You’re viewing a text-only version of this website that uses less data. View the main version of the website including all images and videos.
ਬ੍ਰਾਜ਼ੀਲ ਰਾਸ਼ਟਰਪਤੀ ਚੋਣਾਂ: ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਕਾਮਰੇਡ ਲੂਲਾ ਡੀ ਸਿਲਵਾ ਨੇ ਕਿਵੇਂ ਪਲਟਿਆ ਸੱਤਾ ਦਾ ਤਖ਼ਤ
ਬ੍ਰਾਜ਼ੀਲ ਨੇ ਇੱਕ ਵਾਰ ਫ਼ਿਰ ਤੋਂ ਖੱਬੇ ਪੱਖੀ ਧਿਰ ਤੇ ਸਾਬਕਾ ਰਾਸ਼ਟਰਪਤੀ ਲੁਈਸ ਇਨਸੀਓ ਲੂਲਾ ਡੀ ਸਿਲਵਾ ਨੂੰ ਚੁਣਿਆ। ਉਨ੍ਹਾਂ ਨੇ ਸੱਜੇ ਪੱਖੀ ਮੌਜੂਦਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੂੰ ਹਰਾਇਆ ਹੈ।
ਦੋਵਾਂ ਧਿਰਾਂ ਵਿਚ ਵੰਡੀ ਹੋਈ ਅਬਾਦੀ ਵਾਲੀਆਂ ਸਿਆਸੀ ਸਫ਼ਾਂ 'ਤੇ ਖੜੇ ਹੋ ਕੇ ਦੋ ਹੰਢੇ ਵਰਤੇ ਸਿਆਸਤਦਾਨਾਂ ਨੇ ਇੱਕ ਦੂਜੇ ਨੂੰ ਸਖ਼ਤ ਮੁਕਾਬਲਾ ਦਿੱਤਾ।
ਲੂਲਾ ਦੇ ਸਮਰਥਕਾਂ ਨੂੰ ਜਿੱਤ ਦਾ ਭਰੋਸਾ ਸੀ ਅਤੇ ਉਨ੍ਹਾਂ ਇਹ ਚੋਣ 50.9 ਫ਼ੀਸਦ ਵੋਟਾਂ ਨਾਲ ਜਿੱਤੀ। ਜੈਰ ਬੋਲਸੋਨਾਰੋ ਨੂੰ ਹਰਾਉਣ ਲਈ ਇਹ ਅੰਕੜਾ ਕਾਫ਼ੀ ਸੀ।
ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਜੋ ਵੰਡ ਇੰਨਾਂ ਚੋਣਾਂ ਨੇ ਪਾਈ ਹੈ, ਉਸ ਨੂੰ ਪੂਰਨਾ ਹੁਣ ਔਖਾ ਹੈ।
ਇਹ ਇੱਕ ਅਜਿਹੇ ਸਿਆਸਤਦਾਨ ਦੀ ਜ਼ਬਰਦਸਤ ਵਾਪਸੀ ਹੈ, ਜੋ ਸਾਲ 2018 ਦੀ ਚੋਣ ਨਹੀਂ ਸੀ ਲੜ ਸਕਿਆ ਕਿਉਂ ਕਿ ਉਹ ਜੇਲ੍ਹ ਵਿੱਚ ਸੀ ਤੇ ਉਸ ਦੇ ਚੋਣ ਲੜਨ ਉੱਤੇ ਪਾਬੰਦੀ ਲੱਗੀ ਹੋਈ ਸੀ।
ਲੂਲਾ ਉੱਤੇ ਇੱਕ ਬ੍ਰਾਜ਼ੀਲੀ ਉਸਾਰੀ ਕੰਪਨੀ ਨੂੰ ਬ੍ਰਾਜ਼ੀਲ ਦੀ ਕੌਮੀ ਤੇਲ ਕੰਪਨੀ ਪੈਟਰੋਬਰਸ ਨਾਲ ਠੇਕਾ ਦੁਆਉਣ ਬਦਲੇ ਰਿਸ਼ਵਤ ਲੈਣ ਦੇ ਇਲਜ਼ਾਮ ਸਨ।
ਲੂਲਾ ਨੇ ਆਪਣੀ ਸਜ਼ਾ ਰੱਦ ਹੋਣ ਤੋਂ ਪਹਿਲਾਂ 580 ਦਿਨ ਜੇਲ੍ਹ 'ਚ ਬਿਤਾਏ। ਬਾਹਰ ਆਉਣ ਤੋਂ ਬਾਅਦ ਉਹ ਮੁੜ ਸਿਆਸਤ ਦਾ ਹਿੱਸਾ ਬਣ ਗਏ।
ਉਨ੍ਹਾਂ ਆਪਣੇ ਜੇਤੂ ਭਾਸ਼ਣ ਵਿੱਚ ਕਿਹਾ, "ਉਨ੍ਹਾਂ ਮੈਨੂੰ ਇੱਥੇ ਦਫ਼ਨਾਉਣ ਦੀ ਕੋਸ਼ਿਸ਼ ਕੀਤੀ ਤੇ ਮੈਂ ਐਥੇ ਖੜਾ ਹਾਂ।"
- ਬ੍ਰਾਜ਼ੀਲ ਨੇ ਇੱਕ ਵਾਰ ਫ਼ਿਰ ਤੋਂ ਖੱਬੇ ਪੱਖੀ ਧਿਰ ਤੇ ਸਾਬਕਾ ਰਾਸ਼ਟਰਪਤੀ ਲੁਈਸ ਇਨਸੀਓ ਲੂਲਾ ਡੀ ਸਿਲਵਾ ਨੂੰ ਚੁਣਿਆ।
- ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਜੋ ਵੰਡ ਇੰਨਾਂ ਚੋਣਾਂ ਨੇ ਪਾਈ ਹੈ ਉਸ ਨੂੰ ਪੂਰਨਾ ਹੁਣ ਔਖਾ ਹੈ।
- ਲੁਲਾ ਡਾ ਸਿਲਵਾ ਦਾ ਜਨਮ 27 ਅਕਤੂਬਰ 1945 ਨੂੰ ਉੱਤਰ-ਪੂਰਬੀ ਪਰਨਬੂਕੋ ਰਾਜ ਵਿੱਚ ਗਾਰਨਹੁੰਸ ਵਿੱਚ ਹੋਇਆ ਸੀ।
- ਉਨ੍ਹਾਂ ਦੇ ਚਾਰ ਬੱਚੇ ਅਤੇ ਇੱਕ ਮਤਰੇਆ ਪੁੱਤਰ ਹੈ।
- ਲੁਲਾ 1960 ਅਤੇ 1970 ਦੇ ਦਹਾਕੇ ਵਿੱਚ ਮੈਟਲ ਵਰਕਰ ਅਤੇ ਸਰਗਰਮ ਟਰੇਡ ਯੂਨੀਅਨ ਆਗੂ ਸੀ।
- ਉਹ 1980 ਵਿੱਚ ਵਰਕਰਜ਼ ਪਾਰਟੀ (ਪੀਟੀ) ਦੇ ਸੰਸਥਾਪਕਾਂ ਵਿੱਚੋਂ ਇੱਕ ਸਨ।
- ਉਨ੍ਹਾਂ ਨੇ 1987 ਅਤੇ 1991 ਦੇ ਵਿਚਕਾਰ ਸਾਓ ਪਾਓਲੋ ਲਈ ਫੈਡਰਲ ਡਿਪਟੀ ਵਜੋਂ ਸੇਵਾ ਕੀਤੀ।
- 2002 ਵਿੱਚ ਆਪਣੇ ਪਹਿਲੇ ਕਾਰਜਕਾਲ ਲਈ ਚੁਣੇ ਜਾਣ ਤੋਂ ਪਹਿਲਾਂ ਉਹ ਚਾਰ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਲਈ ਚੋਣ ਲੜੇ ਸਨ।
ਕੌਣ ਹਨ ਲੂਲਾਦਾ ਸਿਲਵਾ
ਸਾਬਕਾ ਰਾਸ਼ਟਰ ਮੁਖੀ ਅਤੇ ਬ੍ਰਾਜ਼ੀਲ ਦੀ ਖੱਬੇਪੱਖੀ ਵਰਕਰਜ਼ ਪਾਰਟੀ (ਪੀਟੀ) ਦੇ ਸੰਸਥਾਪਕ 76 ਸਾਲਾ ਲੁਈਸ ਇਨਸੀਓ ਲੂਲਾ ਡੀ ਸਿਲਵਾ ਦਾ ਸਿਲਵਾ ਲਾਤੀਨੀ ਅਮਰੀਕੀ ਖੱਬੇ ਪੱਖੀ ਹਨ।
ਉਹ ਦੇਸ਼ ਦੇ 30 ਅਕਤੂਬਰ ਦੇ ਚੋਣ ਗੇੜ ਵਿੱਚ ਰਾਸ਼ਟਰਪਤੀ ਵਜੋਂ ਆਪਣੇ ਤੀਜੇ ਕਾਰਜਕਾਲ ਲਈ ਲੜ ਰਹੇ ਸਨ। ਉਨ੍ਹਾਂ ਦਾ ਮੁਕਾਬਲਾ ਮੌਜੂਦਾ ਸੱਜੇ-ਪੱਖੀ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨਾਲ ਸੀ।
ਸਾਬਕਾ ਮੈਟਲ ਵਰਕਰ ਅਤੇ ਯੂਨੀਅਨ ਕਾਰਕੁਨ 2 ਅਕਤੂਬਰ ਨੂੰ ਰਾਸ਼ਟਰਪਤੀ ਚੋਣ ਦੇ ਪਹਿਲੇ ਗੇੜ ਵਿੱਚ ਸਿਖਰ 'ਤੇ ਆਏ, ਪਰ ਚੋਣਾਂ ਦੀ ਉਮੀਦ ਨਾਲੋਂ ਘੱਟ ਲੀਡ ਨਾਲ।
ਪਹਿਲੇ ਗੇੜ ਤੋਂ ਬਾਅਦ ਦੇ ਹਫ਼ਤਿਆਂ ਵਿੱਚ ਲੂਲਾ ਨੇ ਬੋਲਸੋਨਾਰੋ ਉੱਤੇ ਆਪਣੀ ਲੀਡ ਘੱਟ ਹੁੰਦੀ ਦੇਖੀ।
26 ਅਕਤੂਬਰ ਨੂੰ ਪ੍ਰਕਾਸ਼ਿਤ ਜੇਨੀਅਲ/ਕਵੈਸਟ ਦੇ ਇੱਕ ਸਰਵੇਖਣ ਮੁਤਾਬਕ ਲੂਲਾ ਨੂੰ ਆਸ ਮੁਤਾਬਕ ਵੋਟਾਂ ਦਾ 48 ਪ੍ਰਤੀਸ਼ਤ ਅਤੇ ਬੋਲਸੋਨਾਰੋ ਨੂੰ 42 ਪ੍ਰਤੀਸ਼ਤ ਮਿਲਿਆ ਸੀ।
ਲੂਲਾ ਨੇ ਪਹਿਲਾਂ 2003 ਅਤੇ 2011 ਦੇ ਵਿਚਕਾਰ ਦੋ ਕਾਰਜਕਾਲ ਦੌਰਾਨ ਰਾਸ਼ਟਰਪਤੀ ਵਜੋਂ ਸੇਵਾਵਾਂ ਨਿਭਾਈਆਂ ਹਨ।
ਉਨ੍ਹਾਂ ਨੇ ਲਾਤੀਨੀ ਅਮਰੀਕਾ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਗਰੀਬੀ ਘਟਾਉਣ ਵਿੱਚ ਆਪਣੀ ਸਫ਼ਲਤਾ ਲਈ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕੀਤੀ ਸੀ।
ਉਹ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਲਈ 580 ਦਿਨ ਸਲਾਖਾਂ ਪਿੱਛੇ ਬਿਤਾਉਣ ਤੋਂ ਬਾਅਦ ਜੇਲ੍ਹ ਤੋਂ ਰਿਹਾਅ ਹੋਏ। ਇਸ ਤੋਂ ਬਾਅਦ ਤਿੰਨ ਸਾਲ ਬਾਅਦ ਫਿਰ ਤੋਂ ਰਾਸ਼ਟਰਪਤੀ ਕਾਰਜਭਾਰ ਸੰਭਾਲਣ ਦੀ ਦੌੜ ਵਿੱਚ ਪੁੱਜ ਗਏ
ਉਨ੍ਹਾਂ ਦੀ ਸਜ਼ਾ ਨੂੰ ਬਾਅਦ ਵਿੱਚ ਸੁਪਰੀਮ ਕੋਰਟ ਦੇ ਜੱਜ ਵੱਲੋਂ ਰੱਦ ਕਰ ਦਿੱਤਾ ਗਿਆ ਸੀ।
ਬੋਲਸੋਨਾਰੋ ਵੱਲੋਂ ਜਿੱਤੀਆਂ 2018 ਦੀਆਂ ਚੋਣਾਂ ਦੌਰਾਨ ਉਨ੍ਹਾਂ ਨੂੰ ਜੇਲ੍ਹ ਜਾਣ ਕਾਰਨ ਪੀਟੀ ਦਾ ਉਮੀਦਵਾਰ ਬਣਨ ਤੋਂ ਰੋਕ ਦਿੱਤਾ ਸੀ, ਭਾਵੇਂ ਉਹ ਓਪੀਨੀਅਨ ਪੋਲ ਵਿੱਚ ਸਿਖ਼ਰ 'ਤੇ ਸਨ।
ਇਸ ਸਾਬਕਾ ਰਾਸ਼ਟਰਪਤੀ ਦਾ ਬ੍ਰਾਜ਼ੀਲ ਦੇ ਸਭ ਤੋਂ ਗਰੀਬ ਖੇਤਰ ਉੱਤਰ-ਪੂਰਬ ਵਿੱਚ ਮਜ਼ਬੂਤ ਸਮਰਥਨ ਆਧਾਰ ਹੈ।
ਹਾਲਾਂਕਿ, ਧਨ ਦੀ ਵੰਡ ਅਤੇ ਸਮਾਜਿਕ ਪ੍ਰੋਗਰਾਮਾਂ 'ਤੇ ਉਨ੍ਹਾਂ ਦੇ ਫੋਕਸ ਨੇ ਅਜਿਹੇ ਸਮੇਂ ਉਨ੍ਹਾਂ ਦੀ ਅਪੀਲ ਦਾ ਦਾਇਰਾ ਵਧਾ ਦਿੱਤਾ।
ਇਹ ਵੀ ਪੜ੍ਹੋ-
'ਭਵਿੱਖ ਦੇ ਬ੍ਰਾਜ਼ੀਲ ਬਾਰੇ ਸੋਚਣ'
ਜਦੋਂ ਜ਼ਿਆਦਾਤਰ ਬ੍ਰਾਜ਼ੀਲੀਅਨ ਕੋਵਿਡ -19 ਮਹਾਮਾਰੀ ਦੇ ਵਿਸ਼ਵਵਿਆਪੀ ਆਰਥਿਕ ਪ੍ਰਭਾਵਾਂ ਅਤੇ ਯੂਕਰੇਨ 'ਤੇ ਰੂਸ ਦੀ ਲੜਾਈ ਦੇ ਬਾਅਦ ਜੀਵਨ ਨਿਰਬਾਹ ਦੀ ਰੋਜ਼ਾਨਾ ਲਾਗਤ ਨੂੰ ਤਰਜੀਹ ਦੇ ਰਹੇ ਹਨ।
ਆਪਣੇ ਸੱਜੇ-ਪੱਖੀ ਵਿਰੋਧੀ ਬੋਲਸੋਨਾਰੋ ਦੇ ਉਲਟ ਲੂਲਾ ਨੇ ਵਾਤਾਵਰਨ ਅਤੇ ਜਲਵਾਯੂ ਤਬਦੀਲੀ ਵੱਲ ਧਿਆਨ ਦੇਣ ਅਤੇ "ਭਵਿੱਖ ਦੇ ਬ੍ਰਾਜ਼ੀਲ ਬਾਰੇ ਸੋਚਣ" ਦਾ ਵਾਅਦਾ ਕੀਤਾ ਹੈ।
ਜਦਕਿ ਬੋਲਸੋਨਾਰੋ ਨੂੰ ਐਮਾਜ਼ਾਨ ਰੇਨਫੋਰੈਸਟ ਦੀ ਰੱਖਿਆ ਨਾ ਕਰਨ ਲਈ ਅੰਤਰਰਾਸ਼ਟਰੀ ਨਿੰਦਾ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਦੀ ਸਰਕਾਰ ਦੀ ਯੋਜਨਾ ਵਿੱਚ "ਨਵੀਂ ਵਿੱਤੀ ਵਿਵਸਥਾ" ਸ਼ਾਮਲ ਹੈ, ਜੋ "ਅੱਤ-ਅਮੀਰਾਂ" 'ਤੇ ਉੱਚ ਟੈਕਸਾਂ ਦਾ ਪ੍ਰਸਤਾਵ ਦਿੰਦੀ ਹੈ।
ਪਰ ਇਹ ਨਾਲ ਹੀ ਬ੍ਰਾਜ਼ੀਲ ਦੇ ਬਾਜ਼ਾਰਾਂ ਅਤੇ ਵਪਾਰਕ ਖੇਤਰ ਵਿੱਚ ਡਰ ਨੂੰ ਦੂਰ ਕਰਨ ਲਈ ਆਰਥਿਕ ਵਿਹਾਰਕਤਾ ਦੀ ਵਕਾਲਤ ਵੀ ਕਰਦੀ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਉਹ ਵੱਡੀਆਂ ਕੰਪਨੀਆਂ ਜਾਂ ਜਨਤਕ ਬੈਂਕਾਂ ਦਾ ਨਿੱਜੀਕਰਨ ਨਹੀਂ ਕਰਨਗੇ।
ਅਹਿਮ ਤੱਥ
- ਲੁਈਸ ਇਨਸੀਓ ਲੂਲਾ ਡੀ ਸਿਲਵਾ ਦਾ ਸਿਲਵਾ ਦਾ ਜਨਮ 27 ਅਕਤੂਬਰ 1945 ਨੂੰ ਉੱਤਰ-ਪੂਰਬੀ ਪਰਨਬੂਕੋ ਰਾਜ ਵਿੱਚ ਗਾਰਨਹੁੰਸ ਵਿੱਚ ਹੋਇਆ ਸੀ।
- ਉਹ ਮੌਜੂਦਾ ਸਮੇਂ ਸਾਓ ਪਾਓਲੋ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਚਾਰ ਬੱਚੇ ਅਤੇ ਇੱਕ ਮਤਰੇਆ ਪੁੱਤਰ ਹੈ।
- ਉਨ੍ਹਾਂ ਨੇ ਹਾਲ ਹੀ ਵਿੱਚ ਆਪਣੀ ਤੀਜੀ ਪਤਨੀ, ਰੋਸੇਂਗੇਲਾ ਡਾ ਸਿਲਵਾ ਨਾਲ ਵਿਆਹ ਕਰਵਾਇਆ ਹੈ, ਜਿਸ ਨੂੰ ਜੰਜਾ ਵਜੋਂ ਜਾਣਿਆ ਜਾਂਦਾ ਹੈ।
- ਲੂਲਾ 1960 ਅਤੇ 1970 ਦੇ ਦਹਾਕੇ ਵਿੱਚ ਮੈਟਲ ਵਰਕਰ ਅਤੇ ਸਰਗਰਮ ਟਰੇਡ ਯੂਨੀਅਨ ਆਗੂ ਸੀ।
- ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਡਰਾਈ ਕਲੀਨਿੰਗ ਕੰਪਨੀ ਲਈ ਕੰਮ ਕੀਤਾ। ਇੱਥੋਂ ਤੱਕ ਕਿ ਉਨ੍ਹਾਂ ਨੇ ਮੂੰਫਲੀਆਂ ਵੇਚਣ ਅਤੇ ਜੁੱਤੀਆਂ ਪਾਲਸ਼ ਕਰਨ ਵਾਲੇ ਲੜਕੇ ਵਜੋਂ ਵੀ ਕੰਮ ਕੀਤਾ ਸੀ।
- ਉਹ 1980 ਵਿੱਚ ਵਰਕਰਜ਼ ਪਾਰਟੀ (ਪੀਟੀ) ਦੇ ਸੰਸਥਾਪਕਾਂ ਵਿੱਚੋਂ ਇੱਕ ਸਨ।
- ਉਨ੍ਹਾਂ ਨੇ 1987 ਅਤੇ 1991 ਦੇ ਵਿਚਕਾਰ ਸਾਓ ਪਾਓਲੋ ਲਈ ਫੈਡਰਲ ਡਿਪਟੀ ਵਜੋਂ ਸੇਵਾ ਕੀਤੀ।
- 1989 ਵਿੱਚ ਉਨ੍ਹਾਂ ਨੇ ਦੇਸ਼ ਦੇ ਸਿਖਰਲੇ ਅਹੁਦੇ ਲਈ ਪਹਿਲੇ ਮਜ਼ਦੂਰ ਵਰਗ ਦੇ ਉਮੀਦਵਾਰ ਵਜੋਂ ਪੀਟੀ ਵੱਲੋਂ ਆਪਣੀ ਪਹਿਲੀ ਰਾਸ਼ਟਰਪਤੀ ਮੁਹਿੰਮ ਚਲਾਈ।
- 2002 ਵਿੱਚ ਆਪਣੇ ਪਹਿਲੇ ਕਾਰਜਕਾਲ ਲਈ ਚੁਣੇ ਜਾਣ ਤੋਂ ਪਹਿਲਾਂ ਉਹ ਚਾਰ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਲਈ ਚੋਣ ਲੜੇ ਸਨ।
- 2003 ਵਿੱਚ ਰਾਸ਼ਟਰਪਤੀ ਵਜੋਂ ਉਨ੍ਹਾਂ ਨੇ ਆਪਣੀ ਪਾਰਟੀ ਦੇ ਅਹਿਮ ਸਮਾਜਿਕ ਪ੍ਰੋਗਰਾਮ "ਬੋਲਸਾ ਫੈਮਿਲੀਆ" (ਪਰਿਵਾਰਕ ਭੱਤਾ) ਦੀ ਸ਼ੁਰੂਆਤ ਕੀਤੀ, ਜਿਸ ਦਾ ਉਦੇਸ਼ ਗਰੀਬੀ ਦੇ ਪੱਧਰ ਨੂੰ ਘਟਾਉਣਾ ਸੀ।
- ਲੂਲਾ ਨੂੰ 2006 ਵਿੱਚ 60 ਫੀਸਦੀ ਤੋਂ ਵੱਧ ਲੋਕਪ੍ਰਿਅ ਵੋਟਾਂ ਨਾਲ ਦੁਬਾਰਾ ਰਾਸ਼ਟਰਪਤੀ ਚੁਣਿਆ ਗਿਆ ਸੀ।
- 2010 ਵਿੱਚ ਉਹ ਇਜ਼ਰਾਈਲ ਦਾ ਦੌਰਾ ਕਰਨ ਵਾਲੇ ਪਹਿਲੇ ਬ੍ਰਾਜ਼ੀਲ ਦੇ ਰਾਸ਼ਟਰ ਮੁਖੀ ਸਨ। ਉਨ੍ਹਾਂ ਨੇ ਛੇ ਮਹੀਨਿਆਂ ਲਈ ਦੱਖਣੀ ਅਮਰੀਕੀ ਖੇਤਰੀ ਬਲਾਕ ਮਰਕੋਸਰ ਦੀ ਪ੍ਰਧਾਨਗੀ ਕੀਤੀ।
- ਉਸ ਸਾਲ ਉਨ੍ਹਾਂ ਨੂੰ ਟਾਈਮ ਮੈਗਜ਼ੀਨ ਦੁਆਰਾ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਵਿੱਚੋਂ ਇੱਕ ਵਜੋਂ ਦਰਜ ਕੀਤਾ ਗਿਆ ਸੀ।
- ਲੁਲਾ ਨੇ ਕੀਮੋਥੈਰੇਪੀ ਕਰਵਾਈ ਅਤੇ 2011 ਵਿੱਚ ਲੈਰੀਨਕਸ ਕੈਂਸਰ ਤੋਂ ਛੁਟਕਾਰਾ ਪਾਇਆ।
- 2018 ਵਿੱਚ ਉਨ੍ਹਾਂ ਨੂੰ ਲਾਵਾ ਜਾਟੋ (ਕਾਰ ਵਾਸ਼) ਭ੍ਰਿਸ਼ਟਾਚਾਰ ਜਾਂਚ ਦੇ ਹਿੱਸੇ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਵਿੱਚ ਉਨ੍ਹਾਂ ਨੂੰ ਦਹਾਕੇ ਤੋਂ ਵੱਧ ਦੀ ਸਜ਼ਾ ਸੁਣਾਈ ਗਈ।
- ਇਸ ਭ੍ਰਿਸ਼ਟਾਚਾਰ ਮਾਮਲੇ ਵਿੱਚ ਚੋਟੀ ਦੇ ਸਿਆਸਤਦਾਨ, ਕਾਰੋਬਾਰੀ ਹਸਤੀਆਂ ਅਤੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ।
- ਉਨ੍ਹਾਂ 'ਤੇ ਉਸ ਸਾਲ ਦੀਆਂ ਰਾਸ਼ਟਰਪਤੀ ਚੋਣਾਂ ਲੜਨ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।
- ਨਵੰਬਰ 2019 ਵਿੱਚ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਮਾਰਚ 2021 ਵਿੱਚ ਸੰਘੀ ਸੁਪਰੀਮ ਕੋਰਟ ਦੇ ਮੈਜਿਸਟਰੇਟ ਨੇ ਉਨ੍ਹਾਂ ਦੇ ਖਿਲਾਫ਼ ਅਪਰਾਧਿਕ ਸਜ਼ਾਵਾਂ ਨੂੰ ਰੱਦ ਕਰ ਦਿੱਤਾ।
- ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਰਾਜਨੀਤਿਕ ਅਧਿਕਾਰਾਂ ਨੂੰ ਮੁੜ ਪ੍ਰਾਪਤ ਕਰ ਲਿਆ।
- ਜੁਲਾਈ 2022 ਵਿੱਚ ਪੀਟੀ ਨੇ ਅਧਿਕਾਰਤ ਤੌਰ 'ਤੇ ਲੁਲਾ ਨੂੰ ਰਾਸ਼ਟਰਪਤੀ ਉਮੀਦਵਾਰ ਵਜੋਂ ਨਾਮਜ਼ਦ ਕੀਤਾ।
- 2 ਅਕਤੂਬਰ ਨੂੰ ਹੋਈਆਂ 2022 ਦੀਆਂ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਗੇੜ ਵਿੱਚ ਲੁਲਾ ਨੇ
- 48.43 ਪ੍ਰਤੀਸ਼ਤ ਵੋਟਾਂ ਜਿੱਤੀਆਂ ਅਤੇ ਬੋਲਸੋਨਾਰੋ ਦੇ ਨਾਲ ਦੂਜੇ ਗੇੜ ਵਿੱਚ ਚਲੇ ਗਏ, ਜਿਨ੍ਹਾਂ ਨੂੰ 43.20 ਪ੍ਰਤੀਸ਼ਤ ਵੋਟਾਂ ਮਿਲੀਆਂ।
ਇਹ ਵੀ ਪੜ੍ਹੋ-