ਆਸਟ੍ਰੇਲੀਆ ਦੇ ਹਿੰਦੂ ਮੰਦਰਾਂ ਉੱਤੇ ਖਾਲਿਸਤਾਨੀ ਨਾਅਰਿਆਂ ਬਾਰੇ ਉੱਥੋਂ ਦੇ ਸਿੱਖ ਆਗੂ ਤੇ ਆਮ ਲੋਕ ਕੀ ਕਹਿੰਦੇ ਹਨ

    • ਲੇਖਕ, ਰੁਚਿਕਾ ਤਲਵਾਰ
    • ਰੋਲ, ਬੀਬੀਸੀ ਲਈ ਮੈਲਬਰਨ ਤੋਂ

ਆਸਟ੍ਰੇਲੀਆ ਵਿੱਚ ਕੁਝ ਸਥਾਨਕ ਮੰਦਰਾਂ ਦੀਆਂ ਕੰਧਾਂ ਉੱਤੇ ਖ਼ਾਲਿਸਤਾਨੀ ਨਾਅਰੇ ਲਿਖੇ ਜਾਣ ਦੀਆਂ ਘਟਨਾਵਾਂ ਦੀ ਚਰਚਾ ਚਾਰੇ ਪਾਸੇ ਹੋਈ।

ਇਸ ਸਾਲ ਜਨਵਰੀ ਮਹੀਨੇ ਤਿੰਨ ਹਿੰਦੂ ਮੰਦਰਾਂ ਦੀ ਭੰਨਤੋੜ ਹੋਈ ਸੀ। 'ਖਾਲਿਸਤਾਨ ਰੈਫਰੈਂਡਮ' ਦੇ ਨਾਮ 'ਤੇ ਹੋਏ ਇਕੱਠ ਦੌਰਾਨ ਦੋ ਵਾਰ ਸਥਾਨਕ ਭਾਰਤੀ ਆਪਸ ਵਿੱਚ ਭਿੜੇ ਸਨ।

ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਹੋਈ, ਜਿਸ ਵਿੱਚ ਕੁਝ ਹਿੰਦੂ ਕਾਰਕੁਨਾਂ ਵਲੋਂ ਮਰਹੂਮ ਸਿੱਖ ਆਗੂ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਤਸਵੀਰ ਨਾਲ ਛੇੜਛਾੜ ਦੀ ਕੋਸ਼ਿਸ਼ ਕੀਤੀ ਗਈ ਸੀ।

ਆਸਟ੍ਰੇਲੀਆ ਵਿੱਚ ਹੁਣ ਲੋਕਾਂ ਨੂੰ ਫ਼ੋਨ ਕਰਕੇ ਖ਼ਾਲਿਸਤਾਨ ਹਮਾਇਤੀਆਂ ਵਲੋਂ ਚਲਾਏ ਜਾ ਰਹੇ ਕਾਰੋਬਾਰਾਂ ਦਾ ਬਾਈਕਾਟ ਕਰਨ ਦੀ ਗੱਲ ਆਖੀ ਜਾ ਰਹੀ ਹੈ।

ਮੈਲਬਰਨ ਭਾਰਤੀ ਮੂਲ ਦੇ ਲੋਕਾਂ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਦਾ ਇਲਾਕਾ ਹੈ। ਇਸ ਗਿਣਤੀ ਵਿੱਚ ਆਸਟ੍ਰੇਲੀਆ 'ਚ ਵਸਦੇ ਸਿੱਖਾਂ ਦੀ ਵੱਡੀ ਗਿਣਤੀ ਹੈ ਤੇ ਬਹੁਤੇ ਪੰਜਾਬ ਮੂਲ ਦੇ ਲੋਕ ਰਹਿੰਦੇ ਹਨ।

2021 ਦੀ ਜਨਗਣਨਾ ਮੁਤਾਬਕ ਮੁਲਕ ਵਿਚ 6.73 ਲ਼ੱਖ ਭਾਰਤੀ ਮੂਲ ਦੇ ਲੋਕ ਵੱਸਦੇ ਹਨ, ਇਨ੍ਹਾਂ ਵਿਚੋਂ 2.39 ਲੱਖ ਪੰਜਾਬੀ ਬੋਲਣ ਵਾਲੇ ਹਨ।

ਇੱਕ ਤੋਂ ਬਾਅਦ ਇੱਕ ਵਾਪਰੀਆਂ ਇਨ੍ਹਾਂ ਘਟਨਾਵਾਂ ਨੇ ਆਸਟ੍ਰੇਲੀਆ ਦੇ ਹਿੰਦੂ ਭਾਈਚਾਰੇ ਦੇ ਨਾਲ-ਨਾਲ ਬਹੁਤ ਸਾਰੇ ਸਿੱਖਾਂ ਨੂੰ ਵੀ ਫ਼ਿਕਰਮੰਦ ਕੀਤਾ ਹੈ ਤੇ ਉਨ੍ਹਾਂ ਵਿੱਚ ਗੁੱਸਾ ਸਾਫ਼ ਨਜ਼ਰ ਆਉਂਦਾ ਹੈ।

ਇਨ੍ਹਾਂ ਵਿੱਚ ਖ਼ਾਲਿਸਤਾਨ ਦੀ ਹਮਾਇਤ ਨਾ ਕਰਨ ਵਾਲੇ ਸਿੱਖ ਵੀ ਸ਼ਾਮਿਲ ਹਨ।

ਅਸੀਂ ਜਿਨ੍ਹਾਂ ਲੋਕਾਂ ਨਾਲ ਗੱਲ ਕੀਤੀ ਉਨ੍ਹਾਂ ਤਣਾਅ ਦੇ ਚਲਦਿਆਂ ਆਪਣੀ ਸ਼ਨਾਖਤ ਗੁਪਤ ਰੱਖਣ ਨੂੰ ਤਰਜ਼ੀਹ ਦਿੱਤੀ, ਇਸ ਲਈ ਨਾਮ ਬਦਲੇ ਗਏ ਹਨ।

ਹਿੰਦੂ-ਸਿੱਖ ਟਕਰਾਅ ਦੀ ਸ਼ੁਰੂਆਤ

ਇਸ ਦੀ ਸ਼ੁਰੂਆਤ 12 ਜਨਵਰੀ ਨੂੰ ਹੋਈ ਸੀ। ਮਿੱਲ ਪਾਰਕ ਵਿੱਚ ਸਥਿਤ ਸਵਾਮੀਨਾਰਾਇਣ ਮੰਦਿਰ ਵਿੱਚ ਭੰਨਤੋੜ ਦੀ ਕੋਸ਼ਿਸ਼ ਕੀਤੀ ਗਈ ਸੀ।

ਇਸ ਤੋਂ ਬਾਅਦ 16 ਜਨਵਰੀ ਨੂੰ ਕੈਰਮ ਡਾਊਨਜ਼ ਵਿਖੇ ਸ਼ਿਵ ਵਿਸ਼ਨੂੰ ਮੰਦਰ ਅਤੇ 23 ਜਨਵਰੀ ਨੂੰ ਐਲਬਰਟ ਪਾਰਕ ਵਿੱਚ ਇਸਕੋਨ ਮੰਦਰ ਵਿੱਚ ਵੀ ਇਸੇ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਗਈਆਂ ਸਨ।

ਮੰਦਿਰ ਦੀਆਂ ਕੰਧਾਂ 'ਤੇ ਖ਼ਾਲਿਸਤਾਨ ਪੱਖੀ ਚਿੱਤਰ ਬਣਾਏ ਗਏ ਸਨ। ਇਹ ਮਾਮਲਾ ਭਾਰਤੀ ਮੀਡੀਆ ਦੀ ਸੁਰਖ਼ੀਆਂ ਵਿੱਚ ਵੀ ਦੇਖਿਆ ਗਿਆ ਸੀ।

ਵਿਕਟੋਰੀਆ ਪੁਲਿਸ ਹਾਲੇ ਇਨ੍ਹਾਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ ਅਤੇ ਅਜੇ ਤੱਕ ਕੋਈ ਵੇਰਵਾ ਸਾਹਮਣੇ ਨਹੀਂ ਆਇਆ ਹੈ।

ਸ਼ੱਕ ਅਮਰੀਕਾ ਸਥਿਤ ਸਿੱਖਸ ਫ਼ਾਰ ਜਸਟਿਸ (ਐੱਸਐੱਫ਼ਜੇ) ਜਥੇਬੰਦੀ ਦੇ ਸਮਰਥਕਾਂ 'ਤੇ ਹੈ ਜੋ 29 ਜਨਵਰੀ ਨੂੰ ਮੈਲਬਰਨ ਵਿੱਚ ਹੋਏ ਅਖੌਤੀ ਖ਼ਾਲਿਸਤਾਨ ਰੈਫ਼ਰੈਂਡਮ ਦੇ ਪ੍ਰਬੰਧਕ ਸਨ।

ਹਾਲਾਂਕਿ, ਐੱਸਐੱਫ਼ਜੇ ਨੇ ਇਨ੍ਹਾਂ ਇਲਜਾਮਾਂ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ।

ਐੱਸਐੱਫ਼ਜੇ ਦੇ ਆਗੂ ਅਵਤਾਰ ਸਿੰਘ ਪੰਨੂ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, "ਸਾਡੀ ਕਿਸੇ ਧਰਮ ਨਾਲ ਕੋਈ ਲੜਾਈ ਨਹੀਂ ਹੈ। ਸਾਡੀ ਲੜਾਈ ਉਸ ਨਿਜ਼ਾਮ ਵਿਰੁੱਧ ਹੈ, ਜਿਸ ਨੇ ਸਿੱਖਾਂ ਨੂੰ ਗੁਲਾਮ ਬਣਾਇਆ ਹੋਇਆ ਹੈ। ਅਸਲ ਵਿੱਚ ਇਸ ਕਾਰਵਾਈ ਪਿੱਛੇ ਮੋਦੀ ਭਗਤ ਹਨ ਪਰ ਉਹ ਉਲਟਾ ਸਾਡੇ 'ਤੇ ਇਲਜ਼ਾਮ ਲਗਾ ਰਹੇ ਹਨ।"

ਰੈਫ਼ਰੈਂਡਮ ਲਈ ਮੁਹਿੰਮ ਨੂੰ ਚਲਾਉਣ ਵਾਲਾ ਇੱਕ ਅਮਰੀਕਾ ਵਾਸੀ ਹੈ, ਜੋ ਬੀਤੇ ਦੋ ਮਹੀਨਿਆਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਿਹਾ ਸੀ।

ਉਸ ਦੀ ਹਾਲੇ ਦੋ ਮਹੀਨੇ ਹੋਰ ਇੱਥੇ ਰਹਿਣ ਦੀ ਯੋਜਨਾ ਸੀ ਤਾਂ ਜੋ ਬ੍ਰਿਸਬੇਨ ਅਤੇ ਸਿਡਨੀ ਵਿੱਚ ਇਸੇ ਤਰ੍ਹਾਂ ਦੇ ਸਮਾਗਮਾਂ ਦਾ ਆਯੋਜਨ ਕੀਤਾ ਜਾ ਸਕੇ।

ਇਹ ਉਹ ਸਮਾਂ ਹੈ ਜਦੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟਰੇਲੀਆ ਵਿੱਚ ਹੋ ਰਹੇ ਕਵਾਡ ਸੰਮੇਲਨ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।

ਅਵਤਾਰ ਸਿੰਘ ਪੰਨੂ ਨੇ ਆਸਟ੍ਰੇਲੀਆ ਦੇ ਸਿੱਖਾਂ ਵੱਲੋਂ ਉਨ੍ਹਾਂ ਦੇ ਮਕਸਦ ਲਈ ਦਿੱਤੇ ਸਮਰਥਨ ਬਾਰੇ ਕਿਹਾ, "ਹਰ ਸਿੱਖ ਮੂਲ ਰੂਪ ਵਿੱਚ ਖ਼ਾਲਿਸਤਾਨੀ ਹੈ। ਜੇਕਰ ਤੁਸੀਂ ਸਿੱਖ ਪਰਿਵਾਰ ਵਿੱਚ ਪੈਦਾ ਹੋਏ ਹੋ ਤਾਂ ਤੁਸੀਂ ਖ਼ਾਲਿਸਤਾਨ ਦੇ ਸਮਰਥਕ ਹੋ।"

ਹਾਲਾਂਕਿ, ਬਹੁਤ ਸਾਰੇ ਆਸਟ੍ਰੇਲੀਅਨ ਸਿੱਖ ਜਿਨ੍ਹਾਂ ਨਾਲ ਅਸੀਂ ਗੱਲ ਕੀਤੀ ਸੀ ਇਸ ਪੱਖ ਨਾਲ ਅਸਹਿਮਤੀ ਰੱਖਦੇ ਸਨ।

ਖ਼ਾਲਿਸਤਾਨ ਦਾ ਪ੍ਰਚਾਰ ਵਿਦੇਸ਼ਾਂ ਵਿੱਚ ਕਿਉਂ

ਮੈਲਬਰਨ ਸਥਿਤ ਇੱਕ ਸਿੱਖ ਆਈਟੀ ਪੇਸ਼ੇਵਰ ਜੋ ਆਪਣੀ ਪਛਾਣ ਐਨ. ਕੌਰ ਵਜੋਂ ਦੇਣਾ ਚਾਹੁੰਦੀ ਹੈ ਨੇ ਕਿਹਾ, "ਅਸੀਂ ਆਪਣੀ ਸੁਰੱਖਿਆ ਦਾ ਫ਼ਿਕਰ ਕਰਦੇ ਹਾਂ ਇਸ ਲਈ ਅਸੀਂ ਅਸਲ ਨਾਂ ਨਹੀਂ ਦੱਸ ਸਕਦੇ। ਉਨ੍ਹਾਂ (ਖ਼ਾਲਿਸਤਾਨ ਸਮਰਥਕਾਂ) ਲਈ ਤਾਂ ਬਸ ਇੱਕ ਜਨੂੰਨ ਹੈ। ਪਰ ਅਸੀਂ ਆਪਣੀ ਜ਼ਿੰਦਗੀ ਅਤੇ ਰੋਜ਼ੀ ਰੋਟੀ ਬਚਾਉਣਾ ਚਾਹੁੰਦੇ ਹਾਂ।"

ਕੌਰ ਗੁੱਸੇ ਵਿੱਚ ਸਵਾਲ ਕਰਦੇ ਹਨ, "ਉਹ ਖ਼ਾਲਿਸਤਾਨ ਦਾ ਪ੍ਰਚਾਰ ਕਰਨ ਲਈ ਭਾਰਤ ਕਿਉਂ ਨਹੀਂ ਚਲੇ ਜਾਂਦੇ? ਸਾਨੂੰ ਇਥੇ ਇਕੱਲਿਆਂ ਕਿਉਂ ਨਹੀਂ ਛੱਡ ਦਿੰਦੇ? ਅਤੇ ਭਾਰਤ ਦੇ ਗੁਆਂਢ ਵਿੱਚ ਖਾਲਿਸਤਾਨ ਕਿਵੇਂ ਕਾਇਮ ਰਹੇਗਾ? ਕੀ ਉਹ ਪਾਕਿਸਤਾਨ ਦੇ ਅੱਜ ਦੇ ਹਾਲਾਤ ਨਹੀਂ ਦੇਖ ਸਕਦੇ।"

ਅਸੀਂ ਮੈਲਬਰਨ ਦੇ ਸਿੱਖ ਭਾਈਚਾਰੇ ਦੇ ਇੱਕ ਪ੍ਰਮੁੱਖ ਮੈਂਬਰ, ਵੱਡੇ ਕਾਰੋਬਾਰੀ ਤੇ ਸਮੁੱਚੇ ਭਾਰਤੀ ਭਾਈਚਾਰੇ ਵਿੱਚ ਅਸਰ ਰਸੂਖ਼ ਰੱਖਣ ਵਾਲੇ ਇੱਕ ਵਿਅਕਤੀ ਨਾਲ ਵੀ ਗੱਲ ਕੀਤੀ ਹੈ।

ਉਹ ਕਹਿੰਦੇ ਹਨ, "ਇਹ (ਖ਼ਾਲਿਸਤਾਨ ਰਾਏਸ਼ੁਮਾਰੀ) ਪੂਰੀ ਤਰ੍ਹਾਂ ਬੇਤੁਕੀ ਹੈ। ਬਹੁਤੇ ਸਿੱਖ, ਨਾ ਸਿਰਫ਼ ਆਸਟ੍ਰੇਲੀਆ ਵਿੱਚ ਵਸਦੇ, ਸਗੋਂ ਭਾਰਤ ਸਮੇਤ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਰਹਿਣ ਵਾਲੇ ਅਸਲ ਵਿੱਚ ਖ਼ਾਲਿਸਤਾਨ ਦੇ ਵਿਚਾਰ ਨੂੰ ਕੋਈ ਅਹਿਮੀਅਤ ਨਹੀਂ ਦਿੰਦੇ। ਅਸੀਂ ਆਪੋ-ਆਪਣੇ ਕਾਰੋਬਾਰਾਂ ਜਾਂ ਨੌਕਰੀਆਂ ਅਤੇ ਪਰਿਵਾਰਾਂ ਵਿੱਚ ਬਹੁਤ ਰੁੱਝੇ ਹੋਏ ਹਾਂ ਭਲਾਂ ਅਸੀਂ ਆਪਣਾ ਸਮਾਂ, ਪੈਸਾ ਜਾਂ ਊਰਜਾ ਇੱਕ ਵਿਨਾਸ਼ਕਾਰੀ ਵਿਚਾਰ 'ਤੇ ਕਿਵੇਂ ਖਰਚ ਕਰ ਸਕਦੇ ਹਾਂ। "

ਉਨ੍ਹਾਂ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਸਿੱਖ ਭਾਈਚਾਰੇ ਨੂੰ ਮਿਲੇ ਦਰਦ ਨੂੰ ਯਾਦ ਕਰ ਕਿਹਾ ਕਿ ਉਨ੍ਹਾਂ ਵਰਗੇ ਲੋਕ ਅਜਿਹੇ ਕਾਲੇ ਦਿਨਾਂ ਦਾ ਇਤਿਹਾਸ ਦੁਹਰਾਉਣਾ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ।

ਉਹ ਕਹਿੰਦੇ ਹਨ,"ਅਸੀਂ ਬਿਹਤਰ ਜ਼ਿੰਦਗੀ ਅਤੇ ਭਵਿੱਖ ਲਈ ਆਸਟ੍ਰੇਲੀਆ ਆਏ ਹਾਂ। ਆਸਟ੍ਰੇਲੀਆ ਵਿਚ ਖ਼ਾਲਿਸਤਾਨੀ ਲਾਬੀ ਦਾ ਉਭਾਰ ਇਸ ਦੇਸ਼ ਲਈ ਵੱਡੀ ਤਬਾਹੀ ਦਾ ਸੰਕੇਤ ਹੈ। ਧਾਰਮਿਕ ਕੱਟੜਤਾ ਕਿਸੇ ਵੀ ਦੇਸ਼ ਲਈ ਬੁਰੀ ਖ਼ਬਰ ਹੈ।"

ਖ਼ਾਲਿਸਤਾਨ ਬਨਾਮ ਆਸਟ੍ਰੇਲੀਆ ਵਸਦੇ ਸਿੱਖ

ਸੂਬੇ ਦੇ ਗੁਰਦੁਆਰਿਆਂ ਦੀ ਪ੍ਰਤੀਨਿਧ ਸੰਸਥਾ ਵਿਕਟੋਰੀਆ ਸਿੱਖ ਗੁਰਦੁਆਰਾ ਕੌਂਸਲ (ਵੀਐੱਸਜੀਸੀ) ਦਾ ਕਹਿਣਾ ਹੈ ਕਿ ਉਹ ਹਿੰਦੂ-ਸਿੱਖ ਸਬੰਧਾਂ ਨੂੰ ਬਿਹਤਰ ਬਣਾਉਣਾ ਚਾਹੁੰਦੇ ਹਨ।

ਵੀਐੱਸਜੀਸੀ ਦੇ ਬੁਲਾਰੇ ਅਤੇ ਸਿੱਖ ਇੰਟਰਫੇਥ ਕੌਂਸਲ ਵਿਕਟੋਰੀਆ ਦੇ ਚੇਅਰਪਰਸਨ ਜਸਬੀਰ ਸਿੰਘ ਕਹਿੰਦੇ ਹਨ, "ਇਹ ਸਿੱਖਸ ਫ਼ਾਰ ਜਸਟਿਸ ਦੀ ਆਪਣੀ ਰਾਇ ਹੈ ਅਤੇ ਮੈਂ ਇਸ 'ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ। ਪਰ ਹਰ ਸਿੱਖ ਅਸਲ ਵਿੱਚ ਗੁਰੂ ਦਾ ਸਿੱਖ ਹੈ। ਸਾਡਾ ਮੰਨਣਾ ਹੈ ਕਿ ਐੱਸਐੱਫ਼ਜੇ ਕੋਲ ਆਪਣੀ ਮੰਗ ਨੂੰ ਸ਼ਾਂਤਮਈ ਢੰਗ ਨਾਲ ਰੱਖਣ ਦਾ ਜਮਹੂਰੀ ਹੱਕ ਹੈ।"

ਉਨ੍ਹਾਂ ਦਾ ਕਹਿਣਾ ਹੈ, "ਸਿੱਖਾਂ ਦੀ ਇਸ ਮਾਮਲੇ 'ਤੇ ਆਪਣੀ ਰਾਇ ਹੈ ਅਤੇ ਰਾਏਸ਼ੁਮਾਰੀ ਵਿੱਚ ਸ਼ਾਮਲ ਹੋਏ ਲੋਕਾਂ ਦਾ ਆਪਣਾ ਪੱਖ ਹੈ। ਪਰ ਕੁਝ ਲੋਕ ਸਾਡੇ ਅਕਸ ਨੂੰ ਖ਼ਰਾਬ ਕਰਨ ਲਈ ਸਾਡਾ (ਸਿੱਖਾਂ ਦਾ) ਨਾਮ ਇਸ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ।"

ਉਥੋਂ ਦੇ ਕਾਰੋਬਾਰੀ ਦਾ ਕਹਿਣਾ ਹੈ, ''ਅਵਤਾਰ ਸਿੰਘ ਪੰਨੂ ਵਰਗੇ ਲੋਕ ਆਸਟ੍ਰੇਲੀਆ ਦੇ ਸਿੱਖਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਵਿੱਚੋਂ ਬਹੁਤੇ ਇੱਥੇ ਛੋਟੀ ਉਮਰ ਵਿੱਚ ਕੌਮਾਂਤਰੀ ਵਿਦਿਆਰਥੀਆਂ ਵਜੋਂ ਆਉਂਦੇ ਹਨ ਅਤੇ ਅਜਿਹੇ ਨੌਜਵਾਨ ਜਲਦ ਹੀ ਕਿਸੇ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਮੈਂ ਸੁਣਿਆ ਹੈ ਕਿ ਐੱਸਐੱਫ਼ਜੇ ਨੌਜਵਾਨਾਂ ਨੂੰ ਇੱਥੇ ਜਾਂ ਕੈਨੇਡਾ ਵਿੱਚ ਸਥਾਈ ਨਾਗਰਿਕਤਾ ਹਾਸਿਲ ਕਰਨ ਵਿੱਚ ਮਦਦ ਕਰਨ ਦੀ ਪੇਸ਼ਕਸ਼ ਕਰਦੀ ਹੈ।"

ਹਾਲਾਂਕਿ, ਮੈਲਬਰਨ ਅਧਾਰਤ ਸਿੱਖ ਅਤੇ ਖ਼ਾਲਿਸਤਾਨ ਦੇ ਕੱਟੜ ਸਮਰਥਕ ਕੁਲਦੀਪ ਸਿੰਘ ਬੱਸੀ ਨੇ ਇਸ ਵਿਚਾਰਧਾਰਾ ਦੇ ਪ੍ਰਸਾਰ ਲਈ ਪਾਕਿਸਤਾਨ ਦਾ ਸਮਰਥਨ ਹੋਣ ਦੀ ਸੰਭਾਵਨਾਂ ਤੋਂ ਮੁੱਢੋ ਇਨਕਾਰ ਕੀਤਾ ਹੈ।

ਬੱਸੀ ਦਾ ਪਰਿਵਾਰ ਪਿਛਲੇ 122 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿੰਦਾ ਹੈ। ਉਹ ਖ਼ਾਲਿਸਤਾਨ ਦੀ ਮੰਗ ਦੀ ਹਮਾਇਤ ਕਰਦਿਆਂ ਕਹਿੰਦੇ ਹਨ,"ਪਾਕਿਸਤਾਨ ਤਾਂ ਖ਼ੁਦ ਹੀ ਆਪਣੀ ਹੋਂਦ ਲਈ ਸੰਘਰਸ਼ ਕਰ ਰਿਹਾ ਹੈ, ਉਹ ਖ਼ਾਲਿਸਤਾਨ ਦਾ ਸਮਰਥਨ ਕਿਵੇਂ ਕਰੇਗਾ? ਮੈਂ ਕਹਾਂਗਾ ਕਿ ਸਿੱਖ ਚਾਹੇ ਉਹ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਰਹਿੰਦੇ ਹੋਣ, ਉਨ੍ਹਾਂ ਵਿੱਚੋਂ 98 ਫ਼ੀਸਦ ਸਿੱਖ ਭਾਰਤ ਤੋਂ ਵੱਖ ਹੋ ਕੇ ਖ਼ਾਲਿਸਤਾਨ ਬਣਾਉਣਾ ਚਾਹੁੰਦੇ ਹਨ। ਇਸ ਦਾ ਕਾਰਨ ਹੈ ਕਿ ਅਸੀਂ ਖ਼ੁਦ ਨੂੰ ਭਾਰਤ ਦਾ ਗੁਲਾਮ ਮਹਿਸੂਸ ਕਰਦੇ ਹਾਂ।"

ਬੱਸੀ ਕਿਸੇ ਵੀ ਸੰਸਥਾ ਦੀ ਨੁਮਾਇੰਦਗੀ ਕਰਨ ਤੋਂ ਇਨਕਾਰ ਕਰਦੇ ਹਨ।

ਜਦੋਂ ਬੱਸੀ ਨੂੰ ਪੁੱਛਿਆ ਗਿਆ ਕਿ ਜੇਕਰ ਖ਼ਾਲਿਸਤਾਨ ਹਕੀਕਤ ਬਣ ਜਾਂਦਾ ਹੈ, ਤਾਂ ਕੀ ਉਹ ਆਪਣੇ ਪਰਿਵਾਰ ਸਮੇਤ ਉੱਤੇ ਚਲੇ ਜਾਣਗੇ?

ਉਨ੍ਹਾਂ ਜਵਾਬ ਦਿੱਤਾ, "ਨਹੀਂ, ਪਰ ਅਸੀਂ ਆਉਂਦੇ ਜਾਂਦੇ ਰਹਾਂਗੇ। ਦੇਖੋ, ਸਾਡੇ ਵਰਗੇ ਲੋਕਾਂ ਦੇ ਪਰਿਵਾਰ, ਨੌਕਰੀਆਂ ਅਤੇ ਕਾਰੋਬਾਰ ਭਾਰਤ ਤੋਂ ਬਾਹਰ ਹਨ ਇਸ ਲਈ ਸਭ ਕੁਝ ਛੱਡ ਕੇ ਜਾਣਾ ਸੰਭਵ ਨਹੀਂ ਹੈ।"

ਆਸਟ੍ਰੇਲੀਆ ਵਸਦੇ ਹਿੰਦੂ-ਸਿੱਖ

ਕੀ ਇਨ੍ਹਾਂ ਘਟਨਾਵਾਂ ਨੇ ਆਸਟ੍ਰੇਲੀਆ ਵਿੱਚ ਰਹਿੰਦੇ ਹਿੰਦੂਆਂ ਅਤੇ ਸਿੱਖਾਂ ਦੇ ਸਬੰਧਾਂ ਨੂੰ ਕਮਜ਼ੋਰ ਕੀਤਾ ਹੈ?

ਇਸ ਵਿਸ਼ੇ 'ਤੇ ਵਿਚਾਰ ਵੰਡੇ ਹੋਏ ਹਨ। ਬੀਏਪੀਐੱਸ ਸਵਾਮੀਨਾਰਾਇਣ ਮੰਦਿਰ ਦੇ ਕਮਿਊਨਿਟੀ ਅਤੇ ਮੀਡੀਆ ਆਊਟਰੀਚ ਦੇ ਇੰਚਾਰਜ ਪਾਰਥ ਪੰਡਯਾ ਦਾ ਕਹਿਣਾ ਹੈ ਕਿ ਮੰਦਰ ਇਸ ਮਾਮਲੇ ਵਿੱਚ ਦਖ਼ਲ ਨਹੀਂ ਦੇਣਾ ਚਾਹੁੰਦਾ।

"ਸਾਡੇ ਗੁਰੂ ਨੇ ਸਾਨੂੰ ਸ਼ਾਂਤ ਰਹਿਣ ਅਤੇ ਸ਼ਾਂਤੀ ਦੀ ਅਪੀਲ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਇਹ ਮਾਮਲਾ ਪੁਲਿਸ 'ਤੇ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਸਾਨੂੰ ਆਪਣੀ ਸਾਧਨਾ 'ਤੇ ਧਿਆਨ ਕੇਂਦਰਿਤ ਕਰਨ ਦਾ ਨਿਰਦੇਸ਼ ਦਿੱਤਾ ਹੈ। ਜਦੋਂ 2002 'ਚ ਗਾਂਧੀਨਗਰ 'ਚ ਸਾਡੇ ਅਕਸ਼ਰਧਾਮ ਮੰਦਰ 'ਤੇ ਦਹਿਸ਼ਤਗਰਦਾਂ ਦਾ ਹਮਲਾ ਕੀਤਾ ਗਿਆ ਸੀ ਅਤੇ ਸਾਡੇ ਸਾਧੂ-ਭਗਤਾਂ ਨੂੰ ਮਾਰਿਆ ਗਿਆ ਸੀ ਅਸੀਂ ਉਸ ਸਮੇਂ ਵੀ ਕੋਈ ਟਿੱਪਣੀ ਨਹੀਂ ਕੀਤੀ ਸੀ। ਸਾਡੇ ਗੁਰੂ ਦਾ ਮਾਰਗਦਰਸ਼ਨ ਹਰ ਚੀਜ਼ ਨੂੰ ਪਿੱਛੇ ਛੱਡ ਦਿੰਦਾ ਹੈ।"

ਵੀਐੱਸਜੀਸੀ ਅਤੇ ਸਿੱਖ ਇੰਟਰਫ਼ੇਥ ਕੌਂਸਲ ਵਿਕਟੋਰੀਆ ਤੋਂ ਨਾਲ ਸਬੰਧ ਰੱਖਦੇ ਜਸਬੀਰ ਸਿੰਘ ਨੇ ਸਥਾਨਕ ਹਿੰਦੂਆਂ ਅਤੇ ਸਿੱਖਾਂ ਦਰਮਿਆਨ ਕਿਸੇ ਵੀ ਕਿਸਮ ਦਾ ਤਣਾਅ ਹੋਣ ਦੀ ਸੰਭਾਵਨਾ ਦਾ ਜ਼ੋਰਦਾਰ ਢੰਗ ਨਾਲ ਇਨਕਾਰ ਕੀਤਾ ਹੈ।

ਉਨ੍ਹਾਂ ਕਿਹਾ, "ਅਸੀਂ ਮੈਲਬਰਨ ਤੋਂ ਸ਼ੈਪਰਟਨ (ਲਗਭਗ 200 ਕਿਲੋਮੀਟਰ ਦੂਰ ਇੱਕ ਸ਼ਹਿਰ) ਤੱਕ ਦੇ ਸਾਰੇ ਗੁਰਦੁਆਰਿਆਂ ਨਾਲ ਸਲਾਹ ਮਸ਼ਵਰਾ ਕੀਤਾ ਹੈ ਅਤੇ ਸਾਨੂੰ ਪਤਾ ਲੱਗਿਆ ਹੈ ਕਿ ਹਿੰਦੂ ਭਾਈਚਾਰੇ ਦੇ ਲੋਕ ਪਹਿਲਾਂ ਵਾਂਗ ਹੀ ਗੁਰਦੁਆਰਿਆਂ ਵਿੱਚ ਆਉਂਦੇ ਹਨ। ਵੀਐੱਸਜੀਸੀ ਦੋਵਾਂ ਭਾਈਚਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਹੈ ਕਿ ਉਹ ਕਿਸੇ ਵੀ ਵਿਰੋਧੀ ਵਿਚਾਰ ਪੈਦਾ ਕਰਨ ਵਾਲੀ ਧਾਰਨਾ ਨੂੰ ਆਪਣਾ ਸਮਰਥਨ ਨਾ ਦੇਣ।"

ਹਾਲਾਂਕਿ, ਸਿੱਖ ਕਾਰੋਬਾਰੀ ਦਾ ਪੱਕਾ ਮੰਨਣਾ ਹੈ ਕਿ ਇਨ੍ਹਾਂ ਘਟਨਾਵਾਂ ਨੇ ਮੈਲਬਰਨ ਵਿੱਚ ਰਹਿੰਦੇ ਹਿੰਦੂ-ਸਿੱਖ ਭਾਈਚਾਰੇ ਦੇ ਆਪਸੀ ਸਬੰਧਾਂ ਨੂੰ ਨੁਕਸਾਨ ਪਹੁੰਚਿਆ ਹੈ।

ਉਹ ਕਹਿੰਦੇ ਹਨ,"ਹੁਣ ਸਾਡੇ ਹਿੰਦੂ ਦੋਸਤ ਇਹ ਸੋਚ ਰਹੇ ਹਨ ਕਿ ਸਾਰੇ ਸਿੱਖ ਖ਼ਾਲਿਸਤਾਨੀ ਹਨ ਅਤੇ ਭਾਰਤ ਦੀ ਵੰਡ ਦਾ ਸਮਰਥਨ ਕਰਦੇ ਹਨ। ਇਹ ਸੱਚਾਈ ਤੋਂ ਪਰੇ ਹੈ।"

ਇਸ ਦ੍ਰਿਸ਼ਟੀਕੋਣ ਨਾਲ ਅਸਹਿਮਤ ਹੁੰਦਿਆਂ ਐੱਸਐੱਫ਼ਜੇ ਦੇ ਪੰਨੂ ਦਾ ਕਹਿਣਾ ਹੈ ਕਿ ਖ਼ਾਲਿਸਤਾਨ ਦੀ ਮੰਗ ਦਾ ਹਿੰਦੂਆਂ ਅਤੇ ਉਨ੍ਹਾਂ ਦੇ ਮੰਦਰਾਂ ਨਾਲ ਕੋਈ ਸਬੰਧ ਨਹੀਂ ਹੈ।

ਬੱਸੀ ਦੇ ਵਿਚਾਰ ਵੀ ਪੰਨੂ ਨਾਲ ਕੁਝ ਮੇਲ ਖਾਂਦੇ ਹਨ ਉਹ ਕਹਿੰਦੇ ਹਨ, ''ਸਾਡੇ ਬਹੁਤ ਸਾਰੇ ਹਿੰਦੂ ਦੋਸਤ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਹੋਰ 20 ਜਾਣਿਆ ਨਾਲ ਇੱਕ ਰੈਸਟੋਰੈਂਟ ਵਿੱਚ ਜਾਣ ਦੀ ਯੋਜਨਾ ਬਣਾ ਰਹੇ ਹਨ ਜੋ ਇੱਕ ਹਿੰਦੂ ਵਲੋਂ ਚਲਾਇਆ ਜਾਂਦਾ ਹੈ।"

ਉਹ ਆਪਣੀ ਗੱਲ ਮੁਕੰਮਲ ਕਰਦਿਆਂ ਕਹਿੰਦੇ ਹਨ,"ਮੈਂ ਡੀਨਸਾਈਡ ਵਿਚਲੇ ਸ਼੍ਰੀ ਦੁਰਗਾ ਮੰਦਰ ਨੂੰ ਦਾਨ ਦਿੰਦਾ ਹਾਂ ਤੇ ਉਸ ਦੇ ਪ੍ਰਧਾਨ ਨਾਲ ਮੇਰੇ ਬਹੁਤ ਦੋਸਤਾਨਾ ਸਬੰਧ ਹਨ। ਅਸੀਂ ਹਿੰਦੂਆਂ ਦੇ ਦੁਸ਼ਮਣ ਨਹੀਂ ਹਾਂ।"

ਭਾਰਤ ਦਾ ਪੱਖ

ਭਾਰਤੀ ਹਾਈ ਕਮਿਸ਼ਨਰ ਮਨਪ੍ਰੀਤ ਵੋਹਰਾ ਨੇ ਟਵੀਟ ਕਰਕੇ ਮੈਲਬਰਨ ਦੇ ਸ਼੍ਰੀ ਸ਼ਿਵਾ ਵਿਸ਼ਨੂੰ ਮੰਦਰ ਤੇ ਇਸਕੋਨ ਸੰਸਥਾਨ ਦੇ ਪ੍ਰਬੰਧਕਾਂ ਨਾਲ ਕੀਤੀ ਮੁਲਾਕਾਤ ਬਾਰੇ ਦੱਸਦਿਆਂ ਅਜਿਹੀਆਂ ਘਟਨਾਵਾਂ ਦੀ ਨਿੰਦਾ ਕੀਤੀ ਸੀ।

ਮਨਪ੍ਰੀਤ ਵੋਹਰਾ ਨੇ ਹਿੰਦੂ ਮੰਦਰਾਂ ਦੀਆਂ ਕੰਧਾਂ ਉੱਤੇ ਚਿੱਤਰ ਬਣਾਉਣ ਦੀਆਂ ਘਟਨਾਵਾਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਸੀ।

ਵੋਹਰਾ ਨੇ ਬੀਏਪੀਐੱਸ ਸਵਾਮੀਨਾਰਾਇਣ ਮੰਦਰ ਜਾ ਕੇ ਵੀ ਅਜਿਹੀਆਂ ਘਟਨਾਵਾਂ ਤੋਂ ਬਾਅਦ ਦੇ ਹਾਲਾਤ ਦਾ ਜਾਇਜ਼ਾ ਲਿਆ ਸੀ।

ਉਨ੍ਹਾਂ ਨੇ ਇਸ ਸਬੰਧ ਵਿੱਚ ਵਿਕਟੋਰੀਆ ਦੇ ਪ੍ਰੀਮਿਅਰ ਡੇਨੀਅਲ ਐਂਡਰਿਊਜ਼ ਨਾਲ ਮੁਲਾਕਾਤ ਕਰ ਕੇ ਮਜ਼ਬੂਤ ਦੁਵੱਲੇ ਸਬੰਧਾਂ ਬਾਰੇ ਚਰਚਾ ਕੀਤੀ ਤੇ ਖ਼ਾਲਿਸਤਾਨ ਕੱਟੜਪੰਥੀਆਂ ਦੀਆਂ ਗਤੀਵਿਧੀਆਂ ਨੂੰ ਰੋਕਣ ਬਾਰੇ ਵੀ ਸਲਾਹ ਮਸ਼ਵਰਾ ਕੀਤਾ ਸੀ।

5 ਫਰਵਰੀ ਨੂੰ, ਆਸਟ੍ਰੇਲੀਆ ਦੇ ਸਹਾਇਕ ਵਿਦੇਸ਼ ਮੰਤਰੀ ਟਿਮ ਵਾਟਸ ਨੇ ਸਥਾਨਕ ਹਿੰਦੂ ਭਾਈਚਾਰੇ ਨੂੰ ਪਰੇਸ਼ਾਨ ਕਰਨ ਵਾਲੀਆਂ ਹਾਲੀਆਂ ਘਟਨਾਵਾਂ ਤੋਂ ਬਾਅਦ ਮੈਲਬਰਨ ਦੇ ਸ਼੍ਰੀ ਦੁਰਗਾ ਮੰਦਿਰ ਦਾ ਦੌਰਾ ਕੀਤਾ। ਉਨ੍ਹਾਂ ਨੇ ਮੰਦਰ ਕਮੇਟੀ ਦੇ ਮੈਂਬਰਾਂ ਨਾਲ ਮਿਲਕੇ ਉਨ੍ਹਾਂ ਦੀਆਂ ਚਿੰਤਾਵਾਂ ਵੀ ਸੁਣੀਆਂ ਸਨ।

ਮੈਂਬਰ ਪਾਰਲੀਮੈਂਟ ਟਿਮ ਵਟਸ ਨੇ ਟਵੀਟ ਕੀਤਾ ਸੀ ਕਿ ਸੰਸਦ ਦੇ ਮੁੜ ਸ਼ੁਰੂ ਹੋਣ ਤੋਂ ਪਹਿਲਾਂ, ਸੰਸਦ ਮੈਂਬਰ ਕਲੇਅਰ ਓਨੇਲ, ਪੀਟਰ ਖ਼ਲੀਲ ਤੇ ਮੈਂ ਕਮੇਟੀ ਮੈਂਬਰਾਂ ਨਾਲ ਮੁਲਾਕਾਤ ਕਰਕੇ, ਉਨ੍ਹਾਂ ਦੇ ਦ੍ਰਿਸ਼ਟੀਕੋਣਾਂ ਨੂੰ ਸਮਝਣ ਲਈ ਸ਼੍ਰੀ ਦੁਰਗਾ ਮੰਦਿਰ ਦਾ ਦੌਰਾ ਕੀਤਾ ਸੀ। ਇਹ ਮੈਲਬਰਨ ਦੇ ਪੱਛਮ ਵਿੱਚ ਸਭ ਤੋਂ ਵੱਡਾ ਹਿੰਦੂ ਮੰਦਰ ਹੈ... ਅਤੇ ਸ਼ਾਇਦ ਆਸਟ੍ਰੇਲੀਆ ਦਾ ਵੀ!

ਆਰ ਕੁਮਾਰ ਇੱਕ ਸ਼ਰਧਾਲੂ ਹਿੰਦੂ ਹਨ ਜੋ ਪਿਛਲੇ ਇੱਕ ਦਹਾਕੇ ਤੋਂ ਮੈਲਬਰਨ ਵਿੱਚ ਰਹਿ ਰਹੇ ਹਨ। ਉਹ ਹਰ ਰੋਜ਼ ਇੱਕ ਸਥਾਨਕ ਮੰਦਰ ਮੱਥਾ ਟੇਕਣ ਜਾਂਦੇ ਹਨ ਅਤੇ ਸਥਾਨਕ ਹਿੰਦੂ ਭਾਈਚਾਰੇ ਦੀਆਂ ਗੱਲਬਾਤਾਂ ਦੀ ਸਮਝ ਰੱਖਦੇ ਹਨ।

ਉਹ ਕਹਿੰਦੇ ਹਨ, "ਮੈਲਬਰਨ ਵਿੱਚ ਹਿੰਦੂ-ਸਿੱਖ ਸਬੰਧਾਂ ਵਿੱਚ ਕੋਈ ਫ਼ਰਕ ਨਹੀਂ ਪਿਆ, ਅਸੀਂ ਅਜੇ ਵੀ ਪਹਿਲਾਂ ਵਾਂਗ ਹੀ ਦੋਸਤ ਹਾਂ ਅਤੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਜਾਂਦੇ ਰਹਿੰਦੇ ਹਾਂ। ਪਰ ਥੋੜ੍ਹਾ ਸੁਚੇਤ ਹੋ ਕੇ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)