ਦਿੱਲੀ ਦਾ ਪ੍ਰਦੂਸ਼ਣ ਖ਼ਤਮ ਕਰਨ ਲਈ ਜਿਸ 'ਨਕਲੀ ਮੀਂਹ' ਪੁਆਉਣ ਦੀ ਗੱਲ ਚੱਲ ਰਹੀ, ਉਹ ਕਿਵੇਂ ਪੈਂਦਾ ਹੈ ਤੇ ਕਿੰਨਾ ਕਾਰਗਰ ਹੈ

ਰਾਜਧਾਨੀ ਦਿੱਲੀ ਇਨ੍ਹੀਂ ਦਿਨੀਂ ਗੈਸ ਦਾ ਚੈਂਬਰ ਬਣੀ ਹੋਈ ਹੈ। ਧੂੰਏਂ ਨੇ ਦਿੱਲੀ ਐਨਸੀਆਰ ਦੇ ਲੋਕਾਂ ਦਾ ਸਾਹ ਘੁੱਟ ਰੱਖਿਆ ਹੈ। ਹਾਲ ਇਹ ਹਨ ਕਿ ਦਿਨ ਵਿੱਚ ਸੂਰਜ ਤੱਕ ਠੀਕ ਤਰ੍ਹਾਂ ਨਾਲ ਦਿਖਾਈ ਨਹੀਂ ਦਿੰਦਾ।

ਦੀਵਾਲੀ ਤੋਂ ਕੁਝ ਦਿਨ ਪਹਿਲਾਂ ਪਏ ਮੀਂਹ ਨਾਲ ਕੁਝ ਰਾਹਤ ਮਿਲੀ ਸੀ, ਪਰ ਦੀਵਾਲੀ ਦੀ ਰਾਤ ਚੱਲੇ ਪਟਾਖ਼ੇ ਤੇ ਆਤਿਸ਼ਬਾਜ਼ੀ ਕਾਰਨ ਏਅਰ ਕੁਆਲਿਟੀ ਇੰਡੈਕਸ ਮੁੜ 400 ਦਾ ਅੰਕੜਾ ਪਾਰ ਕਰ ਗਿਆ।

ਦਿੱਲੀ ਵਿੱਚ ਹਵਾ ਪ੍ਰਦੂਸ਼ਣ ਖਤਰਨਾਕ ਪੱਧਰ ਤੱਕ ਪਹੁੰਚ ਚੁੱਕਾ ਹੈ। ਇਸ ਦਾ ਮੁੱਖ ਕਾਰਨ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਪਰਾਲੀ ਨੂੰ ਲਗਾਈ ਅੱਗ ਨੂੰ ਵੀ ਦੱਸਿਆ ਜਾ ਰਿਹਾ ਹੈ।

ਇਸੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਵੀ ਇਨ੍ਹਾਂ ਸੂਬਿਆਂ ਨੂੰ ਫਟਕਾਰ ਵੀ ਲਗਾਈ ਸੀ ਅਤੇ ਪਰਾਲੀ ਸਾੜਨ ਦੇ ਮਾਮਲਿਆਂ 'ਤੇ ਜਲਦ ਤੋਂ ਜਲਦ ਰੋਕ ਲਗਾਉਣ ਦੇ ਆਦੇਸ਼ ਦਿੱਤੇ ਸਨ।

ਪਰ ਫਿਲਹਾਲ ਤੱਕ ਪ੍ਰਦੂਸ਼ਣ ਨਾਲ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਇਸ ਦੇ ਕਾਰਨ ਹੀ ਸਰਕਾਰਾਂ ਕਈ ਤਰ੍ਹਾਂ ਦੇ ਉਪਾਅ ਵੀ ਕਰ ਰਹੀਆਂ ਹਨ।

ਪ੍ਰਦੂਸ਼ਣ ਦੇ ਵਧਦੇ ਪੱਧਰ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਸਰਦੀਆਂ ਦੀਆਂ ਛੁੱਟੀਆਂ ਦਸੰਬਰ ਦੀ ਬਜਾਏ 9 ਨਵੰਬਰ ਤੋਂ 18 ਨਵੰਬਰ ਤੱਕ ਕਰ ਦਿੱਤੀਆਂ ਹਨ।

ਦਿੱਲੀ ਸਰਕਾਰ ਕੀ-ਕੀ ਉਪਾਅ ਕਰਨ ਜਾ ਰਹੀ

ਪ੍ਰਦੂਸ਼ਣ ਅਤੇ ਧੂੰਏਂ ਦੀ ਸਮੱਸਿਆ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਕਈ ਉਪਾਅ ਲਾਗੂ ਕਰਨ ਜਾ ਰਹੀ ਹੈ।

ਸੁਪਰੀਮ ਕੋਰਟ ਵੱਲੋਂ ਦਿੱਲੀ ਸਰਕਾਰ ਦੀ ਔਡ-ਈਵਨ ਸਕੀਮ ਦੀ ਪ੍ਰਭਾਵਸ਼ੀਲਤਾ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਸਕੀਮ ਮੁੜ ਦਿੱਲੀ ਵਿੱਚ ਲਾਗੂ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ 20 ਨਵੰਬਰ ਦੇ ਆਸ-ਪਾਸ ਕਲਾਉਡ ਸੀਡਿੰਗ ਰਾਹੀਂ ਨਕਲੀ ਵਰਖਾ ਕੀਤੀ ਜਾਵੇਗੀ।

ਇਸ ਸਬੰਧੀ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਜਾਣਕਾਰੀ ਦਿੰਦਿਆਂ ਕਿਹਾ, "ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ" ਐਪ-ਅਧਾਰਤ ਟੈਕਸੀਆਂ ਯਾਨੀ ਓਲਾ-ਉਬਰ 'ਤੇ ਪਾਬੰਦੀ ਲਗਾਉਣ ਲਈ ਟ੍ਰਾਂਸਪੋਰਟ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ।

ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ, ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਵਿਸਤ੍ਰਿਤ ਆਦੇਸ਼ ਤੋਂ ਹੀ ਇਹ ਸਪਸ਼ਟ ਹੋਵੇਗਾ ਕਿ ਐਪ-ਅਧਾਰਤ ਟੈਕਸੀ ਸੇਵਾਵਾਂ 'ਤੇ ਪਾਬੰਦੀ ਇਸ ਹਫਤੇ ਤੋਂ ਲਾਗੂ ਹੋਵੇਗੀ ਜਾਂ ਓਡ-ਈਵਨ ਕਾਰ ਯੋਜਨਾ ਨੂੰ ਲਾਗੂ ਕਰਨ ਦੌਰਾਨ ਹੀ।

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਦਿੱਲੀ ਸਰਕਾਰ ਨੂੰ ਇਸ ਗੱਲ 'ਤੇ ਵਿਚਾਰ ਕਰਨ ਲਈ ਕਿਹਾ ਕਿ ਸ਼ਹਿਰ 'ਚ ਸਿਰਫ ਰਜਿਸਟਰਡ ਟੈਕਸੀਆਂ ਹੀ ਚੱਲਣੀਆਂ ਚਾਹੀਦੀਆਂ ਹਨ ਕਿਉਂਕਿ ਦੂਜੇ ਸੂਬਿਆਂ 'ਚ ਰਜਿਸਟਰਡ ਟੈਕਸੀਆਂ ਦੀ ਵੱਡੀ ਗਿਣਤੀ ਸਿਰਫ ਇੱਕ ਯਾਤਰੀ ਨੂੰ ਲੈ ਕੇ ਸ਼ਹਿਰ ਆਉਂਦੀ ਹੈ।

ਮੰਤਰੀ ਗੋਪਾਲ ਰਾਏ ਨੇ ਇਹ ਵੀ ਕਿਹਾ ਕਿ ਦਿੱਲੀ ਸਰਕਾਰ ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ 20-21 ਨਵੰਬਰ ਦੇ ਆਸਪਾਸ ਕਲਾਉਡ ਸੀਡਿੰਗ ਰਾਹੀਂ ਨਕਲੀ ਮੀਂਹ ਦਾ ਇੰਤਜ਼ਾਮ ਕਰੇਗੀ।

ਕਲਾਉਡ ਸੀਡਿੰਗ ਜਾਂ ਨਕਲੀ ਮੀਂਹ ਕੀ ਹੁੰਦਾ ਹੈ

ਸੌਖੇ ਸ਼ਬਦਾਂ ਵਿੱਚ ਇਹ ਮੌਸਮ 'ਚ ਬਦਲਾਅ ਕਰਨ ਦੀ ਇੱਕ ਤਕਨੀਕ ਹੈ। ਇਸ ਵਿੱਚ ਵਿਗਿਆਨਿਕ ਤਕਨੀਕ ਦੀ ਮਦਦ ਨਾਲ ਬੱਦਲਾਂ ਵਿੱਚ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਨ੍ਹਾਂ ਦੀ ਮਦਦ ਨਾਲ ਮੀਂਹ ਪੈ ਸਕੇ।

ਇਸ ਵਿੱਚ ਸਿਲਵਰ ਆਇਓਡਾਈਡ ਵਰਗੇ ਪਦਾਰਥਾਂ ਨੂੰ ਬੱਦਲਾਂ ਵਿੱਚ ਫੈਲਾਉਣਾ ਸ਼ਾਮਲ ਹੁੰਦਾ ਹੈ ਤਾਂ ਜੋ ਇਸ ਰਾਹੀਂ ਬੱਦਲਾਂ ਜ਼ਰੀਏ ਮੀਂਹ ਪਵਾਉਣ ਦੀ ਕੋਸ਼ਿਸ਼ ਕੀਤੀ ਜਾ ਸਕੇ।

ਕਲਾਉਡ ਸੀਡਿੰਗ ਦਾ ਇੱਕ ਲੰਮਾ ਇਤਿਹਾਸ ਹੈ। ਇਸ ਦੀਆਂ ਜੜ੍ਹਾਂ 1940 ਦੇ ਦਹਾਕੇ ਵਿੱਚ ਹਨ, ਖਾਸ ਤੌਰ 'ਤੇ ਅਮਰੀਕਾ ਵਿਚ ਉਸ ਸਮੇਂ ਦੌਰਾਨ ਇਸ 'ਤੇ ਕਾਫ਼ੀ ਕੰਮ ਹੋਇਆ।

ਵਿਗਿਆਨੀਆਂ ਨੂੰ ਇਹ ਸਾਬਤ ਕਰਨ ਲਈ ਕਈ ਦਹਾਕਿਆਂ ਤੱਕ ਸੰਘਰਸ਼ ਕਰਨਾ ਪਿਆ ਕਿ ਕਲਾਉਡ ਸੀਡਿੰਗ ਲੋੜੀਂਦੇ ਨਤੀਜੇ ਦੇ ਸਕਦੀ ਹੈ।

ਬੱਦਲਾਂ ਨਾਲ ਪ੍ਰਯੋਗ

ਯੂਨੀਵਰਸਿਟੀ ਆਫ ਕੋਲੋਰਾਡੋ ਦੀ ਪ੍ਰੋਫੈਸਰ ਕੈਟੀਆ ਫ੍ਰੀਡ੍ਰਿਕ ਕਹਿੰਦੇ ਹਨ ਕਿ "ਜਦੋਂ ਅਸੀਂ ਕਲਾਉਡ ਸੀਡਿੰਗ ਕਰਦੇ ਹਾਂ, ਤਾਂ ਅਸੀਂ ਬੱਦਲ ਵਿੱਚੋਂ ਬਰਫ਼ ਜਾਂ ਪਾਣੀ ਦੀਆਂ ਬੂੰਦਾਂ ਟਪਕਾਉਣ ਦੀ ਕੋਸ਼ਿਸ਼ ਕਰਦੇ ਹਾਂ।''

ਕੇਟੀਆ ਫ੍ਰੀਡਰਿਕ ਦੀ ਖੋਜ ਦਾ ਵਿਸ਼ਾ ‘ਕਲਾਉਡ ਮਾਈਕਰੋ ਫਿਜ਼ਿਕਸ’ ਹੈ।

ਸੀਡਿੰਗ ਇੱਕ ਤਰ੍ਹਾਂ ਨਾਲ ਮੌਸਮ ਨੂੰ ਬਦਲਣ ਦੀ ਕੋਸ਼ਿਸ਼ ਹੈ। ਤੁਹਾਨੂੰ ਇਸ ਦੇ ਲਈ ਇੱਕ ਢੁਕਵੇਂ ਬੱਦਲ ਦੀ ਲੋੜ ਹੁੰਦੀ ਹੈ।

ਕੈਟੀਆ ਮੁਤਾਬਕ, "ਅਸੀਂ ਕਈ ਵਾਰ ਹਵਾਈ ਜਹਾਜ਼ ਦੀ ਵਰਤੋਂ ਕਰਦੇ ਹਾਂ। ਅਸੀਂ ਉਨ੍ਹਾਂ ਬੱਦਲਾਂ ਵਿੱਚੋਂ ਦੀ ਲੰਘਦੇ ਹਾਂ ਅਤੇ ਉਨ੍ਹਾਂ ਵਿੱਚ ਸਿਲਵਰ ਆਇਓਡਾਈਡ ਪਾਉਂਦੇ ਹਾਂ।''

''ਸਿਲਵਰ ਆਇਓਡਾਈਡ ਪਾਣੀ ਦੀਆਂ ਬੂੰਦਾਂ ਨੂੰ ਠੰਢਾ ਕਰ ਦਿੰਦਾ ਹੈ। ਉਸ ਤੋਂ ਬਾਅਦ ਬਰਫ਼ ਦੇ ਟੁਕੜੇ ਹੋਰ ਟੁਕੜਿਆਂ ਨਾਲ ਚਿਪਕ ਜਾਂਦੇ ਹਨ ਅਤੇ ਉਹ ਬਰਫ਼ ਦੇ ਗੁੱਛੇ ਬਣ ਜਾਂਦੇ ਹਨ। ਇਹ ਬਰਫ਼ ਦੇ ਗੁੱਛੇ ਜ਼ਮੀਨ 'ਤੇ ਡਿੱਗਦੇ ਹਨ।''

ਕੈਟੀਆ ਦਾ ਕਹਿਣਾ ਹੈ ਕਿ ਕਲਾਉਡ ਸੀਡਿੰਗ ਸਾਲ ਦੇ ਕੁਝ ਮਹੀਨਿਆਂ ਵਿੱਚ ਹੀ ਕੀਤੀ ਜਾ ਸਕਦੀ ਹੈ।

ਪਰ ਵਿਸ਼ੇਸ਼ ਬੱਦਲਾਂ ਦੀ ਹੀ ਹੋ ਸਕਦੀ ਹੈ ਸੀਡਿੰਗ

ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਦੁਆਰਾ ਪ੍ਰਕਾਸ਼ਿਤ ਮੈਗਜ਼ੀਨ 'ਡਾਊਨ ਟੂ ਅਰਥ' ਵਿੱਚ ਨਵੰਬਰ 2020 ਵਿੱਚ ਇੱਕ ਲੇਖ ਪ੍ਰਕਾਸ਼ਿਤ ਹੋਇਆ ਸੀ, ਜਿਸ ਵਿੱਚ ਨਕਲੀ ਮੀਂਹ ਸਬੰਧੀ ਜਾਣਕਾਰੀ ਦਿੱਤੀ ਗਈ ਹੈ।

ਇਸ ਲੇਖ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਟ੍ਰੌਪੀਕਲ ਮੈਟਰੋਲੋਜੀ, ਪੁਣੇ ਤੋਂ ਸੇਵਾਮੁਕਤ ਵਿਗਿਆਨੀ, ਜੇ ਆਰ ਕੁਲਕਰਨੀ ਨੇ ਦੱਸਿਆ ਕਿ “ਕਲਾਉਡ ਸੀਡਿੰਗ ਲਈ ਲੋੜੀਂਦੇ ਬੱਦਲ ਇੱਕ ਖਾਸ ਕਿਸਮ ਦੇ ਹੁੰਦੇ ਹਨ। ਇਨ੍ਹਾਂ ਨੂੰ ਕੋਨਵੇਕਟਿਵ ਬੱਦਲ ਕਿਹਾ ਜਾਂਦਾ ਹੈ ਅਤੇ ਇਹ ਲੰਬਕਾਰੀ ਰੂਪ ਵਿੱਚ ਵਧਦੇ ਹਨ।''

''ਸਿਰਫ਼ ਇਨ੍ਹਾਂ ਬੱਦਲਾਂ ਦੀ ਹੀ ਸੀਡਿੰਗ ਕੀਤੀ ਜਾ ਸਕਦੀ ਹੈ, ਹੋਰ ਕਿਸੇ ਤਰ੍ਹਾਂ ਦੇ ਬੱਦਲਾਂ ਦੀ ਨਹੀਂ।''

ਉਨ੍ਹਾਂ ਮੁਤਾਬਕ, ''ਜਿਹੜੇ ਹਾਲਤ ਹਵਾ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ, ਬਹੁਤ ਵੱਖਰੇ ਹੁੰਦੇ ਹਨ ਅਤੇ ਅਜਿਹੀਆਂ ਸਥਿਤੀਆਂ ਵਿੱਚ, ਉਨ੍ਹਾਂ ਵਿਸ਼ੇਸ਼ ਬੱਦਲਾਂ ਦਾ ਬਣਨਾ ਸੰਭਵ ਨਹੀਂ ਹੁੰਦਾ। ਭਾਵੇਂ ਬੱਦਲ ਬਣ ਵੀ ਜਾਣ, ਪਰ ਉਹ ਲੰਬਕਾਰੀ ਰੂਪ 'ਚ ਨਹੀਂ ਹੁੰਦੇ ਅਤੇ ਉਨ੍ਹਾਂ ਦੀ ਸੀਡਿੰਗ ਦਾ ਕੋਈ ਫ਼ਾਇਦਾ ਨਹੀਂ ਹੁੰਦਾ।''

ਇਹ ਤਕਨੀਕ ਕਿੰਨੀ ਕਾਰਗਰ?

ਲੇਖ ਵਿੱਚ ਇਸ ਵਿਸ਼ੇ 'ਤੇ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਕੀ ਵਾਕਈ ਨਕਲੀ ਮੀਂਹ ਨਾਲ ਪ੍ਰਦੂਸ਼ਣ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।

ਭਾਰਤ ਦੇ ਨੈਚੁਰਲ ਰਿਸੋਰਸੇਜ਼ ਡਿਫੈਂਸ ਕਾਉਂਸਿਲ ਵਿੱਚ ਹਵਾ ਦੀ ਗੁਣਵੱਤਾ ਤੇ ਸਿਹਤ ਵਿਭਾਗ ਦੇ ਮੁਖੀ ਪੋਲਾਸ਼ ਮੁਖਰਜੀ ਕਹਿੰਦੇ ਹਨ ਕਿ “ਕਲਾਉਡ ਸੀਡਿੰਗ ਤਾਂ ਹੀ ਕੀਤੀ ਜਾ ਸਕਦੀ ਹੈ ਜੇਕਰ ਇਸਦੇ ਲਈ ਮੌਸਮੀ ਹਾਲਾਤ ਅਨੁਕੂਲ ਹੋਣ ਅਤੇ ਜੇਕਰ ਸਥਾਨਕ ਵਾਯੂਮੰਡਲ ਵਿੱਚ ਨਮੀ ਦੀ ਮਾਤਰਾ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਕਰਦੀ ਹੋਵੇ।''

ਉਨ੍ਹਾਂ ਮੁਤਾਬਕ, ''ਹਾਲਾਂਕਿ, ਹਵਾ ਵਿੱਚ ਮੌਜੂਦ ਪ੍ਰਦੂਸ਼ਕਾਂ ਨੂੰ ਦਬਾਉਣ ਦੇ ਮਾਮਲੇ ਵਿੱਚ ਇਹ ਸਿਰਫ਼ ਫੌਰੀ ਤੌਰ 'ਤੇ ਕੁਝ ਰਾਹਤ ਪ੍ਰਦਾਨ ਕਰ ਸਕਦਾ ਹੈ।''

''ਕਿਉਂਕਿ ਜੇਕਰ ਪ੍ਰਦੂਸ਼ਣ ਦੇ ਸਰੋਤਾਂ, ਜਿਵੇਂ ਵਾਹਨਾਂ, ਉਦਯੋਗ ਅਤੇ ਨਿਰਮਾਣ ਆਦਿ ਤੋਂ ਲਗਾਤਾਰ ਪ੍ਰਦੂਸ਼ਣ ਜਾਰੀ ਰਹਿੰਦਾ ਹੈ ਤਾਂ ਕਲਾਉਡ ਸੀਡਿੰਗ ਦੁਆਰਾ ਨਕਲੀ ਮੀਂਹ ਦਾ ਸਿਰਫ਼ ਸੀਮਤ ਅਤੇ ਅਸਥਾਈ ਪ੍ਰਭਾਵ ਹੋਵੇਗਾ।''

ਚੀਨ ਸਮੇਤ ਭਾਰਤ 'ਚ ਵੀ ਇਸਤੇਮਾਲ

ਸਾਲ 2021 ਵਿੱਚ ਬੀਬੀਸੀ ਨੇ ਇਸ ਸਬੰਧੀ ਕਰਨਾਟਕ ਮਣੀਪਾਲ ਅਕੈਡਮੀ ਆਫ ਹਾਇਰ ਐਜੂਕੇਸ਼ਨ ਦੀ ਜਲਵਾਯੂ ਮਾਹਿਰ ਧਨਸ਼੍ਰੀ ਜੈਰਾਮ ਨਾਲ ਗੱਲਬਾਤ ਕੀਤੀ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ "ਕਈ ਦੇਸ਼ ਇਸ ਤਕਨੀਕ ਦੀ ਵਰਤੋਂ ਕਰਦੇ ਹਨ। ਚੀਨ ਲੰਬੇ ਸਮੇਂ ਤੋਂ ਇਸ ਦੀ ਵਰਤੋਂ ਕਰ ਰਿਹਾ ਹੈ, ਭਾਰਤ ਨੇ ਵੀ ਇਸ ਦੀ ਵਰਤੋਂ ਕੀਤੀ ਹੈ।"

ਉਨ੍ਹਾਂ ਦੱਸਿਆ, "ਸਬ-ਸਹਾਰਾ ਅਫ਼ਰੀਕੀ ਦੇਸ਼ਾਂ ਅਤੇ ਅਫ਼ਰੀਕਾ ਦੇ ਉੱਤਰ-ਪੂਰਬੀ ਹਿੱਸੇ ਗੰਭੀਰ ਸੋਕੇ ਦੀ ਮਾਰ ਝੱਲਦੇ ਹਨ। ਜਾਂ ਅਸੀਂ ਆਸਟਰੇਲੀਆ ਦੀ ਉਦਾਹਰਣ ਵੀ ਦੇਖ ਸਕਦੇ ਹਾਂ।"

ਹਾਲਾਂਕਿ ਜੈਰਾਮ ਦਾ ਕਹਿਣਾ ਹੈ ਕਿ ਬੀਜਿੰਗ ਦੀ ਤੁਲਨਾ 'ਚ ਦੁਨੀਆਂ ਦੇ ਹੋਰ ਸਥਾਨਾਂ 'ਤੇ ਅਜਿਹੀਆਂ ਮੁਹਿੰਮਾਂ ਬਹੁਤ ਘੱਟ ਪੱਧਰ 'ਤੇ ਹੁੰਦੀਆਂ ਹਨ।

2017 ਵਿੱਚ, ਸੰਯੁਕਤ ਰਾਸ਼ਟਰ ਦੇ ਮੌਸਮ ਵਿਗਿਆਨ ਸੰਗਠਨ ਨੇ ਅੰਦਾਜ਼ਾ ਲਗਾਇਆ ਕਿ 50 ਤੋਂ ਵੱਧ ਦੇਸ਼ਾਂ ਨੇ ਕਲਾਉਡ ਸੀਡਿੰਗ ਨੂੰ ਅਜ਼ਮਾਇਆ ਹੈ। ਇਨ੍ਹਾਂ ਵਿੱਚ ਆਸਟਰੇਲੀਆ, ਜਪਾਨ, ਇਥੋਪੀਆ, ਜ਼ਿੰਬਾਬਵੇ, ਚੀਨ, ਅਮਰੀਕਾ, ਭਾਰਤ ਅਤੇ ਰੂਸ ਸ਼ਾਮਲ ਹਨ।