You’re viewing a text-only version of this website that uses less data. View the main version of the website including all images and videos.
ਕੈਨੇਡਾ ਚੋਣਾਂ 2025 : ਜਦੋਂ ਇੱਕ ਸਿੱਖ ਜੋੜਾ ਕੈਨੇਡੀਅਨ ਸੰਸਦ ਵਿੱਚ ਇਕੱਠੇ ਚੁਣਿਆ ਗਿਆ ਸੀ
- ਲੇਖਕ, ਖੁਸ਼ਹਾਲ ਲਾਲੀ
- ਰੋਲ, ਬੀਬੀਸੀ ਪੱਤਰਕਾਰ
"ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਤਰੀ ਮੰਡਲ ਨਾਲੋਂ ਮੇਰੇ ਮੰਤਰੀ ਮੰਡਲ ਵਿੱਚ ਵੱਧ ਸਿੱਖ ਮੰਤਰੀ ਹਨ।"
2016 ਵਿੱਚ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦਿੱਤਾ ਇਹ ਬਿਆਨ ਕੈਨੇਡਾ ਦੀ ਸਿਆਸਤ ਵਿੱਚ ਪੰਜਾਬੀ/ਸਿੱਖ ਭਾਈਚਾਰੇ ਦੀ ਭੂਮਿਕਾ ਨੂੰ ਦਰਸਾਉਣ ਲਈ ਕਾਫੀ ਹੈ।
2015 ਤੋਂ 2024 ਦੇ ਅੰਤ ਤੱਕ ਕੈਨੇਡਾ ਦੀ ਸੱਤਾ ਵਿੱਚ ਰਹੇ ਪ੍ਰਧਾਨ ਮੰਤਰੀ ਟਰੂਡੋ ਆਮ ਤੌਰ ਉੱਤੇ ਸਿੱਖ ਮੰਤਰੀਆਂ ਨਾਲ ਘਿਰੇ ਨਜ਼ਰ ਆਉਂਦੇ ਸਨ।
ਇਸ ਨਾਲ ਹੀ ਜੁੜਿਆ ਇੱਕ ਰੋਚਕ ਤੱਥ ਇਹ ਵੀ ਹੈ ਕਿ 2019 ਦੀਆਂ ਕੈਨੇਡੀਅਨ ਫੈਡਰਲ ਚੋਣਾਂ ਦੌਰਾਨ 18 ਸਿੱਖ ਆਗੂ ਸੰਸਦ ਵਿੱਚ ਪਹੁੰਚੇ ਸਨ। ਉਦੋਂ ਭਾਰਤ ਦੀ ਲੋਕ ਸਭਾ ਵਿੱਚ 13 ਸਿੱਖ ਸੰਸਦ ਮੈਂਬਰ ਸਨ।
ਆਪਣਾ ਕਾਰਜਕਾਲ ਖ਼ਤਮ ਕਰਨ ਜਾ ਰਹੀ ਕੈਨੇਡੀਅਨ ਸੰਸਦ ਵਿੱਚ ਵੀ 15 ਸਿੱਖ ਸੰਸਦ ਮੈਂਬਰ ਹਨ।
ਹੁਣ ਫਿਰ ਕੈਨੇਡਾ ਦੀਆਂ ਫੈਡਰਲ ਚੋਣਾਂ ਦਾ ਅਖਾੜਾ ਭਖ਼ ਗਿਆ ਹੈ। ਇੱਥੇ 28 ਅਪ੍ਰੈਲ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਇਸ ਵਾਰ ਚੋਣਾਂ ਲੜ ਰਹੀਆਂ ਪਾਰਟੀਆਂ ਨੇ 65 ਸਿੱਖ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਲਿਬਰਲ ਪਾਰਟੀ ਨੇ 17, ਕੰਜ਼ਰਵੇਟਿਵ ਪਾਰਟੀ ਨੇ 26, ਐੱਨਡੀਪੀ ਨੇ 10, ਗਰੀਨ ਪਾਰਟੀ ਨੇ 04 ਅਤੇ ਪੀਪਲਜ਼ ਪਾਰਟੀ ਆਫ ਕੈਨੇਡਾ ਨੇ 8 ਸਿੱਖ ਉਮੀਦਾਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਇਸ ਰਿਪੋਰਟ ਰਾਹੀ ਅਸੀਂ ਅਜਿਹੇ ਸਿੱਖ ਕੈਨੇਡੀਅਨ ਆਗੂਆਂ ਦੀ ਗੱਲ ਕਰਾਂਗੇ, ਜਿਨ੍ਹਾਂ ਕੈਨੇਡਾ ਦੇ ਸਿਆਸੀ ਇਤਿਹਾਸ ਵਿੱਚ ਵੱਡੇ ਕੀਰਤੀਮਾਨ ਸਥਾਪਿਤ ਕੀਤੇ।
ਕੈਨੇਡਾ ਦੇ ਪਹਿਲੇ ਦਸਤਾਰਧਾਰੀ ਸੰਸਦ ਮੈਂਬਰ ਕੌਣ ਸਨ?
ਕੈਨੇਡੀਅਨ ਲਿਬਰਲ ਪਾਰਟੀ ਦੇ ਆਗੂ ਗੁਰਬਖ਼ਸ਼ ਸਿੰਘ ਮੱਲ੍ਹੀ ਮੁਲਕ ਦੇ ਪਹਿਲੇ ਦਸਤਾਰਧਾਰੀ ਸੰਸਦ ਮੈਂਬਰ ਹਨ। ਪਾਰਲੀਮੈਂਟ ਆਫ਼ ਕੈਨੇਡਾ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਗਰੁਬਖ਼ਸ਼ ਸਿੰਘ ਮੱਲ੍ਹੀ ਦਾ ਜਨਮ 1949 ਨੂੰ ਪੰਜਾਬ ਦੇ ਚੁੱਘਾ ਕਲ਼ਾ ਵਿੱਚ ਹੋਇਆ ਸੀ। ਇਹ ਮੌਜੂਦਾ ਮੋਗਾ ਜ਼ਿਲ੍ਹੇ ਦਾ ਪਿੰਡ ਹੈ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅੰਗਰੇਜ਼ੀ, ਇਤਿਹਾਸ ਅਤੇ ਰਾਜਨੀਤੀ ਵਿਸ਼ਿਆਂ ਵਿੱਚ ਗ੍ਰੇਜੂਏਸ਼ਨ ਦੀ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ 1960ਵਿਆਂ ਦੌਰਾਨ ਭਾਰਤ ਵਿੱਚ ਹੀ ਸਿਆਸਤ ਵਿੱਚ ਦਿਲਚਸਪੀ ਲੈਣ ਸ਼ੁਰੂ ਕਰ ਦਿੱਤੀ ਸੀ।
ਪਰ ਉਹ 1975 ਵਿੱਚ ਆਪਣੀ ਪਤਨੀ ਦਵਿੰਦਰ ਕੌਰ ਨਾਲ ਕੈਨੇਡਾ ਪੱਕੇ ਤੌਰ ਉੱਤੇ ਪਰਵਾਸ ਕਰ ਗਏ। ਜਿੱਥੇ ਉਨ੍ਹਾਂ ਰੀਅਲ ਅਸਟੇਟ ਦਾ ਕਾਰੋਬਾਰ ਕੀਤਾ।
ਪਾਰਲੀਮੈਂਟ ਆਫ਼ ਕੈਨੇਡਾ ਦੀ ਅਧਿਕਾਰਤ ਵੈੱਬਸਾਈਟ ਉੱਤੇ ਉਪਲੱਬਧ ਜਾਣਕਾਰੀ ਮੁਤਾਬਕ ਮੱਲ੍ਹੀ ਪਹਿਲੀ ਵਾਰ 1993 ਵਿੱਚ ਸੰਸਦ ਮੈਂਬਰ ਚੁਣੇ ਗਏ ਅਤੇ ਲਗਾਤਾਰ ਕਰੀਬ 18 ਸਾਲ ਓਂਟਾਰੀਓ ਦੇ ਬਰੈਮਲੀ-ਗੋਰ-ਮਾਲਟਨ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਦੇ ਰਹੇ।
ਉਹ ਕਈ ਸਥਾਨਕ ਸਮਾਜ ਸੇਵੀ ਜਥੇਬੰਦੀਆਂ ਵਿੱਚ ਸਰਗਰਮ ਵੀ ਰਹੇ, ਬਤੌਰ ਸੰਸਦ ਮੈਂਬਰ ਹੁੰਦਿਆਂ ਉਹ ਰੈਵੇਨਿਊ, ਮਨੁੱਖੀ ਸਰੋਤ ਤੇ ਹੁਨਰ ਵਿਕਾਸ, ਇੰਡਸਟਰੀ ਅਤੇ ਲੇਬਰ ਮੰਤਰਾਲਿਆਂ ਦੇ ਪਾਰਲੀਮਾਨੀ ਸਕੱਤਰ ਵਜੋਂ ਵੀ ਕੰਮ ਕਰਦੇ ਰਹੇ।
ਕੈਨੇਡੀਅਨ ਸੰਸਦ ਵਿੱਚ ਸੇਵਾਵਾਂ ਲਈ ਮੱਲ੍ਹੀ ਨੂੰ ਕੁਇਨ ਐਲਿਜ਼ਾਬੈਥ-2 ਦੇ ਗੋਲਡਨ ਜੁਬਲੀ ਮੈਡਲ ਅਤੇ ਬਰੈਂਪਟਨ ਸਿਟੀ ਕੌਸਲ ਵੱਲੋਂ 'ਕੀ ਟੂ ਦਾ ਸਿਟੀ ਆਫ਼ ਬਰੈਂਪਟਨ' ਨਾਂ ਦੇ ਵੱਕਾਰੀ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ।
ਓਂਟਾਰੀਓ ਦੇ ਸ਼ਹਿਰ ਬਰੈਂਪਟਨ ਵਿੱਚ ਉਨ੍ਹਾਂ ਦੇ ਨਾਂ ਉੱਤੇ ਇੱਕ ਪਾਰਕ ਦਾ ਨਾਂ ਵੀ ਰੱਖਿਆ ਗਿਆ ਹੈ।
ਗੁਰਬਖ਼ਸ਼ ਮੱਲ੍ਹੀ ਦੀ ਧੀ ਹਰਿੰਦਰ ਕੌਰ ਮੱਲ੍ਹੀ ਨੇ ਓਂਟਾਰੀਓ ਦੀ ਸੂਬਾਈ ਸਿਆਸਤ ਵਿੱਚ ਕਿਸਮਤ ਅਜ਼ਮਾਈ ਅਤੇ ਉਹ 2014 ਤੋਂ 2017 ਤੱਕ ਬਰੈਂਪਟਨ-ਸਪਰਿੰਗਡੇਲ ਹਲਕੇ ਤੋਂ ਵਿਧਾਇਕ ਬਣੀ।
ਉਹ ਸੂਬਾਈ ਮੰਤਰੀ ਮੰਡਲ ਵਿੱਚ ਮੰਤਰੀ ਬਣਨ ਵਾਲੀ ਪਹਿਲੀ ਸਿੱਖ ਮਹਿਲਾ ਆਗੂ ਸੀ, ਜੋ 1984 ਸਿੱਖ ਵਿਰੋਧੀ ਕਤਲੇਆਮ ਨੂੰ ਸਿੱਖ ਨਸ਼ਲਕੁਸ਼ੀ ਵਜੋਂ ਮਤਾ ਪਾਸ ਕਰਵਾਉਣ ਕਾਰਨ ਚਰਚਾ ਵਿੱਚ ਰਹੀ ਸੀ।
ਕੈਨੇਡੀਅਨ ਹਾਊਸ ਆਫ਼ ਕਾਮਨਜ਼ ਦੀ ਪਹਿਲੀ ਮਹਿਲਾ ਕੌਣ ਸਨ?
ਬਰਦੀਸ਼ ਚੱਗੜ ਕੈਨੇਡੀਅਨ ਸਿਆਸਤ ਦੀਆਂ ਬੁਲੰਦੀਆਂ ਉੱਤੇ ਪਹੁੰਚਣ ਵਾਲੀ ਪੰਜਾਬੀ ਪਰਵਾਸੀਆਂ ਦੀ ਦੂਜੀ ਪੀੜ੍ਹੀ ਦੀ ਨੁਮਾਇੰਦਾ ਹੈ।
ਉਹ ਕੈਨੇਡੀਅਨ ਹਾਊਸ ਆਫ਼ ਕਾਮਨਜ਼ ਦੇ ਅਹੁਦੇ ਉੱਤੇ ਪਹੁੰਚਣ ਵਾਲੀ ਭਾਰਤੀ ਮੂਲ ਦੀ ਪਹਿਲੀ ਮਹਿਲਾ ਹੈ।
ਬਰਦੀਸ਼ ਕੌਰ ਚੱਗੜ ਦੇ ਮਾਪੇ 1970ਵਿਆਂ ਵਿੱਚ ਪੰਜਾਬ ਤੋਂ ਪਰਵਾਸ ਕਰਕੇ ਕੈਨੇਡਾ ਪਹੁੰਚੇ ਸਨ। ਉਨ੍ਹਾਂ ਦੇ ਪਿਤਾ ਗੁਰਮਿੰਦਰ ਗੋਗੀ ਚੱਗੜ ਲਿਬਰਟ ਪਾਰਟੀ ਦੇ ਸਮਰਥਕ ਬਣ ਗਏ ਅਤੇ 13 ਸਾਲ ਦੀ ਉਮਰ ਵਿੱਚ ਹੀ ਬਰਦੀਸ਼ ਵੀ ਪਾਰਟੀ ਲਈ ਪ੍ਰਚਾਰ ਕਰਨ ਲੱਗ ਪਈ ਸੀ।
ਬਰਦੀਸ਼ ਦੀ ਵੈੱਬਸਾਈਟ ਮੁਤਾਬਕ 6 ਜੂਨ 1980 ਨੂੰ ਕਿਚਨਰ ਦੇ ਸੇਂਟ ਮੈਰੀ ਜਨਰਲ ਹਸਪਤਾਲ ਵਿੱਚ ਜੰਮੀ ਬਰਦੀਸ਼ ਕੌਰ ਚੱਗੜ ਨੇ 'ਯੂਨੀਵਰਸਿਟੀ ਆਫ਼ ਵਾਰਟਲੂ' ਤੋਂ ਪੜ੍ਹਾਈ ਕੀਤੀ। ਉਹ ਨਰਸਿੰਗ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਸਨ।
ਬਰਦੀਸ਼ ਚੱਗੜ ਦੀ ਵੈੱਬਸਾਈੱਟ ਉੱਤੇ ਉਪਲੱਬਧ ਜਾਣਕਾਰੀ ਮੁਤਾਬਕ ਹੈਲਥ ਕੇਅਰ, ਆਰਟ ਅਤੇ ਕਲਚਰ ਦੇ ਖੇਤਰ ਵਿੱਚ ਕੰਮ ਕਰਨ ਵਾਲੀਆਂ ਸਵੈ-ਸੇਵੀ ਜਥੇਬੰਦੀਆਂ ਨਾਲ ਉਹ ਵਲੰਟੀਅਰ ਵਜੋਂ ਕੰਮ ਕਰਦੇ ਰਹੇ।
ਲਿਬਰਟ ਪਾਰਟੀ ਨੇ ਪਹਿਲੀ ਵਾਰ ਉਨ੍ਹਾਂ ਨੂੰ 2015 ਤੋਂ ਵਾਟਰਲੂ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ ਅਤੇ ਉਹ ਜਿੱਤ ਕੇ ਸੰਸਦ ਵਿੱਚ ਪਹੁੰਚ ਗਏ।
ਪਹਿਲੀ ਵਾਰ ਵਿੱਚ ਹੀ ਉਹ ਜਸਟਿਨ ਟਰੂਡੋ ਦੇ ਮੰਤਰੀ ਮੰਡਲ ਵਿੱਚ ਛੋਟੇ ਕਾਰੋਬਾਰ ਅਤੇ ਸੈਰ-ਸਪਾਟਾ ਮੰਤਰੀ ਬਣਾਏ ਗਏ।
9 ਅਗਸਤ 2016 ਨੂੰ ਉਨ੍ਹਾਂ ਨੂੰ ਸਰਕਾਰ ਨੇ ਹਾਊਸ ਆਫ਼ ਕਾਮਨਜ਼ ਵਿੱਚ ਆਪਣਾ ਆਗੂ ਐਲ਼ਾਨਿਆ। 2021 ਦੀਆਂ ਕੇਂਦਰੀ ਚੋਣਾਂ ਤੋਂ ਬਾਅਦ ਉਹ ਪਰਸੀਜ਼ਰ ਅਤੇ ਹਾਊਸ ਅਫੇਰਜ਼ ਕਮੇਟੀ ਦੇ ਮੁਖੀ ਬਣੇ।
ਕੈਨੇਡਾ ਦਾ ਪਹਿਲਾ ਸਿੱਖ ਮੰਤਰੀ ਕੌਣ ਸੀ?
ਹਰਬੰਸ ਸਿੰਘ ਧਾਲੀਵਾਲ ਉਰਫ਼ ਹਰਬ ਧਾਲੀਵਾਲ ਕੈਨੇਡਾ ਦੇ ਪਹਿਲੇ ਸਿੱਖ ਮੰਤਰੀ ਰਹੇ ਹਨ।
ਪੰਜਾਬ ਦੀ ਪਰਵਾਸੀ ਸਭਾ ਦੇ ਸਾਬਕਾ ਉਪ ਪ੍ਰਧਾਨ ਤੇ ਲੇਖਕ ਸਤਨਾਮ ਸਿੰਘ ਚਾਨਾ ਦੱਸਦੇ ਹਨ ਕਿ ਹਰਬ ਧਾਲੀਵਾਲ ਦਾ ਪਿਛੋਕੜ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਚਹੇੜੂ ਪਿੰਡ ਦਾ ਹੈ।
12 ਦਸੰਬਰ 1952 ਨੂੰ ਜੰਮੇ ਹਰਬ ਧਾਲੀਵਾਲ ਜਦੋਂ 5 ਸਾਲ ਦੇ ਸਨ ਤਾਂ ਉਨ੍ਹਾਂ ਦਾ ਪਰਿਵਾਰ ਕੈਨੇਡਾ ਦੇ ਵੈਨਕੂਵਰ ਚਲੇ ਗਏ ਸੀ। ਇੱਥੇ ਹੀ ਉਨ੍ਹਾਂ ਦੀ ਸਕੂਲੀ ਅਤੇ ਕਾਲਜ ਦੀ ਪੜ੍ਹਾਈ ਹੋਈ। ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਨ੍ਹਾਂ ਆਪਣਾ ਕਾਰੋਬਾਰ ਸ਼ੁਰੂ ਕੀਤਾ ਅਤੇ ਸਿਆਸੀ ਤੌਰ ਉੱਤੇ ਲਿਬਰਲ ਪਾਰਟੀ ਨਾਲ ਜੁੜ ਗਏ।
ਪਾਰਲੀਮੈਂਟ ਆਫ਼ ਕੈਨੇਡਾ ਦੀ ਵੈੱਬਸਾਈਟ ਉੱਤੇ ਉਪਲੱਬਧ ਜਾਣਕਾਰੀ ਮੁਤਾਬਕ ਉਹ ਪਹਿਲੀ ਵਾਰ 1993 ਵਿੱਚ ਦੱਖਣੀ ਵੈਨਕੂਵਰ-ਬਰਨਬੀ ਹਲਕੇ ਤੋਂ ਜਿੱਤ ਕੇ ਹਾਊਸ ਆਫ਼ ਕਾਮਨਜ਼ ਵਿੱਚ ਪਹੁੰਚੇ।
1997 ਵਿੱਚ ਉਨ੍ਹਾਂ ਨੂੰ ਕੈਨੇਡੀਅਨ ਫੈਡਲਰ ਮੰਤਰਾਲੇ ਵਿੱਚ ਰੈਵੇਨਿਊ ਅਤੇ ਕਸਟਮ ਮੰਤਰੀ ਬਣਾਇਆ ਗਿਆ। ਉਹ ਪੱਛਮੀ ਜਗਤ ਦੇ ਕਿਸੇ ਮੁਲਕ ਦੇ ਕੇਂਦਰੀ ਮੰਤਰੀ ਦੇ ਅਹੁਦੇ ਤੱਕ ਪਹੁੰਚਣ ਵਾਲੇ ਪਹਿਲੇ ਭਾਰਤੀ ਮੂਲ ਦੇ ਆਗੂ ਸਨ।
ਹਰਬ ਧਾਲੀਵਾਲ 10 ਸਾਲ 8 ਮਹੀਨੇ 4 ਦਿਨ ਹਾਊਸ ਆਫ਼ ਕਾਮਨਜ਼ ਦੇ ਮੈਂਬਰ ਰਹੇ।
ਸੰਸਦ ਦੀਆਂ ਪਹਿਲੀਆਂ ਸਿੱਖ ਐੱਮਪੀਜ਼
ਕੈਨੇਡੀਅਨ ਸੰਸਦ ਦੀ ਵੈੱਬਸਾਈਟ ਮੁਤਾਬਕ ਕੈਨੇਡਾ ਵਿੱਚ ਪਹਿਲੀ ਵਾਰ ਸਿੱਖ ਐੱਮਪੀ ਬਣਨ ਵਾਲੀ ਇੱਕ ਨਹੀਂ ਦੋ ਆਗੂ ਸਨ। ਰੂਬੀ ਢੱਲਾ ਅਤੇ ਨੀਨਾ ਗਰੇਵਾਲ 2004 ਵਿੱਚ ਪਹਿਲੀ ਵਾਰ ਜਿੱਤ ਕੇ ਹਾਊਸ ਆਫ਼ ਕਾਮਨਜ਼ ਵਿੱਚ ਪਹੁੰਚਣ ਵਾਲੀਆਂ ਪਹਿਲੀਆਂ ਸਿੱਖ ਮਹਿਲਾ ਆਗੂ ਬਣੀਆਂ ਸਨ।
ਨੀਨਾ ਗਰੇਵਾਲ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਵਜੋਂ ਬ੍ਰਿਟਿਸ਼ ਕੋਲੰਬੀਆ ਦੀ ਫਲੀਟਵੁੱਡ- ਪੋਰਟ ਕੇਲਜ਼ ਸੀਟ ਤੋਂ ਚੋਣ ਜਿੱਤੇ ਸਨ।
ਨੀਨਾ ਗਰੇਵਾਲ ਦਾ ਜਨਮ ਜਪਾਨ ਦੇ ਓਸਾਕਾ ਸ਼ਹਿਰ ਵਿੱਚ 20 ਅਕਤੂਬਰ 1958 ਨੂੰ ਹੋਇਆ ਸੀ।
ਕੈਨੇਡਾ ਵਿੱਚ ਪਰਵਾਸ ਕਰਨ ਤੋਂ ਪਹਿਲਾਂ ਉਹ ਪੱਛਮੀ ਅਮਰੀਕੀ ਮੁਲਕ ਲਾਇਬ੍ਰੇਰੀਆ ਵਿੱਚ ਵੀ ਰਹੇ।
ਉਨ੍ਹਾਂ ਨੇ ਕੈਨੇਡੀਅਨ ਐੱਮਪੀ ਗੁਰਮੰਤ ਗਰੇਵਾਲ ਨਾਲ ਵਿਆਹ ਕਰਵਾਇਆ। ਉਹ ਕੈਨੇਡੀਅਨ ਸਿਆਸੀ ਇਤਿਹਾਸ ਵਿੱਚ ਪਹਿਲਾ ਵਿਆਹਿਆ ਜੋੜਾ ਸੀ ਜੋ ਇਕੱਠਿਆ ਸੰਸਦ ਵਿੱਚ ਬੈਠਦਾ ਸੀ।
ਦੂਜੇ ਪਾਸੇ ਰੂਬੀ ਢੱਲਾ ਲਿਬਰਲ ਪਾਰਟੀ ਵਲੋਂ ਬਰੈਂਪਟਨ ਦੇ ਸਪਿੰਗਡੇਲ ਹਲਕੇ ਤੋਂ ਚੋਣ ਜਿੱਤੇ ਸਨ।
ਰੂਬੀ ਢੱਲਾ ਪੇਸ਼ੇ ਵਜੋਂ ਮਾਡਲਿੰਗ ਵੀ ਕਰਦੇ ਰਹੇ ਹਨ ਅਤੇ ਉਨ੍ਹਾਂ 'ਕਿਉਂ? ਕਿਸ ਲੀਏ?' ਨਾਂ ਦੀ ਫਿਲਮ ਵਿੱਚ ਅਦਾਕਾਰੀ ਵੀ ਕੀਤੀ ਹੈ। ਉਹ ਹੋਟਲ ਕਾਰੋਬਾਰੀ ਹਨ ਅਤੇ ਉਨ੍ਹਾਂ ਉੱਤੇ ਆਪਣੀ ਕੰਪਨੀ ਦੇ ਮੁਲਾਜ਼ਮਾਂ ਨਾਲ ਮਾੜਾ ਵਿਹਾਰ ਕਰਨ ਦੇ ਇਲਜ਼ਾਮ ਲੱਗੇ ਹਨ।
ਉਨ੍ਹਾਂ ਪਿਛਲੇ ਦਿਨੀਂ ਲਿਬਰਲ ਪਾਰਟੀ ਵਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਖੁਦ ਨੂੰ ਪੇਸ਼ ਕੀਤਾ ਸੀ, ਪਰ ਬਾਅਦ ਵਿੱਚ ਉਹ ਪਿੱਛੇ ਹਟ ਗਏ।
ਪਹਿਲਾ ਕੈਨੇਡੀਅਨ ਸਿੱਖ ਪ੍ਰੀਮੀਅਰ ਉੱਜਲ ਦੁਸਾਂਝ
ਉੱਜਲ ਦੁਸਾਂਝ ਕੈਨੇਡੀਅਨ ਬ੍ਰਿਟਿਸ਼ ਕੋਲੰਬੀਆ ਵਿੱਚ ਪ੍ਰੀਮੀਅਰ (ਮੁੱਖ ਮੰਤਰੀ) ਬਣਨ ਵਾਲੇ ਪਹਿਲੇ ਸਿੱਖ ਆਗੂ ਸਨ। ਉਹ ਸਾਲ 2000 ਤੋਂ 2001 ਤੱਕ ਇਸ ਅਹੁਦੇ ਉੱਤੇ ਰਹੇ।
ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਦੁਸਾਂਝ ਕਲਾਂ ਵਿੱਚ 1946 ਨੂੰ ਜੰਮੇ ਉੱਜਲ ਦੁਸਾਂਝ ਨੇ ਭਾਰਤ ਤੋਂ 1964 ਵਿੱਚ ਯੂਕੇ ਪਰਵਾਸ ਕੀਤਾ ਸੀ। ਪਰ 1968 ਵਿੱਚ ਉਹ ਕੈਨੇਡਾ ਆ ਵਸੇ।
ਟੋਰਾਂਟੋ ਮੈਟਰੋਪੋਲੀਟੀਅਨ ਯੂਨੀਵਰਸਿਟੀ ਦੀ ਵੈੱਬਸਾਈਟ ਮੁਤਾਬਕ ਉੱਜਲ ਦੁਸਾਂਝ ਕੈਨੇਡਾ ਦੇ ਦੱਖਣੀ ਵੈਨਕੂਵਰ ਵਿੱਚ ਸੈਟਲ ਹੋਏ। ਇੱਥੇ ਉਨ੍ਹਾਂ ਲੰਗਾਰਾ ਦੇ ਕਮਿਊਨਿਟੀ ਕਾਲਜ, ਸਿਮੋਨ ਫਰੈਸ਼ਰ ਯੂਨੀਵਰਸਿਟੀ ਅਤੇ ਯੂਬੀਸੀ ਲਾਅ ਸਕੂਲ ਤੋਂ ਉੱਚ ਸਿੱਖਿਆ ਲਈ ਅਤੇ ਕਾਨੂੰਨ ਦੀ ਪੜ੍ਹਾਈ ਕੀਤੀ।
ਉਹ 1991 ਦੌਰਾਨ ਬੀਸੀ ਦੀ ਸੂਬਾਈ ਵਿਧਾਨ ਸਭਾ ਲਈ ਚੁਣੇ ਗਏ। ਉਹ ਬ੍ਰਿਟਿਸ਼ ਕੋਲੰਬੀਆ ਦੇ ਅਟਾਰਨੀ ਜਨਰਲ ਵੀ ਰਹੇ। ਉਹ ਪਹਿਲੀ ਵਾਰ 2004 ਵਿੱਚ ਫੈਡਰਲ ਚੋਣ ਜਿੱਤੇ ਕੇ ਹਾਊਸ ਆਫ਼ ਕਾਮਨਜ਼ ਪਹੁੰਚੇ ਸਨ।
ਉਨ੍ਹਾਂ ਕੈਨੇਡਾ ਦੇ ਸਿਹਤ ਮੰਤਰਾਲੇ ਸਣੇ ਕਈ ਹੋਰ ਅਹਿਮ ਅਹੁਦਿਆਂ ਉੱਤੇ ਕੰਮ ਕੀਤਾ ਹੈ। ਉਹ ਕੈਨੇਡਾ ਵਿੱਚ ਖਾਲਿਸਤਾਨ ਪੱਖੀ ਜਥੇਬੰਦੀਆਂ ਪ੍ਰਤੀ ਆਲੋਚਨਾਤਮਕ ਪਹੁੰਚ ਲਈ ਜਾਣੇ ਜਾਂਦੇ ਹਨ।
ਕੈਨੇਡਾ ਦੀ ਕੌਮੀ ਪਾਰਟੀ ਦੇ ਪਹਿਲੇ ਸਿੱਖ ਪ੍ਰਧਾਨ ਜਗਮੀਤ ਸਿੰਘ
ਜਗਮੀਤ ਸਿੰਘ ਕਿਸੇ ਘੱਟ-ਗਿਣਤੀ ਭਾਈਚਾਰੇ ਦਾ ਪਹਿਲਾ ਚਿਹਰਾ ਹੈ ਜੋ ਕੈਨੇਡਾ ਦੀ ਫੈਡਰਲ ਪਾਰਟੀ ਦਾ ਮੋਢੀ ਬਣਿਆ ਹੈ। ਉਹ 2017 ਵਿੱਚ ਇਸ ਅਹੁਦੇ ਉੱਤੇ ਪਹੁੰਚੇ ਸਨ।
2 ਜਨਵਰੀ 1979 ਨੂੰ ਓਂਟਾਰੀਓ ਵਿੱਚ ਜੰਮੇ ਜਗਮੀਤ ਸਿੰਘ ਨਿਰੋਲ ਸਿਆਸੀ ਆਗੂ ਹੀ ਨਹੀਂ ਬਲਕਿ ਨੌਜਵਾਨ ਯੂਥ ਆਇਕਨ ਵਜੋਂ ਵੀ ਪ੍ਰਛਾਣ ਰੱਖਦੇ ਰਹੇ ਹਨ। 2013 ਵਿੱਚ ਕੈਨੇਡਾ ਦੇ ਮੀਡੀਆ ਅਦਾਰੇ ਵਲੋਂ ਕਰਵਾਏ ਗਏ ਇੱਕ ਸਰਵੇਖਣ ਦੌਰਾਨ ਉਹ ਕੈਨੇਡਾ ਦੇ 5 ਯੂਥ ਆਇਕਨਜ਼ ਵਿੱਚ ਚੁਣੇ ਗਏ ਸਨ।
ਜਗਮੀਤ ਸਿੰਘ ਭਾਰਤ ਦੀ ਅਜ਼ਾਦੀ ਦੌਰਾਨ ਚੱਲਣ ਵਾਲੀਆਂ ਲਹਿਰਾਂ ਵਿੱਚੋਂ ਇੱਕ ਪ੍ਰਜਾ ਮੰਡਲ ਲਹਿਰ ਦੇ ਪ੍ਰਮੁੱਖ ਆਗੂ ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤੇ ਹਨ।
ਜਗਮੀਤ ਸਿੰਘ ਦੇ ਪਿਤਾ ਪੇਸ਼ੇ ਵਜੋਂ ਡਾਕਟਰ ਸਨ ਪਰ ਉਹ ਕੈਨੇਡਾ ਚਲੇ ਗਏ ਅਤੇ ਉੱਥੇ ਹੀ 2 ਜਨਵਰੀ 1979 ਨੂੰ ਜਗਮੀਤ ਸਿੰਘ ਦਾ ਜੰਮ ਹੋਇਆ ਸੀ।
ਸਿੱਖਾਂ ਦੇ ਕੈਨੇਡਾ ਅਤੇ ਭਾਰਤ ਵਿਚਲੇ ਮਸਲਿਆਂ ਅਤੇ ਮਨੁੱਖੀ ਅਧਿਕਾਰਾਂ ਉੱਤੇ ਬੇਬਾਕ ਰਾਇ ਰੱਖਣ ਵਾਲੇ ਜਗਮੀਤ ਸਿੰਘ ਐੱਨਡੀਪੀ ਆਗੂ ਬਣਨ ਤੋਂ ਬਾਅਦ ਬਰਨਬੀ ਸਾਊਥ ਸੀਟ ਦੇ ਲੋਕਾਂ ਦੀ 2019 ਤੋਂ ਸੰਸਦ ਵਿੱਚ ਨੁਮਾਇੰਦਗੀ ਵੀ ਕਰਦੇ ਆ ਰਹੇ ਹਨ।
ਸੰਸਦ ਵਿੱਚ ਐੱਨਡੀਪੀ ਨੇ ਜਗਮੀਤ ਸਿੰਘ ਦੀ ਅਗਵਾਈ ਵਿੱਚ ਜਸਟਿਨ ਟਰੂਡੋ ਸਰਕਾਰ ਨਾਲ ਗਠਜੋੜ ਕਰਕੇ ਕਰੀਬ 4 ਸਾਲ ਸੱਤਾ ਦਾ ਸੁੱਖ ਮਾਣਿਆ।
ਇਸ ਤੋਂ ਪਹਿਲਾਂ ਉਹ ਓਂਟਾਰੀਓ ਦੇ ਬਰੈਮਲੀ-ਗੋਰ ਵਿਧਾਨ ਸਭਾ ਹਲਕੇ ਤੋਂ 2011 ਵਿੱਚ ਵਿਧਾਇਕ ਜਿੱਤੇ ਸਨ, ਉਹ ਸੂਬਾ ਅਸੰਬਲੀ ਵਿੱਚ ਵਿਰੋਧੀ ਧਿਰ ਦੇ ਉੱਪ ਨੇਤਾ ਵੀ ਰਹੇ ਹਨ।
ਪੇਸ਼ੇ ਵਜੋਂ ਕ੍ਰਿਮੀਨਲ ਵਕੀਲ ਜਗਮੀਤ ਸਿੰਘ ਨੇ ਇੱਕ ਨਿੱਜੀ ਇੰਟਰਵਿਊ ਦੌਰਾਨ ਕੈਨੇਡਾ ਵਿੱਚ ਆਪਣੀ ਸਕੂਲੀ ਪੜ੍ਹਾਈ ਦੌਰਾਨ ਆਪਣੇ ਨਾਲ ਨਸਲੀ ਵਿਤਕਰੇ ਦੀ ਗੱਲ ਕਬੂਲੀ ਸੀ।
ਅਜਿਹੀਆਂ ਬੇ-ਇਨਸਾਫ਼ੀਆ ਕਾਰਨ ਉਨ੍ਹਾਂ ਨੇ ਸਿਆਸੀ ਆਗੂ ਬਣਨ ਦੀ ਸੋਚੀ ਸੀ।
ਪਿਛਲੀਆਂ ਫੈਡਰਲ ਚੋਣਾਂ ਦੌਰਾਨ ਜਗਮੀਤ ਸਿੰਘ ਨੇ ਐੱਨਡੀਪੀ ਵੱਲੋਂ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਦੂਜੇ ਦਾਅਵੇਦਾਰਾਂ ਨਾਲ ਬਹਿਸਾਂ ਵਿੱਚ ਹਿੱਸਾ ਲਿਆ ਸੀ। ਇਸ ਵਾਰ ਉਹੀ ਪਾਰਟੀ ਦੀ ਅਗਵਾਈ ਕਰ ਰਹੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ