You’re viewing a text-only version of this website that uses less data. View the main version of the website including all images and videos.
ਪੰਜਾਬੀਆਂ ਦੇ ਵਿਦੇਸ਼ਾਂ ਵਿੱਚ ਜਾਣ ਦੀ ਕਹਾਣੀ ਕੀ ਇੱਥੇ ਪਏ ਅਕਾਲਾਂ ਅਤੇ ਮਹਾਮਾਰੀ ਨਾਲ ਜੁੜੀ ਹੋਈ ਹੈ
- ਲੇਖਕ, ਗੁਰਜੋਤ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਆਧੁਨਿਕ ਦੌਰ ਵਿੱਚ ਪੰਜਾਬੀਆਂ ਦੇ ਵਿਦੇਸ਼ਾਂ ਵਿੱਚ ਜਾਣ ਬਾਰੇ ਜਦੋਂ ਗੱਲ ਤੁਰਦੀ ਹੈ ਤਾਂ ਉੱਤਰੀ ਅਮਰੀਕਾ, ਯੂਰਪ ਦਾ ਹੀ ਮੁੱਖ ਤੌਰ ਉੱਤੇ ਜ਼ਿਕਰ ਹੁੰਦਾ ਹੈ, ਪਰ ਕੀ ਪੰਜਾਬ ਵਿੱਚੋਂ ਹੋਏ ਪਰਵਾਸ ਦੀ ਕਹਾਣੀ ਇੰਨੀ ਕੁ ਹੀ ਹੈ?
ਇਤਿਹਾਸਕ ਤੱਥ ਦਰਸਾਉਂਦੇ ਹਨ ਕਿ ਸਭ ਤੋਂ ਪਹਿਲਾਂ ਪਰਵਾਸ ਕਰਨ ਵਾਲੇ ਪੰਜਾਬੀ ਯੁਗਾਂਡਾ ਜਿਹੇ ਪੂਰਬੀ ਅਫ਼ਰੀਕੀ ਮੁਲਕਾਂ ਅਤੇ ਦੱਖਣ ਪੂਰਬੀ ਏਸ਼ੀਆ ਵਿੱਚ ਗਏ ਸਨ।
ਪੰਜਾਬੀਆਂ ਦੇ ਵਿਦੇਸ਼ੀ ਮੁਲਕਾਂ ਵਿੱਚ ਜਾ ਕੇ ਵਸਣ ਦੇ ਇਤਿਹਾਸ ਬਾਰੇ ਅਧਿਐਨ ਕਰ ਚੁੱਕੇ ਪ੍ਰੋਫ਼ੈਸਰ ਹਰਦੀਪ ਕੌਰ ਦੱਸਦੇ ਹਨ ਕਿ ਪੰਜਾਬ ਸਿਲਕ ਰੂਟ ਉੱਤੇ ਪੈਂਦਾ ਹੋਣ ਕਰਕੇ ਇੱਥੋਂ ਦੇ ਵਪਾਰੀਆਂ ਦਾ ਅਫ਼ਗਾਨਿਸਤਾਨ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ, ਈਰਾਨ, ਈਰਾਕ ਅਤੇ ਹੋਰ ਗੁਆਂਢੀ ਮੁਲਕਾਂ ਵੱਲ੍ਹ ਆਉਣ-ਜਾਣ ਲੱਗਾ ਰਹਿੰਦਾ ਸੀ।
ਵਪਾਰੀ ਵਪਾਰਕ ਕੇਂਦਰਾਂ ਵੱਲ ਜਾ ਕੇ ਰਹਿੰਦੇ ਸਨ ਅਤੇ ਕੁਝ ਵਾਪਸ ਆ ਜਾਂਦੇ ਸਨ।
ਹਰਦੀਪ ਕੌਰ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਵਿੱਚ ਪੜ੍ਹਾਉਂਦੇ ਹਨ।
ਉਹ ਦੱਸਦੇ ਹਨ ਕਿ ਪੰਜਾਬ ਉੱਤੇ ਅੰਗਰੇਜ਼ਾਂ ਦੇ ਕਬਜ਼ੇ ਤੋਂ ਬਾਅਦ ਜਿੱਥੇ ਬ੍ਰਿਟਿਸ਼ ਆਰਮੀ ਦਾ ਹਿੱਸਾ ਬਣ ਕੇ ਵੱਡੀ ਗਿਣਤੀ ਵਿੱਚ ਪੰਜਾਬੀ ਵੱਖ-ਵੱਖ ਮੁਲਕਾਂ ਵਿੱਚ ਗਏ ਉੱਥੇ ਹੀ ਵਾਰ-ਵਾਰ ਪੈਣ ਵਾਲੇ ਅਕਾਲਾਂ ਅਤੇ ਪਲੇਗ ਨੇ ਵੀ ਲੋਕਾਂ ਨੂੰ ਪਰਵਾਸ ਕਰਨ ਲਈ ਮਜਬੂਰ ਕੀਤਾ ਸੀ।
ਉਹ ਕਹਿੰਦੇ ਹਨ, "ਬ੍ਰਿਟਿਸ਼ ਰਾਜ ਵੱਲੋਂ ਪੰਜਾਬੀਆਂ ਨੂੰ ਫੌਜ ਜਾਂ ਪੁਲਿਸ ਵਿੱਚ ਸ਼ਾਮਲ ਕਰਕੇ ਹਾਂਗ-ਕਾਂਗ, ਚੀਨ, ਮਲੇਸ਼ੀਆ ਅਤੇ ਹੋਰ ਦੱਖਣ ਪੂਰਬੀ ਮੁਲਕਾਂ ਵਿੱਚ ਭੇਜਿਆ ਗਿਆ ਪਰ ਇਸ ਤੋਂ ਇਲਾਵਾ ਬ੍ਰਿਟਿਸ਼ ਰਾਜ ਅਧੀਨ ਆਈਆਂ ਭਾਰਤੀ ਉਪਮਹਾਦੀਪ ਦੀਆਂ ਹੋਰਨਾਂ ਥਾਵਾਂ ਤੋਂ 'ਇਨਡੈਨਚਰਡ ਲੇਬਰ' ਦੇ ਤੌਰ ਉੱਤੇ ਲੋਕ ਬ੍ਰਿਟਿਸ਼ ਰਾਜ ਵਾਲੇ ਦੇਸ਼ਾਂ ਵਿੱਚ ਜਾਂਦੇ ਸਨ।"
"ਇਨ੍ਹਾਂ ਕਾਮਿਆਂ ਲਈ ਜ਼ਰੂਰੀ ਹੁੰਦਾ ਸੀ ਕਿ ਉਹ ਕੁਝ ਤੈਅ ਸਾਲ ਬੱਝ ਕੇ ਕੰਮ ਕਰਨ, ਪਰ ਉਨ੍ਹਾਂ ਨੂੰ ਪੈਸੇ ਹੀ ਇੰਨੇ ਘੱਟ ਦਿੱਤੇ ਜਾਂਦੇ ਸਨ ਕਿ ਵੱਡੀ ਗਿਣਤੀ ਵਿੱਚ ਲੋਕ ਵਾਪਸ ਹੀ ਨਹੀਂ ਆ ਸਕੇ।"
ਇਸੇ ਤਹਿਤ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਲੋਕ ਅਫ਼ਰੀਕੀ ਜਾਂ ਦੱਖਣ ਪੂਰਬੀ ਮੁਲਕਾਂ ਵਿੱਚ ਗਏ ਤੇ ਉੱਥੇ ਹੀ ਵੱਸ ਗਏ। ਪੰਜਾਬੀ ਲੋਕਾਂ ਨੂੰ ਇਸ ਤਰੀਕੇ ਬਾਹਰ ਜਾਣ ਬਾਰੇ ਸ਼ਿਪਿੰਗ ਕੰਪਨੀਆਂ ਵਿੱਚ ਕੰਮ ਕਰਦੇ ਏਜੰਟਾਂ ਕੋਲੋਂ ਵੀ ਪਤਾ ਲੱਗਾ ਸੀ।
ਹਰਦੀਪ ਕੌਰ ਅੱਗੇ ਦੱਸਦੇ ਹਨ, "ਪੰਜਾਬ ਅੰਗਰੇਜ਼ਾਂ ਦੇ ਕਬਜ਼ੇ ਹੇਠ ਅਖ਼ੀਰ ਵਿੱਚ ਆਇਆ ਸੀ ਪਰ ਉਸ ਤੋਂ ਪਹਿਲਾਂ ਵੀ ਇੱਥੋਂ ਕੁਝ ਗਿਣਤੀ ਵਿੱਚ ਲੋਕ ਇਸ ਤਰੀਕੇ ਨਾਲ ਵਿਦੇਸ਼ ਗਏ ਅਤੇ 1849 ਵਿੱਚ ਅੰਗਰੇਜ਼ਾਂ ਦੇ ਕਬਜ਼ੇ ਤੋਂ ਬਾਅਦ ਵੀ ਅਜਿਹਾ ਜਾਰੀ ਰਿਹਾ।"
ਹਰਦੀਪ ਦੱਸਦੇ ਹਨ ਕਿ ਇਸ ਸਮੇਂ ਦੌਰਾਨ ਕਈ ਅਜਿਹੇ ਲੋਕ ਵੀ ਸਨ ਜੋ ਸਟੀਮਰਾਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਬਾਹਰ ਭੇਜਦੇ ਸਨ ਉਹ ਲੋਕਾਂ ਕੋਲੋਂ ਵੀ ਪੈਸੇ ਲੈਂਦੇ ਸਨ ਅਤੇ ਕੰਪਨੀਆਂ ਕੋਲੋਂ ਵੀ।
ਪਰ ਇੱਕ ਸਮਾਂ ਅਜਿਹਾ ਆਇਆ ਜਦੋਂ ਪੰਜਾਬੀਆਂ ਨੂੰ 'ਇਨਡੈਂਚਰਡ ਲੇਬਰ' ਵਜੋਂ ਲਿਆ ਜਾਣਾ ਬੰਦ ਕਰ ਦਿੱਤਾ ਗਿਆ ਕਿਉਂਕਿ ਪੰਜਾਬੀ ਕਾਮਿਆਂ ਵੱਲੋਂ ਵੱਧ ਹੱਕਾਂ ਦੀ ਮੰਗ ਕੀਤੀ ਜਾਂਦੀ ਸੀ, ਹਾਲਾਂਕਿ ਭਾਰਤੀ ਉਪਮਹਾਦੀਪ ਦੇ ਹੋਰ ਇਲਾਕਿਆਂ ਤੋਂ ਇਸ ਤਰੀਕੇ ਲੋਕ ਵਿਦੇਸ਼ ਜਾਂਦੇ ਰਹੇ।
ਪਰ ਪੰਜਾਬੀ ਵਿਦੇਸ਼ਾਂ ਵਿੱਚ ਕਿਉਂ ਗਏ?
ਇਸ ਬਾਰੇ ਹਰਦੀਪ ਕੌਰ ਕਹਿੰਦੇ ਹਨ ਕਿ 1858 ਤੋਂ ਲੈ ਕੇ 1879 ਤੱਕ ਤਿੰਨ ਅਕਾਲ ਪਏ। 1899-1900 ਵਿੱਚ ਪਏ ਅਕਾਲ ਕਰਕੇ ਤਤਕਾਲੀ ਪੰਜਾਬ ਦੇ 31 ਜ਼ਿਲ੍ਹਿਆਂ ਵਿੱਚੋਂ 28 ਜ਼ਿਲ੍ਹੇ ਪ੍ਰਭਾਵਿਤ ਹੋਏ ਸਨ।
ਉਹ ਕਹਿੰਦੇ ਹਨ ਕਿ ਤੱਥ ਦਰਸਾਉਂਦੇ ਹਨ ਕਿ ਅਕਾਲ ਪ੍ਰਭਾਵ ਹੇਠ ਆਏ ਲੋਕਾਂ ਨੇ 'ਇਨਡੈਨਚਰਡ ਲੇਬਰ' ਦੇ ਰੂਪ ਵਿੱਚ ਪਰਵਾਸ ਕਰਨ ਨੂੰ ਵੱਧ ਤਰਜੀਹ ਦਿੱਤੀ। ਪੰਜਾਬ 1897 ਤੋਂ ਲੈ ਕੇ 1947 ਤੱਕ ਪਈ ਪਲੇਗ ਕਾਰਨ ਵੀ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਮੌਤਾਂ ਹੋਈਆਂ।
ਉਨ੍ਹਾਂ ਦੱਸਿਆ, "ਯੁਗਾਂਡਾ ਰੇਲਵੇਜ਼ ਬ੍ਰਿਟਿਸ਼ ਸ਼ਾਸਨ ਦਾ ਇੱਕ ਵੱਡਾ ਪ੍ਰੋਜੈਕਟ ਸੀ ਕਿ 1897 ਵਿੱਚ ਕਰਾਚੀ ਪੋਰਟ ਤੋਂ ਇਮੀਗ੍ਰੇਸ਼ਨ ਸ਼ੁਰੂ ਹੋਈ। ਅਗਲੇ ਤਿੰਨ ਸਾਲਾਂ ਵਿੱਚ 27,000 ਪੁਰਸ਼ ਪੂਰਬੀ ਅਫ਼ਰੀਕਾ ਵੱਲ ਗਏ ਜਿਨ੍ਹਾਂ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਸੀ।"
"ਪੰਜਾਬ ਵਿੱਚ ਅੰਗਰੇਜ਼ਾਂ ਨੇ ਕਈ ਆਰਥਿਕ ਬਦਲਾਅ ਵੀ ਕੀਤੇ, ਕਨਾਲ ਕਾਲੋਨੀਆਂ ਬਣਾਈਆਂ, ਇਸ ਸਭ ਦਾ ਪੇਂਡੂ ਆਰਥਿਕਤਾ ਉੱਤੇ ਅਸਰ ਪਿਆ ਲੋਕਾਂ ਨੇ ਬ੍ਰਿਟਿਸ਼ ਫੌਜ ਵਿੱਚ ਸ਼ਾਮਲ ਹੋਣ ਨੂੰ ਤਰਜੀਹ ਦੇਣੀ ਸ਼ੁਰੂ ਕੀਤੀ।"
ਹਰਦੀਪ ਕੌਰ ਦੱਸਦੇ ਹਨ ਕਿ ਪੰਜਾਬ ਦੇ ਉਸ ਵੇਲੇ ਦੇ ਅਖ਼ਬਾਰਾਂ ਨੇ ਵੀ ਲੋਕਾਂ ਵਿੱਚ ਵਿਦੇਸ਼ ਜਾ ਜੇ ਤਰੱਕੀ ਕਰਨ ਬਾਰੇ ਸਕਾਰਾਤਮਕ ਤੌਰ ਉੱਤੇ ਪ੍ਰਚਾਰ ਕੀਤਾ।
ਦੱਖਣ ਪੂਰਬੀ ਮੁਲਕਾਂ ਅਤੇ ਪੰਜਾਬ ਦੀਆਂ ਹੋਰ ਵੱਖ-ਵੱਖ ਥਾਵਾਂ ਤੋਂ ਲੋਕਾਂ ਨੇ ਕੈਨੇਡਾ ਤੇ ਅਮਰੀਕਾ ਜਿਹੇ ਦੇਸ਼ਾਂ ਵੱਲ ਰੁਖ਼ ਕੀਤਾ। ਇਨ੍ਹਾਂ ਦੇਸ਼ਾਂ ਵਿੱਚ ਪਰਵਾਸ ਬਾਰੇ ਸਖ਼ਤ ਨਿਯਮਾਂ ਕਰਕੇ ਪਰਵਾਸੀਆਂ ਉੱਤੇ ਰੋਕਾਂ ਵੀ ਲੱਗੀਆਂ।
ਬ੍ਰਿਟਿਸ਼ ਸ਼ਾਸਨ ਤੋਂ ਬਾਅਦ ਕਿਵੇਂ ਹੋਇਆ ਪਰਵਾਸ?
ਯੁਨਾਈਟਿਡ ਨੇਸ਼ਨ ਆਫਿਸ ਆਫ ਡਰੱਗਜ਼ ਵੱਲੋਂ ਸਾਲ 2009 ਵਿੱਚ ਪੰਜਾਬ ਅਤੇ ਹਰਿਆਣਾ ਬਾਰੇ ਕੀਤੇ ਗਏ ਅਧਿਐਨ ਦੇ ਮੁਤਾਬਕ ਦੂਜੀ ਵਿਸ਼ਵ ਜੰਗ ਤੋਂ ਬਾਅਦ ਬ੍ਰਿਟੇਨ ਵਿੱਚ ਕਾਮਿਆਂ ਦੀ ਮੰਗ ਵਧੀ ਅਤੇ ਕੈਨੇਡਾ ਅਤੇ ਅਮਰੀਕਾ ਜਿਹੇ ਮੁਲਕਾਂ ਵੱਲੋਂ ਪਰਵਾਸੀਆਂ ਲਈ ਬੂਹੇ ਖੋਲ੍ਹੇ ਗਏ ਅਤੇ ਪੰਜਾਬੀਆਂ ਨੇ ਇਸ ਦਾ ਫਾਇਦਾ ਚੁੱਕਿਆ।
1970ਵਿਆਂ ਵਿੱਚ ਪਰਵਾਸ ਦਾ ਇੱਕ ਹੋਰ ਗੇੜ ਸ਼ੁਰੂ ਹੋਇਆ ਇਸ ਵਿੱਚ ਬਿਨਾ ਹੁਨਰ ਅਤੇ ਘੱਟ ਹੁਨਰ ਵਾਲੇ ਕਾਮੇ ਅਸਥਾਈ ਤੌਰ ਉੱਤੇ ਸਊਦੀ ਅਰਬ, ਯੂਏਈ ਜਿਹੇ ਪੱਛਮ ਏਸ਼ੀਆਈ ਮੁਲਕਾਂ ਵਿੱਚ ਜਾਣ ਲੱਗੇ।
ਯੂਨੀਵਰਸਿਟੀ ਆਫ ਲੰਡਨ ਦੇ ਸਕੂਲ ਆਫ ਓਰੀਐਂਟਲ ਐਂਡ ਐਫਰੀਕਨ ਸਟੱਡੀਜ਼ ਦੇ ਪ੍ਰੋਫ਼ੈਸਰ ਅਮੈਰਿਟਸ ਗੁਰਹਰਪਾਲ ਸਿੰਘ ਦੱਸਦੇ ਹਨ, "1945 ਤੋਂ ਪਹਿਲਾਂ ਵਿਦੇਸ਼ਾਂ ਵਿੱਚ ਪਰਵਾਸ ਬਾਰੇ ਕਾਫ਼ੀ ਬੰਦਿਸ਼ਾਂ ਰਹੀਆਂ ਪਰ ਅਗਲੇ ਦਹਾਕਿਆਂ ਵਿੱਚ ਯੂਕੇ, ਕੈਨੇਡਾ ਅਤੇ ਅਮਰੀਕਾ ਗਏ, 1980-90ਵਿਆਂ ਵਿੱਚ ਪਰਵਾਸ ਪੰਜਾਬ ਵਿੱਚ ਵੱਖਵਾਦੀ ਲਹਿਰ ਨਾਲ ਜੁੜਿਆ ਹੋਇਆ ਸੀ।"
ਅਮਰੀਕੀ ਸਰਕਾਰ ਦੇ ਅੰਕੜਿਆਂ ਮੁਤਾਬਕ 2001 ਤੋਂ ਸ਼ਰਨ ਲੈਣ ਲਈ ਅਪਲਾਈ ਕਰਨ ਵਾਲੇ ਭਾਰਤੀਆਂ ਵਿੱਚ ਪੰਜਾਬੀ ਬੋਲਣ ਵਾਲਿਆਂ ਦਾ ਦਬਦਬਾ ਹੈ।
ਉਹ ਦੱਸਦੇ ਹਨ ਕਿ ਇਸ ਤੋਂ ਅਗਲੇ ਦਹਾਕਿਆਂ ਵਿੱਚ ਜਿੱਥੇ ਰਵਾਇਤੀ ਤੌਰ ਉੱਤੇ ਖੇਤੀ ਨਾਲ ਜੁੜੀ ਆਰਥਿਕਤਾ ਉੱਥੇ ਹੀ ਵਿਦੇਸ਼ਾਂ ਵਿੱਚ ਉਚੇਰੀ ਵਿਦਿਆ ਅਤੇ ਹੁਨਰਮੰਦਾਂ ਲਈ ਨੌਕਰੀਆਂ ਵੀ ਵਧੀਆਂ।
ਇਸ ਤਰੀਕੇ ਪਰਵਾਸ ਤੋਂ ਇਲਾਵਾ ਸਾਲ 2000 ਤੋਂ ਬਾਅਦ ਕੈਨੇਡਾ ਜਿਹੇ ਮੁਲਕਾਂ ਵਿੱਚ ਸਟੱਡੀ ਵੀਜ਼ਾ ਦੇ ਜ਼ਰੀਏ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਪਰਵਾਸ ਕਰ ਚੁੱਕੇ ਹਨ.. ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਉੱਥੇ ਪੱਕੇ ਤੌਰ ਉੱਤੇ ਰਹਿਣ ਨੂੰ ਤਰਜੀਹ ਦਿੱਤੀ।
ਪੰਜਾਬ ਤੋਂ ਕਾਨੂੰਨੀ ਪਰਵਾਸ ਕਿਵੇਂ ਸ਼ੁਰੂ ਹੋਇਆ?
ਡਾ. ਗੁਰਹਰਪਾਲ ਸਿੰਘ ਨੇ ਦੱਸਿਆ, "ਪੰਜਾਬ ਵਿੱਚ 1950ਵਿਆਂ ਤੋਂ ਹੀ ਲੋਕ ਗ਼ੈਰ-ਕਾਨੂੰਨੀ ਪਰਵਾਸ ਦੇ ਰਾਹ ਚੁਣਦੇ ਆ ਰਹੇ ਹਨ, ਦੁਆਬਾ ਖ਼ੇਤਰ ਵਿੱਚ ਸਰਗਰਮ ਟਰੈਵਲ ਇੰਡਸਟਰੀ ਰਹੀ ਹੈ ਜੋ ਇਸ ਨੂੰ ਵਧਾਵਾ ਦਿੰਦੀ ਰਹੀ ਹੈ।"
ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਵਿੱਚ ਪੜ੍ਹਾਉਂਦੇ ਪ੍ਰੋਫ਼ੈਸਰ ਹਰਲੀਨ ਗਿੱਲ ਦੱਸਦੇ ਹਨ ਕਿ 1970ਵਿਆਂ ਅਤੇ 80ਵਿਆਂ ਵਿੱਚ ਸਿਆਸੀ ਉੱਥਲ-ਪੁੱਥਲ ਕਰਕੇ ਸਿਆਸੀ ਸ਼ਰਨ ਲੈਣ ਵਾਲਿਆਂ ਦੀ ਗਿਣਤੀ ਵਧੀ ਪਰ ਉਸ ਵੇਲੇ ਵੀ ਗ਼ੈਰ-ਕਾਨੂੰਨੀ ਪਰਵਾਸ ਘੱਟ ਰਿਹਾ ਕਿਉਂਕਿ ਪਰਵਾਸ ਦੇ ਆਮ ਰਾਹ ਮੌਜੂਦ ਸਨ।
ਉਹ ਦੱਸਦੇ ਹਨ, 1990ਵਿਆਂ ਦੇ ਵਿੱਚ ਪੱਛਮ ਵਿੱਚ ਨਿਯਮ ਸਖ਼ਤ ਹੋਣ ਅਤੇ ਪੇਂਡੂ ਇਲਾਕਿਆਂ ਤੋਂ ਲੋਕਾਂ ਦੇ ਪਰਵਾਸ ਕਰਨ ਦੀ ਚਾਹ ਵਧਣ ਕਰਕੇ ਵੱਡੇ ਪੱਧਰ ਉੱਤੇ ਡੌਂਕੀ ਰੂਟ ਰਾਹੀਂ ਏਜੰਟਾਂ ਵੱਲੋਂ ਲੋਕਾਂ ਨੂੰ ਭੇਜੇ ਜਾਣ ਦਾ ਰੁਝਾਨ ਵਧਿਆ।
ਉਹ ਦੱਸਦੇ ਹਨ ਕਿ ਗ਼ੈਰ-ਕਾਨੂੰਨੀ ਪਰਵਾਸ ਸਿਰਫ਼ ਖ਼ਤਰਨਾਕ ਰਸਤਿਆਂ ਤੱਕ ਹੀ ਸੀਮਤ ਨਹੀਂ ਹੈ ਸਗੋਂ ਕੌਂਟਰੈਕਟ ਵਿਆਹ, ਨਕਲੀ ਕਾਲਜ ਦਾਖ਼ਲੇ, ਵੀਜ਼ੇ ਦੀ ਮਿਆਦ ਤੋਂ ਵੱਧ ਰਹਿਣਾ ਅਤੇ ਨਕਲੀ ਦਸਤਾਵੇਜ਼ਾਂ ਦੀ ਵਰਤੋਂ ਵੀ ਇਸੇ ਅਧੀਨ ਆਉਂਦੇ ਹਨ।
ਹਰਲੀਨ ਕਹਿੰਦੇ ਹਨ ਕਿ ਨਵੀਆਂ ਤਕਨੀਕਾਂ ਆਉਣ ਨਾਲ ਹੁਣ ਲੁਕਵੇਂ ਢੰਗ ਨਾਲ ਕਿਸੇ ਮੁਲਕ ਵਿੱਚ ਵੜਨਾ ਮੁਸ਼ਕਲ ਹੋਇਆ ਪਰ ਗ਼ੈਰ-ਕਾਨੂੰਨੀ ਪਰਵਾਸ ਨਾਲ ਜੁੜੇ ਲੋਕ ਨਵੇਂ ਤਰੀਕਿਆਂ ਵੱਲ ਮੁੜ ਰਹੇ ਹਨ ਜਿਨ੍ਹਾਂ ਬਾਰੇ ਸੋਸ਼ਲ ਮੀਡੀਆ ਰਾਹੀਂ ਵੀ ਪ੍ਰਚਾਰਿਆ ਜਾ ਰਿਹਾ ਹੈ।
ਬੀਤੇ ਸਾਲਾਂ ਤੋਂ ਵੱਖ-ਵੱਖ ਮੁਲਕਾਂ ਵੱਲੋਂ ਪਰਵਾਸ ਸਬੰਧੀ ਕੀਤੀ ਗਈ ਸਖ਼ਤਾਈ ਦਾ ਹੋਰਾਂ ਥਾਵਾਂ ਵਾਂਗ ਹੀ ਪੰਜਾਬ ਵਿੱਚ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਪੰਜਾਬ ਪਰਵਾਸ ਦੇ ਮਾਮਲੇ ਵਿੱਚ ਦੱਖਣ ਏਸ਼ੀਆਈ ਖਿੱਤੇ ਵਿੱਚ ਮੋਹਰੀ ਇਲਾਕਿਆਂ ਵਿੱਚੋਂ ਰਿਹਾ ਹੈ।
ਗੁਰਹਰਪਾਲ ਸਿੰਘ ਦੱਸਦੇ ਹਨ ਕਿ ਨੌਜਵਾਨਾਂ ਲਈ ਪੰਜਾਬ ਵਿੱਚ ਮੌਕਿਆਂ ਦੀ ਘਾਟ ਹੋਣਾ ਅਤੇ ਕਾਨੂੰਨੀ ਤੌਰ ਉੱਤੇ ਪਰਵਾਸ ਦੇ ਰਾਹ ਬੰਦ ਹੋਣਾ ਨੌਜਵਾਨਾਂ ਵਿੱਚ ਬੇਚੈਨੀ ਦਾ ਸਬੱਬ ਬਣ ਸਕਦਾ ਹੈ।
ਮਨੁੱਖ ਪਰਵਾਸ ਕਿਉਂ ਕਰਦਾ ਹੈ?
ਆਪਣੀ ਕਿਤਾਬ ਮਾਈਗ੍ਰੇਸ਼ਨ ਇਨ ਵਰਲਡ ਹਿਸਟਰੀ ਵਿੱਚ ਇਤਿਹਾਸਕਾਰ ਪੈਟ੍ਰਿਕ ਮੈਨਿੰਗ ਲਿਖਦੇ ਹਨ ਕਿ ਕਿਸੇ ਸ਼ਖ਼ਸ ਦੇ ਪਰਵਾਸ ਕਰਨ ਦਾ ਪਹਿਲਾ ਕਾਰਨ ਇਹ ਹੁੰਦਾ ਹੈ ਕਿ ਉਸ ਦੀ ਸਥਿਤੀ ਵਿੱਚ ਸੁਧਾਰ ਹੋਵੇਗਾ ਭਾਵ ਕਿ ਉਹ ਸਮਾਜਿਕ ਓਪਰੈਸ਼ਨ ਅਤੇ ਆਰਥਿਕ ਘਾਟਾਂ ਤੋਂ ਦੂਰ ਜਾ ਸਕੇਗਾ।
ਦੂਜਾ ਕਾਰਨ ਹੈ ਕਿ ਪਰਵਾਸ ਕਰਨ ਵਾਲਾ ਸ਼ਖ਼ਸ ਆਪਣੇ ਪਰਿਵਾਰ ਦੀ ਜ਼ਿੰਦਗੀ ਸੁਧਾਰਨੀ ਚਾਹੁੰਦਾ ਹੈ। ਉਹ ਨਵਾਂ ਹੁਨਰ ਸਿੱਖ ਕੇ ਵਾਪਸ ਆ ਸਕਦਾ ਹੈ ਜਾਂ ਮੌਜੂਦਾ ਸਮੇਂ ਵਿੱਚ ਅਜਿਹਾ ਪੈਸੇ ਭੇਜ ਕੇ ਕਰਦਾ ਹੈ।
ਪਰਵਾਸ ਦਾ ਤੀਜਾ ਕਾਰਨ ਹੋ ਸਕਦਾ ਹੈ ਕਿ ਪਰਵਾਸ ਕਰਨ ਵਾਲਾ ਸ਼ਖ਼ਸ ਨਵੀਂ ਥਾਂ ਉੱਤੇ ਜਾ ਕੇ ਕੋਈ ਫਾਇਦਾ ਪਹੁੰਚਾਉਣਾ ਚਾਹੁੰਦਾ ਹੋਵੇ, ਧਰਮ ਦਾ ਪ੍ਰਚਾਰ ਕਰਨ ਵਾਲੇ ਲੋਕ ਇਸ ਸ਼੍ਰੇਣੀ ਵਿੱਚ ਆਉਂਦੇ ਹਨ।
ਕੁਝ ਲੋਕ ਚੌਥੇ ਕਾਰਨ ਕਰਕੇ ਪਰਵਾਸ ਕਰਦੇ ਹਨ ਇਹ ਹੋ ਸਕਦਾ ਹੈ ਨਵੀਆਂ ਥਾਵਾਂ ਬਾਰੇ ਜਾਣਨਾ, ਨਵੇਂ ਲੋਕਾਂ ਨੂੰ ਮਿਲਣਾ।
ਉਹ ਲਿਖਦੇ ਹਨ, "ਪਰਵਾਸ ਜਿੱਥੇ ਉਮੀਦ ਪੈਦਾ ਕਰਦਾ ਉੱਥੇ ਹੀ ਇਸ ਦਾ ਆਪਣਾ ਖ਼ਤਰਾ ਹੈ। ਪਰਵਾਸ ਕਰਨ ਵਾਲੇ ਭਾਈਚਾਰਿਆਂ ਵਿੱਚ ਮੌਤ ਦੀ ਦਰ ਵੱਧ ਹੁੰਦੀ ਹੈ, ਭੁੱਖ, ਪਿਆਸ, ਬਿਮਾਰੀ, ਦੁਰਘਟਨਾਵਾਂ, ਸਫ਼ਰ ਦੌਰਾਨ ਲੜਾਈਆਂ, ਜੰਗ ਦਾ ਮਾਹੌਲ, ਖ਼ਤਰਨਾਕ ਗੈਰ-ਕਾਨੂੰਨੀ ਰਾਹਾਂ ਕਰਕੇ ਆਪਣੇ ਘਰ ਤੋਂ ਦੂਰ ਜਾਣਾ ਸ਼ੁਰੂ ਕਰਨ ਵਾਲਿਆਂ ਵਿੱਚ ਮਰਨ ਦਾ ਖ਼ਤਰਾ ਵੱਧ ਜਾਂਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ