (ਕੱਟ ਆਫ਼) ਨੇ ਗਰਮ ਸਿੱਲ੍ਹੀਆਂ ਹਵਾਵਾਂ ਨੂੰ ਆਪਣੇ ਵੱਲ ਖਿੱਚਿਆ ਅਤੇ ਦੂਜੀਆਂ ਪ੍ਰਣਾਲੀਆਂ ਨੂੰ ਦਾਖਲ ਹੋਣ ਤੋਂ ਰੋਕ ਦਿੱਤਾ। ਮੀਂਹ ਦਾ ਇਹੀ ਵੱਡਾ ਕਾਰਨ ਸਾਬਤ ਹੋਇਆ।

ਯੂਨੀਵਰਸਿਟੀ ਆਫ਼ ਰੀਡਿੰਗ ਦੇ ਮੌਸਮ ਵਿਗਿਆਨੀ ਪ੍ਰੋਫੈਸਰ ਮਾਰਟਿਨ ਅੰਬਮ ਮੁਤਾਬਕ, “ਧਰਤੀ ਦੇ ਇਨ੍ਹਾਂ ਹਿੱਸਿਆਂ ਨੂੰ ਲੰਬਾ ਸਮਾਂ ਬਿਨਾਂ ਮੀਂਹ ਦੇ ਰਹਿਣ ਵਾਲੇ ਅਤੇ ਅਨਿਯਮਤ ਭਾਰੀ ਮੀਂਹ ਵਾਲੇ ਇਲਾਕਿਆਂ ਵਜੋਂ ਜਾਣਿਆ ਜਾਂਦਾ ਹੈ। ਫਿਰ ਵੀ ਇਹ ਮੀਂਹ ਦਾ ਬਹੁਤ ਦੁਰਲਭ ਮੌਕਾ ਸੀ।

ਪ੍ਰੋਫੈਸਰ ਦਾ ਖਾੜੀ ਦੇਸਾਂ ਦੇ ਮੀਂਹ ਬਾਰੇ ਅਧਿਐਨ ਹੈ।

ਜਲਵਾਯੂ ਤਬਦੀਲੀ ਦੀ ਕੀ ਭੂਮਿਕਾ ਹੋ ਸਕਦੀ ਹੈ?

ਇਸ ਪਿੱਛੇ ਜਲਵਾਯੂ ਤਬਦੀਲੀ ਦੀ ਭੂਮਿਕਾ ਹੋਣ ਬਾਰੇ ਅਜੇ ਕੁਝ ਠੀਕ-ਠੀਕ ਨਹੀਂ ਕਿਹਾ ਜਾ ਸਕਦਾ। ਇਸ ਲਈ ਕੁਦਰਤੀ ਅਤੇ ਮਨੁੱਖੀ ਕਾਰਕਾਂ ਬਾਰੇ ਹੋਰ ਵਿਗਿਆਨਕ ਅਧਿਐਨ ਦੀ ਲੋੜ ਹੈ।

ਸਿੱਧੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਗਰਮ ਹਵਾ ਜ਼ਿਆਦਾ ਨਮੀ ਸੰਭਾਲ ਸਕਦੀ ਹੈ। ਹਰੇਕ ਡਿਗਰੀ ਸੈਲਸੀਅਸ ਨਾਲ ਹਵਾ 7% ਜ਼ਿਆਦਾ ਨਮੀ ਦੀ ਮਾਤਰਾ ਸੰਭਾਲ ਸਕਦੀ ਹੈ। ਇਸ ਕਾਰਨ ਮੀਂਹ ਦੀ ਤੀਬਰਤਾ ਵਿੱਚ ਵਾਧਾ ਹੋ ਸਕਦਾ ਹੈ।

ਉਸੇ ਯੂਨੀਵਰਸਿਟੀ ਦੇ ਜਲਵਾਯੂ ਵਿਗਿਆਨ ਦੇ ਪ੍ਰੋਫੈਸਰ ਰਿਚਰਡ ਐਲਨ ਮੁਤਾਬਕ, “ਮੀਂਹ ਰਿਕਾਰਡ ਤੋੜ ਸੀ ਪਰ ਇਹ ਗਰਮ ਹੋ ਰਹੇ ਪੌਣ-ਪਾਣੀ ਨਾਲ ਮੇਲ ਖਾਂਦਾ ਹੈ, ਜਿਸ ਕਾਰਨ ਤੁਫਾਨ ਪੈਦਾ ਕਰਨ ਲਈ ਜ਼ਿਆਦਾ ਨਮੀ ਪਹਿਲਾਂ ਹੀ ਉਪਲੱਬਧ ਸੀ। ਜਿਸ ਕਾਰਨ ਮੀਂਹ ਜ਼ਿਆਦ ਪਿਆ ਅਤੇ ਹੜ੍ਹ ਆਏ।”

ਇੱਕ ਤਾਜ਼ਾ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਧਰਤੀ ਦੀ ਵੱਧ ਰਹੀ ਗਰਮੀ ਕਾਰਨ ਆਉਂਦੀ ਇੱਕ ਸਦੀ ਦੌਰਾਨ ਯੂਏਈ ਦੇ ਮੀਂਹ ਵਿੱਚ 30% ਦਾ ਵਾਧਾ ਹੋ ਸਕਦਾ ਹੈ।

ਇੰਪੀਰੀਅਲ ਕਾਲਜ ਲੰਡਨ ਵਿੱਚ ਜਲਵਾਯੂ ਵਿਗਿਆਨ ਦੇ ਸੀਨੀਅਰ ਲੈਕਚਰਾਰ ਡਾ਼ ਫਰੈਡਰਿਕ ਓਟੋ ਕਹਿੰਦੇ ਹਨ, “ਜੇ ਮਨੁੱਖਾਂ ਨੇ ਤੇਲ, ਗੈਸ, ਕੋਲ ਬਾਲਣਾ ਜਾਰੀ ਰੱਖਿਆ ਤਾਂ ਜਲਵਾਯੂ ਗਰਮ ਹੁੰਦਾ ਰਹੇਗਾ। ਮੀਂਹ ਤੇਜ਼ ਹੁੰਦੇ ਰਹਿਣਗੇ ਅਤੇ ਲੋਕ ਹੜ੍ਹਾਂ ਵਿੱਚ ਆਪਣੀਆਂ ਜਾਨਾਂ ਗੁਆਉਂਦੇ ਰਹਿਣਗੇ।”

ਕਲਾਉਡ ਸੀਡਿੰਗ ਜਾਂ ਨਕਲੀ ਮੀਂਹ ਕੀ ਹੁੰਦਾ ਹੈ?

ਸੌਖੇ ਸ਼ਬਦਾਂ ਵਿੱਚ ਇਹ ਮੌਸਮ 'ਚ ਬਦਲਾਅ ਕਰਨ ਦੀ ਇੱਕ ਤਕਨੀਕ ਹੈ। ਇਸ ਵਿੱਚ ਵਿਗਿਆਨਿਕ ਤਕਨੀਕ ਦੀ ਮਦਦ ਨਾਲ ਬੱਦਲਾਂ ਵਿੱਚ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਨ੍ਹਾਂ ਦੀ ਮਦਦ ਨਾਲ ਮੀਂਹ ਪੈ ਸਕੇ।

ਇਸ ਵਿੱਚ ਸਿਲਵਰ ਆਇਓਡਾਈਡ ਵਰਗੇ ਪਦਾਰਥਾਂ ਨੂੰ ਬੱਦਲਾਂ ਵਿੱਚ ਫੈਲਾਉਣਾ ਸ਼ਾਮਲ ਹੁੰਦਾ ਹੈ ਤਾਂ ਜੋ ਇਸ ਰਾਹੀਂ ਬੱਦਲਾਂ ਜ਼ਰੀਏ ਮੀਂਹ ਪਵਾਉਣ ਦੀ ਕੋਸ਼ਿਸ਼ ਕੀਤੀ ਜਾ ਸਕੇ।

ਕਲਾਉਡ ਸੀਡਿੰਗ ਦਾ ਇੱਕ ਲੰਮਾ ਇਤਿਹਾਸ ਹੈ। ਇਸ ਦੀਆਂ ਜੜ੍ਹਾਂ 1940 ਦੇ ਦਹਾਕੇ ਵਿੱਚ ਹਨ, ਖਾਸ ਤੌਰ 'ਤੇ ਅਮਰੀਕਾ ਵਿਚ ਉਸ ਸਮੇਂ ਦੌਰਾਨ ਇਸ 'ਤੇ ਕਾਫ਼ੀ ਕੰਮ ਹੋਇਆ।

ਵਿਗਿਆਨੀਆਂ ਨੂੰ ਇਹ ਸਾਬਤ ਕਰਨ ਲਈ ਕਈ ਦਹਾਕਿਆਂ ਤੱਕ ਸੰਘਰਸ਼ ਕਰਨਾ ਪਿਆ ਕਿ ਕਲਾਉਡ ਸੀਡਿੰਗ ਲੋੜੀਂਦੇ ਨਤੀਜੇ ਦੇ ਸਕਦੀ ਹੈ।

ਯੂਨੀਵਰਸਿਟੀ ਆਫ ਕੋਲੋਰਾਡੋ ਦੀ ਪ੍ਰੋਫੈਸਰ ਕੈਟੀਆ ਫ੍ਰੀਡ੍ਰਿਕ ਕਹਿੰਦੇ ਹਨ ਕਿ "ਜਦੋਂ ਅਸੀਂ ਕਲਾਉਡ ਸੀਡਿੰਗ ਕਰਦੇ ਹਾਂ, ਤਾਂ ਅਸੀਂ ਬੱਦਲ ਵਿੱਚੋਂ ਬਰਫ਼ ਜਾਂ ਪਾਣੀ ਦੀਆਂ ਬੂੰਦਾਂ ਟਪਕਾਉਣ ਦੀ ਕੋਸ਼ਿਸ਼ ਕਰਦੇ ਹਾਂ।''

ਕੇਟੀਆ ਫ੍ਰੀਡਰਿਕ ਦੀ ਖੋਜ ਦਾ ਵਿਸ਼ਾ ‘ਕਲਾਉਡ ਮਾਈਕਰੋ ਫਿਜ਼ਿਕਸ’ ਹੈ।

ਸੀਡਿੰਗ ਇੱਕ ਤਰ੍ਹਾਂ ਨਾਲ ਮੌਸਮ ਨੂੰ ਬਦਲਣ ਦੀ ਕੋਸ਼ਿਸ਼ ਹੈ। ਤੁਹਾਨੂੰ ਇਸ ਦੇ ਲਈ ਇੱਕ ਢੁਕਵੇਂ ਬੱਦਲ ਦੀ ਲੋੜ ਹੁੰਦੀ ਹੈ।

ਕੈਟੀਆ ਮੁਤਾਬਕ, "ਅਸੀਂ ਕਈ ਵਾਰ ਹਵਾਈ ਜਹਾਜ਼ ਦੀ ਵਰਤੋਂ ਕਰਦੇ ਹਾਂ। ਅਸੀਂ ਉਨ੍ਹਾਂ ਬੱਦਲਾਂ ਵਿੱਚੋਂ ਦੀ ਲੰਘਦੇ ਹਾਂ ਅਤੇ ਉਨ੍ਹਾਂ ਵਿੱਚ ਸਿਲਵਰ ਆਇਓਡਾਈਡ ਪਾਉਂਦੇ ਹਾਂ।''

''ਸਿਲਵਰ ਆਇਓਡਾਈਡ ਪਾਣੀ ਦੀਆਂ ਬੂੰਦਾਂ ਨੂੰ ਠੰਢਾ ਕਰ ਦਿੰਦਾ ਹੈ। ਉਸ ਤੋਂ ਬਾਅਦ ਬਰਫ਼ ਦੇ ਟੁਕੜੇ ਹੋਰ ਟੁਕੜਿਆਂ ਨਾਲ ਚਿਪਕ ਜਾਂਦੇ ਹਨ ਅਤੇ ਉਹ ਬਰਫ਼ ਦੇ ਗੁੱਛੇ ਬਣ ਜਾਂਦੇ ਹਨ। ਇਹ ਬਰਫ਼ ਦੇ ਗੁੱਛੇ ਜ਼ਮੀਨ 'ਤੇ ਡਿੱਗਦੇ ਹਨ।''

ਕੈਟੀਆ ਦਾ ਕਹਿਣਾ ਹੈ ਕਿ ਕਲਾਉਡ ਸੀਡਿੰਗ ਸਾਲ ਦੇ ਕੁਝ ਮਹੀਨਿਆਂ ਵਿੱਚ ਹੀ ਕੀਤੀ ਜਾ ਸਕਦੀ ਹੈ।

ਕੀ ਦੁਬਈ ਦਾ ਮੀਂਹ ਨਕਲੀ ਸੀ?

ਪਿਛਲੇ ਸਾਲਾਂ ਦੌਰਾਨ ਯੂਏਈ ਨੇ ਪਾਣੀ ਦੀ ਕਮੀ ਦੂਰ ਕਰਨ ਲਈ ਇਸ ਤਕਨੀਕ ਦੀ ਵਰਤੋਂ ਕੀਤੀ ਹੈ।

ਮੀਂਹ ਤੋਂ ਕੁਝ ਘੰਟਿਆਂ ਬਾਅਦ ਕੁਝ ਸੋਸ਼ਲ ਮੀਡੀਆ ਵਰਤੋਂਕਾਰਾਂ ਨੇ ਬਿਨਾਂ ਵਖ਼ਤ ਜ਼ਾਇਆ ਕੀਤੇ ਇਸ ਮੀਂਹ ਦਾ ਕਾਰਨ ਕਲਾਊਡ ਸੀਡਿੰਗ ਨੂੰ ਦੱਸਣਾ ਸ਼ੁਰੂ ਕਰ ਦਿੱਤਾ, ਜੋ ਕਿ ਗਲਤ ਸੀ।

ਉਸ ਤੋਂ ਪਹਿਲਾਂ ਬਲੂਮਬਰਗ ਦੀਆਂ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਐਤਵਾਰ ਅਤੇ ਸੋਮਵਾਰ ਨੂੰ ਕਲਾਊਡ ਸੀਡਿੰਗ ਵਾਲੇ ਜਹਾਜ਼ ਤੈਨਾਤ ਸਨ ਪਰ ਮੰਗਲਵਾਰ ਨੂੰ ਨਹੀਂ ਜਦੋਂ ਹੜ੍ਹ ਆਏ ਉਦੋਂ ਨਹੀਂ।

ਬੀਬੀਸੀ ਕਲਾਊਡ ਸੀਡੀਂਗ ਦੇ ਸਮੇਂ ਬਾਰੇ ਸੁਤੰਤਰ ਰੂਪ ਵਿੱਚ ਪੁਸ਼ਟੀ ਨਹੀਂ ਕਰ ਸਕਿਆ ਹੈ। ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਜੇ ਕਲਾਊਡ ਸੀਡਿੰਗ ਕੀਤੀ ਵੀ ਗਈ ਸੀ ਤਾਂ ਇਸ ਦਾ ਬਹੁਤ ਸੀਮਤ ਅਸਰ ਰਿਹਾ ਹੋਵੇਗਾ।

ਇਸ ਲਈ ਇਸੇ ਉੱਪਰ ਸਾਰਾ ਧਿਆਨ ਕੇਂਦਰਿਤ ਕਰਨਾ “ਗੁਮਰਾਹਕੁਨ” ਹੈ।

ਡਾ਼ ਓਟੋ ਮੁਤਾਬਕ ਜੇ ਕਲਾਊਡ ਸੀਡਿੰਗ ਜ਼ਰੀਏ ਹੋਰ ਬੱਦਲ ਬਣਨ ਨੂੰ ਉਤਸ਼ਾਹਿਤ ਕੀਤਾ ਵੀ ਗਿਆ ਤਾਂ ਵੀ ਜਲਵਾਯੂ ਤਬਦੀਲੀ ਕਾਰਨ ਵਾਤਾਵਰਣ ਵਿੱਚ ਬੱਦਲ ਬਣਾਉਣ ਲਈ ਪਹਿਲਾਂ ਹੀ ਭਰਭੂਰ ਪਾਣੀ ਸੀ।

ਕਲਾਊਡ ਸੀਡਿੰਗ ਜ਼ਿਆਦਾਤਰ ਉਦੋਂ ਕੀਤੀ ਜਾਂਦੀ ਹੈ ਜਦੋਂ ਹਨੇਰੀ, ਧੂੜ ਅਤੇ ਨਮੀ ਦੇ ਹਾਲਾਤ ਬੱਦਲ ਬਣਾਉਣ ਲਈ ਇੰਨੇ ਸਾਜ਼ਗਾਰ ਨਾ ਹੋਣ ਕਿ ਮੀਂਹ ਪੈ ਸਕੇ।

ਉਸਤੋਂ ਪਿਛਲੇ ਹਫ਼ਤੇ ਦੀ ਭਵਿੱਖਬਾਣੀ ਵਿੱਚ ਹੀ ਪੂਰੀ ਖਾੜੀ ਵਿੱਚ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਸੀ।

ਅਬੂ ਧਾਬੀ ਦੀ ਖਲੀਫ਼ਾ ਯੂਨੀਵਰਸਿਟੀ ਵਿੱਚ ਵਾਤਾਵਰਣ ਅਤੇ ਭੂ-ਭੌਤਿਕ ਵਿਗਿਆਨੀ ਪ੍ਰੋਫੈਸਰ ਡਿਆਨਾ ਫਰਾਂਸਿਸ ਮੁਤਾਬਕ, ‘ਜਦੋਂ ਇਸ ਤਰ੍ਹਾਂ ਦੀ ਭਵਿੱਖਬਾਣੀ ਕੀਤੀ ਗਈ ਹੋਵੇ ਤਾਂ ਕਲਾਊਡ ਸੀਡਿੰਗ ਵਰਗੀਆਂ ਮਹਿੰਗੀਆਂ ਤਕਨੀਕਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਕਿਉਂਕਿ ਇਨ੍ਹਾਂ ਦੀ ਲੋੜ ਹੀ ਨਹੀਂ ਹੁੰਦੀ।‘

ਬੀਬੀਸੀ ਮੌਸਮ ਦੇ ਮੌਸਮ ਵਿਗਿਆਨੀ ਮੈਟ ਟੇਲਰ ਮੁਤਾਬਕ ਵੀ ਭਾਰੀ ਮੀਂਹ ਦੀ ਭਵਿੱਖਬਾਣੀ ਪਹਿਲਾਂ ਹੀ ਕੀਤੀ ਗਈ ਸੀ।

ਉਹ ਕਹਿੰਦੇ ਹਨ, ਉਸ ਤੋਂ ਪਹਿਲਾਂ ਹੀ ਕੰਪਿਊਟਰ ਮਾਡਲ ਜੋ ਕਿ ਆਪਣੀ ਗਣਨਾ ਵਿੱਚ ਕਲਾਊਡ ਸੀਡਿੰਗ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਨਹੀਂ ਕਰਦੇ, ਚੌਵੀ ਘੰਟਿਆਂ ਵਿੱਚ ਇੱਕ ਸਾਲ ਜਿੰਨਾ ਮੀਂਹ ਦਿਖਾ ਰਹੇ ਸਨ।

ਬਹਿਰੀਨ ਤੋਂ ਓਮਾਨ ਤੱਕ ਇਸਦਾ ਅਸਰ ਕਲਾਊਡ ਸੀਡਿੰਗ ਨਾਲੋਂ ਬਹੁਤ ਜ਼ਿਆਦਾ ਸੀ।

ਅਮਿਰਾਤੀ ਖੇਤਰ ਵਿੱਚ ਕਲਾਊਡ ਸੀਡਿੰਗ ਮਿਸ਼ਨ ਸਰਕਾਰੀ ਟਾਸਕ ਫੋਰਸ, ਨੈਸ਼ਨਲ ਸੈਂਟਰ ਫਾਰ ਮੈਟਰੋਲੋਜੀ ਵੱਲੋਂ ਚਲਾਇਆ ਜਾਂਦਾ ਹੈ।

ਭਾਰੀ ਮੀਂਹ ਲਈ ਯੂਏਈ ਕਿੰਨਾ ਤਿਆਰ ਹੈ?

ਭਾਰੀ ਮੀਂਹ ਹੜ੍ਹਾਂ ਦੀ ਸ਼ਕਲ ਨਾ ਲਵੇ ਇਸ ਲਈ ਵਿਆਪਕ ਸੁਰੱਖਿਆ ਕਦਮਾਂ ਦੀ ਲੋੜ ਹੁੰਦੀ ਹੈ।

ਦੁਬਈ ਦਾ ਬਿਨਾਂ ਸ਼ੱਕ ਬਹੁਤ ਜ਼ਿਆਦਾ ਸ਼ਹਿਰੀਕਰਨ ਹੋ ਚੁੱਕਿਆ ਹੈ। ਇੱਥੇ ਨਮੀ ਨੂੰ ਸੋਖਣ ਲਈ ਬਹੁਤ ਥੋੜ੍ਹੀ ਹਰਿਆਲੀ ਹੈ ਅਤੇ ਮੀਂਹ ਨੂੰ ਸੰਭਾਲਣ ਲਈ ਇਲਾਕੇ ਦਾ ਸੀਵਰੇਜ ਸਿਸਟਮ ਨਾਕਸ ਸਾਬਤ ਹੋਇਆ।

ਪ੍ਰੋਫੈਸਰ ਫ੍ਰਾਂਸਿਸ ਕਹਿੰਦੇ ਹਨ ਕਿ ਇਸ ਨਵੀਂ ਸੱਚਾਈ (ਜ਼ਿਆਦਾ ਭਾਰੀ ਅਤੇ ਜ਼ਿਆਦਾ ਵਾਰ ਪੈਣ ਵਾਲੇ ਮੀਂਹ) ਨਾਲ ਢਲਣ ਲਈ ਨਵੀਆਂ ਰਣਨੀਤੀਆਂ ਅਤੇ ਉਪਰਾਲਿਆਂ ਦੀ ਲੋੜ ਹੈ।

ਮਿਸਾਲ ਵਜੋਂ ਸੜਕਾਂ ਨੂੰ ਢਾਲਣ ਦੀ ਲੋੜ ਹੈ। ਪਾਣੀ ਦੇ ਰਿਜ਼ਰਵਾਇਰ ਬਣਾਏ ਜਾਣੇ ਚਾਹੀਦੇ ਹਨ ਤਾਂ ਜੋ ਬਸੰਤ ਦੇ ਮੀਂਹ ਨੂੰ ਇਕੱਠਾ ਕਰਕੇ ਗਰਮੀਆਂ ਵਿੱਚ ਵਰਤਿਆ ਜਾ ਸਕੇ।

ਜਨਵਰੀ ਵਿੱਚ ਯੂਏਈ ਦੀ ਸੜਕ ਅਤੇ ਆਵਾਜਾਈ ਅਥਾਰਟੀ ਨੇ ਦੁਬਈ ਵਿੱਚ ਹੜ੍ਹਾਂ ਦਾ ਮੁਕਾਬਲਾ ਕਰਨ ਲਈ ਨਵੀਂ ਇਕਾਈ ਸਥਾਪਿਤ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)