You’re viewing a text-only version of this website that uses less data. View the main version of the website including all images and videos.
ਪੰਜਾਬ ਦੀ ਪੰਥਕ ਸਿਆਸਤ ਲਈ ਖੜਾ ਹੋਇਆ ਨਵਾਂ ਸੰਕਟ, ਸੁਖਬੀਰ ਧੜੇ ਲਈ ਹੁਣ ਅੱਗੇ ਕੀ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਲੈ ਕੇ ਨਵਾਂ ਬਖੇੜਾ ਖੜ੍ਹਾ ਹੋ ਗਿਆ ਹੈ।
ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ 25 ਫਰਵਰੀ ਨੂੰ ਭਰਤੀ ਮੁਹਿੰਮ ਮੁਕੰਮਲ ਕਰ ਕੇ ਅਗਲੀ ਪ੍ਰਕਿਰਿਆ ਆਰੰਭ ਕਰ ਚੁੱਕਾ ਹੈ, ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਆਖ ਰਹੇ ਹਨ ਕਿ ਭਰਤੀ ਸਬੰਧੀ ਜੋ ਹੁਕਮ ਕੀਤਾ ਗਿਆ ਸੀ, ਉਸ ਮੁਤਾਬਕ ਇਹ ਸ਼ੁਰੂ ਹੀ ਨਹੀਂ ਹੋਈ।
ਦਰਅਸਲ, 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਖਬੀਰ ਬਾਦਲ ਅਤੇ ਹੋਰ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਸੀ ਅਤੇ ਇਸ ਦੇ ਨਾਲ ਹੀ ਜਥੇਦਾਰਾਂ ਨੇ ਹੁਕਮਨਾਮੇ ਵਿੱਚ ਕਿਹਾ ਸੀ ਕਿ ਸੁਖਬੀਰ ਬਾਦਲ ਦਾ ਅਸਤੀਫਾ ਅਕਾਲੀ ਦਲ ਦੀ ਕੋਰ ਕਮੇਟੀ ਤਿੰਨ ਦਿਨ ਦੇ ਅੰਦਰ ਪ੍ਰਵਾਨ ਕਰੇ।
ਅਕਾਲੀ ਦਲ ਦੇ ਸਾਰੇ 'ਬਾਗੀ ਤੇ ਦਾਗੀ' ਧੜ੍ਹੇ ਭੰਗ ਹਨ, ਅਕਾਲੀ ਦਲ ਦੀ ਭਰਤੀ ਦੁਬਾਰਾ ਕੀਤੀ ਜਾਵੇ ਅਤੇ ਤਿੰਨ ਮਹੀਨੇ ਦੇ ਅੰਦਰ- ਅੰਦਰ ਨਵੀਂ ਚੋਣ ਕਰਵਾਈ ਜਾਵੇ।
ਅਕਾਲੀ ਦਲ ਦੀ ਨਵੀਂ ਭਰਤੀ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਪਰ ਕਮੇਟੀ ਦਾ ਕਹਿਣਾ ਹੈ ਕਿ ਅਕਾਲੀ ਦਲ ਉਨ੍ਹਾਂ ਨਾਲ ਸਹਿਯੋਗੀ ਨਹੀਂ ਕਰ ਰਿਹਾ।
ਗਿਆਨੀ ਰਘਬੀਰ ਸਿੰਘ ਦੇ ਬਿਆਨ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਉੱਤੇ ਸਵਾਲ ਜਿਉਂ ਦੇ ਤਿਉਂ ਬਣੇ ਹੋਏ ਹਨ।
ਮਾਹਰ ਮੰਨਦੇ ਹਨ, "ਜੇਕਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਪਸ਼ਟ ਸ਼ਬਦਾਂ ਵਿੱਚ ਆਖ ਰਹੇ ਹਨ ਕਿ ਭਰਤੀ ਅਜੇ ਸ਼ੁਰੂ ਹੋਈ ਹੀ ਨਹੀਂ ਹੋਈ ਤਾਂ ਉਨ੍ਹਾਂ ਦਾ ਇਹ ਬਿਆਨ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਸਿੱਧੇ ਤੌਰ ʼਤੇ ਚੁਣੌਤੀ ਹੈ ਅਤੇ ਇਸ ਨਾਲ ਹੀ ਸ਼੍ਰੋਮਣੀ ਅਕਾਲੀ ਦੇ ਸੰਕਟ ਵਿੱਚ ਵਾਧੇ ਦੇ ਆਸਾਰ ਹੋਰ ਬਣ ਗਏ ਹਨ।
ਗਿਆਨੀ ਰਘਬੀਰ ਸਿੰਘ ਦੇ ਤਾਜ਼ਾ ਬਿਆਨ ਤੋਂ ਬਾਅਦ ਭਰਤੀ ਕਮੇਟੀ ਫਿਰ ਤੋਂ ਸਰਗਰਮ ਹੋ ਗਈ ਹੈ ਅਤੇ ਉਨ੍ਹਾਂ ਭਰਤੀ ਸਬੰਧੀ ਨਵੀਂ ਰਣਨੀਤੀ ਉਲੀਕਣ ਲਈ ਚਾਰ ਮਾਰਚ (ਮੰਗਲਵਾਰ) ਨੂੰ ਮੀਟਿੰਗ ਸੱਦ ਲਈ ਹੈ।
ਕੀ ਹੈ ਪੂਰਾ ਮਾਮਲਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪਿਛਲੇ ਦਿਨੀਂ ਆਪਣੇ ਇੱਕ ਬਿਆਨ ਵਿੱਚ ਆਖਿਆ, "ਭਰਤੀ ਸਬੰਧੀ ਜੋ ਹੁਕਮ ਜਾਰੀ ਕੀਤਾ ਗਿਆ ਸੀ। ਉਸ ਮੁਤਾਬਕ ਕੰਮ ਅਜੇ ਸ਼ੁਰੂ ਹੀ ਨਹੀਂ ਹੋਇਆ, ਜੇਕਰ ਹਰਜਿੰਦਰ ਸਿੰਘ ਧਾਮੀ ਅਤੇ ਕਿਰਪਾਲ ਸਿੰਘ ਬਡੂੰਗਰ ਅਸਤੀਫ਼ਾ ਵਾਪਸ ਨਹੀਂ ਲੈਣਗੇ ਤਾਂ ਪੰਜ ਮੈਂਬਰੀ ਕਮੇਟੀ ਹੁਕਮਾਂ ਮੁਤਾਬਕ ਆਪਣਾ ਕੰਮ ਕਰੇਗੀ ਅਤੇ ਇਸ ਵਿਚੋਂ ਹੀ ਇੱਕ ਮੈਂਬਰ ਕਮੇਟੀ ਦੀ ਅਗਵਾਈ ਕਰੇਗਾ।"
"ਜਿਸ ਦਾ ਫ਼ੈਸਲਾ ਸਿੰਘ ਸਾਹਿਬਾਨ ਦੀ ਹੋਣ ਵਾਲੀ ਅਗਲੀ ਮੀਟਿੰਗ ਵਿੱਚ ਕੀਤਾ ਜਾਵੇਗਾ। ਉਨ੍ਹਾਂ ਕਮੇਟੀ ਦੀ ਢਾਈ ਮਹੀਨੇ ਦੀ ਕਾਰਗੁਜ਼ਾਰੀ ਉੱਤੇ ਫਿਲਹਾਲ ਨਾ ਖ਼ੁਸ਼ੀ ਪ੍ਰਗਟਾਈ ਹੈ।"
ਅਸਲ ਵਿੱਚ ਜਥੇਦਾਰ ਰਘਬੀਰ ਸਿੰਘ ਦਾ ਤਾਜ਼ਾ ਬਿਆਨ ਪਿਛਲੇ ਸਾਲ ਦੋ ਦਸੰਬਰ 2024 ਨੂੰ ਜਾਰੀ ਕੀਤੇ ਗਏ ਹੁਕਮ ਦੇ ਸੰਦਰਭ ਵਿੱਚ ਸੀ।
ਇਸ ਹੁਕਮ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸਿੰਘ ਸਹਿਬਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਢਾਂਚੇ ਨੂੰ ਭੰਗ ਕਰ ਦਿੱਤਾ ਸੀ ਅਤੇ ਨਵੀਂ ਭਰਤੀ ਕਰਨ ਦੇ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਸੀ।
ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਇਸ ਕਮੇਟੀ ਨੇ ਕੰਮ ਕਰਨਾ ਸੀ ਅਤੇ ਇਸ ਵਿੱਚ ਮੈਂਬਰ ਵਜੋਂ ਕਿਰਪਾਲ ਸਿੰਘ ਬਡੂੰਗਰ, ਸਤਵੰਤ ਕੌਰ, ਸੰਤਾ ਸਿੰਘ ਉਮੈਦਪੁਰੀ, ਮਨਪ੍ਰੀਤ ਸਿੰਘ ਇਯਾਲੀ, ਇਕਬਾਲ ਸਿੰਘ ਝੂੰਦਾ ਅਤੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਸ਼ਾਮਲ ਕੀਤਾ ਗਿਆ।
ਪਰ ਪਿਛਲੇ ਦਿਨੀਂ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਧਾਮੀ ਅਤੇ ਕਿਰਪਾਲ ਸਿੰਘ ਬਡੂੰਗਰ ਨੇ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ।
ਹੁਣ ਫ਼ਿਲਹਾਲ ਪੰਜ ਮੈਂਬਰੀ ਕਮੇਟੀ ਰਹਿ ਗਈ ਹੈ ਜਿਸ ਨੇ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਕਰ ਦਿੱਤੀ ਹੈ ਜਿਸ ਵਿੱਚ ਉਨ੍ਹਾਂ ਆਖਿਆ ਹੈ ਕਿ ਨਵੀਂ ਭਰਤੀ ਲਈ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਨੂੰ ਸਹਿਯੋਗ ਨਹੀਂ ਦੇ ਰਿਹਾ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਭਰਤੀ ਮੁਹਿੰਮ ਉੱਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਹੈ, "ਪੰਜਾਬੀਆਂ ਨੇ ਇਸ ਨੂੰ ਲਾਮਿਸਾਲ ਹੁੰਗਾਰਾ ਦਿੱਤਾ ਹੈ।"
ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਮੁਤਾਬਕ, " ਪਾਰਟੀ ਨੇ ਭਰਤੀ ਮੁਹਿੰਮ ਵਾਸਤੇ 33 ਲੱਖ ਪਰਚੀਆਂ ਜਾਰੀ ਕੀਤੀ ਆਂ ਸਨ। ਅਗਲੇ ਸਮੇਂ ਵਿਚ ਜ਼ਿਲ੍ਹਾ ਆਬਜ਼ਰਵਰਾਂ ਦੀ ਮੀਟਿੰਗ ਬੁਲਾਈ ਜਾਵੇਗੀ ਜੋ ਸਰਕਲ ਤੇ ਜ਼ਿਲ੍ਹਾ ਡੈਲੀਗੇਟ ਦੀ ਚੋਣ ਦੀ ਨਿਗਰਾਨੀ ਕਰਨਗੇ ਤੇ ਜ਼ਿਲ੍ਹਾ ਡੈਲੀਗੇਟ ਅੱਗੇ ਸੂਬਾ ਡੈਲੀਗੇਟ ਚੁਣਨ ਜੋ ਅੱਗੇ ਪਾਰਟੀ ਪ੍ਰਧਾਨ ਦੀ ਚੋਣ ਕਰਨਗੇ।"
ਭਰਤੀ ਕਮੇਟੀ ਦਾ ਰੁਖ਼
ਸ੍ਰੀ ਅਕਾਲ ਤਖ਼ਤ ਵੱਲੋਂ ਗਠਿਤ ਕੀਤੀ ਗਈ ਭਰਤੀ ਕਮੇਟੀ ਦੇ ਮੈਂਬਰਾਂ ਨੇ ਇੱਕ ਬਿਆਨ ਜਾਰੀ ਕਰ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਦਿੱਤੀ ਸੇਵਾ ਲਈ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਪਾਸੋਂ ਮਿਲੇ ਸੰਗਤੀ ਹੁਕਮਾਂ ਨੂੰ ਹਰ ਹੀਲੇ ਨੇਪਰੇ ਚਾੜ੍ਹਿਆ ਜਾਵੇਗਾ।
ਕਮੇਟੀ ਦੇ ਪੰਜ ਮੈਂਬਰਾਂ ਸੰਤਾ ਸਿੰਘ ਉਮੈਦਪੁਰੀ, ਮਨਪ੍ਰੀਤ ਸਿੰਘ ਇਯਾਲੀ, ਇਕਬਾਲ ਸਿੰਘ ਝੂੰਦਾ, ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸਤਵੰਤ ਕੌਰ ਵਲ਼ੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਉੱਤੇ ਹੋਏ ਹੁਕਮ ਨੂੰ ਮੰਨਣਾ ਹਰ ਸਿੱਖ ਦਾ ਨਾ ਸਿਰਫ਼ ਫ਼ਰਜ਼ ਹੈ ਸਗੋਂ ਇਸ ’ਤੇ ਪਹਿਰਾ ਦੇਣਾ ਵੀ ਨੈਤਿਕ ਜ਼ਿੰਮੇਵਾਰੀ ਹੈ।
ਜਾਰੀ ਬਿਆਨ ਵਿੱਚ ਭਰਤੀ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਭਰਤੀ ਦੀ ਅਗਲੀ ਰੂਪ ਰੇਖਾ ਉਲੀਕਣ ਲਈ ਮੰਗਲਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਉਪਰੰਤ ਅਹਿਮ ਮੀਟਿੰਗ ਅਮ੍ਰਿਤਸਰ ਸਾਹਿਬ ਰੱਖੀ ਗਈ ਹੈ, ਜਿਸ ਵਿੱਚ ਪੂਰਾ ਖ਼ਾਕਾ ਤਿਆਰ ਕਰਨ ਦੀ ਪਹਿਲਕਦਮੀ ਹੋਏਗੀ।
ਸ਼੍ਰੋਮਣੀ ਅਕਾਲੀ ਦੇ ਵਿਧਾਇਕ ਅਤੇ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਇਯਾਲੀ ਨੇ ਪਿਛਲੇ ਦਿਨੀਂ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਆਖਿਆ ਸੀ, "ਸ਼੍ਰੋਮਣੀ ਅਕਾਲੀ ਦਲ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤਹਿਤ ਵਾਰ-ਵਾਰ ਸਹਿਯੋਗ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਵੱਲੋਂ ਅਜਿਹਾ ਨਹੀਂ ਕੀਤਾ ਜਾ ਰਿਹਾ ਹੈ।"
ਮੌਜੂਦਾ ਸੰਕਟ ਬਾਰੇ ਪੰਥਕ ਮਾਹਰਾਂ ਦੀ ਰਾਏ
ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਰਘਬੀਰ ਸਿੰਘ ਦੇ ਬਿਆਨ ਉੱਤੇ ਟਿੱਪਣੀ ਕਰਦਿਆਂ ਆਖਿਆ ਕਿ ਜਦੋਂ ਤੱਕ ਐੱਸਜੀਪੀਸੀ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਰਹੇਗਾ, ਉਦੋਂ ਤੱਕ ਉਨ੍ਹਾਂ ਦੀ ਚੱਲੇਗੀ।
"ਜਿਸ ਤਰੀਕੇ ਨਾਲ ਜਥੇਦਾਰ ਸਾਹਿਬ ਨੇ ਆਪਣਾ ਬੈਗ਼ ਤਿਆਰ ਰੱਖੇ ਜਾਣ ਬਾਰੇ ਬਿਆਨ ਦਿੱਤਾ ਹੈ, ਉਸ ਤੋਂ ਸਪਸ਼ਟ ਹੈ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾਏ ਜਾਣ ਦਾ ਖ਼ਦਸ਼ਾ ਹੈ।"
ਉਨ੍ਹਾਂ ਆਖਿਆ ਕਿ ਅਕਾਲੀ ਦਲ ਆਪਣੀ ਭਰਤੀ ਮੁਹਿੰਮ ਨੂੰ ਕਦੇ ਵੀ ਗ਼ਲਤ ਨਹੀਂ ਆਖੇਗਾ, ਦੂਜੇ ਪਾਸੇ ਸਿੱਖ ਜਗਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਮੰਨਣ ਦੇ ਲਈ ਪਾਬੰਧ ਹੈ, ਇਸ ਕਰ ਕੇ ਪੰਥਕ ਸੰਕਟ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਧਣ ਦੇ ਆਸਾਰ ਬਣ ਗਏ ਹਨ।
ਸਿੱਖ ਮਾਮਲਿਆਂ ਦੇ ਜਾਣਕਾਰ ਪ੍ਰੋਫੈਸਰ ਗੁਰਦਰਸ਼ਨ ਢਿੱਲੋਂ ਦਾ ਕਹਿਣਾ ਹੈ, "ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਮਕਸਦ ਹਰ ਕਿਸੇ ਨੂੰ ਭਰਤੀ ਵਿੱਚ ਨੁਮਾਇੰਦਗੀ, ਬਿਨਾ ਪੱਖਪਾਤ ਦੇ ਦੇਣ ਦਾ ਸੀ ਅਤੇ ਇਸ ਮਕਸਦ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਪਰ ਅਫ਼ਸੋਸ ਅਜਿਹਾ ਹੋਇਆ ਨਹੀਂ।"
ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦੇ ਆਗੂਆਂ ਖ਼ਾਸ ਤੌਰ ਉੱਤੇ ਬਾਦਲ ਪਰਿਵਾਰ ਨੇ ਆਪਣੇ ਸਿਆਸੀ ਹਿਤਾਂ ਦੇ ਚਲਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ਰਮਾਨ ਨੂੰ ਨਹੀਂ ਮੰਨਿਆ।
ਉੱਘੇ ਸਿੱਖ ਵਿਦਵਾਨ ਪ੍ਰੋਫੈਸਰ ਸੁਖਦਿਆਲ ਸਿੰਘ ਮੁਤਾਬਕ ਸਿੱਖ ਜਗਤ ਲਈ ਸ੍ਰੀ ਅਕਾਲ ਤਖ਼ਤ ਸਭ ਤੋਂ ਉੱਚਾ ਹੈ ਅਤੇ ਉਨ੍ਹਾਂ ਦਾ ਜੋ ਵੀ ਆਦੇਸ਼ ਹੈ ਸਿੱਖ ਉਸ ਨੂੰ ਹੀ ਮੰਨਣਗੇ ਅਤੇ ਜੇਕਰ ਕੋਈ ਉਨ੍ਹਾਂ ਦੇ ਹੁਕਮ ਦੀ ਉਲੰਘਣਾ ਕਰਦਾ ਹੈ, ਤਾਂ ਉਸ ਨੂੰ ਤਲਬ ਕੀਤਾ ਜਾਣ ਦੀ ਵਿਵਸਥਾ ਵੀ ਹੈ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਪ੍ਰੋਫੈਸਰ ਸੁਖਦਿਆਲ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੋ ਵਤੀਰਾ ਹੈ, ਉਸ ਨੂੰ ਦੇਖਦੇ ਹੋਏ, ਇਨ੍ਹਾਂ ਦੀ ਸ਼ਿਕਾਇਤ ਹੋ ਸਕਦੀ ਅਤੇ ਇਸ ਤੋਂ ਬਾਅਦ ਇਨ੍ਹਾਂ ਨੂੰ ਦੁਬਾਰਾ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਤਲਬ ਕੀਤਾ ਜਾ ਸਕਦਾ ਹੈ।
ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਸਖ਼ਤ ਰੁਖ਼ ਅਖ਼ਤਿਆਰ ਕਰ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ