ਲੀਥੀਅਮ ਦਾ ਜੰਮੂ-ਕਸ਼ਮੀਰ ਵਿਚ ਵੱਡਾ ਭੰਡਾਰ ਮਿਲਣ ਤੋਂ ਬਾਅਦ ਭਾਰਤ ਵਿੱਚ ਖੁਸ਼ੀਆਂ ਕਿਉਂ ਮਨਾਈਆਂ ਜਾ ਰਹੀਆਂ

ਤਸਵੀਰ ਸਰੋਤ, Getty Images
- ਲੇਖਕ, ਚੇਰਿਲਾਨ ਮੋਲਾਨ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਨੇ ਦੇਸ ਅੰਦਰ ਲਿਥੀਅਮ ਦੇ ਵੱਡੇ ਅਤੇ ਮਹੱਤਵਪੂਰਨ ਭੰਡਾਰ ਮਿਲਣ ਦੀ ਗੱਲ ਆਖੀ ਹੈ।
ਲਿਥੀਅਮ ਇੱਕ ਤਰ੍ਹਾਂ ਦਾ ਖਣਿਜ ਹੈ, ਜੋ ਇਲੈਕਟ੍ਰੋਨਿਕ ਗੱਡੀਆਂ, ਮੋਬਾਇਲ ਫ਼ੋਨ ਅਤੇ ਲੈਪਟਾਪ ਵਿੱਚ ਲਗਾਈਆਂ ਜਾਣ ਵਾਲੀਆਂ ਬੈਟਰੀਆਂ ਵਿੱਚ ਵਰਤਿਆ ਜਾਂਦਾ ਹੈ।
ਵੀਰਵਾਰ ਨੂੰ ਸਰਕਾਰ ਨੇ ਐਲਾਨ ਕੀਤਾ ਕਿ ਜਿਓਲਾਜਿਕਲ ਸਰਵੇ ਆਫ਼ ਇੰਡੀਆ ਨੇ ਜੰਮੂ-ਕਸ਼ਮੀਰ ਵਿੱਚ ਲਿਥੀਅਮ ਦਾ 59 ਲੱਖ ਟਨ ਵਿਸ਼ਾਲ ਭੰਡਾਰ ਲੱਭਿਆ ਹੈ।
ਇਹ ਭੰਡਾਰ ਰਿਆਸੀ ਜ਼ਿਲ੍ਹੇ ਵਿੱਚ ਮਿਲਿਆ ਹੈ।
ਲਿਥੀਅਮ ਲਈ ਹੁਣ ਤੱਕ ਭਾਰਤ ਆਸਟ੍ਰੇਲੀਆ ਅਤੇ ਅਰਜਨਟੀਨਾ ਉਪਰ ਨਿਰਭਰ ਕਰਦਾ ਸੀ।
ਲਿਥੀਅਮ ਦੀ ਵਰਤੋਂ ਵਾਰ-ਵਾਰ ਰਿਚਾਜ਼ਰ ਕੀਤੀਆਂ ਜਾਣ ਵਾਲੀਆਂ ਬੈਟਰੀਆਂ ਵਿੱਚ ਹੁੰਦੀ ਹੈ।
ਇਹ ਮੰਨਿਆ ਜਾ ਰਿਹਾ ਹੈ ਕਿ ਪੈਟਰੋਲ ਅਤੇ ਡੀਜ਼ਲ ਨਾਲ ਹੋਣ ਵਾਲੇ ਪ੍ਰਦੂਸ਼ਨ ਨੂੰ ਘੱਟ ਕਰਨ ਵਿੱਚ ਇਸ ਨਾਲ ਸਹਾਇਤਾ ਮਿਲੇਗੀ।
ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਗਲੋਬਲ ਵਾਰਮਿੰਗ ਲਈ ਜ਼ਿੰਮੇਵਾਰ ਕਾਰਬਨ ਦੀ ਵਰਤੋਂ ਘੱਟ ਕਰਨ ਦੇ ਯਤਨਾਂ ਨੂੰ ਬੂਰ ਪਵੇਗਾ।
ਲਿਥੀਅਮ ਨਾਲ ਸਾਲ 2030 ਤੱਕ ਦੇਸ਼ ਵਿੱਚ ਇਲੈਕਟ੍ਰਾਨਿਕ ਗੱਡੀਆਂ ਦੀ ਪੈਦਾਵਾਰ 30 ਫ਼ੀਸਦੀ ਵਧ ਸਕਦੀ ਹੈ।

ਤਸਵੀਰ ਸਰੋਤ, MOHIT KANDHARI
ਜੰਮੂ-ਕਸ਼ਮੀਰ 'ਚ ਕਿੱਥੇ ਮਿਲਿਆ ਲਿਥੀਅਮ?
ਭਾਰਤ ਸਰਕਾਰ ਦੇ ਖਣਿਜ ਮੰਤਰਾਲੇ ਅਨੁਸਾਰ ਲਿਥੀਅਮ ਦਾ ਭੰਡਾਰ ਜੰਮ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਸਲਾਲ ਬਲਾਕ ਵਿੱਚ ਮਿਲਿਆ ਹੈ।
ਇਹ ਇਲਾਕਾ ਝਨਾਅ ਦਰਿਆ ਉਪਰ ਬਣੇ 690 ਮੈਗਾਵਾਟ ਦੀ ਸਮਰੱਥਾ ਵਾਲੇ ਸਲਾਲ ਪਾਵਰ ਸਟੇਸ਼ਨ ਤੋਂ ਕਰੀਬ 8 ਕਿਲੋਮੀਟਰ ਦੂਰੀ 'ਤੇ ਸਥਿਤ ਹੈ।
ਇਸ ਇਲਾਕੇ ਦੇ ਨੇੜੇ ਤੇੜੇ ਕੋਈ ਵੀ ਰਿਹਾਇਸ਼ੀ ਬਸਤੀ ਨਹੀਂ ਹੈ।
ਇਲਾਕੇ ਦੇ ਕਰੀਬ 5 ਵਾਰਡ ਇਸ ਭੰਡਾਰ ਦੇ ਆਸਪਾਸ ਹਨ।
ਜੰਮੂ ਕਸ਼ਮੀਰ ਦੇ ਖਣਿਜ ਵਿਭਾਗ ਦੇ ਸਕੱਤਰ ਅਮਿਤ ਸ਼ਰਮਾ ਨੇ ਬੀਬੀਸੀ ਸਹਿਯੋਗੀ ਮੋਹਿਤ ਕੰਧਾਰੀ ਨੂੰ ਦੱਸਿਆ, "ਭਾਰਤ ਜੀ-20 ਦੀ ਮੇਜ਼ਬਾਨੀ ਕਰ ਕਿਹਾ ਹੈ, ਅਜਿਹੇ ਵਿੱਚ ਲਿਥੀਅਮ ਦਾ ਭੰਡਾਰ ਮਿਲਣਾ ਦੇਸ਼ ਲਈ ਚੰਗਾ ਸੰਕੇਤ ਹੈ।"
ਅਮਿਤ ਸ਼ਰਮਾ ਮੰਨਦੇ ਹਨ ਕਿ ਇਹ ਉਪਲੱਭਧੀ ਖੇਡ ਨੂੰ ਬਦਲਣ ਵਾਲੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵਿਕਾਸ ਦੀ ਦਿਸ਼ਾ ਬਦਲ ਸਕਦੀ ਹੈ।

ਤਸਵੀਰ ਸਰੋਤ, MOHIT KANDHARI
ਸ਼ਰਮਾ ਕਹਿੰਦੇ ਹਨ, "ਲਿਥੀਅਮ ਦਾ ਭੰਡਾਰ ਮਿਲਣ ਨਾਲ ਸੰਸਾਰ ਪੱਧਰ ਤੇ ਸਾਡੀ ਮੌਜੂਦਗੀ ਦਰਜ ਕੀਤੀ ਜਾਵੇਗੀ। ਇਸ ਨਾਲ ਦੁਨੀਆ ਭਰ ਵਿੱਚ ਇਹ ਸੁਨੇਹਾ ਜਾਵੇਗਾ ਕਿ ਦੇਸ ਇਸ ਖੇਤਰ ਵਿੱਚ ਆਤਮ ਨਿਰਭਰ ਹੈ ਅਤੇ ਜਲਦ ਹੀ ਇਸ ਦੀ ਗਿਣਤੀ ਲਿਥੀਅਮ ਨਿਰਮਾਣ ਕਰਨ ਵਾਲੇ ਬੋਲਿਵੀਆ, ਅਰਜਨਟੀਨਾ, ਚਿਲੀ, ਅਮਰੀਕਾ, ਆਸਟ੍ਰੇਲੀਆ ਅਤੇ ਚੀਨ ਵਰਗੇ ਦੇਸ਼ਾਂ ਵਿੱਚ ਕੀਤੀ ਜਾਵੇਗੀ।"
ਅਮਿਤ ਸ਼ਰਮਾ ਇਸ ਨੂੰ ਗਰੀਨ ਇੰਡੀਆ ਅਤੇ ਇਕੋ ਫਰੈਂਡਲੀ ਇੰਡੀਆ ਬਣਉਣ ਦੇ ਸੁਪਨੇ ਨੂੰ ਪੂਰਾ ਕਰਨ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਮੰਨਦੇ ਹਨ।
ਉਹ ਕਹਿੰਦੇ ਹਨ, "ਇਹ ਜੰਮੂ ਕਸ਼ਮੀਰ ਲਈ ਵੀ ਖਾਸ ਸਾਬਿਤ ਹੋਵੇਗਾ। ਉਤਪਾਦਨ ਉਦਯੋਗ ਲਈ, ਇਲੈਕਟ੍ਰਾਨਿਕ ਵਾਹਨਾਂ ਲਈ ਅਤੇ ਮੋਬਾਇਲ ਫੋਨ ਸਨਅਤ ਲਈ ਵੀ ਮੀਲਪੱਥਰ ਹੋਵੇਗਾ।"
ਸਲਾਲਕੋਟ ਦੇ ਸਰਪੰਚ ਮੋਹਿੰਦਰ ਸਿੰਘ ਨੇ ਕਿਹਾ ਕਿ ਲਿਥੀਅਮ ਮਿਲਣ ਨਾਲ ਸਾਰੇ ਇਲਾਕੇ ਦੀ ਕਾਇਆ ਪਲਟ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਨਾਲ ਇੱਥੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।
ਮੋਹਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਜਿਓਲਾਜੀਕਲ ਸਰਵੇ ਆਫ਼ ਇੰਡੀਆ ਦੇ ਵਿਗਿਆਨੀਆਂ ਨੇ ਸੈਂਪਲ ਲਏ ਸਨ।

ਇਸ ਖ਼ਬਰ ਦੀਆਂ ਮੁੱਖ ਗੱਲਾਂ...
- ਲਿਥੀਅਮ ਇੱਕ ਹਲਕਾ ਖਣਿਜ ਹੈ ਜਿਸ ਦੀ ਲਿਥੀਅਮ ਆਇਨ ਬੈਟਰੀ 'ਚ ਵਰਤੋਂ ਹੁੰਦਾ ਹੈ
- ਦੁਨੀਆ ਵਿੱਚ ਲਿਥੀਅਮ ਦਾ ਜਿੰਨਾਂ ਉਤਪਾਦਨ ਹੁੰਦਾ ਹੈ, ਉਸਦੀ 74 ਫ਼ੀਸਦੀ ਵਰਤੋਂ ਬੈਟਰੀਆਂ ਵਿੱਚ ਹੁੰਦੀ ਹੈ
- ਇਸ ਤੋਂ ਇਲਾਵਾ ਸੇਰਾਮਿਕ, ਕੱਚ ਅਤੇ ਪਾਲੀਮਰ ਦੇ ਉਤਪਾਦ ਵਿੱਚ ਵੀ ਇਸ ਦੀ ਵਰਤੀ ਕੀਤੀ ਜਾਂਦੀ ਹੈ
- ਲਿਥੀਅਮ ਨਾਲ ਸਾਲ 2030 ਤੱਕ ਦੇਸ਼ ਵਿੱਚ ਇਲੈਕਟ੍ਰਾਨਿਕ ਗੱਡੀਆਂ ਦੀ ਪੈਦਾਵਾਰ 30 ਫ਼ੀਸਦੀ ਵਧ ਸਕਦੀ ਹੈ
- ਮਾਹਿਰਾਂ ਮੰਨਣਾ ਹੈ ਕਿ ਲਿਥੀਅਮ ਦੀ ਮਾਈਨਿੰਗ ਵਾਤਾਵਰਣ ਲਈ ਚੰਗੀ ਨਹੀਂ ਹੈ

ਅਸੀਂ ਅੰਮਿਤ ਸ਼ਰਮਾ ਨੂੰ ਪੁੱਛਿਆ ਕਿ ਲਿਥੀਅਮ ਦੇ ਉਤਪਾਦਨ ਲਈ ਹਾਲੇ ਕਿੰਨਾਂ ਸਮਾਂ ਲੱਗੇਗਾ ਅਤੇ ਜੰਮੂ ਕਸ਼ਮੀਰ ਸਰਕਾਰ ਨੇ ਇਸ ਲਈ ਕੀ ਯੋਜਨਾ ਤਿਆਰ ਕੀਤੀ ਹੈ?
ਸ਼ਰਮਾ ਨੇ ਕਿਹਾ, "ਇਹ ਤਾਂ ਹਾਲੇ ਸ਼ੁਰੂਆਤੀ ਪੜਾਅ ਹੈ। ਭਾਰਤ ਸਰਕਾਰ ਨੇ ਸਾਨੂੰ ਜੀ-3 ਦੀ ਖੋਜ ਸੌਂਪੀ ਹੈ। ਜੀ-2 ਅਤੇ ਜੀ-1 ਐਡਵਾਂਸ ਸਟੱਡੀ ਹੋਣੀ ਹਾਲੇ ਬਾਕੀ ਹੈ। ਉਸ ਤੋਂ ਬਾਅਦ ਹੀ ਅਸੀਂ ਆਨ ਲਾਈਨ ਬੋਲੀ ਬਾਰੇ ਗੱਲ ਕਰ ਸਕਾਂਗੇ।"
"ਇਸ ਲਈ ਅਸੀਂ ਜਲਦੀ ਹੀ ਸਮਾਂ ਸਾਰਨੀ ਤੈਅ ਕਰਾਂਗੇ। ਜਿਓਲਾਜਿਕਲ ਸਰਵੇ ਆਫ਼ ਇੰਡੀਆ ਦੀ ਦੇਖ-ਰੇਖ ਜੀ-2 ਅਤੇ ਜੀ-1 ਸਟੱਡੀ ਕਰਵਾਈ ਜਾਵੇਗੀ।"
ਉਨ੍ਹਾਂ ਅਨੁਸਾਰ ਉਤਪਾਦਨ ਸ਼ੁਰੂ ਹੋਣ ਤੋਂ ਬਾਅਦ ਰੁਜਗਾਰ ਵੀ ਪੈਦਾ ਹੋਵੇਗਾ ਅਤੇ ਸੂਬੇ ਦੀ ਆਰਥਿਕ ਹਾਲਤ ਵਿੱਚ ਵੀ ਸੁਧਾਰ ਹੋਵੇਗਾ।
ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜਿਨ੍ਹਾਂ ਰਾਜਾਂ ਵਿੱਚ ਖਣਿਜ ਪਦਾਰਥ ਮਿਲਦੇ ਹਨ, ਉਹਨਾਂ ਦੀ ਆਰਥਿਕਤਾ ਆਤਮ-ਨਿਰਭਰ ਬਣ ਜਾਂਦੀ ਹੈ।
ਅਮਿਤ ਸ਼ਰਮਾ ਨੇ ਸਥਾਨਕ ਨਿਵਾਸੀਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ, ਇਸ ਲਈ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।
ਅਮਿਤ ਸ਼ਰਮਾ ਨੇ ਕਿਹਾ, "ਜੰਮੂ ਕਸ਼ਮੀਰ ਦੀ ਸਰਕਾਰ ਖਣਿਜ ਪਦਾਰਥ ਨਾਲ ਜੁੜੀ ਭਾਰਤ ਸਰਕਾਰ ਦੀ ਸਕੀਮ ਨੂੰ ਲਾਗੂ ਕਰਨ ਵਿੱਚ ਸਮਾਂ ਨਹੀਂ ਲਗਾਵੇਗੀ। ਅਸੀਂ ਸਭ ਤੋਂ ਪਹਿਲਾਂ ਤਵੱਜੋਂ ਸਥਾਨਕ ਲੋਕਾਂ ਨੂੰ ਦੇਵਾਂਗੇ।"

ਤਸਵੀਰ ਸਰੋਤ, Getty Images
ਕਰਨਾਟਕ ਵਿੱਚ ਵੀ ਮਿਲਿਆ ਹੈ ਲਿਥੀਅਮ ਦਾ ਭੰਡਾਰ
ਇਸ ਤੋਂ ਪਹਿਲਾਂ ਸਾਲ 2021 ਵਿੱਚ ਇਸੇ ਤਰ੍ਹਾਂ ਇੱਕ ਲਿਥੀਅਮ ਦਾ ਭੰਡਾਰ ਕਰਨਾਟਕ ਵਿੱਚ ਮਿਲਿਆ ਸੀ। ਪਰ ਇਹ ਕਾਫੀ ਛੋਟਾ ਸੀ।
ਸਰਕਾਰ ਨੇ ਕਿਹਾ ਸੀ ਕਿ ਉਹ ਲਿਥੀਅਮ ਵਰਗੇ ਦੁਰਲਭ ਖਣਿਜ ਦੀ ਸਪਲਾਈ ਨੂੰ ਵਧਾਉਣ 'ਤੇ ਵਿਚਾਰ ਕਰ ਰਿਹਾ ਹੈ ਤਾਂ ਕਿ ਨਵੀਂ ਟੈਕਨਾਲੋਜੀ ਦੇ ਖੇਤਰ ਦੇ ਵਿਕਾਸ ਵਿੱਚ ਤੇਜੀ ਆਵੇ।
ਸਰਕਾਰ ਇਸ ਲਈ ਭਾਰਤ ਤੋਂ ਲੈ ਕੇ ਵਿਦੇਸ਼ਾਂ ਤੱਕ ਸਰੋਤਾਂ ਦੀ ਖੋਜ ਵਿੱਚ ਲੱਗੀ ਹੋਈ ਹੈ।
ਮਿੰਟ ਅਖਬਾਰ ਨਾਲ ਗੱਲਬਾਤ ਵਿੱਚ ਕੇਂਦਰੀ ਮੰਤਰਾਲੇ ਦੇ ਸਕੱਤਰ ਵਿਵੇਕ ਭਾਰਦਵਾਜ ਨੇ ਕਿਹਾ, "ਸਰਕਾਰ ਨੇ ਇਹ ਟੀਚਾ ਪ੍ਰਾਪਤ ਕਰਨ ਲਈ ਖੋਜ ਮੁਹਿੰਮ ਤੇਜ਼ ਕਰ ਦਿੱਤੀ ਹੈ।"
ਹਾਲ ਹੀ ਦੇ ਦਿਨਾਂ ਵਿੱਚ ਖਾਸ ਕਰ ਕਰੋਨਾ ਵਾਇਰਸ ਤੋਂ ਬਾਅਦ ਪੂਰੀ ਦੁਨੀਆ ਵਿੱਚ ਲਿਥੀਅਮ ਦੀ ਮੰਗ ਵੱਧ ਗਈ ਸੀ।
ਦੂਸਰੇ ਪਾਸੇ ਸਾਰੇ ਦੇਸ ਮੌਸਮ ਵਿੱਚ ਤਬਦੀਲੀ ਨੂੰ ਦੇਖਦੇ ਹੋਏ ਗਰੀਨ ਐਨਰਜੀ ਨੂੰ ਵਧਾਉਣਾ ਚਹੁੰਦੇ ਹਨ ਅਤੇ ਇਸ ਲਈ ਲਿਥੀਅਮ ਦੀ ਭੂਮਿਕਾ ਮਹੱਤਵਪੂਰਨ ਹੈ।

ਤਸਵੀਰ ਸਰੋਤ, Getty Images
ਲਿਥਿਅਮ ਖਦਾਨਾਂ ਵਿਚ ਚੀਨ ਦਾ ਦਬਦਬਾ
ਇਸੇ ਸਾਲ ਚੀਨ ਨੇ ਬੋਲਿਵੀਆ ਦੇ ਵਿਸ਼ਾਲ ਭੰਡਾਰਾਂ ਨੂੰ ਲੈ ਕੇ ਇੱਕ ਅਰਬ ਡਾਲਰ ਦਾ ਸਮਝੌਤਾ ਕੀਤਾ ਹੈ।
ਇੱਕ ਅਨੁਮਾਨ ਅਨੁਸਾਰ ਇਹਨਾਂ ਖਦਾਨਾਂ ਵਿੱਚ 2.1 ਕਰੋੜ ਟਨ ਲਿਥੀਅਮ ਹੈ।
ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਲਿਥੀਅਮ ਦਾ ਭੰਡਾਰ ਮੰਨਿਆ ਜਾਂਦਾ ਹੈ।
ਵਰਲਡ ਬੈਂਡ ਮੁਤਾਬਕ ਸਾਲ 2050 ਤੱਕ ਵਾਤਾਵਰਣ ਪਰਿਵਰਤਨ ਦੀ ਗਤੀ ਘੱਟ ਕਰਨ ਲਈ ਲਿਥੀਅਮ ਖਣਿਜਾਂ ਦੀ ਮਾਈਨਿੰਗ 500 ਫੀਸਦੀ ਤੱਕ ਵਧਾਉਣੀ ਹੋਵੇਗੀ।
ਮਾਹਰਾਂ ਮੰਨਣਾ ਹੈ ਕਿ ਲਿਥੀਅਮ ਦੀ ਮਾਈਨਿੰਗ ਵਾਤਾਵਰਨ ਲਈ ਚੰਗੀ ਨਹੀਂ ਹੈ।
ਲਿਥਿਅਮ ਧਰਤੀ ਅੰਦਰ ਨਮਕੀਨ ਜਲ ਭੰਡਾਰਾਂ ਅਤੇ ਸਖ਼ਤ ਚੱਟਾਨਾਂ ਵਿੱਚੋਂ ਨਿਕਲਦਾ ਹੈ।

ਤਸਵੀਰ ਸਰੋਤ, Getty Images
ਇਹ ਆਸਟ੍ਰੇਲੀਆ, ਚਿਲੀ ਅਤੇ ਅਰਜਨਟੀਨਾ ਵਰਗੇ ਦੇਸ਼ਾਂ ਵਿੱਚ ਵੱਡੀ ਮਾਤਰਾ ਵਿੱਚ ਪਾਇਆ ਜਾਂਦਾ ਹੈ।
ਲਿਥੀਅਮ ਦੀ ਮਾਈਨਿੰਗ ਤੋਂ ਬਾਅਦ ਉਸ ਨੂੰ ਖਣਿਜ ਤੇਲ ਵਿੱਚ ਪਕਾਇਆ ਜਾਂਦਾ ਹੈ।
ਇਸ ਕਾਰਨ ਉਹ ਥਾਂ ਸੜ ਕੇ ਸੁੱਕ ਜਾਂਦੀ ਹੈ ਅਤੇ ਉੱਥੇ ਕਾਲੇ ਦਾਗ ਬਣ ਜਾਂਦੇ ਹਨ।
ਇਸ ਤੋਂ ਇਲਾਵਾ ਲਿਥੀਅਮ ਨੂੰ ਕੱਢਣ ਲਈ ਪਾਣੀ ਦੀ ਵੀ ਬਹੁਤ ਵਰਤੋਂ ਹੁੰਦੀ ਹੈ ਅਤੇ ਇਸ ਨਾਲ ਆਕਬਨ ਡਾਈਅਕਸਾਇਡ ਪੈਦਾ ਹੁੰਦੀ ਹੈ।
ਅਰਜਨਟੀਨਾ ਵਿੱਚ ਪਾਣੀ ਦੀ ਭਾਰੀ ਮਾਤਰਾ ਵਿੱਚ ਵਰਤੋਂ ਕਾਰਨ ਲੋਕ ਇਸ ਦਾ ਵਿਰੋਧ ਕਰ ਰਹੇ ਹਨ।
ਲੋਕਾਂ ਦਾ ਮੰਨਣਾ ਹੈ ਕਿ ਇਸ ਨਾਲ ਆਉਣ ਵਾਲੇ ਸਮੇਂ ਵਿੱਚ ਪਾਣੀ ਦੀ ਸਮੱਸਿਆ ਆਵੇਗੀ।

ਇਹ ਵੀ ਪੜ੍ਹੋ:
- ਨਨਕਾਣਾ ਸਾਹਿਬ 'ਚ ਈਸ਼ਨਿੰਦਾ ਦੇ ਸ਼ੱਕੀ ਨੂੰ ਭੀੜ ਨੇ ਥਾਣੇ ’ਚੋਂ ਕੱਢ ਕੇ ਕਤਲ ਕੀਤਾ, ਕਿਵੇਂ ਵਾਪਰੀ ਘਟਨਾ
- ਅੰਮ੍ਰਿਤ ਮਾਨ ਦੇ ਚੱਲਦੇ ਅਖਾੜੇ 'ਚ ਅਜਿਹਾ ਕੀ ਹੋਇਆ ਕਿ ਗੱਲ ਐੱਫਆਈਆਰ ਤੱਕ ਪਹੁੰਚ ਗਈ
- ਤੁਰਕੀ ਭੂਚਾਲ: ਮਲਬੇ ਦੇ ਵੱਡੇ-ਵੱਡੇ ਢੇਰਾਂ ਵਿੱਚ ਬੰਦਾ ਕਿੱਥੇ ਹੈ, ਇਸ ਦਾ ਪਤਾ ਰਾਹਤਕਰਮੀ ਕਿਵੇਂ ਲਗਾਉਂਦੇ ਹਨ
- ਤੁਰਕੀ ਭੂਚਾਲ: ਆਫ਼ਤ ਆਉਣ ਤੋਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਨਾਲ ਸਮਝੋ ਤਬਾਹੀ ਦੇ ਹਾਲਾਤ













