You’re viewing a text-only version of this website that uses less data. View the main version of the website including all images and videos.
'ਕਰਜ਼ਾ ਮੋੜਨ ਲਈ ਵੇਚੀ ਕਿਡਨੀ', ਕਿਸਾਨ ਦੇ ਇਲਜ਼ਾਮਾਂ ਮਗਰੋਂ ਸ਼ਾਹੂਕਾਰ ਪੁਲਿਸ ਦੀ ਗ੍ਰਿਫ਼ਤ 'ਚ, ਜਾਣੋ ਕੀ ਹੈ ਮਾਮਲਾ
- ਲੇਖਕ, ਭਾਗਿਆਸ਼੍ਰੀ ਰਾਊਤ
- ਰੋਲ, ਬੀਬੀਸੀ ਪੱਤਰਕਾਰ
ਸ਼ਾਹੂਕਾਰਾਂ ਦੇ ਕਰਜ਼ੇ 'ਚ ਬੁਰੀ ਤਰ੍ਹਾਂ ਫਸਣ ਮਗਰੋਂ ਇੱਕ ਕਿਸਾਨ ਵੱਲੋਂ ਆਪਣੀ ਕਿਡਨੀ ਵੇਚਣ ਦਾ ਕਥਿਤ ਮਾਮਲਾ ਸਾਹਮਣੇ ਆਇਆ ਹੈ।
ਇਹ ਘਟਨਾ ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਦੀ ਹੈ, ਜਿੱਥੋਂ ਦੇ ਇੱਕ ਕਿਸਾਨ ਦਾ ਇਲਜ਼ਾਮ ਹੈ ਕਿ ਸ਼ਾਹੂਕਾਰਾਂ ਨੇ ਉਨ੍ਹਾਂ ਨੂੰ ਕਰਜ਼ੇ ਦੇ ਜਾਲ਼ 'ਚ ਅਜਿਹਾ ਫਸਾਇਆ ਕਿ ਉਨ੍ਹਾਂ ਨੂੰ ਕੰਬੋਡੀਆ ਜਾ ਕੇ ਆਪਣੀ ਇੱਕ ਕਿਡਨੀ ਵੇਚਣੀ ਪਈ।
ਰੌਸ਼ਨ ਕੁਲੇ 36 ਸਾਲ ਦੇ ਕਿਸਾਨ ਹਨ, ਜੋ ਨਾਗਭੀਡ ਤਹਿਸੀਲ ਦੇ ਮਿੰਥੁਰ ਪਿੰਡ ਵਿੱਚ ਰਹਿੰਦੇ ਹਨ।
ਇਸ ਮਾਮਲੇ ਸਬੰਧੀ ਰੌਸ਼ਨ ਦਾ ਇੱਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਗਲੀ ਸਵੇਰੇ ਹੀ ਅਸੀਂ ਮਿੰਥੁਰ ਵਿੱਚ ਉਨ੍ਹਾਂ ਦੇ ਘਰ ਪਹੁੰਚੇ।
ਉਸ ਸਮੇਂ ਪੁਲਿਸ ਵੀ ਉਨ੍ਹਾਂ ਦੇ ਘਰ 'ਚ ਮੌਜੂਦ ਸੀ। ਅਸੀਂ ਉਨ੍ਹਾਂ ਨੂੰ ਗੱਲ ਕਰਨ ਲਈ ਕਿਹਾ, ਪਰ ਉਨ੍ਹਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਉਹ ਹੁਣ ਇਸ ਬਾਰੇ ਕੁਝ ਵੀ ਨਹੀਂ ਕਹਿਣਾ ਚਾਹੁੰਦੇ।
ਹਾਲਾਂਕਿ, ਉਨ੍ਹਾਂ ਦੇ ਪਿਤਾ ਨੇ ਸ਼ਾਹੂਕਾਰਾਂ ਨਾਲ ਜੁੜੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ।
'ਸ਼ਾਹੂਕਾਰ ਘਰ ਆ ਕੇ ਤੰਗ ਕਰਦੇ, ਗਾਲਾਂ ਕੱਢਦੇ ਤੇ ਧਮਕੀਆਂ ਦਿੰਦੇ ਸਨ'
ਬੀਬੀਸੀ ਮਰਾਠੀ ਨਾਲ ਗੱਲ ਕਰਦਿਆਂ ਰੌਸ਼ਨ ਦੇ ਪਿਤਾ ਸ਼ਿਵਦਾਸ ਕੁਲੇ ਨੇ ਕਿਹਾ, "ਮੇਰੇ ਪੁੱਤ ਦਾ ਦੁੱਧ ਦਾ ਕਾਰੋਬਾਰ ਸੀ। ਪਰ ਕੋਰੋਨਾ ਦੌਰਾਨ ਸਾਡਾ ਕਾਰੋਬਾਰ ਠੱਪ ਹੋ ਗਿਆ। ਇਸ ਤੋਂ ਬਾਅਦ 6 ਗਾਂਵਾਂ ਲੰਪੀ ਬਿਮਾਰੀ ਨਾਲ ਮਰ ਗਈਆਂ।''
"ਇੱਕ ਗਾਂ ਦੇ ਇਲਾਜ ਲਈ ਦੋ ਸ਼ਾਹੂਕਾਰਾਂ ਤੋਂ 50 ਹਜ਼ਾਰ ਰੁਪਏ ਪ੍ਰਤੀ ਗਾਂ ਦੇ ਹਿਸਾਬ ਨਾਲ, ਕੁੱਲ 1 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਇਹ ਗੱਲ 2021 ਦੀ ਹੈ।''
"ਪਰ ਇਸ ਕਰਜ਼ੇ ਨੂੰ ਚੁਕਾਉਣ ਲਈ ਉਨ੍ਹਾਂ ਨੇ ਇੱਕ ਹੋਰ ਸ਼ਾਹੂਕਾਰ ਤੋਂ ਕਰਜ਼ਾ ਲੈ ਲਿਆ। ਬ੍ਰਹਮਪੁਰੀ ਵਿੱਚ 6 ਲੋਕਾਂ ਦਾ ਗਿਰੋਹ ਹੈ। ਉਹ ਇੱਕ ਦਾ ਕਰਜ਼ਾ ਚੁਕਾਉਣ ਲਈ ਦੂਜੇ ਤੋਂ ਕਰਜ਼ਾ ਲੈਣ ਨੂੰ ਮਜ਼ਬੂਰ ਕਰ ਦਿੰਦੇ ਹਨ।"
ਇਲਜ਼ਾਮ ਲਾਇਆ ਗਿਆ ਕਿ ਸ਼ਾਹੂਕਾਰ ਘਰ ਆ ਕੇ ਰੌਸ਼ਨ ਨੂੰ ਤੰਗ ਕਰਦੇ ਹਨ, ਗਾਲਾਂ ਕੱਢਦੇ ਅਤੇ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਰੌਸ਼ਨ ਬੈਂਕ ਆਫ਼ ਇੰਡੀਆ ਵਿੱਚ ਬਿਜ਼ਨਸ ਕਰਸਪਾਂਡੈਂਟ ਵਜੋਂ ਵੀ ਕੰਮ ਕਰਦੇ ਸਨ।
"ਉਹ ਉਨ੍ਹਾਂ ਨੂੰ ਉੱਥੇ ਜਾ ਕੇ ਵੀ ਗਾਲਾਂ ਕੱਢਦੇ ਸਨ। ਸ਼ਿਵਦਾਸ ਨੇ ਇਲਜ਼ਾਮ ਲਗਾਇਆ ਕਿ ਇਸੇ ਕਾਰਨ ਰੌਸ਼ਨ ਨੇ ਆਪਣੀ ਨੌਕਰੀ ਵੀ ਛੱਡ ਦਿੱਤੀ।"
'1 ਲੱਖ ਰੁਪਏ ਦਾ ਕਰਜ਼ਾ ਵਧ ਕੇ 50 ਲੱਖ ਰੁਪਏ ਤੱਕ ਪਹੁੰਚ ਗਿਆ'
ਮਾਮਲੇ 'ਚ ਦਰਜ ਐਫਆਈਆਰ ਮੁਤਾਬਕ, 1 ਲੱਖ ਰੁਪਏ ਦਾ ਕਰਜ਼ਾ ਵਧ ਕੇ 50 ਲੱਖ ਰੁਪਏ ਤੱਕ ਪਹੁੰਚ ਗਿਆ। ਇਸ ਲਈ ਰੌਸ਼ਨ ਨੇ ਆਪਣੀ ਖੇਤੀ ਦੀ ਜ਼ਮੀਨ ਵੇਚ ਦਿੱਤੀ ਅਤੇ ਉਸ ਨੇ ਅੱਧਾ ਏਕੜ ਖੇਤ ਸ਼ਾਹੂਕਾਰ ਦੇ ਨਾਮ ਵੀ ਕਰ ਦਿੱਤਾ।
ਰੌਸ਼ਨ ਮੁਤਾਬਕ, "ਮੈਂ ਆਪਣੇ ਘਰੋਂ 6 ਤੋਲੇ ਸੋਨਾ ਵੇਚਿਆ। ਪਰ ਫਿਰ ਵੀ ਕਰਜ਼ਾ ਨਹੀਂ ਉਤਰਿਆ। ਇਸ ਲਈ ਮੈਂ ਆਪਣੀ ਕਿਡਨੀ ਵੇਚਣ ਦਾ ਫੈਸਲਾ ਕੀਤਾ। ਮੈਂ ਕੈਂਬੋਡੀਆ ਗਿਆ ਅਤੇ 8 ਲੱਖ ਰੁਪਏ ਵਿੱਚ ਆਪਣੀ ਕਿਡਨੀ ਵੇਚ ਦਿੱਤੀ।''
ਉਹ ਇਲਜ਼ਾਮ ਲਗਾਉਂਦੇ ਹਨ ਕਿ "ਸਹੁਰੇ ਪਰਿਵਾਰ ਨੇ ਮੈਨੂੰ ਕਿਹਾ ਕਿ ਕਿਡਨੀ ਵੇਚ ਕੇ ਪੈਸੇ ਲੈ ਆਓ। ਇਸ ਲਈ ਮੈਂ ਆਪਣੀ ਕਿਡਨੀ ਵੇਚ ਦਿੱਤੀ।''
ਪੁਲਿਸ ਨੇ ਇਸ ਸਮੇਂ 6 ਸ਼ਾਹੂਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਖ਼ਿਲਾਫ਼ ਗੈਰਕਾਨੂੰਨੀ ਸੂਦਖੋਰੀ ਦੇ ਮਾਮਲੇ ਦਰਜ ਕੀਤੇ ਗਏ ਹਨ।
ਪੁਲਿਸ ਨੂੰ ਸ਼ਾਹੂਕਾਰਾਂ ਅਤੇ ਕਿਸਾਨਾਂ ਵਿਚਕਾਰ ਹੋਏ ਲੈਣ-ਦੇਣ ਦੇ ਕੁਝ ਸਬੂਤ ਵੀ ਮਿਲੇ ਹਨ।
ਮੁਲਜ਼ਮਾਂ ਨੂੰ ਬ੍ਰਹਮਪੁਰੀ ਅਦਾਲਤ ਵਿੱਚ ਪੇਸ਼ ਕੀਤੇ ਜਾਣ ਮਗਰੋਂ 20 ਦਸੰਬਰ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ।
ਖੱਬੇ ਪਾਸੇ ਕਿਡਨੀ ਨਹੀਂ ਹੈ- ਮੈਡੀਕਲ ਰਿਪੋਰਟ ਤੋਂ ਸਪਸ਼ਟ
ਸਥਾਨਕ ਮੀਡੀਆ ਨਾਲ ਸਾਂਝੇ ਕੀਤੇ ਇੱਕ ਵੀਡੀਓ ਵਿੱਚ ਕਿਸਾਨ ਰੌਸ਼ਨ ਕੁਲੇ ਕਹਿੰਦੇ ਹਨ ਕਿ ਉਨ੍ਹਾਂ ਨੇ ਸ਼ਾਹੂਕਾਰਾਂ ਦੇ ਕਰਜ਼ੇ ਕਾਰਨ ਆਪਣੀ ਕਿਡਨੀ ਵੇਚ ਦਿੱਤੀ। ਉਹ 4 ਮਹੀਨਿਆਂ ਤੋਂ ਨਿਆਂ ਮੰਗ ਰਹੇ ਹਨ, ਪਰ ਕੋਈ ਵੀ ਉਨ੍ਹਾਂ ਦੀ ਸ਼ਿਕਾਇਤ ਨਹੀਂ ਸੁਣ ਰਿਹਾ।
ਚੰਦਰਪੁਰ ਦੇ ਪੁਲਿਸ ਸੁਪਰਿਟੇਂਡੈਂਟ ਮੁੰਮਾਕਾ ਸੁਦਰਸ਼ਨ ਨੇ ਬੀਬੀਸੀ ਮਰਾਠੀ ਨੂੰ ਦੱਸਿਆ ਕਿ "ਉਨ੍ਹਾਂ ਦੀ ਇਹੀ ਮੰਗ ਸੀ ਕਿ ਮੈਨੂੰ ਮੇਰੇ ਪੈਸੇ ਵਾਪਸ ਦੇ ਦਿਓ, ਮੈਂ ਸ਼ਿਕਾਇਤ ਦਰਜ ਨਹੀਂ ਕਰਾਉਣੀ, । ਪਰ ਅਸੀਂ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਜਾਂਚ ਜਾਰੀ ਹੈ।"
ਇਹ ਪਤਾ ਕਰਨ ਲਈ ਕਿ ਕੀ ਰੌਸ਼ਨ ਨੇ ਵਾਕਈ ਆਪਣੀ ਕਿਡਨੀ ਵੇਚੀ ਹੈ, ਪੁਲਿਸ ਨੇ ਬੁੱਧਵਾਰ, 17 ਦਸੰਬਰ ਨੂੰ ਉਨ੍ਹਾਂ ਦੀ ਮੈਡੀਕਲ ਜਾਂਚ ਵੀ ਕਰਵਾਈ। ਜਿਸ ਤੋਂ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਦੇ ਖੱਬੇ ਪਾਸੇ ਦੀ ਕਿਡਨੀ ਹੁਣ ਨਹੀਂ ਹੈ।
ਪੁਲਿਸ ਸੁਪਰਿਟੇਂਡੈਂਟ ਸੁਦਰਸ਼ਨ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ, ਕਿਸਾਨ ਨੇ ਚੇਨੱਈ ਦੇ ਇੱਕ ਡਾਕਟਰ ਦਾ ਨਾਮ ਲਿਆ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੇ ਕਿਡਨੀ ਵੇਚਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਸੀ।
ਉਹ ਡਾਕਟਰ ਰੌਸ਼ਨ ਨੂੰ ਕੰਬੋਡੀਆ ਲੈ ਗਏ ਸਨ। ਪਰ ਹੁਣ ਕੀ ਉਸ ਡਾਕਟਰ ਦੀ ਵਾਕਈ ਕੋਈ ਭੂਮਿਕਾ ਹੈ? ਪੁਲਿਸ ਇਸ ਦੀ ਵੀ ਜਾਂਚ ਕਰ ਰਹੀ ਹੈ। ਕਿ ਕੀ ਰੌਸ਼ਨ ਨੇ ਸ਼ਾਹੂਕਾਰਾਂ ਦਾ ਕਰਜ਼ਾ ਚੁਕਾਉਣ ਲਈ ਆਪਣੀ ਕਿਡਨੀ ਵੇਚੀ ਜਾਂ ਆਪਣੇ ਨਿੱਜੀ ਵਰਤੋਂ ਲਈ? ਕੀ ਸ਼ਾਹੂਕਾਰ ਦੀ ਕੋਈ ਗਲਤੀ ਹੈ? ਕੀ ਕਿਡਨੀ ਵੇਚਣ ਵਾਲਾ ਕੋਈ ਗਿਰੋਹ ਸ਼ਾਮਲ ਹੈ?
ਸੁਦਰਸ਼ਨ ਨੇ ਇਹ ਵੀ ਦੱਸਿਆ ਕਿ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਕਿਡਨੀ ਕਿਸੇ ਗਿਰੋਹ ਰਾਹੀਂ ਵੇਚੀ ਗਈ ਸੀ।
ਮੁਲਜ਼ਮਾਂ ਦੇ ਪਰਿਵਾਰ ਕੀ ਕਹਿ ਰਹੇ?
ਅਸੀਂ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਇੱਕ ਮੁਲਜ਼ਮ ਦੀ ਪਤਨੀ ਨਾਲ ਮੁਲਾਕਾਤ ਕਰਕੇ ਗੱਲਬਾਤ ਕੀਤੀ।
ਉਨ੍ਹਾਂ ਕਿਹਾ, "ਮੇਰਾ ਪਤੀ ਬੀਅਰ ਦੀ ਦੁਕਾਨ ਚਲਾਉਂਦਾ ਹੈ। ਮੈਂ ਜ਼ਰੂਰਤਮੰਦਾਂ ਨੂੰ ਪੈਸੇ ਦਿੰਦੀ ਹਾਂ। ਪਰ ਮੈਂ ਸੁਦ 'ਤੇ ਪੈਸੇ ਨਹੀਂ ਦਿੰਦੀ। ਉਨ੍ਹਾਂ ਨੇ ਰੌਸ਼ਨ ਨਾਮ ਦੇ ਇਸ ਵਿਅਕਤੀ ਨੂੰ ਪੈਸੇ ਨਹੀਂ ਦਿੱਤੇ। ਮੁਲਜ਼ਮਾਂ 'ਚ ਸ਼ਾਮਲ ਹੋਰ ਲੋਕ ਮੇਰੇ ਪਤੀ ਦੀ ਦੁਕਾਨ 'ਤੇ ਆ ਕੇ ਬੈਠਦੇ ਹੁੰਦੇ ਸਨ।"
ਮਹਿਲਾ ਨੇ ਕਿਹਾ ਕਿ ਇਸੇ ਕਾਰਨ ਉਨ੍ਹਾਂ ਦੇ ਪਤੀ ਦਾ ਨਾਮ ਵੀ ਇਸ ਮਾਮਲੇ ਵਿੱਚ ਸਾਹਮਣੇ ਆ ਰਿਹਾ ਹੈ।
ਬੀਬੀਸੀ ਨੇ ਹੋਰ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ। ਜਿਵੇਂ ਹੀ ਉਨ੍ਹਾਂ ਪਰਿਵਾਰਾਂ ਵੱਲੋਂ ਕੋਈ ਜਵਾਬ ਮਿਲੇਗਾ, ਇਸ ਰਿਪੋਰਟ ਨੂੰ ਅੱਪਡੇਟ ਕੀਤਾ ਜਾਵੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ