ਭਾਰਤ-ਪਾਕ ਦੇ ਸਬੰਧਾਂ 'ਚ 'ਕੈਦ' ਦੋਹਾਂ ਮੁਲਕਾਂ ਦੇ ਮਛੇਰੇ

- ਲੇਖਕ, ਨੀਤਿਨ ਸ਼੍ਰੀਵਾਸਤਵ
- ਰੋਲ, ਬੀਬੀਸੀ ਪੱਤਰਕਾਰ
ਭਾਰਤ-ਪਾਕ ਮਛੇਰਿਆਂ ਨੂੰ ਇੱਕ ਦੂਜੇ ਦੀਆਂ ਸਮੁੰਦਰੀ ਸਰਹੱਦਾਂ ਵਿੱਚ ਦਾਖ਼ਲ ਹੋਣ ਕਾਰਨ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਅਤੇ ਪਰਿਵਾਰਾਂ ਤੋਂ ਦੂਰ ਕਈ ਸਾਲ ਜੇਲ੍ਹ 'ਚ ਕੱਟਣੇ ਪੈਂਦੇ ਹਨ।
ਲੈਲਾ ਅਤੇ ਅਮਰੁਤ ਦੇ ਵਿਚਕਾਰ ਅਰਬ ਦੀ ਖਾੜੀ ਹੈ।
ਉਹ ਪਾਕਿਸਤਾਨ ਅਤੇ ਭਾਰਤ ਵਿੱਚ ਰਹਿੰਦੀਆਂ ਹਨ ਪਰ ਉਨ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਹਨ।
ਉਨ੍ਹਾਂ ਦੇ ਪਤੀ ਮਛੇਰੇ ਹਨ ਤੇ ਇੱਕ ਦੂਜੇ ਦੇ ਦੇਸ ਦੀਆਂ ਜੇਲ੍ਹਾਂ ਵਿੱਚ ਬੰਦ ਹਨ।
ਲੈਲਾ ਪੰਜ ਬੱਚਿਆਂ ਦੀ ਮਾਂ ਹੈ ਜਦਕਿ ਅਮਰੁਤ ਦੇ ਚਾਰ ਬੱਚੇ ਹਨ।
ਲੈਲਾ ਦਾ ਪਤੀ ਭਾਰਤੀ ਜੇਲ੍ਹ ਵਿੱਚ ਕੈਦ ਹੈ ਤਾਂ ਅਮਰੁਤ ਦਾ ਪਤੀ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਹੈ।
ਇਨ੍ਹਾਂ ਦੇ ਪਤੀ ਸਮੁੰਦਰੀ ਸਰਹੱਦਾਂ ਦੀ ਉਲੰਘਣਾ ਦੇ ਇਲਜ਼ਾਮਾਂ ਵਿੱਚ ਫੜੇ ਗਏ ਹਨ। ਉਹ ਆਪਣੇ ਆਪ ਨੂੰ ਬੇ-ਕਸੂਰ ਦੱਸਦੇ ਹਨ ਜੋ ਗਲਤੀ ਨਾਲ ਵਿਦੇਸ਼ੀ ਸਮੁੰਦਰੀ ਹੱਦ 'ਚ ਦਾਖ਼ਲ ਹੋ ਗਏ ਹਨ।
'ਅੱਧੀਆਂ ਵਿਧਵਾਵਾਂ'
ਦਸੰਬਰ 2016 ਵਿੱਚ ਲੈਲਾ ਦੇ ਕੁਨਬੇ ਦੇ 16 ਲੋਕਾਂ ਨੂੰ ਭਾਰਤ ਸਰਕਾਰ ਨੇ ਹਿਰਾਸਤ ਵਿੱਚ ਲਿਆ ਸੀ।
ਜਨਵਰੀ 2017 'ਚ ਪਾਕਿਸਤਾਨੀ ਸਰਕਾਰ ਨੇ ਅਮਰੁਤ ਦੇ ਪਤੀ ਕਾਨਜੀ ਨੂੰ ਛੇ ਹੋਰ ਸਾਥੀਆਂ ਨਾਲ ਗ੍ਰਿਫ਼ਤਾਰ ਕੀਤਾ।
ਜਦੋਂ ਦਿੱਲੀ ਅਤੇ ਇਸਲਾਮਾਬਾਦ ਦਰਮਿਆਨ ਰਿਸ਼ਤੇ ਖ਼ਰਾਬ ਹੋ ਜਾਂਦੇ ਹਨ, ਤਾਂ ਇਸ ਦਾ ਸੇਕ ਮਛੇਰਿਆਂ ਨੂੰ ਵੀ ਲੱਗਦਾ ਹੈ।

ਦੋਵੇਂ ਔਰਤਾਂ ਦੀਆਂ ਛੋਟੀਆਂ ਧੀਆਂ ਇਨ੍ਹਾਂ ਨੂੰ ਸਿਰਫ਼ ਇੱਕ ਸਵਾਲ ਪੁੱਛਦੀਆਂ ਹਨ,''ਮੇਰੇ ਪਿਤਾ ਜੀ ਸਮੁੰਦਰ ਤੋਂ ਵਾਪਸ ਕਦੋਂ ਆਉਣਗੇ?''
ਪਾਕਿਸਤਾਨ ਦੇ ਝੰਗੀਸਰ ਪਿੰਡ ਦੀ ਲੈਲਾ ਨੇ ਕਿਹਾ, "ਮੇਰੇ ਬੱਚਿਆਂ ਨੂੰ ਪਿਤਾ ਦੀ ਬਹੁਤ ਯਾਦ ਆਉਂਦੀ ਹੈ, ਖ਼ਾਸ ਕਰਕੇ ਮੇਰੀ ਛੋਟੀ ਕੁੜੀ ਨੂੰ। ਉਹ ਹਰ ਵੇਲੇ ਆਪਣੇ ਪਿਤਾ ਬਾਰੇ ਪੁੱਛਦੀ ਹੈ ਅਤੇ ਉਨ੍ਹਾਂ ਦੀ ਵਾਪਸੀ ਦੇ ਸੁਪਨੇ ਦੇਖਦੀ ਹੈ।''
ਝੰਗੀਸਰ ਮਛੇਰਿਆਂ ਦਾ ਇੱਕ ਛੋਟਾ ਜਿਹਾ ਪਿੰਡ ਹੈ। ਇਹ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਸਿੰਧੂ ਦਰਿਆ ਦੇ ਕੰਡੇ 'ਤੇ ਪੈਂਦਾ ਹੈ।
ਸਮੁੰਦਰ ਦੇ ਪਾਰ ਪੱਛਮੀ ਭਾਰਤ ਵਿੱਚ ਦਮਨ ਅਤੇ ਦਿਉ ਦੇ ਇੱਕ ਪਿੰਡ ਅਮਰੁਤ ਸੋਲੰਕੀ ਵੀ ਆਪਣੀ ਛੋਟੀ ਜਿਹੀ ਧੀ ਨਾਲ ਰਹਿੰਦੀ ਹੈ।

ਉਹ ਆਪਣੀ ਬੇਟੀ ਨਮਰਤਾ (13) ਨੂੰ ਵਰਾ ਕੇ ਰੋਟੀ ਖੁਆਉਂਦੇ ਕਹਿੰਦੀ ਹੈ ਕਿ ਉਸ ਦੇ ਪਿਤਾ ਛੇਤੀ ਵਾਪਸ ਆਉਣਗੇ।
ਕੇਂਦਰ ਸ਼ਾਸਤ ਖੇਤਰ ਦਿਉ ਵਿੱਚ ਵਣਕਬਾਰਾ ਮਛੇਰਿਆਂ ਦਾ ਇੱਕ ਹੋਰ ਪਿੰਡ ਹੈ।
ਅਮਰੁਤ ਨੇ ਦੱਸਿਆ ਕਿ ਉਹ ਵਿਆਜ 'ਤੇ ਪੈਸੇ ਉਧਾਰ ਲੈ ਕੇ ਆਪਣੇ ਪਰਿਵਾਰ ਦਾ ਡੰਗ ਟਪਾ ਰਹੀ ਹੈ।
ਉਸਨੇ ਕਿਹਾ, ''ਮੈਂ ਸ਼ਾਹੂਕਾਰਾਂ ਨਾਲ ਵਾਅਦਾ ਕੀਤਾ ਹੈ ਕਿ ਜਦੋਂ ਮੇਰਾ ਪਤੀ ਪਾਕਿਸਤਾਨੀ ਜੇਲ੍ਹ ਤੋਂ ਵਾਪਸ ਆਵੇਗਾ ਤਾਂ ਮੈਂ ਸਾਰੇ ਪੈਸੇ ਵਾਪਸ ਕਰ ਦਿਆਂਗੀ।''
'ਸਰਕਾਰ ਦੀ ਅਯੋਗਤਾ'
ਗੁਜਰਾਤ ਦੇ ਮੱਛੀ ਪਾਲਣ ਕਮਿਸ਼ਨਰ ਮੁਹੰਮਦ ਸ਼ੇਖ ਦਾ ਕਹਿਣਾ ਹੈ ਕਿ ਗੁਜਰਾਤ, ਦਮਨ ਅਤੇ ਦਿਉ ਦੇ ਘੱਟੋ-ਘੱਟ 376 ਮਛੇਰੇ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਹਨ।
ਪਾਕਿਸਤਾਨ ਦੇ ਗ਼ੈਰ-ਸਰਕਾਰੀ ਸੰਗਠਨ, ਫਿਸ਼ਰ ਫੋਕ ਫੋਰਮ ਮੁਤਾਬਕ ਘੱਟੋ-ਘੱਟ 300 ਪਾਕਿਸਤਾਨੀ ਮਛੇਰੇ, ਜਿਨ੍ਹਾਂ ਵਿੱਚੋਂ 55 ਥੱਟਾ ਜ਼ਿਲੇ ਤੋਂ ਹਨ, ਇਸ ਸਮੇਂ ਭਾਰਤੀ ਜੇਲ੍ਹਾਂ ਵਿੱਚ ਬੰਦ ਹਨ।
ਪਾਕਿਸਤਾਨੀ ਸਰਕਾਰ ਦੇ ਅੰਕੜੇ ਇਸ ਨਾਲ ਮੇਲ ਨਹੀਂ ਖਾਂਦੇ। ਸਰਕਾਰੀ ਅੰਕੜੇ ਭਾਰਤ ਵਿੱਚ 184 ਪਾਕਿਸਤਾਨੀ ਮਛੇਰਿਆਂ ਦੇ ਬੰਦ ਹੋਣ ਦਾ ਦਾਅਵਾ ਕਰਦੇ ਹਨ।

ਜੇਲ੍ਹਾਂ ਵਿਚ ਬੰਦ ਮਛੇਰੇ ਆਪਣੇ ਪਰਿਵਾਰਾਂ ਦੇ ਇੱਕੋ ਇੱਕ ਕਮਾਉ ਜੀਅ ਹਨ, ਜਾਂ ਤਾਂ ਉਨ੍ਹਾਂ ਦੀਆਂ ਮਾਵਾਂ ਅਤੇ ਪਤਨੀਆਂ ਸਮੁੰਦਰ 'ਚ ਮਛੇਰਿਆਂ ਵਾਲੇ ਕੰਮ 'ਤੇ ਜਾਣ ਜਾਂ ਫਿਰ ਸੜਕਾਂ 'ਤੇ ਭੀਖ਼ ਮੰਗ ਕੇ ਗੁਜ਼ਾਰਾ ਕਰਨ।
ਗੁਲਾਬ ਸ਼ਾਹ ਪਾਕਿਸਤਾਨ ਵਿੱਚ ਫਿਸ਼ਰ ਫੋਕ ਫੋਰਮ ਲਈ ਕੰਮ ਕਰਦੇ ਹਨ। ਉਹ ਕਹਿੰਦਾ ਹੈ ਕਿ ਸਮੁੰਦਰ ਵਿੱਚ ਕੋਈ ਸਰਹੱਦ ਨਹੀਂ ਹੋਣੀ ਚਾਹੀਦੀ ਅਤੇ ਸਰ-ਕਰੀਕ ਵਿਵਾਦ ਦਾ ਹੱਲ ਹੋਣਾ ਚਾਹੀਦਾ ਹੈ।
ਇਹ ਅਰਬ ਸਾਗਰ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ 96 ਕਿਲੋਮੀਟਰ ਪਾਣੀ ਦੀ ਇੱਕ ਪੱਟੀ ਹੈ, ਜਿਸ ਉੱਤੇ ਦੋਵੇਂ ਦੇਸ ਆਪੋ ਆਪਣਾ ਦਾਅਵਾ ਕਰਦੇ ਹਨ।
ਗੁਲਾਬ ਸ਼ਾਹ ਨੇ ਕਿਹਾ, "ਇਹ ਮਛੇਰੇ ਛੋਟੀਆਂ ਨਦੀਆਂ ਰਾਹੀਂ ਸਫ਼ਰ ਕਰਦੇ ਹਨ। ਕਦੇ-ਕਦੇ ਖੁੱਲ੍ਹੇ ਸਮੁੰਦਰ ਵਿੱਚ ਗੁੰਮ ਜਾਂਦੇ ਹਨ ਅਤੇ ਸਰਹੱਦ ਪਾਰ ਕਰਨ ਕਰਕੇ ਅੰਤ ਉਹ ਜੇਲ੍ਹ ਪਹੁੰਚ ਜਾਂਦੇ ਹਨ, ਕਦੇ ਕਦੇ ਇਹ ਉਮਰ ਕੈਦ ਬਣ ਜਾਂਦੀ ਹੈ।
"ਜੇ ਗ਼ੈਰ ਕਨੂੰਨੀ ਤਰੀਕੇ ਨਾਲ ਸਰਹੱਦਾਂ ਨੂੰ ਪਾਰ ਦਾ ਇਹ ਮੁੱਦਾ ਹੈ, ਤਾਂ ਉਨ੍ਹਾਂ ਨੂੰ ਕਨੂੰਨ ਤਹਿਤ ਤਿੰਨ ਮਹੀਨਿਆਂ ਦੀ ਕੈਦ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।"
ਭਾਰਤ ਦੇ ਮਛੇਰਿਆਂ ਦੇ ਨੁਮਾਇੰਦੇ ਵੀ ਅਜਿਹਾ ਹੀ ਕੁਝ ਕਹਿੰਦੇ ਹਨ।

ਗੁਜਰਾਤ ਵਿੱਚ ਪੋਰਬੰਦਰ ਫਿਸ਼ਿੰਗ ਬੋਟ ਐਸੋਸੀਏਸ਼ਨ (ਪੀ.ਐਫ.ਬੀ.ਏ.) ਦੇ ਸਾਬਕਾ ਪ੍ਰਧਾਨ ਮਨੀਸ਼ ਲੋਧਾਰੀ ਨੇ ਕਿਹਾ ਕਿ ਉਨ੍ਹਾਂ ਦਾ ਸੰਗਠਨ ਹਰ ਸਾਲ ਪਾਕਿਸਤਾਨੀ ਸਮੁੰਦਰੀ ਸੁਰੱਖਿਆ ਏਜੰਸੀ(ਪੀਐਮਐਸਏ) ਵੱਲੋਂ ਗ੍ਰਿਫਤਾਰ ਭਾਰਤੀ ਮਛੇਰਿਆਂ ਨੂੰ ਰਿਹਾਅ ਕਰਵਾਉਣ ਭਾਰਤ ਸਰਕਾਰ ਤੱਕ ਪਹੁੰਚ ਕਰਦਾ ਹੈ।
ਉਹ ਕਹਿੰਦੇ ਹਨ, "ਇਹ ਲੰਬੀ ਪ੍ਰਕਿਰਿਆ ਹੈ ਅਤੇ ਜੇ ਹਰ ਚੀਜ਼ ਬੜੀ ਤੇਜ਼ ਗਤੀ ਨਾਲ ਵਾਪਰਦੀ ਹੈ ਤਾਂ ਵੀ ਪਾਕਿਸਤਾਨ ਵਿੱਚ ਗ੍ਰਿਫ਼ਤਾਰ ਹੋਣ ਤੋਂ ਬਾਅਦ ਇੱਕ ਮਛੇਰੇ ਨੂੰ ਰਿਹਾਅ ਹੋਣ ਲਈ ਘੱਟੋ ਘੱਟ ਇੱਕ ਸਾਲ ਲੱਗਦਾ ਹੈ।"
ਭਾਰਤ ਅਤੇ ਪਾਕਿਸਤਾਨ ਨੂੰ ਇਸ ਮਸਲੇ ਦੇ ਹੱਲ ਲਈ ਅਦਾਲਤੀ ਕਮਿਸ਼ਨ ਦਾ ਗਠਨ ਕਰਨਾ ਚਾਹੀਦਾ ਹੈ।

ਇਹ ਸਿਫਾਰਸ਼ ਕੀਤੀ ਜਾ ਰਹੀ ਹੈ ਕਿ ਕਮਿਸ਼ਨ ਘੱਟੋ-ਘੱਟ ਸਾਲ ਵਿੱਚ ਇੱਕ ਵਾਰ ਇੱਕ ਦੂਜੇ ਦੀਆਂ ਜੇਲ੍ਹਾਂ ਵਿੱਚ ਬੰਦ ਮਛੇਰਿਆਂ ਨੂੰ ਮਿਲੇ।
ਉਨ੍ਹਾਂ ਨੂੰ ਕਨੂੰਨੀ ਸਲਾਹ, ਬਿਹਤਰ ਭੋਜਨ, ਰਹਿਣ ਦੀਆਂ ਸਹੂਲਤਾਂ ਅਤੇ ਮੈਡੀਕਲ ਦੇਖਭਾਲ ਦਾ ਪ੍ਰਬੰਧ ਹੋਵੇ।
ਦੋਵੇਂ ਮੁਲਕ ਉਸ ਕੌਮਾਂਤਰੀ ਕਨੂੰਨ 'ਤੇ ਹਸਤਾਖ਼ਰ ਕਰਨ ਵਾਲੇ ਵੀ ਹਨ ਜੋ ਮਛੇਰਿਆਂ ਦੀ ਗ੍ਰਿਫ਼ਤਾਰੀ ਦੇ ਖ਼ਿਲਾਫ਼ ਹੈ।

ਜੇਲ੍ਹਾਂ ਵਿਚ ਬੰਦ ਮਛੇਰਿਆਂ ਦੇ ਮੁੱਦੇ ਨੂੰ ਸੁਲਝਾਉਣ ਲਈ ਹਰ ਛੇ ਮਹੀਨਿਆਂ ਵਿੱਚ ਦੁਵੱਲੀ ਬੈਠਕ ਵੀ ਹੁੰਦੀ ਹੈ ਪਰ ਕਾਰਵਾਈ ਹੌਲੀ ਹੌਲੀ ਹੁੰਦੀ ਹੈ।
ਸ਼ਾਂਤਾ ਕੋਲੀਪਟੇਲ ਦੇ ਪਤੀ ਕਾਂਜੀਭਾਈ ਨੂੰ ਜਨਵਰੀ ਵਿੱਚ ਪਾਕਿਸਤਾਨੀ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤਾ ਸੀ।
ਦੋਵੇਂ ਪਾਸੇ ਦੀਆਂ ਔਰਤਾਂ ਅਕਸਰ ਅਨਪੜ੍ਹ ਹੁੰਦੀਆਂ ਹਨ, ਇਸ ਲਈ ਆਪਣੇ ਘਰਵਾਲਿਆਂ ਲਈ ਕਨੂੰਨੀ ਲੜਾਈ ਲੜਨਾ ਵੀ ਮੁਸ਼ਕਲ ਹੁੰਦਾ ਹੈ
ਸ਼ਾਂਤਾ ਨੇ ਕਿਹਾ, "ਕਿਸ਼ਤੀਆਂ ਦੇ ਮਾਲਕਾਂ ਨੇ ਵੀ ਮੇਰੇ ਪਤੀ ਦੇ ਕੇਸ ਲਈ ਸਾਡੀ ਕੋਈ ਵਿੱਤੀ ਜਾਂ ਕਨੂੰਨੀ ਮਦਦ ਨਹੀਂ ਕੀਤੀ।"
ਦਰਦ ਹੀ ਦਰਦ
ਪਾਕਿਸਤਾਨ ਵਿੱਚ ਸਿੰਧ ਦੇ ਝੰਗੀਸਰ ਦੀ ਰਹਿਣ ਵਾਲੀ ਸਲਮਾ ਦਾ ਹੋਰ ਵੀ ਵੱਡਾ ਦੁੱਖ ਹੈ। ਉਸ ਨੂੰ ਮੀਡੀਆ ਜ਼ਰੀਏ ਆਪਣੇ ਬੇਟੇ ਦੀ ਗ੍ਰਿਫਤਾਰੀ ਬਾਰੇ ਪਤਾ ਲੱਗਿਆ ਸੀ।
ਉਨ੍ਹਾਂ ਕਿਹਾ, "ਮੈਂ ਇੰਟਰਨੈੱਟ 'ਤੇ ਆਪਣੇ ਪੁੱਤਰ ਦੀ ਫੋਟੋ ਦੇਖੀ ਅਤੇ ਉਸ ਦੀ ਗ੍ਰਿਫ਼ਤਾਰੀ ਬਾਰੇ ਪਤਾ ਲੱਗਾ। ਮੇਰੇ ਪਤੀ ਦੀ ਇਸੇ ਦੁੱਖ ਕਾਰਨ ਇੱਕ ਮਹੀਨੇ ਬਾਅਦ ਮੌਤ ਹੋ ਗਈ।

ਸਲਮਾ ਨੇ ਕਿਹਾ, "ਸਰਕਾਰ ਨੂੰ ਸਾਡੇ 'ਤੇ ਤਰਸ ਕਰਨਾ ਚਾਹੀਦਾ ਹੈ ਅਤੇ ਮਛੇਰਿਆਂ ਨੂੰ ਤੁਰੰਤ ਰਿਹਾਅ ਕਰ ਦੇਣਾ ਚਾਹੀਦਾ ਹੈ ਤਾਂ ਜੋ ਭਾਰਤ ਮੋੜਵੀਂ ਕਾਰਵਾਈ 'ਚ ਸਾਡੇ ਗਰੀਬ ਪੁੱਤਰਾਂ ਨੂੰ ਵਿੱਚ ਛੱਡ ਦੇਵੇ।"
ਭਾਰਤ ਵਿੱਚ ਦਿਉ ਸ਼ਾਂਤਾ ਕੋਲੀਪਟੇਲ ਕਹਿੰਦੀ ਹੈ, "ਇਹ (ਪਾਕਿਸਤਾਨੀ) ਔਰਤਾਂ ਸਾਡੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੀਆਂ ਹਨ। ਮਛੇਰਿਆਂ ਦੀ ਜ਼ਿੰਦਗੀ ਹਰ ਜਗ੍ਹਾ ਇੱਕੋ ਜਿਹੀ ਹੈ।"
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)














