ਤੁਰਕੀ ਭੂਚਾਲ: ਭੂਚਾਲ ਰੋਧੀ ਹੋਣ ਦੇ ਬਾਵਜੂਦ ਵੀ ਇਮਾਰਤਾਂ ਕਿਵੇਂ ਢਹਿ ਗਈਆਂ, ਬੀਬੀਸੀ ਦੀ ਪੜਤਾਲ 'ਚ ਇਹ ਪਤਾ ਲੱਗਾ

    • ਲੇਖਕ, ਜੇਕ ਹਾਰਟਨ ਅਤੇ ਵਿਲੀਅਮ ਆਰਮਸਟ੍ਰੌਂਗ
    • ਰੋਲ, ਬੀਬੀਸੀ ਪੱਤਰਕਾਰ

ਤੁਰਕੀ ਵਿੱਚ ਆਏ ਭੂਚਾਲ ਕਾਰਨ ਨਵੀਆਂ ਬਣੀਆਂ ਇਮਾਰਤਾਂ ਦੇ ਢਹਿ-ਢੇਰੀ ਹੋਣ ਦੇ ਦ੍ਰਿਸ਼ਾਂ ਨੇ ਰੋਹ ਪੈਦਾ ਕਰ ਦਿੱਤਾ ਹੈ।

ਬੀਬੀਸੀ ਨੇ ਮਲਬਾ ਬਣੀਆਂ ਅਜਿਹੀਆਂ ਤਿੰਨ ਇਮਾਰਤਾਂ ਦੀ ਜਾਂਚ ਕੀਤੀ ਤਾਂ ਕਿ ਬਿਲਡਿੰਗ ਸੇਫ਼ਟੀ (ਇਮਾਰਤਾਂ ਦੀ ਸੁਰੱਖਿਆ) ਬਾਰੇ ਜਾਣਿਆ ਜਾ ਸਕੇ।

ਦੱਖਣੀ ਤੁਰਕੀ ਅਤੇ ਉੱਤਰੀ ਸੀਰੀਆ ਵਿੱਚ 7.8 ਅਤੇ 7.5 ਦੀ ਤੀਬਰਤਾ ਵਾਲੇ ਦੋ ਵੱਡੇ ਭੂਚਾਲ਼ ਆਉਣ ਕਾਰਨ ਹਰ ਤਰ੍ਹਾਂ ਦੀਆਂ ਇਮਾਰਤਾਂ ਨੁਕਸਾਨੀਆਂ ਗਈਆਂ ਅਤੇ ਹਜ਼ਾਰਾਂ ਲੋਕ ਮਾਰੇ ਗਏ।

ਬਿਲਕੁਲ ਨਵੀਆਂ ਨਿਰਮਾਣ ਹੋਈਆਂ ਇਮਾਰਤਾਂ ਦੇ ਧੂੜ ਵਿੱਚ ਮਿਲ ਜਾਣ ਨੇ ਬਿਲਡਿੰਗ ਸੇਫ਼ਟੀ ਸਟੈਂਡਰਜ਼ ਬਾਰੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਆਧੁਨਿਕ ਨਿਰਮਾਣ ਤਕਨੀਕਾਂ ਦਾ ਮਤਲਬ ਹੋਣਾ ਚਾਹੀਦਾ ਹੈ ਕਿ ਇਮਾਰਤਾਂ ਇਸ ਤੀਬਰਤਾ ਵਾਲੇ ਭੂਚਾਲ ਨੂੰ ਸਹਿ ਸਕਣ।

ਦੇਸ਼ ਵਿੱਚ ਇਸ ਤੋਂ ਪਹਿਲਾਂ ਦੀਆਂ ਕੁਦਰਤੀ ਕਰੋਪੀ ਦੀਆਂ ਘਟਨਾਵਾਂ ਤੋਂ ਬਾਅਦ ਨਿਯਮ ਅਜਿਹੇ ਹੋਣੇ ਚਾਹੀਦੇ ਸੀ ਜੋ ਸੁਰੱਖਿਆ ਯਕੀਨੀ ਬਣਾਉਣ।

ਬੀਬੀਸੀ ਨੇ ਜਿਨ੍ਹਾਂ ਤਿੰਨ ਇਮਾਰਤਾਂ ਦੀ ਸੁਰੱਖਿਆ ਸਬੰਧੀ ਆਪਣੀ ਰਿਪੋਰਟ ਵਿੱਚ ਜਾਂਚ ਕੀਤੀ, ਉਨ੍ਹਾਂ ਵਿੱਚੋਂ ਪਹਿਲੀ ਇਮਾਰਤ ਦੀ ਸੋਸ਼ਲ ਮੀਡੀਆ ਫੁਟੇਜ ਵਿੱਚ ਲੋਕ ਆਪਣੀ ਜਾਨ ਬਚਾਉਣ ਲਈ ਚੀਕਦੇ ਅਤੇ ਭੱਜਦੇ ਦਿਸ ਰਹੇ ਹਨ।

ਅਪਾਰਟਮੈਂਟ ਬਲੌਕ ਦਾ ਹੇਠਲਾ ਹਿੱਸਾ ਟੁੱਟਦਾ ਦਿਸ ਰਿਹਾ ਹੈ ਅਤੇ ਬਚਿਆ ਹਿੱਸਾ ਮਲਬੇ ਵਿਚਕਾਰ ਟੇਢਾ ਹੋਇਆ ਖੜ੍ਹਾ ਹੈ।

ਇਹ ਅਪਾਰਟਮੈਂਟ ਪਿਛਲੇ ਸਾਲ ਹੀ ਬਣਾਏ ਗਏ ਸਨ ਅਤੇ ਸੋਸ਼ਲ ਮੀਡੀਆ 'ਤੇ ਇਸ਼ਤਿਹਾਰ ਦੇ ਸਕਰੀਨ-ਸ਼ੌਟ ਵੀ ਸਾਂਝੇ ਕੀਤੇ ਜਾ ਰਹੇ ਹਨ।

ਇਹਨਾਂ ਵਿੱਚ ਲਿਖਿਆ ਹੈ ਕਿ ਇਮਾਰਤ ਭੂਚਾਲ਼ ਸਬੰਧੀ ਨਵੇਂ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤੀ ਗਈ ਹੈ।

ਇਸ਼ਤਿਹਾਰ ਮੁਤਾਬਕ ਨਿਰਮਾਣ ਵਿੱਚ ਵਰਤੀ ਗਈ ਸਾਰੀ ਸਮੱਗਰੀ 'ਫਰਸਟ-ਕਲਾਸ' ਮਿਆਰ ਦੀ ਸੀ।

ਇਸ ਖ਼ਬਰ ਦੀਆਂ ਮੁੱਖ ਗੱਲਾਂ...

  • ਭੂਚਾਲ ਦੌਰਾਨ ਬਿਲਕੁਲ ਨਵੀਆਂ ਨਿਰਮਾਣ ਹੋਈਆਂ ਇਮਾਰਤਾਂ ਧੂੜ ਵਿੱਚ ਮਿਲ ਗਈਆਂ
  • ਨਵੀਆਂ ਇਮਾਰਤਾਂ ਦੇ ਬਿਲਡਿੰਗ ਸੇਫ਼ਟੀ ਸਟੈਂਡਰਜ਼ ਬਾਰੇ ਸਵਾਲ ਖੜ੍ਹੇ ਹੋ ਰਹੇ ਹਨ
  • ਨਵੇਂ ਬਣਾਏ ਅਪਾਰਟਮੈਂਟ ਦੇ ਇਸ਼ਤਿਹਾਰ ਦੇ ਸਕਰੀਨ-ਸ਼ੌਟ ਸੋਸ਼ਲ ਮੀਡੀਆ 'ਤੇ ਵਾਇਰਲ
  • ਮਾਹਿਰਾਂ ਮੁਤਾਬਕ ਸਹੀ ਮਿਆਰ ਨਾਲ ਨਿਰਮਾਣ ਕੀਤੀਆਂ ਇਮਾਰਤਾਂ ਭੁਚਾਲ ਝੱਲ ਸਕਦੀਆਂ ਸਨ
  • ਭੂਚਾਲ ਕਾਰਨ ਮੌਤਾਂ ਦੀ ਗਿਣਤੀ 10 ਫਰਵਰੀ ਨੂੰ 22 ਹਜ਼ਾਰ ਪਾਰ ਕਰ ਗਈ, ਮਲਬੇ ਵਿੱਚ ਲੋਕਾਂ ਦੀ ਭਾਲ ਜਾਰੀ ਹੈ

ਹਾਲਾਂਕਿ ਉਸ ਇਸ਼ਤਿਹਾਰ ਦੀ ਅਸਲ ਕਾਪੀ ਹੁਣ ਆਨਲਾਈਨ ਨਹੀਂ ਹੈ, ਪਰ ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਜਾ ਰਹੇ ਸਕਰੀਨ ਸ਼ੌਟ ਅਤੇ ਵੀਡੀਓਜ਼ ਉਸੇ ਕੰਪਨੀ ਦੇ ਇਸ਼ਤਿਹਾਰਾਂ ਨਾਲ ਮਿਲਦੇ-ਜੁਲਦੇ ਹਨ।

ਤਾਜ਼ਾ ਨਿਰਮਾਣ ਦਾ ਮਤਲਬ ਹੈ ਕਿ ਇਮਾਰਤਾਂ ਸਾਲ 2018 ਵਿੱਚ ਅਪਡੇਟ ਕੀਤੇ ਗਏ ਤਾਜ਼ਾ ਮਿਆਰ ਮੁਤਾਬਕ ਬਣਾਈਆਂ ਜਾਣੀਆਂ ਚਾਹੀਦੀਆਂ ਸੀ, ਜਿਵੇਂ ਕਿ ਭੂਚਾਲ ਦੀ ਸੰਭਾਵਨਾ ਵਾਲੇ ਖੇਤਰਾਂ ਵਿੱਚ ਉੱਚ-ਦਰਜੇ ਦਾ ਕੰਕਰੀਟ ਵਰਤਿਆ ਜਾਣਾ ਚਾਹੀਦਾ ਹੈ ਜਿਸ ਨੂੰ ਸਟੀਲ-ਬਾਰਜ਼ ਨਾਲ ਹੋਰ ਮਜ਼ਬੂਤ ਕੀਤਾ ਗਿਆ ਹੋਵੇ।

ਪਿੱਲਰ ਅਤੇ ਬੀਮ ਇਸ ਤਰ੍ਹਾਂ ਰੱਖੇ ਜਾਣੇ ਚਾਹੀਦੇ ਹਨ ਤਾਂ ਕਿ ਭੁਚਾਲ਼ ਨੂੰ ਮਜ਼ਬੂਤੀ ਨਾਲ ਝੱਲ ਸਕਣ।

ਪਰ ਬੀਬੀਸੀ ਇਸ ਇਮਾਰਤ ਵਿੱਚ ਵਰਤੇ ਗਏ ਸੁਰੱਖਿਆ ਸਟੈਂਡਰਜ਼ ਨੂੰ ਤਸਦੀਕ ਨਹੀਂ ਕਰ ਸਕਿਆ।

ਤਸਵੀਰਾਂ ਦਿਖਾਉਂਦੀਆਂ ਹਨ ਕਿ ਇਸਕੈਂਡਰੁਨ ਵਿੱਚ ਹਾਲ ਹੀ 'ਚ ਬਣਿਆ ਇੱਕ ਅਪਾਰਟਮੈਂਟ ਬਲੌਕ ਬੁਰੀ ਤਰ੍ਹਾਂ ਤਬਾਹ ਹੋ ਗਿਆ।

16-ਮੰਜ਼ਲਾ ਇਸ ਇਮਾਰਤ ਦਾ ਕੁਝ ਹਿੱਸਾ ਹੀ ਬਚਿਆ ਹੈ।

ਬੀਬੀਸੀ ਨੇ ਤਬਾਹ ਹੋਈ ਇਸ ਇਮਾਰਤ ਦੀ ਫੋਟੋ ਨਿਰਮਾਣ ਕੰਪਨੀ ਵੱਲੋਂ ਮਸ਼ਹੂਰੀ ਲਈ ਤਿਆਰ ਕੀਤੀ ਫੋਟੋ ਨਾਲ ਮਿਲਾਈ, ਜਿਸ ਤੋਂ ਜ਼ਾਹਿਰ ਹੋ ਰਿਹਾ ਹੈ ਕਿ ਇਸ ਦਾ ਨਿਰਮਾਣ 2019 ਵਿੱਚ ਪੂਰਾ ਹੋਇਆ ਸੀ।

ਇਸ ਦਾ ਮਤਲਬ ਹੈ ਕਿ ਇਹ ਇਮਾਰਤ ਵੀ ਤਾਜ਼ਾ ਨਿਯਮਾਂ ਮੁਤਾਬਕ ਬਣੀ ਹੋਣੀ ਚਾਹੀਦੀ ਸੀ।

ਬੀਬੀਸੀ ਨੇ ਇਸ ਇਮਾਰਤ ਦਾ ਨਿਰਮਾਣ ਕਰਨ ਵਾਲੀ ਕੰਪਨੀ ਨਾਲ ਵੀ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਜਵਾਬ ਨਹੀਂ ਮਿਲਿਆ।

ਬੀਬੀਸੀ ਨੇ ਅਨਤਾਕਿਆ ਦੀ ਇੱਕ ਨੌਂ-ਮੰਜ਼ਲ੍ਹਾ ਇਮਾਰਤ ਦੀ ਇੱਕ ਫੋਟੋ ਵੀ ਤਸਦੀਕ ਕੀਤੀ ਜੋ ਕਿ ਇਸ ਭੁਚਾਲ਼ ਤੋਂ ਬਾਅਦ ਮਲਬੇ ਵਿੱਚ ਤਬਦੀਲ ਹੋ ਗਈ, ਇਮਾਰਤ ਢਹਿ-ਢੇਰੀ ਹੋ ਜਾਣ ਬਾਅਦ ਸਿਰਫ਼ ਡਵੈਲਪਮੈਂਟ ਕੰਪਨੀ ਦਾ ਨਾਮ 'ਗੁਕਲੂ ਬਾਹਚੇ' ਲਿਖਿਆ ਬਚਿਆ ਰਹਿ ਗਿਆ।

ਸਾਨੂੰ ਇਸ ਹਾਊਸਿੰਗ ਕੰਪਲੈਕਸ ਦੇ ਉਦਘਾਟਨੀ ਸਮਾਰੋਹ ਦੀ ਵੀਡੀਓ ਵੀ ਮਿਲੀ, ਜਿਸ ਤੋਂ ਪੁਸ਼ਟੀ ਹੁੰਦੀ ਹੈ ਕਿ ਇਹ ਨਵੰਬਰ 2019 ਵਿੱਚ ਤਿਆਰ ਹੋਇਆ ਸੀ।

ਇਸ ਵੀਡੀਓ ਵਿੱਚ, ਸਰ-ਅਲ ਨਿਰਮਾਣ ਕੰਪਨੀ ਦੇ ਮਾਲਿਕ ਸਰਵਟ ਐਲਟਸ ਕਹਿੰਦੇ ਹਨ, "ਗੁਕਲੂ ਬਾਹਚੇ ਸਿਟੀ ਪ੍ਰੌਜੈਕਟ ਆਪਣੀ ਲੋਕੇਸ਼ਨ ਅਤੇ ਨਿਰਮਾਣ ਦੇ ਮਿਆਰ ਦੇ ਮਾਮਲੇ ਵਿੱਚ ਬਾਕੀ ਹਾਊਸਿੰਗ ਕੰਪਲੈਕਸਾਂ ਤੋਂ ਖਾਸ ਹੈ।"

ਬੀਬੀਸੀ ਨੂੰ ਐਲਟਸ ਨੇ ਕਿਹਾ, "ਮੰਦਭਾਗਾ ਹੈ ਕਿ ਮੇਰੇ ਵੱਲੋਂ ਹੈ ਤੇ(ਦੱਖਣੀ ਰਾਜ ਜਿਸ ਦੀ ਰਾਜਧਾਨੀ ਅਨਤਾਕਿਆ ਹੈ) ਵਿੱਚ ਬਣਾਈਆਂ ਗਈਆਂ ਸੈਂਕੜੇ ਇਮਾਰਤਾਂ ਵਿੱਚੋਂ ਦੋ ਬਲੌਕ ਤਬਾਹ ਹੋ ਗਏ ਹਨ।"

ਉਨ੍ਹਾਂ ਕਿਹਾ ਕਿ ਭੁਚਾਲ ਇਨ੍ਹਾਂ ਤੀਬਰ ਸੀ ਕਿ ਸ਼ਹਿਰ ਵਿੱਚ ਕੋਈ ਵੀ ਇਮਾਰਤ ਇਸ ਦੇ ਪ੍ਰਭਾਵ ਤੋਂ ਬਚ ਨਹੀਂ ਸਕੀ ਹੈ।

ਉਨ੍ਹਾਂ ਕਿਹਾ, "ਅਸੀਂ ਦੇਖ ਰਹੇ ਹਾਂ ਕਿ ਕਿਵੇਂ ਕੁਝ ਮੀਡੀਆ ਸੰਸਥਾਵਾਂ ਰਿਪੋਰਟਿੰਗ ਦੇ ਨਾਮ 'ਤੇ ਨਜ਼ਰੀਆ ਬਦਲ ਰਹੀਆਂ ਹਨ ਅਤੇ ਕਈਆਂ ਨੂੰ ਬਲੀ ਦਾ ਬੱਕਰਾ ਬਣਾ ਰਹੀਆਂ ਹਨ।"

ਪ੍ਰਭਾਵਿਤ ਖੇਤਰ ਵਿੱਚ ਇੰਨੀਆਂ ਇਮਾਰਤਾਂ ਦੇ ਢਹਿ-ਢੇਰੀ ਹੋਣ ਨਾਲ ਤੁਰਕੀ ਵਿੱਚ ਇਮਾਰਤਾਂ ਦੇ ਨਿਰਮਾਣ ਸਬੰਧੀ ਨਿਯਮਾਂ ਬਾਰੇ ਸਵਾਲ ਪੁੱਛੇ ਜਾ ਰਹੇ ਹਨ।

ਭਾਵੇਂ ਭੂਚਾਲ਼ ਬਹੁਤ ਭਿਆਨਕ ਸੀ, ਪਰ ਮਾਹਿਰ ਕਹਿੰਦੇ ਹਨ ਕਿ ਉਚਿਤ ਮਿਆਰ ਨਾਲ ਨਿਰਮਾਣ ਕੀਤੀਆਂ ਇਮਾਰਤਾਂ ਇਸ ਨੂੰ ਝੱਲ ਸਕਦੀਆਂ ਸੀ।

ਯੁਨੀਵਰਸਿਟੀ ਕਾਲਜ ਲੰਡਨ ਵਿੱਚ ਸੰਕਟਕਾਲੀਨ ਯੋਜਨਾ ਅਤੇ ਪ੍ਰਬੰਧ ਵਿੱਚ ਮਾਹਿਰ ਪ੍ਰੋਫੈਸਰ ਡੇਵਿਡ ਅਲੈਕਜ਼ੈਂਡਰ ਕਹਿੰਦੇ ਹਨ, "ਇਸ ਭੂਚਾਲ਼ ਦੀ ਵੱਧ ਤੋਂ ਵੱਧ ਤੀਬਰਤਾ ਤਬਾਹੀ ਵਾਲੀ ਸੀ ਪਰ ਸਹੀ ਨਿਰਮਾਣ ਹੋਈਆਂ ਇਮਾਰਤਾਂ ਨੂੰ ਢਾਹੁਣ ਲਈ ਕਾਫ਼ੀ ਨਹੀਂ ਸੀ।"

ਜ਼ਿਆਦਾਤਰ ਥਾਂਵਾਂ 'ਤੇ ਭੂਚਾਲ਼ ਦੇ ਝਟਕਿਆਂ ਦਾ ਪੱਧਰ ਇਸ ਦੀ ਵੱਧ ਤੋਂ ਵੱਧ ਤੀਬਰਤਾ ਨਾਲ਼ੋਂ ਘੱਟ ਸੀ, ਇਸ ਲਈ ਅਸੀਂ ਨਿਚੋੜ ਕੱਢ ਸਕਦੇ ਹਾਂ ਕਿ ਜਿਹੜੀਆਂ ਹਜ਼ਾਰਾਂ ਇਮਾਰਤਾਂ ਢਹੀਆਂ, ਉਨ੍ਹਾਂ ਵਿੱਚ ਕਰੀਬ ਸਾਰੀਆਂ ਹੀ ਇਮਾਰਤਾਂ ਭੁਚਾਲ ਤੋਂ ਸੁਰੱਖਿਆ ਵਾਲੇ ਨਿਰਮਾਣ ਕੋਡ ਵਿਚ ਨਹੀਂ ਸੀ।

ਨਿਯਮ ਲਾਗੂ ਕਰਨ ਵਿੱਚ ਅਸਫ਼ਲਤਾ

ਸਾਲ 1999 ਵਿੱਚ ਇਜ਼ਮਿਟ ਦੇ ਭੂਚਾਲ (ਜਿਸ ਵਿੱਚ 17,000 ਲੋਕਾਂ ਦੀ ਮੌਤ ਹੋਈ) ਸਮੇਤ ਪਹਿਲਾਂ ਆਈਆਂ ਆਪਦਾਵਾਂ ਤੋਂ ਬਾਅਦ ਨਿਰਮਾਣ ਦੇ ਨਿਯਮ ਸਖ਼ਤ ਕੀਤੇ ਗਏ ਹਨ।

ਪਰ 2018 ਵਿੱਚ ਬਣਾਏ ਤਾਜ਼ਾ ਮਿਆਰ ਨਿਯਮਾਂ ਸਮੇਤ ਅਜਿਹੇ ਕਾਨੂੰਨ ਚੰਗੀ ਤਰ੍ਹਾਂ ਲਾਗੂ ਨਹੀਂ ਕੀਤੇ ਗਏ।

ਪ੍ਰੋਫੈਸਰ ਅਲੈਗਜ਼ੈਂਡਰ ਕਹਿੰਦੇ ਹਨ, "ਸਮੱਸਿਆ ਇਹ ਹੈ ਕਿ ਮੌਜੂਦਾ ਇਮਾਰਤਾਂ ਦੀ ਰੈਟਰੋਫਿਟਿੰਗ (ਮੁਰੰਮਤ) ਬਹੁਤ ਘੱਟ ਹੈ, ਪਰ ਨਵੀਂਆਂ ਇਮਾਰਤਾਂ ਦੇ ਨਿਰਮਾਣ ਵਿੱਚ ਨਿਯਮਾਂ ਦੀ ਪਾਲਣਾ ਵੀ ਬਹੁਤ ਘੱਟ ਹੈ।"

ਬੀਬੀਸੀ ਦੇ ਮਿਡਲ ਈਸਟ ਪੱਤਰਕਾਰ ਟੌਮ ਬੈਟਬੈਨ ਨੇ ਦੱਖਣੀ ਸ਼ਹਿਰ ਅਡਾਨਾ ਦੇ ਲੋਕਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਕਿਹਾ ਕਿ ਢਹਿਣ ਵਾਲੀ ਇਮਾਰਤ 25 ਸਾਲ ਪਹਿਲਾਂ ਵੀ ਭੁਚਾਲ਼ ਨਾਲ ਨੁਕਸਾਨੀ ਗਈ ਸੀ, ਪਰ ਇਸ ਦੇ ਬਾਵਜੂਦ ਇਮਾਰਤ ਨੂੰ ਸੁਰੱਖਿਅਤ ਨਹੀਂ ਬਣਾਇਆ ਗਿਆ ।

ਜਪਾਨ ਜਿਹੇ ਮੁਲਕ ਜਿੱਥੇ ਮਿਲੀਅਨਾਂ ਦੀ ਗਿਣਤੀ ਵਿੱਚ ਲੋਕ ਸੰਘਣੀ ਵੱਸੋਂ ਵਾਲੀਆਂ ਉੱਚੀਆਂ ਇਮਾਰਤਾਂ ਵਿੱਚ ਰਹਿੰਦੇ ਹਨ ਅਤੇ ਵੱਡੇ ਭੂਚਾਲ ਆਉਂਦੇ ਰਹੇ ਹਨ, ਦਿਖਾਉਂਦੇ ਹਨ ਕਿ ਕਿਵੇਂ ਇਮਾਰਤਾਂ ਦੇ ਨਿਰਮਾਣ ਨਿਯਮ ਅਜਿਹੀਆਂ ਅਪਦਾਵਾਂ ਤੋਂ ਲੋਕਾਂ ਨੂੰ ਸੁਰੱਖਿਅਤ ਰੱਖ ਸਕਦੇ ਹਨ।

ਨਿਰਮਾਣ ਸੁਰੱਖਿਆ ਦੀਆਂ ਲੋੜਾਂ ਇਮਾਰਤ ਦੀ ਵਰਤੋਂ ਅਤੇ ਉਸ ਖੇਤਰ ਵਿੱਚ ਭੁਚਾਲ਼ ਦੀਆਂ ਸੰਭਾਵਾਨਾਂ ਉੱਤੇ ਨਿਰਭਰ ਕਰਦੀਆਂ ਹਨ।

ਸਧਾਰਨ ਰੂਪ ਵਿੱਚ ਤਾਕਤਵਰ ਬਣਾਉਣ ਤੋਂ ਲੈ ਕੇ ਪੂਰੀ ਇਮਾਰਤ ਵਿੱਚ ਮੋਸ਼ਨ ਡੈਂਪਰਜ਼ ਤੋਂ ਲੈ ਕੇ ਪੂਰੇ ਢਾਂਚੇ ਨੂੰ ਵੱਡੇ ਝਟਕਾ ਝੱਲਣ ਵਾਲੇ ਮਟੀਰੀਅਲ 'ਤੇ ਬਣਾਉਣਾ ਜੋ ਉਸ ਨੂੰ ਧਰਤੀ ਦੀ ਹਿਲ-ਜੁਲ ਤੋਂ ਵੱਖ ਕਰ ਦੇਵੇ।

ਨਿਯਮ ਲਾਗੂ ਕਰਨ ਵਿੱਚ ਕਮੀ ਕਿਉਂ ਹੈ ?

ਤੁਰਕੀ ਵਿੱਚ ਲੋੜੀਂਦੇ ਸੁਰੱਖਿਆ ਪ੍ਰਮਾਣ ਪੱਤਰਾਂ ਤੋਂ ਬਿਨ੍ਹਾਂ ਬਣੇ ਢਾਂਚਿਆਂ ਲਈ, ਫ਼ੀਸ ਵਿੱਚ ਕਾਨੂੰਨੀ ਛੋਟ ਦਿੱਤੀ ਗਈ ਹੈ। ਇਹ 1960ਵਿਆਂ ਤੋਂ ਪਾਸ ਹੋਏ ਹਨ( ਤਾਜ਼ਾ 2018 ਦੇ ਵੀ ਸ਼ਾਮਿਲ ਹਨ)

ਅਲੋਚਕਾਂ ਨੇ ਚੇਤਾਵਨੀ ਦਿੱਤੀ ਸੀ ਕਿ ਅਜਿਹੀਆਂ ਮਾਫ਼ੀਆਂ ਵੱਡੇ ਭੂਚਾਲ਼ ਵਿੱਚ ਤਬਾਹੀ ਦਾ ਖ਼ਤਰਾ ਬਣਦੀਆਂ ਹਨ।

ਯੁਨੀਅਨ ਆਫ ਚੈਂਬਰਜ਼ ਆਫ ਤਰਕਿਸ਼ ਇੰਜੀਨੀਅਰਜ਼ ਐਂਡ ਆਰਕੀਟੈਕਟਸ ਦੇ ਇਸਤਾਨਬੁਲ ਮੁਖੀ ਪੈਲਿਨ ਪੀਨਾਰ ਮੁਤਾਬਕ, ਭੂਚਾਲ਼ ਨਾਲ ਪ੍ਰਭਾਵਿਤ ਦੱਖਣੀ ਤੁਰਕੀ ਵਿੱਚ ਕਰੀਬ 75,000 ਇਮਾਰਤਾਂ ਨੂੰ ਇਹ ਨਿਰਮਾਣ ਮਾਫ਼ੀਆਂ ਦਿੱਤੀਆਂ ਗਈਆਂ ਹਨ।

ਤਾਜ਼ਾ ਘਟਨਾ ਤੋਂ ਕੁਝ ਦਿਨ ਪਹਿਲਾਂ, ਤੁਰਕੀ ਦੇ ਮੀਡੀਆ ਨੇ ਦਿਖਾਇਆ ਸੀ ਕਿ ਨਵਾਂ ਡਰਾਫ਼ਟ ਕਾਨੂੰਨ ਪਾਰਲੀਮੈਂਟ ਦੀ ਮਨਜ਼ੂਰੀ ਦਾ ਇੰਤਜ਼ਾਰ ਕਰ ਰਿਹਾ ਹੈ ਜਿਸ ਜ਼ਰੀਏ ਨਵੇਂ ਨਿਰਮਾਣ ਕੰਮ ਵਿੱਚ ਹੋਰ ਕਟੌਤੀਆਂ ਦਿੱਤੀਆਂ ਜਾਣਗੀਆਂ।

ਭੂ-ਵਿਗਿਆਨੀ ਸਿਲਾਲ ਸੇਂਗੋਰ ਨੇ ਕਿਹਾ ਸੀ ਕਿ ਅਜਿਹੇ ਦੇਸ਼ ਵਿੱਚ ਇਹ ਮਾਫ਼ੀਆਂ ਇੱਕ 'ਜੁਰਮ' ਬਰਾਬਰ ਹਨ।

ਸਾਲ 2020 ਵਿੱਚ ਪੱਛਮੀ ਰਾਜ ਇਜ਼ਮੀਰ ਵਿੱਚ ਆਏ ਜਾਨਲੇਵਾ ਭੁਚਾਲ਼ ਤੋਂ ਬਾਅਦ ਬੀਬੀਸੀ ਤੁਰਕੀ ਦੀ ਰਿਪੋਰਟ ਵਿੱਚ ਪਤਾ ਲੱਗਿਆ ਸੀ ਕਿ ਇਜ਼ਮੀਰ ਵਿੱਚ 672,000 ਇਮਾਰਤਾਂ ਨੇ ਤਾਜ਼ਾ ਫ਼ੀਸ ਮਾਫ਼ੀਆਂ ਦਾ ਲਾਭ ਲਿਆ ਹੈ।

ਉਸੇ ਰਿਪੋਰਟ ਵਿੱਚ ਵਾਤਾਵਰਨ ਤੇ ਸ਼ਹਿਰੀ ਮੰਤਰਾਲੇ ਦਾ ਬਿਆਨ ਸੀ ਜਿਸ ਮੁਤਾਬਕ ਸਾਲ 2018 ਵਿੱਚ ਤੁਰਕੀ ਦੀਆਂ 50 ਫੀਸਦੀ ਤੋਂ ਵੱਧ ਇਮਾਰਤਾਂ, ਯਾਨੀ ਕਰੀਬ 13 ਮਿਲੀਅਨ ਇਮਾਰਤਾਂ ਨਿਯਮਾਂ ਦੀ ਉਲ਼ੰਘਣਾ ਕਰਕੇ ਬਣਾਈਆਂ ਗਈਆਂ ਸੀ।

ਪਿਛਲੇ ਕੁਝ ਭੁਚਾਲ਼ਾਂ ਤੋਂ ਬਾਅਦ ਇਮਾਰਤਾਂ ਦੀ ਸੁਰੱਖਿਆ ਸਬੰਧੀ ਮਿਆਰਾਂ ਬਾਰੇ ਪੁੱਛੇ ਜਾਣ 'ਤੇ ਵਾਤਾਵਰਨ ਅਤੇ ਸ਼ਹਿਰੀ ਮੰਤਰਾਲੇ ਨੇ ਕਿਹਾ, "ਸਾਡੇ ਪ੍ਰਸ਼ਾਸਨ ਵੱਲੋਂ ਨਿਰਮਾਣ ਕੀਤੀ ਗਈ ਕੋਈ ਇਮਾਰਤ ਨਹੀਂ ਢਹੀ। ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)