ਤੁਰਕੀ ਭੂਚਾਲ: ਮਲਬੇ ਦੇ ਵੱਡੇ-ਵੱਡੇ ਢੇਰਾਂ ਵਿੱਚ ਬੰਦਾ ਕਿੱਥੇ ਹੈ, ਇਸ ਦਾ ਪਤਾ ਰਾਹਤਕਰਮੀ ਕਿਵੇਂ ਲਗਾਉਂਦੇ ਹਨ

ਤੁਰਕੀ ਭੂਚਾਲ

ਤਸਵੀਰ ਸਰੋਤ, Getty Images

    • ਲੇਖਕ, ਤਮਾਰਾ ਕੋਵਾਸੀਵਿਕ
    • ਰੋਲ, ਬੀਬੀਸੀ ਨਿਊਜ਼

ਤੁਰਕੀ ਅਤੇ ਸੀਰੀਆ 'ਚ 6 ਫ਼ਰਵਰੀ ਨੂੰ ਆਏ ਭਿਆਨਕ ਭੂਚਾਲ 'ਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਹੈ।

ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਈਅਪ ਆਰਦੋਗਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 16,546 ਤੱਕ ਪਹੁੰਚ ਗਈ ਹੈ।

ਸੀਰੀਆ ਵਿਚ ਘੱਟੋ-ਘੱਟ 3,162 ਮੌਤਾਂ ਹੋਈਆਂ ਹਨ।

ਇਸ ਦਾ ਮਤਲਬ ਹੈ ਕਿ ਸੋਮਵਾਰ ਦੇ ਭੂਚਾਲ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਹੁਣ 20,000 ਦੇ ਨੇੜੇ ਹੈ।

ਇਸ ਭਿਆਨਕ ਭੂਚਾਲ ਤੋਂ ਬਾਅਦ ਖੋਜ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹੈ ਅਤੇ ਦੁਨੀਆਂ ਭਰ ਤੋਂ ਮਾਹਿਰ ਟੀਮਾਂ ਉੱਥੇ ਰਾਹਤ ਕਾਰਜਾਂ ਲਈ ਪਹੁੰਚੀਆਂ ਹੋਈਆਂ ਹਨ ਜਾਂ ਪਹੁੰਚ ਰਹੀਆਂ ਹਨ।

ਹਾਲਾਂਕਿ, ਕੁਝ ਸਭ ਤੋਂ ਵੱਧ ਪ੍ਰਭਾਵਤ ਖੇਤਰਾਂ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਬਚਾਅ ਕਾਰਜ ਧੀਮੀ ਗਤੀ ਨਾਲ ਹੋ ਰਹੇ ਹਨ।

ਕਈ ਲੋਕ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਲੱਭਣ ਲਈ ਹੱਥਾਂ ਨਾਲ ਹੀ ਖੁਦਾਈ ਕਰ ਰਹੇ ਹਨ।

ਖੋਜ ਅਤੇ ਬਚਾਅ ਕਾਰਜ ਕਿਵੇਂ ਸ਼ੁਰੂ ਹੁੰਦਾ ਹੈ?

ਜਦੋਂ ਬਚਾਅ ਟੀਮ ਦੇ ਮੈਂਬਰ ਪਹਿਲੀ ਵਾਰ ਭੂਚਾਲ ਵਾਲੀ ਥਾਂ 'ਤੇ ਪਹੁੰਚਦੇ ਹਨ, ਤਾਂ ਉਹ ਸਭ ਤੋਂ ਪਹਿਲਾਂ ਇਸ ਗੱਲ ਦਾ ਅੰਦਾਜ਼ਾ ਲਗਾਉਂਦੇ ਹਨ ਕਿ ਕਿਹੜੀਆਂ ਢਹਿ-ਢੇਰੀ ਹੋ ਚੁੱਕੀਆਂ ਕਿਹੜੀਆਂ ਇਮਾਰਤਾਂ ਵਿੱਚ ਜਾਂ ਹੇਠ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ।

ਉਹ ਅਜਿਹੀਆਂ "ਖਾਲੀ ਥਾਂਵਾਂ" ਦੀ ਭਾਲ ਕਰਕੇ ਕਰਦੇ ਹਨ ਜੋ ਮਲਬੇ ਹੇਠ ਬਣੀਆਂ ਹੋਣ। ਜਿਵੇਂ ਕਿ ਕੰਕਰੀਟ ਦਾ ਵੱਡਾ ਬੀਮ ਡਿੱਗਣ ਨਾਲ ਉਸ ਹੇਠ ਬਣੀ ਕੁਝ ਖਾਲੀ ਥਾਂ ਜਾਂ ਫਿਰ ਪੌੜੀਆਂ ਦੇ ਹੇਠਾਂ ਖਾਲੀ ਥਾਂ ਜਿੱਥੇ ਜ਼ਿੰਦਾ ਲੋਕ ਫਸੇ ਹੋ ਸਕਦੇ ਹਨ ਅਤੇ ਜਿਨ੍ਹਾਂ ਨੂੰ ਬਚਾਇਆ ਜਾ ਸਕਦਾ ਹੈ।

ਤੁਰਕੀ ਭੂਚਾਲ

ਤਸਵੀਰ ਸਰੋਤ, Getty Images

ਇਸ ਵੇਲੇ ਇਹ ਵੀ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਕਿ ਕਿ ਉਹ ਖ਼ਾਸ ਇਮਾਰਤ ਹੋਰ ਢਹਿ ਸਕਦੀ ਹੈ।

ਇਸੇ ਤਰ੍ਹਾਂ ਹੋਰ ਖ਼ਤਰਿਆਂ ਨੂੰ ਲੈ ਕੇ ਵੀ ਸੁਚੇਤ ਰਹਿਣਾ ਜ਼ਰੂਰੀ ਹੈ, ਜਿਵੇਂ ਕਿ ਗੈਸ ਲੀਕ ਹੋਣਾ, ਹੜ੍ਹ ਆਦਿ।

ਬਚਾਅ ਕਾਰਜਾਂ ਦੇ ਦੌਰਾਨ, ਜਦੋਂ ਬਚਾਅ ਕਰਮੀ ਜ਼ਿੰਦਾ ਬਚੇ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਇਸੇ ਵੇਲੇ ਸਹਾਇਤਾ ਕਰਮੀ ਇਮਾਰਤ ਵਿੱਚ ਹੋਣ ਵਾਲੀ ਕਿਸੇ ਵੀ ਹਲਚਲ 'ਤੇ ਧਿਆਨ ਰੱਖਦੇ ਹਨ ਅਤੇ ਅਜੀਬ ਆਵਾਜ਼ਾਂ ਨੂੰ ਲੈ ਕੇ ਵੀ ਸੁਚੇਤ ਰਹਿੰਦੇ ਹਨ।

ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕੀਆਂ ਇਮਾਰਤਾਂ ਦੀ ਖੋਜ ਆਮ ਤੌਰ ਉੱਤੇ ਸਭ ਤੋਂ ਅਖ਼ੀਰ 'ਚ ਕੀਤੀ ਜਾਂਦੀ ਹੈ, ਕਿਉਂਕਿ ਉਨ੍ਹਾਂ ਵਿੱਚ ਬਚੇ ਲੋਕਾਂ ਨੂੰ ਲੱਭਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ।

ਬਚਾਅ ਟੀਮ ਦੇ ਕੰਮ ਦਾ ਇੱਕ ਏਜੰਸੀ, ਆਮ ਤੌਰ 'ਤੇ ਸੰਯੁਕਤ ਰਾਸ਼ਟਰ (ਯੂਐਨ) ਅਤੇ ਮੇਜ਼ਬਾਨ ਦੇਸ਼ ਦੁਆਰਾ ਮਿਲ ਕੇ ਕੀਤਾ ਜਾਂਦਾ ਹੈ।

ਰਾਹਤਕਰਮੀ ਵਿਸ਼ੇਸ਼ ਤੌਰ 'ਤੇ ਸਿਖਲਾਈ ਪ੍ਰਾਪਤ ਹੁੰਦੇ ਹਨ ਅਤੇ ਜੋੜਿਆਂ ਜਾਂ ਵੱਡੀਆਂ ਟੀਮਾਂ ਵਜੋਂ ਕੰਮ ਕਰਦੇ ਹਨ। ਇਸ ਦੇ ਨਾਲ ਹੀ ਸਥਾਨਕ ਲੋਕਾਂ ਨੂੰ ਵੀ ਅਕਸਰ ਰਾਹਤ ਕਾਰਜਾਂ 'ਚ ਸ਼ਾਮਲ ਕੀਤਾ ਜਾਂਦਾ ਹੈ।

ਤੁਰਕੀ ਭੂਚਾਲ

ਤਸਵੀਰ ਸਰੋਤ, Getty Images

ਬੀਬੀਸੀ

ਤੁਰਕੀ ਅਤੇ ਸੀਰੀਆ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਬਾਰੇ ਅਪਡੇਟ

  • ਤੁਰਕੀ ਦੇ ਪ੍ਰਧਾਨ ਮੰਤਰੀ ਰੇਸੇਪ ਤਾਇਜਿਪ ਅਰਦੋਗਨ ਨੇ ਭੂਚਾਲਗ੍ਰਸਤ ਖੇਤਰਾਂ ਦਾ ਦੌਰਾ ਕੀਤਾ, ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਵੱਡੀ ਤਰਾਸਦੀ ਦੀ ਤਿਆਰੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੀ ਸਰਕਾਰ ਦੇ ਆਫ਼ਤ ਨਾਲ ਨਜਿੱਠਣ ਦੇ ਕੰਮ ਦੀ ਆਲੋਚਨਾ ਹੋ ਰਹੀ ਹੈ।
  • ਭੂਚਾਲ ਨਾਲ ਗ੍ਰਸਤ ਲੋਕਾਂ ਦਾ ਕਹਿਣਾ ਹੈ ਕਿ ਰਾਹਤਕਾਰਜਾਂ ਦੀ ਹੌਲੀ ਗਤੀ ਦਾ ਅਰਥ ਹੈ ਕਿ ਉਨ੍ਹਾਂ ਨੂੰ ਆਪਣੇ ਸਕੇ ਸਬੰਧੀਆਂ ਨੂੰ ਬਾਹਰ ਕੱਢਣ ਲਈ ਮਦਦ ਨਹੀਂ ਮਿਲ ਸਕੇਗੀ।
  • ਦੱਖਣੀ ਤੁਰਕੀ ਅਤੇ ਉੱਤਰੀ ਸੀਰੀਆ ਵਿਚ ਸੋਮਵਾਰ ਨੂੰ ਆਏ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 20 ਹਜ਼ਾਰ ਦੇ ਨੇੜੇ ਪਹੁੰਚ ਗਈ ਹੈ।
  • ਸੀਰੀਆ ਵਿਚ ਰਾਹਤਕਾਰਜਾਂ ਵਿਚ ਲੱਗੇ ਵਾਇਟ ਹੈਲਮੈਟ ਗਰੁੱਪ ਨੇ ਕਿਹਾ ਕਿ ਲੋਕਾਂ ਦੀ ਜਾਨ ਬਚਾਉਣ ਲਈ ਸਮਾਂ ਘੱਟ ਹੈ
  • ਦੋਵਾਂ ਮੁਲਕਾਂ ਤੋਂ ਬਹੁਤ ਹੀ ਦਿਲ ਕੰਬਾਊ ਤੇ ਹੌਲਨਾਕ ਤਸਤਵੀਰਾਂ ਤੇ ਕਹਾਣੀਆਂ ਲਗਾਤਾਰ ਸਾਹਮਣੇ ਆ ਰਹੀਆਂ ਹਨ
  • ਤੁਰਕੀ ਅਤੇ ਸੀਰੀਆ ਵਿੱਚ ਆਏ ਭੂਚਾਲ ਤੋਂ ਬਾਅਦ ਲਗਾਤਾਰ ਰਾਹਤ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ। ਪਰ ਭੂਚਾਲ ਮਗਰੋਂ ਪਏ ਮੀਂਹ ਕਾਰਨ ਰਾਹਤ ਕਾਰਜਾਂ ਵਿਚ ਰੁਕਾਵਟ ਪਈ ਹੈ।
  • ਸੋਮਵਾਰ ਤੜਕੇ ਸਵੇਰੇ 4.17 ਵਜੇ ਆਏ ਭੂਚਾਲ ਦੀ ਤੀਬਰਤਾ ਗਾਜ਼ੀਆਨਟੇਪ ਨੇੜੇ 7.8 ਸੀ ਅਤੇ ਇਸ ਨੇ ਸੁੱਤੇ ਪਏ ਲੋਕ ਹੀ ਦੱਬ ਲਏ।
  • ਸੋਮਵਾਰ ਨੂੰ ਦੁਪਹਿਰ ਸਥਾਨਕ ਸਮੇਂ ਮੁਤਾਬਕ 1.30 ਵਜੇ 7.5 ਤੀਬਰਤਾ ਵਾਲਾ ਛੋਟਾ ਝਟਕਾ ਲੱਗਿਆ
  • ਦੋਵਾਂ ਮੁਲਕਾਂ ਵਿਚ ਹਜ਼ਾਰਾਂ ਇਮਾਰਤਾਂ ਡਿੱਘਣ ਕਾਰਨ ਦੱਬੇ ਹਜ਼ਾਰਾ ਲੋਕਾਂ ਨੂੰ ਜ਼ਿਉਂਦੇ ਬਾਹਰ ਕੱਢਣ ਦੀ ਕੋਸ਼ਿਸ਼ ਵਿੱਚ ਜੰਗੀ ਪੱਧਰ ਉੱਤੇ ਕੰਮ ਕੀਤਾ ਜਾ ਰਿਹਾ ਹੈ।
  • ਤੁਰਕੀ ਵਲੋਂ ਕੌਮਾਂਤਰੀ ਭਾਈਚਾਰੇ ਤੋਂ ਮਦਦ ਦੀ ਅਪੀਲ ਤੋਂ ਬਾਅਦ ਅਮਰੀਕਾ ਅਤੇ ਇੰਗਲੈਂਡ ਰਾਹਤ ਸਮੱਗਰੀ ਅਤੇ ਸਾਜ਼ੋ-ਸਮਾਨ ਭੇਜ ਰਹੇ ਹਨ।
ਬੀਬੀਸੀ

ਕਿਹੜੇ ਬਚਾਅ ਉਪਕਰਣਾਂ ਦੀ ਲੋੜ ਹੁੰਦੀ ਹੈ?

ਬਚਾਅ ਕਰਮੀ ਮਲਬੇ ਨੂੰ ਹਟਾਉਣ ਲਈ ਭਾਰੀ ਮਸ਼ੀਨਰੀ ਦੀ ਵਰਤੋਂ ਕਰਦੇ ਹਨ। ਇਨ੍ਹਾਂ ਵਿੱਚ ਖੁਦਾਈ ਕਰਨ ਵਾਲੀਆਂ ਮਸ਼ੀਨਾਂ ਜਿਵੇਂ ਕਿ ਜੇਸੀਬੀ ਅਤੇ ਹਾਈਡ੍ਰੌਲਿਕ ਜੈਕ ਸ਼ਾਮਲ ਹੁੰਦੇ ਹਨ।

ਇਮਾਰਤਾਂ ਦੇ ਬਾਹਰ ਕੰਕਰੀਟ ਦੀਆਂ ਵੱਡੀਆਂ ਸਲੈਬਾਂ ਨੂੰ ਡਿਗਰ ਦੀ ਮਦਦ ਨਾਲ ਹਟਾਇਆ ਜਾ ਸਕਦਾ ਹੈ। ਇਸ ਨਾਲ ਬਚਾਅ ਕਰਮੀ ਅੰਦਰ ਫਸੇ ਕਿਸੇ ਵਿਅਕਤੀ ਨੂੰ ਦੇਖ ਸਕਦੇ ਹਨ।

ਇਸ ਤੋਂ ਇਲਾਵਾ, ਆਸਾਨੀ ਨਾਲ ਮੁੜ ਸਕਣ ਵਾਲੀਆਂ ਪਾਈਪਾਂ ਨਾਲ ਕੈਮਰੇ ਜੋੜ ਕੇ ਉਨ੍ਹਾਂ ਨੂੰ ਭੀੜੀਆਂ ਥਾਵਾਂ ਵਿੱਚ ਭੇਜਿਆ ਜਾਂਦਾ ਹੈ ਤਾਂ ਜੋ ਕੈਮਰੇ ਦੇ ਮਦਦ ਨਾਲ ਅੰਦਰ ਫਸੇ ਲੋਕਾਂ ਦਾ ਪਤਾ ਲਗਾਇਆ ਜਾ ਸਕੇ।

ਵਿਸ਼ੇਸ਼ ਧੁਨੀ ਉਪਰਕਣਾਂ ਦਾ ਵੀ ਇਸਤੇਮਾਲ ਹੁੰਦਾ ਹੈ। ਇਹ ਖ਼ਾਸ ਧੁਨੀ ਉਪਕਰਣ, ਕੁਝ ਮੀਟਰ ਅੰਦਰ ਵਾਲੀਆਂ ਬਹੁਤ ਧੀਮੀਆਂ ਆਵਾਜ਼ਾਂ ਦਾ ਪਤਾ ਲਗਾ ਸਕਦੇ ਹਨ।

ਇਸ ਵੇਲੇ ਜ਼ਰੂਰੀ ਹੈ ਕਿ ਸਾਈਟ 'ਤੇ ਬਿਲਕੁਲ ਸ਼ਾਂਤੀ ਹੋਵੇ ਕਿਉਂਕਿ ਇਸ ਸਮੇਂ ਬਚਾਅ ਟੀਮ ਦਾ ਇੱਕ ਮੈਂਬਰ ਤਿੰਨ ਵਾਰ ਘੰਟੀ ਵਜਾਉਂਦਾ ਹੈ ਅਤੇ (ਫਸੇ ਹੋਏ ਲੋਕਾਂ ਵੱਲੋਂ) ਜਵਾਬ ਸੁਣਨ ਦੀ ਉਡੀਕ ਕਰਦਾ ਹੈ।

ਜੋ ਲੋਕ ਫਸੇ ਹੁੰਦੇ ਹਨ ਅਤੇ ਬੇਹੋਸ਼ ਹੁੰਦੇ ਹਨ, ਉਹ ਕਿਸੇ ਪ੍ਰਕਾਰ ਦਾ ਜਵਾਬ ਨਹੀਂ ਦੇ ਸਕਦੇ। ਅਜਿਹੇ ਲੋਕਾਂ ਦਾ ਪਤਾ ਲਗਾਉਣ ਲਈ ਕਾਰਬਨ ਡਾਈਆਕਸਾਈਡ ਡਿਟੈਕਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਉਹ ਡਿਟੈਕਟਰ ਉਨ੍ਹਾਂ ਸੀਮਤ ਥਾਵਾਂ 'ਤੇ ਸਭ ਤੋਂ ਵਧੀਆ ਕੰਮ ਕਰਦੇ ਹਨ, ਜਿੱਥੇ ਜ਼ਿੰਦਾ ਬਚੇ ਪਰ ਬੇਹੋਸ਼ ਲੋਕ ਅਜੇ ਵੀ ਸਾਹ ਲੈ ਰਹੇ ਹੁੰਦੇ ਹਨ ਅਤੇ ਇਸ ਕਾਰਨ ਇਸ ਖਾਸ ਥਾਂ 'ਤੇ ਕਾਰਬਨ ਡਾਇਆਕਸਾਈਡ ਦੀ ਮਾਤਰਾ ਹੋਰ ਥਾਵਾਂ ਨਾਲ ਜ਼ਿਆਦਾ ਹੁੰਦੀ ਹੈ।

ਇਨ੍ਹਾਂ ਸਾਰੇ ਉਪਕਰਣਾਂ ਤੋਂ ਇਲਾਵਾ, ਥਰਮਲ ਇਮੇਜਿੰਗ ਵਾਲੇ ਉਪਕਰਣਾਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।

ਇਨ੍ਹਾਂ ਦੀ ਵਰਤੋਂ ਉਨ੍ਹਾਂ ਲੋਕਾਂ ਨੂੰ ਲੱਭਣ ਲਈ ਕੀਤੀ ਜਾ ਸਕਦੀ ਹੈ ਜੋ ਸਿੱਧੇ ਤੌਰ 'ਤੇ ਬਚਾਅ ਕਰਮੀ ਨੂੰ ਨਜ਼ਰ ਨਹੀਂ ਆਉਂਦੇ ਪਰ ਉਨ੍ਹਾਂ ਦੇ ਸਰੀਰ ਦੀ ਗਰਮੀ ਉਨ੍ਹਾਂ ਦੇ ਆਲੇ ਦੁਆਲੇ ਦੇ ਮਲਬੇ ਨੂੰ ਗਰਮ ਕਰ ਸਕਦੀ ਹੈ।

ਬਚਾਅ ਦਲ 'ਚ ਸ਼ਾਮਲ ਕੁੱਤੇ ਕੀ ਕਰਦੇ ਹਨ?

ਤੁਰਕੀ ਭੂਚਾਲ

ਤਸਵੀਰ ਸਰੋਤ, Huw Evans picture agency

ਜਿਸ ਥਾਂ 'ਤੇ ਬਚਾਅ ਟੀਮ ਦੇ ਆਮ ਮੈਂਬਰ ਜ਼ਿੰਦਾ ਲੋਕਾਂ ਦਾ ਪਤਾ ਨਹੀਂ ਲਗਾ ਪਾਉਂਦੇ, ਉੱਥੇ ਪੂਰੀ ਤਰ੍ਹਾਂ ਨਾਲ ਸਿਖਲਾਈ ਪ੍ਰਾਪਤ ਕੁੱਤੇ, ਗੰਧ ਸੁੰਘਣ ਦੀ ਆਪਣੀ ਸ਼ਕਤੀ ਨਾਲ ਜ਼ਿੰਦਾ ਲੋਕਾਂ ਦਾ ਪਤਾ ਲਗਾ ਸਕਦੇ ਹਨ।

ਇਹ ਖੋਜ ਕੁੱਤੇ ਤੇਜ਼ੀ ਨਾਲ ਵੱਡੇ ਖੇਤਰ ਨੂੰ ਜਾਂਚ ਲੈਂਦੇ ਹਨ, ਜਿਸ ਦੇ ਨਤੀਜੇ ਵਜੋਂ ਰਾਹਤ ਅਤੇ ਬਚਾਅ ਕਾਰਜ ਵੀ ਤੇਜ਼ੀ ਨਾਲ ਹੋ ਸਕਦੇ ਹਨ।

ਬੀਬੀਸੀ

ਇਹ ਵੀ ਪੜ੍ਹੋ:

ਕੀ ਲੋਕਾਂ ਨੂੰ ਨੰਗੇ ਹੱਥਾਂ ਨਾਲ ਮਲਬਾ ਹਟਾਉਣ ਦੀ ਲੋੜ ਹੈ?

ਇੱਕ ਵਾਰ ਜਦੋਂ ਵੱਡੀਆਂ ਸਲੈਬਾਂ ਅਤੇ ਢਾਂਚਿਆਂ ਨੂੰ ਹਟਾ ਦਿੱਤਾ ਜਾਂਦਾ ਹੈ ਤਾਂ ਬਚਾਅ ਕਰਮੀ ਆਪਣੇ ਹੱਥਾਂ ਅਤੇ ਛੋਟੇ ਔਜ਼ਾਰਾਂ ਜਿਵੇਂ ਕਿ ਹਥੌੜੇ ਅਤੇ ਬੇਲਚਿਆਂ ਦੇ ਨਾਲ ਵੀ ਕੰਮ ਕਰਦੇ ਹਨ। ਇਸ ਦੌਰਾਨ ਡਿਸਕ-ਕਟਰ ਅਤੇ ਸਰੀਆ ਕਟਰ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ।

ਬਚਾਅ ਕਰਮੀਆਂ ਕੋਲ ਮਲਬੇ ਦੇ ਤਿੱਖੇ ਟੁਕੜਿਆਂ ਨੂੰ ਹਟਾਉਣ ਸਮੇਂ ਦਸਤਾਨੇ ਅਤੇ ਹੈਲਮੇਟ ਆਦਿ ਹੁੰਦੇ ਹਨ ਤਾਂ ਜੋ ਉਨ੍ਹਾਂ ਨੂੰ ਕੋਈ ਸੱਤ ਨਾ ਲੱਗੇ।

ਹਾਲਾਂਕਿ, ਤੁਰਕੀ ਦੇ ਕੁਝ ਖੇਤਰਾਂ ਵਿੱਚ - ਜਿੱਥੇ ਬਚਾਅ ਕਾਰਜ ਹੌਲੀ ਚੱਲ ਰਹੇ ਹਨ - ਸਥਾਨਕ ਲੋਕ ਆਪਣੇ ਨੰਗੇ ਹੱਥਾਂ ਨਾਲ ਹੀ ਜੰਮੇ ਹੋਏ ਮਲਬੇ ਨੂੰ ਹਟਾ ਰਹੇ ਹਨ ਜਾਂ ਇਸ ਦੇ ਖੁਦਾਈ ਕਰ ਰਹੇ ਹਨ।

ਦੱਖਣੀ ਤੁਰਕੀ ਦੇ ਅਡਾਨਾ ਵਿੱਚ ਇੱਕ ਰੈਸਟੋਰੈਂਟ ਦੇ ਮਾਲਕ ਬੇਡੀਆ ਗੁਕੁਮ ਨੇ ਬੀਬੀਸੀ ਨੂੰ ਦੱਸਿਆ: "ਸਾਨੂੰ ਹੱਥਾਂ ਨਾਲ ਸਾਰੇ ਮਲਬੇ ਨੂੰ ਹਟਾਉਣ ਲਈ ਮਜ਼ਬੂਤ ਦਸਤਾਨੇ ਚਾਹੀਦੇ ਹਨ। ਕਿਉਂਕਿ ਇੱਕ ਵਾਰ ਜਦੋਂ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕੋਈ ਵਿਅਕਤੀ ਜ਼ਿੰਦਾ ਹੈ, ਤਾਂ ਸਾਰੀ ਭਾਰੀ ਮਸ਼ੀਨਰੀ ਰੁਕ ਜਾਂਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਖੁਦਾਈ ਕਰਨੀ ਪੈਂਦੀ ਹੈ ਅਤੇ ਇਹ ਮਨੁੱਖੀ ਸਮਰੱਥਾ ਤੋਂ ਪਰੇ ਹੈ।''

"ਤੁਹਾਨੂੰ ਸਾਈਟ 'ਤੇ ਕੰਮ ਕਰਨ ਵਾਲੇ ਹੱਥਾਂ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਲਈ ਤੁਹਾਨੁੰ ਦਸਤਾਨੇ ਚਾਹੀਦੇ ਹੀ ਹਨ।"

ਤੁਰਕੀ ਭੂਚਾਲ

ਤਸਵੀਰ ਸਰੋਤ, Getty Images

ਕਿਵੇਂ ਤੈਅ ਹੁੰਦਾ ਹੈ ਕਿ ਇਹ ਓਪਰੇਸ਼ਨ ਦਾ ਅੰਤਮ ਪੜਾਅ ਹੈ?

ਇਹ ਫੈਸਲਾ ਸੰਯੁਕਤ ਰਾਸ਼ਟਰ ਦੀ ਏਜੰਸੀ ਅਤੇ ਮੇਜ਼ਬਾਨ ਦੇਸ਼ ਦੀ ਕੇਂਦਰੀ ਤੇ ਸਥਾਨਕ ਸਰਕਾਰ ਦੁਆਰਾ ਲਿਆ ਜਾਂਦਾ ਹੈ।

ਆਮ ਤੌਰ 'ਤੇ ਤਬਾਹੀ ਤੋਂ ਬਾਅਦ ਪੰਜ ਤੋਂ ਸੱਤ ਦਿਨਾਂ ਦੇ ਵਿਚਕਾਰ, ਜਦੋਂ ਇੱਕ ਜਾਂ ਦੋ ਦਿਨਾਂ ਤੱਕ ਕੋਈ ਵੀ ਜ਼ਿੰਦਾ ਨਹੀਂ ਮਿਲਦਾ, ਤਾਂ ਖੋਜ ਅਤੇ ਬਚਾਅ ਕਾਰਜਾਂ ਨੂੰ ਬੰਦ ਕਰ ਦਿੱਤਾ ਜਾਂਦਾ ਹੈ।

ਪਰ 2010 ਵਿੱਚ, ਹੈਤੀ ਵਿੱਚ ਆਏ ਭੂਚਾਲ ਤੋਂ ਬਾਅਦ ਇੱਕ ਵਿਅਕਤੀ 27 ਦਿਨਾਂ ਤੱਕ ਮਲਬੇ ਹੇਠ ਫਸਿਆ ਰਿਹਾ ਸੀ ਅਤੇ ਫਿਰ ਜ਼ਿੰਦਾ ਕੱਢਿਆ ਗਿਆ ਸੀ।

2013 ਵਿੱਚ, ਬੰਗਲਾਦੇਸ਼ ਵਿੱਚ ਇੱਕ ਫੈਕਟਰੀ ਦੀ ਇਮਾਰਤ ਦੇ ਢਹਿ ਜਾਣ ਤੋਂ 17 ਦਿਨਾਂ ਬਾਅਦ ਇੱਕ ਔਰਤ ਨੂੰ ਇਸ ਦੇ ਮਲਬੇ ਵਿੱਚੋਂ ਕੱਢਿਆ ਗਿਆ ਸੀ।

ਬੀਬੀਸੀ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)