ਮਿਸਰ ’ਚ ਇੱਕ ਪ੍ਰਾਚੀਨ ਕਬਰ ਦਾ ਦਰਵਾਜ਼ਾ ਖੋਲ੍ਹਣ ਲਈ ਬੱਚੇ ਦੇ ਹੱਥ ਵੱਢ ਦਿੱਤੇ, ਬੱਚੇ ਦੀ ਹੋਈ ਮੌਤ

    • ਲੇਖਕ, ਹਿਸ਼ਮ ਅਲਮੇਨੇ
    • ਰੋਲ, ਬੀਬੀਸੀ ਪੱਤਰਕਾਰ

ਮਿਸਰ ਦੇ ਲੋਕ ਇੱਕ 8 ਸਾਲਾ ਬੱਚੇ ਦੇ ਕਤਲ ਨੂੰ ਲੈ ਕੇ ਹੈਰਾਨ ਹਨ ਤੇ ਗੁੱਸੇ ਨਾਲ ਭਰੇ ਹੋਏ ਹਨ। ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਉਸ ਦੇ ਹੱਥ ਗ਼ੈਰ-ਕਾਨੂੰਨੀ ਪੁਰਾਤਨ ਇਮਾਰਤਾਂ ਦੀ ਖ਼ੁਦਾਈ ਬਦਲੇ ਵੱਢੇ ਹਨ।

ਬੱਚਾ ਚਾਰ ਦਿਨਾਂ ਤੋਂ ਗਾਇਬ ਸੀ ਤੇ ਉਸ ਦੀ ਲਾਸ਼ ਉਸ ਦੇ ਪਿਤਾ ਇਸਾਮ ਅਬੂ ਅਲ-ਵਫ਼ਾ ਨੂੰ ਖੇਤਾਂ ਵਿੱਚ ਮਿਲੀ।

ਪੁਲਿਸ ਨੇ ਕਤਲ ਦੇ ਮਾਮਲੇ ਵਿੱਚ ਤਿੰਨ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸਰਕਾਰੀ ਵਕੀਲ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ, ਦੋ ਵਿਅਕਤੀਆਂ ਨੇ ਮੰਨਿਆ ਹੈ ਕਿ ਇੱਕ ਗ਼ੈਰ-ਕਾਨੂੰਨੀ ਖੁਦਾਈ ਵਿੱਚ ਦੱਬੇ ਹੋਏ ਪ੍ਰਾਚੀਨ ਮਿਸਰ ਦੇ ਖਜ਼ਾਨੇ ਤੱਕ ਪਹੁੰਚਣ ਵਿੱਚ ਮਦਦ ਕਰਨ ਦੇ ਉਦੇਸ਼ ਨਾਲ ਇੱਕ ਪੁਰਾਤਨ ਵਸਤਾਂ ਦੇ ਖੋਜਕਰਤਾ ਨੂੰ ਬੱਚੇ ਦੇ ਹੱਥ ਵੇਚਣ ਦੇ ਜ਼ੁਲਮ ਦਾ ਇਕਬਾਲ ਕੀਤਾ ਹੈ।

ਇਕੱਲੇ ਬੈਠ ਕੇ ਰੋਣਾ

ਅਬੂ ਅਲ-ਵਫਾ ਗੁਜ਼ਾਰੇ ਲਈ ਡਰਾਈਵਰ ਵਜੋਂ ਕੰਮ ਕਰਦੇ ਹਨ। ਉਨ੍ਹਾਂ ਨੇ ਬੀਬੀਸੀ ਅਰਬੀ ਨੂੰ ਦੱਸਿਆ, "ਮੈਨੂੰ ਅਜੇ ਵੀ ਆਪਣੇ ਬੇਟੇ ਮੁਹੰਮਦ ਨਾਲ ਆਪਣੀਆਂ ਸਾਰੀਆਂ ਯਾਦਾਂ ਯਾਦ ਹਨ।

“ਜਦੋਂ ਵੀ ਮੈਂ ਇਕੱਲਾ ਬੈਠਦਾ ਹਾਂ, ਮੈਂ ਰੋਂਦਾ ਹਾਂ, ਮੇਰੇ ਤੋਂ ਇਹ ਸਭ ਸਹਿ ਨਹੀਂ ਹੁੰਦਾ। ਜਦੋਂ ਮੈਂ ਕੰਮ ਤੋਂ ਵਾਪਸ ਆਉਂਦਾ ਤਾਂ ਉਹ ਹਰ ਰੋਜ਼ ਮੇਰਾ ਇੰਤਜ਼ਾਰ ਕਰਦਾ ਸੀ।”

ਅਬੂ ਅਲ-ਵਫਾ ਕਹਿੰਦੇ ਹਨ ਕਿ "ਉਨ੍ਹਾਂ ਨੂੰ ਮੁਹੰਮਦ ਨਾਲ ਕੁਝ ਬੁਰਾ ਹੋਣ ਦਾ ਕੋਈ ਡਰ ਨਹੀਂ ਸੀ ਕਿਉਂਕਿ ਸਾਰੇ ਪਿੰਡ ਵਾਲੇ ਉਸਨੂੰ ਚੰਗੀ ਤਰ੍ਹਾਂ ਜਾਣਦੇ ਸਨ।"

"ਜਦੋਂ ਪੁਲਿਸ ਨੇ ਦੱਸਿਆ ਕਿ ਮੇਰੇ ਬੱਚੇ ਨੂੰ ਮਾਰਨ ਵਾਲਾ ਕੋਈ ਹੋਰ ਨਹੀਂ ਸਗੋਂ ਮੇਰਾ ਚਚੇਰਾ ਭਰਾ ਹੈ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੇਰਾ ਬੱਚਾ ਉਸ ਨਾਲ ਖੇਡਦਾ ਸੀ ਤੇ ਉਹ ਉਸ ਦੀ ਭਾਲ ਵਿੱਚ ਵੀ ਮੇਰੇ ਨਾਲ ਸ਼ਾਮਲ ਸੀ।"

ਸੋਸ਼ਲ ਮੀਡੀਆ ਉੱਤੇ ਸਜ਼ਾ ਅਤੇ ਸੁਰੱਖਿਆ ਦੀ ਮੰਗ

ਇਸ ਵਾਰਦਾਤ ਨੇ ਸੋਸ਼ਲ ਮੀਡੀਆ 'ਤੇ ਬਹਿਸ ਛੇੜ ਦਿੱਤੀ ਹੈ ਲੋਕ ਆਪਣੇ ਗੁੱਸੇ ਦਾ ਪ੍ਰਗਟਾਵਾ ਕਰ ਰਹੇ ਹਨ।

ਕਈਆਂ ਨੇ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ, ਜੋ ਦੂਜਿਆਂ ਲਈ ਲਈ ਵੀ ਸਬਕ ਸਾਬਤ ਹੋਵੇ।

ਕਈਆਂ ਨੇ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਦੀ ਬਿਹਤਰ ਨਿਗਰਾਨੀ ਕਰਨ ਕਿ ਉਹ ਕਿਸ ਨਾਲ ਘੁੱਲ-ਮਿਲ ਰਹੇ ਹਨ।

ਪਿਛਲੀਆਂ ਘਟਨਾਵਾਂ

ਮਿਸਰ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਇਸ ਤਰ੍ਹਾਂ ਦੇ ਅਪਰਾਧ ਸਾਹਮਣੇ ਆਏ ਹਨ।

ਸਤੰਬਰ 2021 ਵਿੱਚ, ਸਰਕਾਰੀ ਅਖਬਾਰਾਂ ਨੇ ਇਹ ਵਿਆਪਕ ਤੌਰ 'ਤੇ ਰਿਪੋਰਟ ਕੀਤਾ ਸੀ ਕਿ ਮਿਸਰ ਦੇ ਇੱਕ ਪਿੰਡ ਵਿੱਚ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੇ ਟੁਕੜੇ ਕਰ ਦਿੱਤੇ ਗਏ ਸਨ।

ਸਥਾਨਕ ਰਿਪੋਰਟਾਂ ਦੇ ਮੁਤਾਬਕ ਉਸਦੇ ਚਾਚਾ, ਚਾਚੀ ਅਤੇ ਚਚੇਰੇ ਭਰਾਵਾਂ ਨੇ ਕਤਲ ਦੀ ਗੱਲ ਕਬੂਲ ਕੀਤੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੇ ਇੱਕ ਪ੍ਰਾਚੀਨ ਮਕਬਰੇ ਨੂੰ ਖੋਲ੍ਹਣ ਲਈ ਇੱਕ ਆਤਮਾ ਨੂੰ ਬਲੀਦਾਨ ਦੇਣ ਲਈ ਉਸ ਬੱਚੇ ਦੇ ਸਰੀਰ ਦੀ ਪੇਸ਼ਕਸ਼ ਕੀਤੀ ਸੀ।

2023 ਵਿੱਚ, ਗੀਜ਼ਾ ਵਿੱਚ ਕੁੜੀ ਨਾਲ ਉਸਦੇ ਪਿਤਾ ਦੇ ਸਾਹਮਣੇ ਇੱਕ ਵਿਅਕਤੀ ਦੁਆਰਾ ਬਲਾਤਕਾਰ ਕੀਤਾ ਗਿਆ ਸੀ।

ਘਟਨਾ ਤੋਂ ਬਾਅਦ ਇਸਤਗਾਸਾ ਪੱਖ ਨੇ ਵਿਅਕਤੀ ਖ਼ਿਲਾਫ਼ ਗੀਜ਼ਾ ਕ੍ਰਿਮੀਨਲ ਕੋਰਟ ਵਿੱਚ ਮੁਕੱਦਮਾ ਚਲਾਇਆ।

ਵਿਅਕਤੀ ਨੇ ਦਾਅਵਾ ਕੀਤਾ ਕਿ ਉਹ ਘਰ ਦੇ ਹੇਠਾਂ ਬਣੇ ਇੱਕ ਪ੍ਰਾਚੀਨ ਮਕਬਰੇ ਨੂੰ ਖੋਲ੍ਹਣ ਲਈ ਇੱਕ ਜਿਨ ਦੇ ਹੁਕਮਾਂ ਦੀ ਪਾਲਣਾ ਕਰ ਰਿਹਾ ਸੀ।

ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਨ੍ਹਾਂ ਦੀ ਜੇਲ੍ਹ ਵਿੱਚ ਮੌਤ ਹੋ ਗਈ ਸੀ। ਸਜ਼ਾ ਸੁਣਾਏ ਜਾਣ ਤੋਂ ਕਈ ਦਿਨ ਪਹਿਲਾਂ ਉਸ ਵਿਅਕਤੀ ਦੀ ਵੀ ਮੌਤ ਹੋ ਗਈ ਸੀ।

ਝੂਠੇ ਸ਼ੇਖ ਅਤੇ ਲਾਲਚ

ਪ੍ਰਾਚੀਨ ਖਜ਼ਾਨੇ ਦੀ ਖੋਜ ਵਿੱਚ ਮਨੁੱਖੀ ਜਾਨਾਂ ਦੀ ਬਲੀ ਦੇਣਾ ਇੱਕ ਅਪਰਾਧ ਹੈ, ਹਾਲਾਂਕਿ ਮਿਸਰ ਵਿੱਚ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ।

ਇੱਕ ਮੱਤ ਵੀ ਹੈ ਕਿ ਪ੍ਰਾਚੀਨ ਕਬਰਾਂ ਨੂੰ ਇੱਕ "ਸ਼ੇਖ" ਦੀ ਮੌਜੂਦਗੀ ਵਿੱਚ ਖੋਲ੍ਹਿਆ ਜਾਣਾ ਚਾਹੀਦਾ ਹੈ।

ਇਹ ਕਥਿਤ ਸ਼ੇਖ ਉਹ ਆਦਮੀ ਹਨ ਜੋ ਦਾਅਵਾ ਕਰਦੇ ਹਨ ਕਿ ਉਹ ਇੱਕ ਆਤਮਾ ਨੂੰ ਬੁਲਾਉਂਦੇ ਹਨ ਜੋ ਕਬਰ ਦੀ ਰਾਖੀ ਕਰਦੀ ਹੈ। ਅਜਿਹਾ ਕਰਨ ਲਈ ਉਹ ਵੱਡੀ ਰਕਮ ਅਤੇ ਖੂਨ ਦੀ ਭੇਟ ਦੀ ਮੰਗ ਕਰਦੇ ਹਨ।

ਜਦੋਂ ਕਿ ਇਹ ਅਕਸਰ ਜਾਨਵਰਾਂ ਦਾ ਖੂਨ ਹੁੰਦਾ ਹੈ, ਕਈ ਵਾਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਮਨੁੱਖੀ ਖੂਨ ਦੀ ਲੋੜ ਹੈ, ਖ਼ਾਸ ਕਰਕੇ ਬੱਚਿਆਂ ਦੇ।

'ਪ੍ਰਾਚੀਨ ਮਿਸਰੀ ਸਭਿਅਤਾ ’ਤੇ ਆਧਾਰਿਤ ਨਹੀਂ'

ਕਾਹਿਰਾ ਯੂਨੀਵਰਸਿਟੀ ਵਿੱਚ ਪੁਰਾਤੱਤਵ ਅਤੇ ਪ੍ਰਾਚੀਨ ਮਿਸਰੀ ਸਭਿਅਤਾ ਦੇ ਪ੍ਰੋਫੈਸਰ ਡਾਕਟਰ ਅਹਿਮਦ ਬਦਰਾਨ ਦਾ ਮੰਨਣਾ ਹੈ ਕਿ ਇਹ ਅਪਰਾਧ, ਖ਼ਾਸ ਕਰਕੇ ਉੱਪਰੀ ਮਿਸਰ ਵਿੱਚ, ਪ੍ਰਾਚੀਨ ਕਲਾਵਾਂ ਨੂੰ ਲੱਭ ਕੇ ਜਲਦੀ ਅਮੀਰ ਹੋਣ ਦੇ ਸੁਪਨੇ ਕਾਰਨ ਵਾਪਰਦੇ ਹਨ।

ਉਹ ਕਹਿੰਦੇ ਹਨ ਕਿ ਉਹ ਅਖੌਤੀ ‘ਠੱਗੀ ਕਰਨ ਵਾਲੇ ਸ਼ੇਖ’ ਲੋਕਾਂ ਨੂੰ ਯਕੀਨ ਦਿਵਾਉਂਦੇ ਹਨ ਕਿ ਉਨ੍ਹਾਂ ਦੇ ਘਰ ਦੇ ਹੇਠਾਂ ਇੱਕ ‘ਜਿਨ’ ਜਾਂ ਆਤਮਾ ਗਾਰਡ ਦੇ ਨਾਲ ਇੱਕ ਖਜ਼ਾਨਾ ਜਾਂ ਕਬਰ ਹੈ ਅਤੇ ਮਨੁੱਖੀ ਖੂਨ ਦੇ ਬਦਲੇ ਉਸ ਕਬਰ ਦੇ ਦਰਵਾਜ਼ੇ ਖੋਲ੍ਹ ਦੇਵੇਗਾ।

ਡਾਕਟਰ ਬਦਰਾਨ ਕਹਿੰਦੇ ਹਨ, "ਪ੍ਰਾਚੀਨ ਮਿਸਰੀ ਲੋਕ ਦਫ਼ਨਾਉਣ ਵਾਲੀਆਂ ਥਾਵਾਂ ਨੂੰ ਲੁਕਾ ਦਿੰਦੇ ਸਨ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਚੋਰੀ ਤੋਂ ਬਚਾਉਣ ਲਈ ਖਜ਼ਾਨੇ ਹੁੰਦੇ ਸਨ, ਪਰ ਉਨ੍ਹਾਂ ਦੀ ਰਾਖੀ ਲਈ ਕਿਸੇ ਜਿਨ ਜਾਂ ਆਤਮਾ ਦੀ ਵਰਤੋਂ ਨਹੀਂ ਕੀਤੀ।"

ਉਨ੍ਹਾਂ ਨੇ ਅੱਗੇ ਕਿਹਾ ਕਿ ਸਾਰੀਆਂ ਵਿਗਿਆਨਕ ਅਤੇ ਪੁਰਾਤੱਤਵ ਖੁਦਾਈਆਂ ‘ਬਲੀਦਾਨਾਂ ਜਾਂ ਖੂਨ-ਖਰਾਬੇ ਤੋਂ ਬਿਨਾਂ’ ਹੀ ਹੋਈਆਂ ਹਨ।

ਉਨ੍ਹਾਂ ਨੇ "ਜਨਤਕ ਜਾਗਰੂਕਤਾ ਵਧਾਉਣ, ਸਖ਼ਤ ਕਾਨੂੰਨੀ ਸਜ਼ਾਵਾਂ ਅਤੇ ਜਾਅਲੀ ਸ਼ੇਖਾਂ ਦਾ ਮੁਕਾਬਲਾ ਕਰਨ ਲਈ ਕਿਹਾ।”

ਡਾਕਟਕ ਬਦਰਾਨ ਨੇ ਕਿਹਾ ਕਿ ਮੀਡੀਆ ਨੂੰ ਇਸ ਨੂੰ ਉਜਾਗਰ ਕਰਨਾ ਚਾਹੀਦਾ ਹੈ।"

ਕਾਨੂੰਨੀ ਰੋਕ

ਮਿਸਰ ਵਿੱਚ ਪੁਰਾਤਨ ਵਸਤੂਆਂ ਕਾਨੂੰਨ ਦੁਆਰਾ ਸੁਰੱਖਿਅਤ ਹਨ।

ਸੰਵਿਧਾਨ ਦੇ ਅਨੁਛੇਦ 49 ਵਿੱਚ ਕਿਹਾ ਗਿਆ ਹੈ ਕਿ "ਰਾਜ ਪੁਰਾਤਨ ਵਸਤੂਆਂ ਦੀ ਰੱਖਿਆ ਅਤੇ ਸੰਭਾਲ, ਉਨ੍ਹਾਂ ਦੇ ਖੇਤਰਾਂ ਦੀ ਦੇਖਭਾਲ, ਉਨ੍ਹਾਂ ਦੀ ਸਾਂਭ-ਸੰਭਾਲ ਅਤੇ ਬਹਾਲ ਕਰਨ ਲਈ ਵਚਨਬੱਧ ਹੈ।”

“ਉਨ੍ਹਾਂ ਤੋਂ ਜੋ ਜ਼ਬਤ ਕੀਤਾ ਗਿਆ ਸੀ, ਉਸ ਨੂੰ ਬਰਾਮਦ ਕਰਨਾ, ਉਨ੍ਹਾਂ ਦੀ ਖੁਦਾਈ ਦਾ ਆਯੋਜਨ ਅਤੇ ਨਿਗਰਾਨੀ ਕਰਨਾ ਅਤੇ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਤੋਹਫ਼ੇ ਜਾਂ ਅਦਲਾ-ਬਦਲੀ 'ਤੇ ਪਾਬੰਦੀ ਲਗਾਉਣਾ ਇੰਨਾਂ ਹੀ ਨਹੀਂ ਉਨ੍ਹਾਂ 'ਤੇ ਹਮਲਾ ਕਰਨਾ ਅਤੇ ਤਸਕਰੀ ਕਰਨਾ ਇੱਕ ਅਪਰਾਧ ਹੈ ਜੋ ਸੀਮਾਵਾਂ ਦੇ ਕਾਨੂੰਨ ਦੇ ਅੰਦਰ ਨਹੀਂ ਆਉਂਦਾ ਹੈ।"

ਮਿਸਰੀ ਪੀਨਲ ਕੋਡ ਦੀ ਧਾਰਾ 42 ਵੀ ਨਿਰਧਾਰਤ ਕਰਦੀ ਹੈ ਕਿ, "ਘੱਟ ਤੋਂ ਘੱਟ ਪੰਜ ਸਾਲ ਅਤੇ ਸੱਤ ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਅਤੇ ਤਿੰਨ ਹਜ਼ਾਰ ਪੌਂਡ ਤੋਂ ਘੱਟ ਦਾ ਜੁਰਮਾਨਾ ਹੋ ਸਕਦਾ ਹੈ।”

ਕੁਝ ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਗੈਰ-ਕਾਨੂੰਨੀ ਪੁਰਾਤੱਤਵ ਖੁਦਾਈ ਨਾਲ ਜੁੜੇ ਅਪਰਾਧਾਂ ਖ਼ਾਸ ਕਰਕੇ ਕਤਲ ਦੇ ਮਾਮਲਿਆਂ ਵਿੱਚ ਇਹ ਸਜ਼ਾ ਹੁਣ ਕਾਫ਼ੀ ਨਹੀਂ ਹੈ।

ਹਾਲਾਂਕਿ, ਮਿਸਰ ਦੀ ਨਿਆਂਪਾਲਿਕਾ ਨੇ ਕੁਝ ਮਾਮਲਿਆਂ ਵਿੱਚ ਪੀਨਲ ਕੋਡ ਦੀਆਂ ਹੋਰ ਧਾਰਾਵਾਂ ਨੂੰ ਲਾਗੂ ਕਰਦੇ ਹੋਏ ਸਖ਼ਤ ਸਜ਼ਾਵਾਂ ਲਗਾਈਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)