You’re viewing a text-only version of this website that uses less data. View the main version of the website including all images and videos.
ਭਾਰਤ-ਕੈਨੇਡਾ ਦੇ ਕੂਟਨੀਤਕ ਤਣਾਅ ਉੱਤੇ ਅਮਰੀਕੀ ਗ੍ਰਹਿ ਸਕੱਤਰ ਦਾ ਇਹ ਨਵਾਂ ਬਿਆਨ ਆਇਆ
ਅਮਰੀਕਾ ਦੇ ਗ੍ਰਹਿ ਸਕੱਤਰ ਐਨਟਨੀ ਬਲਿੰਕਨ ਨੇ ਭਾਰਤ-ਕੈਨੇਡਾ ਦੇ ਕੂਟਨੀਤਕ ਤਣਾਅ ਉੱਤੇ ਤਾਜ਼ਾ ਬਿਆਨ ਦਿੱਤਾ ਹੈ।
ਐਨਟਨੀ ਬਲਿੰਕਿਨ ਨੇ ਕਿਹਾ, “ਅਸੀਂ ਕੈਨੇਡਾ ਵੱਲੋਂ ਭਾਰਤ ਉੱਤੇ ਲਾਏ ਗਏ ਇਲਜ਼ਾਮਾਂ ਬਾਰੇ ਚਿੰਤਿਤ ਹਾਂ। ਅਸੀਂ ਇਸ ਮਸਲੇ ਬਾਰੇ ਕੈਨੇਡਾ ਦੇ ਨਾਲ ਲਗਾਤਾਰ ਸੰਪਰਕ ਵਿੱਚ ਹਾਂ। ਇਸ ਦੇ ਨਾਲ ਹੀ ਅਸੀਂ ਭਾਰਤ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਵਿੱਚ ਕੈਨੇਡਾ ਦਾ ਸਹਿਯੋਗ ਕਰੇ।”
“ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਮੇਰੀ ਮੁਲਾਕਾਤ ਵਿੱਚ ਵੀ ਮੈਨੂੰ ਇਹ ਮੁੱਦਾ ਫੇਰ ਚੁੱਕਣ ਦਾ ਮੌਕਾ ਮਿਲਿਆ। ਜੋ ਇਸ ਕਤਲ ਲਈ ਜ਼ਿੰਮੇਵਾਰ ਹਨ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਮੈਨੂੰ ਉਮੀਦ ਹੈ ਕਿ ਭਾਰਤ ਤੇ ਕੈਨੈਡਾ ਵਿੱਚ ਸਾਡੇ ਮਿੱਤਰ ਇਸ ਮਸਲੇ ਨੂੰ ਸੁਲਝਾਉਣ ਲਈ ਮਿਲ ਕੇ ਕੰਮ ਕਰਨਗੇ।”
ਇਸ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿੱਚ ਇੱਕ ਵਾਰ ਮੁੜ ਕੈਨੇਡਾ ਮਸਲੇ ਉੱਤੇ ਬੋਲੇ।
ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, ‘‘ਹਾਂ, ਮੇਰੀ ਗੱਲ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲਿਵਨ ਅਤੇ ਐਂਟਨੀ ਬਲਿੰਕਨ ਨਾਲ ਹੋਈ ਹੈ। ਉਨ੍ਹਾਂ ਨੇ ਪੂਰੇ ਹਾਲਾਤ ਉੱਤੇ ਅਮਰੀਕਾ ਦਾ ਨਜ਼ਰੀਆ ਅਤੇ ਮੁਲਾਂਕਣ ਸਾਂਝਾ ਕੀਤਾ ਹੈ, ਮੈਂ ਆਪਣੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ।''
''ਮੈਂ ਮੰਨਦਾ ਹਾਂ ਕਿ ਉਮੀਦ ਹੈ ਕਿ ਅਸੀਂ ਦੋਵੇਂ (ਭਾਰਤ-ਕੈਨੇਡਾ) ਮੀਟਿੰਗਾਂ ਤੋਂ ਬਿਹਤਰ ਅਤੇ ਅੱਗੇ ਵਧਾਂਗੇ।’’
‘‘ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕੁਝ ਇਲਜ਼ਾਮ ਪਹਿਲਾਂ ਨਿੱਜੀ ਤੌਰ ਉੱਤੇ ਲਗਾਏ ਅਤੇ ਫ਼ਿਰ ਜਨਤਕ ਤੌਰ ਉੱਤੇ ਅਤੇ ਇਸ ਬਾਰੇ ਅਸੀਂ ਜਵਾਬ ਨਿੱਜੀ ਅਤੇ ਜਨਤਕ ਤੌਰ ਉੱਤੇ ਦਿੱਤਾ।''
''ਜੋ ਉਹ ਸਾਡੇ ਉੱਤੇ ਇਲਜ਼ਾਮ ਲਗਾ ਰਹੇ ਸਨ ਉਹ ਸਾਡੇ ਨਿਯਮਾਂ ਨਾਲ ਮੇਲ ਨਹੀਂ ਖਾਂਦਾ। ਜੇ ਉਨ੍ਹਾਂ ਕੋਲ ਜਾਂ ਉਨ੍ਹਾਂ ਦੀ ਸਰਕਾਰ ਕੋਲ ਕੋਈ ਪੁਖ਼ਤਾ ਗੱਲ ਹੈ, ਜੋ ਉਹ ਚਾਹੁੰਦੇ ਹਨ ਕਿ ਅਸੀਂ ਗੌਰ ਕਰੀਏ ਤਾਂ ਜ਼ਰੂਰ ਅਸੀਂ ਇਸ ਵੱਲ ਧਿਆਨ ਦੇਵਾਂਗੇ।’’
‘‘ਸਾਨੂੰ ਜਿਸ ਗੱਲ ਦੀ ਫ਼ਿਕਰ ਹੈ, ਉਹ ਇਹ ਹੈ ਕਿ ਵੱਖਵਾਦੀਆਂ ਨੂੰ ਕੈਨੇਡਾ ਵਿੱਚ ਕੰਮ ਕਰਨ ਲਈ ਥਾਂ ਦਿੱਤੀ ਜਾਂਦੀ ਹੈ। ਅੱਜ ਸਾਡੇ ਡਿਪਲੋਮੈਟ ਕੈਨੇਡਾ ਵਿੱਚ ਭਾਰਤੀ ਸਫ਼ਾਰਖ਼ਾਨੇ ਜਾਣ ਵਿੱਚ ਅਸਰੁੱਖਿਤ ਮਹਿਸੂਸ ਕਰਦੇ ਹਨ। ਇਸੇ ਕਰਕੇ ਸਾਨੂੰ ਕੈਨੇਡਾ ਵਿੱਚ ਵੀਜ਼ਾ ਸੇਵਾਵਾਂ ਬੰਦ ਕਰਨੀਆਂ ਪਈਆਂ।’’
ਭਾਰਤ-ਕੈਨੇਡਾ ਦੇ ਤਣਾਅ ਵਿਚਾਲੇ ਜਸਟਿਨ ਟਰੂਡੋ ਦਾ ਭਾਰਤ ਬਾਰੇ ਇਹ ਬਿਆਨ ਆਇਆ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਜਾਰੀ ਕੂਟਨੀਤਿਕ ਵਿਵਾਦ ਦੇ ਬਾਵਜੂਦ ਭਾਰਤ ਨਾਲ ਨਜ਼ਦੀਕੀ ਸਬੰਧ ਬਣਾਉਣ ਲਈ ਗੰਭੀਰ ਹੈ।
ਉਨ੍ਹਾਂ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਹਰ ਬੀਤਦੇ ਸਮੇਂ ਨਿਘਾਰ ਵੱਲ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਜੂਨ ਮਹੀਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਵੱਖਵਾਦੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ’ਚ ਕੁਝ ਖਟਾਸ ਆਈ ਹੈ।
ਦਰਅਸਲ, 19 ਸਤੰਬਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਦੀ ਸੰਸਦ ਵਿੱਚ ਕਿਹਾ ਸੀ ਕਿ ਹਰਦੀਪ ਨਿੱਝਰ ਦੇ ਕਤਲ ਨਾਲ ਭਾਰਤ ਸਰਕਾਰ ਦੇ ਏਜੰਟਾਂ ਦਾ ‘ਸੰਭਾਵੀ ਸਬੰਧ’ ਹੈ।
ਹਾਲਾਂਕਿ ਭਾਰਤ ਸਰਕਾਰ ਨੇ ਇਨ੍ਹਾਂ ਇਲਜ਼ਾਮਾਂ ਬੇਤੁੱਕੇ ਦੱਸਦਿਆਂ ਸਿਰੇ ਤੋਂ ਖਾਰਿਜ ਕੀਤਾ ਸੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਟਕਰਾਅ ਹੋਰ ਤਿੱਖਾ ਹੋ ਗਿਆ।
‘ਭਾਰਤ ਨਾਲ ਸਬੰਧਾਂ ਲਈ ਗੰਭੀਰ’- ਟਰੂਡੋ
ਹੁਣ ਵੀਰਵਾਰ ਨੂੰ ਇਸ ਟਕਰਾਅ ਦਰਮਿਆਨ ਟਰੂਡੋ ਨੇ ਕਿਹਾ ਕਿ ਉਹ ਭਾਰਤ ਨਾਲ ‘ਰਚਨਾਤਮਕ ਅਤੇ ਗੰਭੀਰ’ ਤਰੀਕੇ ਨਾਲ ਸਬੰਧ ਰੱਖਣਾ ਅਹਿਮ ਹੈ।
ਨੈਸ਼ਨਲ ਪੋਸਟ ਨੇ ਉਨ੍ਹਾਂ ਦੇ ਹਵਾਲੇ ਨਾਲ ਇੱਕ ਰਿਪੋਰਟ ਛਾਪੀ ਹੈ।
ਰਿਪੋਰਟ ਮੁਤਾਬਿਕ ਟਰੂਡੋ ਨੇ ਕਿਹਾ ਹੈ ਕਿ, "ਭਾਰਤ ਇੱਕ ਤਰੱਕੀ ਕਰ ਰਹੀ ਆਰਥਿਕ ਸ਼ਕਤੀ ਅਤੇ ਮਹੱਤਵਪੂਰਨ ਭੂ-ਰਾਜਨੀਤਿਕ ਦੇਸ਼ ਹੈ।”
“ਜਿਵੇਂ ਕਿ ਅਸੀਂ ਪਿਛਲੇ ਸਾਲ ਆਪਣੀ ਇੰਡੋ-ਪੈਸੀਫ਼ਿਕ ਰਣਨੀਤੀ ਪੇਸ਼ ਕੀਤੀ ਸੀ, ਅਸੀਂ ਭਾਰਤ ਨਾਲ ਨਜ਼ਦੀਕੀ ਸਬੰਧ ਬਣਾਉਣ ਲਈ ਬਹੁਤ ਗੰਭੀਰਤਾ ਨਾਲ ਸਪੱਸ਼ਟ ਹਾਂ।"
ਵੀਰਵਾਰ ਨੂੰ ਟਰੂਡੋ ਨੇ ਭਾਰਤ ਨਾਲ ਸਬੰਧਾਂ ਦੀ ਮਹੱਤਤਾ ਬਾਰੇ ਗੱਲ ਤਾਂ ਕੀਤੀ ਪਰ ਨਾਲ ਹੀ ਕਿਹਾ ਕਿ ਕਤਲ ਦੀ ਜਾਂਚ ਜਾਰੀ ਰਹੇਗੀ।
ਉਨ੍ਹਾਂ ਕਿਹਾ, "ਇਸਦੇ ਨਾਲ ਹੀ, ਸਪੱਸ਼ਟ ਤੌਰ 'ਤੇ ਕਾਨੂੰਨ ਦੇ ਰਾਜ ਵਜੋਂ, ਸਾਨੂੰ ਇਸ ਗੱਲ 'ਤੇ ਜ਼ੋਰ ਦੇਣ ਦੀ ਲੋੜ ਹੈ ਕਿ ਇਸ ਮਾਮਲੇ ਵਿੱਚ ਸਾਰੇ ਤੱਥਾਂ ਦੇ ਸਾਹਮਣੇ ਆਉਣ ਨੂੰ ਯਕੀਨੀ ਬਣਾਉਣ ਲਈ ਭਾਰਤ ਨੂੰ ਕੈਨੇਡਾ ਨਾਲ ਮਿਲਕੇ ਕੰਮ ਕਰਨ ਦੀ ਲੋੜ ਹੈ।"
ਜੀ 20 ਦੌਰਾਨ ਸਾਹਮਣੇ ਆਏ ਟਕਰਾਅ
ਸਾਲ 2023 ਦੇ ਜੀ-20 ਸਮਾਗਮਾਂ ਦੀ ਮੇਜ਼ਬਾਨੀ ਇਸ ਵਾਰ ਭਾਰਤ ਵਲੋਂ ਕੀਤੀ ਗਈ।
ਇਨ੍ਹਾਂ ਵਿੱਚ ਸ਼ਿਰਕਤ ਕਰਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੀ ਵੀ ਸਤੰਬਰ ਦੇ ਦੂਜੇ ਹਫ਼ਤੇ ਭਾਰਤ ਆਏ ਸਨ।
ਇਸ ਦੌਰਾਨ ਵੀ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦੀ ਝਲਕ 9 ਸਤੰਬਰ ਨੂੰ ਦਿੱਲੀ ਵਿੱਚ ਦੇਖਣ ਨੂੰ ਮਿਲੀ ਜਦੋਂ ਟਰੂਡੋ ਨੇ ਆਗੂਆਂ ਲਈ ਰੱਖੇ ਅਧਿਕਾਰਤ ਡਿਨਰ ਵਿੱਚ ਸਿਰਕਤ ਨਹੀਂ ਸੀ ਕੀਤੀ।
ਉਨ੍ਹਾਂ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਕ ਛੋਟੀ ਜਿਹੀ ਮੁਲਾਕਾਤ ਕੀਤੀ ਸੀ।
ਮਾਹਰਾਂ ਦਾ ਕਹਿਣਾ ਹੈ ਕਿ ਇਸ ਮੁਲਾਕਾਤ ਦੌਰਾਨ ਟਰੂਡੋ ਦੀ ਬਾਡੀ ਲੈਂਗੁਏਜ਼ ਵਿੱਚ ‘ਗਰਮਜੋਸ਼ੀ’ ਨਜ਼ਰ ਨਹੀਂ ਸੀ ਆਈ ਬਲਕਿ ਉਨ੍ਹਾਂ ਦਾ ਰਵੱਈਆ ਕੁਝ ‘ਠੰਢਾ’ ਸੀ।
ਭਾਰਤ ਤੋਂ ਵਾਪਸ ਜਾਣ ਦੇ ਕੁਝ ਦਿਨਾਂ ਬਾਅਦ ਹੀ ਟਰੂਡੋ ਨੇ ਕੈਨੇਡੀਅਨ ਸੰਸਦ ਵਿੱਚ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦੀ ਸੰਭਾਵਨਾ ਹੋਣ ਬਾਰੇ ਕਿਹਾ।
ਦੋਵਾਂ ਦੇਸ਼ਾਂ ਦੇ ਕੂਟਨੀਤਿਕ ਪਲਟਵਾਰ
ਕੈਨੇਡਾ ਅਤੇ ਭਾਰਤ ਦੋਵਾਂ ਦੀ ਤਿੱਖੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ।
ਦੋਵਾਂ ਦੇਸ਼ਾਂ ਨੇ ਇੱਕ-ਦੂਜੇ ਦੇਸ਼ ਦੇ ਡਿਪਲੋਮੈਟ ਨੂੰ ਕੱਢ ਦਿੱਤਾ ਹੈ।
ਪਿਛਲੇ ਹਫ਼ਤੇ, ਭਾਰਤ ਨੇ ਦੇਸ਼ ਵਿੱਚ ਆਪਣੇ ਕੂਟਨੀਤਕ ਮਿਸ਼ਨਾਂ ਵਿੱਚ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਸੀ।
ਭਾਰਤ ਨਿੱਝਰ ਸਬੰਧੀ ਕੈਨੇਡਾ ਦੇ ਇਲਜ਼ਾਮਾਂ ਨੂੰ ਲਗਾਤਾਰ ਖ਼ਾਰਜ ਕਰਦਾ ਆਇਆ ਹੈ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੂੰ ਸ਼ੱਕ ਸੀ ਕਿ ਭਾਰਤ ਵਿੱਚ ਕਈ ਦਹਿਸ਼ਤਗਰਦ ਘਟਨਾਵਾਂ ਦੇ ਤਾਰ ਨਿੱਝਰ ਨਾਲ ਜੁੜਦੇ ਹਨ ਅਤੇ ਸਾਲ 2020 ਵਿੱਚ ਉਸ ਨੂੰ ਦਹਿਸ਼ਤਗਰਦ ਐਲਾਨ ਦਿੱਤਾ ਸੀ।
ਪੱਛਮ ਵਿੱਚ ਖ਼ਾਲਿਸਤਾਨ ਦੀ ਆਵਾਜ਼
ਭਾਰਤ ਸਰਕਾਰ ਅਕਸਰ ਪੱਛਮੀ ਦੇਸ਼ਾਂ ਵਿੱਚ ਸਿੱਖ ਵੱਖਵਾਦੀਆਂ ਵਲੋਂ ਖਾਲਿਸਤਾਨ, ਜਾਂ ਇੱਕ ਵੱਖਰੇ ਸਿੱਖ ਖਿੱਤੇ ਦੀ ਮੰਗ ਦੀਆਂ ਉੱਠਦੀਆ ਆਵਾਜ਼ਾਂ ਪ੍ਰਤੀ ਤਿੱਖੀ ਪ੍ਰਤੀਕਿਰਿਆ ਦਿੰਦੀ ਆਈ ਹੈ।
ਮਰਹੂਮ ਨਿੱਝਰ ਖਾਲਿਸਤਾਨ ਲਹਿਰ ਦਾ ਜ਼ੋਰਦਾਰ ਸਮਰਥਨ ਕਰਦੇ ਸਨ।
ਹਾਲਾਂਕਿ 1980 ਵਿੱਚ ਸ਼ੁਰੂ ਆਪਣੇ ਸਿਖਰਾਂ ਦੀ ਰਹੀ ਖ਼ਾਲਿਸਤਾਨ ਲਹਿਰ ਦੀ ਮੌਜੂਦਾ ਸਮੇਂ ਵਿੱਚ ਪੰਜਾਬ ਵਿੱਚ ਗੂੰਜ ਬਹੁਤ ਘੱਟ ਹੈ ਪਰ ਹਾਲੇ ਵੀ ਸਮੇਂ-ਸਮੇਂ ਕੈਨੇਡਾ, ਆਸਟ੍ਰੇਲੀਆ ਅਤੇ ਬਰਤਾਨੀਆਂ ਵਿੱਚ ਸਿੱਖ ਡਾਇਸਪੋਰਾਂ ਕੁਝ ਲੋਕ ਇਸ ਦੇ ਸਮਰਥਨ ਵਿੱਚ ਆਪਣੇ ਵਿਚਾਰ ਰੱਖਦੇ ਰਹਿੰਦੇ ਹਨ ਅਤੇ ਮੰਗ ਵਾਰ-ਵਾਰ ਕਰਦੇ ਰਹਿੰਦੇ ਹਨ।
ਦਹਾਕਿਆਂ ਤੋਂ ਕਰੀਬੀ ਸਹਿਯੋਗੀ ਰਹੇ ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਟਕਰਾਅ ਨੇ ਪੱਛਮੀ ਦੇਸ਼ਾਂ ਸਾਹਮਣੇ ਵੀ ਸਵਾਲ ਖੜੇ ਕੀਤੇ ਹਨ।
ਅਮਰੀਕਾ, ਯੂਕੇ ਅਤੇ ਆਸਟਰੇਲੀਆ ਨੇ ਭਾਰਤ ਨੂੰ ਜਾਂਚ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।
ਟਰੂਡੋ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਅਮਰੀਕਾ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਜਦੋਂ ਉਹ ਵਾਸ਼ਿੰਗਟਨ ਵਿੱਚ ਅਮਰੀਕਾ ਦੇ ਵਿਦੇਸ਼ ਸਕੱਤਰ ਐਂਟਨੀ ਬਲਿੰਕਨ ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਨਾਲ ਮੁਲਾਕਾਤ ਕਰਨਗੇ ਤਾਂ ਇਨ੍ਹਾਂ ਇਲਜ਼ਾਮਾਂ ਦਾ ਮੁੱਦਾ ਚੁੱਕਣਗੇ।
ਵਿਦੇਸ਼ ਮੰਤਰੀਆਂ ਨੇ ਵੀਰਵਾਰ ਨੂੰ ਮੁਲਾਕਾਤ ਕੀਤੀ ਪਰ ਆਪਣੀ ਪ੍ਰੈਸ ਕਾਨਫਰੰਸ ਵਿੱਚ ਕੈਨੇਡਾ ਦਾ ਕੋਈ ਜ਼ਿਕਰ ਨਹੀਂ ਕੀਤਾ।